Month: March 2016

ਮੈਂ ਵੀ ਹੀਰੋ ਬਣਨਾ ਚਾਹੁੰਦਾ ਸੀ: ਰਜ਼ਾ ਮੁਰਾਦ

downloadਇਹ ਗੱਲ ਤਕਰੀਬਨ 35-36 ਵਰ੍ਹੇ ਪੁਰਾਣੀ ਹੈ। ਸੰਨ 1981 ਵਿੱਚ ਪੰਜਾਬ ਫ਼ਿਲਮ ਸਹਿਤੀ ਮੁਰਾਦ ਦੀ ਸ਼ੂਟਿੰਗ ਚੱਲ ਰਹੀ ਸੀ। ਸ਼ੂਟਿੰਗ ਦੀ ਲੁਕੇਸ਼ਨ ਪਿੰਡ ਛਪਾਰ ਵਿਖੇ ਗੂਗੇ ਦੀ ਮਾੜੀ ਸੀ। ਇਸੇ ਗੂਗਾ ਮਾੜੀ ਵਿਖੇ ਪੰਜਾਬ ਦਾ ਸਭ ਤੋਂ ਪ੍ਰਸਿੱਧ ਮੇਲਾ ਛਪਾਰ ਭਰਦਾ ਹੈ। ਮੈਂ ਉਹਨਾਂ ਦਿਨਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦਾ ਵਿਦਿਆਰਥੀ ਵੀ ਸਾਂ ਅਤੇ ਮੰਡੀ ਅਹਿਮਦਗੜ੍ਹ ਤੋਂ ਪੰਜਾਬੀ ਟ੍ਰਿਬਿਊਨ  ਦਾ ਰਿਪੋਰਟਰ ਵੀ ਸੀ। ਮੇਰੀ ਪੰਜਾਬੀ ਮਾਸਿਕ ਪੱਤਰ ‘ਮੰਚ’ ਦੀ ਸੰਪਾਦਕੀ ਵੀ ਤੀਜੇ ਵਰ੍ਹੇ  ਵਿੱਚ ਸੀ। ਜਦੋਂ ਮੈਨੂੰ ਪਤਾ ਲੱਗਾ ਕਿ ਫ਼ਿਲਮ ਦਾ ਮੁੱਖ ਕਿਰਦਾਰ ਨਿਭਾਉਣ ਵਾਲਾ ਸਖਸ਼ ਹਿੰਦੀ ਫ਼ਿਲਮ ਇੰਡਸਟਰੀ ਦਾ ਅਦਾਕਾਰ ਹੈ ਤਾਂ ਮੈਂ ਇੰਟਰਵਿਊ ਲੈਣ ਸ਼ੂਟਿੰਗ ਵਾਲੀ ਥਾਂ ਹੀ ਪਹੁੰਚ ਗਿਆ ਸਾਂ। ਇੱਥੇ ਮੇਰੀ ਰਜ਼ਾ ਮੁਰਾਦ ਨਾਲ ਪਹਿਲੀ ਮੁਲਾਕਾਤ ਹੋਈ।
ਆਈਏ  ਹਮ ਗਾਡੀ ਮੇਂ ਬੈਠਕਰ ਬਾਤ ਕਰਤੇ ਹੈਂ, ਰਜ਼ਾ ਮੁਰਾਦ ਨੇ ਰਸਮੀ ਦੁਆ ਸਲਾਮ ਬਾਅਦ ਮੈਨੂੰ ਕਿਹਾ ਸੀ ਅਤੇ ਮੈਂ ਰਜ਼ਾ ਮੁਰਾਦ ਨਾਲ ਉਸਦੀ ਫ਼ੀਅਟ ਕਾਰ ਵਿੱਚ ਬੈਠ ਕੇ ਇੰਟਰਵਿਊ ਕੀਤੀ ਸੀ। ਉਸ ਤੋਂ ਬਾਅਦ ਜਦੋਂ ਵੀ ਮੈਂ ਇਸ ਭਾਰੀ ਭਰਕਮ ਆਵਾਜ਼ ਦੇ ਮਾਲਕ ਅਦਾਕਾਰ ਨੂੰ ਫ਼ਿਲਮਾਂ ਵਿੱਚ ਦੇਖਦਾ ਤਾਂ ਉਹ ਮੁਲਾਕਾਤ ਯਾਦ ਆ ਜਾਂਦੀ।
ਪਿਛਲੇ ਹਫ਼ਤੇ ਮੈਨੂੰ ਚੜ੍ਹਦੀਕਲਾ ਟਾਈਮ ਟੀ. ਵੀ. ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਦਾ ਫ਼ੋਨ ਆਇਆ ਅਤੇ ਕਹਿਣ ਲੱਗੇ,
ਸ਼ਾਮ ਨੂੰ ਕੀ ਕਰ ਰਹੇ ਹੋ, ਥੋੜ੍ਹਾ ਟਾਈਮ ਕੱਢੋ, ਰਜ਼ਾ ਮੁਰਾਦ ਨਾਲ ਡਿਨਰ ਉਤੇ ਥੋੜ੍ਹੀ ਗੱਲਬਾਤ ਕਰਾਂਗੇ। ਸ਼ਾਮ ਨੂੰ 8 ਵਜੇ ਹੋਟਲ ਇਕਬਾਲ ਇਨ ਉਡੀਕ ਕਰਾਂਗਾ।
ਮੈਂ ਇਸ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਿਆ ਅਤੇ ਵਕਤ ਸਿਰ ਪਹੁੰਚ ਗਿਆ। ਇਸ ਪਿੱਛੇ ਮੇਰੀ ਮਨਸ਼ਾ ਇਕ ਵਾਰ ਫ਼ਿਰ ਰਜ਼ਾ ਮੁਰਾਦ ਦੀ ਇੰਟਰਵਿਊ ਕਰਨਾ ਸੀ। ਡਿਨਰ ਦੌਰਾਨ ਰਜ਼ਾ ਮੁਰਾਦ ਇੱਧਰ-ਉਧਰ ਦੀਆਂ ਗੱਲਾਂ ਤੋਂ ਇਲਾਵਾ ਅਗਲੇ ਦਿਨ ਟਾਈਮ ਟੀ. ਵੀ. ਦੇ ਸਟੂਡੀਓ ਵਿੱਚ ਟੀ. ਵੀ. ਇੰਟਰਵਿਊ ਲਈ ਵਕਤ ਨਿਸ਼ਚਿਤ ਹੋ ਗਿਆ। ਇੰਟਰਵਿਊ ਦੀ ਤਿਆਰੀ ਸਮੇਂ ਜਦੋਂ ਮੈਂ ਰਜ਼ਾ ਮੁਰਾਦ ਦੇ ਫ਼ਿਲਮੀ ਸਫ਼ਰ ਬਾਰੇ ਪੜ੍ਹ ਰਿਹਾ ਸੀ ਤਾਂ ਮੈਂ ਵੇਖਿਆ ਕਿ ਹਿੰਦੀ ਫ਼ਿਲਮਾਂ ਦਾ ਇਹ ਖਲਨਾਇਕ 200 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕਿਆ ਹੈ। ਰਜ਼ਾ ਮੁਰਾਦ ਨੇ ਪੰਜਾਬੀ ਸਮੇਤ 19 ਜੁਬਾਨਾਂ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। 23 ਨਵੰਬਰ 1950 ਨੂੰ ਜਨਮਿਆ ਰਜ਼ਾ ਮੁਰਾਦ ਅਜੇ ਵੀ ਪੂਰੀ ਤਨਦੇਹੀ ਨਾਲ ਅਦਾਕਾਰੀ ਵਿੱਚ ਜੁਟਿਆ ਹੋਇਆ ਹੈ। ਰਜ਼ਾ ਮੁਰਾਦ ਦੇ ਪਿਤਾ ਮੁਰਾਦ ਸਾਹਿਬ ਵੀ ਹਿੰਦੀ ਫ਼ਿਲਮਾਂ ਦੇ ਅਦਾਕਾਰ ਸਨ, ਭਾਵੇਂ ਅਦਾਕਾਰੀ ਰਜ਼ਾ ਮੁਰਾਦ ਨੂੰ ਵਿਰਾਸਤ ਵਿੱਚ ਮਿਲੀ ਸੀ ਪਰ ਫ਼ਿਰ ਉਸਨੇ ਫ਼ਿਲਮ ਇੰਸਟੀਚਿਊਟ ਪੂਨੇ ਤੋਂ ਫ਼ਿਲਮ ਐਕਟਿੰਗ ਦਾ ਡਿਪਲੋਮਾ ਕੀਤਾ ਸੀ। ਇਹ ਡਿਪਲੋਮਾ ਤਾਂ ਉਸਨੇ 1971 ਵਿੱਚ ਕੀਤਾ ਸੀ ਪਰ ਉਸਦਾ ਫ਼ਿਲਮੀ ਸਫ਼ਰ 1965 ਵਿੱਚ ਬਣੀ ‘ਜੌਹਰ-ਮਹਿਮੂਦ ਇਨ ਗੋਆ’ ਤੋਂ ਆਰੰਭ ਹੋ ਗਿਆ ਸੀ। 1967 ਵਿੱਚ ‘ਹਮਾਰੇ ਗਮ ਸੇ ਮਤ ਖੇਲੋ’, 1972 ਵਿੱਚ ‘ਏਕ ਨਜ਼ਰ’, 1973 ਵਿੱਚ ‘ਪਿਆਸੀ ਨਦੀ’ ਅਤੇ ‘ਨਮਕ ਹਰਾਮ’ ਫ਼ਿਲਮਾਂ ਵਿੱਚ ਰਜ਼ਾ ਮੁਰਾਦ ਨੇ ਅਦਾਕਾਰੀ ਕੀਤੀ ਸੀ। ਫ਼ਿਲਮ ‘ਨਮਕ ਹਰਾਮ’ ਵਿੱਚ ਉਸ ਵੱਲੋਂ ਨਿਭਾਏ ਸ਼ਾਇਰ ਦੇ ਕਿਰਦਾਰ ਨੂੰ ਅਜੇ ਵੀ ਯਾਦ ਕੀਤਾ ਜਾਂਦਾ ਹੈ। ਇਸ ਫ਼ਿਲਮ ਵਿੱਚ ਉਸਦੇ ਸਾਹਮਣੇ ਅਮਿਤਾਬ ਬਚਨ ਅਤੇ ਰਾਜੇਸ਼ ਖੰਨਾ ਵਰਗੇ ਐਕਟਰ ਸਨ। ਰਜ਼ਾ ਮੁਰਾਦ ਨੇ ‘ਰੋਟੀ ਕਪੜਾ ਔਰ ਮਕਾਨ’ (1974), ‘ਚੋਰੀ ਮੇਰਾ ਕਾਮ’ (1975), ‘ਚੋਰ ਹੋ ਤੋ ਐਸਾ’, ‘ਦਿਲਦਾਰ’ (1977), ਨਲਾਇਕ (1979), ਪ੍ਰੇਮ ਰੋਗ )1982), ਯੇ ਇਸ਼ਕ ਨਹੀਂ ਆਸਾਨ (1985), ਰਾਮ ਤੇਰੀ ਗੰਗਾ ਮੈਲੀ (1985), ਅਨਜਾਨੇ ਰਾਸਤੇ (1987), ਬੰਦ ਦਰਵਾਜਾ (1990), ਫ਼ੂਲ ਔਰ ਕਾਂਟੇ (1991), ਗੁਨਾਹ (1993), ਸੰਧੂਰ ਕੀ ਹੋਲੀ (1996), ਪੂਨਮ ਕੀ ਰਾਤ (1999), ਸੰਧੂ ਕੀ  ਸੌਗੰਧ (2002), ਯੋਧਾ ਅਕਬਰ (2008), ਉਂਗਲੀ (2014) ਅਤੇ ਬਾਜੀ ਰਾਓ ਮਸਤਾਨੀ (2015) ਆਦਿ ਤਕਰੀਬਨ 200 ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਕ ਫ਼ਿਲਮ ਹੀਰੋ ਦੇ ਤੌਰ ਤੇ ਵੀ ਰਜ਼ਾ ਮੁਰਾਦ ਆਇਆ ਸੀ ਪਰ ਉਸਦੀ ਪਹਿਚਾਣ ਖਲਨਾਇਕ ਦੇ ਤੌਰ ਤੇ ਬਣੀ।
‘ਮੈਂ ਪੰਜਾਬੀਆਂ ਦਾ ਬਹੁਤ ਅਹਿਸਾਨਮੰਦ ਹਾਂ। ਜਦੋਂ ਮੇਰੇ ਕੋਲ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਕੰਮ ਦੀ ਕਮੀ ਸੀ ਤਾਂ ਪੰਜਾਬੀਆਂ ਨੇ ਮੇਰੀ ਬਾਂਹ ਫ਼ੜੀ। ਜੱਟ ਪੰਜਾਬੀ, ਸਾਇਤੀ ਮੁਰਾਦ, ਧਰਮਜੀਤ, ਲੱਛੀ ਅਤੇ ਵੀਰਾ ਆਦਿ ਫ਼ਿਲਮਾਂ ਵਿੱਚ ਮੈਨੂੰ ਖੂਬ ਪਿਆਰ ਮਿਲਿਆ। ਮੈਨੂੰ 2011 ਵਿੱਚ ਪੰਜਾਬੀ ਫ਼ਿਲਮ ਵਿੱਚ ਪਾਏ ਯੋਗਦਾਨ ਬਦਲੇ ਪੀ. ਟੀ. ਸੀ. ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਵੀ ਮਿਲਿਆ।
‘ਕੀ ਤੁਸੀਂ ਪੰਜਾਬੀ ਬੋਲ ਲੈਂਦੇ ਹੋ’? ਮੇਰਾ ਸਵਾਲ ਸੀ।
‘ਮੇਰੀ ਮਾਦਰੀ ਜ਼ੁਬਾਨ ਉਰਦੂ ਹੈ ਪਰ ਮੈਂ ਪੰਜਾਬੀ ਸਮਝ ਲੈਂਦਾ ਹਾਂ ਅਤੇ ਥੋੜ੍ਹੀ ਬਹੁਤ ਬੋਲ ਵੀ ਲੈਂਦਾ ਹਾਂ। ਬਾਕੀ ਫ਼ਿਲਮਾਂ ਵਿੱਚ ਤਾਂ ਰੱਟਾ ਮਾਰ ਕੇ ਕੰਮ ਚਲਾ ਲਈਦਾ ਹੈ।’
‘ਤੁਹਾਡੇ ਪਿਤਾ ਜੀ ਮੁਰਾਦ ਸਾਹਿਬ ਐਕਟਰ ਸਨ। ਐਕਟਿੰਗ ਤੁਹਾਨ ੂਨੂੰ ਵਿਰਾਸਤ ਵਿੱਚ ਮਿਲੀ ਪਰ ਤੁਸੀਂ ਸਥਾਪਤ ਇਕ ਖਲਨਾਇਕ ਦੇ ਤੌਰ ‘ਤੇ ਹੋਏ। ਕੀ ਤੁਹਾਨੂੰ ਹੀਰੋ ਬਣਨ ਦਾ ਸ਼ੌਂਕ ਨਹੀਂ ਸੀ’। ਮੈਂ ਪੁੱਛਿਆ
ਹੀਰੋ ਬਣਨ ਦਾ ਸ਼ੌਂਕ ਤਾਂ ਹਰ ਉਸ ਬੰਦੇ ਨੂੰ ਹੁੰਦਾ ਹੈ ਜੋ ਫ਼ਿਲਮ ਲਾਈਨ ਵਿੱਚ ਆਉਂਦਾ ਹੈ। ਉਹ ਹੀਰੋ ਬਣਨਾ ਚਾਹੁੰਦਾ ਹੈ। ਜੋ ਇਹ ਕਹਿੰਦਾ ਹੈ ਕਿ ਮੈਨੂੰ ਹੀਰੋ ਬਣਨ ਦਾ ਸ਼ੌਂਕ ਨਹੀਂ, ਉਹ ਝੂਠ ਬੋਲਦਾ ਹੈ। ਹੀਰੋ ਬਣਨ ਦਾ ਸ਼ੌਂਕ ਤਾਂ ਮੈਨੂੰ ਵੀ ਸੀ। ਪਰ ਜਦੋਂ ਹਕੀਕਤ ਨਾਲ ਮੇਰਾ ਸਾਹਮਣਾ ਹੋਇਆ ਤਾਂ ਸਮਝ ਆਈ ਕਿ ਮੇਰਾ ਫ਼ੇਸ ਹੀਰੋ ਵਾਲਾ ਨਹੀਂ। ਉਂਝ ਮੈਂ ਇਕ ਫ਼ਿਲਮ ਵਿੱਚ ਹੀਰੋ ਬਣ ਕੇ ਆਇਆ, ਉਸ ਦਾ ਨਾਮ ਸੀ ‘ਲਾਪੇਕ’। ਜਦੋਂ ਮੇਰੇ ਸ਼ਹਿਰ ਵਿੱਚ ਫ਼ਿਲਮ ਲੱਗੀ ਤਾਂ ਸਾਰਾ ਸ਼ਹਿਰ ਫ਼ਿਲਮ ਵੇਖਣ ਨੂੰ ਉਮੜ ਪਿਆ। ਜਦੋਂ ਪਹਿਲਾ ਹਫ਼ਤਾ ਖ਼ਤਮ ਹੋਇਆ ਤਾਂ ਅਖ਼ਬਾਰ ਵਿੱਚ ਲਿਖਿਆ ਸੀ ਕਿ ਪਹਿਲਾ ਜ਼ਬਰਦਸਤ ਹਫ਼ਤਾ। ਫ਼ਿਰ ਮੈਂ ਮੈਨੇਜਰ ਨੂੰ ਫ਼ੋਨ ਕੀਤਾ ਤਾਂ ਕਹਿਣ ਲੱਗਾ ਪਹਿਲਾ ਹਫ਼ਤਾ ਤਾਂ ਜ਼ਬਰਦਸਤ ਸੀ ਪਰ ਦੂਜਾ ਹਫ਼ਤਾ ਤਾਂ ਜ਼ਬਰਦਸਤੀ ਦਾ ਹਫ਼ਤਾ ਹੈ। ਅਸੀਂ ਜ਼ਬਰਦਸਤੀ ਆਪ ਦੀ ਫ਼ਿਲਮ ਚਲਾ ਰਹੇ ਹਾਂ।
ਇਹ ਜਵਾਬ ਸੁਣ ਕੇ ਮੈਨੂੰ ਰਜ਼ਾ ਮੁਰਾਦ ਦੀ ਸਾਫ਼ਗੋਈ ਨੇ ਵੀ ਮੁਤਾਸਰ ਕੀਤਾ ਅਤੇ ਉਸਦੇ ਆਪਣੇ ਆਪ ਉਤੇ ਵਿਅੰਗਮਈ ਹਾਸੇ ਨੇ ਵੀ।
‘ਤੁਸੀਂ ਸ਼ੁਰੂ ਸ਼ੁਰੂ ਵਿੱਚ ਭਰਾ ਅਤੇ ਪਿਓ ਦੇ ਕਿਰਦਾਰ ਵਿੱਚ ਵੇਖੇ ਗਏ ਹੋ। ਫ਼ਿਰ ਇਕ ਖਲਨਾਇਕ ਬਣਨ ਦਾ ਸਿਲਸਿਲਾ ਕਿਵੇਂ ਆਰੰਭ ਹੋਇਆ’ ਮੇਰਾ ਸਵਾਲ ਸੀ।
‘ਮੈਨੂੰ ਵਿਲੇਨ ਬਣਨ ਦਾ ਸਿਹਰਾ ਰਾਜ ਕਪੂਰ ਸਾਹਿਬ ਨੂੰ ਜਾਂਦਾ ਹੈ। ਉਹਨਾਂ ਨੂੰ ਫ਼ਿਲਮ ‘ਪ੍ਰੇਮ ਰੋਗ’ ਵਿੱਚ ਐਜ਼ ਵਿਲੇਨ ਇੰਟਰੋਡਿਊਸ ਕੀਆ। ਉਸਦੀ ਵੀ ਇਕ ਅਜੀਬ ਕਹਾਣੀ ਹੈ। 1973 ਵਿੱਚ ਮੈਂ ਇਕ ਫ਼ਿਲਮ ਕੀਤ ਸੀ ‘ਨਮਕ ਹਰਾਮ’। ਉਸ ਵਿੱਚ ਇਕ ਟੁੱਟੇ ਜਿਹੇ, ਬਿਮਾਰ ਜਿਹੇ ਅਤੇ ਮਾਯੂਸ ਜਿਹੇ ਸ਼ਾਇਰ ਦਾ ਕਿਰਦਾਰ ਨਿਭਾਇਆ ਸੀ ਮੈਂ। ਰਾਜ ਕਪੂਰ ਸਾਹਿਬ ਨੇ ਮੇਰੀ ਸਿਰਫ਼ ਇਹੀ ਫ਼ਿਲਮ ਦੇਖੀ ਸੀ ਪਤਾ ਨਹੀਂ ਉਹਨਾਂ ਨੂੰ ਕੀ ਲੱਗਿਆ ਕਿ ਉਹਨਾਂ ਨੂੰ ਮੈਨੂੰ ਪ੍ਰੇਮ ਰੋਗ ਵਿੱਚ ਵਿਲਨ ਬਣਾ ਦਿੱਤਾ। ਬੱਸ ਫ਼ਿਰ ਉਸ ਤੋਂ ਬਾਅਦ ਇਹ ਸਿਲਸਿਲਾ ਚੱਲ ਪਿਆ ਜੋ ਅਜੇ ਤੱਕ ਜਾਰੀ ਹੈ।’ ਰਜ਼ਾ ਮੁਰਾਦ ਦਾ ਜਵਾਬ ਸੀ।
‘ਜਦੋਂ ਤੁਸੀਂ ਨਾਇਕ ਦੀ ਬਜਾਏ ਖਲਨਾਇਕ ਬਣ ਗਏ ਫ਼ਿਰ ਕੀ ਸੰਤੁਸ਼ਟੀ ਮਿਲੀ ਅਜਿਹੇ ਰੋਲ ਕਰ ਕੇ ਜਾਂ ਫ਼ਿਰ ਦਿਲ ਵਿੱਚ ਕਸਕ ਉਠਦੀ ਰਹੀ ਹੀਰੋ ਨਾ ਬਣਨ ਦੀ’। ਮੈਂ ਪੁੱਛਦਾ ਹਾਂ।
ਵੇਖੋ, ਕੀ ਹੁੰਦਾ ਹੈ। ਹਾਲਾਤ ਨਾਲ ਆਪ ਨੂੰ ਸਮਝੌਤਾ ਕਰਨਾ ਪੈਂਦਾ ਹੈ। ਫ਼ਿਰ ਮੈਨੂੰ ਵੀ ਸਮਝੌਤਾ ਕਰਨਾ ਪਿਆ। ਜਦੋਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਸਾਹਮਣੇ ਆਈਆਂ ਕਿ ਮੈਂ ਹੀਰੋ ਨਹੀਂ ਬਣ ਸਕਦਾ ਤਾਂ ਫ਼ਿਰ ਸਮਝੌਤਾ ਕਰਨ ਤੋਂ ਬਿਨਾਂ ਕੋਈ ਚਾਰਾ ਵੀ ਤਾਂ ਨਹੀਂ ਸੀ। ਫ਼ਿਰ ਮੈਂ ਸੋਚਿਆ ਕਿ ਮੈਂ ਆਪਣੀ ਇਕ ਵੱਖਰੀ ਜਗ੍ਹਾ ਬਣਾਵਾਂ, ਜਿਸਨੂੰ ਬਣਾਉਣ ਵਿੱਚ ਮੈਂ ਕਾਮਯਾਬ ਹੋਇਆ।’ ਰਜ਼ਾ ਮੁਰਾਦ ਨੇ ਫ਼ਿਰ ਪੂਰੀ ਸਾਫ਼ਗੋਈ ਨਾਲ ਕਿਹਾ।
‘ਕੀ ਤੁਹਾਡੀ ਭਾਰੀ ਭਰਕਮ ਆਵਾਜ਼ ਨੇ ਵੀ ਤੁਹਾਨੂੰ ਖਲਨਾਇਕ ਬਣਾਉਣ ਵਿੱਚ ਭੂਮਿਕਾ ਨਿਭਾਈ?’ ਮੇਰਾ ਸਵਾਲ ਸੀ।
‘ਹਾਂ ਇਹ ਵੀ ਠੀਕ ਹੈ। ਮੈਨੂੰ ਮੇਰੀ ਆਵਾਜ਼ ਕਾਰਨ ਵੱਖਰੀ ਪਹਿਚਾਣ ਮਿਲੀ। ਪਰ ਇਹ ਆਵਾਜ਼ ਕਿਸੇ ਖਲਨਾਇਕ ਦੇ ਰੋਲ ਨੂੰ ਹੀ ਢੁੱਕਦੀ ਹੈ। ਇਕ ਕਾਰਨ ਇਹ ਵੀ ਹੋ ਸਕਦਾ ਹੈ। ਪਰ ਦੂਜੇ ਜ਼ਿਆਦਾ ਅਹਿਮ ਸਨ, ਜਿਵੇਂ ਮੇਰਾ ਚਿਹਰਾ ਰੋਮਾਂਟਿਕ ਨਹੀਂ। ਮੈਨੂੰ ਨੱਚਣਾ ਨਹੀਂ ਆਉਂਦਾ। ਸਾਡੇ ਵੇਲੇ ਹੀਰੋ ਬਣੇ ਸੋਹਣੇ ਅਤੇ ਚਿਕਨੇ ਹੁੰਦੇ ਸਨ। ਇਹ ਵੀ ਗੁਣ ਮੇਰੇ ਵਿੱਚ ਨਹੀਂ ਸਨ।’ ਰਜ਼ਾ ਨੇ ਕਿਹਾ।
‘ਤੁਸੀਂ ਵੀ ਮੁਸਲਮਾਨ ਹੋ। ਅਮੀਰ ਖਾਂ ਵੀ ਮੁਸਲਮਾਨ ਹੈ। ਉਹ ਕਹਿ ਰਿਹਾ ਹੈ ਕਿ ਮੇਰੀ ਵਾਈਫ਼ ਕਿਰਨ ਕਿਸੇ ਹੋਰ ਦੇਸ਼ ਵਿੱਚ ਵੱਸਣ ਲਈ ਕਹਿ ਰਹੀ ਹੈ। ਇਸ ਹਵਾਲੇ ਨਾਲ ਕੀ ਤੁਸੀਂ ਵੀ ਦੇਸ਼ ਵਿੱਚਲੀ ਅਸਹਿਣਸ਼ੀਲਤਾ ਬਾਰੇ ਕੋਈ ਟਿੱਪਣੀ ਕਰੋਗੇ?’
‘ਵੇਖੋ ਜੀ, ਅਸੀਂ ਫ਼ਨਕਾਰ ਹਾਂ। ਇਸ ਦੇਸ਼ ਨੇ ਦਲੀਪ ਕੁਮਾਰ ਸਾਹਿਬ ਉਰਫ਼ ਯੂਸਫ਼ ਖ਼ਾਂ ਸਾਹਿਬ ਤੋਂ ਲੈ ਕੇ ਸਲਮਾਨ ਖ਼ਾਨ ਤਕ ਕਿੰਨੇ ਹੀ ਮੁਸਲਮਾਨਾਂ ਨੂੰ ਆਪਣਾ ਹੀਰੋ ਬਣਾਇਐ। ਪਿਆਰ ਦਿੱਤਾ ਹੈ, ਦੌਲਤ ਦਿੱਤੀ ਹੈ, ਸ਼ੋਹਰਤ ਦਿੱਤੀ ਹੈ। ਮੈਂ ਨਹੀਂ ਸਮਝਦਾ ਕਿ ਇਸ ਦੇਸ਼ ਵਿੱਚ ਕਦੇ ਸਾਡੇ ਨਾਲ ਵਿਤਕਰਾ ਹੋਇਆ ਹੋਵੇ। ਬਾਕੀ ਜੇ ਆਮਿਰ ਖ਼ਾਨ ਨੇ ਆਪਣੀ ਪਤਨੀ ਦੇ ਅਹਿਸਾਸ ਨੂੰ ਜਨਤਕ ਕਰ ਦਿੱਤਾ ਸੀ ਤਾਂ ਵੀ ਇੰਨਾ ਰੌਲਾ ਰੱਪਾ ਨਹੀਂ ਪੈਣਾ ਚਾਹੀਦਾ ਸੀ।’ ਰਜ਼ਾ ਸਾਹਿਬ ਦਾ ਜਵਾਬ ਸੀ।
‘ਰਜ਼ਾ ਮੁਰਾਦ ਦਾ ਕੋਈ ਅਜਿਹਾ ਸੁਪਨਾ ਜੋ ਅਜੇ ਹਕੀਕਤ ਵਿੱਚ ਨਾ ਬਦਲਿਆ ਹੋਵੇ?’ ਮੈਂ ਫ਼ਿਰ ਸਵਾਲ ਕੀਤਾ।
‘ਵੇਖੋ ਜੀ, ਮੈਂ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਹਰ ਪਲ ਦਾ ਆਨੰਦ ਮਾਣ ਰਿਹਾ ਹਾਂ। ਬੇਟੀ ਆਪਣੇ ਖਾਵੰਦ ਦੇ ਨਾਲ ਭੋਪਾਲ ਵਿੱਚ ਰਹਿੰਦੀ ਹੈ। ਬੇਟੇ ਅਲੀ ਦੀ ਪਹਿਲੀ ਆ ਰਹੀ ਹੈ। ਮੈਂ ਕਾਫ਼ੀ ਕੰਮ ਕਰ ਲਿਆ ਹੈ। ਇਸਦਾ ਮਤਲਬ ਇਹ ਨਹੀਂ ਕਿ ਮੈਂ ਰਿਟਾਇਰ ਹੋ ਜਾਣਾ ਚਾਹੁੰਦਾ ਹਾਂ। ਨਹੀਂ ਅਜੇ ਮੈਂ ਕੰਮ ਕਰਨਾ ਚਾਹੁੰਦਾ ਹਾਂ। ਹੁਣ ਮੈਂ ਸਮਾਜ ਨੂੰ ਕੁਝ ਦੇਣਾ ਚਾਹੁੰਦਾ ਹਾਂ। ਕੋਈ ਐਨਜੀਓ ਬਦਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਸਮਾਜ ਸੇਵਾ ਕਰਨਾ ਚਾਹੁੰਦਾ ਹਾਂ। ਇਕ ਦੋ ਟੀ. ਵੀ. ਪ੍ਰੋਗਰਾਮ ਵੀ ਕਰ ਰਿਹਾ ਹਾਂ। ਪਾਕਿਸਤਾਨੀ ਫ਼ਿਲਮਾਂ ਵਿੱਚ ਕੰਮ ਕਰਨ ਦੀ ਇੱਛਾ ਵੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਜਿੰਨਾ ਚਿਰ ਕੰਮ ਮਿਲਦਾ ਰਹੇਗਾ, ਕੰਮ ਕਰਦੇ ਰਹਾਂਗੇ। ਕੰਮ ਕਰਨ ਵਾਲੇ ਨਾ ਕਦੇ ਬੁੱਢੇ ਹੁੰਦੇ ਹਨ ਅਤੇ ਨਾ ਹੀ ਕਦੇ ਰਿਟਾਇਰ। ਕੀ ਮੈਂ ਤੁਹਾਨੂੰ ਬੁੱਢਾ ਲੱਗਦਾ ਹਾਂ? ਨਹੀਂ ਨਾ’ ਰਜ਼ਾ ਮੁਰਾਦ ਠਹਾਕਾ ਮਾਰ ਕੇ ਹੱਸਦਾ ਹੈ।

ਕਿਵੇਂ ਲਿਖੀਏ ਵਧੀਆ ਫ਼ੀਚਰ?

download ”ਮੈਂ ਵੀ ਅਖਬਾਰ ਵਿਚ ਲਿਖਣਾ ਚਾਹੁੰਦਾ ਹਾਂ, ਮੇਰੇ ਮਨ ਵਿਚ ਬਹੁਤ ਕੁਝ ਹੈ ਪਰ ਪਤਾ ਨਹੀਂ ਲੱਗ ਰਿਹਾ ਕਿਵੇਂ ਲਿਖਾਂ?”
”ਦਿਲ ਤਾਂ ਮੇਰਾ ਵੀ ਕਰਦਾ ਹੈ ਕਿ ਮੇਰਾ ਨਾਮ ਵੀ ਅਖਬਾਰ ਵਿਚ ਛਪੇ ਪਰ ਮੈਂ ਲਿਖਾਂ ਤਾਂ ਕੀ ਲਿਖਾਂ। ਕੁਝ ਵੀ ਸਮਝ ਨਹੀਂ ਆਉਂਦਾ”
”ਬਹੁਤ ਸੋਚਣ ਦੇ ਬਾਵਜੂਦ ਮੇਰੇ ਕੋਲ ਲਿਖਣ ਲਈ ਨਾ ਤਾਂ ਕੋਈ ਵਿਸ਼ਾ ਹੁੰਦਾ ਹੈ ਅਤੇ ਨਾ ਹੀ ਮਸਾਲਾ ਪਰ ਮੇਰੀ ਚਾਹਤ ਲੇਖਕ ਬਣਨ ਦੀ ਹੈ।”
ਉਕਤ ਕਿਸਮ ਦੇ ਸਵਾਲ ਅਕਸਰ ਮੈਨੂੰ ਪੁੱਛੇ ਜਾਂਦੇ ਹਨ। ਇਹ ਸਵਾਲ ਕਰਨ ਵਾਲੇ ਵਿਦਿਆਰਥੀ ਵੀ ਹੁੰਦੇ ਹਨ ਅਤੇ  ਆਮ ਪਾਠਕ ਵੀ। ਅਸਲ ਵਿਚ ਫ਼ੀਚਰ ਲਿਖਣ ਦੀ ਕਲਾ ਬਾਰੇ ਇਹ ਲੇਖ ਲਿਖਣ ਦਾ ਅਸਲੀ ਕਾਰਨ  ਅਜਿਹੇ ਸਵਾਲਾਂ ਦਾ ਜਵਾਬ ਦੇਣਾ ਹੈ। ਫ਼ੀਚਰ ਲਿਖਣ ਦੇ ਚਾਹਵਾਨ ਵਿਅਕਤੀਆਂ ਲਈ ਇਕ ਮਹੱਤਵਪੂਰਨ ਨੁਕਤਾ ਵਿਸ਼ੇ ਦੀ ਚੋਣ ਹੁੰਦਾ ਹੈ।
ਫ਼ੀਚਰ ਵਿਚ ਵਿਸ਼ੇ ਦੀ ਚੋਣ ਬਹੁਤ ਅਹਿਮੀਅਤ ਰੱਖਦੀ ਹੈ। ਪੱਤਰਕਾਰੀ ਵਿਚ ਫ਼ੀਚਰ ਇਕ ਅਜਿਹੀ ਵਿਧਾ ਹੈ ਜੋ ਇਸ ਬ੍ਰਹਿਮੰਡ ਦੇ ਕਿਸੇ ਵੀ ਵਿਸ਼ੇ ਉਪਰ ਲਿਖਿਆ ਜਾ ਸਕਦਾ ਹੈ। ਫ਼ੀਚਰ ਲੇਖਕ ਨੂੰ ਕਿਸੇ ਵੀ ਚੋਣ ਵਿਚ ਪੂਰਨ ਸੁਤੰਤਰਤਾ ਪ੍ਰਾਪਤ ਹੁੰਦੀ ਹੈ। ਉਹ ਸੂਈ ਤੋਂ ਲੈ ਕੇ ਜਹਾਜ਼ ਤੱਕ,  ਆਕਾਸ਼ ਦੀਆਂ ਉਚਾਈਆਂ ਤੋਂ ਲੈ ਕੇ ਸਮੁੰਦਰ ਦੀਆਂ ਗਹਿਰਾਈਆਂ ਤੱਕ, ਸਰੀਰ ਦੀ ਸੁੰਦਰਤਾ ਤੋਂ ਲੈ ਕੇ ਮਨ ਮਸਤਕ ਵਿਚ ਚੱਲ ਰਹੇ ਵਿਚਾਰ ਪ੍ਰਵਾਹ ਤੱਕ ਅਤੇ ਪੰਛੀਆਂ, ਜਾਨਵਰਾਂ, ਜੰਗਲਾਂ ਅਤੇ ਸਮੁੱਚੀ ਵਨਸਪਤੀ ਤੱਕ ਕਿਸੇ ਨੂੰ ਵੀ ਆਪਣਾ ਵਿਸ਼ਾ ਬਣਾ ਸਕਦਾ ਹੈ। ਫ਼ੀਚਰ ਲੇਖਕ ਵਿਸ਼ੇ ਦੀ ਚੋਣ ਵਿਚ ਜਿੰਨੀ ਖੁੱਲ੍ਹ ਮਾਣ ਸਕਦਾ ਹੈ, ਉਨੀ ਨਾ ਤਾਂ ਰਿਪੋਰਟਰ ਅਤੇ ਨਾ ਹੀ ਆਰਟੀਕਲ ਲੇਖਕ ਮਾਣ ਸਕਦਾ ਹੈ। ਵਿਸ਼ੇ ਦੀ ਚੋਣ ਕਰਨ ਸਮੇਂ ਫ਼ੀਚਰ ਲੇਖਕ ਨੂੰ ਵਿਸ਼ੇ ਵਿਚ ਉਸਦੀ ਦਿਲਚਸਪੀ, ਵਿਸ਼ੇ ਦੀ ਸਾਰਥਕਤਾ ਅਤੇ ਸਮੇਂ ਦੀ ਜ਼ਰੂਰਤ ਨੂੰ ਜ਼ਰੂਰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਵਿਸ਼ਾ ਚੁਣਨ ਸਮੇਂ ਫ਼ੀਚਰ ਲੇਖਕ ਇਹ ਜ਼ਰੂਰ ਵਿਚਾਰ ਲਵੇ ਕਿ ਫ਼ੀਚਰ ਰਾਹੀਂ ਦਿੱਤੀ ਜਾ ਰਹੀ ਜਾਣਕਾਰੀ ਪਾਠਕ ਨੂੰ ਕੀ ਦੇ ਰਹੀ ਹੈ। ਫ਼ੀਚਰ ਪਾਠਕ ਨੂੰ ਬਹੁ-ਮੁੱਲੀ ਜਾਣਕਾਰੀ ਦੇਵੇ, ਹਸਾਵੇ, ਰੁਆਵੇ, ਕੋਈ ਸੁਨੇਹਾ ਦੇਵੇ, ਕੋਈ ਜਜ਼ਬਾ ਪੈਦਾ ਕਰੇ, ਮਤਲਬ ਕੁਝ ਨਾ ਕੁਝ ਜ਼ਰੂਰ ਦੇਵੇ।
ਕਿਵੇਂ ਕਰੀਏ ਵਿਸ਼ੇ ਦੀ ਚੋਣ?
ਰੋਜ਼ਾਨਾ ਅਖਬਾਰ ਪੜ੍ਹੋ, ਇਕ ਤੋਂ ਵੱਧ ਅਖਬਾਰ ਪੜ੍ਹੋ। ਰਸਾਲੇ ਪੜ੍ਹੋ, ਖਬਰਾਂ ਪੜ੍ਹੋ, ਟੀ. ਵੀ. ਉਤੇ ਚਲੰਤ ਮਾਮਲਿਆਂ ਬਾਰੇ ਪ੍ਰੋਗਰਾਮ ਦੇਖੋ। ਜਦੋਂ ਤੁਸੀਂ ਗੰਭੀਰਤਾ ਨਾਲ ਨੀਝ ਲਾ ਕੇ ਅਖਬਾਰ ਪੜ੍ਹਦੇ ਹੋ ਤਾਂ ਤੁਹਾਡੀਆਂ ਨਜ਼ਰਾਂ ਹੇਠ ਅਨੇਕਾਂ ਅਜਿਹੀਆਂ ਖਬਰਾਂ ਆ ਜਾਂਦੀਆਂ ਹਨ, ਜਿਹਨਾਂ ਵਿਚ ਫ਼ੀਚਰ ਦਾ ਮਸਲਾ ਪਿਆ ਹੁੰਦਾ ਹੈ। ਨਿਊਜ਼ ਫ਼ੀਚਰ ਲਿਖਣ ਦੇ ਇਛੁੱਕ ਫ਼ੀਚਰ ਲੇਖਕ ਇਸੇ ਵਿਧੀ ਨਾਲ ਆਪਣੇ ਵਿਸ਼ੇ ਚੁਣਦੇ ਹਨ। ਹਰ ਰੋਜ਼ ਅਜਿਹੀਆਂ ਖਬਰਾਂ ਛਪਦੀਆਂ ਹਨ ਜੋ ਵਿਆਖਿਆ ਦੀ ਮੰਗ ਕਰਦੀਆਂ ਹਨ, ਜੋ ਖੋਜ ਦੀ ਮੰਗ ਕਰਦੀਆਂ ਹਨ, ਜਿਹਨਾਂ ਨੂੰ ਪਾਠਕ ਸਮਝਣਾ ਚਾਹੁੰਦੇ ਹਨ। ਫ਼ਰਜ਼ ਕਰੋ ਲੋਕ ਸਭਾ ਵਿਚ ਆਨੰਦ ਮੈਰਿਜ ਐਕਟ ‘ਤੇ ਬਹਿਸ ਹੋਈ ਤਾਂ ਪਾਠਕ ਚਾਹੇਗਾ ਕਿ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮਿਲੇ। ਇਸਦੇ ਪਾਸ ਹੋਣ ਤੋਂ ਬਾਅਦ ਸਿੱਖ ਕੌਮ ਨੂੰ ਕੀ ਫ਼ਾਇਦਾ ਹੋਵੇਗਾ। ਕੀ ਕਾਰਨ ਹੈ ਕਿ ਆਜ਼ਾਦੀ ਤੋਂ ਬਾਅਦ ਅਜੇ ਤੱਕ ਇਹ ਲਾਗੂ ਨਹੀਂ ਕੀਤਾ ਗਿਆ। ਪਾਠਕ ਦੇ ਮਨ ਵਿਚ ਉੱਠੇ ਅਨੇਕਾਂ ਸਵਾਲਾਂ ਦਾ ਜਵਾਬ ਇਹ ਫ਼ੀਚਰ ਦੇਵੇਗਾ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਵਿਚ ਐਸ. ਵਾਈ. ਐਲ. ਨਹਿਰ ਸਬੰਧੀ ਡੀਨੋਟੀਫ਼ਿਕੇਸ਼ਨ ਵਾਲੇ ਮਤੇ ਬਾਰੇ ਵੀ ਖਬਰ ਦਾ ਵਿਸ਼ਲੇਸ਼ਣ ਕਰਦਾ ਹੋਇਆ ਫ਼ੀਚਰ ਲਿਖਿਆ ਜਾ ਸਕਦਾ ਹੈ। ਬਹੁਤ ਸਾਰੇ ਸਮਾਜਿਕ ਮੁੱਦੇ ਵੀ ਫ਼ੀਚਰ ਦਾ ਵਿਸ਼ਾ ਬਣਦੇ ਹਨ। ਮਿਸਾਲ ਦੇ ਤੌਰ ‘ਤੇ ਅਖਬਾਰ ਵਿਚ ਛਾਪੀ ਇਸ ਖਬਰ ਉਤੇ ਕਿ ਇਕ ਪਿਓ ਨੇ ਆਪਣੀ 16 ਵਰ੍ਹਿਆਂ ਦੀ ਧੀ ਨੂੰ ਇਸ ਕਰਕੇ ਦਾਤੀ ਨਾਲ ਵੱਢ ਦਿੱਤਾ ਕਿਉਂਕਿ ਉਹ ਸਕੂਲੋਂ ਦੇਰ ਨਾਲ ਘਰ ਪਹੁੰਚੀ ਸੀ। ਇਕ ਫ਼ੀਚਰ ਲਿਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਨਵਜੰਮੀ ਬੱਚੀ ਨੂੰ ਰੂੜੀ ਉਤੇ ਸੁੱਟਣ ਵਾਲੀ ਖਬਰ ਉਤੇ ਇਕ ਵਧੀਆ ਸਮਾਜਿਕ ਫ਼ੀਚਰ ਬਣ ਸਕਦਾ ਹੈ। ਵਿਸ਼ਵ ਵਿਚ ਕੁਦਰਤੀ ਆਫ਼ਤਾਂ ਦੌਰਾਨ ਸਿੱਖਾਂ ਵੱਲੋਂ ਲਾਏ ਜਾਂਦੇ ਲੰਗਰ ਉਤੇ ਵੀ ਖੂਬਸੂਰਤ ਫ਼ੀਚਰ ਬਣਾਇਆ ਜਾ ਸਕਦਾ ਹੈ। ਕੈਨੇਡਾ ਵਿਚ ਬਣੇ ਸਿੱਖ ਮੰਤਰੀਆਂ ਦੇ ਹਵਾਲੇ ਨਾਲ  ‘ਸਿੱਖਾਂ ਦੀ ਚੜ੍ਹਤ’ ਉਤੇ ਫ਼ੀਚਰ ਲਿਖਿਆ ਜਾ ਸਕਦਾ ਹੈ। ਬਿਨਾਂ ਹੱਥਾਂ ਵਾਲੀ ਇਕ ਪੇਂਡੂ ਕੁੜੀ ਦੇ ਜੱਜ ਬਣਨ ਵਾਲੀ ਖਬਰ ਇਕ ਪ੍ਰੇਰਨਾਤਮਕ ਫ਼ੀਚਰ ਨੂੰ ਜਨਮ ਦੇ ਦਿੰਦੀ ਹੈ। ਨੁਕਤਾ ਹੈ ਇਹ ਕਿ ਅਖਬਾਰਾਂ ਦੀਆਂ ਖਬਰਾਂ ਵਿਚੋਂ ਅਨੇਕਾਂ ਫ਼ੀਚਰ ਲੱਭੇ ਜਾ ਸਕਦੇ ਹਨ।
ਫ਼ਿਲਮਾਂ ਵੀ ਫ਼ੀਚਰ ਦਾ ਵਿਸ਼ਾ
ਆਮ ਪਾਠਕ ਫ਼ਿਲਮਾਂ ਬਾਰੇ ਜਾਣਕਾਰੀ  ਹਾਸਲ ਕਰਨ ਵਿਚ ਖਾਸੀ ਦਿਲਚਸਪੀ ਰੱਖਦਾ ਹੈ। ਫ਼ਿਲਮਾਂ ਦੀ ਗਲੈਮਰ ਭਰੀ ਦੁਨੀਆਂ ਪਾਠਕਾਂ ਨੂੰ ਖਿੱਚ ਪਾਉਂਦੀ ਹੈ। ਨਵੀਆਂ ਰਿਲੀਜ਼ ਹੋਈਆਂ ਫ਼ਿਲਮਾਂ ਬਾਰੇ ਪਾਠਕਾਂ ਦੀ ਵਿਸ਼ੇਸ਼ ਰੁਚੀ ਹੁੰਦੀ ਹੈ। ਦਿਲਚਸਪ ਢੰਗ ਨਾਲ ਕੀਤੀ ਫ਼ਿਲਮ ਸਮੀਖਿਆ ਵੱਡੀ ਗਿਣਤੀ ਵਿਚ ਪੜ੍ਹੀ ਜਾਂਦੀ ਹੈ। ਫ਼ਿਲਮੀ ਹੀਰੋ ਅਤੇ ਹੀਰੋਇਨਾਂ ਦੀ ਜ਼ਿੰਦਗੀ ਬਾਰੇ ਵੀ ਪਾਠਕ ਖਿੱਚ ਰੱਖਦੇ ਹਨ। ਸੋ ਪਾਠਕਾਂ ਦੀ ਇਸ ਰੁਚੀ ਨੂੰ ਮੁੱਖ ਰੱਖ ਕੇ ਫ਼ਿਲਮਾਂ ਬਾਰੇ ਫ਼ੀਚਰ ਲਿਖਿਆ ਜਾ ਸਕਦਾ ਹੈ। ਜਦੋਂ ਵੀ ਤੁਸੀਂ ਫ਼ਿਲਮ ਦੇਖੋ ਤਾਂ ਉਸਦੀ ਕਹਾਣੀ, ਥੀਮ, ਡਾਇਰੈਕਸ਼ਨ, ਐਕਟਿੰਗ ਅਤੇ ਸੰਗੀਤ ਆਦਿ ਨੂੰ ਚੰਗੀ ਤਰ੍ਹਾਂ ਵਾਚੋ। ਫ਼ਿਲਮ ਨੂੰ ਆਮ ਪਾਠਕ ਦੀ ਤਰ੍ਹਾਂ ਨਾ ਵੇਖੋ ਸਗੋਂ ਇਕ ਸਮੀਖਿਅਕ ਦੀ ਤਰ੍ਹਾਂ ਵੇਖੋ। ਫ਼ਰਜ਼ ਕਰੋ ਤੁਸੀਂ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ‘ਲਵ ਪੰਜਾਬ’ ਵੇਖੀ ਹੈ ਤਾਂ ਤੁਸੀਂ ਇਕ ਵਧੀਆ ਫ਼ੀਚਰ ਲਿਖ ਸਕਦੇ ਹੋ। ਤੁਸੀਂ ਕਹਿ ਸਕਦੇ  ਹੋ ਅੰਗਰੇਜ਼ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਅਮਰਿੰਦਰ ਗਿੱਲ ‘ਲਵ ਪੰਜਾਬ’ ਵਿਚ ਵੀ ਸਫ਼ਲਤਾ ਦੇ ਝੰਡੇ ਗੱਡਣ ਵਿਚ ਕਾਮਯਾਬ ਰਿਹਾ। ਫ਼ਿਲਮ ਦੀ ਨਾਇਕਾ ਸਰਗੁਣ ਮਹਿਤਾ ਵੀ ਠੀਕ ਰਹੀ। ਫ਼ਿਲਮ ਨੇ ਕੈਨੇਡਾ ਵਿਚ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਪੇਸ਼ ਕਰਦੇ ਹੋਏ ਕੈਨੇਡਾ ਵਿਚ ਵੱਧ ਰਹੇ ਤਲਾਕ ਦੇ ਕੇਸਾਂ ਨੂੰ ਪੇਸ਼ ਕੀਤਾ ਹੈ। ਇਉਂ ਤੁਸੀਂ ਆਪਣੇ ਫ਼ੀਚਰ ਵਿਚ ਦੱਸ ਸਕਦੇ ਹੋ  ਕਿ ਫ਼ਿਲਮ ਚੰਗੀ ਹੈ, ਮੰਦੀ ਹੈ, ਬਾਕਸ ਆਫ਼ਿਸ ‘ਤੇ ਕਿੰਨੀ ਕਮਾਈ ਕਰ ਰਹੀ ਹੈ। ਗਾਣੇ ਅਤੇ ਸੰਗੀਤ ਕਿਹੋ ਜਿਹਾ ਲੱਗਿਆ। ਕਿਹੜਾ ਅਦਾਕਾਰ ਸਫ਼ਲ ਹੈ ਅਤੇ ਕਿਹੜਾ ਅਸਫ਼ਲ। ਅਜਿਹੇ ਅਨੇਕਾਂ ਸਵਾਲਾਂ ਦੇ ਜਵਾਬ ਤੁਹਾਡਾ ਫ਼ੀਚਰ ਦੇ ਸਕਦਾ ਹੈ।
ਯਾਤਰਾ ਬਿਰਤਾਂਤ
ਆਧੁਨਿਕ ਸਮੇਂ ਵਿਚ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਕਾਰਨ ਮਨੁੱਖ ਵਧੇਰੇ ਗਤੀਸ਼ੀਲ ਹੋ ਗਿਆ ਹੈ ਅਤੇ ਉਸ ਵਿਚ ਵੱਖ-ਵੱਖ ਥਾਵਾਂ ਨੂੰ ਜਾਨਣ ਦੀ ਇੱਛਾ ਵੱਧ ਗਈ ਹੈ। ਇਸ ਕਾਰਨ ਕਈ ਅਖਬਾਰਾਂ ਵਿਚ ਯਾਤਰਾ ਬਿਰਤਾਂਤ ਇਕ ਸਥਾਈ ਫ਼ੀਚਰ ਦੇ ਤੌਰ ‘ਤੇ ਛਪ ਰਹੇ ਹਨ। ਇਸ ਤਰ੍ਹਾਂ ਦੇ ਫ਼ੀਚਰਾਂ ਵਿਚ ਜਿੱਥੇ ਯਾਤਰਾ ਦੇ ਬਿਰਤਾਂਤ ਨੂੰ ਦਿਲਚਸਪ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਉਥੇ ਇਤਿਹਾਸਕ ਸਥਾਨਾਂ, ਸ਼ਹਿਰਾਂ ਅਤੇ ਥਾਵਾਂ ਬਾਰੇ ਜਾਣਕਾਰੀ ਪਾਠਕਾਂ ਨੂੰ ਪ੍ਰਾਪਤ ਹੁੰਦੀ ਹੈ। ਉਦਾਹਰਣ ਵਜੋਂ ਮੈਂ ਵਿਕਟੋਰੀਆ ਬਾਰੇ ਲਿਖਿਆ ਸੀ ”ਸੈਰ ਸ਼ਹਿਰ ਵਿਕਟੋਰੀਆ ਦੀ”। ਇਸ ਵਿਚ ਮੈਂ ਲਿਖਿਆ ਵਿਕਟੋਰੀਆ ਵਿਚ ਬੜਾ ਕੁਝ ਵੇਖਣ ਵਾਲਾ ਹੈ। ਬੁਚਾਰਟ ਗਾਰਡਨ ਹੈ, ਪਾਰਲੀਮੈਂਟ ਹਾਊਸ ਹੈ, ਮਿਊਜ਼ੀਅਮ ਹੈ, ਸਮੁੰਦਰ ਦੇ ਹੇਠਾਂ ਬਣਿਆ ਮਿਊਜ਼ੀਅਮ, ਵੈਕਸ ਮਿਊਜ਼ੀਅਮ ਵਿਚ ਬਣੇ ਮੋਮ ਦੇ ਬੁੱਤ ਵੀ ਵੇਖਣ ਵਾਲੇ ਹਨ। ਤੁਸੀਂ ਦੱਸੋ ਪਹਿਲਾਂ ਕਿੱਧਰ ਚੱਲੀਏ।” ਦਰਸ਼ਨ ਗਿੱਲ ਕਾਰ ਵਿਚ ਬੈਠਣ ਸਾਰ ਪੁੱਛਣ ਲੱਗਾ।
”ਗੁਰਦੁਆਰਾ ਸਾਹਿਬ ਚੱਲੋ, ਪਹਿਲਾਂ ਤਾਂ” ਮੇਰੀ ਦਿਲਚਸਪੀ ਇਸ ਖੂਬਸੂਰਤ ਸ਼ਹਿਰ ਵਿਚ ਬਣੇ ਗੁਰੂ ਘਰ ਦੇ ਦਰਸ਼ਨ ਕਰਨ ਦੀ ਸੀ। ਪਹਿਲਾਂ ਗੱਲਾਂ ਗੱਲਾਂ ਵਿਚ ਦਰਸ਼ਨ ਗਿੱਲ ਦੱਸ ਚੁੱਕਾ ਸੀ ਕਿ ਉਹ ਵੀ ਗੁਰਦੁਆਰਾ ਕਮੇਟੀ ਦਾ ਮੈਂਬਰ ਰਹਿ ਚੁੱਕਾ ਸੀ।
ਦਰਸ਼ਨ ਨੇ ਕਾਰ ਗੁਰਦੁਆਰਾ ਸਾਹਿਬ ਵੱਲ ਨੂੰ ਮੋੜ ਲਈ ਅਤੇ ਨਾਲ ਨਾਲ ਗੁਰੂ ਘਰ ਦੇ ਇਤਿਹਾਸ ਬਾਰੇ ਦੱਸਣ ਲੱਗਾ। ਮੈਨੂੰ ਹੈਰਾਨੀ ਹੋਈ ਕਿ ਕਿਸੇ ਸਮੇਂ ਇੱਥੇ ਨੰਗੇ ਸਿਰ ਜਾਣ ਦੀ ਆਗਿਆ ਸੀ। ਵਿਕਟੋਰੀਆ ਵਰਗੇ ਸ਼ਹਿਰ ਵਿਚ ਇੰਨਾ ਖੂਬਸੂਰਤ ਗੁਰੂ ਘਰ ਵੇਖ ਕੇ ਮੇਰਾ ਮਨ ਪ੍ਰਸੰਨਤਾ ਦੇ ਨਾਲ ਨਾਲ ਸਿੱਖੀ ਚੜ੍ਹਤ ਵੇਖ ਕੇ ਗਦ ਗਦ ਹੋ ਗਿਆ।
”ਚਲੋ, ਹੁਣ ਤੁਹਾਨੂੰ ਜ਼ੀਰੋ ਆਇਲਜ਼ ਦਾ ਪੱਥਰ ਦਿਖਾਉਂਦੇ ਹਾਂ” ਦਰਸ਼ਨ ਨੇ ਕਾਰ ਸਟਾਰਟ ਕਰਦੇ ਹੋਏ ਕਿਹਾ। ਉਂਝ ਤੁਹਾਡੇ ਕਲ ਟਾਈਮ ਘੱਟ ਹੈ, ਇੱਥੇ ਦੇਖਣ ਨੂੰ ਬਹੁਤ ਕੁਝ ਹੈ। ਇਹ ਸ਼ਹਿਰ ਦੁਨੀਆਂ ਦਾ ਪ੍ਰਸਿੱਧ ਟੂਰਿਸਟ ਸੈਂਟਰ ਹੈ। ਇਹ ਛੋਟਾ ਜਿਹਾ ਸ਼ਹਿਰ ਸਿਰਫ਼ 20 ਵਰਗ ਕਿਲੋਮੀਟਰ ਵਿਚ ਵੱਸਿਆ ਹੋਇਆ ਹੈ। ਇੱਥੇ ਹਰ ਵਰ੍ਹੇ ਤਕਰੀਬਨ 37 ਲੱਖ ਟੂਰਿਸਟ ਆਉਂਦੇ ਹਨ। ਵਿਕਟੋਰੀਆ ਦੀ ਆਮਦਨ ਦਾ ਮੁੱਖ ਸਰੋਤ ਟੂਰਿਜ਼ਮ ਹੈ। ਵਿਕਟੋਰੀਆ ਗਰੂਇਜ਼ਸ਼ਿਪ ਪੋਸਟ ਹੈ। ਇੱਥੇ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਥੀਏਟਰ, ਰੈਸਟੋਰੈਂਟ, ਪੱਬ ਅਤੇ ਨਾਈਟ ਕਲੱਬਾਂ  ਹਨ। ਇੱਥੇ ਹਰ ਦਿਨ ਕੋਈ ਨਾ ਕੋਈ ਸਮਾਰੋਹ ਹੁੰਦੇ ਰਹਿੰਦੇ ਹਨ। ਕੈਨੇਡਾ ਦੀ ਆਤਿਸ਼ਬਾਜ਼ੀ ਵੇਖਣਯੋਗ ਹੁੰਦੀ ਹੈ। 1994 ਦੀਆਂ ਕਾਮਨਵੈਲਥ ਗੇਮਜ਼ ਇੱਥੇ ਹੀ ਹੋਈਆਂ ਸਨ। ਸਾਈਕਲ ਰੇਸ ਵੀ ਹਰ ਵਰ੍ਹੇ ਹੁੰਦੀ ਹੈ।
ਇਉਂ ਯਾਤਰਾ ਬਿਰਤਾਂਤ ਵਿਕਟੋਰੀਆ ਸੈਰ ਬਾਰੇ ਨਿੱਗਰ ਜਾਣਕਾਰੀ ਦੇ ਰਿਹਾ ਹੈ। ਇਸ ਤਰ੍ਹਾਂ ਫ਼ੀਚਰਾਂ ਵਿਚ ਉਹੀ ਫ਼ੀਚਰ ਵਧੀਆ ਤੇ ਸਫ਼ਲ ਫ਼ੀਚਰ ਮੰਨਿਆ ਜਾਂਦਾ ਹੈ ਜੋ ਜਾਣਕਾਰੀ ਨੂੰ ਅਜਿਹੇ ਦਿਲਚਸਪ ਢੰਗ ਨਾਲ ਪੇਸ਼ ਕਰਦਾ ਹੈ ਕਿ ਪਾਠਕ ਉਸਨੂੰ ਮੁੱਢ ਤੋਂ ਅੰਤ ਤੱਕ ਪੜ੍ਹ ਕੇ ਹੀ ਦਮ ਲੈਂਦਾ ਹੈ। ਇੱਥੇ ਵੀ ਨੂਕਤਾ ਸਪਸ਼ਟ ਹੈ ਕਿ ਦੁਨੀਆਂ ਦੇ ਕਿਸੇ ਸ਼ਹਿਰ ਦੀ ਯਾਤਰਾ ਕਰਨ ਸਮੇਂ ਉਥੋਂ ਦੇ ਇਤਿਹਾਸ, ਜੋਗਰਾਫ਼ੀਏ, ਪ੍ਰਸਿੱਧ ਥਾਵਾਂ ਅਤੇ ਸਭਿਆਚਾਰ ਆਦਿ ਬਾਰੇ ਵੱਧ ਤੋਂ ਵੱਧ ਜਾਣਕਾਰੀ ਲਵੋ। ਇਸ ਕੰਮ ਵਿਚ ਗੂਗਲ ਵੀ ਤੁਹਾਡੀ ਸਹਾਇਤਾ ਕਰ ਸਕਦਾ ਹੈ। ਇਉਂ ਤੁਸੀਂ ਇਕ ਚੰਗਾ ਬਿਰਤਾਂਤ ਫ਼ੀਚਰ ਲਿਖਣ ਵਿਚ ਕਾਮਯਾਬ ਹੋ ਸਕਦੇ ਹੋ।
ਇਸੇ ਤਰ੍ਹਾਂ ਰੇਖਾ-ਚਿੱਤਰ, ਮਾਨਵੀ ਦਿਲਚਸਪੀ ਫ਼ੀਚਰ, ਇਤਿਹਾਸਕ ਫ਼ੀਚਰ ਅਤੇ ਵਿਗਿਆਨਕ ਫ਼ੀਚਰ ਆਦਿ ਲਿਖੇ ਜਾ ਸਕਦੇ ਹਨ।
ਫ਼ੀਚਰ ਲਿਖਣ ਸਮੇਂ ਕੲ. ਵਾਰ ਲੇਖਕ ਆਪਣੇ ਤਜਰਬੇ ਪਾਠਕਾਂ ਨਾਲ ਸਾਂਝੇ ਕਰਦਾ ਹੈ। ਲੇਖਕ ਆਪਣੇ ਅਨੁਭਵ ਦੇ ਆਧਾਰ ‘ਤੇ ਲਿਖੇ ਗਏ ਫ਼ੀਚਰ ਮਿਡਲ ਅਖਵਾਉਂਦੇ ਹਨ। ਮਿਡਲ ਫ਼ੀਚਰਾਂ ਵਿਚ ਲੇਖਕਾਂ ਦੀ ਅਨੁਭੂਤੀ ਅਤੇ ਨਿਜੀ ਤਜਰਬਿਆਂ ਦਾ ਵਰਣਨ ਕੀਤਾ ਹੁੰਦਾ ਹੈ। ਇਸੇ ਤਰ੍ਹਾਂ ਵਿਚਾਰ ਟੋਟੇ (ਥਿੰਕ ਪੀਸ) ਵੀ ਲਿਖੇ ਜਾ ਸਕਦੇ ਹਨ। ਇਸ ਲੇਖ ਦਾ ਮੰਤਵ ਪਾਠਕਾਂ ਨੂੰ ਫ਼ੀਚਰ ਲਿਖਣ ਸਬੰਧੀ ਕੁਝ ਨੁਕਤੇ ਪੇਸ਼ ਕਰਨਾ ਸੀ। ਆਸ ਹੈ ਕਿ ਤੁਸੀਂ ਉਕਤ ਨੁਕਤਿਆਂ ਨੂੰ ਸਮਝਦੇ ਹੋਏ ਵਧੀਆ ਫ਼ੀਚਰ ਲਿਖਣ ਦੇ ਕਾਬਲ ਬਣੋਗੇ। ਫ਼ੀਚਰ ਲਿਖਣ ਸਬੰਧੀ ਕੁਝ ਹੋਰ ਜਾਣਕਾਰੀ ਫ਼ਿਰ ਕਦੇ ਦੇਵਾਂਗਾ।

ਫ਼ੀਚਰ ਲਿਖੋ ਅਤੇ ਪੱਤਰਕਾਰ ਬਣੋ

downloadਜੇ ਤੁਸੀਂ ਪੱਤਰਕਾਰੀ ਵਿੱਚ ਨਾਮ ਬਣਾਉਣ ਦਾ ਸੁਪਨਾ ਲੈ ਲਿਆ ਹੈ, ਜੇ ਤੁਸੀਂ ਫ਼ਰੀਲਾਂਸ ਪੱਤਰਕਾਰੀ ਕਰਨ ਦਾ ਫ਼ੈਸਲਾ ਕਰ ਲਿਆ ਹੈ। ਜੇ ਤੁਸੀਂ ਦੁਨੀਾਂ ਨਾਲ ਸ਼ਬਦਾਂ ਦੀ ਸਾਝ ਪਾਉਣਾ ਚਾਹੁੰਦੇ ਹੋ। ਜੇ ਤੁਸੀਂ ਪੱਤਰਕਾਰੀ ਨੂੰ ਪੇਸ਼ੇ ਵਜੋਂ ਅਪਣਾਉਣਾ ਚਾਹੁੰਦੇ ਹੋ। ਜੇ ਤੁਸੀਂ ਪੱਤਰਕਾਰੀ ਨੂੰ ਸ਼ੁਗਲ ਵਜੋਂ ਲੈਣਾ ਚਾਹੁੰਦੇ ਹੋ। ਜੇ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਆਪਣੀ ਜ਼ਿੰਦਗੀ ਦੀ ਦੂਜੀ ਪਾਰੀ ਕਲਮ ਨਾਲ ਖੇਡਣਾ ਚਾਹੁੰਦੇ ਹੋ ਜੇ ਤੁਹਾਡੇ ਅੰਦਰ ਕੁਝ ਵਿੱਚਾਰ ਕਰਵਟ ਲੈ ਰਹੇ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜ਼ਿਹਨ ਦੇ ਵਿੱਚ ਕੁਝ ਅਜਿਹਾ ਹੈ ਜੋ ਦੁਨੀਆਂ ਬਦਲ ਸਕਦਾ ਹੈ। ਜੇ ਤੁਸੀਂ ਦੁਨੀਆਂ ਨੂੰ ਕੁਝ ਨਵਾਂ ਦੇਣਾ ਚਾਹੁੰਦੇ ਹੋ। ਜੇ ਤੁਸੀਂ ਮਾਰਗ ਦਰਸ਼ਕ ਬਣਨਾ ਚਾਹੁੰਦੇ ਹੋ। ਜੇ ਤੁਸੀਂ ਦੂਨੀਆਂ ਦਾ ਮਨੋਰੰਜਨ ਕਰਨ ਦੀ ਰੀਝ ਰੱਖਦੇ ਹੋ ਤਾਂ ਫ਼ੀਚਰ ਲੇਖਨ ਵਿੱਚ ਮੁਹਾਰਤ ਹਾਸਲ ਕਰੋ।
ਫ਼ੀਚਰ ਪੱਤਰਕਾਰੀ ਦੀ ਇਕ ਅਜਿਹੀ ਵਿਧਾ ਹੈ, ਅਜਿਹੀ ਕਿਸਮ ਹੈ, ਜਿਸ ਨਾਲ ਤੁਸੀਂ ਪੱਤਰਕਾਰੀ ਦੇ ਖੇਤਰ ਵਿੱਚ ਦਾਖਲਾ ਵੀ ਲੈ ਸਕਦ ਹੋ ਅਤੇ ਨਾਮ ਵੀ ਬਣਾ ਸਕਦੇ ਹੋ। ਇਹ ਵਿਧਾ ਪੱਤਰਕਾਰੀ ਦੇ ਖੇਤਰ ਵਿੱਚ ਦਾਖਲਾ ਲੈਣ ਦੇ ਚਾਹਵਾਨ ਸਿਖਾਂਦਰੂਆਂ ਲਈ ਅਤੇ ਵਰ੍ਹਿਆਂ ਤੋਂ ਕਾਰਜ਼ਸ਼ੀਲ ਤਜਰਬੇਕਾਰ ਪੱਤਰਕਾਰਾਂ ਲਈ ਇਕੋ ਜਿਹੀ ਮਹੱਤਤਾ ਰੱਖਦੀ ਹੈ।
ਫ਼ੀਚਰ ਕੀ ਹੈ
ਫ਼ੀਚਰ ਆਧੁਨਿਕ ਲੇਖਣ ਵਿਧਾ ਹੈ, ਜੋ ਪੱਤਰਕਾਰੀ ਦੇ ਖੇਤਰ ਵਿੱਚ ਵਿਕਸਤ, ਪ੍ਰਫ਼ੁੱਲਿਤ ਅਤੇ ਪ੍ਰਵਾਨ ਚੜ੍ਹੀ। ਅਖਬਾਰਾਂ ਵਿੱਚ ਖਬਰਾਂ, ਸੰਪਾਦਕੀ ਲ ੇਖ, ਆਰਟੀਕਲ ਅਤੇ ਫ਼ੀਚਰ ਛਪਦੇ ਹਨ। ਪੱਤਰਕਾਰੀ ਵਿੱਚ ਫ਼ੀਚਰ ਆਪਣੇ ਵੱਖਰੇ ਅਰਥ ਰੱਖਦਾ ਹੈ। ਸ਼ਬਦਕੋਸ਼ ਵਿੱਚ ਫ਼ੀਚਰ ਦਾ ਅਰਥ ਲੇਖ ਜਾਂ ਆਰਟੀਕਲ ਹੈ ਪਰ ਪੱਤਰਕਾਰੀ ਵਿੱਚ ਫ਼ੀਚਰ ਆਰਟੀਕਲ ਨਾਲੋਂ ਅਲੱਗ ਅਰਥਾਂ ਦਾ ਮਾਲਕ ਹੈ। ਜੇ ਤੁਸੀਂ ਅੰਗਰੇਜ਼ੀ-ਪੰਜਾਬੀ ਅਰਥਕੋਸ਼ ਜਾਂ ਡਿਕਸ਼ਨਰੀ ਨੂੰ ਵੇਖੋਗੇ ਤਾਂ ਪਹਿਲੀ ਨਜ਼ਰੇ ਫ਼ੀਚਰ ਜਾਂ ਆਰਟੀਕਲ ਵਿੱਚ ਕੋਈ ਫ਼ਰਕ ਨਜ਼ਰ ਨਹੀਂ ਆਵੇਗਾ। ਇੱਥੇ ਫ਼ੀਚਰ ਨੂੰ ਇਕ ਲੇਖ ਜਾਂ ਨਿਬੰਧ ਮੰਨਿਆ ਗਿਆ ਹੈ। ਪੱਤਰਕਾਰਿਤਾ ਲਿਖਤਾਂ ਵਿੱਚ ਫ਼ੀਚਰ ਇਕ ਲੇਖ ਤਾਂ ਹੈ ਪਰ ਇਕ ਹਲਕਾ ਫ਼ੁਲਕ ਲੇਖ, ਇਕ ਛੋਟਾ ਲੇਖ ਅਤੇ ਇਕ ਲਿਖਤੀ ਟੁਕੜਾ ਹੈ। ਸੋ ਗੱਲ  ਸਪਸ਼ਟ ਹੋ ਜਾਂਦੀ ਹੈ ਕਿ ਪੱਤਰਕਾਰੀ ਵਿੱਚ ਛੋਟੇ ਲੇਖ, ਹਲਕੇ-ਫ਼ੁਲਕੇ ਲੇਖ ਅਤੇ ਛੋਟੇ ਲਿਖਤੀ ਟੁਕੜੇ ਨੂੰ ਫ਼ੀਚਰ ਕਿਹਾ ਜਾਂਦਾ ਹੈ। ਉਂਝ ਫ਼ੀਚਰ ਸ਼ਬਦ ਲਾਤਿਨੀ ਭਾਸ਼ਾ ਦੇ ਸ਼ਬਦ Factura ਤੋਂ ਬਣਿਆ ਹੈ। ਹਿੰਦੀ ਦੇ ਕੁਝ ਵਿਦਵਾਨ ਫ਼ੀਚਰ ਨੂੰ ਰੂਪਕ ਵੀ ਕਹਿੰਦੇ ਹਨ। ਪੰਜਾਬੀ ਵਿੱਚ ਵੀ ਰੇਡੀਓ ਪੱਤਰਕਾਰੀ ਵਿੱਚ ਫ਼ੀਰ ਦੀ ਥਾਂ ‘ਤੇ ਸ਼ਬਦ ਰੂਪਕ ਪ੍ਰਚੱਲਿਤ ਹੈ। ਫ਼ੀਚਰ ਜਾਂ ਰੂਪਕ ਵੱਖ ਵੱਖ ਸੰਦਰਭਾਂ ਵਿੱਚ ਆਪਣਾ ਵੱਖਰਾ ਅਤੇ ਵਿਸ਼ਿਸ਼ਟ ਅਰਥ ਪ੍ਰਦਾਨ ਕਰਦੇ ਹਨ। ਪੱਤਰਕਾਰੀ ਵਿੱਚ ਫ਼ੀਚਰ ਦਾ ਮਤਲਬ ਅਖਬਾਰਾਂ ਵਿੱਚ ਪ੍ਰਕਾਸ਼ਿਤ ਉਹਨਾਂ ਵਿਸ਼ੇਸ਼ ਲੇਖਾਂ ਤੋਂ ਹੁੰਦਾ ਹੈ ਜੋ ਗੰਭੀਰ ਜਾਂ ਹਲਕੇ ਫ਼ੁਲਕੇ ਕਿਸੇ ਵੀ ਵਿਸ਼ੇ ਉਤੇ ਪ੍ਰਕਾਸ਼ਿਤ ਹੁੰਦੇ ਹਨ ਅਤੇ ਇਹ ਲੇਖ ਆਪਣੇ ਪਾਠਕਾਂ ਨੂੰ ਆਨੰਦ ਅਤੇ ਪ੍ਰਫ਼ੁੱਲਤਾ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੇ ਹੁੰਦੇ ਹਨ।
ਫ਼ੀਚਰ ਸ਼ੈਲੀ, ਭਾਸ਼ਾ, ਲੰਬਾਈ, ਸੁਝਾਅ ਅਤੇ ਵਿਸ਼ੇ ਦੇ ਆਧਾਰ ‘ਤੇ ਖਬਰ ਅਤੇ ਆਰਟੀਕਲ ਨਾਲੋਂ ਪੂਰੀ ਤਰ੍ਹਾਂ ਵੱਖਰਾ ਹੁੰਦਾ ਹੈ। ਫ਼ੀਚਰ ਕਾਲਪਨਿਕਤਾ ਨੂੰ ਅਪਣਾਉਂਦੇ ਹੋਏ ਭਾਵਾਂ ਨੂੰ ਅਭਿਵਿਅਕਤ ਕਰਨ ਦੇ ਸਮਰੱਥ ਹੁੰਦਾ ਹੈ। ਇਹ ਤੱਥਮੁਖੀ ਹੁੰਦਾ ਹੋਇਆ ਵੀ ਕਹਾਣੀ ਅਤੇ ਰੇਖਾ ਚਿੱਤਰ ਵਰਗੀਆਂ ਸਾਹਿਤਕ ਵਿਧਾਵਾਂ ਵਾਂਗ ਪਾਠਕਾਂ ਦਾ ਮਨੋਰੰਜਨ ਕਰਨ ਯੋਗ ਹੁੰਦਾ ਹੈ। ਬਹੁਤੀਆਂ ਅਖਬਾਰਾਂ ਰੋਜ਼ਾਨਾ ਇਕ ਮਿਡਲ ਛਾਪਦੀਆਂ ਹਨ। ਜਿਵੇਂ ਨਾਮ ਤੋਂ ਹੀ ਸਪਸ਼ਟ ਹੈ ਇਹ ਫ਼ੀਚਰ ਸੰਪਾਦਕੀ ਪੰਨੇ ‘ਤੇ ਮੁੱਖ ਲੇਖ ਅਤੇ ਸੰਪਾਦਕ ਦੇ ਨਾਮ ਚਿੱਠੀਆਂ ਦੇ ਦਰਮਿਆਨ ਛਾਪਿਆ ਜਾਂਦਾ ਹੈ। ਮਿਡਲ ਲੇਖ ਨਾਟਕੀ ਕਿਸਮ ਦੀ ਸ਼ੈਲੀ ਵਿੱਚ ਲਿਖੇ ਜਾਂਦੇ ਹਨ ਅਤੇ ਆਮ ਤੌਰ ਤੇ ਲੇਖਕ ਦੇ ਨਿੱਜੀ ਅਨੁਭਵ ਨੂੰ ਪ੍ਰਗਟ ਕਰਦੇ ਹਨ।
ਫ਼ੀਚਰ ਨੂੰ ਸਮਝਣ ਲਈ ਕੁਝ ਹੋਰ ਨੁਕਤੇ
ਫ਼ੀਚਰ ਦੇ ਜਜ਼ਬੇ ਜਾਂ ਆਵੇਗ ਨੂੰ ਪ੍ਰਗਟ ਕਰਨ ਦਾ ਕੰਮ ਕਰਦਾ ਹੈ। ਇਕ ਫ਼ੀਚਰ ਪਾਠਕ ਨੂੰ ਕੁਝ ਨਾ ਕੁਝ ਜ਼ਰੂਰ ਦਿੰਦਾ ਹੈ। ਪ੍ਰੇਰਿਤ ਕਰ ਸਕਦਾ ਹੈ, ਹਸਾ ਸਕਦਾ ਹੈ, ਰੁਆ ਸਕਦਾ ਹੈ, ਮਿੱਤਰਤਾ ਦੇ ਭਾਵ ਪੈਦਾ ਕਰ ਸਕਦਾ ਹੈ। ਨਿੱਘ ਪੈਦਾ ਕਰ ਸਕਦਾ ਹੈ, ਤਰਸ ਦਾ ਭਾਵ ਪੈਦਾ ਕਰਨ ਦੇ ਸਮਰੱਥ ਹੁੰਦਾ ਹੈ। ਉਪਹਾਸ ਅਤੇ ਤ੍ਰਿਸਕਾਰ ਦਾ ਜਜ਼ਬਾ ਪੈਦਾ ਕਰ ਸਕਦਾ ਹੈ। ਗੱਲ ਕੀ ਫ਼ੀਚਰ ਪਾਠਕਾਂ ਲਈ ਕੋਈ ਨਾ ਕੋਈ ਜਜ਼ਬਾ ਪੈਦਾ ਕਰਦਾ ਹੈ। ਫ਼ੀਚਰ ਸਿਰਫ਼ ਤੱਥਾਂ ਨੂੰ ਹੀ ਨਹੀਂ ਪੇਸ਼ ਕਰਦਾ ਸਗੋਂ ਤੱਥਾਂ ਦੀ ਵਿਆਖਿਆ ਕਰਦਾ ਹੈ, ਵਿਸ਼ਲੇਸ਼ਣ ਕਰਦਾ ਹੈ, ਪੜਚੋਲ ਕਰਦਾ ਹੈ ਅਤੇ ਟਿੱਪਣੀ ਕਰਦਾ ਹੈ। ਫ਼ੀਚਰ ਲੇਖਕ ਪਾਠਕਾਂ ਨੂੰ ਸੁਝਾਅ ਅਤੇ ਸਲਾਹ ਵੀ ਦਿੰਦਾ ਹੈ। ਮੌਸਮ ਅਤ ਜੀਵਨ ਮਾਰੂ ਬਿਮਾਰੀਆਂ ਬਾਰੇ ਜਾਗਰੂਕ ਵੀ ਕਰਦਾ ਹੈ। ਚੰਗੇ ਫ਼ੀਚਰ ਲੇਖਕ ਆਪਣੀਆਂ ਦਲੀਲਾਂ ਅਤੇ ਤਰਕ ਨਾਲ ਸਿਆਸੀ ਭਵਿੱਖਬਾਣੀਆਂ ਵੀ ਕਰਦੇ ਹਨ। ਸਿਆਸੀ ਪਾਰਟੀਆਂ ਦੀਆਂ ਚਾਲਾਂ ਬਾਰੇ ਪਾਠਕਾਂ ਨੂੰ ਚੇਤੰਨ ਕਰਨ ਦੇ ਨਾਲ ਨਾਲ ਸਹੀ ਨੇਤਾਵਾਂ ਦੀ ਚੋਣ ਕਰਨ ਦੀ ਸਲਾਹ ਵੀ ਦੇ ਜਾਂਦੇ ਹਨ।
ਆਮ ਤੌਰ ਤੇ ਫ਼ੀਚਰ ਸੁਭਾਅ ਵਜੋਂ ਜ਼ਿਆਦਾ ਗੰਭੀਰ ਨਹੀਂ ਹੁੰਦਾ ਸਗੋਂ ਇਕ ਹਲਕਾ ਫ਼ੁਲਕਾ ਲੇਖ ਹੁੰਦਾ ਹੈ।
ਫ਼ੀਚਰ ਲਿਖਣ ਲਈ ਖਬਰ ਵਾਂਗ ਕੋਈ ਖਾਸ ਸ਼ੈਲੀ ਅਪਣਾਉਣ ਦੀ ਬਜਾੲ ਫ਼ੀਚਰ ਲੇਖਕ ਆਪਣੀ ਮਰਜ਼ੀ, ਆਪਣੇ ਸੁਭਾਅ ਅਤੇ ਆਪਣੇ ਅੰਦਾਜ਼ ਵਿੱਚ ਫ਼ੀਚਰ ਲਿਖ ਸਕਦਾ ਹੈ। ਖਬਰ ਲਿਖਣ ਦਾ ਇਕ ਵੱਖਰਾ ਤਰੀਕਾ ਹੈ, ਜਿਸ ਵਿੱਚ ਹੈਡਲਾਈਨ, ਡੇਟਲਾਈਨ, ਲੀਡ ਅਤੇ ਟੇਲ ਆਦਿ ਹੁੰਦੇ ਹਨ। ਖਬਰ ਉਤਮ ਪੁਰਖ (ਜਗਤਵ ਸ਼ਕਗਤਰਅ) ਵਿੱਚ ਨਹੀਂ ਲਿਖੀ ਜਾਂਦੀ ਪਰ ਫ਼ੀਚਰ ਲੇਖਕ ਨੂੰ ਇਸ ਕਿਸਮ ਦੀ ਕੋਈ ਬੰਦਿਸ਼ ਨਹੀਂ ਹੁੰਦੀ। ਇਸ ਤਰ੍ਹਾਂ ਖਬਰ ਤੱਥਮੁਖੀ ਹੁੰਦੀ ਹੈ ਪਰ ਫ਼ੀਚਰ ਵਿੱਚ ਲੇਖਕ ਆਪਣੀ ਕਲਪਨਾ ਦੀ ਵਰਤੋਂ ਕਰ ਸਕਦਾ ਹੈ।ਫ਼ੀਚਰ ਆਰਟੀਕਲ ਵਾਂਗ ਲੰਮਾ ਅਤੇ ਤੱਥ ਭਰਪੂਰ ਨਹੀਂ ਹੁੰਦਾ ਸਗੋਂ ਛੋਟਾ ਅਤੇ ਕਈ ਵਾਰ ਕਾਲਪਨਿਕ ਜਾਂ ਕਲਪਨਾ ਅਤੇ ਤੱਥਾਂ ਦੇ ਰਲਾਅ ਵਿੱਚੋਂ ਨਿਕਲਦਾ ਹੈ।
ਮਿਡਲ ਫ਼ੀਚਰ ਦੀ ਇਕ ਅਜਿਹੀ ਕਿਸਮ ਹੈ ਜੋ ਲੇਖਕ ਦੇ ਨਿੱਜੀ ਤਜਰਬੇ ਨੂੰ ਬਿਆਨ ਕਰਦੀ ਹੈ।
ਫ਼ੀਚਰ ਦੀ ਭਾਸ਼ਾ ਵੀ ਜ਼ਰੂਰੀ ਨਹੀਂ ਖਬਰ ਵਾਂਗ ਸਧਾਨ ਅਤੇ ਆਮ ਬੋਲ-ਚਾਲ ਵਾਲੀ ਹੋਵੇ ਸਗੋਂ ਬਹੁਤੀ ਵਾਰ ਫ਼ੀਚਰ ਸਾਹਿਤਕ ਅਤੇ ਲੱਛੇਦਾਰ ਭਾਸ਼ਾ ਵਿੱਚ ਲਿਖੇ ਜਾਂਦੇ ਹਨ।
ਰੋਚਕ ਵਿਸ਼ੇ ਦਾ  ਆਕਰਸ਼ਿਕ, ਵਿਆਪਕ ਅਤੇ ਦਿਲਚਸਪ ਪ੍ਰਸਤੁਤੀਕਰਨ ਹੀ ਫ਼ੀਚਰ ਹੈ। ਇਸ ਦਾ ਮੰਤਵ ਮਨੋਰੰਜਨ ਕਰਨਾ, ਸੂਚਨਾ ਦੇਣਾ ਅਤੇ ਲੋਕਾਂ ਦਾ ਮਾਰਗ ਦਰਸ਼ਨ ਕਰਨਾ ਹੁੰਦਾ ਹੈ।
ਫ਼ੀਚਰ ਜ਼ਿੰਦਗੀ ਦੇ ਪ੍ਰਤੀ ਇਕ ਨਵੇਂ ਦ੍ਰਿਸ਼ਟੀਕੋਣ, ਰੋਜ਼ਾਨਾ ਜੀਵਨ ਦੀ ਵਿਯੋਗਮਈ ਸਥਿਤੀ, ਉਦਾਸੀ, ਖੁਸ਼ੀ ਅਤੇ ਦੁੱਖ ਆਦਿ ਨੂੰ ਮੂਲ ਰੂਪ ਵਿੱਚ ਗ੍ਰਹਿਣ ਕਰਕੇ ਉਸਨੂੰ ਚਿਤਰਨ ਦੀ ਇਕ ਵਿਧੀ ਹੈ। ਇਕ ਵਿਦਵਾਨ ਨੇ ਫ਼ੀਚਰ ਦੀ ਤੁਲਨਾ ਇਕ ਇਕ ਸੈਂਡਵਿੱਚ ਨਾਲ ਕੀਤੀ ਹੈ। ਫ਼ੀਚਰ ਇਕ ਅਜਿਹੇ ਸੈਂਡਵਿੱਚ ਵਰਗਾ ਹੈ, ਜਿਸਦੇ ਦੋਵੇਂ ਪਾਸੇ ਸ਼ੱਕਰ ਦੀ ਪਰਤ ਨਾਲ ਢਕੇ ਹੋਏ ਕੇਕ ਦੇ ਟੁਕੜੇ ਹਨ ਅਤੇ ਵਿੱਚਕਾਰ ਮਸਾਲੇਦਾਰ ਮਾਸ ਅਤੇ ਆਲੂ ਹੁੰਦੇ ਹਨ।
ਸਾਰੇ ਅਖਬਾਰ ਲੱਗਭੱਗ ਇਕੋ ਜਿਹੀਆਂ ਖਬਰਾਂ ਛਾਪਦੇ ਹਨ ਅਤੇ ਬਹੁਤੀ ਵਾਰ ਆਰਟੀਕਲ ਵੀ  ਸਮਕਾਲੀਨ ਮਹੱਤਤਾ ਵਾਲੇ ਵਿਸ਼ਿਆਂ ਨਾਲ ਸਬੰਧਤ ਹੁੰਦੇ ਹਨ। ਸਿਰਫ਼ ਫ਼ੀਚਰ ਹੀ ਹਨ ਜੋ ਕਿਸੇ ਅਖਬਾਰ ਨੂੰ ਦੂਸਰੇ ਅਖਬਾਰ ਤੋਂ ਵਖਰਾਉਂਦੇ ਹਨ। ਇਉਂ ਫ਼ੀਚਰ ਅਖਬਾਰ ਨੂੰ ਨਿੱਜਤਾ ਪ੍ਰਦਾਨ ਕਰਦੇ ਹਨ।
ਅਖਬਾਰਾਂ ਅਤੇ ਪੱਤਰਕਾਰਾਂ ਵਿੱਚ ਛਪਦੇ ਫ਼ੀਚਰ ਜਿੱਥੇ ਪਾਠਕਾਂ ਦਾ ਮਨੋਰੰਜਨ ਕਰਦੇ ਹਨ, ਉਹਨਾਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ। ਪਾਠਕਾਂ ਨੂੰ ਸਿੱਖਿਆ ਦੇਣ ਦੀ ਸਮਰੱਥਾ ਰੱਖਦੇ ਹਨ, ਉਥੇ ਉਹ ਪਾਠਕ ਵਰਗ ਵਿੱਚ ਅਖਬਾਰ ਦੀ ਮਕਬੂਲੀਅਤ ਵਧਾਉਣ ਦੇ ਨਾਲ ਨਾਲ ਫ਼ੀਚਰ ਲੇਖਕ ਨੂੰ ਲੇਖਕ ਅਤੇ ਪੰਤਰਕਾਰ ਦੇ ਤੌਰ ‘ਤੇ ਸਥਾਪਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ।
ਮੈਨੂੰ ਪੂਰਾ ਯਕੀਨ ਹੈ ਕਿ ਹੁਣ ਤੁਸੀਂ ਫ਼ੀਚਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਅਤੇ ਇਹ ਵੀ ਸਮਝ ਲਿਆ ਹੋਵੇਗਾ ਕਿ ਇਹ ਖਬਰ ਅਤੇ ਆਰਟੀਕਲ ਨਾਲੋਂ ਵੱਖਰੀ ਵਿਧਾ ਹੈ। ਹੁਣ ਤੁਹਾਨੂੰ ਅਖਬਾਰਾਂ ਦੀ ਦੁਨੀਆਂ ਵਿੱਚ ਇਸ ਦੀ ਮਹੱਤਤਾ ਦਾ ਅਹਿਸਾਸ ਵੀ ਹੋ ਗਿਆ ਹੋਵੇਗਾ। ਹੁਣ ਤੁਹਾਡਾ ਅਗਲਾ ਕਦਮ ਫ਼ੀਚਰ ਲਿਖਣ ਦੀ ਤਕਨੀਕ ਸਿੱਖਣ ਦਾ ਹੈ, ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਫ਼ੀਚਰ ਲਿਖਣ ਦੇ ਲਈ ਖਬਰ ਵਾਂਗ ਕਿਸੇ ਖਾਸ ਵਿਧੀ ਜਾਂ ਤਕਨੀਕ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ। ਫ਼ੀਚਰ ਤਾਂ ਫ਼ੀਚਰ ਲੇਖਕ ਦੇ ਅੰਦਾਜ਼-ਏ-ਬਿਆਂ ਦਾ ਪ੍ਰਦਰਸ਼ਨ ਹੁੰਦਾ ਹੈ। ਫ਼ੀਚ ਲੇਖਕ ਫ਼ੀਚਰ ਨੂੰ ਆਪਣੀ ਸ਼ੈਲੀ ਮੁਤਾਬਕ ਹੀ ਲਿਖਦਾ ਹੈ ਪਰ ਫ਼ਿਰ ਵੀ ਫ਼ੀਚਰ ਲਿਖਣ ਦੀਆਂ ਕੁਝ ਵਿਧੀਆਂ ਅਤੇ ਤਕਨੀਕਾਂ ਦੇ ਕੁਝ ਨੁਕਤੇ ਹੇਠ ਲਿਖੇ ਹਨ।
ਵਿਸ਼ੇ ਦੀ ਚੋਣ
ਸਮੱਗਰੀ ਇਕੱਤਰਤਾ
ਇਕੱਤਰ ਕੀਤੇ ਤੱਥਾਂ ਨੂੰ ਤਰਤੀਬ ਦੇਣਾ
ਇਹਨਾਂ ਤਿੰਨ ਨੁਕਤਿਆਂ ਤੋਂ ਇਲਾਵਾ ਸਭ ਤੋਂ ਜ਼ਰੂਰੀ ਹੈ ਲੱਛੇਦਾਰ ਅਤੇ ਸਾਹਿਤਕ ਭਾਸ਼ਾ ਦਾ ਇਸਤਮਾਲ। ਚੰਗੀ ਸਾਹਿਤਕ ਭਾਸ਼ਾ ਉਹੀ ਲੇਖਕ ਵਰਤ ਸਕੇਗਾ ਜਿਸ ਕੋਲ ਸ਼ਬਦਾਂ ਦਾ ਵਿਸ਼ਾਲ ਭੰਡਾਰ ਹੋਵੇ। ਸ਼ਬਦਾਂ ਦੇ ਭੰਡਾਰ ਨੂੰ ਭਰਨ ਲਈ ਚੰਗਾ ਸਾਹਿਤ ਪੜ੍ਹਨਾ ਅਤਿਅੰਤ ਜ਼ਰੂਰੀ ਹੁੰਦਾ ਹੈ। ਸਿਖਾਂਦਰੂ ਫ਼ੀਚਰ ਲੇਖਕਾਂ ਨੂੰ ਚਾਹੀਦਾ ਹੈ ਕਿ ਉਹ ਹਰ ਰੋਜ਼ ਢੇਰ ਸਾਰਾ ਸਾਹਿਤ ਪੜ੍ਹਨ ਅਤੇ ਸ਼ਬਦਾਂ ਦੇ ਨੋਟ ਕਰਨ ਲਈ ਹਰ ਵਕਤ ਇਕ ਡਾਇਰੀ ਕੋਲ ਰੱਖਣ। ਨਿੱਤ ਦਿਨ ਆਪਣੇ ਸ਼ਬਦ ਭੰਡਾਰ ਵਿੱਚ ਵਾਧਾ ਕਰਨ। ਇਸੇ ਤਰ੍ਹਾਂ ਆਪਣੀ ਇਕ ਸ਼ੈਲੀ ਵਿਕਸਤ ਕਰਨ ਲਈ ਵੀ     ਯਤਨ ਕਰਨਾ ਚਾਹੀਦਾ ਹੈ। ਹਰ ਵੱਡੇ ਫ਼ੀਚਰ ਲੇਖਕ ਦੀ ਲਿਖਣ ਸ਼ੈਲੀ ਨੂੰ ਚੰਗੀ ਤਰ੍ਹਾਂ ਵਾਚਣਾ ਚਾਹੀਦਾ ਹੈ। ਆਪਣੀ ਦਿਲਚਸਪੀ ਅਨੁਸਾਰ ਇਕ ਵੱਖਰੀ ਸ਼ੈਲੀ ਅਤੇ ਅੰਦਾਜ਼-ਏ-ਬਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਕ ਚੰਗਾ ਫ਼ੀਚਰ ਲੇਖਕ ਬਣਨ ਲਈ ਹੋਰ ਕੀ ਕੁਝ ਕਰਨ ਦੀ ਲੋੜ ਹੁੰਦੀ ਹੈ, ਇਹ ਜਾਨਣ ਲਈ ਅਜੀਤ ਵੀਕਲੀ ਦਾ ਅੰਗਲਾ ਅੰਕ ਵੇਖਣਾ ਪਵੇਗਾ।
(ਬਾਕੀ ਅਗਲੇ ਅੰਕ ਵਿੱਚ)


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218