Month: February 2016

ਕੋਈ ਵੀ ਬਣ ਸਕਦੈ ਫ਼ਰੀਲਾਂਸ ਪੱਤਰਕਾਰ

downloadਪੱਤਰਕਾਰੀ ਅਜਿਹਾ ਪੇਸ਼ਾ ਹੈ ਜੋ ਸਮਾਜ ਦੇ ਤਤਕਾਲੀਨ ਵਰਤਾਰਿਆਂ, ਘਟਨਾਵਾਂ, ਸਥਿਤੀਆਂ ਅਤੇ ਸੰਭਾਵਿਤ ਆਫ਼ਤਾਂ ਤੋਂ ਲੋਕਾਂ ਨੂੰ ਤੁਰੰਤ ਸੂਚਿਤ ਕਰਨ ਦਾ ਕਾਰਜ ਕਰਦਾ ਹੈ। ਇਸ ਪੇਸ਼ੇ ਵਿੱਚ ਖਬਰਾਂ ਇਕੱਤਰ ਕਰਨਾ (ਰਿਪੋਰਟਿੰਗ), ਲਿਖਣਾ, ਐਡੀਟਿੰਗ, ਬਰਾਡਕਾਸਟਿੰਗ ਅਤੇ ਖਬਰਾਂ ਨਾਲ ਸਬੰਧਤ ਅਦਾਰੇ (ਅਖਬਾਰ, ਰੇਡੀਓ, ਟੈਲੀਵਿਜਨ ਅਤੇ ਵੈਬਸਾਈਟ ਆਦਿ) ਨੂੰ ਚਲਾਉਣਾ ਸ਼ਾਮਲ ਹੁੰਦਾ ਹੈ। ਸੋ ਪੱਤਰਕਾਰੀ ਵਿੱਚ ਤਤਕਾਲੀਨ ਦਿਲਚਸਪੀ ਦੀ ਖਬਰ ਤੱਤਾਂ ਨਾਲ ਭਰਪੂਰ ਜਾਣਕਾਰੀ ਇਕੱਤਰ ਕਰਕੇ, ਉਸਦੀ ਸੰਪਾਦਨਾ ਕਰਕੇ, ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਕੇ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ। ਆਧੁਨਿਕ ਸਮੇਂ ਵਿੱਚ ਪੱਤਰਕਾਰੀ ਦੀ ਕਲਾ ਅਜੋਕੇ ਬਿਜਲਈ ਅਤੇ ਡਿਜ਼ੀਟਲ ਯੰਤਰਾਂ ਨਾਲ ਵਿਸ਼ਵ-ਵਿਆਪੀ ਹੋ ਕੇ ਕਰੋੜਾਂ ਲੋਕਾਂ ਤੱਕ ਪਹੁੰਚਣ ਦੇ ਸਮਰੱਥ ਹੋ ਗਈ ਹੈ। ਸੂਚਨਾ ਦੇ ਇਸ ਯੁੱਗ ਵਿੱਚ ਅਖਬਾਰਾਂ ਅਤੇ ਖਬਰਾਂ ਨਾਲ ਸਬੰਧਤ ਹੋਰ ਅਦਾਰਿਆਂ ਅਤੇ ਕਰਮਚਾਰੀਆਂ ਦੇ ਨਾਲ ਨਾਲ ਫ਼ਰੀਲਾਂਸ ਪੱਤਰਕਾਰਾਂ ਲਈ ਕੰਮ ਦੇ ਮੌਕੇ ਬਹੁਤ ਵੱਧ ਗਏ ਹਨ।
ਫ਼ਰੀਲਾਂਸ ਪੱਤਰਕਾਰ ਕੌਣ ਹੁੰਦੇ ਹਨ?
ਪੱਤਰਕਾਰੀ ਵਿੱਚ ਫ਼ਰੀਲਾਂਸਰ ਸ਼ਬਦ ਆਮ ਵਰਤੋਂ ਵਿੱਚ ਲਿਆਂਦਾ ਜਾਂਦਾ  ਹੈ। ਫ਼ਰੀਲਾਂਸਰ ਅਜਿਹੇ ਪੱਤਰਕਾਰ ਹੁੰਦੇ ਹਨ ਜੋ ਕਿਸੇ ਵੀ ਅਖਬਾਰ ਜਾਂ ਕਿਸੇ ਮੀਡੀਆ ਅਦਾਰੇ ਦੇ ਮੁਲਾਜ਼ਮ ਨਹੀਂ ਹੁੰਦੇ। ਫ਼ਰੀਲਾਂਸਰ ਸਵੈ-ਰੁਜ਼ਗਾਰੀ ਹੁੰਦੇ ਹਨ ਜਾਂ ਸੁਤੰਤਰ ਕਾਰਜ ਕਰਤਾ ਹੁੰਦੇ ਹਨ। ਅਜਿਹੇ ਪੱਤਰਕਾਰ ਕਿਸੇ ਮੀਡੀਆ ਅਦਾਰੇ ਤੋਂ ਤਨਖਾਹ ਨਹੀਂ ਲੈਂਦੇ ਸਗੋਂ ਆਪਣੇ ਕੀਤੇ ਕੰਮ ਬਦਲੇ ਮਿਲਣ ਵਾਲੇ ਸੇਵਾ ਫ਼ਲ ਨੂੰ ਵਪਾਰੀਆਂ ਦੀ ਤਰਜ਼ ‘ਤੇ ਖੁਦ ਗੱਲਬਾਤ ਕਰਕੇ ਤਹਿ ਕਰਦੇ ਹਨ। ਫ਼ਰੀਲਾਂਸਰ ਇਕੋ ਸਮੇਂ ਇਕੋ ਅਦਾਰੇ ਨਾਲ ਬੱਝਣ ਦੀ ਬਜਾਏ ਇਕ ਤੋਂ ਵੱਧ ਮੀਡੀਆ ਅਦਾਰਿਆਂ ਲਈ ਕੰਮ ਕਰ ਸਕਦੇ ਹਨ। ਫ਼ਰੀਲਾਂਸਰ ਪੱਤਰਕਾਰ ਪੂਰੀ ਸੁਤੰਤਰ ਰੂਪ ਵਿੱਚ ਕਾਰਜ ਕਰਦੇ ਹਨ। ਉਹਨਾਂ ਉਤੇ ਹੋਰ ਕਰਮਚਾਰੀਆਂ ਵਾਂਗ ਅਦਾਰੇ ਦੇ ਨਿਯਮ ਲਾਗੂ ਨਹੀਂ ਹੁੰਦੇ। ਪੱਤਰਕਰੀ ਦੇ ਕਈ ਖੇਤਰਾਂ ਵਿੱਚ ਇਸ ਕਿਸਮ ਦੇ ਸੁਤੰਤਰ ਕਾਰਜ ਕਰਤਾ ਕੰਮ ਕਰਦੇ ਨਜ਼ਰੀਂ ਪੈਂਦੇ ਹਨ। ਜਿਵੇਂ ਕਾਪੀ ਸੰਪਾਦਨ (ਕਾਪੀ ਐਡੀਟਿੰਗ), ਪਰੂਫ਼ ਪੜ੍ਹਨਾ (ਪਰੂਫ਼ ਰੀਡਿੰਗ), ਫ਼ੀਚਰ ਲੇਖਣ, ਆਰਟੀਕਲ ਲੇਖਣ, ਕਾਫ਼ੀ ਲਿਖਣ (ਕਾਪੀ ਰਾਈਟਿੰਗ), ਵੈਬ ਡਿਜ਼ਾਇਨਿੰਗ, ਵੀਡੀਓ ਸੰਪਾਦਨ, ਟੀ. ਵੀ. ਦੇ ਪ੍ਰੋਗਰਾਮ ਬਣਾਉਣਾ, ਰੇਡੀਓ ਖਬਰਾਂ, ਅਨੁਵਾਦ ਅਤੇ ਬਲਾਗ ਲੇਖਣ ਆਦਿ। ਫ਼ਰੀਲਾਂਸਰ ਦੇ ਕੰਮ ਲਈ ਭੁਗਤਾਨ ਵੀ ਵੱਖ ਵੱਖ ਹੁੰਦਾ ਹੈ। ਘੰਟਿਆਂ, ਦਿਨਾਂ ਅਤੇ ਹਫ਼ਤਿਆਂ ਦੇ ਹਿਸਾਬ ਨਾਲ ਪੈਸੇ ਤਹਿ ਹੋ ਸਕਦੇ ਹਨ। ਇਹ ਭੁਗਤਾਨ ਪ੍ਰੋਗਰਾਮ ਮੁਤਾਬਕ ਵੀ ਹੋ ਸਕਦਾ ਹੈ। ਅੱਜਕਲ੍ਹ ਅਖਬਾਰਾਂ ਦੀ ਮੇਕਅਪ ਅਤੇ ਖਬਰਾਂ ਦੀ ਸੰਪਾਦਨਾ ਆਦਿ ਲਈ ਫ਼ਰੀਲਾਂਸਰ ਪ੍ਰਤੀ ਪੰਨਾ ਪੈਸੇ ਲੈ ਰਹੇ ਹਨ। ਫ਼ੀਚਰ ਅਤੇ ਆਰਟੀਕਲ ਲਿਖਾਰੀ ਵੀ ਪ੍ਰਤੀ ਆਰਟੀਕਲ ਅਤੇ ਫ਼ੀਚਰ ਦੇ ਹਿਸਾਬ ਨਾਲ ਸੇਵਾ ਫ਼ਲ ਲੈਂਦੇ ਹਨ। ਰੇਡੀਓ ਪੱਤਰਕਾਰੀ ਵਿੱਚ ਅਜਿਹੀ ਕਿਸਮ ਦਾ ਪ੍ਰਚਲਨ ਹੈ। ਖਬਰਾਂ ਦੇ ਬੁਲਿਟਨ ਦੇ ਹਿਸਾਬ ਨਾਲ ਮਿੱਥਿਆ ਹੋਇਆ ਭੁਗਤਾਨ ਕਰ ਦਿੱਤਾ ਜਾਂਦਾ ਹੈ ਅਤੇ ਰੇਡੀਓ ਪੱਤਰਕਾਰ ਘਰ ਬੈਠਾ ਹੀ ਦੁਨੀਆਂ ਦੇ ਵੱਖ ਵੱਖ ਦੇਸ਼ਾਂ, ਰੇਡੀਓ ਚੈਨਲਾਂ ਅਤੇ ਇੰਟਰਨੈਟ ਰਾਹੀਂ ਚੱਲ ਰਹੇ ਰੇਡੀਓ ਸਟੇਸ਼ਨਾਂ ਲਈ ਖਬਰਾਂ ਪੜ੍ਹ ਦਿੰਦਾ ਹੈ। ਇਸ ਤਰ੍ਹਾਂ ਪ੍ਰੈਸ ਫ਼ੋਟੋਗ੍ਰਾਫ਼ਰ ਵੀ ਪ੍ਰਤੀ ਫ਼ੋਟੋ ਦੇ ਹਿਸਾਬ ਨਾਲ ਪੈਸੇ ਉਗਰਾਹ ਲੈਂਦੇ ਹਨ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਸੋਸ਼ਲ ਮੀਡੀਆ ਉਤੇ ਆਪਦੇ ਪ੍ਰਚਾਰ ਹਿੱਤ ਸਮੱਗਰੀ ਮੁਹੱਈਆ ਕਰਵਾਉਣ ਲਈ ਫ਼ਰੀਲਾਂਸਰ ਦੀਆਂ ਸੇਵਾਵਾਂ ਲਈਆਂ ਹੋਈਆਂ ਹਨ।
ਸੋ ਸਪਸ਼ਟ ਹੈ ਕਿ ਫ਼ਰੀਲਾਂਸ ਜਰਨਲਿਸਟ ਸੁਤੰਤਰ ਕਿਸਮ ਦੇ ਪੱਤਰਕਾਰ ਹੁੰਦੇ ਹਨ ਜੋ ਕਿਸੇ ਵੀ ਮੀਡੀਆ ਅਦਾਰੇ ਦੇ ਮੁਲਾਜ਼ਮ ਨਹੀਂ ਹੁੰਦੇ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਤਨਖਾਹ ਮਿਲਦੀ ਹੈ। ਉਹ ਆਪਣੇ ਕੰਮ ਬਦਲੇ ਤਹਿ ਕੀਤੇ ਹੋਏ ਸੌਦੇ ਮੁਤਾਬਕ ਪੈਸੇ ਲੈਂਦੇ ਹਨ। ਉਹ ਇਕੋ ਸਮੇਂ ਇਕ ਤੋਂ ਵੱਧ ਅਖਬਾਰਾਂ, ਰੇਡੀਓ ਚੈਨਲਾਂ ਜਾਂ ਮੀਡੀਆ ਅਦਾਰਿਆਂ ਲਈ ਕੰਮ ਕਰ ਸਕਦੇ ਹਨ। ਇਹਨਾਂ ਅਦਾਰਿਆਂ ਦੀ ਚੋਣ ਕਰਨ ਵਿੱਚ ਵੀ ਉਹ ਆਜ਼ਾਦ ਹੁੰਦੇ ਹਨ। ਆਪਣੀ ਲਿਖਤ ਦੇ ਵਿਸ਼ਿਆਂ ਦੀ ਚੋਣ ਵਿੱਚ ਵੀ ਉਹ ਬਹੁਤ ਵਾਰ ਸੁਤੰਤਰ ਹੁੰਦੇ ਹਨ। ਉਹ ਆਪਣੇ ਕੰਮ ਦੀ ਥਾਂ ਲਈ ਵੀ ਸੁਤੰਤਰ ਹੁੰਦ ਹਨ। ਉਹ ਆਪਣੇ ਘਰ ਤੋਂ ਕੰਮ ਕਰਦੇ ਹਨ ਜਾਂ ਕਿਸੇ ਦਫ਼ਤਰ ਤੋਂ। ਇਹ ਵੀ ਉਹਨਾਂ ਦੀ ਮਰਜ਼. ‘ਤੇ ਨਿਰਭਰ ਕਰਦਾ ਹੈ। ਉਹ ਦਿਨੇ ਕੰਮ ਕਰਦੇ ਹਨ, ਰਾਤ ਨੂੰ ਕੰਮ ਕਰਦੇ ਹਨ, ਉਹਨਾਂ ਉਪਰ ਵਕਤ ਦੀ ਕੋਈ ਬੰਦਿਸ਼ ਨਹੀਂ ਹੁੰਦੀ। ਸੋ, ਅਜਿਹੇ ਸਵੈ-ਰੁਜ਼ਗਾਰੀ ਬੰਦਿਆਂ ਨੂੰ ਅਸੀਂ ਫ਼ਰੀਲਾਂਸਰ ਪੱਤਰਕਾਰ ਦੀ ਸੂਚੀ ਵਿੱਚ ਸ਼ਾਮਲ ਕਰਦੇ ਹਾਂ।
ਅੱਜਕਲ੍ਹ ਬਹੁਤ ਸਾਰੇ ਖੇਤਰਾਂ ਵਾਂਗ ਪੱਤਰਕਾਰੀ ਵਿੱਚ ਫ਼ਰੀਲਾਂਸਰਾਂ ਲਈ ਕੰਮ ਦੇ ਮੌਕੇ ਵੱਧ ਗਏ ਹਨ। ਜੋ ਲੋਕ ਪੱਤਰਕਾਰੀ ਵਿੱਚ ਹੱਥ ਅਜ਼ਮਾਉਣਾ ਚਾਹੁੰਦੇ ਹਨ, ਉਹਨਾਂ ਲਈ ਫ਼ਰੀਲਾਂਸਰ ਪੱਤਰਕਾਰੀ ਕਰਨਾ ਬਹੁਤ ਢੁਕਵਾਂ ਹੋ ਸਕਦਾ ਹੈ। ਤੁਸੀਂ ਅਖਬਾਰਾਂ ਲਈ ਲਿਖ ਸਕਦੇ ਹੋ, ਰੇਡੀਓ ਲਈ ਖਬਰਾਂ ਪੜ੍ਹ ਸਕਦੇ ਹੋ। ਟੀ. ਵੀ. ਲਈ ਪ੍ਰੋਗਰਾਮ ਬਣਾ ਸਕਦੇ ਹੋ। ਵੈਬਸਾਈਟ ਡਿਜ਼ਾਇਨ ਕਰ ਸਕਦੇ ਹੋ, ਵੈਬਸਾਈਨ ਲਈ ਸਮੱਗਰੀ ਲਿਖ ਸਕਦੇ ਹੋ। ਖਬਰਾਂ ਦਾ ਸੰਪਾਦਨ ਅਤੇ ਪਰੂਫ਼ ਰੀਡਿੰਗ ਦਾ ਕੰਮ ਕਰ ਸਕਦੇ ਹੋ। ਅਨੁਵਾਦ ਕਰ ਸਕਦੇ ਹੋ। ਘਰ ਬੈਠੇ ਪੱਤਰਕਾਰ ਵੀ ਬਣ ਸਕਦੇ ਹੋ ਅਤੇ ਪੈਸਾ ਵੀ ਕਮਾ ਸਕਦੇ ਹੋ।
ਪੱਤਰਕਾਰ ਬਣਨ ਲਈ ਲੋੜੀਂਦੀਆਂ ਸ਼ਰਤਾਂ:-
ਜੇਕਰ ਤੁਸੀਂ ਪੱਤਰਕਾਰ ਬਣਨਾ ਚਾਹੁੰਦੇ ਹੋ ਤਾਂ ਕੁਝ ਜ਼ਰੂਰੀ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਪੱਤਰਕਾਰੀ ਵਿੱਚ ਸਫ਼ਲ ਹੋਣ ਲਈ ਹੇਠ ਲਿਖੀਆਂ ਕੁਝ ਗੱਲਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ।
1. ਆਮ ਗਿਆਨ ਅਤੇ ਚਲੰਤ ਮਾਮਲਿਆਂ ਦੀ ਜਾਣਕਾਰੀ
2. ਭਾਸ਼ਾ ਵਿੱਚ ਮੁਹਾਰਤ
3. ਨਵੀਂ ਸੰਚਾਰ ਤਕਨਾਲੌਜੀ ਦਾ ਗਿਆਨ
4. ਵਚਨਬੱਧਤਾ
5. ਕਾਨੂੰਨ ਦੀ ਜਾਣਕਾਰੀ
6. ਇਮਾਨਦਾਰੀ
ਇਕ ਪੱਤਰਕਾਰ ਨੂੰ ਗਿਆਨਵਾਨ ਹੋਣਾ ਜ਼ਰੂਰੀ ਹੁੰਦਾ ਹੈ। ਹਰ ਵਿਸ਼ੇ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਉਸ ਕੋਲ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਆਮ ਗਿਆਨ ਦੀ ਪੱਤਰਕਾਰੀ ਵਿੱਚ ਬਹੁਤ ਲੋੜ ਹੁੰਦੀ ਹੈ। ਦੁਨੀਆਂ ਦੀ ਕੁੱਲ ਆਬਾਦੀ ਕਿੰਨੀ ਹੈ? ਦੁਨੀਆਂ ਵਿੱਚ ਕੁੱਲ ਕਿੰਨੇ ਦੇਸ਼ ਹਨ? ਸਭਿਆਚਾਰ ਅਤੇ ਸਮਾਜ ਮਨੁੱਖ ਤੇ ਕੀ ਅਸਰ ਪਾਉਂਦਾ ਹੈ। ਦੁਨੀਆਂ ਨੁੰ ਕਿਸ ਕਿਸਮ ਦੇ ਆਰਥਿਕ, ਧਾਰਮਿਕ ਅਤੇ ਸਮਾਜਿਕ ਮਸਲੇ ਦਰਪੇਸ਼ ਹਨ। ਦੁਨੀਆਂ ਦੇ ਚਲੰਤ ਮਾਮਲਿਆਂ ਬਾਰੇ ਉਸਦੀ ਜਾਣਕਾਰੀ ਭਰਪੂਰ ਹੋਵੇ। ਜਿਸ ਦੇਸ਼ ਜਾਂ ਇਲਾਕੇ ਵਿੱਚ ਉਹ ਕੰਮ ਕਰ ਰਿਹਾ ਹੈ, ਉਥੋਂ ਦੇ ਸਭਿਆਚਾਰ ਦਾ ਗਿਆਨ ਹੋਣਾ ਵੀ ਜ਼ਰੂਰੀ ਹੁੰਦਾ ਹੈ। ਸਿਆਸੀ ਮੁਹਾਜ਼ ‘ਤੇ ਕੀ ਚੱਲ ਰਿਹਾ ਹੈ, ਸਿਆਸਤ ਕਿਸ ਤਰ੍ਹਾਂ ਦੀ ਕਰਵਟ ਲੈ ਰਹੀ ਹੈ। ਇਸ ਬਾਰੇ ਉਸਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਪੱਤਰਕਾਰ ਲਈ ਜ਼ਰੂਰੀ ਹੈ ਕਿ ਉਹ ਸਿਆਸਤ ਦੇ ਨਾਲ ਨਾਲ ਵਿਗਿਆਨ, ਤਕਨਾਲੌਜੀ, ਇਤਿਹਾਸ, ਅਰਥਚਾਰਾ, ਭੂਗੋਲ ਆਦਿ ਬਾਰੇ ਕੁਝ ਹੱਦ ਤੱਕ ਜਾਣਕਾਰੀ ਰੱਖਦਾ ਹੋਵੇ। ਉਸਨੂੰ ਕਲਾ ਅਤੇ ਸਭਿਆਚਾਰ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਪੱਤਰਕਾਰ ਲਈ ਗਿਆਨਵਾਨ ਹੋਣਾ ਲਾਜ਼ਮੀ ਹੈ। ਇੰਨਾ ਕੁ ਗਿਆਨਵਾਨ ਕਿ ਉਹ ਲੋੜ ਪੈਣ ‘ਤੇ ਤੁਰਤ ਫ਼ੁਰਤ ਕਿਸੇ ਵੀ ਵਿਸ਼ੇ ‘ਤੇ ਲਿਖਣ ਦੇ ਸਮੱਰਥ ਹੋਵੇ। ਇਸ ਕੰਮ ਲਈ ਪੱਤਰਕਾਰ ਨੂੰ ਰੋਜ਼ਾਨਾ ਅਖਬਾਰਾਂ ਪੜ੍ਹਨੀਆਂ ਚਾਹੀਦੀਆਂ ਹਨ। ਸਾਹਿਤ ਪੜ੍ਹਨਾ ਚਾਹੀਦਾ ਹੈ।ਮਾਹਿਰਾਂ ਦੀ ਰਾਏ ਜਾਨਣ ਲਈ ਸੰਚਾਰ ਦੇ ਵੱਖ ਵੱਖ ਮਾਧਿਅਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਭਾਸ਼ਾ ਵਿੱਚ ਮੁਹਾਰਤ- ਇਕ ਪੱਤਰਕਾਰ ਦੀ ਸਭ ਤੋਂ ਵੱਡੀ ਖੂਬੀ, ਜਿਸ ਭਾਸ਼ਾ ਵਿੱਚ ਉਹ ਪੱਤਰਕਾਰੀ ਕਰ ਰਿਹਾ ਹੈ, ਉਸਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਉਂਝ ਤਾਂ ਇਕ ਚੰਗੇ ਪੱਤਰਕਾਰ ਨੂੰ ਅੱਜ ਦੇ ਯੁੱਗ ਵਿੱਚ ਅੰਗਰੇਜ਼. ਤੋਂ ਇਕ ਦੋ ਹੋਰ ਭਾਸ਼ਾਵਾਂ ਦੀ ਲੋੜ ਹੁੰਦੀ ਹੈ ਪਰ ਇਸਦੇ ਨਾਲ ਹੀ ਜਿਸ ਭਾਸ਼ਾ ਵਿੱਚ ਉਹ ਪੱਤਰਕਾਰੀ ਕਰ ਰਿਹਾ ਹੈ, ਵੁਸ ਵਿੱਚ ਤਾਂ ਉਹ ਪੂਰੀ ਤਰ੍ਹਾਂ ਪ੍ਰਬੀਨ ਹੋਣਾ ਚਾਹੀਦਾ ਹੈ। ਪੱਤਰਕਾਰੀ ਵਿੱਚ ਭਾਸ਼ਾ ਹੀ ਇਕ ਅਜਿਹਾ ਹਥਿਆਰ ਹੈ, ਜਿਸ ਨਾਲ ਉਹ ਇਸ ਖੇਤਰ ਵਿੱਚ ਵਿੱਚਰਨ ਦੇ ਕਾਬਲ ਹੋ ਸਕਦਾ ਹੈ। ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਲਈ ਪੱਤਰਕਾਰ ਨੂੰ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੁੰਦੀ ਹੈ। ਉਸਨੂੰ ਚੰਗਾ ਸਾਹਿਤ ਪੜ੍ਹਨਾ ਚਾਹੀਦਾ ਹ ੈ। ਇਕ ਡਾਇਰੀ ਆਪਣੇ ਕੋਲ ਰੱਖਣੀ ਚਾਹੀਦੀ ਹੈ ਜਿਸ ਵਿੱਚ ਉਹ ਰੋਜ਼ ਨਵੇਂ ਨਵੇਂ ਸ਼ਬਦ ਨੋਟ ਕਰੇ। ਉਸਦਾ ਸ਼ਬਦ ਭੰਡਾਰ ਵਿਸ਼ਾਲ ਹੋਣਾ ਲਾਜ਼ਮੀ ਹੈ।
3. ਨਵੀਂ ਸੰਚਾਰ ਤਕਨਾਲੌਜੀ ਦਾ ਗਿਆਨ- ਇਹ ਸੰਚਾਰ ਯੁੱਗ ਹੈ ਅਤੇ ਸੰਚਾਰ ਯੁੱਗ ਦੀ ਪੱਤਰਕਾਰੀ ਵਿੱਚ ਉਹੀ ਪੱਤਰਕਾਰ ਟਿਕੇਗਾ ਜਿਸਨੂੰ ਨਵੀਂ ਤਕਨਾਲੌਜੀ ਦਾ ਗਿਆਨ ਹੋਵੇਗਾ। ਜੋ ਇੰਟਰਨੈਟ ਦੀ ਵਰਤੋਂ ਵਿੱਚ ਮੁਹਾਰਤ ਰੱਖਦਾ ਹੋਵੇਗਾ। ਜਿਸਨੂੰ ਸੋਸ਼ਲ ਸਾਇਟਾਂ ਦੀ ਵਰਤੋਂ ਵਿੱਚ ਦਿਲਚਸਪੀ ਹੋਵੇਗੀ। ਜੋ ਬਲਾਗ, ਟਵਿੱਟਰ, ਫ਼ੇਸਬੁੱਕ, ਵਟਸਅੱਪ ਅਤੇ ਯੂ-ਟਿਊਬ ਦੀ ਵਰਤੋਂ ਕਰਨ ਦੀ ਜਾਣਕਾਰੀ ਰੱਖਦਾ ਹੋਵੇਗਾ। ਇੰਟਰਨੈਟ ਦੀ ਵਰਤੋਂ ਵਿੱਚ ਉਸਦੀ ਪ੍ਰਬੀਨਤਾ ਉਸਨੂੰ ਚੰਗਾ ਪੱਤਰਕਾਰ ਬਣਾਉਣ ਵਿੱਚ ਮਦਦ ਕਰਦੀ ਹੈ। ਸੰਪਾਦਨ ਨਾਲ ਸਬੰਧਤ ਸਾਫ਼ਟਵੇਅਰ ਆਉਣ ਇਕ ਸਬ-ਐਡੀਟਰ ਲਈ ਬਹੁਤ ਜ਼ਰੂਰੀ ਹਨ। ਇਸੇ ਤਰ੍ਹਾਂ ਰੇਡੀਓ ਅਤੇ ਵੀਡੀਓ ਐਡੀਟਿੰਗ ਦੇ ਸਾਫ਼ਟਵੇਅਰਾਂ ਦੀ ਜਾਣਕਾਰੀ ਕਿਸੇ ਪੱਤਰਕਾਰ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ।
4. ਵਚਨਬੱਧਤਾ:- ਇਕ ਚੰਗਾ ਪੱਤਰਕਾਰ ਸਮਾਜ ਪ੍ਰਤੀ ਵਚਨਬੱਧ ਹੁੰਦਾ ਹੈ। ਪੱਤਰਕਾਰੀ ਦਾ ਪੇਸ਼ਾ ਇਕ ਅਜਿਹਾ ਪੇਸ਼ਾ ਹੈ ਜੋ ਸਮਾਜ ‘ਤੇ ਹਰ ਤਰ੍ਹਾਂ ਅਸਰਅੰਦਾਜ਼ ਹੁੰਦਾ ਹੈ। ਪੱਤਰਕਾਰੀ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ। ਸਮਾਜ ਵਿੱਚ ਜੋ ਵੀ ਚੰਗਾ ਮੰਦਾ ਵਾਪਰਦਾ ਹੈ, ਉਹ ਪੱਤਰਕਾਰੀ ਰਾਹੀਂ ਪੇਸ਼ ਹੁੰਦਾ ਹੈ। ਸਮਾਜ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਪੱਤਰਕਾਰੀ ਸਮਾਜ ਨੂੰ ਤਿਆਰ ਕਰਦੀ ਹੈ। ਸੋ ਪੱਤਰਕਾਰ ਨੂੰ ਸਮਾਜ ਪ੍ਰਤੀ ਪ੍ਰਤੀਬੱਧ ਹੋਣਾ ਜ਼ਰੂਰੀ ਹੈ। ਪੱਤਰਕਰ ਦੀ ਪ੍ਰਤੀਬੱਧਤਾ ਆਪਣੇ ਪੇਸ਼ੇ ਪ੍ਰਤੀ, ਆਪਣੇ ਦੇਸ਼ ਪ੍ਰਤੀ ਅਤੇ ਸਮੁੱਚੀ ਮਨੁੱਖਤਾ ਪ੍ਰਤੀ ਹੋਣੀ ਚਾਹੀਦੀ ਹੈ।
5. ਕਾਨੂੰਨ ਦੀ ਸਮਝ- ਪੱਤਰਕਾਰ ਨੂੰ ਦੇਸ਼ ਦੇ ਕਾਨੂੰਨ ਦੀ ਪੂਰੀ ਸਮਝ ਹੋਣੀ ਚਾਹੀਦੀ ਹੈ। ਜਿਸ ਦੇਸ਼ ਵਿੱਚ ਉਹ ਪੱਤਰਕਾਰੀ ਕਰ ਰਿਹਾ ਹੈ। ਕਾਨੂੰਨ ਦੀ ਸਮਝ ਹੀ ਉਸਨੂੰ ਕਾਨੂੰਨੀ ਉਲਝਣਾਂ ਤੋਂ ਬਚਾ ਕੇ ਰੱਖ ਸਕਦੀ ਹੈ। ਕਾਨੂੰਨ ਤੋਂ ਬੇਖਬਰ ਲੋਕ ਆਪਣੇ ਆਪ ਨੂੰ ਅਤੇ ਆਪਦੇ ਅਦਾਰੇ ਨੂੰ ਮਾਣਹਾਨੀ ਵਰਗੇ ਕੇਸਾਂ ਵਿੱਚ ਉਲਝਾ ਕੇ ਵੱਡਾ ਆਰਥਿਕ ਨੁਕਸਾਨ ਕਰ ਸਕਦੇ ਹਨ।
6. ਇਮਾਨਦਾਰੀ- ਪੱਤਰਕਾਰ ਦਾ ਸਮਾਜ ‘ਤੇ ਵੱਡਾ ਪ੍ਰਭਾਵ ਹੁੰਦਾ ਹੈ, ਇਸ ਕਰਕੇ ਉਸਦੀ ਸ਼ਖਸੀਅਤ ਵਿੱਚ ਇਮਾਨਦਾਰੀ, ਨਿਰਪੱਖਤਾ ਅਤੇ ਜ਼ਿੰਮੇਵਾਰੀ ਵਰਗੇ ਗੁਣ ਹੋਣੇ ਚਾਹੀਦੇ ਹਨ। ਪੱਤਰਕਾਰੀ ਸਫ਼ਲਤਾ ਲਈ ਪੱਤਰਕਾਰ ਦਾ ਇਰਾਦਾ ਦ੍ਰਿੜ੍ਹ ਹੋਣਾ ਚਾਹੀਦਾ ਹੈ ਅਤੇ ਉਹ ਆਤਮ ਬਲ ਨਾਲ ਭਰਪੂਰ  ਹੋਣਾ ਚਾਹੀਦਾ ਹੈ। ਪੱਤਰਕਾਰੀ ਇਕ ਅਜਿਹਾ ਕਿੱਤਾ ਹੈ ਜਿਸ ਵਿੱਚ ਸਮੇਂ ਦੀ ਪਾਬੰਦੀ ਬਹੁਤ ਮਹੱਤਤਾ ਹੁੰਦੀ ਹੈ ਅਤੇ ਇਕ ਚੰਗੇ ਪੱਤਰਕਾਰ ਵਿੱਚ ਇਹ ਗੁਣ ਵੀ ਹੋਣਾ ਜ਼ਰੂਰੀ ਹੁੰਦਾ ਹੈ। ਉਪਰੋਕਤ ਗੁਣਾਂ ਦਾ ਮਾਲਕ ਇਕ ਚੰਗਾ ਪੱਤਰਕਾਰ ਬਣਨ ਦੇ ਸਮਰੱਥ ਹੁੰਦਾ ਹੈ। ਉਂਝ ਅੱਜਕਲ੍ਹ ਹੋਰ ਪੇਸ਼ਿਆਂ ਵਾਂਗ ਪੱਤਰਕਾਰੀ ਦੀ ਸਿਖਲਾਈ ਵੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਿੱਤੀ ਜਾ ਰਹੀ ਹੈ। ਯੂਨੀਵਰਸਿਟੀਆਂ ਵਿੱਚੋਂ ਸਿਖਲਾਈ ਲੈ ਕੇ ਅਨੇਕਾਂ ਵਿਦਿਆਰਥੀ ਪੱਤਰਕਾਰੀ ਦੇ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਹਨ ਪਰ ਜੇਕਰ ਕਿਸੇ ਵਿਅਕਤੀ ਵਿੱਚ ਉਪਰੋਕਤ ਗੁਣ ਹੋਣ ਅਤੇ ਪੱਤਰਕਾਰ ਬਣਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਤਾਂ ਬਿਨਾਂ ਡਿਗਰੀ ਹਾਸਲ ਕੀਤਿਆਂ ਵੀ ਚੰਗਾ ਪੱਤਰਕਾਰ ਸਿੱਧ ਹੋ ਸਕਦਾ ਹੈ।

ਕੀ ਤੁਸੀਂ ਵੀ ਪੱਤਰਕਾਰ ਬਣਨਾ ਚਾਹੁੰਦੇ ਹੋ?

downloadਮੈਂ 1981 ਤੋਂ ਪੱਤਰਕਾਰੀ ਦੇ ਅਧਿਆਪਣ ਦੇ ਕਿੱਤੇ ਵਿਚ ਹਾਂ। ਸਾਢੇ ਤਿੰਨ ਦਹਾਕਿਆਂ ਦੇ ਪੱਤਰਕਾਰੀ ਅਧਿਆਪਨ ਦੌਰਾਨ ਮੈਨੂੰ ਅਨੇਕਾਂ ਵਾਰ ਅਜਿਹੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਹਨਾਂ ਦਾ ਜਵਾਬ ਇਕ ਦੋ ਵਾਕਾਂ ਵਿਚ ਦੇਣਾ ਸੰਭਵ ਨਹੀਂ ਹੁੰਦਾ। ਮਿਸਾਲ ਦੇ ਤੌਰ ‘ਤੇ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਮੈਂ ਪੱਤਰਕਾਰ ਬਣਨਾ ਚਾਹੁੰਦਾ ਹਾਂ, ਮੈਨੂੰ ਕੀ ਕਰਨਾ ਪਵੇਗਾ? ਕੀ ਪੱਤਰਕਾਰ ਬਣਨ ਲਈ ਕੋਈ ਡਿਗਰੀ ਲਾਜ਼ਮੀ ਹੁੰਦੀ ਹੈ? ਰਿਪੋਰਟਰ ਬਣਨ ਲਈ ਕੀ ਸ਼ਰਤਾਂ ਅਤੇ ਯੋਗਤਾਵਾਂ ਹੁੰਦੀਆਂ ਹਨ? ਅਖਬਾਰ ਦਾ ਸੰਪਾਦਕ ਕੌਣ ਬਣ ਸਕਦਾ ਹੈ?  ਅਖਬਾਰ ਜਾਂ ਟੀ. ਵੀ. ਚੈਨਲ ਚਲਾਉਣ ‘ਤੇ ਕਿੰਨਾ ਕੁ ਖਰਚਾ ਆਉਂਦਾ ਹੈ? ਕੀ ਮੈਂ ਵੀ ਅਖਬਾਰਾਂ ਲਈ ਲਿਖ ਸਕਦਾ ਹਾਂ?  ਰਿਪੋਰਟਰ ਬਣਨ ਲਈ ਮੈਨੁੰ ਕੀ ਕਰਨਾ ਪਵੇਗਾ?  ਇਹ ਅਜਿਹੇ ਸਵਾਲ ਹਨ, ਜਿਹਨਾਂ ਦਾ ਜਵਾਬ ਦੇਣਾ ਬਤੌਰ ਅਧਿਆਪਕ ਮੇਰਾ ਨੈਤਿਕ ਫ਼ਰਜ਼ ਹੈ। ਲੇਕਿਨ ਇਹਨਾ ਸਵਾਲਾਂ ਦੇ ਜਵਾਬ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਪੱਤਰਕਾਰੀ ਕੀ ਹੈ ਅਤੇ ਪੱਤਰਕਾਰ ਕੌਣ ਹੈ। ਕੀ ਅਖਬਾਰਾਂ ਵਿਚ ਲਿਖਣ ਵਾਲਾ ਹਰ ਵਿਅਕਤੀ ਪੱਤਰਕਾਰ ਹੁੰਦਾ ਹੈ? ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਗਾਹੇ ਬਗਾਹੇ ਅਖਬਾਰ ਵਿਚ ਫ਼ੀਚਰ, ਆਰਟੀਕਲ ਜਾਂ ਪੱਤਰ ਲਿਖਦੇ ਰਹਿੰਦੇ ਹਨ। ਕੀ ਅਜਿਹੇ ਕਦੇ ਕਦੇ ਲਿਖਣ ਵਾਲੇ ਲੋਕ ਵੀ ਪੰਤਰਕਾਰ ਹੁੰਦੇ ਹਨ?
ਇਸੇ ਤਰ੍ਹਾਂ ਕੀ ਸੋਸ਼ਲ ਮੀਡੀਆ ‘ਤੇ ਕਿਰਿਆਸ਼ੀਲ ਲੋਕ ਵੀ ਪੱਤਰਕਾਰ ਹਨ? ਜੋ ਲੋਕ ਬਲਾਰਾ ਲਿਖ ਰਹੇ ਹਨ, ਜੋ ਲੋਕ ਫ਼ੇਸਬੁੱਕ ‘ਤੇ ਖਬਰਾਂ ਲਿਖ ਰਹੇ ਹਨ, ਜੋ ਟਵਿੱਟਰ, ਯੂ. ਟਿਊਬ ਅਤੇ ਵਟਸਅੱਪ ਆਦਿ ਉਤੇ ਕਾਰਜਸ਼ੀਲ ਹਨ, ਕੀ ਇਹਨਾਂ ਨੂੰ ਪੱਤਰਕਾਰੀ ਦੇ ਕਲਾਵੇ ਲਿਆ ਜਾ ਸਕਦਾ ਹੈ?  ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।
ਪੱਤਰਕਾਰੀ ਕੀ ਹੈ?
ਪੱਤਰਕਾਰੀ ਲਈ ਵਿਸ਼ਵ ਵਿਆਪੀ ਸ਼ਬਦ ਜਰਨਲਿਜ਼ਮ ਹੈ ਜਿਸ ਨੂੰ ਉਰਦੂ ਵਿਚ ਅਖ਼ਬਾਰ-ਨਵੀਸੀ ਅਤੇ ਸਕਾਫ਼ਤ ਕਹਿੰਦੇ ਹਨ। ਆਲੇ-ਦੁਆਲੇ ਦੇ ਤਤਕਾਲੀਨ ਵਰਤਾਰਿਆਂ, ਘਟਨਾਵਾਂ, ਸਥਿਤੀਆਂ ਅਤੇ ਸੰਭਾਵਿਤ ਆਫ਼ਤਾਂ ਤੋਂ ਲੈ ਕੇ ਭਾਸ਼ਾ ਤੇ ਲਿਪੀ ਤਕ ਬਾਰੇ ਸਮਾਜ ਨੂੰ ਤੁਰੰਤ ਸੂਚਿਤ ਕਰਨ ਵਾਲਾ ਸਾਰਾ ਪ੍ਰਬੰਧ ਪੱਤਰਕਾਰੀ ਦੇ ਅੰਤਰਗਤ ਆਉਂਦਾ ਹੈ। ਇਹ ਇੱਕ ਅਜਿਹਾ ਕਿੱਤਾ ਹੈ ਜਿਸ ਰਾਹੀਂ ਵਿਸ਼ਾਲ ਵਿਭਿੰਨ ਅਵਧੀ ਵਾਲੇ ਪੱਤਰ ਸੈਂਕੜਿਆਂ ਤੋਂ ਲੈ ਕੇ ਕਰੋੜਾਂ ਦੀ ਗਿਣਤੀ ਵਿੱਚ ਤੇਜ਼ ਗਤੀ ਨਾਲ ਸਬੰਧਿਤ ਲੋਕਾਂ ਤਕ ਪਹੁੰਚਾਏ ਜਾਂਦੇ ਹਨ। ਇਸ ਦੇ ਅੰਤਰਗਤ ਮਨੁੱਖੀ ਜੀਵਨ ਨਾਲ ਸਬੰਧਤ ਹਰੇਕ ਭੂਤਕਾਲੀ, ਸਾਮਿਅਕ, ਅਲਪਕਾਲੀ, ਅਰਧਕਾਰੀ, ਸਰਬ-ਕਾਲੀ ਜਾਣਕਾਰੀ ਆਉਂਦੀ ਹੈ। ਪੱਤਰਕਾਰੀ ਦੀ ਕਲਾ ਅਜੋਕੇ ਬਿਜਲਈ ਯੰਤਰਾਂ ਨਾਲ ਵਿਸ਼ਵ ਵਿਆਪੀ ਹੋ ਕੇ ਵੱਧ ਤੋਂ ਵੱਧ ਹੱਥਾਂ ਤੰਕ ਪੁੱਜਣ ਦੇ ਸਮਰੱਥ ਹੋ ਗਈ ਹੈ। ਐਨਸਾਈਕਲੋਪੀਡੀਆ ਅਮੈਰੀਕਾਨਾ ਅਨੁਸਾਰ ਪੱਤਰਕਾਰੀ ਤੱਤਕਾਲੀ ਖਬਰਾਂ, ਖਬਰਾਂ ਦੇ ਵਿਸ਼ਲੇਸ਼ਣ, ਫ਼ੀਚਰ ਅਤੇ ਆਰਟੀਕਲਾਂ ਆਦਿ ਦਾ ਸੰਗ੍ਰਹਿ ਅਤੇ ਉਹਨਾਂ ਦਾ ਸੰਪਾਦਨ ਕਰਨਾ ਹੈ। ਖਬਰਾਂ ਇਕੱਤਰ ਕਰਨਾ (ਰਿਪੋਰਟਿੰਗ), ਕਾਂਟ ਛਾਂਟ ਜਾਂ ਸੰਪਾਦਨ (ਐਡੀਟਿੰਗ) ਕਰਨਾ, ਪ੍ਰਕਾਸ਼ਿਤ ਕਰਨਾ ਅਤੇ ਇਸ਼ਤਿਹਾਰਬਾਜ਼ੀ ਅਤੇ ਅਖਬਾਰਾਂ ਅਤੇ ਮੈਗਜ਼ੀਨਾਂ ਦਾ ਪ੍ਰਬੰਧ ਵੀ ਪੱਤਰਕਾਰੀ ਦੇ ਖੇਤਰ ਵਿਚ ਸ਼ਾਮਲ ਹੈ।
ਵੈਬਸਟਰਜ਼ ਥਰਡ ਇੰਟਰਨੈਸ਼ਨਲ ਡਿਕਸ਼ਨਰੀ ਆਫ਼ ਜਰਨਲਿਜ਼ਮ ਅਨੁਸਾਰ ‘ਪੱਤਰਕਾਰੀ’ ਤੱਤਕਾਲੀਨ ਮਸਲਿਆਂ ਬਾਰੇ ਸਮੱਗਰੀ ਨੂੰ ਇਕੱਤਰ ਕਰਨ, ਸੰਪਾਦਿਤ ਕਰਨ, ਪ੍ਰਕਾਸ਼ਿਤ ਕਰਨ ਜਾਂ ਪ੍ਰਸਾਰਿਤ ਕਰਨਾ ਹੈ। ਪੱਤਰਕਾਰੀ ਲਈ ਪ੍ਰਚੱਲਿਤ ਸ਼ਬਦ ਜਰਨਲਿਜ਼ਮ ‘ਜਰਨਲ’ ਸ਼ਬਦ ਦਾ ਭਾਵਵਾਚਕ ਸਰੂਪ ਹੈ, ਜਿਸਦੇ ਅਰਥ ਡੇਲੀ ਰਜਿਸਟਰ, ਡਾਇਰੀ ਜਾਂ ਰੋਜਨਾਮਚਾ ਹੈ, ਅਥਵਾ ਉਹ ਪੁਸਤਕ ਹੈ ਜਿਸ ਵਿਚ ਦਫ਼ਤਰ ਵਿਸ਼ੇਸ਼ ਜਾਂ ਦਰਬਾਰ ਦੀਆਂ ਗਤੀਵਿਧੀਆਂ ਦਾ ਇੰਦਰਾਜ਼ ਕੀਤਾ ਜਾਦਾ ਹੈ। ਅਖਬਾਰ, ਰਸਾਲੇ ਜਾਂ ਜਰਨਲ ਲਈ ਸਿਰਜੀ ਜਾਣ ਵਾਲੀ ਸਮੱਗਰੀ ਨੂੰ ਜਰਨਲਿਜ਼ਮ, ਪੱਤਰਕਾਰਿਤਾ ਜਾਂ ਪੱਤਰਕਾਰੀ ਕਹਿੰਦੇ ਹਨ। ਪੰਜਾਬੀ ਸਾਹਿਤ ਕੋਸ਼ ਅਨੁਸਾਰ ‘ਪੰਜਾਬੀ ਵਿਚ ਅਖਬਾਰਾਂ’ ਨੂੰ ਸਮਾਚਾਰ ਪੱਤਰ ਤੇ ਵਿਭਿੰਨ ਪ੍ਰਕਾਰ ਦੇ ਰਸਾਲਿਆਂ ਨੂੰ ਸਾਹਿਤਕ ਪੱਤਰ, ਧਾਰਮਿਕ ਪੱਤਰ ਆਦਿ ਕਿਹਾ ਜਾਂਦਾ ਹੈ। ਸਮਾਚਾਰ ਨਾਲ ਪੱਤਰ ਸ਼ਬਦ ਜੋੜਨ ਦਾ ਕਾਰਨ ਸ਼ਾਇਦ ਇਹ ਹੈ ਕਿ ਪੱਤਰ ਅਰਥਾਤ ਅਖਬਾਰ ਕਿਸੇ ਗੱਲ ਨੂੰ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਜਾਂ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦਾ ਸਾਧਨ ਹੈ। ਪ੍ਰਾਚੀਨ ਕਾਲ ਵਿਚ ਪੱਤਰ ਕਿਸੇ ਹੋਰ ਦੇ ਹੱਥ ਭੇਜੇ ਜਾਂਦੇ ਸਨ ਅਤੇ ਇਹ ਸੰਦੇਸ਼ ਦੇਣ ਵਾਲਾ ਪੱਤਰਵਾਹਕ, ਦੂਤ ਜਾਂ ਕਾਸਦ ਸੰਦੇਸ਼ ਪਾਉਣ ਵਾਲੇ ਨੂੰ ਸੰਦੇਸ਼ ਪੜ੍ਹ ਕੇ ਸੁਣਾਉਂਦਾ ਸੀ”। ਪੰਜਾਬੀ ਪੱਤਰਕਾਰੀ ਦਾ ਇਤਿਹਾਸ ਲਿਖਣ ਵਾਲੇ ਲੇਖ ਸੂਬਾ ਸਿੰਘ ਨੇ ਪੱਤਰਕਾਰੀ ਦੀ ਪਰਿਭਾਸ਼ਾ ਇਉਂ ਦਿੱਤੀ ਹੈ। ”ਇੱਧਰੋਂ ਉਧਰੋਂ ਇਕੱਠੀਆਂ ਕਰਕੇ ਖਬਰਾਂ ਪਹੁੰਚਾਉਣ ਅਤੇ ਉਹਨਾਂ ਦਾ ਸੰਪਾਦਨ ਕਰਨ ਵਾਲਿਆਂ ਨੂੰ ਪੱਤਰਕਾਰ ਕਿਹਾ ਜਾਂਦਾ ਹੈ ਅਤੇ ਇਸ ਸਾਰੇ ਕਿੱਤੇ ਨੂੰ ਪੱਤਰਕਾਰੀ, ਜਿਸਦੀਆਂ ਜੜ੍ਹਾਂ ਸਮਾਜ ਹੀ ਨਹੀਂ ਮਨੁੱਖ ਦੇ ਆਰੰਭ ਕਾਲ ਵਿਚੋਂ ਫ਼ੁੱਟਦੀਆਂ ਨਿਕਲਦੀਆਂ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਇਕ ਪੁਸਤਕ ‘ਰਿਪੋਰਟਿੰਗ ਅਤੇ ਸੰਪਾਦਨ ਕਲਾ’ ਵਿਚ ਕਿਹਾ ਗਿਆ ਹੈ ਕਿ ਖਬਰਾਂ ਨੂੰ ਅਖਬਾਰਾਂ ਰਾਹੀਂ ਜਨਤਾ ਤੱਕ ਪਹੁੰਚਾਉਣ ਦੇ ਕਿੱਤੇ ਨੂੰ ਹੀ ਪੱਤਰਕਾਰੀ ਕਿਹਾ ਜਾਂਦਾ ਹੈ।” ਗਿਆਨੀ ਭਜਨ ਸਿੰਘ ਅਨੁਸਾਰ ਪੱਤਰਕਾਰੀ ਇਕ ਕਲਾ ਹੈ ਤੇ ਇਸਦਾ ਮਨੁੱਖੀ ਜੀਵਨ ਨਾਲ ਬਹੁਤ ਡੂੰਘਾ ਸਬੰਧ ਹੈ। ਇਹ ਸਮਾਚਾਰਾਂ ਤੇ ਉਹਨਾਂ ਸਬੰਧੀ ਸਮੀਖਿਆ ਨੂੰ ਵਿਸ਼ਾਲ ਲੋਕ ਘੇਰੇ ਤੱਕ ਪਹੁੰਚਾਉਣ ਵਾਲਾ ਹੁਨਰ ਹੈ।
ਅਸਲ ਵਿਚ ਪੱਤਰਕਾਰੀ, ਅਜਿਹਾ ਵਿਸ਼ਾਲ ਭਾਸ਼ਾਈ ਵਰਤਾਰਾ ਹੈ ਕਿ ਇਸਦੇ ਪ੍ਰਸਾਰ ਨੂੰ ਵੇਖਦਿਆਂ ਹੋਇਆਂ ਇਸਦੀ ਦਰੁੱਸਤ ਪਰਿਭਾਸ਼ਾ ਪ੍ਰਸਤੁਤ ਕਰ ਸਕਣ ਤੋਂ ਬਹੁਤੇ ਵਿਸ਼ਿਸ਼ਟ ਪੱਤਰਕਾਰਾਂ ਨੇ ਅਸਮਰੱਥਾ ਪ੍ਰਗਟਾਈ ਹੈ। ‘ਦੀ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਪ੍ਰੇਮ ਭਾਟੀਆ ਨੇ ਵੀ ਪੱਤਰਕਾਰੀ ਨੂੰ ਪਰਿਭਾਸ਼ਿਤ ਕਰਨ ਤੋਂ ਅਸਮਰੱਥਤਾ ਪ੍ਰਗਟਾਉਂਦਿਆਂ ਕਿਹਾ ਸੀ ਕਿ ਉਹ ਪੱਤਰਕਾਰੀ ਦੀ ਪਰਿਭਾਸ਼ਾ ਨਹੀਂ ਜਾਣਦਾ। ਉਹ ਤਾਂ ਕੇਵਲ ਇਸਦਾ ਅਮਲੀ ਅਭਿਆਸ ਹੀ ਕਰਦਾ ਹੈ। ਡਾ. ਕੇਸ਼ਵਾ ਨੰਦ ਸਮਰਾਈ ਨੇ ਇਕ ਦਰਜਨ ਪੱਤਰਕਾਰਾਂ ਨੂੰ ਇਸ ਸਬੰਧੀ ਪੁੱਛਿਆ, ਪਰ ਕੋਈ ਵੀ ਪੱਤਰਕਾਰੀ ਦੀ ਕੋਈ ਸਪਸ਼ਟ ਪਰਿਭਾਸ਼ਾ ਨਹੀਂ ਦੇ ਸਕੇ। ਸਪਸ਼ਟ ਹੈ ਕਿ ਪੱਤਰਕਾਰੀ ਦੀ ਕਿਸੇ ਸੂਤਰਕ ਭਾਸ਼ਾ ਵਿਚ ਬਣ ਸਕਣਾ ਸਹਿਜ ਨਹੀਂ ਹੈ।
ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਜਾਨਣ ਉਪਰੰਤ ਸਹਿਜੇ ਹੀ ਇਸ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਪੱਤਰਕਾਰੀ ਤੱਤਕਾਲੀਨ ਜਾਣਕਾਰੀ ਨੂੰ ਇਕੱਤਰ ਲਿਖਣ, ਸੰਪਾਦਨ ਕਰਨ ਅਤੇ ਪ੍ਰਕਾਸ਼ਿਤ ਕਰਨ ਨੂੰ ਕਹਿੰਦੇ ਹਨ ਅਤੇ ਇਸਦੇ ਮੁੱਖ ਕਾਰਜਾਂ ਵਿਚ ਲੋਕਾਂ ਨੂੰ ਸੂਚਨਾ ਪ੍ਰਦਾਨ ਕਰਨਾ, ਸਿੱਖਿਅਤ ਕਰਨਾ ਅਤੇ ਉਹਨਾਂ ਦਾ ਮਨੋਰੰਜਨ ਕਰਨਾ ਸ਼ਾਮਲ ਹਨ। ਇਹ ਕਾਰਜ ਵੱਖ-ਵੱਖ ਅਵਧੀ ਦੇ ਅਖਬਾਰਾਂ ਅਤੇ ਰਸਾਲਿਆਂ ਰਾਹੀਂ ਸੰਪੂਰਨ ਹੁੰਦੇ ਹਨ। ਅੱਜਕਲ੍ਹ ਪੱਤਰਕਾਰੀ ਸਿਰਫ਼ ਅਖਬਾਰਾਂ ਤੱਕ ਸੀਮਤ ਨਹੀਂ ਰਹੀ ਸਗੋਂ ਪੱਤਰਕਾਰੀ ਦੇ ਅਨੇਕਾਂ ਮਾਧਿਅਮ ਸਾਹਮਣੇ ਆ ਗਏ ਹਨ ਜਿਵੇਂ ਰੇਡੀਓ, ਟੀ. ਵੀ., ਵੈਬ ਪੱਤਰਕਾਰੀ ਅਤੇ ਸੋਸ਼ਲ ਮੀਡੀਆ ਆਦਿ।
ਪੱਤਰਕਾਰ ਕੌਣ ਹਨ-
ਪੱਤਰਕਾਰੀ ਨੂੰ ਸਮਝਣ ਤੋਂ ਬਾਅਦ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਪੱਤਰਕਾਰ ਕੌਣ ਹਨ। ਅਖਬਾਰਾਂ, ਰੇਡੀਓ ਜਾਂ ਟੀ. ਵੀ. ਲਈ ਖਬਰਾਂ ਇਕੱਤਰ ਕਰਨ ਵਾਲੇ ਰਿਪੋਰਟਰ ਪੱਤਰਕਾਰ ਹੁੰਦੇ ਹਨ। ਪੱਤਰਕਾਰੀ ਕਿੱਤੇ ਦੇ ਚਾਰ ਹਿੱਸੇ ਹਨ (1) ਰਿਪੋਰਟਿੰਗ, (2) ਸੰਪਾਦਨਾ, (3) ਛਪਾਈ, (ਵੰਡ) ਜਾਂ ਸਰਕੂਲੇਸ਼ਨ। ਪੱਤਰਕਾਰੀ ਦਾ ਪਹਿਲਾ ਅਤੇ ਮਹੱਤਵਪੂਰਨ ਭਾਗ ਰਿਪੋਰਟਿੰਗ ਹੁੰਦਾ ਹੈ। ਰਿਪੋਰਟਿੰਗ ਦਾ ਮਤਲਬ ਖਬਰਾਂ ਇਕੱਤਰ ਕਰਨਾ। ਖਬਰਾਂ ਇਕੱਠੀਆਂ ਕਰਨ ਵਾਲੇ ਪੱਤਰਕਾਰ ਨੂੰ ਰਿਪੋਰਟਰ ਕਿਹਾ ਜਾਂਦਾ ਹੈ। ਰਿਪੋਰਟਰ ਦਾ ਕਾਰਜ ਖਬਰਾਂ ਨੂੰ ਇਕੱਤਰ ਕਰਨਾ, ਲਿਖਣਾ ਅਤੇ ਸੰਪਾਦਨਾ ਜਾਂ ਅਗਲੇਰੀ ਪ੍ਰਕਿਰਿਆ ਲਈ ਅਖਬਾਰਾਂ ਦੇ ਦਫ਼ਤਰਾਂ, ਰੇਡੀਓ ਜਾਂ ਟੀ. ਵੀ. ਸਟੇਸ਼ਨਾ ਦੇ ਖਬਰ ਕਮਰਿਆਂ ਤੱਕ ਪਹੁੰਚਾਉਣ ਦਾ ਹੈ। ਇਕ ਰੋਜ਼ਾਨਾ ਅਖਬਾਰ ਵਿਚ ਰਿਪੋਰਟਿੰਗ ਸਟਾਫ਼ ਦਾ ਸੰਗਠਨ ਹੇਠ ਲਿਖੇ ਅਨੁਸਾਰ ਹੁੰਦਾ ਹੈ:
(1) ਸਟਿੰਗਰਜ਼
(2) ਰਿਟੇਨਰਜ਼
(3) ਸਟਾਫ਼ਰਜ਼
(4) ਸੀਨੀਅਰ ਸਟਾਫ਼ਰ
(5) ਪ੍ਰਿੰਸੀਪਲ ਸੰਵਾਦਾਤਾ
(6) ਸਪੈਸ਼ਲ ਸੰਵਾਦਾਤਾ
(7) ਬਿਊਰੋ ਚੀਫ਼
ਸਟਿੰਗਰਜ਼ ਜਾਂ ਪਾਰਟ ਟਾਈਮ ਰਿਪੋਰਟਰ ਕਿਸੇ ਵੀ ਸਮਾਚਾਰ ਪੱਤਰ ਲਈ ਕੰਮ ਤਾਂ ਕਰਦੇ ਹਨ ਪਰ ਉਹ ਉਸਦੇ ਪੱਕੇ ਕਰਮਚਾਰੀ ਨਹੀਂ ਹੁੰਦੇ। ਸਮਾਚਾਰ ਪੱਤਰ ਵੱਲੋਂ ਉਹਨਾਂ ਨੂੰ ਪ੍ਰਕਾਸ਼ਿਤ ਖਬਰਾਂ ਅਨੁਸਾਰ ਇਵਜ਼ਾਨਾ ਮਿਲਦਾ ਹੈ। ਅਜਿਹੇ ਪੱਤਰ ਪ੍ਰੇਰਕਾਂ ਨੂੰ ਅਖਬਾਰ ਵੱਲੋਂ ਹੋਰ ਕੋਈ ਸਹੂਲੀਅਤ ਨਹੀਂ ਦਿੱਤੀ ਜਾਂਦੀ। ਦੂਜੇ ਪਾਸੇ ਅਜਿਹੇ ਰਿਪੋਰਟਾਂ ਨੂੰ ਇਕ ਤੋਂ ਵੱਧ ਅਖਬਾਰਾਂ ਲਈ ਜਾਂ ਕੋਈ ਹੋਰ ਕੰਮ ਕਰਨ ਦੀ ਖੁੱਲ੍ਹ ਵੀ ਹੁੰਦੀ ਹੈ। ਆਮ ਤੌਰ ‘ਤੇ ਭਾਸ਼ਾਈ ਅਖਬਾਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿਚ ਅਜਿਹੇ ਸਟਿੰਗਰਾਂ ਨੂੰ ਰੱਖਣ ਨੂੰ ਤਰਜੀਹ ਦਿੰਦੇ ਹਨ। ਸਟਿੰਗਰ ਤੋਂ ਬਾਅਦ ਅਮਲੀ ਕੜੀ ਰਿਟੇਨਰਜ਼ ਦੀ ਹੁੰਦੀ ਹੈ।
ਇਹ ਵੀ ਕਿਸੇ ਅਖਬਾਰ ਜਾਂ ਖਬਰ ਅਦਾਰੇ ਦੇ ਪੱਕੇ ਮੁਲਾਜ਼ਮ ਨਹੀਂ ਹੁੰਦੇ। ਇਨ੍ਹਾਂ ਨੂੰ ਪ੍ਰਕਾਸ਼ਿਤ ਕੰਮ ਅਨੁਸਾਰ ਸੇਵਾ-ਫ਼ਲ ਤੋਂ ਇਲਾਵਾ ਕੁਝ ਨਿਸ਼ਚਿਤ ਪੈਸੇ ਰਿਟੇਨਰਸ਼ਿਪ ਦੇ ਤੌਰ ਤੇ ਮਿਲਦੇ ਹਨ ਪਰ ਇਹਨਾਂ ਦਾ ਪ੍ਰੋਵੀਡੈਂਟ ਫ਼ੰਡ ਨਹੀਂ ਕੱਟਿਆ ਜਾਂਦਾ ਅਤੇ ਨਾ ਹੀ ਪੱਕੇ ਮੁਲਾਜ਼ਮਾਂ ਵਾਲੀ ਕੋਈ ਹੋਰ ਸਹੂਲੀਅਤ ਮਿਲਦੀ ਹੈ। ਸਟਾਫ਼ ਰਿਪੋਰਟ ਕਿਸੇ ਅਖਬਾਰ ਦੇ ਪੱਕੇ ਕਰਮਚਾਰੀ ਹੁੰਦੇ ਹਨ। ਸਟਾਫ਼ਰਾਂ ਦੀ ਇਕ ਨਿਸਚਿਤ ਤਨਖਾਹ ਹੁੰਦੀ ਹੈ। ਆਮ ਤੌਰ ਤੇ ਜ਼ਿਲ੍ਹਾ ਹੈਡਕੁਆਰਟਰ ਤੇ ਤਾਇਨਾਤ ਸਟਾਫ਼ਰ ਨੁੰ ਦਫ਼ਤਰ, ਕੰਪਿਊਟਰ, ਮੋਬਾਇਲ ਅਤੇ ਸਫ਼ਰੀ ਭੱਤਾ ਵੀ ਮਿਲਦਾ ਹੈ। ਇਹ ਐਕਰੀਡੇਟਿਡ ਰਿਪੋਰਟਰ ਹੁੰਦੇ ਹਨ। ਇਕ ਨਿਸਚਿਤ ਸਮੇਂ ਤੋਂ ਬਾਅਦ ਸਟਾਫ਼ਰਾਂ ਨੂੰ ਤਰੱਕੀ ਦੇ ਕੇ ਸੀਨੀਅਰ ਸਟਾਫ਼ਰ ਬਣਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਤਨਖਾਹ ਵਿਚ ਵਾਧਾ ਵੀ ਕਰ ਦਿੱਤਾ ਜਾਂਦਾ ਹੈ। ਸੀਨੀਅਰ ਸਟਾਫ਼ਰਾਂ ਵਿਚੋਂ ਅਗਲੀ ਤਰੱਕੀ ਪ੍ਰਿੰਸੀਪਲ ਸੰਵਾਦਾਤਾ ਦੇ ਤੌਰ ਤੇ ਹੁੰਦੀ ਹੈ। ਇਹਨਾਂ ਨੂੰ ਵੱਡੇ ਸ਼ਹਿਰਾਂ ਵਿਚ ਮਹੱਤਵਪੂਰਨ ਸੀਟਾਂ ਤੇ ਤਾਇਨਾਤ ਕੀਤਾ ਜਾਂਦਾ ਹੈ। ਰਿਪੋਰਟਿੰਗ ਸਟਾਫ਼ ਵਿਚੋਂ ਸਭ ਤੋਂ ਸੀਨੀਅਰ ਅਹੁਦਾ ਸਪੈਬਲ ਸੰਵਾਦਦਾਤਾ ਦਾ ਹੁੰਦਾ ਹੈ। ਸਪੈਸ਼ਲ ਸੰਵਾਦਾਤਾ ਸਪੈਸ਼ਲ ਅਸਾਈਨਮੈਂਟ ਤੇ ਜਾਂਦੇ ਹਨ। ਵੱਡੀਆਂ ਸਿਆਸੀ ਹਸਤੀਆਂ ਦੇ ਦੌਰੇ ਕਵਰ ਕਰਨੇ ਜਾਂ ਮਹੱਤਵਪੂਰਨ ਮਸਲਿਆਂ ਨੂੰ ਕਵਰ ਕਰਨ ਦੀ ਜ਼ਿੰਮੇਵਾਰੀ ਸਪੈਸ਼ਲ ਸੰਵਾਦਾਤਾ ਦੀ ਹੁੰਦੀ ਹੈ। ਕਿਸੇ ਵੀ ਰੋਜ਼ਾਨਾ ਸਮਾਚਾਰ ਪੱਤਰਾਂ ਵਿਚ ਵੱਡੇ ਕੇਂਦਰਾਂ ਉਤੇ ਦੋ, ਚਾਰ, ਪੰਜ ਜਾਂ ਇਸ ਤੋਂ ਵੱਧ ਵੀ ਰਿਪੋਰਟਰ ਰੱਖੇ ਹੁੰਦੇ ਹਨ। ਰਿਪੋਰਟਰਾਂ ਦੀ ਇਸ ਟੀਮ ਨੂੰ ਬਿਊਰੋ ਕਿਹਾ ਜਾਂਦਾ ਹੈ ਅਤੇ ਉਸ ਟੀਮ ਦੇ ਮੁਖੀ ਨੂੰ ਬਿਊਰੋ ਚੀਫ਼ ਕਿਹਾ ਜਾਂਦਾ ਹੈ। ਇਹ ਸਾਰੇ ਰਿਪੋਰਟਿੰਗ ਨਾਲ ਸਬੰਧਤ ਪੱਤਰਕਾਰ ਹੁੰਦੇ ਹਨ।
ਜੇਕਰ ਤੁਸੀਂ ਫ਼ੀਲਡ ਵਿਚ ਪੱਤਰਕਾਰੀ ਕਰਨੀ ਚਾਹੁੰਦੇ ਹੋ ਅਤੇ ਰਿਪੋਰਟਿੰਗ ਦਾ ਸ਼ੌਂਕ ਰੱਖਦੇ ਹੋ ਤਾਂ ਤੁਹਾਨੂੰ ਕਿਸੇ ਅਖਬਾਰ, ਰੇਡੀਓ ਅਤੇ ਟੀ. ਵੀ. ਆਦਿ ਨਾਲ ਰਿਪੋਰਟਿੰਗ ਸਟਾਫ਼ ਦੇ ਕਰਮਚਾਰੀ ਵਜੋਂ ਕੰਮ ਕਰਨਾ ਪਵੇਗਾ। ਜਿਸ ਲਈ ਤੁਹਾਨੂੰ ਜਿੱਥੇ ਖਬਰ ਲਿਖਣੀ ਆਉਣੀ ਜ਼ਰੂਰੀ ਹੈ, ਉਥੇ ਖਬਰਾਂ ਇਕੱਤਰ ਕਰਨ ਦੇ ਤਰੀਕੇ ਅਤੇ ਖਬਰ ਸਰੋਤਾ ਬਾਰੇ ਵੀ ਜਾਣਕਾਰੀ ਹੋਣੀ ਜ਼ਰੂਰੀ ਹੈ। ਜੇਕਰ ਤੁਸੀਂ ਸ਼ੌਂਕੀਆ ਪੱਤਰਕਾਰੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਫ਼ਰੀਲਾਂਸਰ ਬਣ ਸਕਦੇ ਹੋ। ਫ਼ਰੀਲਾਂਸਰ ਅਤੇ ਪੱਤਰਕਾਰੀ ਕਿੱਤੇ ਸਬੰਧੀ ਹੋਰ ਜਾਣਕਾਰੀ ਅਗਲੇ ਹਫ਼ਤੇ ਦੇ ਕਾਲਮ ਵਿਚ ਦਿੱਤੀ ਜਾਵੇਗੀ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218