Month: April 2016

ਪਤਨੀ ਦਾ ਤਨ ਨਹੀਂ ਮਨ ਜਿੱਤਣ ਦੀ ਲੋੜ!

downloadਉਹ ਬਹੁਤ ਖੂਬਸੂਰਤ ਹੈ। ਵਿਆਹ ਨੂੰ ਅਜੇ ਅੱਠ ਕੁ ਵਰ੍ਹੇ ਹੀ ਹੋਏ ਹਨ। ਜਵਾਨ ਹੈ, ਸਰਕਾਰੀ ਨੌਕਰੀ ਹੈ, ਇਕ ਬੱਚੀ ਹੈ 6 ਵਰ੍ਹਿਆਂ ਦੀ। ਘਰ ਵਾਲਾ ਸਰਕਾਰੀ ਅਫ਼ਸਰ ਹੈ। ਵਧੀਆ ਅਤੇ ਵੱਡਾ ਮਕਾਨ ਹੈ। ਜਿਸਨੂੰ ਸਰਕਾਰੀ ਕੋਠੀ ਕਹਿੰਦੇ ਹਨ। ਕੋਠੀ ਸਿਰਫ਼ ਮਕਾਨ ਹੈ, ਘਰ ਨਹੀਂ ਬਣਿਆ। ਘਰ ਵਿੱਚ ਤਾਂ ਪਿਆਰ ਵੱਸਦਾ ਹੁੰਦਾ ਹੈ। ਘਰ ਵਿੱਚ ਪਰਿਵਾਰ ਵੱਸਦਾ ਹੁੰਦਾ ਹੈ। ਘਰ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਸੁਣਾਈ ਦਿੰਦੀਆਂ ਹੁੰਦੀਆਂ ਹਨ। ਘਰ ਵਿੱਚ ਹਾਸੇ ਹੁੰਦੇ ਹਨ। ਠਹਾਕੇ ਲੱਗਦੇ ਹਨ। ਗੀਤ ਸੰਗੀਤ ਹੁੰਦਾ ਹੈ। ਪਰ ਇੱਥੇ ਤਾਂ ਉਦਾਸੀ ਪੱਸਰੀ ਪਈ ਹੈ। ਮਕਾਨ ਵਿੱਚੋਂ ਸਿਸਕੀਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਜਾਂ ਫ਼ਿਰ ਉਚੀਆਂ ਆਵਾਜ਼ਾਂ ਆਉਂਦੀਆਂ ਹਨ ਲੜਾਈ ਝਗੜੇ ਦੀਆਂ। ਕਦੇ ਮਾਲਕ ਤੀਵੀਂ ਲੜਦੇ ਹਨ ਅਤੇ ਕਦੇ ਸੱਸ ਨੂੰਹਾਂ। ਇਸਦੇ ਬਾਵਜੂਦ ਇਸ ਮਕਾਨ ਵਿੱਚ ਤਿੰਨ ਲੋਕ ਰਹਿੰਦੇ ਹਨ ਅਤੇ ਇਕ ਬੱਚਾ। ਇਕ ਦਿਨ ਇਸ ਘਰ ਦੀ ਨੂੰਹ ਜੋ ਨਾਂ ਸਿਰਫ਼ ਪੜ੍ਹਾਈ ਵਿੱਚ ਅੱਵਲ  ਬਲਕਿ ਸੁਹੱਪਣ ਵਿੱਚ ਅੱਵਲ ਵਿਖਾਈ ਦਿੰਦੀ ਹੈ, ਮੈਨੂੰ ਮਿਲਣ ਆਈ। ਮੈਂ ਇਸ ਉਦਾਸ ਰੂਹ ਨੂੰ ਪੁੱਛ ਬੈਠਾ:
ਕੀ ਗੰਲ ਬੜੀ ਉਦਾਸ ਨਜ਼ਰ ਆ ਰਹੀ ਐ। ਸਭ ਕੁਝ ਠੀਕ ਠਾਕ ਹੈ?
ਬੱਸ, ਸਰ ਕੱਟ ਰਹੀ ਹੈ, ਜਿਵੇਂ ਕਿਵੇਂ ਜ਼ਿੰਦਗੀ! ਉਹ ਉਦਾਸ ਔਰਤ ਜਵਾਬ ਦਿੰਦੀ ਹੈ।
ਕਿਉਂ ਕੱਟ ਰਹੀ ਹੈ। ਅਨੰਦ ਨਾਲ ਕਿਉਂ ਨਹੀਂ ਬੀਤ ਰਹੀ? ਸਭ ਕੁਝ ਤਾਂ ਹੈ ਤੇਰੇ ਕੋਲ, ਦੌਲਤ ਹੈ, ਕੱਪੜਾ ਹੈ, ਗੁਜ਼ਾਰੇ ਜੋਗੀ ਸ਼ੋਹਰਤ ਵੀ ਹੈ। ਪੀ. ਐਚ. ਡੀ. ਡਾਕਟਰ ਹੈਂ, ਵਿਦਿਆਰਥੀ ਤੇਰੀ ਇੱਜ਼ਤ ਕਰਦੇ ਹਨ। ਘਰ ਵਾਲਾ ਅਫ਼ਸਰ ਹੈ, ਹੋਰ ਕੀ ਚਾਹੀਦਾ ਹੈ ਤੈਨੂੰ। ਮੇਰਾ ਸਵਾਲ ਸੀ।
ਦੌਲਤ, ਸ਼ੌਹਰਤ ਅਤੇ ਪਾਵਰ ਨਾਲ ਜ਼ਿੰਦਗੀ ਨਹੀਂ ਕੱਟੀ ਜਾਂਦੀ। ਜ਼ਿੰਦਗੀ ਮਾਣਨ ਲਈ ਮੁਹੱਬਤ ਚਾਹੀਦੀ ਹੈ, ਭਰੋਸਾ ਚਾਹੀਦਾ ਹੈ, ਇੱਜ਼ਤ ਚਾਹੀਦੀ ਹੈ, ਕੇਅਰ ਕਰਨ ਵਾਲਾ ਮਰਦ ਚਾਹੀਦਾ ਹੈ, ਪ੍ਰਸ਼ੰਸਾ ਚਾਹੀਦੀ ਹੈ, ਪਿਆਰ ਭਰੇ ਬੋਲ ਚਾਹੀਦੇ ਹਨ। ਮੇਰੀ ਜ਼ਿੰਦਗੀ ਵਿੱਚ ਤਾਂ ਕੁਝ ਵੀ ਨਹੀਂ। ਜੇ ਹੈ ਤਾਂ ਨਫ਼ਰਤ, ਘਿਰਣਾ, ਥੱਪੜ, ਗਾਲ੍ਹਾਂ, ਸਿਸਕੀਆਂ ਅਤੇ ਰੋਣਾ ਪਿੱਟਣਾ। ਸਰ, ਮੈਂ ਤਾਂ ਅੱਠ ਵਰ੍ਹਿਆਂ ਵਿੱਚ ਪੂਰੀ ਜ਼ਿੰਦਗੀ ਜਿਉਂ ਲਈ। ਮਰਨ ਨੂੰ ਦਿਲ ਕਰਦੈ। ਕਈ ਵਾਰ ਮਰਨ ਦੀ ਸੋਚੀ ਐ। ਫ਼ਿਰ ਇਸ ਮਾਸੂਮ ਦਾ ਖ਼ਿਆਲ ਆ ਜਾਂਦੈ। ਇਸ ਦਾ ਕੀ ਕਸੂਰ ਐ।ਇਹ ਤੇ ਇਸਦੀ ਮਾਂ ਤਾਂ ਉਡੀਕਦੀਆਂ ਨੇ ਕਿ ਕਦੋਂ ਮਰਾਂ। ਇਹ ਕਿਸੇ ਹੋਰ ਨੂੰ ਲਿਆਵੇ ਪਰ ਮੇਰੀ ਬੱਚੀ ਕਿੱਥੇ ਜਾਊ। ਮੈਂ ਤਾਂ ਆਪਣੀ ਧੀ ਖਾਤਰ ਜੀਅ ਰਹੀ ਹਾਂ ਸਰ।” ਇਹ ਗੱਲ ਕਹਿੰਦਿਆਂ ਕਹਿੰਦਿਆਂ ਉਸਦੀਆਂ ਅੱਖਾਂ ਵਿੱਚੋਂ ਅੱਥਰੂ ਮੋਤੀਆਂ ਵਾਂਗ ਕਿਰ ਰਹੇ ਸਨ। ਉਹ ਗੱਲਾਂ ਕਰ ਰਹੀ ਸੀ ਅਤੇ ਉਸਦੇ ਅੱਥਰੂ ਉਸਦੀ ਉਦਾਸੀ ਦੀ ਇਬਾਰਤ ਲਿਖ ਰਹੇ ਸਨ। ਮੈਨੂੰ ਉੱਕਾ ਹੀ ਨਹੀਂ ਪਤਾ ਸੀ ਕਿ ਉਸਦੀ ਵਿਆਹੁਤਾ ਜ਼ਿੰਦਗੀ ਬਹੁਤੀ ਠੀਕ ਨਹੀਂ। ਅਸਲ ਵਿੱਚ ਜਿਸ ਨਾਲ ਉਹ ਵਿਆਹੀ ਸੀ ਉਹ ਇਸਦੇ ਮੁਕਾਬਲੇ ਘੱਟ ਪੜ੍ਹਿਆ ਲਿਖਿਆ ਸੀ। ਇਹ ਪੀ. ਐਚ. ਡੀ. ਸੀ ।ਸਰਕਾਰੀ ਸਰਵਿਸ ਸੀ। ਅਖਬਾਰਾਂ ਵਿੱਚ ਇਸਦੇ ਲੇਖ ਛਪਦੇ ਸਨ। ਤਾਰੀਫ਼ ਹੁੰਦੀ ਸੀ, ਪ੍ਰਸੰਸਾ ਦੇ ਪੱਤਰ ਛਪਦੇ ਸਨ। ਇਸਦਾ ਪਤੀ ਬੜੀ ਮੁਸ਼ਕਿਲ ਨਾਲ ਬੀ. ਏ. ਕਰ ਸਕਿਆ ਸੀ। ਪਿਤਾ ਵੱਡਾ ਅਫ਼ਸਰ ਸੀ। ਐਕਸੀਡੈਂਟ ਵਿੱਚ ਮਾਰਿਆ ਗਿਆ ਸੀ, ਉਸਦੇ ਬਦਲੇ ਵਿੱਚ ਇਸ ਦੇ ਮੁੰਡੇ ਨੂੰ ਨੌਕਰੀ ਮਿਲ ਗਈ ਸੀ। ਕੁੜੀ ਦਾ ਸੁਹੱਪਣ ਅਤੇ ਨੌਕਰੀ ਦੇਖ ਕੇ ਉਸਦੀ ਵਿਧਵਾ ਮਾਂ ਨੇ ਵਿਆਹ ਕਰਨ ਵਿੱਚ ਬਹੁਤੀ ਦੇਰ ਨਹੀਂ ਲਗਾਈ ਸੀ। ਵਿਆਹ ਦੇ ਦੂਜੇ ਵਰ੍ਹੇ ਧੀ ਨੇ ਜਨਮ ਲੈ ਲਿਆ ਸੀ।
ਕੀ ਕੁੜੀ ਦੇ ਜਨਮ ਤੋਂ ਬਾਅਦ ਲੜਾਈ ਆਰੰਭ ਹੋਈ ਸੀ, ਮੈਂ ਪੁੱਛਿਆ।
ਨਹੀਂ ਜੀ ਲੜਾਈ-ਝਗੜਾ ਤਾਂ ਵਿਆਹ ਇਕ ਦੋ ਮਹੀਨੇ ਬਾਅਦ ਹੀ ਆਰੰਭ ਹੋ ਗਿਆ ਸੀ।
ਕਾਰਨ? ਮੈਂ ਫ਼ਿਰ ਸਵਾਲ ਕੀਤਾ।
ਕਾਰਨ ਇਕ ਹੋਵੇ ਤਾਂ ਦੱਸਾਂ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਇਸਨੂੰ ਆਪਣੀ ਪੜ੍ਹਾਈ ਨੂੰ ਲੈ ਕੇ ਕੰਪਲੈਕਸ ਹੈ। ਹੋ ਵੀ ਸਕਦੈ। ਅੰਦਰੋਂ ਅੰਦਰੀ ਹੀਣ ਭਾਵਨਾ ਵੀ ਹੋ ਸਕਦੀ ਹੈ। ਪਰ, ਮੈਨੂੰ ਵੱਡਾ ਕਾਰਨ ਇਹਦੀ ਮਾਂ ਲੱਗੀ, ਯਾਨਿ ਮੇਰੀ ਸੱਸ। ਅਸਲ ਵਿੱਚ ਇਹ ਮੇਰੀ ਪਤੀ ਘੱਟ ਅਤੇ ਆਪਣੀ ਮਾਂ ਦਾ ਪੁੱਤ ਜ਼ਿਆਦਾ ਹੈ। ਆਹੀ ਜਿਸਨੂੰ ‘ਮੋਮਜ਼ ਬੁਆਏ’ ਕਹਿੰਦੇ ਹਨ। ਜੋ ਮਾਂ ਕਹਿੰਦੀ ਹੈ, ਉਹੀ ਕਰਨਾ। ਮਾਂ ਇਸਦੀ ਟਿਪੀਕਲ ਸੱਸ ਹੈ। ਕੋਈ ਕੰਮ ਨਹੀਂ ਕਰਦੀ। ਡੱਕਾ ਦੂਹਰਾ ਨਹੀਂ ਕਰਦੀ। ਜਦੋਂ ਮੈਂ ਸਕੂਲੋਂ ਵਾਪਸ ਆਉਣੀ ਆਂ ਤਾਂ ਆਉਣ ਸਾਰ ਕਿਚਨ ‘ਚ ਵੜ ਜਾਂਦੀ ਆਂ। ਮੈਂ ਕੰਮ ਤੋਂ ਨਹੀਂ ਡਰਦੀ ਪਰ ਮੇਰੀ ਸੱਸ ਤਾਂ ਬਹਾਨੇ ਲੱਭਦੀ ਐ ਲੜਨ ਦੇ। ਜੇ ਮੈਂ ਮੰਮੀ ਨ ਾਲ ਫ਼ੋਨ ‘ਤੇ ਥੋੜ੍ਹਾ ਦੁੱਖ ਸੁੱਖ ਕਰ ਲਵਾਂ ਤਾਂ ਇਸਨੂੰ ਮਿਰਚਾਂ ਲੱਗ ਜਾਂਦੀਆਂ ਹਨ। ਫ਼ਿਰ ਆਪਣੇ ਮੁੰਡੇ ਦੇ ਅਜਿਹੇ ਕੰਨ ਭਰਦੀ ਹੈ ਕਿ ਘਰ ਵਿੱਚ ਕਲੇਸ਼ ਹੋਣਾ ਲਾਜ਼ਮੀ ਹੁੰਦਾ ਹੈ। ਇਕ ਦਿਨ ਕਿਤੇ ਮੇਰੇ ਪੁਰਾਣੇ ਜਮਾਤੀ ਦਾ ਫ਼ੋਨ ਆ ਗਿਆ। ਉਸ ਦਿਨ ਤਾਂ ਹੱਦ ਹੀ ਹੋ ਗਈ। ਗੱਲ ਗਾਲੀ-ਗਲੋਚ ਤੋਂ ਅੱਗੇ ਵੱਧ ਗਈ।
ਕਿਹੜੇ ਯਾਰ ਨਾਲ ਯਕੜ ਮਾਰਦੀ ਰਹਿਨੀ ਐਂ। ਮੈਨੂੰ ਪਤਾ। ਮੈਂ ਤਾਂ ਕਿਹਾ ਸੀ ਆਪਣੀ ਮਾਂ ਨੂੰ ਕਿ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀਆਂ ਅਜਿਹੀਆਂ ਹੀ ਹੁੰਦੀਆਂ ਨੇ। ਪਰ ਇਹ ਮੰਨੀ ਅਖੇ ਸੋਹਣੀ ਐ। ਹੁਣ ਦੇਖ ਲੈ ਸੋਹਣੀ ਦੇ ਕਾਰੇ। ਇਉਂ ਬੋਲਦੇ ਬੋਲਦੇ ਉਸਨੇ ਮੇਰੇ ਤੇ ਹੱਥ ਚੁੱਕ ਲਿਆ। ਇਹ ਪਹਿਲੀ ਵਾਰ ਹੋਇਆ ਸੀ। ਮੈਂ ਰਾਤ ਬੜੀ ਮੁਸ਼ਕਿਲ ਨਾਲ ਕੱਟੀ। ਸਵੇਰ ਹੋਈ ਤਾਂ ਸਕੂਲ ਨਹੀਂ ਗਈ। ਸਿੱਧਾ ਆਪਣੇ ਪੇਕੇ ਗਏ। ਰੋਜ਼ ਰੋਜ਼ ਦੇ ਕਲੇਸ਼ ਤੋਂ ਤਾਂ ਪਹਿਲਾਂ ਹੀ ਅੱਕੀ ਹੋਈ ਸੀ। ਭਰਾ ਨੂੰ ਲੈ ਕੇ ਥਾਣੇ ਗਈ ਅਤੇ ਰਿਪੋਰਟ ਲਿਖਾ ਦਿੱਤੀ। ਪੁਲਿਸ ਨੂੰ ਵੇਖ ਇਸਨੂੰ ਹੱਥਾਂ ਪੈਰਾਂ ਦੀ ਪੈ ਗਈ। ਦੋਵੇਂ ਧਿਰਾਂ ਦੇ ਮੋਹਤਬਰ ਬੰਦੇ ਸੱਦੇ ਗਏ, ਕਈ ਦਿਨ ਪੰਚਾਇਤਾਂ ਜੁੜਦੀਆਂ ਰਹੀਆਂ। ਆਖਿਰ ਸਮਝੌਤਾ ਹੋ ਗਿਆ। ਮੈਂ ਮੁੜ ਇਸ ਦੇ ਕੋਲ ਆ ਗਈ। ਮਹੀਨਾ ਕੁ ਤਾਂ ਠੀਕ ਬੀਤਿਆ। ਫ਼ਿਰ ਉਹੀ ਪੁਰਾਣਾ ਰਾਗ ਸ਼ੁਰੂ ਹੋ ਗਿਆ। ਇਲਜ਼ਾਮ ਉਹੀ ਕਿ ਤੇਰੇ ਮੁੰਡਿਆਂ ਨਾਲ ਸਬੰਧ ਰਹੇ ਨੇ। ਹਰ ਰੋਜ਼ ਉਸਨੇ ਫ਼ੋਨ ਚੈਕ ਕਰਨਾ ਆਰੰਭ ਕਰ ਦਿੱਤਾ। ਜੇ ਕੋਈ ਫ਼ੋਨ ਆਉਂਦਾ ਹੈ ਤਾਂ ਕੱਲੇ ਬੈਠ ਕੇ ਗੱਲਾਂ ਸੁਣਦਾ ਹੈ। ਜੇ ਮੈਂ ਕਿਸੇ ਕੰਮ ਯੂਨੀਵਰਸਿਟੀ ਜਾਣਾ ਹੋਵੇ ਤਾਂ ਨਾਲ ਜਾਂਦਾ ਹੈ। ਆਪਣੇ ਦਫ਼ਤਰੋਂ ਛੁੱਟੀ ਲੈ ਕੇ ਮੇਰੀ ਰਾਖੀ ‘ਤੇ ਬੈਠ ਜਾਂਦਾ ਹੈ।
ਇਉਂ ਕਿੰਨਾ ਕੁ ਚਿਰ ਚਲਦਾ ਰਿਹਾ। ਮੈਂ ਪੁੱਛਦਾ ਹਾਂ।
ਉਸਦੀਆਂ ਹਰਕਤਾਂ ਨੇ ਮੈਨੂੰ ਡਿਪਰੈਸ਼ਨ ਵਿੱਚ ਲੈ ਆਂਦਾ। ਮੈਂ ਦੁਖੀ ਰਹਿਣ ਲੱਗੀ। ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗੀ। ਜਦੋਂ ਕਦੇ ਵੀ ਅਖਬਾਰ ਵਿੱਚ ਕੋਈ ਆਤਮ ਹੱਤਿਆ ਦੀ ਖਬਰ ਪੜ੍ਹਦੀ ਤਾਂ ਮੈਨੂੰ ਲੱਗਦਾ ਕਿ ਬੱਸ, ਇਹ ਮੇਰੀ ਹੀ ਖਬਰ ਹੈ। ਮੇਰੀ ਇਸ ਹਾਲਤ ਨੂੰ ਵੇਖ ਕੇ ਮੇਰੇ ਮਾਪੇ ਮੈਨੂੰ ਲੈ ਗਏ। ਸਾਡੇ ਇਕ ਰਿਸ਼ਤੇਦਾਰ ਵਕੀਲ ਨੇ ਸਲਾਹ ਦਿੱਤੀ ਕਿ ‘ਤਲਾਕ ਲਈ’ ਅਰਜੀ ਪਾ ਦਿਓ। ਕੁੜੀ ਨੂੰ ਮਾਰਨਾ ਥੋੜੀ ਐ। ਲੋ ਜੀ ਤਲਾਕ ਲਈ ਕੇਸ ਕਰ ਦਿੱਤਾ। ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨੀਂ ਰਾਹੀਂ ਵੇ ਮੈਨੂੰ ਤੁਰਨਾਂ ਪਿਆ।’ ਕਚਹਿਰੀਆਂ ਦੇ ਗੇੜੇ ਕੱਢਣੇ ਬਹੁਤ ਔਖਾ ਕੰਮ ਐ। ਫ਼ਿਰ ਜੱਜ ਨੇ ਛੇ ਮਹੀਨ ਇਕੱਠੇ ਰਹਿਣ ਦੀ ਸਲਾਹ ਦਿੱਤੀ। ਅਸੀਂ ਇਕੱਠੇ ਰਹਿਣ ਲੱਗੇ। ਭਾਵੇਂ ਉਹ ਹੱਥ ਚੱਕਣੋਂ ਤਾਂ ਹਟ ਗਿਆ ਪਰ ਮਾਂ ਪੁੱਤ ਦੀ ਘੁਸਰ ਤਾਂ ਅਜੇ ਵੀ ਚੱਲਦੀ ਰਹਿੰਦੀ ਹੈ। ਮੈਂ ਵੀ ਮਨ ਮਾਰ ਕੇ ਬੈਠ ਗਈ ਕਿ ਹੁਣ ਅੱਠ ਵਰ੍ਹੇ ਹੋ ਗਏ। ਬਾਕੀ ਰਹਿੰਦੀ ਵੀ ਔਖੀ ਸੁਖਾਲੀ ਕੱਟ ਲਾਂਗੇ। ਉਂਝ ਕੁੜੀ ਨਾਲ ਉਸਦਾ ਪਿਆਰ ਹੋ ਗਿਆ। ਮੈਂ ਵੀ ਆਪਣੀ ਧੀ ਲਈ ਕੁਰਬਾਨੀ ਕਰ ਰਹੀ ਹਾਂ।
ਇਕ ਗੱਲ ਪੁੱਛਾਂ, ਮੈਂ ਕਿਹਾ
ਹਾਂ ਬੇਇਝਕ ਪੁੱਛੋ, ਕਹਿਣ ਲੱਗੀ
ਤੁਹਾਡੇ ਫ਼ਿਜੀਕਲ ਸਬੰਧੀ ਕਿਵੇਂ ਨੇ। ਕਦੇ ਸੈਕਸ ਲਈ ਨਹੀਂ ਕਹਿੰਦੀ? ਮੈਂ ਝਿਜਕਦੇ ਹੋਏ ਪੁੱਛਿਆ।
ਅਕਸਰ ਦਾਰੂ ਪੀ ਕੇ ਆਉਂਦੈ। ਮੇਰੇ ਤਨ ਨਾਲ ਜੋ ਜੀਅ ਆਉਂਦੈ ਕਰਦੈ। ਪਰ ਮਨ ਤੋਂ ਮੈਂ ਉਸਨੂੰ ਉਕਾ ਹੀ ਪਸੰਦ ਨਹੀਂ ਕਰਦੀ। ਆਉਂਦੈ ਬਾਡੀ ਨਾਲ ਕਰ ਜਾਂਦੈ। ਮੈਨੂੰ ਕੀ ਫ਼ਰਕ ਪੈਂਦੈ। ਤਨ ਨਾਲ ਹੀ ਕਰਦੈ ਮਨ ਤਾਂ ਮੇਰਾ ਹੈ ਨਾ। ਉਸਦੇ ਜਵਾਬ ਨੇ ਮੈਨੂੰ ਬੇਚੈਨ ਕਰ ਦਿੱਤਾ।
ਇਹ ਇਬਾਰਤ ਇਹ ਸਪਸ਼ਟ ਸੰਕੇਤ ਕਰਦੀ ਹੈ ਕਿ ਪਤਨੀ ਦਾ ਸਿਰਫ਼ ਤਨ ਹੀ ਨਹੀਂ ਸਗੋਂ ਮਨ ਵੀ ਜਿੱਤਿਆ ਜਾਵੇ। ਪਤਨੀ ਦਾ ਤਨ ਮਨ ਕਿਵੇਂ ਜਿੱਤਿਆ ਜਾਵੇ, ਇਹ ਕਲਾ ਪਤੀਆਂ ਨੂੰ ਆਉਣੀ ਚਾਹੀਦੀ ਹੈ। ਪਤੀ ਨੂੰ ਆਪਣੀ ਮਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਸੇਵਾ ਵੀ। ਉਸ ਨੂੰ ਮਾਂ ਦੀ ਆਗਿਆ ਮੰਨਣੀ ਚਾਹੀਦੀ ਹੈ ਅਤੇ ਪਤਨੀ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ। ਪਤਨੀ ਆਪਣਾ ਘਰ ਬਾਰ ਅਤੇ ਪਰਿਵਾਰ ਛੱਡ ਕੇ ਪਤੀ ਦੇ ਘਰ ਰਹਿਣ ਆਉਂਦੀ ਹੈ। ਉਹ ਆਪਣਾ ਤਨ ਅਤੇ ਮਨ ਆਪਣੇ ਪਤੀ ਨੂੰ ਸਮਰਪਿਤ ਕਰਦੀ ਹੈ। ਪਤੀ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ ਅਤੇ ਪਤਨੀ ਦਰਮਿਆਨ ਤਵਾਜ਼ਨ ਰੱਖੇ। ਦੋਵਾਂ ਨੂੰ ਆਪਣੇ-ਆਪਣੇ ਹਿੱਸੇ ਦਾ ਪਿਆਰ ਅਤੇ ਸਤਿਕਾਰ ਦੇਵੇ। ਸ਼ੱਕ ਪਤੀ-ਪਤਨੀ ਦੇ ਰਿਸ਼ਤੇ ਵਿੱਚ ਸਿਉਂਕ ਦਾ ਕੰਮ ਕਰਦਾ ਹੈ। ਰਿਸ਼ਤੇ ਨੂੰ ਅੰਦਰੋਂ ਅੰਦਰ ਖਾ ਜਾਂਦਾ ਹੈ। ਪਤੀ ਪਤਨੀ ਦੇ ਰਿਸ਼ਤੇ ਦੀ ਬੁਨਿਆਦ ਹੀ ਵਿਸ਼ਵਾਸ ਹੁੰਦਾ ਹੈ। ਵਿਸ਼ਵਾਸ ਹਮੇਸ਼ਾ ਬਣਾਈ ਰੱਖਣਾ ਚਾਹੀਦਾ ਹੈ। ਮਾਂ ਦੇ ਆਖੇ ਲੱਗ ਪਤਨੀ ਨੂੰ ਡਾਂਟਣਾ ਉਸਦੇ ਮਾਪਿਆਂ ਨੂੰ ਭਲਾ-ਬੁਰਾ ਕਹਿਣ ਵਾਲੇ ਪਤੀ-ਪਤਨੀ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਜੋੜੇ ਭਾਵੇਂ ਇਕੋ ਛੱਤ ਹੇਠ ਰਹਿੰਦੇ ਹਨ ਪਰ ਉਹ ਛੱਤ ਮਕਾਨ ਦੀ ਹੁੰਦੀ ਹੈ, ਘਰ ਦੀ ਨਹੀਂ। ਤੁਹਾਨੂੰ ਹਮੇਸ਼ਾ ਘਰ ਬਣਾਉਣਾ ਚਾਹੀਦਾ ਹੈ। ਜ਼ਿੰਦਗੀ ਨੂੰ ਜਿਊਣਾ ਸਿੱਖਣਾ ਚਾਹੀਦਾ ਹੈ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਨਣਾ ਚਾਹੀਦਾ ਹੈ। ਆਨੰਦ ਤਨ ਜਿੱਤਣ ਨਾਲ ਨਹੀਂ ਸਗੋਂ ਮਨ ਜਿੱਤਣ ਨਾਲ ਹੁੰਦਾ ਹੈ। ਮਨ ਜਿੱਤਣ ਦੀ ਕਲਾ ਵੱਲ ਧਿਆਨ ਦੇਣ ਦੀ ਲੋੜ ਹੈ।

‘ਕਰਨੀ’ ਅਤੇ ‘ਕਥਨੀ’ ਤੋਂ ਬਾਅਦ ਮਾਸਟਰ ਸਿੰਘ ਜੀਵਨ ਸਿੰਘ ਦੀ ਗੁਰੂ ਨਾਨਕ ਮਹਿਮਾ

downloadਅੱਜ ਜਦੋਂ ਕਿ ਮਾਪੇ ਬੱਚਿਆਂ ਦੀ ਬੇਰੁੱਖੀ ਦਾ ਸ਼ਿਕਾਰ ਹੋ ਰਹੇ ਹਨ ।ਮਾਪਿਆਂ ਦੀ ਯਾਦ ਨੂੰ ਦਿਲਾਂ ਵਿਚ ਤਾਂ ਕੀ ਸਗੋਂ ਜਿਉਂਦਿਆਂ ਨੂੰ ਘਰਾਂ ਦੇ ਖੂੰਜਿਆਂ ਵਿਚ ਜਗ੍ਹਾ ਮਿਲਣੀ ਮੁਸ਼ਕਿਲ ਹੋ ਰਹੀ ਹੈ। ਅਜਿਹੇ ਯੁੱਗ ਵਿਚ
‘ਬਾਬਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ’
ਵਾਲੇ ਗੁਰਵਾਕ ਨੂੰ ਸੱਚ ਕਰਕੇ ਦਿਖਾਉਣ ਵਾਲੀ ਕਲਮਜੀਤ ਕੌਰ ਅਤੇ ਉਸਦੇ ਭੈਣ ਭਰਾਵਾਂ ਨੂੰ ਨਮਨ ਕਰਨਾ ਬਣਦਾ ਹੈ। ਡੇਢ ਦੋ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਮੈਨੂੰ ਇਕ ਫੋਨ ਆਉਂਦਾ ਹੈ:
”ਮੈਂ ਨਿਊ ਯੌਰਕ ਤੋਂ ਕਮਲਜੀਤ ਬੋਲ ਰਹੀ ਹਾਂ। ਮੈਂ ਅਜੀਤ ਵੀਕਲੀ ਵਿਚ ਛਪਦਾ ਤੁਹਾਡਾ ਕਾਲਮ ਹਾਸ਼ੀਏ ਦੇ ਆਰ-ਪਾਰ ਹਰ ਸਪਤਾਹ ਪੜ੍ਹਦੀ ਹਾਂ। ਤੁਹਾਡੀਆਂ ਲਿਖਤਾਂ ਮੈਨੂੰ ਚੰਗੀਆਂ ਲੱਗਦੀਆਂ ਹਨ। ਇਸੇ ਗੱਲ ਤੋਂ ਪ੍ਰੇਰਿਤ ਹੋ ਕੇ ਮੈਂ ਫੋਨ ਕੀਤਾ ਹੈ। ਮੇਰੇ ਬਾਪੂ ਜੀ ਭਾਵੇਂ ਹੁਣ ਦੁਨੀਆਂ ਵਿਚ ਨਹੀਂ ਰਹੇ ਪਰ ਉਨ੍ਹਾਂ ਦੀਆਂ ਹੱਥ ਲਿਖਤਾਂ ਇਕੱਠਿਆਂ ਕਰਕੇ ਮੈਂ ‘ਕਥਨੀ’ ਨਾਮ ਦੀ ਪੁਸਤਕ ਛਪਵਾਈ ਹੈ। ਤੁਹਾਨੂੰ ਭੇਜ ਰਹੀ ਹਾਂ। ਇਸ ਬਾਰੇ ਤੁਹਾਡੀ ਰਾਏ ਬਹੁਤ ਬਹੁਮੁੱਲੀ ਹੋਵੇਗੀ।” ਇਸ ਗੱਲਬਾਤ ਤੋਂ ਕੁਝ ਦਿਨਾਂ ਬਾਅਦ ਮੈਨੂੰ ‘ਕਥਨੀ’ ਪੁਸਤਕ ਡਾਕ ਰਾਹੀਂ ਮਿਲ ਗਈ। ਇਸ ਦੌਰਾਨ ਮੈਨੂੰ ਕਮਲਜੀਤ ਹੋਰਾਂ ਦਾ ਇਕ ਦੋ ਵਾਰ ਹੋਰ ਫੋਨ ਆਉਂਦਾ ਹੈ। ਫਿਰ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਉਹ ਪੁਸਤਕ ਬਾਰੇ ਮੇਰੀ ਪ੍ਰਤੀਕਿਰਿਆ ਜਾਨਣ ਲਈ ਇਛੁੱਕ ਸਨ। ‘ਕਥਨੀ’ ਕਿਤਾਬ ਬਾਰੇ ਮੈਂ ਆਪਣੀ ਪ੍ਰਤੀਕਿਰਿਆ ‘ਅਜੀਤ ਵੀਕਲੀ’ ‘ਚ ਆਪਣੇ ਕਾਲਮ ਰਾਹੀਂ ਹੀ ਦਿੱਤੀ ਸੀ। ਮਾਸਟਰ ਜੀਵਨ ਸਿੰਘ ਜੀਵਣ ਜੋਗੜੇ ਦੀ ਪੁਸਤਕ ‘ਕਥਨੀ’ ਬਾਰੇ ਮੈਂ ਲਿਖਿਆ ਸੀ ਕਿ ਇਸ ਪੁਸਤਕ ਵਿਚ ‘ਮਿੱਠਾ ਬੋਲਣਾ’, ‘ਇਤਿਹਾਸਕ ਭੁਲੇਖਾ’, ‘ਭਾਈ ਲਾਲੋ ਜੀ’, ਆਦਿ 25 ਲੇਖ ਅਤੇ ਛੋਟੀਆਂ ਛੋਟੀਆਂ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਦਰਜ ਹਨ। 128 ਪੰਨਿਆਂ ਦੀ ਇਸ ਕਿਤਾਬ ਵਿਚ ਪੰਨਾ 77 ਤੋਂ ਬਾਅਦ ਲੇਖਕ ਵੱਲੋਂ ਕਵਿਤਾ ਵਿਚ ਲਿਖਿਆ ‘ਰੈਣ ਸਬਾਈ ਸਿਮਰਨ’ ਦਿੱਤਾ ਗਿਆ ਹੈ। ਇਸ ਬਾਰੇ ਲੇਖਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜੋ ਰੈਣ ਸੁਬਾਈ ਸਿਮਰਨ ਲਿਖਿਆ ਹੈ, ਉਸਨੂੰ ਹਰ ਜਗ੍ਹਾ, ਹਰ ਧਰਮ, ਹਰ ਜੀਵ ਵੱਲੋਂ ਇਕੱਲਿਆਂ ਬਹਿ ਕੇ ਜਾਂ ਸੰਗਤ ਵਿਚ ਰਲ ਕੇ ਕਰਨ ਨਾਲ ਬਹੁਤ ਆਨੰਦ ਆਵੇਗਾ। ਇਹ ਪੁਸਤਕ ਰਵਾਇਤ ਤੋਂ ਹਟਕੇ ਕਿਸੇ ਖਾਸ ਵਿਧਾ ਵਿਚ ਬੰਨ੍ਹੀ ਨਹੀਂ ਹੋਈ। ਇਹ ਪੁਸਤਕ ਉਸ ਧੀ ਦੇ ਵਲਵਲੇ ਹਨ ਜੋ  ਆਪਣੇ ਪਿਤਾ ਦੀ ਯਾਦ ਨੂੰ ਨਾ ਸਿਰਫ ਤਾਜ਼ਾ ਰੱਖ ਰਹੇ ਹਨ, ਸਗੋਂ ਉਨ੍ਹਾਂ ਦੀਆਂ ਰਚਨਾਵਾਂ ਨੂੰ ਪੁਸਤਕਾਂ ਦੇ ਰੂਪ ਵਿਚ ਪੇਸ਼ ਕਰਕੇ ਪੰਜਾਬੀ ਸਾਹਿਤ ਦੇ ਭੰਡਾਰ ਵਿਚ ਵਾਧਾ ਕਰ ਰਹੇ ਹਨ। ਇਸ ਗੱਲੋਂ ਮੈਂ ਮਾਸਟਰ ਜੀਵਨ ਸਿੰਘ ਦੀ ਧੀ ਕੰਵਲਜੀਤ ਕੌਰ ਦੀ ਭਰਪੂਰ ਪ੍ਰਸੰਸਾ ਕੀਤੀ ਸੀ।
‘ਕਥਨੀ’ ਤੋਂ ਪਹਿਲਾਂ ਬਾਪੂ ਜੀ ਦੀ ਕਿਤਾਬ ‘ਕਰਨੀ’ ਪ੍ਰਕਾਸ਼ਿਤ ਹੋਈ ਸੀ ਜੋ ਉਹਨਾਂ ਨੇ ਖੁਦ ਪ੍ਰਕਾਸ਼ਿਤ ਕਰਵਾਈ ਸੀ। ‘ਕਰਨੀ’ ਦੀ ਇਕ ਕਾਪੀ ਮੇਰੇ ਕੋਲ ਪਈ ਹੈ, ਮੈਂ ਤੁਹਾਨੂੰ ਭੇਜਾਂਗੀ। ਫਿਲਹਾਲ ਤਾਂ ਮੈਂ ਬਾਪੂ ਜੀ ਹੋਰਾਂ ਦੇ ਲਿਖੇ ਇਕਾਂਗੀਆਂ ਦੇ ਆਧਾਰਿਤ ਪੁਸਤਕ ‘ਗੁਰੂ ਨਾਨਕ ਮਹਿਮਾ’ ਦਾ ਖਰੜਾ ਭੇਜ ਰਹੀ ਹਾਂ। ਇਸ ਨੂੰ ਪੜ੍ਹ ਕੇ ਜੇ ਦੋ ਸ਼ਬਦ ਲਿਖ ਸਕੋ ਤਾਂ ਮੈਨੂੰ ਖੁਸ਼ੀ ਹੋਵੇਗੀ।” ਕੰਵਲਜੀਤ ਹੋਰਾਂ ਦਾ ਮੈਨੂੰ ਫੋਨ ਆਉਂਦਾ ਹੈ। ਕੁਝ ਦਿਨਾਂ ਬਾਅਦ ਮੈਨੂੰ ਗੁਰੂ ਨਾਨਕ ਮਹਿਮਾ ਦਾ ਖਰੜਾ ਮਿਲ ਜਾਂਦਾ ਹੈ। ਇਕਾਂਗੀ ਸੰਗ੍ਰਹਿ ਗੁਰੂ ਨਾਨਕ ਮਹਿਮਾ ਦਾ ਮੈਂ ਇਕ ਦੋ ਵਾਰ ਪਾਠ ਕਰਦਾ ਹਾਂ ਪਰ ਇਸ ਬਾਰੇ ਲਿਖਣ ਤੋਂ ਪਹਿਲਾਂ ਮੈਂ ‘ਕਰਨੀ’ ਪੜ੍ਹਨਾ ਚਾਹੁੰਦਾ ਸਾਂ। ਮੈਨੂੰ ‘ਕਰਨੀ’ ਦੀ ਉਡੀਕ ਸੀ। ਮੇਰੀ ਇੰਤਜ਼ਾਰ ਉਸ ਵੇਲੇ ਖਤਮ ਹੋਈ ਜਦੋਂ ਮੈਨੂੰ ਇਕ ਫੋਨ ਆਇਆ,
”ਮੈਂ ਕੰਵਲਜੀਤ ਦਾ ਭਰਾ ਬੋਲ ਰਿਹਾ ਹਾਂ, ਕੁਝ ਦਿਨ ਲਈ ਇੰਡੀਆ ਆਇਆ ਹਾਂ, ਤੁਹਾਨੂੰ ਮਿਲਣਾ ਹੈ। ਕਿਤਾਬ ਵੀ ਦੇਣੀ ਹੈ।”
ਠੀਕ ਹੈ, ਕੱਲ੍ਹ ਮੈਂ ਦਿੱਲੀ ਹਾਂ, ਤੁਸੀਂ ਏਅਰਪੋਰਟ ‘ਤੇ ਮਿਲ ਸਕਦੇ ਹੋ। ਮੈਂ ਜਵਾਬ ਦਿੰਦਾ ਹਾਂ।
ਉਹ ਨਿਸਚਿਤ ਵਕਤ ‘ਤੇ ਮੈਨੂੰ ਮਿਲਣ ਪਹੁੰਚ ਜਾਂਦੇ ਹਨ। ਅਤੇ ਮੈਨੂੰ ‘ਕਰਨੀ’ ਕਿਤਾਬ ਭੇਂਟ ਕਰਦੇ ਹਨ। ਮਾਸਟਰ ਜੀਵਨ ਸਿੰਘ ਰਚਿਤ ‘ਕਰਨੀ’ ਕੁੱਲ 63 ਪੰਨਿਆਂ ਦੀ ਕਿਤਾਬ ਹੈ। ਇਸ ਕਿਤਾਬ ਬਾਰੇ ਕੰਵਲਜੀਤ ਕੌਰ ਦਾ ਕਹਿਣਾ ਹੈ ਕਿ”ਬਾਪੂ ਜੀ ਦੀ ਸਭ ਤੋਂ ਪਹਿਲੀ ਕਿਤਾਬ ‘ਕਰਨੀ’ ਜੋ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਆਪ ਪ੍ਰਕਾਸ਼ਿਤ ਕਰਵਾਈ ਸੀ, ਕਵਿਤਾਵਾਂ ਦੇ ਰੂਪ ਵਿੱਚ ਛਪੀ ਸੀ ਜਿਸ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਵਿਸ਼ਿਆਂ ਉੱਪਰ ਤਕੜੀ ਚੋਟ ਕੀਤੀ ਗਈ ਸੀ।” ਜਲੰਧਰ ਤੋਂ ਪ੍ਰਕਾਸ਼ਿਤ ਹੁੰਦੇ ਮਾਸਿਕ ਪੱਤਰ ਪ੍ਰੀਤਮਜੋਤ ਦੇ ਸੰਪਾਦਕ ਈਸ਼ਵਰ ਦਾਸ ਸ਼ਾਸਤਰੀ ਨੇ ‘ਕਰਨੀ’ ਬਾਰੇ ਲਿਖਿਆ ਸੀ ਕਿ ਇਸ ਪੁਸਤਕ ਦੇ ਲੇਖਕ ਮਾਸਟਰ ਜੀਵਨ ਸਿੰਘ (ਜੀਵਨ-ਜੋਗੜੇ), ਜਿਹਨਾਂ ਦਾ ਸਾਰਾ ਜੀਵਨ ਵਿੱਦਿਆ ਦੇ ਦਾਨ ਵਿੱਚ ਬਤੀਤ ਹੋਇਆ ਹੈ, ਇਕ ਅਨੁਭਵੀ ਲੇਖਕ ਹਨ। ਪੁਸਤਕ ‘ਕਰਨੀ’ ਜਿਸ ਨੂੰ ਲੇਖਕ ਨੇ ਬਾਰਾਂ ਹਿੱਸਿਆਂ ਵਿੱਚ ਵੰਡਿਆ ਹੈ ਦੇ ਹਿੱਸੇ ਇਸ ਪ੍ਰਕਾਰ ਹਨ:- ਸੁਫ਼ਨਾ, ਗੰਗਾ ਕਿਨਾਰਾ, ਗੀਤ ਉਪਦੇਸ਼, ਹਰੀਸ਼ ਫ਼ਰਮਾਨ, ਭਾਈ ਜੇਠਾ, ਮਿੱਤ੍ਰਤਾ, ਕਲਗੀਧਰ ਚਮਤਕਾਰ, ਮਿਸਟਰ ਜੈਮ, ਸੰਸਾਰ ਦੀ ਸਾਜਨਾ, ਮੁੰਦਰੀ, ਸ੍ਰੀ ਗੁਰੂ ਗੋਬਿੰਦ ਸਿੰਘ, ਬਾਬਾ ਗਿਲਾਸ ਵਾਲੇ। ਮਾਸਟਰ ਜੀਵਨ ਸਿੰਘ ਦੇ ਵਿਚਾਰ ਬੜੇ ਉਦਾਰ ਅਤੇ ਚਿੰਤਨ ਬਹੁਤ ਗਹਿਰ ਗੰਭੀਰ ਹੈ। ਵਿਚਾਰਾਂ ਦੀ ਉੱਚਤਾ ਸਿਖਰ ਤੋਂ ਵੀ ਉੱਚੀ ਹੈ। ਗਹਿਰੇ ਸਾਗਰ ਤੋਂ ਵੀ ਗਹਿਰੀ ਹੈ। ਬਾਣੀ ਵਿੱਚ ਮਧੁਰ ਤੇਜ ਅਤੇ ਸੋਜ਼ ਹੈ।
ਮਾਸਟਰ ਜੀਵਨ ਸਿੰਘ ਜੀਵਨ ਜਿਉੜਾ ਨੇ ਆਪਣਾ ਜੀਵਨ ਇਕ ਵਿਦਿਆਦਾਨੀ ਦੇ ਤੌਰ ‘ਤੇ ਗੁਜ਼ਾਰਿਆ। ਮੈਨੂੰ ਕਦੇ ਵੀ ਉਹਨਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਪਰ ਪੁਸਤਕ ‘ਕਰਨੀ’ ਪਹਿਲੇ ਪੰਨੇ ‘ਤੇ ਛਪੀ ਉਹਨਾਂ ਦੀ ਤਸਵੀਰ ਵੇਖ ਕੇ ਨਿਰਸੰਕੋਚ ਕਹਿ ਸਕਦਾ ਹਾਂ ਕਿ ਉਹਨਾਂ ਦੇ ਚਿਹਰੇ ਦੀ ਸਫੈਦ ਕੰਵਲ ਵਰਗੀ ਨਿਰਮਲੀ ਆਭਾ। ਉਹਨਾਂ ਦੀ ਅੰਤਰ-ਮੁਖੀ ਪ੍ਰਾਪਤੀ, ਉਪਕਾਰੀ ਭਾਵਨਾ ਉਹਨਾਂ ਟਾਂਵੇ ਗੁਰਸਿੱਖਾਂ ਵਿਚੋਂ ਇਕ ਹੈ, ਜਿਹਨਾਂ ਨੇ ਸਾਰੀ ਉਮਰ ਬਾਬਾ ਨਾਨਕ ਦੇ ਦਰਸਾਏ ਰਾਹ ‘ਤੇ ਚੱਲਦਿਆਂ ਗੁਜ਼ਾਰੀ। ਮਾਸਟਰ ਜੀ ਨੇ ਆਪਣੀਆਂ ਲਿਖਤਾਂ ਰਾਹੀਂ ਵੀ ਬਾਬਾ ਨਾਨਕ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਨਵਾਂ ਸ਼ਹਿਰ ਦੇ ਬਾਬਾ ਵਜ਼ੀਰ ਸਿੰਘ ਖਾਲਸਾ ਗਰਲਜ਼ ਹਾਈ ਸਕੂਲ ਦੇ ਪ੍ਰਿੰਸੀਪਲ ਦੇਵੀ ਦਾਸ ਪਜਨੀ ਨੇ ‘ਕਰਨੀ’ ਬਾਰੇ ਲਿਖਿਆ ਸੀ ਕਿ ‘ਇਸ ਪੁਸਤਕ ਦਾ ਹਰ ਅੱਖਰ ਸਿੱਖਿਆਦਾਇਕ ਤੇ ਹਰ ਕਵਿਤਾ ਅਦੁੱਤੀ ਹੈ। ਫਾਰਸੀ ਦਾ ਇਕ ਮਿਸਰਾ ਹੈ:
ਮੁਸ਼ਕ ਆ ਅਸਤ ਕਿ ਖੁਦ ਬਬੋਗਦ ਨਾ ਕੇ ਅਧੁਰ ਬਗੋਯਦ
ਅਰਥਾਤ ਸੁਗੰਧੀ ਉਹ ਹੈ ਜੋ ਆਪਣੇ ਆਪ ਪ੍ਰਤੀਤ ਹੋਵੇ ਨਾਂ ਕਿ ਅਸਰ ਉਸਦੀ ਉਸਤਤ ਕਰੇ। ਇਹ ਮਿਸਰਾ ਇਸ ਕਾਵਿ ਸੰਗ੍ਰਹਿ ਤੇ ਠੀਕ ਢੁੱਕਦਾ ਹੈ। ਮਿੱਤਰਤਾ, ਗੰਗਾ ਕਿਨਾਰਾ, ਗੀਤਾ ਉਪਦੇਸ਼, ਹਦੀਸ਼ ਫੁਰਮਾਨ ਆਦਿ ਅਦੁੱਤੀ ਭੇਟਾਂਵਾਂ ਹਨ। ਗੰਗਾ ਕਿਨਾਰਾ ਵਿਚ ਭੇਖ ਤੇ ਪਾਖੰਡ ਤੇ ਕਰਾਰੀ ਚੋਟ ਮਾਰੀ ਗਈ ਹੈ ਅਤੇ ਮਨੁੱਖਤਾ ਦੀ ਸੇਵਾ ਨੂੰ ਹੀ ਪ੍ਰਭੂ ਪ੍ਰਾਪਤੀ ਦਾ ਸਹੀ ਸਾਧਨ ਦਰਸਾਇਆ ਗਿਆ ਹੈ। ਮਾਸਟਰ ਜੀ ਨੇ ਆਪਣੀ ਕਵਿਤਾ ਵਿਚ ਥਾਂ-ਥਾਂ ਗੁਰੂ ਸਾਹਿਬਾਨਾਂ ਦੇ ਦੱਸੇ ਅਨੁਸਾਰ ਜ਼ਿੰਦਗੀ ਬਿਤਾਉਣ ਦਾ ਸੁਨੇਹਾ ਦਿੱਤਾ ਹੈ, ਜਿਵੇਂ:
ਇਕੋ ਕਾਣ ਇਕੋ ਬਾਣ, ਇਕੋ ਹੀ ਜਾਤ ਸਭ,
ਇਕੋ ਹੀ ਰੂਪ ਸਭ, ਇਕੋ ਹੀ ਵਸਾਇਆ ਜਾਵੇ
ਮਾਨਸ ਕੀ ਜਾਤ ਸਭੈ, ਇਕੋ ਪਹਿਚਾਨਬੋ,
ਵਾਕ ਅਨੁਸਾਰ ਜਨਮ ਬਤਾਇਆ ਜਾਵੇ।
ਮਾਸਟਰ ਜੀਵਨ ਸਿੰਘ ਬਹੁਤ ਸਰਲ ਭਾਸ਼ਾ ਵਿਚ ਲਿਖੀਆਂ ਕਵਿਤਾਵਾਂ ਰਾਹੀਂ ਸਮਾਜ ਨੂੰ ਸੁਧਾਰਨ ਹਿਤ ਸੁਨੇਹਾ ਦਿੱਤਾ ਹੈ। ਇਸੇ ਪੁਸਤਕ ਵਿਚ ਮਾਸਟਰ ਜੀ ਆਪਣੇ ਬਾਰੇ ਕਹਿੰਦੇ ਹਨ ”ਨਾ ਮੈਂ ਕਵੀ ਹਾਂ ਨਾ ਮੈਂ ਵਿਦਵਾਨ ਤੇ ਨਾ ਕੋਈ ਪ੍ਰਚਾਰਕ। ਜੀਵਨ ਇਕ ਨਿਰਮਾਣ ਜਿਹੇ ਅਧਿਆਪਕ ਦੇ ਤੌਰ ‘ਤੇ ਗੁਜ਼ਾਰ ਰਿਹਾ ਹਾਂ। ਆਪਣੇ ਕਰਤੱਵ ਨੂੰ ‘ਪੂਜਾ’ ਸਮਝ ਕੇ ਹੀ ਮਨ ਦੀ ਸ਼ਾਂਤੀ ਅਤੇ ਸੰਤੁਸ਼ਟਤਾ ਪ੍ਰਾਪਤ ਕੀਤੀ ਹੈ।” ਇਉਂ ਮਾਸਟਰ ਜੀ ਨੇ ਆਪਣੀ ਮਨ ਦੀ ਸ਼ਾਂਤੀ ਹਿਤ ਸਾਹਿਤ ਸਿਰਜਣਾ ਦਾ ਰਾਹ ਵੀ ਫੜਿਆ। ਕਵਿਤਾ ਅਤੇ ਕਹਾਣੀ ਦੇ ਨਾਲ-ਨਾਲ ਇਕਾਂਗੀ ਵੀ ਲਿਖੇ। ਇਕਾਂਗੀ ਸੰਗ੍ਰਹਿ ‘ਗੁਰੂ ਨਾਨਕ ਮਹਿਮਾ’ ਬਾਰੇ ਕੰਵਲਜੀਤ ਕੌਰ ਦਾ ਕਹਿਣਾ ਹੈ ”ਉਹਨਾਂ ਦੀ ਇਕ ਡਾਇਰੀ ਜਿਸ ਵਿਚ ਉਹਨਾਂ ਨੇ ਸਿਰਫ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੀਵਨੀ ਨੂੰ ਇਕ ਵਿਲੱਖਣ ਤਰੀਕੇ ਦੇ ਤੌਰ ‘ਤੇ ਲਿਖਿਆ ਹੈ, ਸਾਡੇ ਸਾਰੇ ਪਰਿਵਾਰ ਦੀ ਇਹ ਇੱਛਾ ਰਹੀ ਕਿ ਬਾਪੂ ਜੀ ਦੀ ਇਸ ਲਿਖਤ ਨੂੰ ਵੀ ਕਿਤਾਬ ਦਾ ਰੂਪ ਦਿੱਤਾ ਜਾਵੇ ਅਤੇ ਉਹਨਾਂ ਦੁਆਰਾ ਲਿਖਤਾਂ ਨੂੰ ਸੰਗਠਿਤ ਕਰਕੇ ਕਿਤਾਬ ਛਾਪਣ ਦਾ ਉਪਰਾਲਾ ਕੀਤਾ ਹੈ।” ਸੋ ਕੰਵਲਜੀਤ ਕੌਰ ਅਤੇ ਪਰਿਵਾਰ ਦੇ ਯਤਨਾਂ ਸਦਕਾ ‘ਗੁਰੂ ਨਾਨਕ ਮਹਿਮਾ’ ਇਕਾਂਗੀ ਸੰਗ੍ਰਹਿ ਹੋਂਦ ਵਿਚ ਆਇਆ।
ਇਸ ਇਕਾਂਗੀ ਸੰਗ੍ਰਹਿ ਦਾ ਪਹਿਲਾ ਇਕਾਂਗੀ ਪ੍ਰਚਾਰਕ (ਪੜ੍ਹਨਾ) ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪੰਡਤ ਗੁਪਾਲ ਅਤੇ ਮਦਰੱਸੇ ਵਾਲੇ ਮੌਲਵੀ ਨੂੰ ਸਿੱਖਿਆ ਦੇਣ ਬਾਰੇ ਹੈ। ਇਸ ਇਕਾਂਗੀ ਦਾ ਅੰਤ ਇਸ ਮੌਲਵੀ ਦੇ ਇਸ ਸੰਵਾਦ ਨਾਲ ਹੁੰਦਾ ਹੈ ”ਮਹਿਤਾ ਜੀ, ਇਹ ਬਾਲਕ ਕੋਈ ਅਲੋਕਿਕ ਜੀਅ ਹੈ, ਅਨੋਖਾ ਬਸ਼ਰ ਹੈ। ਖੁਦਾ ਨ ਖੁਦ ਆਪ ਪੜ੍ਹਾ ਕੇ ਭੇਜਿਆ ਹੈ, ਸਾਡੀ ਅਕਲ ਤੋਂ ਬਾਹਰ ਹੈ।” ਸੰਗ੍ਰਹਿ ਦਾ ਦੂਜਾ ਇਕਾਂਗੀ ‘ਜੰਜੂ’ ਬਾਲ ਗੁਰੂ ਨਾਨਕ ਨੂੰ ਜੰਜੂ ਪਹਿਨਾਏ ਜਾਣ ਸਮੇਂ ਦਾ ਵਰਣਨ ਕੀਤਾ ਗਿਆ ਹੈ। ਇਹ ਇਕਾਂਗੀ ਵਿਖਾਵੇ ਦੇ ਕਰਮ ਕਾਂਡਾਂ ਤੇ ਗਹਿਰੀ ਚੋਟ ਹੈ। ‘ਮੱਝਾਂ ਚਾਰੀਆਂ’ ਵਾਲੇ ਇਕਾਂਗੀ ਰਾਹੀਂ ਰਾਏ ਬੁਲਾਰ ਨੂੰ ਬਾਲ ਨਾਨਕ ਦਾ ਮੁਰੀਦ ਬਣਦੇ ਦਿਖਾਇਆ ਗਿਆ ਹੈ। ਇਕਾਂਗੀ ਸੰਗ੍ਰਹਿ ਦੇ ਚੌਥਾ ਇਕਾਂਗੀ ‘ਸੱਚਾ ਸੌਦਾ’ ਬਾਬਾ ਨਾਨਕ ਵੱਲੋਂ ਭੁੱਖੇ ਸਾਧੂਆਂ ਦੀ ਟੋਲੀ ਨੂੰ ਭੋਜਨ ਕਰਾਉਣ ਬਾਰੇ ਹੈ। ਇਸ ਤਰ੍ਹਾਂ ਅਗਲੇ ਇਕਾਂਗੀਆਂ ਸੁਲਤਾਨਪੁਰ ਜਾਣਾ ਅਤੇ ਮੋਦੀ ਖਾਨਾ ਰਾਹੀਂ ਬਾਬਾ ਨਾਨਕ ਦੀਆਂ ਅਧਿਆਤਮਕ ਰਮਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਕਾਂਗੀ ‘ਨਿਮਾਜ ਪੜ੍ਹਨੀ’ ਵਿਚ ਵਿਖਾਵੇ ਦੀ ਭਗਤੀ ‘ਤੇ ਚੋਟ ਕੀਤੀ ਗਈ ਹੈ। ‘ਬੇਈ ਵਿਚ ਟੁੱਭੀ’ ਇਕਾਂਗੀ ਗੁਰੂ ਨਾਨਕ ਦੇਵ ਵੱਲੋਂ ਸਮਾਧੀ ਵਿਚ ਜਾਣ ਦੀ ਕਹਾਣੀ ਨੂੰ ਬਿਆਨ ਕਰਦਾ ਹੈ। ‘ਕੰਧ ਸਾਹਿਬ’ ਇਕਾਂਗੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਘਟਨਾ ਨੂੰ ਬਿਆਨ ਕਰਦਾ ਹੈ। ਇਸ ਇਕਾਂਗੀ ਸੰਗ੍ਰਹਿ ‘ਸਾਧੂ ਨਾਲ ਮੇਲ’ ਵਿਚ ਲੇਖਕ ਨੇ ਗੁਰੂ ਨਾਨਕ ਵੱਲੋਂ ਭੇਖੀ ਸਾਧਾਂ ਦੇ ਭੇਖ ਨੂੰ ਨੰਗਾ ਕੀਤਾ ਗਿਆ ਹੈ। ‘ਭਾਈ ਲਾਲੋ ਜੀ’ ਇਕਾਂਗੀ ਵਿਚ ਭਾਈ ਲਾਲੋ ਅਤੇ ਮਲਕ ਭਾਗੋ ਦੀ ਕਹਾਣੀ ਨੂੰ ਬਿਆਨਿਆ ਗਿਆ ਹੈ। ‘ਪ੍ਰਮਾਤਮਾ’ ਹਰ ਜਗ੍ਹਾ’ ਇਕਾਂਗੀ ਵਿਚ ਗੁਰੂ ਨਾਨਕ ਦੇਵ ਨੇ ਦੁਨੀਆਂ ਨੂੰ ਇਹ ਸੁਨੇਹਾ ਦਿੱਤਾ ਕਿ ਪ੍ਰਮਾਤਮਾ ਹਰ ਥਾਂ ਹੈ। ਇਸ ਤਰ੍ਹਾਂ ਇਕਾਂਗੀ ‘ਮੱਕਾ’ ਦਾ ਸੁਨੇਹਾ ਹੈ ‘ਮੰਦਾ ਕਿਸਨੂੰ ਆਖੀਏ ਸਭਨਾ ਸਾਹਿਬ ਏਕ’। ਇਕਾਂਗੀ ‘ਐਮਨਾਬਾਦ’ ਵਿਚ ਬਾਬਰ ਨਾਲ ਸੰਵਾਦ ਹੁੰਦਾ ਦਿਖਾਇਆ ਗਿਆ ਹੈ। ਇਸ ਤਰ੍ਹਾਂ ‘ਬਗਦਾਦ’, ‘ਮਰਦਾਨਾ’, ‘ਨੂਰ ਸ਼ਾਹ’, ‘ਭਵਖੰਡਨਾ ਤੇਰੀ ਆਰਤੀ’, ‘ਮਛੱਦਰ ਨਾਲ ਮਿਲਣੀ’, ‘ਭੂਮੀਆਂ ਡਾਕੂ’ ਅਤੇ ‘ਕੌਡਾ ਰਾਕਸ਼’ ਆਦਿ ਨਾਮ ਦੇ ਇਕਾਂਗੀਆਂ ਵਿਚ ਬਾਬਾ ਨਾਨਕ ਨਾਲ ਸਬੰਧਤ ਕਹਾਣੀਆਂ ਦਿੱਤੀਆਂ ਹਨ। ਇਕਾਂਗੀ ‘ਪੰਜਾ ਸਾਹਿਬ’ ਵਿਚ ਵਲੀ ਕੰਧਾਰੀ ਨਾਲ ਬਾਬਾ ਨਾਨਕ ਦੇ ਸੰਵਾਦ ਨੂੰ ਪੇਸ਼ ਕੀਤਾ ਗਿਆ ਹੈ। ‘ਸੱਜਣ ਠੱਗ’ ਇਕਾਂਗੀ ਠੱਗ ਦੇ ਸੱਜਣ ਬਣਨ ਦੀ ਕਹਾਣੀ ਨੂੰ ਬਿਆਨ ਕਰਦਾ ਹੈ।
‘ਬੇਬੇ ਨਾਨਕੀ ਜੀ’ ਨਾਮ ਦੇ ਇਕਾਂਗੀ ਵਿਚ ਬਾਬਾ ਨਾਨਕ ਦੀ ਭੈਣ ਨਾਨਕੀ ਨਾਲ ਮਿਲਣੀ ਨੂੰ ਪੇਸ਼ ਕੀਤਾ ਗਿਆ ਹੈ। ਇਸ ਸੰਗ੍ਰਹਿ ਦੇ ਅੰਤ ਵਿਚ ਬਾਬਾ ਨਾਨਕ ਵੱਲੋਂ ਚਾਰ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਆ ਕੇ ਹਲ ਚਲਾਉਣ ਬਾਰੇ ਦੱਸਿਆ ਗਿਆ ਹੈ। ਇਸ ਪੁਸਤਕ ਦੇ ਅੰਤ ਵਿਚ ‘ਜੋਤੀ ਜੋਤ ਸਮਾਣਾ’ ਸਿਰਲੇਖ ਹੇਠ ਬਾਬਾ ਨਾਨਕ ਦੇ ਅੰਤਿਮ ਸਮੇਂ ਨੂੰ ਬਿਆਨ ਕੀਤਾ ਗਿਆ ਹੈ ਅਤੇ ਹਿੰਦੂ ਅਤੇ ਮੁਸਲਮਾਨਾਂ ਦੇ ਝਗੜੇ ਵੱਲ ਇਸ਼ਾਰਾ ਕੀਤਾ ਗਿਆ ਹੈ। ਇਸ ਪੁਸਤਕ ਦੀ ਸਮਾਪਤੀ ਵਿਚ ਮਾਸਟਰ ਜੀਵਨ ਸਿੰਘ ਨੇ ਲਿਖਿਆ ਹੈ ਕਿ ‘ਗੁਰੂ ਨਾਨਕ ਜੀ ਨੂੰ ਇਹ ਕਦੋਂ ਪਸੰਦ ਸੀ ਕਿ ਮੇਰੇ ਮਕਬਰੇ ਤੇ ਸਮਾਧ ਨੂੰ ਲੈ ਕੇ ਕੱਲ੍ਹ ਹਿੰਦੂ-ਮੁਸਲਮਾਨ ਆਪਸ ਵਿਚ ਲੜਨ। ਕਹਿੇੰਦੇ ਹਨ ਫਿਰ ਰਾਵੀ ਦੀ ਇਕ ਵੱਡੀ ਲਹਿਰ ਆਈ ਜੋ ਮਕਬਰੇ ਅਤੇ ਸਮਾਧ ਨੂੰ ਨਾਲ ਵਹਾ ਕੇ ਲੈ ਗਈ। ਇਸ ਅਸਥਾਨ ‘ਤੇ ਅੱਜ ਇਕ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜੋ ਪਾਕਿਸਤਾਨ ਬਣਨ ਕਾਰਨ ਉਥੇ ਰਹਿ ਗਿਆ ਹੈ। ਅੱਜ ਵੀ ਦੁਨੀਆਂ ਦੇ ਹਰ ਕੋਨੇ ਤੋਂ ਗੁਰੂ ਨਾਨਕ ਸਾਹਿਬ ਦੇ ਨਾਮ ਲੇਵਾ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ।” ਇਉਂ ਮਾਸਟਰ ਜੀਵਨ ਸਿੰਘ ਬਹੁਤ ਹੀ ਦਿਲਚਸਪ ਢੰਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਗਾਥਾ ਨੂੰ ਬਿਆਨ ਕਰਦੇ ਹਨ।
ਮਾਸਟਰ ਜੀਵਨ ਸਿੰਘ ਜੀਵਨ ਜੋਗੜ ਦੀ ਨਿਰਮਲ ਸ਼ਖਸੀਅਤ ਹੀ ਉਹਨਾਂ ਦੇ ਮਾਨਵਵਾਦੀ ਸਾਹਿਤ ਦਾ ਪ੍ਰਾਣ-ਬਿੰਦੂ ਹੈ। ਮੂਲ ਰੂਪ ਵਿਚ ਉਹ ‘ਮਾਨਵਤਾ ਦੇ ਸਾਹਿਤਕਾਰ’ ਹਨ। ਅਜੋਕੇ ਸਮਾਜਿਕ ਤਾਣੇ-ਬਾਣੇ ਵਿਚ ਮਨੁੱਖ ਨੂੰ ਬਹੁਤ ਦੁਸ਼ਵਾਰੀਆਂ ਦਰਪੇਸ਼ ਹਨ ਪਰ ਮਾਸਟਰ ਜੀ ਦੀ ਕਲਮ ਹਮੇਸ਼ਾ ਸਮੁੱਚੀ ਮਨੁੱਖਤਾ ਦੇ ਉਜਲੇ ਭਵਿੱਖ ਲਈ ਪ੍ਰਯਤਨਸ਼ੀਲ ਰਹੀ। ਸਾਦਗੀ ਅਤੇ ਸਰਲਤਾ ਮਾਸਟਰ ਜੀ ਦੇ ਸਾਹਿਤ ਦੇ ਅਜਿਹੇ ਗੁਣ ਹਨ ਜੋ ਉਸਨੂੰ ਲੋਕਪ੍ਰਿਆ ਬਣਾਉਂਦੇ ਹਨ। ਅਸਲ ਵਿਚ ਉਹ ਮਨੁੱਖਤਾ ਦੇ ਹਮਾਇਤੀ ਹਨ ਅਤੇ ਉਹਨਾਂ ਦੀ ਚੇਤਨਾ ਫੈਲ ਕੇ ਸੂਰਜ ਦੀ ਰੌਸ਼ਨੀ ਵਾਂਗ ਗਲੀ-ਗਲੀ, ਮੁਹੱਲੇ-ਮੁਹੱਲੇ ਪਹੁੰਚਦੀ ਹਰ ਮਨੁੱਖ ਦੀ ਸੋਚ ਨੂੰ ਚਾਨਣ ਚਾਨਣ ਕਰਦੀ ਹੈ।
ਮਾਸਟਰ ਜੀਵਨ ਸਿੰਘ ਦੀ ਇਸ ਸੋਚ ਨੂੰ ਲੋਕ ਦਰਾਂ ਤੱਕ ਪਹੁੰਚਾਉਣ ਲਈ ਉਹਨਾਂ ਦੀ ਧੀ ਕਮਲਜੀਤ ਕੌਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਵੱਡੀ ਭੂਮਿਕਾ ਹੈ। ਮੈਂ ਮਾਸਟਰ ਜੀਵਨ ਸਿੰਘ ਦੇ ਸਮੂਹ ਪਰਿਵਾਰਕ ਮੈਂਬਰਾਂ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਹਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਲੋਕ ਵੀ ਆਪਣੇ-ਆਪਣੇ ਬਜ਼ੁਰਗਾਂ ਦੀ ਯਾਦ ਨੂੰ ਸਹੀ ਅਤ ਸਕਾਰਾਤਮਕ ਤਰੀਕੇ ਨਾਲ ਮਨਾਉਣ ਦੇ ਹੀਲੇ ਕਰਨਗੇ।

ਉਜਾਗਰ ਸਿੰਘ ਦੀ ਪੁਸਤਕ ‘ਪਰਵਾਸੀ ਜੀਵਨ ਤੇ ਸਾਹਿਤ’ ਨੂੰ ਖ਼ੁਸ਼ਆਮਦੀਦ

downloadਤਿੱਖੀ ਸਿਆਸੀ ਸੂਝ ਵਾਲਾ, ਇਕਾਗਰ ਚਿੱਤ, ਗੰਭੀਰ ਅਤੇ ਲੋਕ ਮਨਾਂ ਨੂੰ ਪੜ੍ਹਨ ‘ਚ ਮਾਹਿਰ ਉਜਾਗਰ ਸਿੰਘ 20 ਮਈ 1949 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੱਦੋਂ ਵਿਖੇ ਸ. ਅਰਜਨ ਸਿੰਘ ਅ ਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਦੇ ਘਰ ਪੈਦਾ ਹੋਇਆ। ਸਾਰੀ ਉਮਰ ਪੰਜਾਬ ਦੇ ਲੋਕ ਸੰਪਰਕ ਮਹਿਕਮੇ ਵਿੱਚ ਸਰਵਿਸ ਕੀਤੀ ਅਤੇ ਜ਼ਿਲ੍ਹਾ ਲੋਕ ਸੰਪਰਕ  ਅਫ਼ਸਰ ਵਜੋਂ ਰਿਟਾਇਰ ਹੋਇਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਉਜਾਗਰ ਸਿੰਘ ਦੀ ਘਣੀ ਨੇੜਤਾ ਸੀ। ਜਦੋਂ ਉਹ ਮੁੱਖ ਮੰਤਰੀ ਸੀ ਤਾਂ ਉਜਾਗਰ ਸਿੰਘ ਦੀ ਟੌਅਰ ਅਤੇ ਸ਼ਕਤੀ ਕਿਸੇ ਮੰਤਰੀ ਤੋਂ ਘੱਟ ਨਹੀਂ ਸੀ। ਇਹ ਉਜਾਗਰ ਸਿੰਘ ਦੀ ਸ਼ਖਸੀਅਤ ਦਾ ਕਮਾਲ ਹੈ ਕਿ ਉਹ ਹਮੇਸ਼ਾ ਜ਼ਮੀਨ ਨਾਲ ਜੁੜਿਆ ਰਿਹਾ, ਸ਼ਾਇਦ ਇਸੇ ਕਾਰਨ ਹੀ ਉਹ ਪੰਜਾਬ ਦੇ ਕੱਲੇ ਕੱਲੇ ਸਿਆਸੀ ਆਗੂ ਬਾਰੇ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੈ। ਲੋਕ ਸੰਪਰਕ ਮਹਿਕਮੇ ਤੋਂ ਸੇਵਾ ਮੁਕਤ ਹੋਣ ਬਾਅਦ ਉਜਾਗਰ ਸਿੰਘ ਨੇ ਕਲਮ ਨਾਲ ਆਪਣੀ ਦੋਸਤੀ ਹੋਰ ਵੀ ਗੂੜ੍ਹੀ ਕਰ ਲਈ। ਜਿੱਥੇ ਉਸਨੇ ਅਖਬਾਰਾਂ ਅਤੇ ਰਸਾਲਿਆਂ ਲਈ ਕਾਲਮ ਲਿਖਣੇ ਸ਼ੁਰੂ ਕੀਤੇ, ਉਥੇ ਉਸਨੇ ਪੁਸਤਕਾਂ ਦੀ ਸੰਪਾਦਨਾ ਅਤੇ ਪ੍ਰਕਾਸ਼ਨਾ ਵੱਲ ਵੀ ਧਿਆਨ ਦੇਣਾ ਆਰੰਭ ਕੀਤਾ। ਪਿਛਲੇ ਕੁਝ ਵਰ੍ਹਿਆਂ ਦੌਰਾਨ ਉਸ ਦੀਆਂ ਪੰਜ ਪੁਸਤਕਾਂ ਪੜ੍ਹਨ ਨੂੰ ਮਿਲੀਆਂ। ਜਿਹਨਾਂ ਵਿੱਚ ‘ਪਟਿਆਲਾ ਵਿਰਾਸਤ ਦੇ ਰੰਗ’, ਸਮਕਾਲੀਨ ਸਮਾਜ ਅਤੇ ਸਿਆਸਤ (ਵਾਰਤਕ), ਸਿਆਸਤ ਦਾ ਮਸੀਹਾ, ਸਿੱਖੀ ਸੋਚ ਦੇ ਪਹਿਰੇਦਾਰ, ਪੂਰਬ ਪੱਛਮ ਅਤੇ ਹੱਥਲੀ ਪੁਸਤਕ ਪਰਵਾਸੀ ਜੀਵਨ ਤੇ ਸਾਹਿਤ’ ਸ਼ਾਮਲ ਹਨ।
‘ਪ੍ਰਵਾਸੀ ਜੀਵਨ ਤੇ ਸਾਹਿਤ’ ਪੁਸਤਕ ਦੇ ਜਨਮ ਬਾਰੇ ਟਿੱਪਣੀ ਕਰਦਾ ਹੋਇਆ ਇਸ ਪੁਸਤਕ ਦਾ ਲਖਕ ਲਿਖਦਾ ਹੈ ”ਮੈਂ ਸਾਹਿਤ ਦਾ ਆਲੋਚਕ ਤਾਂ ਨਹੀਂ ਹਾਂ ਪਰ ਵਿਦਿਆਥੀ ਜ਼ਰੂਰ ਹਾਂ, ਇਸ ਲਈ ਮੈਂ ਮਹਿਸੂਸ ਕੀਤਾ ਕਿ ਜਿਹੜੇ ਪੰਜਾਬੀ ਕਵੀ, ਕਵਿਤਰੀਆਂ, ਗਾਇਕ, ਕਲਾਕਾਰ ਅਤੇ ਗੀਤਕਾਰ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ, ਕਿਉਂ ਨਾ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਇਕ ਪੁਸਤਕ ਪ੍ਰਕਾਸ਼ਿਤ ਕੀਤੀ ਜਾਵੇ, ਕਿਉਂਕਿ ਉਹ ਪਰਵਾਸ ਵਿੱਚ ਪੰਜਾਬੀ ਦੀਆਂ ਖੁਸ਼ਬੋਆਂ ਖਿਲਾਰ ਰਹੇ ਹਨ। ਇਸ ਲਈ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਹੈ ਤਾਂ ਜੋ ਵਿਦੇਸ਼ਾਂ ਵਿੱਚ ਰਹਿ ਰਹੇ ਕੁਝ ਪਰਵਾਸੀ ਲੇਖਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਦੇ ਪੰਜਾਬੀ ਭਾਸ਼ਾ ਦੀ ਪ੍ਰਫ਼ੁੱਲਤਾ ਵਿੱਚ ਪਾਏ ਯੋਗਦਾਨ ਬਾਰੇ ਵੀ ਦੱਸਿਆ ਜਾਵੇ, ਕਿਉਂਕਿ ਉਹ ਸਾਹਿਤਕਾਰ ਆਪਣੇ ਸਭਿਆਚਾਰ ਅਤੇ ਅਮੀਰ ਵਿਰਸੇ ਨਾਲ ਵਿਦੇਸ਼ਾਂ ਵਿੱਚ ਪ੍ਰਵਾਸ ਕਰਦਿਆਂ ਉਸੇ ਤਰ੍ਹਾਂ ਜੁੜੇ ਹੋਏ ਹਨ, ਜਿਸ ਤਰ੍ਹਾਂ ਪੰਜਾਬ ਵਿੱਚ ਪੰਜਾਬੀ ਜੁੜੇ ਹਨ। ਲੇਖਕਾਂ ਦੀ ਚੋਣ ਕਰਨ ਲੱਗਿਆਂ ਮੈਂ ਇਸ ਗੱਲ ਦਾ ਧਿਆਨ ਰੱਖਦਾ ਹਾਂ ਕਿ ਅਜਿਹੇ ਲੇਖਕ ਹੀ ਸ਼ਾਮਲ ਕੀਤੇ ਹਨ, ਜਿਹਨਾਂ ਦਾ ਯੋਗਦਾਨ ਸਮਾਜਿਕ ਸਰੋਕਾਰਾਂ ਨਾਲ ਹੋਵੇ”, ਸੋ ਉਜਾਗਰ ਸਿੰਘ ਨੇ ਇਸ ਪੁਸਤਕ ਵਿੱਚ 14 ਲੇਖਕਾਂ ਅਤੇ 13 ਲੇਖਿਕਾਵਾਂ ਨੂੰ ਸ਼ਾਮਲ ਕੀਤਾ ਹੈ।
ਇਸ ਪੁਸਤਕ ਵਿੱਚ ਲੇਖਕ ਨੇ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਆਦਿ ਮੁਲਕਾਂ ਵਿੱਚ ਵੱਸ ਰਹੇ ਸਾਹਿਤਕਾਰਾਂ, ਪੱਤਰਕਾਰਾਂ, ਗੀਤਕਾਰਾਂ ਅਤੇ ਗਾਇਕਾਂ ਦੇ ਜੀਵਨ ਬਿਉਰੇ ਦੇ ਨਾਲ ਨਾਲ ਉਹਨਾਂ ਵੱਲੋਂ ਪਾਏ ਯੋਗਦਾਨ ਅਤੇ ਉਹਨਾਂ ਦੀਆਂ ਲਿਖਤਾਂ ਬਾਰੇ ਜਾਣਕਾਰੀ ਦਿੱਤੀ ਹੈ। ਮੈਂ ਇਹਨਾਂ 27 ਸ਼ਖਸੀਅਤਾਂ ਵਿੱਚੋਂ ਕਈਆਂ ਨੂੰ ਨਿੱਜੀ ਤੌਰ ‘ਤੇ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਉਹਨਾਂ ਦੇ ਕੰਮਾਂ ਕਾਰਾਂ ਤੋਂ ਵੀ ਚੰਗੀ ਤਰ੍ਹਾਂ ਵਾਕਫ਼ ਹਾਂ। ਇਸ ਆਧਾਰ ‘ਤੇ ਮੈਂ ਸਪਸ਼ਟ ਕਹਿ ਸਕਦਾ ਹਾਂ ਕਿ ਉਜਾਗਰ ਸਿੰਘ ਨੇ ਭਾਵੇਂ ਆਲੋਚਨਾਤਮਕ ਦ੍ਰਿਸ਼ਟੀ ਨਾਲ ਇਹਨਾਂ ਲੇਖਕਾਂ ਨੂੰ ਨਾ ਪਰਖਿਆ ਹੋਵੇ ਪਰ ਉਸਦੀ ਸੂਖਮ ਨਜ਼ਰ ਨੇ ਇਨ੍ਹਾਂ 27 ਪ੍ਰਵਾਸੀ ਲੇਖਕਾਂ ਦੀ ਹਰ ਰਚਨਾ ਅਤੇ ਹਰ ਗੁਣ ਨੂੰ ਚੰਗੀ ਤਰ੍ਹਾਂ ਪਰਖਿਆ ਹੈ। ਦੂਜੇ ਪਾਸੇ ਮੈਨੂੰ ਇਸ ਪੁਸਤਕ ਦੇ ਪਾਠ ਕਰਨ ਤੋਂ ਬਾਅਦ ਕਈ ਲੇਖਕਾਂ ਦੇ ਜੀਵਨ ਬਾਰੇ ਉਹਨਾਂ ਗੱਲਾਂ ਦਾ ਪਤਾ ਲੱਗਾ ਹੈ, ਜਿਹਨਾਂ ਬਾਰੇ ਪਹਿਲਾਂ ਮੈਂ ਉੱਕਾ ਹੀ ਅਣਜਾਣ ਸਾਂ। ਜਿਵੇਂ ਮੇਰੇ ਪਿੰਡ ਬੁਟਾਹਰੀ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸਰੀ ਵਿੱਚ ਵੱਸਦੇ ਲੇਖਕ ਜੈਤੇਗ ਸਿੰਘ ਆਨੰਤ ਦੇ ਮੁਢਲੇ ਜੀਵਨ ਬਾਰੇ ਸਾਰੀ ਜਾਣਕਾਰੀ ਮੈਨੂੰ ਇਸੇ ਪੁਸਤਕ ਵਿੱਚੋਂ ਮਿਲੀ। ਉਸਦੇ ਫ਼ੋਟੋਗ੍ਰਾਫ਼ੀ ਤੋਂ ਲੇਖਕ ਬਣਨ ਦੇ ਸਫ਼ਰ ਨੂੰ ਉਜਾਗਰ ਸਿੰਘ ਨੇ ਬਾਖੂਬੀ ਪੇਸ਼ ਕੀਤਾ ਹੈ। ਲੈਫ਼. ਕਰਨਨ ਗੁਰਦੀਪ ਸਿੰਘ ਦੀਆਂ ਲਿਖਤਾਂ ਦੇ ਹਵਾਲੇ ਨਾਲ ਉਜਾਗਰ ਸਿੰਘ ਇਹ ਸੁਨੇਹਾ ਕਾਮਯਾਬੀ ਨਾਲ ਦੇਣ ਵਿੱਚ ਸਫ਼ਲ ਹੋਇਆ ਹ ੈ ਕਿ ਧਰਮ ਇਕ ਸੰਜੀਦਾ ਅਤੇ ਸੰਵੇਦਨਸ਼ੀਲ ਵਿਸ਼ਾ ਹੈ। ਇਸ ਬਾਰੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਿੱਖ ਸੰਗਤ ਨੂੰ ਵਿਸ਼ਵਾਸ ਵਿੱਚ ਲੈਣਾ ਜ਼ਰੂਰੀ ਹੈ। ਇਸੇ ਤਰ੍ਹਾਂ ਗੀਤਕਾਰ ਜੀਤ ਕੱਦੋਵਾਲਾ ਬਾਰੇ ਲਿਖਦੇ ਹੋਏ ਇਸ ਪੁਸਤਕ ਦੇ ਲੇਖਕ ਨੇ ਅਰਥ ਭਰਪੂਰ ਅਤੇ ਸਮਾਜਿਕ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਦੀ ਪ੍ਰੇਰਨਾ ਕਰਨ ਵਾਲੇ ਗੀਤਕਾਰਾਂ ਦੀ ਪੈਰਵਾਈ ਕੀਤੀ ਹੈ।ਉਜਾਗਰ ਸਿੰਘ ਨੇ ਆਸਟ੍ਰੇਲੀਆ ਵਿੱਚ ਵੱਸ ਰਹੇ ਕੀਟ ਵਿਗਿਆਨੀ ਡਾ. ਅਮਰਜੀਤ ਟਾਂਡਾ ਦੀ ਬਹੁਪੱਖੀ ਸ਼ਖਸੀਅਤ ਨੂੰ ਪੇਸ਼ ਕਰਦੇ ਹੋਏ ਸ਼ਬਦ ਚਿਤਰਨ ਦੀ ਕਲਾ ਦਾ ਬਕਮਾਲ ਸਬੂਤ ਦਿੱਤਾ ਹੈ। ਲੇਖਕ ਕਹਿੰਦਾ ਹੈ ਕਿ ਡਾ. ਅਮਰਜੀਤ ਸਿੰਘ ਟਾਂਡਾ ਪੰਜਾਬੀ ਭਾਸ਼ਾ ਦੀ ਪ੍ਰਫ਼ੁੱਲਤਾ ਲਈ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ।
ਅੱਗ ਜਦੋਂ ਵੀ ਛਾਤੀ ਵਿੱਚ ਬਲਦੀ ਹੈ,
ਪਰਬਤ ਵੀ ਉਚੇ ਨਹੀਂ ਲੱਗਦੇ।
ਇਸ ਕਵਿਤਾ ਦੀਆਂ ਪੰਕਤੀਆਂ ਦਰਸਾਉਂਦੀਆਂ ਹਨ ਕਿ ਨਿਸ਼ਾਨੇ ਤੇ ਪਹੁੰਚਣ ਲਈ ਪਹਾੜ ਵੀ ਨਹੀਂ ਰੋਕ ਸਕਦੇ। ਕੈਨੇਡਾ ਵਿੱਚ ਵੱਸ ਰਹੀ ਕਵਿੱਤਰੀ ਗੁਰਦੀਸ਼ ਕੌਰ ਗਰੇਵਾਲ ਨੂੰ  ਉਜਾਗਰ ਸਿੰਘ ਨੇ ‘ਕਲਮ ਦੀ ਧਨੀ’ ਦਾ ਖਿਤਾਬ ਦਿੱਤਾ ਹੈ। ਇਸੇ ਤਰ੍ਹਾਂ ਕੈਨੇਡਾ ਦੀ ਇਕ ਹੋਰ ਕਵਿਤਰੀ ਬਲਵੀਰ ਕੌਰ ਢਿੱਲੋਂ ਨੂੰ ਉਜਾਗਰ ਸਿੰਘ ਤਣਾਅ ਗ੍ਰਸਤ ਰਿਸ਼ਤਿਆਂ ਦੀ ਕਵਿੱਤਰੀ ਕਹਿੰਦਾ ਹੈ। ਉਜਾਗਰ ਸਿੰਘ ਦੀ ਨਜ਼ਰ ਵਿੱਚ ਕੈਨੇਡਾ ਦੀ ਇਕ ਹੋਰ ਪੰਜਾਬੀ ਕਵਿੱਤਰੀ ਸੁਰਿੰਦਰ ਕੌਰ ਬਿੰਨਰ ‘ਬਿਰਹਾ ਦੀ ਕਵਿੱਤਰੀ’ ਹੈ। ਟਰਾਂਟੋ ਵਿੱਚ ਵੱਸ ਰਹੀ ਸੁਰਜੀਤ ਕੌਰ ਨੂੰ ਲੇਖਕ ਰਹੱਸਵਾਦੀ ਕਵਿੱਤਰੀ ਗਰਦਾਨਦਾ ਹੈ। ਉਜਾਗਰ ਸਿੰਘ ਅਨੁਸਾਰ ਸੁਰਜੀਤ ਕੌਰ ਦੀਆਂ ਕਵਿਤਾਵਾਂ ਦਾ ਆਧਾਰ ਸੱਚ, ਸਿਆਣਪ, ਸੁਘੜਤਾ ਅਤੇ ਨਿਰਸੁਆਰਥਤਾ ‘ਤੇ ਆਧਾਰਿਤ ਹੈ। ਸੁਰਜੀਤ ਦੀ ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਉਸਦੀਆਂ ਕਵਿਤਾਵਾਂ ਨਿੱਜ ਤੋਂ ਪਰ੍ਹੇ ਦੀ ਗੱਲ ਕਰਦੀਆਂ ਹਨ।
ਪਟਿਆਲਾ ਦੇ ਪਿੰਡ ਮਜਾਲ ਖੁਰਦ ਦੇ ਜੰਮਪਲ ਅਤੇ ਲੰਡਨ ਵਿੱਚ ਵਿੱਚਰਦੇ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੂੰ ਉਜਾਗਰ ਸਿੰਘ ਨੇ ਇਸ ਪੁਸਤਕ ਵਿੱਚ ‘ਪੰਜਾਬੀਅਤ ਦਾ ਰਾਜਦੂਤ’ ਕਿਹਾ ਹੈ, ਜੋ ਕਿ ਪੂਰੀ ਤਰ੍ਹਾਂ ਸਹੀ ਹੈ। ਲੇਖਕ ਨੇ ਦੱਸਿਆ ਕਿ ਸ਼ੇਰਗਿੱਲ ਨੇ ਪ੍ਰਵਾਸੀ ਪੰਜਾਬੀਆਂ ਦੀ ਜਾਣਕਾਰੀ ਲਈ ਉਹ ਪਿਛਲੇ 13 ਸਾਲਾਂ ਤੋਂ ਆਪਣੇ ਖਰਚੇ ‘ਤੇ ਇਕ ਪੁਸਤਕ ਪ੍ਰਕਾਸ਼ਿਤ ਕਰਦਾ ਆ ਰਿਹਾ ਹੈ, ਜਿਸਦਾ ਨਾਂ ਹੈ ‘ਇੰਡੀਅਨ ਅਬਰੌਡ ਐਂਡ ਪੰਜਾਬ ਇੰਪੈਕਟ’। ਇਸ ਲੇਖ ਵਿੱਚ ਉਜਾਗਰ ਸਿੰਘ ਨੇ ਨਰਪਾਲ ਸਿੰਘ ਸ਼ੇਰਗਿੱਲ ਦੇ ਜੀਵਨ ਅਤੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ। ਸਾਹਨੇਵਾਲ ਤੋਂ ਇੰਗਲੈਂਡ ਗਏ ਅਤੇ ਇੰਗਲੈਂਡ ਤੋਂ ਅਮਰੀਕਾ ਜਾ ਕੇ ਵੱਸ ਹਾਇਕੂ ਅਤੇ ਹਾਈਬਨ ਦੇ ਕਵੀ ਗੁਰਮੀਤ ਸਿੰਘ ਸੰਧੂ ਦਾ ਰੇਖਾ ਚਿੱਤਰ ਵੀ ਇਸ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ।
15 ਪੁਸਤਕਾਂ ਦੇ ਲੇਖਕ ਅਤੇ ਕੈਨੇਡਾ ਦੇ ਵਸਨੀਕ ਹਰਚੰਦ ਸਿੰਘ ਬਾਗੜੀ ਦੇ ਰੇਖਾ ਚਿੱਤਰ ਵਿੱਚ ਬਾਗੜੀ ਰਚਿਤ ਸਮੁੱਚੇ ਸਾਹਿਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ। ਬਰੈਂਪਟਨ ਵਿੱਚ ਰਹਿੰਦੀ ਕਵਿੱਤਰੀ ਸੁਰਜੀਤ ਕੌਰ ਦੇ ਪਤੀ ਪਿਆਰਾ ਸਿੰਘ ਕੁੱਦੋਵਾਲ ਵੀ ਉਹਨਾਂ 27 ਸ਼ਖਸੀਅਤਾਂ ਵਿੱਚੋਂ ਇਕ ਹਨ, ਜਿਹਨਾਂ ਬਾਰੇ ਉਜਾਗਰ ਸਿੰਘ ਨੇ ਸ਼ਬਦੀ ਚਿੱਤਰ ਲਿਖੇ ਹਨ। ਕੁੱਦੋਵਾਲ ਬਾਰੇ ਉਜਾਗਰ ਸਿੰਘ ਲਿਖਦਾ ਹੈ ਕਿ ਪਿਆਰਾ ਸਿੰਘ ਕੁੱਦੋਵਾਲ ਅਜਿਹਾ ਕਵੀ ਹੈ, ਜਿਸ ‘ਤੇ ਦੁਨੀਆਂ ਵਿੱਚ ਵਾਪਰਨ ਵਾਲੀ ਹਰ ਘਟਨਾ ਡੂੰਘਾ ਪ੍ਰਭਾਵ ਪਾਉਂਦੀ ਹੈ, ਜਿਸ ਕਰਕੇ ਉਹ ਉਸ ਘਟਨਾ ਸਬੰਧੀ ਆਪਣੀ ਕਵਿਤਾ ਰਾਹੀਂ ਸੰਦੇਹ ਪ੍ਰਗਟ ਕਰਦਾ ਹੈ। ਇੰਗਲੈਂਡ ਦੇ ਹੰਸਲੋ ਸ਼ਹਿਰ ਵਿੱਚ ਰਹਿਣ ਵਾਲੀ ਖੁਸ਼ਵਿੰਦਰ ਕੌਰ ਬਰਾੜ ਜਿਸਦਾ ਸਾਹਿਤਕ ਨਾਂ ਗਗਨ ਬਰਾੜ ਹੈ, ਸੁਹਜ ਕਲਾਵਾਂ, ਪਿਆਰ ਮੁਹੱਬਤ ਦੀ ਕਦਰਦਾਨ, ਬਿਰਹਾ, ਇਸਤਰੀ ਦੀ ਪੀੜ, ਭਰੂਣ ਹੱਤਿਆ, ਦਾਜ, ਰਹੱਸਵਾਦੀ ਅਤੇ ਆਸ਼ਾਵਾਦੀ ਕਵਿੱਤਰੀ ਹੈ। ਜਿਸਨੇ ਬਚਪਨ ਵਿੱਚ ਹੀ ਸ਼ਾਇਰੀ ਅਤੇ ਪੇਂਟਿੰਗ ਕਰਨੀ ਆਰੰਭ ਕਰ ਦਿੱਤੀ ਸੀ। ਇਕ ਹੋਰ ਕਵਿੱਤਰੀ ਕਰਮਜੀਤ ਕੌਰ ਕਿਸਾਂਵਲ ਦਾ ਰੇਖਾ ਚਿੱਤਰ ਵੀ ਇਸ ਪੁਸਤਕ ਦਾ ਹਿੱਸਾ ਹੈ। ਸਿਰਜਣਹਾਰੀਆਂ ਕਾਵਿ ਸੰਗ੍ਰਹਿ ਰਾਹੀਂ ਕਰਮਜੀਤ ਕੌਰ ਕਿਸਾਂਵਲ ਨੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਸਮਾਜਿਕ ਤਾਣੇ ਬਾਣੇ ਵਿੱਚ ਵਿੱਚਰ ਰਹੀਆਂ ਪੰਜਾਬੀ ਕਵਿੱਤਰੀਆਂ ਦੀਆਂ ਮਾਨਸਿਕ ਪੀੜਾਂ ਨੂੰ ਉਹਨਾਂ ਦੀਆਂ ਕਵਿਤਾਵਾਂ ਰਾਹੀਂ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਹੈ। ਮੁਹੱਬਤ ਦੀਆਂ ਬਾਤਾਂ ਪਾਉਣ ਵਾਲੀ ਕਵਿੱਤਰੀ ਸਿੱਧੂ ਦਾ ਰੇਖਾ ਚਿੱਤਰ ਵੀ ਉਜਾਗਰ ਸਿੰਘ ਨੇ ਲਿਖਿਆ ਹੈ, ਲੇਖਕ ਲਿਖਦਾ ਹੈ ਕਿ ਸਿੱਧੂ ਰਮਨ ਪਿਆਰ, ਮੁਹੱਬਤ, ਮੋਹ, ਜਜ਼ਬਾਤਾਂ ਅਤੇ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੀ ਕਵਿੱਤਰੀ ਹੈ। ਇਸ ਪੁਸਤਕ ਵਿੱਚ ਹਾਇਕੂ ਲੇਖਕ ਗੁਰਮੀਤ ਸੰਧੂ ਦੀ ਪਤਨੀ ਰਾਜ ਸੰਧੂ ਦਾ ਰੇਖਾ ਚਿੱਤਰ ਵੀ ਸ਼ਾਮਲ ਹੈ। ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਦੇ ਸੈਕਰਾਮੈਂਟੋ ਸ਼ਹਿਰ ਵਿੱਚੋਂ ਪ੍ਰਕਾਸ਼ਿਤ ਹੁੰਦੇ ਪੰਜਾਬੀ ਸਪਤਾਹਿਕ ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦਾ ਸ਼ਬਦੀ ਚਿੱਤਰ ਵੀ ਇਸ ਪੁਸਤਕ ਦਾ ਹਿੱਸਾ ਹੈ। ਟਰਾਂਟੋ ਸ਼ਹਿਰ ਵਿਖੇ ਕਰਮਸ਼ੀਲ ਗੈਰ ਸਰਕਾਰੀ ਸੰਸਥਾ ਜੋ ਅੰਗਦਾਨ ਕਰਨ ਲਈ ਪ੍ਰੇਰਦੀ ਹੈ, ਅਮਰ ਕਰਮਾ ਆਰਗਨ ਡੋਨੇਸ਼ਨ ਸੁਸਾਇਟੀ, ਫ਼ਾਊਂਡਰ ਪ੍ਰਧਾਨ ਅਤੇ ਸਮਾਜ ਸੇਵਿਕਾ ਲਵੀਨ ਕੌਰ ਗਿੱਲ ਦਾ ਰੇਖਾ ਚਿੱਤਰ ਵੀ ਉਜਾਗਰ ਸਿੰਘ ਨੇ ਇਸ ਪੁਸਤਕ ਵਿੱਚ ਸ਼ਾਮਲ ਕੀਤਾ ਹੈ। ਇਸੇ ਤਰ੍ਹਾਂ ਕਵਿੱਤਰੀ ਰਮਨ ਵਿਰਕ, ਪਰਨੀਤ ਕੌਰ ਸੰਧੂ, ਗਗਨ ਬਰਾੜ, ਗੀਤਕਾਰ ਗੈਰੀ ਟਰਾਂਟੋ ਹਠੂਰ ਅਤੇ ਗਾਇਕ ਦਲਜੀਤ ਕਲਿਆਣਪੁਰੀ ਸਬੰਧੀ ਲੇਖ ਵੀ ਪਰਵਾਸੀ ਜੀਵਨ ਅਤੇ ਸਾਹਿਤ ਪੁਸਤਕ ਦਾ ਹਿੱਸਾ ਹਨ।ਇਸ ਪੁਸਤਕ ਦੇ ਲੇਖਕ ਨੇ ਇਸ ਪੁਸਤਕ ਨੂੰ ਲਿਖਣ ਲਈ ਕਾਫ਼ੀ ਮਿਹਨਤ ਕੀਤੀ ਹੈ। 27 ਪ੍ਰਵਾਸੀ ਲੇਖਕਾਂ ਨੂੰ ਪੜ੍ਹ ਕੇ ਉਹਨਾਂ ਦਾ ਲੇਖਾ ਜੋਖਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ।  ਉਜਾਗਰ ਸਿੰਘ ਨੇ ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ ਕਰੜੀ ਘਾਲਣਾ ਘਾਲੀ ਨਜ਼ਰ ਆਉਂਦੀ ਹੈ। ਲੇਖਕ ਨੇ ਬਹੁਤ ਸਾਰੀ ਪਰ ਭਾਵਪੂਰਤ ਸ਼ੈਲੀ ਵਿੱਚ ਇਸ ਪੁਸਤਕ ਵਿੱਚਲੇ ਰੇਖਾ ਚਿੱਤਰਾਂ ਨੂੰ ਲਿਖਿਆ ਹੈ। ਇਸ ਪੁਸਤਕ ਦਾ ਲੇਖਕ ਆਲੋਚਕ ਨਾ ਹੁੰਦਿਆਂ ਹੋਇਆਂ ਵੀ ਹਰ ਸਾਹਿਤਕਾਰ ਦੀ ਸਾਹਿਤਕ ਕੀਮਤ ਜਾਣਦਾ ਪ੍ਰਤੀਤ ਹੁੰਦਾ ਹੈ। ਉਸਨੇ ਸਧਾਰਨ ਅਤੇ ਸਾਦੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਖੂਬਸੂਰਤ ਅੰਦਾਜ਼ ਵਿੱਚ ਇਸ ਪੁਸਤਕ ਨੂੰ ਲਿਖਿਆ ਹੈ। ਇਸ ਕਾਰਜ ਲਈ ਨਿਸਚਿਤ ਤੌਰ ‘ਤੇ ਉਜਾਗਰ ਸਿੰਘ ਵੱਡੀ ਪ੍ਰਸ਼ੰਸਾ ਦਾ ਹੱਕਦਾਰ ਹੈ। ਪਰਵਾਸੀ ਜੀਵਨ ਤੇ ਸਾਹਿਤ ਨੂੰ ਖ਼ੁਸ਼ਆਮਦੀਦ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218