Month: January 2016

ਕੀ ਤੁਹਾਡਾ ਹਰ ਮਹਿਫ਼ਲ ਵਿੱਚ ਸਵਾਗਤ ਹੁੰਦਾ ਹੈ

ਕੁਝ ਲੋਕ ਅਜਿਹੇ ਹੁੰਦੇ ਹਨ, ਜਿਹਨਾਂ ਦੀ ਹਰ ਮਹਿਫਲ ਵਿੱਚ ਇੰਤਜ਼ਾਰ ਹੁੰਦੀ ਹੈ, ਜਿਹਨਾਂ ਦਾ ਹਰ ਮਹਿਫਲ ਵਿੱਚ ਸਵਾਗਤ ਹੁੰਦਾ ਹੈ, ਜਿਹਨਾਂ ਦੀ ਹਰ ਮਹਿਫਲ ਵਿੱਚ ਪ੍ਰਸ਼ੰਸਾ ਹੁੰਦੀ ਹੈ। ਜੋ ਹਰ ਮਹਿਫਲ ਦਾ ਸ਼ਿੰਗਾਰ ਹੁੰਦੇ ਹਨ। ਅਜਿਹੇ ਲੋਕ ਜਿੱਥੇ ਵੀ ਜਾਂਦੇ ਹਨ, ਉਥੇ ਹਾਸਿਆਂ ਦੀ ਪਟਾਰੀ ਖੁੱਲ੍ਹ ਜਾਂਦੀ ਹੈ, ਉਥੇ ਠਹਾਕੇ ਲੱਗਦੇ ਹਨ। ਹਰ ਮਨੁੱਖ ਦਿਲ ਹੀ ਦਿਲ ਅਜਿਹੇ ਸਨਮਾਨਦੀ ਲਾਲਸਾ ਰੱਖਦਾ ਹੈ। ਇਸ ਦੁਨੀਆਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਦੂਜਿਆਂ ਤੋਂ ਸਨਮਾਨ ਪ੍ਰਾਪਤ ਕਰਨਾ ਨਹੀਂ ਚਾਹੇਗਾ। ਹਰ ਮਨੁੱਖ ਹਰਮਨ ਪਿਆਰੀ ਸ਼ਖਸੀਅਤ ਬਣਨਾ ਚਾਹੁੰਦਾ ਹੈ। ਹਰ ਮਨ ਦੇ ਵਿੱਚ ਪਿਆਰ ਜਗਾਉਣ ਲਈ ਕੀਸਿਰਫ ਬਾਹਰੀ ਸੁੰਦਰਤਾ ਦੀ ਹੀ ਜ਼ਰੂਰਤ ਹੁੰਦੀ ਹੈ। ਕੀ ਮਹਿੰਗੇ ਬਸਤਰਾਂ ਅਤੇ ਮਹਿੰਗੇ ਗਹਿਣਿਆਂ ਨਾਲ ਹੀ ਦਿਲਾਂ ਨੂੰ ਜਿੱਤਿਆ ਜਾ ਸਕਦਾ ਹੈ। ਅਕਸਰ ਬਾਹਰੀ ਸੁੰਦਰਤਾ ਨੂੰ ਚੰਗੀ ਸ਼ਖਸੀਅਤ ਅਤੇ ਚੰਗੇ ਵਿਅਕਤਿਤਵ ਦਾ ਮਾਪਦੰਡ ਸਮਝ ਲਿਆ ਜਾਂਦਾ ਹੈ ਪਰ ਪ੍ਰਭਾਵਸ਼ਾਲੀ ਵਿਅਕਤੀ ਸਿਰਫ ਸਰੀਰ ਦਾ ਹੀ ਨਹੀਂ ਸਗੋਂ ਮਨ ਦਾ ਵੀ ਸੁੰਦਰ ਹੁੰਦਾ ਹੈ। ਸਿਰਫ ਸੂਰਤ ਹੀ ਨਹੀਂ ਸਗੋਂ ਸੀਰਤ ਵੀ ਜ਼ਰੂਰੀ ਹੁੰਦੀ ਹੈ ਅੱਛੀ ਸ਼ਖਸੀਅਤ ਸਿਰਜਣ ਲਈ। ਵੇਖਣ ਵਿੱਚ ਆਇਆ ਹੈ ਕਿ ਚੰਗੀ ਸੂਰਤ ਅਤੇ ਚੰਗੀ ਸੀਰਤ ਵਾਲੇ ਇਨਸਾਨ ਹੀ ਮਨਾਂ ‘ਤੇ ਵੱਡਾ ਪ੍ਰਭਾਵ ਛੱਡਦੇ ਹਨ। ਮੁੱਖ ਉਤੇ ਮਿੱਠੀ ਮੁਸਕਾਨ, ਵਿਵਹਾਰ ਵਿੱਚ ਸਿਸ਼ਟਾਚਾਰ ਅਤੇ ਗੱਲਬਾਤ ਕਰਨ ਦਾ ਸਲੀਕਾ ਸਾਡੀ ਸ਼ਖਸੀਅਤ ਦੀ ਪਹਿਚਾਣ ਬਣਦੇ ਹਨ। ਇਹਨਾਂ ਮੁਢਲੇ ਗੁਣਾਂ ਤੋਂ ਬਿਨਾਂ ਹੋਰ ਅਨੇਕਾਂ ਅਜਿਹੇ ਗੁਣ ਤੁਹਾਡੀ ਸ਼ਖਸੀਅਤ ਦਾ ਹਿੱਸਾ ਹੋਣੇ ਚਾਹੀਦੇ ਹਨ ਮਗਰ ਤੁਸੀਂ ਲੋਕ ਮਨਾਂ ਵਿੱਚ ਆਪਣੀ ਥਾਂ ਬਣਾਉਣੀ ਹੈ। ਇਹਨਾਂ ਵਿੱਚੋਂ ਕੁਝ ਹੇਠ ਲਿਖੇ ਹਨ:
(1) ਸਕਾਰਤਮਕ ਸੋਚ- ਸੋਚ ਹਮੇਸ਼ਾ ਹਾਂ-ਪੱਖੀ ਹੋਣੀ ਚਾਹੀਦੀ ਹੈ। ਸਕਾਰਾਤਮਕ ਸੋਚ ਦੇ ਧਾਰਨੀ ਲੋਕਾਂ ਦੀ ਸ਼ਖਸੀਅਤ ਇਕ ਖਾਸ ਕਿਸਮ ਦੀ ਖਿੱਚ ਰੱਖਦੀ ਹੈ। ਅਜਿਹੀ ਸੋਚ ਦੇ ਮਾਲਕ ਹਮੇਸ਼ਾ ਹਰ ਘਟਨਾ ਨੂੰ ਹਾਂ-ਪੱਖੀ ਨਜ਼ਰੀਏ ਤੋਂ ਵੇਖਦੇ ਹਨ। ਇਸ ਤੋਂ ਉਲਟ ਨਾਂਹ-ਪੱਖੀ ਸੋਚ ਰੱਖਣ ਵਾਲੇ ਲੋਕਾਂ ਨੂੰ ਹਰ ਚੀਜ਼, ਹਰ ਘਟਨਾ ਅਤੇ ਹਰ ਮਨੁੱਖ ਵਿੱਚੋਂ ਘਾਟਾਂ ਹੀ ਨਜ਼ਰ ਆਉਂਦੀਆਂ ਹਨ। ਨਿਰਾਸ਼ਾਵਾਦੀ ਲੋਕਾਂ ਤੋਂ ਲੋਕ ਕੰਨੀ ਕਤਰਾਉਣ ਲੱਗ ਪੈਂਦੇ ਹਨ। ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਲੋਕਾਂ ਨੂੰ ਮਿਲੇ ਤਾਂ ਹਾਂ-ਪੱਖੀ ਗੱਲਾਂ ਕਰੋ। ਸਕਾਰਾਤਮਕ ਸੋਚ ਦੇ ਧਾਰਨੀ ਲੋਕਾਂ ਦੇ ਚਿਹਰੇ ਵੀ ਪ੍ਰਭਾਵਸ਼ਾਲੀ ਬਣ ਜਾਂਦੇ ਹਨ।
(2) ਆਲੋਚਨਾ ਕਰਨ ਦੀ ਆਦਤ: ਲੋਕਾਂ ਦੀ ਆਲੋਚਨਾ ਕਰਨਾ, ਦੂਜਿਆਂ ਨੂੰ ਬੁਰਾ ਕਹਿਣਾ, ਦੂਜਿਆਂ ਦਾ ਮਜ਼ਾਕ ਉਡਾਉਣਾ, ਦੂਜਿਆਂ ਨੂੰ ਨੀਚਾ ਦਿਖਾਉਣਾ ਅਤੇ ਦੂਜਿਆਂ ਦੀ ਨਿੰਦਾ ਚੁਗਲੀ ਕਰਨਾ ਬੁਰੀ ਆਦਤ ਹੈ। ਆਮ ਤੌਰ ‘ਤੇ ਵੇਖਣ ਵਿੱਚ ਆਇਆ ਹੈ ਕਿ ਹਰ ਕਿਸੇ ਦੀ ਆਲੋਚਨਾ ਕਰਨ ਵਾਲੇ ਲੋਕ ਮਹਿਸਾਸ-ਏ-ਕਮਤਰੀ ਦਾ ਸ਼ਿਕਾਰ ਹੁੰਦੇ ਹਨ। ਆਲੋਚਨਾ ਕਰਨ ਦੇ ਆਦੀ ਲੋਕ ਅਕਸਰ ਨਿਰਾਸ਼ਾਵਾਦੀ ਬਣ ਜਾਂਦੇ ਹਨ। ਆਲੋਚਨਾ ਕਰਨ ਵਾਲੇ ਲੋਕਾਂ ਦਾ ਗਲਤ ਕਿਸਮ ਦਾ ਪ੍ਰਭਾਵ ਦੂਜਿਆਂ ਉਪਰ ਪੈਂਦਾ ਹੈ। ਅਜਿਹੇ ਲੋਕ ਭਲਾ ਦੂਜਿਆਂ ਦੇ ਸਨਮਾਨ ਦੇ ਪਾਤਰ ਕਿਸ ਤਰ੍ਹਾਂ ਬਣ ਸਕਦੇ ਹਨ।
(3) ਈਰਖਾ- ਈਰਖਾ ਇਕ ਅਜਿਹੀ ਅੱਗ ਹੈ ਜਿਸ ਵਿੱਚ ਜਲਣ ਵਾਲੇ ਮਨੁੱਖ ਮਾਨਸਿਕ ਤੌਰ ‘ਤੇ ਵਿਕਲਾਂਗ ਹੋ ਜਾਂਦੇ ਹਨ। ਈਰਖਾ, ਨਿੰਦਾ ਚੁਗਲੀ ਅਤੇ ਆਲੋਚਨਾ ਆਦਿ ਸਕੀਆਂ ਭੈਣਾਂ ਹੀ ਹਨ। ਜ਼ਿੰਦਗੀ ਵਿੱਚ ਅਸਫਲ ਰਹਿਣ ਵਾਲੇ ਲੋਕ ਅਕਸਰ ਈਰਖਾ ਦਾ ਸ਼ਿਕਾਰ ਹੋ ਜਾਂਦੇ ਹਨ। ਆਮ ਤੌਰ ‘ਤੇ ਘਰਾਂ ਅਤੇ ਦਫਤਰਾਂ ਵਿੱਚ ਈਰਖਾ ਦੀ ਅੱਗ ਵਿੱਚ ਸੜਨ ਵਾਲੇ ਲੋਕ ਮਿਲ ਜਾਂਦੇ ਹਨ। ਦੂਜੇ ਦੀ ਤਰੱਕੀ ਨੂੰ ਵੇਖ ਕੇ ਜਲਣ ਵਾਲੇ ਲੋਕ ਜਿੱਥੇ ਆਪ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦੇ ਹਨ, ਉਥੇ ਉਹਨਾਂ ਦਾ ਵਿਅਕਤਿਤਵ ਵੀ ਨਕਾਰਾਤਮਕ ਹੋ ਜਾਂਦਾ ਹੈ। ਨਤੀਜੇ ਵਜੋਂ ਉਨ੍ਹਾਂ ਨੂੰ ਦੂਜਿਆਂ ਵੱਲੋਂ ਸਨਮਾਨ ਅਤੇ ਸਤਿਕਾਰ ਨਹੀਂ ਮਿਲਦਾ। ਦੂਜਿਆਂ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਸਿੱਖਣਾ ਚਾਹੀਦਾ ਹੈ। ਦੂਜਿਆਂ ਦੀ ਕਾਮਯਾਬੀ ‘ਤੇ ਰਸਕ ਤਾਂ ਹੋਵੇ ਪਰ ਈਰਖਾ ਨਹੀਂ। ਅਜਿਹੀ ਸ਼ਖਸੀਅਤ ਦੇ ਧਾਰਨੀ ਲੋਕ ਹੀ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਬਣ ਸਕਦੇ ਹਨ।
(4) ਬਹਿਸ ਤੋਂ ਬਚਣ ਦੀ ਲੋੜ-
ਬਹਿਸ ਤੋਂਬਚਣ ਦਾ ਇਕੋ ਇਕ ਤਰੀਕਾ ਹੈ ਕਿ ਬਹਿਸ ਨਾ ਕੀਤੀ ਜਾਵੇ। ਬਹਿਸ ਵਿੱਚ ਹਮੇਸ਼ਾ ਹਾਰ ਹੀ ਹੁੰਦੀ ਹੈ। ਤਰਕ ਅਤੇ ਦਲੀਲ ਨਾਲ ਜਿੱਤ ਕੇ ਵੀ ਤੁਸੀਂ ਹਾਰ ਜਾਂਦੇ ਹੋ। ਤਰਕ ਨਾਲ ਤੁਸੀਂਜਿੱਤ ਕੇ ਦੂਜੇ ਵਿਅਕਤੀ ਦੀ ਹਉਮੈ ਨੂੰ ਜ਼ਖਮੀ ਕਰ ਦਿੰਦੇ ਹੋ। ਇਸ ਤਰ੍ਹਾਂ ਭਾਵੇਂ ਉਹ ਦਲੀਲ ਨਾਲ ਤੁਹਾਡੇ ਨੁਕਤੇ ਨਾ ਕੱਟ ਸਕੇ ਪਰ ਤੁਸੀਂ ਉਸਦੇ ਦਿਲ ਨੂੰ ਨਹੀਂ ਜਿੱਤ ਸਕਦੇ। ਦਲੀਲ ਨਾਲ ਜਿੱਤ ਕੇ ਬੰਦੇ ਨੂੰ ਗੁਆ ਲੈਣਾ ਕਿੱਧਰ ਦੀ ਜਿੱਤ ਹੁੰਦੀ ਹੈ। ਆਪਣੇ ਆਪ ਨੂੰ ਸਹੀ ਸਿੱਧ ਕਰਨ ਦਾ ਮਤਲਬ ਦੂਜੇ ਨੂੰ ਗਲਤ ਸਿੱਧ ਕਰਨਾ ਹੁੰਦਾ ਹੈ। ਜਿਸਨੂੰ ਗਲਤ ਸਿੱਧ ਕਰੋਗੇ ਤਾਂ ਉਹ ਤੁਹਾਡਾ ਮਿੱਤਰ ਕਿਵੇਂ ਬਣ ਸਕੇਗਾ। ਤੁਹਾਨੂੰ ਪ੍ਰੇਮ ਕਿਸ ਤਰ੍ਹਾਂ ਕਰ ਸਕੇਗਾ। ਤੁਹਾਡੀ ਪ੍ਰਸੰਸਾ ਦਾ ਪਾਤਰ ਕਿਵੇਂ ਬਣ ਸਕੇਗਾ। ਤੁਹਾਨੂੰ ਸਨਮਾਨ ਕਿਸ ਤਰ੍ਹਾਂ ਦੇਵੇਗਾ। ਸੋ ਜੇ ਪ੍ਰੇਮ ਚਾਹੁੰਦੇ ਹੋ, ਪ੍ਰਸੰਸਾ ਚਾਹੁੰਦੇ ਅਤੇ ਸਤਿਕਾਰ ਚਾਹੁੰਦੇ ਹੋ ਤਾਂ ਬੇਕਾਰ ਅਤੇ ਬੇਲੋੜੀ ਬਹਿਸ ਤੋਂ ਬਚੋ। ਤੁਹਾਨੂੰ ਆਪਣੀ ਸ਼ਖਸੀਅਤ ਵਿੱਚ ਅਜਿਹੀ ਕਲਾ ਦਾ ਵਿਕਾਸ ਕਰਨਾ ਚਾਹੀਦਾ ਹੈ, ਜਿਹੜੀ ਸਹਿਮਤੀ ਅਤੇ ਅਸਹਿਮਤੀ ਨੂੰ ਸੁਭਾਵਿਕ ਅਤੇ ਪ੍ਰੇਮ ਪੂਰਵਕ ਤਰੀਕੇ ਨਾਲ ਪ੍ਰਗਟ ਕਰ ਸਕੇ।
(5) ਚੰਗੇ ਸਰੋਤਾ ਬਣੋ- ਲੋਕਾਂ ਦੇ ਦਿਲਾਂ ਨੂੰ ਜਿੱਤਣ ਦੀ ਚਾਹਤ ਰੱਖਣ ਵਾਲੇ ਲੋਕ ਸੁਣਨ ਦੀ ਕਲਾ ਵਿੱਚ ਮਾਹਿਰ ਹੁੰਦੇ ਹਨ। ਸਭ ਤੋਂ ਔਖਾ ਅਤੇ ਜ਼ਰੂਰੀ ਗੁਣ ਸੁਣਨ ਦਾ ਗੁਣ ਹੁੰਦਾ ਹੈ। ਬਾਬਾ ਨਾਨਕ ਨੇ ਵੀ ਜਪੁਜੀ ਸਾਹਿਬ ਵਿੱਚ ਸੁਣਨ ਦੀ ਮਹਿਮਾ ਦਾ ਬਖਿਆਨ ਕੀਤਾ ਹੈ। ਬਿਨਾਂ ਸੋਚੇ ਸਮਝੇ ਬੋਲੀ ਜਾਣ ਵਾਲੇ ਲੋਕ ਚੰਗੇ ਸਰੋਤੇ ਨਹੀਂ ਹੁੰਦੇ। ਚੰਗੇ ਸਰੋਤੇ ਬੋਲਣ ਦੀ ਕਲਾ ਵਿੱਚ ਮਾਹਿਰ ਬਣ ਜਾਂਦੇ ਹਨ। ਹਮੇਸ਼ਾ ਦੂਜਿਆਂ ਨੂੰ ਬੋਲਣ ਦਾ ਮੌਕਾ ਦਿਓ। ਚੰਗੇ ਸਰੋਤਾ ਬਣੋ। ਠੀਕ ਹੁੰਗਾਰਾ ਭਰਨਾ ਸਿੱਖੋ। ਸਿਰਫ ਵਿਖਾਵੇ ਲਈ ਸਰੋਤੇ ਨਾ ਬਣੋ ਸਗੋਂ ਦਿਲੋਂ ਹੁੰਗਾਰਾ ਭਰੋ। ਇੰਝ ਕਰਨ ਨਾਲ ਦੂਜਿਆਂ ਦੇ ਦਿਲਾਂ ਦੇ ਤਾਲਿਆਂ ਦੀ ਚਾਬੀ ਤੁਹਾਡੇ ਹੱਥ ਲੱਗ ਜਾਵੇਗੀ। ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਲੋਕ ਬਿਨਾਂ ਸਾਹਮਣੇ ਵਾਲੇ ਦੀ ਪ੍ਰਤੀਕਿਰਿਆ ਜਾਣੇ ਆਪਣੀ ਗੱਲ ਜਾਰੀ ਰੱਖਦੇ ਹਨ ਅਤੇ ਕਈ ਵਾਰੀ ਤਾਂ ਬੜਬੋਲੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਰਹੇ ਹਨ। ਇਕ ਚੰਗੀ ਸ਼ਖਸੀਅਤ ਦਾ ਮਾਲਕ ਇਨਸਾਨ ਬੋਲਣ ਅਤੇ ਸੁਣਨ ਵਿੱਚ ਸੰਜਮ ਵਰਤਦਾ ਹੈ। ਚੰਗੇ ਸਰੋਤੇ ਹਮੇਸ਼ਾ ਚੰਗੇ ਦੋਸਤ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ।
(7) ਕਥਨੀ ਅਤੇ ਕਰਨੀ- ਲੋਕਾਂ ਵੱਲੋਂ ਸਤਿਕਾਰ ਅਤੇ ਸਨਮਾਨ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਨਹੀਂ ਹੁੰਦੀ। ਜੀਵਨ ਵਿੱਚ ਸਤਿਕਾਰ ਦੇ ਅਧਿਕਾਰੀ ਉਹ ਲੋਕ ਹੁੰਦੇ ਹਨ ਜੋ ਮਨ, ਬਾਣੀ ਅਤੇ ਕਰਮ ਤੋਂ ਇਕ ਹੁੰਦੇ ਹਨ। ਅਜਿਹੇ ਲੋਕ ਜੋ ਸੋਚਦੇ ਹਨ, ਉਹੀ ਕਹਿੰਦੇ ਹਨ ਅਤੇ ਜੋ ਕਹਿੰਦੇ ਹਨ ਉਹੀ ਕਰਦੇ ਹਨ। ਅਜਿਹੇ ਲੋਕ ਹੀ ਸਮਾਜ ਦੇ ਵਿਸ਼ਵਾਸ ਦੇ ਪਾਤਰ ਹੁੰਦੇ ਹਨ। ਇਹੀ ਕਾਰਨ ਹੈ ਕਿ ਅੱਜ ਸਾਡੇ ਸਮਾਜ ਵਿੱਚ ਸਿਆਸੀ ਲੋਕਾਂ ਦੇ ਕਿਰਦਾਰ ‘ਤੇ ਸ਼ੱਕ ਕੀਤਾ ਜਾਂਦਾ ਹੈ। ਜ਼ਿਆਦਾਤਰ ਸਿਆਸੀ ਨੇਤਾ ਕਹਿੰਦੇ ਕੁਝ ਹੋਰ ਹਨ ਅਤੇ ਕਰਦੇ ਕੁਝ ਹੋਰ ਹਨ। ਨਤੀਜੇ ਵਜੋਂ ਲੋਕਾਂ ਵੱਲੋਂ ਸਨਮਾਨ ਦੀ ਥਾਂ ਅਪਮਾਨ ਮਿਲਦਾ ਹੈ।
(8) ਨਿਮਰਤਾ- ਨਿਮਰ ਮਨੁੱਖ ਧਰਤੀ ਵਰਗਾ ਹੁੰਦਾ ਹੈ, ਜਿਹੜੀ ਰਾਜੇ ਤੇ ਭਿਖਾਰੀ ਦੋਹਾਂ ਦੇ ਪੈਰ ਚੁੰਮਦੀ ਹੈ। ਕੋਰੀਆ ਦਾ ਅਖਾਣ ਹੈ ਕਿ ਆਪਣੇ ਪੇਸ਼ੇ ਅੰਦਰ ਉਚੇ ਨਿਸ਼ਾਨ ਰੱਖੋਪਰ ਆਪਣੇ ਦਿਲ ਅੰਦਰ ਨਿਮਰਤਾ ਬਣਾਈ ਰੱਖੋ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ੁਰਮਾਇਆ ਹੈ:
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ
ਬਾਬਾ ਫਰੀਦ ਜੀ ਕਹਿੰਦੇ ਹਨ:
ਫਰੀਦਾ ਜੋ ਤੈ ਮਾਰਿਨ ਮੁੱਕੀਆ ਤਿਨਾ ਨਾ ਮਾਰੇ ਘੁੰਮਿ
ਆਪਨੜੇ ਘਰਿ ਜਾਇਐ ਪੈਰ ਤਿਨਾ ਦੇ ਚੁੰਮਿ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਆਪਣੀ ਬਾਣੀ ਵਿੱਚ ਨਿਮਰਤਾ ਦੇ ਗੁਣ ਨੂੰ ਬਹੁਤ ਵਡਿਆਇਆ ਹੈ। ਕਿਸੇ ਸ਼ਖਸੀਅਤ ਵਿੱਚ ਨਿਮਰਤਾ ਦਾ ਗੁਣ ਉਸਨੂੰ ਬਹੁਤ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ। ਨਿਮਰ ਮਨੁੱਖ ਦਾ ਹਰ ਥਾਂ ਸਵਾਗਤ ਹੁੰਦਾ ਹੈ।
ਨਿਮਰਤਾ ਬਾਜ਼ਾਰ ‘ਚ ਮੁੱਲ ਨਹੀਂ ਵਿਕਦੀ, ਇਸਨੂੰ ਆਪਣੇ ਵਿਅਕਤਿਤਵ ਦਾ ਹਿੱਸਾ ਬਣਾਉਣ ਲਈ ਮਨੁੱਖ ਨੂੰ ਆਪਣੀ ਸੋਚ ਬਦਲਣੀ ਪੈਂਦੀ ਹੈ ਅਤੇ ਸੋਚ ਨੂੰ ਬਦਲਣਾ ਸੌਖਾ ਕੰਮ ਨਹੀਂ ਹੁੰਦਾ। ਇਹ ਵੀ ਕਿਹਾ ਜਾਂਦਾ ਹੈ ਕਿ ਇਕ ਤਰਫਾ ਨਿਮਰਤਾ ਬਹੁਤੀ ਦੇਰ ਕਾਇਮ ਨਹੀਂ ਰਹਿ ਸਕਦੀ। ਭਾਵੇਂ ਕੁਝਵੀ ਹੋਵੇ ਹਰ ਮਹਿਫਲ ਵਿੱਚ ਸਨਮਾਨ ਦੇ ਚਾਹਤ ਵਾਲੀਆਂ ਸ਼ਖਸੀਅਤਾਂ ਨਿਮਰਤਾ ਦੇ ਗੁਣ ਨੂੰ ਅਪਣਾ ਹੀ ਲੈਂਦੀਆਂ ਹਨ। ਨਿਮਰ ਮਨੁੱਖ ਹਉਮੈ ਤੋਂ ਬਚਿਆ ਰਹਿੰਦਾ ਹੈ ਅਤੇ ਉਸਨੂੰ ਹਮੇਸ਼ਾ ਯਾਦ ਰਹਿੰਦਾ ਹੈ ‘ਹੰਕਾਰਿਆ ਸੋ ਮਾਰਿਆ’।
(9) ਦੂਜੇ ਮਨੁੱਖ ਦੀ ਲਾਜ ਰੱਖਣਾ- ਚੰਗੀ ਸ਼ਖਸੀਅਤ ਦੇ ਮਾਲਕ ਲੋਕ ਦੂਜੇ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦੇ ਹਨ। ਅਗਰ ਕੋਈ ਦੂਜਾ ਮਨੁੱਖ ਜਾਣੇ ਅਣਜਾਣੇ ਗਲਤੀ ਕਰ ਬੈਠਦਾ ਹੈ ਤਾਂ ਉਸਨੂੰ ਨਿਕਲਣ ਦਾ ਰਾਹ ਦਿੰਦੇ ਹਨ। ਉਸਦੀ ਲਾਜ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਦੂਜੇ ਮਨੁੱਖ ਦਾ ਮਜ਼ਾਕ ਉਡਾਉਣਾ, ਉਸਨੂੰ ਹਾਸੇ ਦਾ ਮੌਜੂ ਬਣਾਉਣਾ ਅਤੇ ਉਸਨੂੰ ਨਮੋਸ਼ੀ ਵਾਲੀ ਸਥਿਤੀ ਵਿੱਚ ਲੈ ਕੇ ਜਾਣਾ ਲੋਕ ਕਦੇ ਵੀ ਦੂਜਿਆਂ ਦੀ ਪ੍ਰਸੰਸਾ ਦੇ ਪਾਤਰ ਨਹੀਂ ਬਣ ਸਕਦੇ। ਦੂਜਿਆਂ ਨੂੰ ਨਮੋਸ਼ੀ ਤੋਂ ਬਚਾਉਣ ਵਾਲੇ ਲੋਕ ਹਮੇਸ਼ਾ ਪ੍ਰਸੰਸਾ ਦੇ ਪਾਤਰ ਬਣਦੇ ਹਨ।
(9) ਹੋਰਾਂ ਦੇ ਵਿਚਾਰਾਂ ਦੀ ਕਦਰ- ਹਮੇਸ਼ਾ ਦੂਜਿਆਂ ਦੇ ਵਿਚਾਰਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ। ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ ਪਰ ਕਦੇ ਵੀ ਆਪਣੇ ਵਿਚਾਰ ਹੋਰਾਂ ਉਪਰ ਨਹੀਂ ਠੋਸਣੇ ਚਾਹੀਦੇ। ਬਹੁਤ ਸਾਰੇ ਲੋਕਾਂ ਸਿਰ ਆਪਣਾ ਹੀ ਗੋਗਾ ਗਾਉਣ ਨੂੰ ਤਰਜੀਹ ਦਿੰਦੇ ਹਨ ਜੋ ਕਿ ਚੰਗੀ ਗੱਲ ਨਹੀਂ ਹੁੰਦੀ। ਨਾ ਤਾਂ ਆਪਣੇ ਵਿਚਾਰਾਂ ਨੂੰ ਦੂਜਿਆਂ ਉਪਰ ਠੋਸੋ ਅਤੇ ਨਾ ਹੀ ਆਪਣੇ ਦੁੱਖਾਂ ਦਾ ਰੌਲਾ ਪਾਓ ਅਤੇ ਵਿਖਾਵਾ ਕਰਦੇ ਰਹੋ।
(10) ਵਿਖਾਵੇ ਤੋਂ ਬਚੋ- ਵਿਖਾਵਾ ਪਸੰਦ ਲੋਕ ਵੀ ਦੂਜਿਆਂ ਨੂੰ ਜ਼ਿਆਦਾ ਸਮੇਂ ਲਈ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਦੇ। ਸੋ ਵਿਖਾਵੇ ਵਾਲੀ ਬਿਰਤੀ ਤੋਂ ਬਚਣਾ ਚਾਹੀਦਾ ਹੈ।
(11) ਵਫਾਦਾਰੀ ਅਤੇ ਇਮਾਨਦਾਰੀ- ਇਹ ਦੋ ਗੁਣ ਅਜਿਹੇ ਹਨ ਜੋ ਕਿਸੇ ਵੀ ਸ਼ਖਸੀਅਤ ਦੇ ਆਲੇ ਦੁਆਲੇ ਇਮਾਨਦਾਰ ਅਤੇ ਵਫਾਦਾਰ ਦੋਸਤਾਂ ਦੀ ਮੰਡਲੀ ਖੜ੍ਹੀ ਕਰ ਸਕਦੇ ਹਨ। ਹਰ ਮਨੁੱਖ ਆਪਣੇ ਦੋਸਤ ਦੇ ਵਿੱਚ ਇਹ ਗੁਣ ਭਾਲਦਾ ਹੈ ਅਤੇ ਯਾਦ ਰੱਖੋ ਜੋ ਤੁਸੀਂ ਦੂਸਰਿਆਂ ਵਿੱਚ ਲੱਭ ਰਹੇ ਹੋ, ਉਹੀ ਦੂਸਰੇ ਤੁਹਾਡੇ ਵਿੱਚ ਲੱਭ ਰਹੇ ਹੁੰਦੇ ਹਨ।
ਇਉਂ ਉਕਤ ਕੁਝ ਗੁਣਾਂ ਨੂੰ ਧਾਰਨ ਕਰਕੇ ਕੋਈ ਵੀ ਮਨੁੱਖ ਆਪਣੀ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਅਤੇ ਮਿਕਨਾਤੀਸ਼ੀ ਬਣਾ ਸਕਦਾ ਹੈ। ਅਜਿਹੇ ਗੁਣਾਂ ਵਾਲੇ ਵਿਅਕਤੀ ਦਾ ਹਰ ਮਹਿਫਲ ਵਿੱਚ ਸਵਾਗਤ ਹੋਣਾ ਸੁਭਾਵਿਕ ਹੁੰਦਾ ਹੈ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਵੀ ਅਜਿਹੇ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਿਹਨਾਂ ਦਾ ਇੰਤਜ਼ਾਰ ਹਰ ਮਹਿਫਲ ਵਿੱਚ ਹੁੰਦਾ ਹੈ।

‘ਇੰਡੀਅਨਜ਼ ਅਬਰੌਡ ਐਂਡ ਪੰਜਾਬ ਇਮਪੈਕਟ’- ਸਫ਼ਰ ਜਾਰੀ ਹੈ

ਜ਼ਿੰਦਗੀ ਵਿੱਚ ਤੁਹਾਨੂੰ ਕੁਝ ਅਜਿਹੇ ਮਨੁੱਖ ਵੀ ਮਿਲ ਜਾਂਦੇ ਹਨ ਜੋ ਚੇਤੰਨ, ਸੁਚੇਤ, ਹਿੰਮਤੀ, ਪਾਰਖੀ ਅਤੇ ਹਰ ਸਮੇਂ ਦੇ ਨਵ-ਸੋਝੀਵਾਨ ਸਦਾ ਕੁਝ ਨਾ ਕੁਝ ਨਵਾਂ ਕਰਨ ਦੇ ਚਾਹਵਾਨ ਹੁੰਦੇ ਹਨ। ਨਰਪਾਲ ਸਿੰਘ ਸ਼ੇਰਗਿੱਲ ਅਜਿਹਾ ਹੀ ਮਨੁੱਖ ਹੈ, ਜਿਸਦੇ ਲਹੂ ਵਿੱਚ ਹਰ ਸਮੇਂ ਛਣਕਾਟਾ ਛਿੜਿਆ ਰਹਿੰਦਾ ਹੈ। ਉਸਦੇ ਅੰਦਰਲੀ ਅੱਗ ਉਸਨੂੰ ਟਿਕ ਕੇ ਬੈਠਣ ਨਹੀਂ ਦਿੰਦੀ। ਇਹੀ ਕਾਰਨ ਹੈ ਕਿ ਉਹ ਪਿਛਲੇ 50 ਵਰ੍ਹਿਆਂ ਤੋਂ ਸਮੁੱਚੇ ਵਿਸ਼ਵ ਵਿੱਚ ਫ਼ੈਲੇ ਪੰਜਾਬੀਆਂ ਨੂੰ ਸਮਰਪਿਤ ਹੋ ਕੇ ਆਪਣੀ ਕਲਮ ਅਤੇ ਆਪਣੀ ਆਵਾਜ਼ ਨਾਲ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦੇ ਹੱਕ ਵਿੱਚ ਨਾਹਰਾ ਮਾਰ ਰਿਹਾ ਹੈ। ਮੈਨੂੰ ਇਹ ਚੰਗੀ ਤਰ੍ਹਾਂ ਯਾਦ ਨਹੀਂ ਕਿ ਮੈਂ ਸ਼ੇਰਗਿੱਲ ਨੂੰ ਪਹਿਲੀ ਵਾਰ ਕਦੋਂ ਮਿਲਿਆ ਪਰ ਇੰਨਾ ਕੁ ਧੁੰਦਲਾ ਜਿਹਾ ਯਾਦ ਹੈ ਕਿ ਪਟਿਆਲਾ ਦੇ ਭਾਸ਼ਾ ਭਵਨ ਵਿੱਚ ਲੰਡਨ ਤੋਂ ਆਏ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੇ ਸਨਮਾਨ ਵਿੱਚ ਸਮਾਰੋਹ ਰੱਖਿਆ ਹੋਇਆ ਸੀ, ਜਿਸਦੀ ਪ੍ਰਧਾਨਗੀ ਪੰਜਾਬ ਸਰਕਾਰ ਦਾ ਇਕ ਮੰਤਰੀ ਕਰ ਰਿਹਾ ਸੀ ਅਤੇ ਸੰਪਾਦਕ ਸ਼ਿੰਗਾਰਾ ਸਿੰਘ ਭੁੱਲਰ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਸੀ। ਮੈਨੂੰ ਉਸ ਵਿੱਚ ਇਕ ਬੁਲਾਰੇ ਦੇ ਤੌਰ ‘ਤੇ ਸੱਦਿਆ ਗਿਆ ਸੀ। ਸ਼ਾਇਦ ਇਹ 2003 ਜਾਂ 04 ਦੀ ਗੱਲ ਸੀ। ਇਸ ਦਿਨ ਤੋਂ ਬਾਅਦ ਸਾਡੀ ਮੁਲਾਕਾਤ ਦੋਸਤੀ ਵਿੱਚ ਬਦਲ ਗਈ। ਇਹ ਮਿੱਤਰਤਾ ਸਮੇਂ ਦੇ ਬੀਤਣ ਨਾਲ ਹੋਰ ਵੀ ਗੂੜ੍ਹੀ ਹੋ ਗਈ।
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਬੀਰਦਵਿੰਦਰ ਸਿੰਘ ਡਿਪਟੀ ਸਪੀਕਰ ਸੀ ਅਤੇ ਫ਼ਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਮਹਿਰੂਮ ਐਸ. ਕੇ. ਆਹਲੂਵਾਲੀਆ ਸਨ। ਸਾਡੀ ਨਵੀਂ ਬਣੀ ਸੰਸਥਾ ਗਲੋਬਲ ਪੰਜਾਬ ਫ਼ਾਊਂਡੇਸ਼ਨ ਵੱਲੋਂ ਇਹਨਾਂ ਦੋਹਾਂ ਨੂੰ ਮਹਿਮਾਨ ਦੇ ਤੌਰ ‘ਤੇ ਬੁਲਾ ਕੇ ਨਰਪਾਲ ਸਿੰਘ ਸ਼ੇਰਗਿੱਲ ਦੀ ‘ਇੰਡੀਅਨਜ਼ ਅਬਰੌਡ ਅਤੇ ਪੰਜਾਬ ਇਮਪੈਕਟ 2006’ ਨੂੰ ਰਿਲੀਜ਼ ਕਰਨ ਲਈ ਸਮਾਰੋਹ ਰੱਖਿਆ। ਪਹਿਲੀ ਵਾਰ ਮੈਂ ਇੰਡੀਅਨਜ਼ ਅਬਰੌਡ ਅਤੇ ਪੰਜਾਬ ਇਮਪੈਕਟ ਨੂੰ ਬਹੁਤ ਗਹੁ ਨਾਲ ਪੜ੍ਹਿਆ ਕਿਉਂਕਿ ਮੈਂ ਇਸ ਪੁਸਤਕ ਬਾਰੇ ਫ਼ੰਕਸ਼ਨ ਵਿੱਚ ਬੋਲਣਾ ਸੀ। ਮੈਂ ਨਾ ਸਿਰਫ਼ ਬੋਲ ਕੇ ਹੀ ਜਾਣਕਾਰੀ ਦਿੱਤੀ ਸਗੋਂ ਇਸ ਹਵਾਲਾ ਗ੍ਰੰਥ ਬਾਰੇ ਪੰਜਾਬੀ ਟ੍ਰਿਬਿਊਨ ਵਿੱਚ ਇਕ ਵੱਡਾ ਲੇਖ ਵੀ ਲਿਖਿਆ ਸੀ। ਇਹ ਹਵਾਲਾ ਗ੍ਰੰਥ ਹਰ ਪੰਜਾਬੀ ਲਈ ਬੜਾ ਲਾਹੇਵੰਦ ਹੈ। ਸ਼ੇਰਗਿੱਲ ਕਿਉਂਕਿ ਪਟਿਆਲਾ ਦੇ ਨਾਲ ਨਾਲ ਲੰਡਨ ਵਿੱਚ ਵੀ ਵਿੱਚਰਦਾ ਹੈ, ਉਸਨੂੰ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਅਤੇ ਜ਼ਰੂਰਤਾਂ ਦਾ ਪੂਰਨ ਗਿਆਨ ਹੈ। ਇਹੀ ਕਾਰਨ ਹੈ ਕਿ ਇਸ ਸਾਲਾਨਾ ਹਵਾਲਾ ਗ੍ਰੰਥ ਵਿੱਚ ਸ਼ੇਰਗਿੱਲ ਨੇ ਇੰਟਰਨੈਸ਼ਨਲ ਐਸ. ਟੀ. ਡੀ. ਕੋਡ, ਦਿੱਲੀ ਵਿਖੇ ਵੱਖ ਵੱਖ ਦੇਸ਼ਾਂ ਦੇ ਰਾਜਦੂਤ ਅਤੇ ਹਾਈ ਕਮਿਸ਼ਨਰਾਂ ਦੇ ਸਿਰਨਾਵੇਂ ਅਤੇ ਟੈਲੀਫ਼ੋਨ ਨੰਬਰ, ਭਾਰਤ ਤੋਂ ਬਾਹਰ ਵੱਖ ਵੱਖ ਦੇਸ਼ਾਂ ਵਿੱਚ ਇੰਡੀਅਨ ਡਿਪਲੋਮੈਟਿਕ ਮਿਸ਼ਨਾਂ ਬਾਰੇ ਜਾਣਕਾਰੀ, ਦੇਸ਼ ਤੋਂ ਬਾਹਰ ਦੇ ਅਖਬਾਰਾਂ ਬਾਰੇ ਜਾਣਕਾਰੀ, ਦੁਨੀਆਂ ਭਰ ਵਿੱਚ ਕੰਮ ਕਰ ਰਹੀਆਂ ਭਾਰਤੀ ਸੰਸਥਾਵਾਂ, ਸਿੱਖ ਸੰਸਥਾਵਾਂ ਅਤੇ ਦੁਨੀਆਂ ਭਰ ਦੇ ਗੁਰੂ ਘਰਾਂ ਦੀ ਬਹੁਮੁੱਲੀ ਜਾਣਕਾਰੀ ਮੁਹੱਈਆ ਕੀਤੀ ਹੈ। ਇੰਡੀਅਨਜ਼ ਅਬਰੌਡ ਦੇ ਨਾਮ ਹੇਠ ਦੁਨੀਆਂ ਭਰ ਵਿੱਚ ਫ਼ੈਲੇ ਭਾਰਤੀ ਉਦਮੀ, ਸਿਆਸੀ ਸ਼ਖਸੀਅਤਾਂ ਅਤੇ ਹਰ ਖੇਤਰ ਨਾਲ ਸਬੰਧਤ ਨਾਮਵਰ ਲੋਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹਨਾਂ ਵਿੱਚ ਜ਼ਿਆਦਾਤਰ ਗਿਣਤੀ ਪੰਜਾਬੀਆਂ ਦੀ ਹੈ। ਇਸੇ ਤਰ੍ਹਾਂ ਇੰਟਰਨੈਸ਼ਨਲ ਡਾਇਰੈਕਟਰੀ ਆਫ਼ ਪੰਜਾਬੀ ਐਨ ਆਰ. ਆਈਜ਼ ਦੇ ਸਿਰਲੇਖ ਹੇਠ ਪੂਰੇ ਵਿਸ਼ਵ ਦੇ ਨਾਮਵਰ ਪੰਜਾਬੀਆਂ ਦੀ ਡਾਇਰੈਕਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਿੱਖੀ ਸਿਧਾਂਤ, ਤਖਤ ਸਾਹਿਬਾਨਾਂ, ਪੰਜਾਬੀ ਮੀਡੀਆ, ਦਸਤਾਰ ਅਤੇ ਸਿੱਖਾਂ ਦੇ ਪਰਵਾਸ ਬਾਰੇ ਲੇਖ ਪ੍ਰਕਾਸ਼ਿਤ ਕੀਤੇ ਹੋਏ ਮਿਲਦੇ ਹਨ।
ਇਸ ਪੁਸਤਕ ਬਾਰੇ ਕਾਲਮ ਨਵੀਸ ਗੁਰਮੀਤ ਪਲਾਹੀ ਦੀ ਟਿੱਪਣੀ ਹੈ ”ਵਿਸ਼ਵ ਦੀ ਪੂਰੀ ਪਰਿਕਰਮਾ ਹੈ- ਸਮੁੰਦਰੋਂ-ਪਾਰ ਦਾ ਪੰਜਾਬੀ ਸੰਸਾਰ। ਜਿਸ ਇਕੱਲੇ ਮਾਰਸ਼ਲ ਪੰਜਾਬੀ ਨਰਪਾਲ ਸਿੰਘ ਸ਼ੇਰਗਿੱਲ ਨੇ ਇਹ ਪਰਿਕਰਮਾ ਕਰਕੇ ਸਮੁੰਦਰ ‘ਚੋਂ ਹੀਰੇ ਚੁਣੇ ਹਨ, ਉਹਨਾਂ ਨੂੰ ਤਰਾਸ਼ਿਆ ਹੈ, ਇਕ ਥਾਂ ਪਰੋਇਆ ਹੈ, ਸੰਜੋਇਆ ਹੈ, ਉਹ ਪੰਜਾਬੀ ਸੱਚਮੁਚ ਵਧਾਈ ਦਾ ਪਾਤਰ ਹੈ। ਇਹੋ ਜਿਹਾ ਇਕੱਲੇ ਇਕਹਿਰੇ ਵਿਅਕਤੀ ਦਾ ਨਹੀਂ ਹੁੰਦਾ, ਵੱਡੀਆਂ ਸੰਸਥਾਵਾਂ ਹੀ ਇਹੋ ਜਿਹੇ ਨਿਵੇਕਲੇ ਕਾਰਜਾਂ ਨੂੰ ਹੱਥ ਪਾਉਂਦੀਆਂ ਹਨ, ਜਿਹਨਾਂ ਪੱਲੇ ਧੰਨ ਹੋਵੇ, ਸਾਧਨ ਹੋਣ, ਜਿਹਨਾਂ ਕੋਲ ਇਮਾਨਦਾਰ ਕਿਰਤੀ ਕਾਮੇ ਹੋਣ, ਸੁਚੱਜੀ ਸੁੱਚੀ ਸੋਚ ਹੋਵੇ ਅਤੇ ਕੰਮ ਪੂਰਾ ਕਰਨ ਲਈ ਦ੍ਰਿੜ੍ਹਤਾ। ਪਰ ਜੇਕਰ ਇਕੋ ਵਿਅਕਤੀ ਪਿੱਛੇ 16 ਵਰ੍ਹਿਆਂ ਤੋਂ ਪੂਰੀ ਲਗਨ, ਮਿਹਨਤ, ਸ਼ਿੱਦਤ, ਇਕਾਗਰਤਾ, ਤੁਅੱਸਬ ਨਾਲ ਪਹਾੜ ਜਿੱਡੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਤੁਲਿਆ ਹੋਵੇ ਤਾਂ ਕੀ ਉਹ ਕਿਸੇ ਸੰਸਥਾ ਵਿਸ਼ੇਸ਼ ਤੋਂ ਘੱਟ ਹੋਵੇਗਾ? ਜਿਸਨੇ ਤਨੋਂ, ਮਨੋਂ ਆਪਣੇ ਜੀਵਨ ਦੇ ਕੀਮਤੀ ਵਰ੍ਹੇ ਪੰਜਾਬੀ ਪ੍ਰਵਾਸੀਆਂ ਨੂੰ ਇਕ ਕਲਾਵੇ ‘ਚ ਲੈਣ ਲਈ ਹਰ ਪਲ, ਹਰ ਦਿਨ, ਹਰ ਘੜੀ ਯਤਨ ਹੀ ਨਾ ਕੀਤਾ ਹੋਵੇ, ਸਗੋਂ ਵੱਡੇ ਕਾਰਜਾਂ ਨੂੰ ਇਕ ਚੈਲਿੰਜ ਵਜੋਂ ਲੈ ਕੇ ਸਿਰੇ ਵੀ ਚਾੜ੍ਹਿਆ ਹੋਵੇ। ਕੀ ਇਹੋ ਜਿਹਾ ‘ਉਦਮੀ ਜੀਉੜਾ’ ਸਾਡੇ ਸਭਨਾਂ ਦੀ ਪ੍ਰਸੰਸਾ ਦਾ ਹੱਕਦਾਰ ਨਹੀਂ? ਇਹ ਕਾਰਜ ਉਸਨੇ ਘਰ ਬੈਠਿਆਂ, ਇੰਟਰਨੈਟ ਰਾਹੀਂ ਜਾਂ ਪੁਸਤਕਾਂ ਦੇ ਜ਼ਰੀਏ ਨਹੀਂ ਸਗੋਂ ਪੂਰੀ ਦੁਨੀਆਂ ਦੇ ਵੱਖੋ-ਵੱਖਰੇ ਖਿੱਤਿਆਂ ‘ਚ ਭ੍ਰਮਣ ਕਰਕੇ, ਜਿਧਰੇ ਕਿਧਰੇ ਵੀ ਪੰਜਾਬੀ ਮਿਲੇ, ਪੰਜਾਬੀ-ਭਾਰਤੀ ਉਦਮੀ ਮਿਲੇ, ਉਹਨਾਂ ਤੱਕ ਨਿੱਜੀ ਪਹੁੰਚ ਕਰਕੇ ਪ੍ਰਮਾਣਿਕ ਜਾਣਕਾਰੀ ਇਕੱਤਰ ਕੀਤੀ, ਬਿਨਾਂ ਕਿਸੇ ਭੇਦ-ਭਾਵ ਅਤੇ ਬਿਨਾਂ ਕਿਸੇ ਸੰਕੀਰਨ ਸੋਚ ਦੇ। ਪਿਛਲੇ 15 ਸਾਲਾਂ ‘ਚ ਹਰ ਵਰ੍ਹੇ ਪਹਿਲੀ ਵਾਰੀ ਅੰਗਰੇਜ਼ੀ ਪੰਜਾਬੀ ਐਡੀਸ਼ਨ ‘ਚ ਵਾਧਾ ਕਰਦਿਆਂ 16ਵੇਂ ਸੰਸਕਰਨ ‘ਚ ਭਰਵੀਂ ਜਾਣਕਾਰੀ ਦੇ ਕੇ ਖਾਸ ਕਰਕੇ ਪੰਜਾਬੀਆਂ ਦੇ ਦੇਸ਼ ਵਿਦੇਸ਼ ਵਿੱਚ ਕੀਤੇ ਵਿਸ਼ਾਲ ਕੰਮਾਂ, ਉਹਨਾਂ ਵੱਲੋਂ ਕਮਾਏ ਜੱਸ, ਉਹਨਾਂ ਵਲੋੱ ਉਥੋਂ ਦੇ ਲੋਕਾਂ ‘ਚ ਬਣਾੲੈ ਆਪਣੇ ਸੁਚੱਜੇ ਅਕਸ, ਚੰਗੀ ਭੱਲ, ਚੰਗੀ ਛਾਪ ਨੂੰ ਇਕ ਮਾਲਾ ਦੀ ਲੜੀ ਵਿੱਚ ਪਰੋਇਆ ਹੈ। ਇਸ ਵਿਲੱਖਣ, ਨਿਵੇਕਲੇ, ਉਦਾਹਰਨੀ ਕੰਮ ਨੂੰ ਨੇਪਰੇ ਚਾੜ੍ਹਨ ਲਈ ਖਾਸ ਕਰਕੇ ਪੰਜਾਬੀ ਉਦਮੀਆਂ ਨੇ ਆਪਣੇ ਕਾਰੋਬਾਰਾਂ ਬਾਰੇ ਲੋਕਾਂ ਨਾ ਸਾਂਝ ਪਾਉਣ ਲਈ ਵਪਾਰਕ ਮਸ਼ਹੂਰੀ ਰਾਹੀਂ ਭਰਪੂਰ ਹਿੱਸਾ ਪਾਇਆ ਹੈ।
ਨਰਪਾਲ ਸਿੰਘ ਸ਼ੇਰਗਿੱਲ ਦਾ ਪੰਜਾਬੀ ਸਾਹਿਤ, ਭਾਸ਼ਾ ਅਤੇ ਪੱਤਰਕਾਰੀ ਨਾਲ ਰਿਸ਼ਤਾ 50 ਵਰ੍ਹਿਆਂ ਤੋਂ ਜ਼ਿਆਦਾ ਉਪਰ ਦਾ ਹੋ ਚੁੱਕਿਆ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਮਜ਼ਾਲ ਖੁਰਦ ਦੇ ਜੰਮਪਲ ਸ਼ੇਰਗਿੱਲ ਨੇ 1964 ਵਿੱਚ ਪੰਜਾਬ ਦੇ ਭਾਸ਼ਾ ਵਿਭਾਗ ਦੇ ਇਕ ਕਰਮਚਾਰੀ ਦੇ ਤੌਰ ‘ਤੇ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਰਾਹ ਚੁਣਿਆ। ਉਹ ਵੀ ਗਿਆਨੀ ਲਾਲ ਸਿੰਘ ਵਰਗੀ ਸ਼ਖਸੀਅਤ ਦੀ ਅਗਵਾਈ ਵਿੱਚ। ਗਿਆਨੀ ਲਾਲ ਸਿੰਘ ਅਤੇ ਡਾ. ਜੀਤ ਸਿੰਘ ਸ਼ੀਤਲ ਦੀ ਸੰਗਤ ਦਾ ਅਸਰ ਹੋਣਾ ਸੁਭਾਵਿਕ ਸੀ। ਸ਼ੇਰਗਿੱਲ ਸ਼ਾਇਰੀ ਦੇ ਰਾਹ ਪੈ ਗਿਆ। 1965 ਵਿੱਚ ਉਸਦੀ ਕਵਿਤਾ ਦੀ ਪਹਿਲੀ ਪੁਸਤਕ ‘ਅਮਰ ਵੇਲ’ ਪ੍ਰਕਾਸ਼ਿਤ ਹੋਈ। ਇਸ ਪੁਸਤਕ ਦਾ ਮੁੱਖ ਬੰਦ ਡਾ. ਜੀਤ ਸਿੰਘ ਸ਼ੀਤਲ ਨੇ ਲਿਖਿਆ ਸੀ ਜੋ ਉਸ ਸਮੇਂ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਸਨ। ਸਮੇਂ ਦੇ ਚੱਕਰ ਨੇ ਜਿੱਥੇ ਨਰਪਾਲ ਸਿੰਘ ਸ਼ੇਰਗਿੱਲ ਨੂੰ ਪਟਿਆਲਾ ਤੋਂ ਲੰਡਨ ਪਹੁੰਚਾ ਦਿੱਤਾ, ਉਥੇ ਇਕ ਕਵੀ ਨੂੰ ਪੱਤਰਕਾਰ ਵੀ ਬਣਾ ਦਿੱਤਾ।
ਦੇਸ਼-ਪ੍ਰਦੇਸ਼ ਦੀ ਪੱਤਰਕਾਰੀ ਤੋਂ ਬਾਅਦ ਆਪ ਸੰਪਾਦਕ ਬਣ ਗਿਆ ਅਤੇ ਪੰਜਾਬ ਦੇ ਅਖਬਾਰਾਂ ਲਈ ਆਵਾਸ-ਪ੍ਰਵਾਸ ਲਿਖਣਾ ਸ਼ੁਰੂ ਕੀਤਾ।
ਸਿੱਖੀ ਦੀ ਚੜ੍ਹਤ ਦੀ ਚਾਹਤ ਨੇ 1985 ਵਿੱਚ ਦੁਨੀਆਂ ਭਰ ਦੇ ਗੁਰੂ ਘਰਾਂ ਅਤੇ ਸਿੱਖ ਸੰਸਥਾਵਾਂ ਦੀ ਡਾਇਰੈਕਟਰੀ ਬਣਵਾ ਦਿੱਤੀ। ਸ਼ੇਰਗਿੱਲ ਨੇ ਵਿਸ਼ਵ ਭਰ ਵਿੱਚ ਹੋਏ ਸਿੱਖ ਧਰਮ ਦੇ ਵਿਕਾਸ ਬਾਰੇ ਖੋਜ ਭਰਪੂਰ ਲੇਖ ਲਿਖੇ। ਸਿੱਖਾਂ ਬਾਰੇ ਕੀਤੇ ਕਾਰਜਾਂ ਨੂੰ ਮਾਨਤਾ ਦਿੰਦੇ ਹੋਏ ਸਤੰਬਰ 1995 ਵਿੱਚ ਵਰਲਡ ਸਿੱਖ ਕਾਨਫ਼ਰੰਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸ਼ੇਰਗਿੱਲ ਨੂੰ ਸਨਮਾਨਿਤ ਕੀਤਾ ਗਿਆ। 2005 ਵਿੱਚ ਨਰਪਾਲ ਸਿੰਘ ਸ਼ੇਰਗਿੱਲ ਨੇ ਸਿੱਖਾਂ ਦੇ ਦਸਤਾਰ ਦੇ ਮਸਲੇ ਨੂੰ ਉਚੀ ਸੁਰ ਵਿੱਚ ਉਠਾਇਆ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਸ਼ਤਾਬਦੀ ਸਮਾਰੋਹਾਂ ਸਮੇਂ ਆਪਣੀ ਸਾਲਾਨਾ ਪੁਸਤਕ ਦਾ ਵਿਸ਼ੇਸ਼ ਅੰਕ ਛਾਪਿਆ। ਇਸੇ ਤਰ੍ਹਾਂ 2011 ਨੂੰ ਪ੍ਰਕਾਸ਼ਿਤ ਹੋਏ ਵਿਸ਼ੇਸ਼ ਸੋਵੀਨਾਰ, ਜੋ ਦਸਤਾਰ ਦੇ ਪੱਖ ਵਿੱਚ ਸੀ, ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਰਿਲੀਜ਼ ਕੀਤਾ ਗਿਆ। ਗੱਲ ਕੀ ਨਰਪਾਲ ਸਿੰਘ ਸ਼ੇਰਗਿੱਲ ਪਿਛਲੇ 50 ਵਰ੍ਹਿਆਂ ਤੋਂ ਲਗਾਤਾਰ ਪੰਜਾਬੀ ਭਾਸ਼ਾ, ਸਾਹਿਤ ਅਤੇ ਪੱਤਰਕਾਰੀ ਨੂੰ ਸਮਰਪਿਤ ਹੈ। 1965 ਵਿੱਚ ਛਪੀ ਪਹਿਲੀ ਪੁਸਤਕ’ਅਮਰ ਵੇਲ’ ਤੋਂ ਹੁਣ ਦਾ ਸਫ਼ਰ ਭਾਵੇਂ ਚੁਣੌਤੀਆਂ ਭਰਿਆ ਸੀ ਪਰ ਸ਼ੇਰਗਿੱਲ ਦ੍ਰਿੜ੍ਹਤਾ ਨਾਲ ਆਪਣੇ ਮਾਰਗ ‘ਤੇ ਚਲਦਾ ਰਿਹਾ। ਸ਼ੇਰਗਿੱਲ ਦਾ ਗਿਲਾ ਜਾਇਜ਼ ਹੈ ਕਿ ਸਰਕਾਰਾਂ ਐਨ ਆਰ ਆਈਜ਼ ਦੇ ਨਾਮ ‘ਤੇ ਸਿਆਸਤ ਤਾਂ ਕਰਦੀਆਂ ਹਨ ਪਰ ਅਮਲੀ ਤੌਰ ‘ਤੇ ਕੁਝ ਨਹੀਂ ਕਰਦੀਆਂ। ਸਰਕਾਰ ਜਾਂ ਸ਼੍ਰੋਮਣੀ ਕਮੇਟੀ ਵਰਗੀ ਕਿਸੇ ਸੰਸਥਾ ਨੇ ਵਿਸ਼ਵ ਭਰ ਦੇ ਪੰਜਾਬੀਆਂ ਲਈ ਕੋਈ ਮੰਚ ਤਾਂ ਕੀ ਤਿਆਰ ਕਰਨਾ ਸੀ ਜੋ ਵਿਅਕਤੀ ਇਹ ਕੰਮ ਵਿੱਚ ਲਗਾਤਾਰ ਲੱਗਿਆ ਹੋਇਆ ਹੈ, ਉਸਨੂੰ ਵੀ ਪੂਰੀ ਤਰ੍ਹਾਂ ਮਾਨਤਾ ਨਹੀਂ ਦਿੱਤੀ ਗਈ। ਉਸਦਾ ਗਿਲਾ ਆਪਣੀ ਥਾਂ ਹੈ ਅਤੇ ਹੈ ਵੀ ਠੀਕ ਪਰ ਇਸਦੇ ਬਾਵਜੂਦ ਉਸਦੀ ਹਿੰਮਤ ਵਿੱਚ ਕੋਈ ਕਮੀ ਨਹੀਂ। ਉਹ ਆਪਣਾ ਕੰਮ ਜਾਰੀ ਰੱਖੇਗਾ। ਇਹ ਮੈਂ ਨਹੀਂ ਉਹ ਖੁਦ ਕਹਿ ਰਿਹਾ ਹੈ। ਸਫ਼ਰ ਜਾਰੀ ਹੈ। ਮੈਨੂੰ ਪਤਾ ਹੈ ਕਿ ਇਹ ਇਕ ਅਜਿਹਾ ਸਫ਼ਰ ਹੈ ਜਿਸਦੀ ਕੋਈ ਮੰਜ਼ਿਲ ਨਹੀਂ ਪਰ ਫ਼ਿਰ ਵੀ ਉਸਦੇ ਸਫ਼ਰ ਲਈ ਉਸਨੂੰ ਸ਼ੁਭ ਕਾਮਨਾਵਾਂ।

ਦੂਰੀਆਂ ਜਬ ਬੜ੍ਹੀਂ ਗ਼ਲਤਫ਼ਹਿਮੀਆਂ ਵੀ ਬੜ੍ਹ ਗਈਂ

ਇੰਡੀਅਨ ਐਕਸਪ੍ਰੈਸ ਦੇ ਬਾਨੀ ਰਾਮ ਨਾਥ ਗੋਇਨਕਾ ਦੇ ਨਾਮ ਉਤੇ ਦਿੱਤੇ ਜਾਂਦੇ ਪੱਤਰਕਾਰੀ ਦੇ ਸਨਮਾਨਾਂ ਸਬੰਧੀ ਹੋ ਰਹੇ ਇਕ ਸਮਾਰੋਹ ਦੌਰਾਨ ਭਾਰੀਤ ਸਿਨੇਮਾ ਦੇ ਮੁੱਦੇ ‘ਤੇ ਕੀਤੀ ਟਿੱਪਣੀ ਨੇ ਪੂਰੇ ਦੇਸ਼ ਦੇ ਮੀਡੀਆ ਵਿੱਚ ਉਬਾਲ ਲਿਆਂਦਾ। ਅਮੀਰ ਖਾਨ ਦਾ ਕਹਿਣਾ ਸੀ ਕਿ ਉਸਦੀ ਪਤਨੀ ਕਿਰਨ ਨੇ ਕਿਹਾ ਕਿ ਬੱਚਿਆਂ ਦੀ ਚੰਗੀ ਪਰਵਰਿਸ਼ ਲਈ ਉਹਨਾਂ ਨੂੰ ਕਿਸੇ ਹੋਰ ਦੇਸ਼ ਚਲੇ ਜਾਣਾ ਚਾਹੀਦਾ ਹੈ। ਉਸਦੇ ਲਹਿਜੇ ਵਿੱਚ ਗੁੱਸਾ ਨਹੀਂ ਸੀ ਸਿਰਫ਼ ਇਕ ਉਦਾਸੀ ਸੀ। ਫ਼ਿਰ ਵੀ ਉਸਦੀ ਟਿੱਪਣੀ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਅਸਲ ਵਿੱਚ ਅਮੀਰ ਖਾਨ ਵੱਲੋਂ ਆਪਣੀ ਪਤਨੀ ਦੇ ਹਵਾਲੇ ਨਾਲ ਕੀਤੀ ਇਸ ਟਿੱਪਣੀ ਨੇ ਪੂਰੇ ਹਿੰਦੁਸਤਾਨ ਨੂੰ ਹਿਲਾ ਕੇ ਰੱਖ ਦਿੱਤਾ। ਦੇਸ਼ ਦੇ ਸਿਆਸੀ ਅਤੇ ਫ਼ਿਲਮੀ ਜਗਤ ਵਿੱਚ ਅਮੀਰ ਖਾਨ ਦੇ ਹੱਕ ਅਤੇ ਵਿਰੋਧ ਵਿੱਚ ਜ਼ਬਰਦਸਤ ਪ੍ਰਤੀਕਿਰਿਆ ਦਾ ਦੌਰ ਸ਼ੁਰੂ ਹੋ ਗਿਆ। ਅਨੁਪਮ ਖੇਰ ਸਮੇਤ ਅਨੇਕਾਂ ਫ਼ਿਲਮੀ ਹਸਤੀਆਂ ਦਾ ਕਹਿਣਾਸੀ ਕਿ ਜਿਸ ਦੇਸ਼ ਨੇ ਅਮੀਰ ਖਾਨ ਨੂੰ ਹੀਰੋ ਬਣਾਇਆ ਹੈ, ਇੰਨੀ ਇੱਜਤ, ਸ਼ੋਹਰਤ ਅਤੇ ਦੌਲਤ ਬਖਸ਼ੀ ਹੈ। ਉਸ ਦੇਸ਼ ਬਾਰੇ ਅਜਿਹੀ ਟਿੱਪਣੀ ਕਰਕੇ ਉਸਨੇ ਦੇਸ਼ ਦੀ ਵੱਡੀ ਬਦਨਾਮੀ ਕੀਤੀ ਹੈ। ਭਾਰਤੀ ਮੀਡੀਆ ਨੇ ਵਿਖਾਇਆ ਕਿ ਜਿਸ ਦੇਸ਼ ਵਿੱਚ ਅਮੀਰ ਖਾਨ ਰੋਜ਼ਾਨਾ 13 ਲੱਖ ਰੁਪਏ ਕਮਾ ਕੇ ਅਮੀਰ ਬਣਿਆ ਹੈ, ਉਸ ਦੇਸ਼ ਬਾਰੇ ਆਪਣੀ ਪਤਨੀ ਦੇ ਮੂੰਹੋਂ ਅਜਿਹੇ ਬੋਲ ਸੁਣ ਕੇ ਉਸਨੇ ਦੇਸ਼ ਦੇ ਹੱਕ ਵਿੱਚ ਦੋ ਲਫ਼ਜ਼ ਵੀ ਨਹੀਂ ਬੋਲੇ। ਮੀਡੀਆ ਨੇ ਸਵਾਲ ਕੀਤਾ ਕਿ ਉਹ ਇਹ ਵੀ ਦੱਸ ਦੇਵੇ ਕਿ ਭਾਰਤ ਨਾਲੋਂ ਕਿਹੜੇ ਦੇਸ਼ ਵਿੱਚ ਜ਼ਿਆਦਾ ਸਹਿਣਸ਼ੀਲਤਾ ਹੈ ਜਿੱਥੇ ਜਾ ਕੇ ਉਹ ਵੱਸਣਾ ਚਾਹੁੰਦਾ ਹੈ। ਅਮੀਰ ਖਾਨ ਦੇ ਵਿਰੁੱਧ ਬੋਲਣ ਵਾਲਿਆਂ ਵਿੱਚ ਸਿਰਫ਼ ਫ਼ਿਲਮੀ ਅਤੇ ਹਿੰਦੂਵਾਦੀ ਸੰਗਠਨ ਹੀ ਨਹੀਂ ਸਨ ਸਗੋਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਪਿੱਛੇ ਨਹੀਂ ਰਹੀ। ਇੱਥੋਂ ਤੱਕ ਕਿ ਸਿੰਗਾਪੁਰ ਵਿੱਚ ਪਹੁੰਚੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਸਿੱਧੇ ਰੂਪ ਵਿੱਚ ਅਤੇ ਸਿੱਧੇ ਰੂਪ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਬੈਕਿਆਨਾਇਡੂ, ਰਾਜ ਮੰਤਰੀ ਮੁਖਤਾਰ ਅਬਾਸ ਨਕਵੀ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸ਼ਾਹਨਵਾਜ਼ ਖਾਂ, ਸਾਬਕਾ ਪੱਤਰਕਾਰ ਅਤੇ ਭਾਜਪਾ ਨੇਤਾ ਐਮ. ਜੇ. ਅਕਬਰ ਨੇ ਤਿੱਖੀਆਂ ਪ੍ਰਤੀਕਿਰਿਆਵਾਂ ਪ੍ਰਗਟ ਕੀਤੀਆਂ। ਪੂਰੇ ਦੇਸ਼ ਵਿੱਚ ਅਮੀਰ ਖਾਨ ਦੇ ਖਿਲਾਫ਼ ਪ੍ਰਦਰਸ਼ਨ ਹੋਣ ਲੱਗੇ। ਅਮੀਰ ਦੇ ਪੁਤਲੇ ਸਾੜੇ ਗਏ। ਇਸ ਅਸਧਾਰਨ ਤਲਖੀ ਭਰੇ ਵਿਰੋਧ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਦੋਂ ਅਮੀਰ ਖਾਨ ਨੇ ਇਹ ਟਿੱਪਣੀ ਕੀਤੀ ਤਾਂ ਉਸ ਸਮਾਰੋਹ ਵਿੱਚ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਸਮੇਤ ਤਿੰਨ ਹੋਰ ਮੰਤਰੀ ਵੀ ਮੌਜੂਦ ਸਨ। ਸਰਵਜਨਕ ਤੌਰ ਤੇ ਸੀਨੀਅਰ ਮੰਤਰੀਆਂ ਦੀ ਹਾਜ਼ਰੀ ਵਿੱਚ ਅਜਿਹੀ ਸਾਹਸਪੂਰਨ ਟਿੱਪਣੀ ਕਰਨੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਨਜ਼ਰ ਵਿੱਚ ਵੱਡੀ ਗੁਸਤਾਖੀ ਸੀ। ਬਹੁਤ ਸਾਰੇ ਸਿਆਸੀ ਆਲੋਚਕਾਂ ਨੇ ਇਸ ਨੂੰ ਬਿਹਾਰ ਚੋਣਾਂ ਤੋਂ ਬਾਅਦ ਸੰਸਦ ਸਮਾਗਮ ਤੋਂ ਪਹਿਲਾਂ ਅਸਹਿਣਸ਼ੀਲਤਾ-2 ਦਾ ਨਾਮ ਵੀ ਦਿੱਤਾ। ਦੇਸ਼ ਵਿੱਚ ਅੱਜਕਲ੍ਹ ‘ਸੈਕੂਲਰ’ ਅਤੇ ‘ਅਸਹਿਣਸ਼ੀਲਤਾ’ ਸ਼ਬਦਾਂ ਨੂੰ ਲੈ ਕੇ ਤਿੱਖੀ ਅਤੇ ਗੰਭੀਰ ਬਹਿਸ ਛਿੜੀ ਹੋਈ ਹੈ। ਨਿਸਚਿਤ ਤੌਰ ‘ਤੇ ਇਹ ਚਿੰਤਨ ਅਤੇ ਚਿੰਤਾ ਦਾ ਵਿਸ਼ਾ ਹੈ। ਪਿਛਲੇ ਦਿਨਾਂ ਵਿੱਚ ਇਸੇ ਚਿੰਤਾ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਲੇਖਕਾਂ, ਵਿਗਿਆਨਕਾਂ ਅਤੇ ਕਲਾਕਾਰਾਂ ਨੇ ਸਰਕਾਰ ਦੁਆਰਾ ਦਿੱਤੇ ਗਏ ਪੁਰਸਕਾਰ ਵਾਪਸ ਕਰ ਦਿੱਤੇ ਹਨ। ਇਹਨਾਂ ਦਾ ਵਿਰੋਧ ਵਿਅਕਤ ਕਰਨ ਦਾ ਆਪਣਾ ਤਰੀਕਾ ਹੈ। ਜਿਹਨਾਂ ਲੋਕਾਂ ਨੇ ਸਨਮਾਨ ਵਾਪਸ ਕੀਤੇ ਹਨ, ਉਹਨਾਂ ਦਾ ਸਾਹਿਤ, ਕਲਾ, ਫ਼ਿਲਮ ਅਤੇ ਵਿਗਿਆਨ ਆਦਿ ਦੇ ਖੇਤਰ ਵਿੱਚ ਵੱਡਾ ਯੋਗਦਾਨ ਰਿਹਾ ਹੈ। ਇਹਨਾਂ ਲੋਕਾਂ ਨੇ ਤਰਕ ਦਿੰਦੇ ਹੋਏ ਕਿਹਾ ਕਿ ਉਹ ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਨੂੰ ਰੋਕਣ ਲਈ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਨ। ਇੱਥੋਂ ਤੱਕ ਕਿ ਦੇਸ਼ ਦੇ ਰਾਸ਼ਟਰਪਤੀ ਨੇ ਵੀ ਦੇਸ਼ ਨੂੰ ਯਾਦ ਕਰਾਇਆ ਹੈ ਕਿ ਇਹ ਦੇਸ਼ ਬਹੁਵਾਦ ਅਤੇ ਸੈਕੂਲਰਇਜ਼ਮ ਦੀ ਬੁਨਿਆਦ ‘ਤੇ ਚੱਲਣ ਵਾਲਾ ਦੇਸ਼ ਹੈ। ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਕਰਨਾ ਰਾਜ ਦੀ ਡਿਊਟੀ ਹੈ। ਅਸਹਿਣਸ਼ੀਲਤਾ ਦੇ ਵਿਰੋਧ ਵਿੱਚ ਵੱਡੀ ਗਿਣਤੀ ਪੰਜਾਬੀ ਲੇਖਕ ਵੀ ਮੈਦਾਨ ਵਿੱਚ ਨਿੱਤਰੇ ਹਨ। ਇਹਨਾਂ ਸਾਹਿਤਕਾਰਾਂ ਨੇ ਮੋਦੀ ਸਰਕਾਰ ਨੂੰ ਦਾਬੇ ਦੀ ਸਿਆਸਤ ਬੰਦ ਕਰਨ ਲਈ ਆਖਿਆ ਹੈ ਤੇ ਕਿਹਾ ਹੈ ਕਿ ਕਦੇ ਇਕ ਵਿੱਚਾਰਧਾਰਾ ਨਾਲ ਦੇਸ਼ ਨਹੀਂ ਚੱਲ ਸਕਦੇ। ਪੰਜਾਬੀ ਲੇਖਕਾਂ ਵਿੱਚੋਂ ਸਭ ਤੋਂ ਪਹਿਲਾਂ ਇਨਾਮ ਮੋੜਨ ਵਾਲੇ ਕਹਾਣੀਕਾਰ ਗੁਰਬਚਨ ਭੁੱਲਰ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਸੰਵਾਦ ਤੋਂ ਪਿਛਾਂਹ ਹਟਣ ਕਰਕੇ ਮਾਹੌਲ ਵਿੱਚ ਵੱਡੀ ਹਲਚਲ ਪੈਦਾ ਹੋਈ ਹੈ ਅਤੇ ਪ੍ਰਵਚਨੀ ਸਿਆਸਤ ਨੇ ਘੁਟਣ ਦਾ ਮਾਹੌਲ ਪੈਦਾ ਕੀਤਾ ਹੈ। ਉਹਨਾਂ ਆਖਿਆ ਕਿ ਆਤਮ ਚਿੰਤਨ ਕੀਤੇ ਬਿਨਾਂ ਵਿਕਾਸ ਦੀ ਗੱਡੀ ਨੂੰ ਅਗਾਂਹ ਨਹੀਂ ਤੋਰਿਆ ਜਾ ਸਕਦਾ। ਕੇਂਦਰ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ‘ਤੇ ਇੱਕੋ ਵਿੱਚਾਰਧਾਰਾ ਦੀ ਘੁਸਪੈਠ ਕਰਾਉਣ ਦਾ ਏਜੰਡਾ ਵੀ ਸੰਸਥਾਵਾਂ ਨੂੰ ਬੌਧਿਕ ਤੌਰ ‘ਤੇ ਖੋਖਲਾ ਕਰੇਗਾ। ਮਨੁੱਖੀ ਸਰੋਕਾਰਾਂ ਨੂੰ ਮਨਫ਼ੀ ਕਰਕੇ ਸਿਰਫ਼ ਫ਼ੋਕੇ ਵਿਕਾਸ ਦਾ ਸੁਪਨਾ ਹੀ ਦੇਖਿਆ ਜਾ ਸਕਦਾ ਹੈ। ਬਹੁਤੇ ਸਾਹਿਤਕਾਰਾਂ ਦਾ ਖਿਆਲ ਹੈ ਕਿ ਵਖਰੇਵਿਆਂ ਦੀ ਧਰਾਤਲ ‘ਤੇ ਖੜ੍ਹੇ ਭਾਰਤੀ ਸਮਾਜ ‘ਤੇ ਕੋਈ ਇਕ ਵਿੱਚਾਰਧਾਰਾ ਥੋਪੀ ਨਹੀਂ ਜਾ ਸਕਦੀ। ਅਸਹਿਣਸ਼ੀਲਤਾ ਦੇ ਮੁੱਦੇ ਉਤੇ ਇਹਨਾਂ ਕਲਾਕਾਰਾਂ, ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਦਾ ਖਿਆਲ ਹੈ ਕਿ ਕੇਂਦਰ ਦੇ ਹਿੰਦੂਤਵ ਦੇ ਏਜੰਡੇ ਨੇ ਮੁਲਕ ਵਿੱਚ ਬਦਅਮਨੀ ਵਾਲਾ ਮਾਹੌਲ ਪੈਦਾ ਕੀਤਾ ਹੈ, ਜਿਸਦਾ ਸਿੱਧਾ ਅਸਰ ਵਿਕਾਸ ‘ਤੇ ਵੀ ਪਵੇਗਾ। ਬੋਲਣ ਦੀ ਆਜ਼ਾਦੀ ‘ਤੇ ਹੱਲੇ ਨਾਲ ਮੋਦੀ ਦਾ ਕਾਰਪੋਰੇਟੀ ੲੈਜੰਡਾ ਵੀ ਹਿੱਲਿਆ ਹੈ।
ਮੂਡੀ ਵਰਗੀ ਅੰਤਰ ਰਾਸ਼ਟਰੀ ਰੇਟਿੰਗ ਏਜੰਸੀ ਨੇ ਕਿਹਾ ਹੈ ਕਿ ਜੇਕਰ ਨਰਿੰਦਰ ਮੋਦੀ ਨੇ ਆਪਣੇ ਸਾਥੀਆਂ ਦੇ ਪੁੱਠੇ ਸਿੱਧੇ ਬਿਆਨਾਂ ਅਤੇ ਹਰਕਤਾਂ ਨੂੰ ਨਾ ਰੋਕਿਆ ਤਾਂ ਅੰਤਰ ਰਾਸ਼ਟਰੀ ਪੱਧਰ ਤੇ ਭਾਰਤ ਦੀ ਸ਼ਾਖ ‘ਤੇ ਉਲਟ ਅਸਰ ਪਵੇਗਾ। ਜੂਲੀਓ ਰਬੈਰੋ ਨੇ ਕਿਹਾ ਕਿ ਅੱਜ ਉਹ ਇਕ ਇਸਾਈ ਦੇ ਤੌਰ ‘ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹਿੰਦੀ ਫ਼ਿਲਮ ਸਟਾਰ ਨਸੀਰੂਦੀਨ ਸ਼ਾਹ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲੀ ਵਾਰ ਇਹ ਮਹਿਸੂਸ ਕਰਵਾਇਆ ਜਾ ਰਿਾ ਹੈ ਕਿ ਉਹ ਮੁਸਲਮਾਨ ਹਨ। ਸ਼ਾਇਰ ਅਤੇ ਫ਼ਿਲਮ ਨਿਰਮਾਤਾ ਗੁਲਜ਼ਾਰ ਦਾ ਕਹਿਣਾ ਹੈ ਕਿ ਅਜਿਹਾ ਵਕਤ ਆ ਗਿਆ ਹੈ ਕਿ ਜਦੋਂ ਲੋਕ ਤੁਹਾਡਾ ਨਾਮ ਪੁੱਛਣ ਤੋਂ ਪਹਿਲਾਂ ਤੁਹਾਡਾ ਧਰਮ ਪੁੱਛਦੇ ਹਨ। ਦੇਸ਼ ਦੇ ਵੱਡੇ ਵੱਡੇ ਉਦਯੋਗਪਤੀਆਂ ਨੇ ਵੀ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਚਿੰਤਾ ਵਿਅਕਤ ਕੀਤੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਲੂੰ ਆਪਣੇ ਵਿਦੇਸ਼ੀ ਦੌਰੇ ਸਮੇਂ ਬੇਗਾਨੀ ਧਰਤੀ ਉਤੇ ਆਪਦੇ ਦੇਸ਼ ਵਿੱਚਲੇ ਸੈਕੂਲਰਵਾਦ ਅਤੇ ਅਸਹਿਣਸ਼ੀਲਤਾ ਬਾਰੇ ਸਫ਼ਾਈ ਦੇਣੀ ਪਈ। ਸੱਚ ਤਾਂ ਇਹ ਹੈ ਕਿ ਸਾਡੀਆਂ ਸਿਆਸੀ ਪਾਰਟੀਆਂ ਨੇ ਜਾਤ, ਧਰਮ, ਭਾਸ਼ਾ, ਸੰਪਰਦਾਇ ਅਤੇ ਸਭਿਆਚਾਰ ਦੇ ਆਧਾਰ ਉਤੇ ਰਾਜਨੀਤੀ ਕਰਕੇ ਭਾਰਤੀ ਸੰਵਿਧਾਨ ਦੀ ਮੂਲ ਆਤਮਾ ਨੂੰ ਜ਼ਖਮੀ ਕਰਕੇ ਰੱਖ ਦਿੱਤਾ ਹੈ। ਦੇਸ਼ ਦੇ ਲੋਕਾਂ ਵਿੱਚ ਇਕ ਧਾਰਨਾ ਬਣਦੀ ਜਾ ਰਹੀ ਹੈ ਕਿ ਸੰਪਰਦਾਇਕ ਤਾਕਤਾਂ ਵੱਖ ਵੱਖ ਸੰਸਥਾਵਾਂ ਉਤੇ ਕਬਜ਼ਾ ਕਰ ਰਹੀਆਂ ਹਨ। ਸਿੱਖਿਆ ਸੰਸਥਾਵਾਂ ਅਤੇ ਵਿਗਿਆਨਕ ਸੰਸਥਾਵਾਂ ਦਾ ਰੰਗ ਭਰਾਵਾਂ ਹੋ ਰਿਹਾ ਹੈ। ਬਾਬਰੀ ਮੰਦਰ ਬਣਾਉਣ ਵਾਲੇ ਬਿਆਨ ਇਯ ਰੰਗ ਨੂੰ ਹੋਰ ਗੂੜ੍ਹਾ ਕਰ ਰਹੇ ਹਨ। ਧਾਰਮਿਕ ਨੇਤਾਵਾਂ ਵੱਲੋਂ ਸਿਆਸੀ ਨੇਤਾਵਾਂ ਉਤੇ ਡੂੰਘਾ ਪ੍ਰਭਾਵ ਪਾਇਆ ਜਾ ਰਿਹਾ ਹੈ। ਆਰ. ਐਸ. ਐਸ. ਦੀ ਵਿੱਚਾਰਧਾਰਾ ਹਰ ਪੱਧਰ ‘ਤੇ ਲਾਗੂ ਕਰਨ ਦੇ ਯਤਨ ਹੋ ਰਹੇ ਹਨ। ਘਰ ਵਾਸਪੀ, ਲਵ ਜਿਹਾਦ ਅਤੇ ਗਊ ਮਾਸ ਵਰਗੇ ਮੁੱਦੇ ਧਾਰਮਿਕ ਘੱਟ ਗਿਣਤੀਆਂ ਵਿੱਚ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੇ ਹਨ। ਨਤੀਜੇ ਵਜੋਂ ਦਾਦਰੀ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਹਨਾਂ ਨੂੰ ਅਮਨ ਕਾਨੂੰਨ ਦੀ ਸਮੱਸਿਆ ਕਹਿ ਕੇ ਟਾਲਿਆ ਜਾ ਰਿਹਾ ਹੈ। ਹਿੰਦੂ ਰਾਸ਼ਟਰਵਾਦ ਦੀ ਵਿੱਚਾਰਧਾਰਾ ਧਾਰਮਿਕ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੇ ਨਾਲ ਨਾਲ ਘਿਰਣਾ ਪੈਦਾ ਕਰ ਰਹੀ ਹੈ, ਜਿਸ ਨਾਲ ਸਮਾਜ ਵਿੱਚ ਸਮਾਜਿਕ ਅਤੇ ਧਾਰਮਿਕ ਪਾੜਾ ਵੱਧ ਰਿਹਾ ਹੈ। ਹਿੰਦੂਤਵ ਦਾ ਨਾਹਰਾ ਦੇਣ ਵਾਲਿਆਂ ਵਿਰੁੱਧ ਜੇਕਰ ਅਮੀਰ ਖਾਨ ਵਰਗੇ ਕਲਾਕਾਰ ਕੁਝ ਬੋਲਦੇ ਹਨ ਤਾਂ ਦੇਸ਼ ਵਿੱਚ ਅਸਹਿਣਸ਼ੀਲਤਾ ਦੇ ਮਾਹੌਲ ਨੂੰ ਹੋਰ ਬਲ ਮਿਲਦਾ ਹੈ। ਉਧਰ ਅਰੁਣ ਜੇਤਲੀ ਵਰਗੇ ਨੇਤਾ ਸਾਹਿਤਕਾਰਾਂ ਦੀ ਸਨਮਾਨ ਵਾਪਸੀ ਲੂੰ ਖੱਬੇ ਪੱਖੀਆਂ ਦੀ ਸਾਜਿਸ਼ ਦੱਸ ਕੇ ਮਾਹੌਲ ਨੂੰ ਹੋਰ ਗਰਮਾ ਦਿੰਦੇ ਹਨ। ਵੀ. ਐਚ. ਪੀ. ਆਗੂ ਸਾਧਵੀ ਪ੍ਰਾਚੀ ਵਰਗੇ ਅਨੇਕਾਂ ਹਿੰਦੂ ਲੀਡਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਰਾਮ ਮੰਦਰ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਵਿੱਚ ਹੀ ਬਣੇਗਾ। ਜਮਸ਼ੇਦਪੁਰ ਵਿੱਚ ਬੋਲਦੇ ਹੋਏ ਸਾਧਵੀ ਪ੍ਰਾਚੀ ਨੇ ਕਿਹਾ ਕਿ ਸ਼ਾਹਰੁਖ ਖਾਨ, ਅਮੀਰ ਖਾਨ ਅਤੇ ਸਮਾਜਵਾਦੀ ਲੀਡਰ ਆਜ਼ਮ ਖਾਨ ਨੇ ਦੇਸ਼ ਦਾ ਅਕਸ ਖਰਾਬ ਕੀਤਾ ਹੈ। ਸਾਧਵੀ ਨੇ ਐਵਾਰਡ ਵਾਪਸ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਕਿਹਾ। ਇਉਂ ਹਰ ਰੋਜ਼ ਅਜਿਹੇ ਬਿਆਨਾਂ ਨੇ ਦੇਸ਼ ਦਾ ਮਾਹੌਲ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ।
ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਧਰਵਾਸਾ ਦੇਣ ਲਈ ਦੇਸ਼ ਦੇ ਚੀਫ਼ ਜਸਟਿਸ ਨੂੰ ਅੱਗੇ ਆਉਣਾ ਪਿਆ। ਚੀਫ਼ ਜਸਟਿਸ ਆਫ਼ ਇੰਡੀਆ ਟੀ. ਐਸ. ਠਾਕੁਰ ਨੇ ਕਿਹਾ ਕਿ ਅਸਹਿਣਸ਼ੀਲਤਾ ਦੇ ਰਾਜਨੀਤਿਕ ਕਾਰਨ ਹੋ ਸਕਦੇ ਹਨ ਪਰ ਉਦੋਂ ਤੱਕ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਜਦੋਂ ਤੱਕ ਨਿਆਂਪਾਲਿਕਾ ‘ਆਜ਼ਾਦ’ ਹੈ। ਇਸ ਲਈ ਕਾਨੂੰਨ ਦਾ ਸ਼ਾਸਨ ਬਣਿਆ ਰਹੇਗਾ। ਸ੍ਰੀ ਠਾਕੁਰ ਨੇ ਕਿਹਾ ‘ਇਸ ਦੇ ਸਿਆਸੀ ਪਹਿਲੂ ਹੋ ਸਕਦੇ ਹਨ ਪਰ ਸਾਡੇ ਕੋਲ ਕਾਨੂੰਨ ਹੈ, ਨਿਆਂਪਾਲਿਕਾ ਦੀ ਆਜ਼ਾਦੀ ਹੈ।ਇਸ ਲਈ ਕਿਸੇ ਨੂੰ ਇਸ ਮਾਮਲੇ ਵਿੱਚ ਡਰਨ ਦੀ ਜ਼ਰੂਰਤ ਨਹੀਂ।’ ਉਹਨਾਂ ਕਿਹਾ ਕਿ ਉਹ ਇਸ ਅਦਾਰੇ ਦੀ ਅਗਵਾਈ ਕਰ ਰਹੇ ਹਨ, ਜਿੱਥੇ ਕਾਨੂੰਨ ਦਾ ਰਾਜ ਹੈ ਤੇ ਹਰ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਂਦੀ ਹੈ। ਨਿਆਂਪਾਲਿਕਾ ਦਾ ਇਕ ਸਰਵਉਚ ਅਦਾਰਾ ਸਾਰੇ ਵਰਗਾਂ ਦੇ ਹੱਕਾਂ ਦੀ ਰੱਖਿਆ ਕਰਨ ਦੀ ਯੋਗਤਾ ਰੱਖਦਾ ਹੈ। ਉਹਨਾਂ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਕਿਹਾ ਕਿ ਸਿਆਸੀ ਲੋਕ ਇਸ ਮੁੱਦੇ ਨੂੰ ਕਿਵੇਂ ਵਰਤਦੇ ਹਨ, ਉਹ ਇਸ ਬਾਰੇ ਕੁਝ ਨਹੀਂ ਕਹਿਣਗੇ। ਭਾਰਤ ਇਕ ਵੱਡਾ ਦੇਸ਼ ਹੈ ਤੇ ਡਰਨ ਦੀ ਕੋਈ ਜ਼ਰੂਰਤ ਨਹੀਂ ਤੇ ਜਦੋਂ ਤੱਕ ਨਿਆਂਪਾਲਿਕਾ ਦੀ ਆਜ਼ਾਦੀ ਬਰਕਰਾਰ ਹੈ, ਉਦੋਂ ਤੱਕ ਤਾਂ ਚਿੰਤਾ ਦਾ ਸਵਾਲ ਹੀ ਨਹੀਂ। ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ। ਨਿਆਂਪਾਲਿਕਾ ਹਰ ਵਰਗ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਸੱਚਮੁਚ ਦੇਸ਼ ਦੀ ਸਰਵਉਚ ਨਿਆਂ ਸੰਸਥਾ ਦੇ ਮੁਖੀ ਵੱਲੋਂ ਦਿੱਤੀ ਇਹ ਧਰਵਾਸ ਮਨਾਂ ਨੂੰ ਧਰਵਾਸ ਦਿੰਦੀ ਹੈ ਪਰ ਨਾਲ ਦੀ ਨਾਲ ਮਨ ਵਿੱਚ ਇਹ ਚਿੰਤਾ ਵੀ ਉਤਪੰਨ ਕਰਦੀ ਹੈ ਕਿ ਨਿਆਂਪਾਲਿਕਾ ਨੂੰ ਅਜਿਹੀ ਭੂਮਿਕਾ ਲਈ ਆਪਣੇ ਆਪ ਨੂੰ ਕਿਉਂ ਤਿਆਰ ਕਰਨਾ ਪੈ ਰਿਹਾ ਹੈ। ਮਤਲਬ ਸਪਸ਼ਟ ਹੈ ਕਿ ਸਭ ਕੁਝ ਅੱਛਾ ਨਹੀਂ ਹੈ। ਧਰਮ ਦੇ ਨਾਮ ਉਤੇ ਦੂਰੀਆਂ ਵਧਣਾ ਦੇਸ਼ ਲਈ ਹਮੇਸ਼ਾ ਖਤਰਨਾਕ ਹੁੰਦਾ ਹੈ ਅਤੇ ਦੂਰੀਆਂ ਵਧਣ ਨਾਲ ਗਲਤ ਫ਼ਹਿਮੀਆਂ ਵੀ ਵੱਧ ਜਾਂਦੀਆਂ ਹਨ। ਗਲਤਫ਼ਹਿਮੀਆਂ ਨਾਲ ਉਤਪੰਨ ਹੋਈਆਂ ਸਮੱਸਿਆਵਾਂ ਵਿਕਾਸ ਦੇ ਰਾਹ ਵਿੱਚ ਵੱਡਾ ਰੋੜਾ ਹੁੰਦੀਆਂ     ਹਨ। ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ:
ਦੂਰੀਆਂ ਜਬ ਬੜੀਂ
ਗਲਤਫ਼ਹਿਮੀਆਂ ਵੀ ਬੜ ਗਈਂ
ਫ਼ਿਰ ਉਸਨੇ ਵੋ ਵੀ ਸੁਨਾ
ਜੋ ਮੈਨੇ ਕਹਾ ਹੀ ਨਹੀਂ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218