Month: July 2016

ਗੁਰਚਰਨ ਪੱਬਾਰਾਲੀ ਦਾ ‘ਟਾਹਲੀ ਵਾਲਾ ਖੇਤ’

downloadਗੁਰਚਰਨ ਸਿੰਘ ਪੱਬਾਰਾਲੀ ਪੇਸ਼ੇ ਵਜੋਂ ਥਾਣੇਦਾਰ ਹੈ। ਸੂਰਤ ਵੀ ਥਾਣੇਦਾਰਾਂ ਵਰਗੀ ਹੈ ਪਰ ਬੋਲ ਬੜੇ ਮਿੱਠੇ ਹਨ। ਜਦੋਂ ਗਾਉਂਦਾ ਹੈ ਤਾਂ ਸਮਾਂ ਬੰਨ੍ਹ ਦਿੰਦਾ ਹੈ। ਬਹੁਤ ਸੰਵੇਦਨਸ਼ੀਲ ਲੇਖਕ ਹੈ, ਮਿੱਤਰ ਹੈ, ਭਰਾ ਹੈ, ਪਤੀ ਹੈ, ਧੀਆਂ ਦਾ ਬਾਪ ਹੈ। ਗੰਲ ਕੀ ਵਧੀਆ ਇਨਸਾਨ ਹੈ। ਵਧੀਆ ਇਨਸਾਨ ਹੀ ਵਧੀਆ ਸਿਰਜ ਸਕਦਾ ਹੈ। ਸ਼ਾਇਦ ਇਸੇ ਕਾਰਨ ਉਸਦੀ ਕਲਮ ਨੇ ‘ਨੈਤਿਕ ਕਦਰਾਂ ਕੀਮਤਾਂ’ ਪੁਸਤਕ ਲਿਖੀ ਸੀ ਜੋ ਕਈ ਵਾਰ ਛਪ ਚੁੱਕੀ ਹੈ। ਹੱਥਲੀ ਪੁਸਤਕ ‘ਟਾਹਲੀ ਵਾਲਾ ਖੇਤ’ ਉਸਦੇ ਗੀਤਾਂ ਦੀ ਕਿਤਾਬ ਹੈ ਜਿਸਨੂੰ ਉਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਨੇ ਛਾਪਿਆ ਹੈ। ਹਿਸ ਵਿੱਚ ਪੱਬਾਰਾਲੀ ਦੇ 86 ਗੀਤ ਸ਼ਾਮਲ ਕੀਤੇ ਗਏ ਹਨ। ਇਸ ਕਿਤਾਬ ਦਾ ਤੀਜਾ ਗੀਤ ‘ਟਾਹਲੀ ਵਾਲਾ ਖੇਤ’ ਹੈ, ਜਿਸਦੇ ਮੁਖੜੇ ਨੂੰ ਕਿਤਾਬ ਦੇ ਨਾਮ ਦੇ ਤੌਰ ‘ਤੇ ਵਰਤਿਆ ਗਿਆ ਹੈ।
ਟਾਹਲੀ ਵਾਲਾ ਖੇਤ ਬਿਨਾਂ ਟਾਹਲੀਆਂ ਤੋਂ ਹੋ ਗਿਆ ਏ,
ਟਾਹਲੀਆਂ ਦਾ ਰਹਿ ਗਿਆ ਏ ਨਾਂ
ਰੁੱਖੇ-ਰੁੱਖੇ ਵਿਹੜਿਆਂ ‘ਚ, ਰੁੱਖ ਵੀ ਨੇ ਰੁੱਖੇ-ਰੁੱਖੇ
ਭੋਰਾ ਵੀ ਤਾਂ ਦਿੰਦੇ ਨਹੀਂ ਇਹ ਛਾਂ
ਗੁਰਚਰਨ ਪੱਬਾਰਾਲੀ ਸਾਡੇ ਸਮਾਜ ਵਿੱਚ ਹੋ ਰਹੀ ਰਿਸ਼ਤਿਆਂ ਦੀ ਟੁੱਟ ਭੱਜ ਨੂੰ ਵੇਖ ਬਹੁਤ ਉਦਾਸ ਹੈ। ਉਦਾਸੀ ਦੇ ਆਲਮ ਵਿੱਚ ਉਹ ਗਾਉਂਦਾ ਹੈ।
ਵੱਸਦਿਆਂ ਹੋਇਆਂ ਘਰਾਂ ਵਿੱਚ ਸੋਗ ਹੈ
ਰਿਸ਼ਤਿਆਂ ਵਿੱਚ ਮੋਹ ਨਹੀਂ ਬੱਸ ਲੋਭ ਹੈ
ਦਿਲ ‘ਚੋਂ ਨਿਕਲੀ ਚੀਕ ਹੈ ਸੁਣਿਓ ਜ਼ਰਾ
ਗੀਤ ਨਹੀਂ, ਇਕ ਚੀਸ ਹੈ ਸੁਣਿਓ ਜ਼ਰਾ।
ਸ਼ਹਿਰੀਕਰਨ ਨੇ ਪਿੰਡਾਂ ਨੂੰ ਖਾਣਾ ਸ਼ੁਰੂ ਕੀਤਾ ਹੋਇਆ ਹੈ। ਪਿੰਡ ਖਤਮ ਹੋ ਰਹੇ ਹਨ। ਪੇਂਡੂ ਸਭਿਆਚਾਰ ਹਣ ਕਿਤਾਬਾਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ। ਸੱਥਾਂ ਵਾਲੀ ਸਾਂਝ ਖਤਮ ਹੋ ਰਹੀ ਹੈ। ਸ਼ਹਿਰ ਦੇ ਸਾਹਮਣੇ ਪਿੰਡ ਨਿਮਾਣਾ ਬਣ ਕੇ ਰਹਿ ਗਿਆ ਹੈ।
ਮੁੱਦਤਾਂ ਹੋ ਗਈਆਂ ਨੇ ਪੱਬਰਾਲੀ ਨੂੰ ਪਟਿਆਲਵੀ ਹੋਇਆਂ ਪਰ ਪਿੰਡ ਉਸਦੇ ਨਿੱਤ ਖਿਆਲਾਂ ਵਿੱਚ ਆਉਂਦਾ ਹੈ। ਪਰਵਾਸੀ ਹੋਇਆ ਗੁਰਚਰਨ ਪੱਬਰਾਲੀ ਦਾ ਹੇਰਵਾਂ ਗੀਤ ਨੂੰ ਜਨਮ ਦੇ ਦਿੰਦਾ ਹੈ:
ਵਿੱਚ ਖਿਆਲਾਂ ਪਿੰਡ ਦੀ ਜੂਹ ਤੱਕ, ਨਿੱਤ ਉਡਾਰੀ ਲਾਵਾਂ
ਜੰਮਣ ਭੌਂ ਦਾ ਚੁੰਮਣ ਲੈ ਕੇ, ਉਸ ਪਲ ਮੁੜ ਆਵਾਂ
ਪਹਿਲਾਂ ਵਰਗਾ ਮੋਹ ਨਹੀਂ ਭਾਵੇਂ, ਸੱਜਣਾਂ ਦੀ ਖੁਸ਼ਬੋ ਨਹੀਂ ਭਾਵੇਂ
ਫ਼ਿਰ ਵੀ ਹੈ ਕੁਝ ਐਸਾ ਉਥੇ, ਮੁੜ ਮੁੜ ਭੱਜਿਆ ਜਾਵਾਂ
ਜੰਮਣ ਭੌਂ ਦਾ ਚੁੰਮਣ ਲੈ ਕੇ, ਉਸੇ ਪਲ ਮੁੜ ਆਵਾਂ।
ਅੱਜ ਦੇ ਗਾਇਕਾਂ ਨੂੰ ਚਾਹੀਦਾ ਹੈ ਕਿ ਗੁਰਚਨ ਪੱਬਾਰਾਲੀ ਵਰਗੇ ਗੀਤਕਾਰਾਂ ਦੇ ਗੀਤ ਗਾਉਣ। ਨਸ਼ਿਆਂ ਨੂੰ ਪ੍ਰਚਾਰਨ, ਟੁੰਬਣ ਅਤੇ ਪ੍ਰੇਰਕ ਵਾਲੇ ਉਤੇਜਨਾ ਭਰੇ ਗੀਤਾਂ ਦੀ ਬਜਾਏ ਵਾਤਾਵਰਣ ਅਤੇ ਮਾਦਾ ਭਰੂਣ ਹੱਤਿਆ ਅਦਿ ਵਿਸ਼ਿਆਂ ‘ਤੇ ਲਿਖੇ ਗੀਤ ਉਹਨਾਂ ਬੋਲਾਂ ਦਾ ਸ਼ਿੰਗਾਰ ਬਣਨੇ ਚਾਹੀਦੇ ਹਨ। ਪੱਬਰਾਲੀ ਕਹਿੰਦਾ ਹੈ:
ਨੀ ਆਏ ਮੇਰੀ ਜੱਗ ਨਾਲ ਸਾਂਝ ਪੁਆ
ਖੁਦ ਹੀ ਕਰਕੇ ਰਚਨਾ ਮੇਰੀ, ਖੁਦ ਨਾ ਹੋਂਦ ਮਿਟਾ
ਨੀ ਮਾਏ ਮੇਰੀ ਜੱਗ ਨਾਲ ਸਾਂਝ ਪੁਆ
ਰੁੱਖਾਂ ਬਾਰੇ ਸ਼ਾਇਰ ਦੇ ਬੋਲ ਸੁਣੋ:
ਪਾਣੀ ਹੋਉ ਤਾਂ ਰੁੱਖ ਹੋਣਗੇ, ਧਰਤੀ ਉਤੇ ਮਨੁੱਖ ਹੋਣਗੇ
ਪਾਣੀ ਹੈ ਸੁੱਖਾਂ ਦਾ ਸਾਗਰ, ਬਿਨ ਪਾਣੀ ਤੋਂ ਦੁੱਖ ਹੋਣਗੇ
ਗੀਤਕਾਰ ਗੁਰਚਨ ਪੱਬਰਾਲੀ ਦਾ ਵੀ ਸੁਪਨਾ ਹੈ ਕਿ ਉਸਦੇ ਗੀਤਾਂ ਨੂੰ ਚੰਗੇ ਚੰਗੇ ਗਾਇਕ ਗਾਉਣ। ਉਹ ਕਹਿੰਦਾ ਹੈ ”ਇਸ ਉਮੀਦ ਨਾਲ ਕਿ ਮੇਰੇ ਇਹਨਾਂ ਗੀਤਾਂ ਨੂੰ ਸੱਚੇ ਸੁੱਚੇ ਹੋਠਾਂ ਦੇ ਚੁੰਮਣ ਨਸੀਬ ਹੋਣ, ਆਪਣੇ ਗੀਤਾਂ ਸਬੰਧੀ ਪ੍ਰਗਟਾਏ ਆਪਣੇ ਖਿਆਲ ਕੁਝ ਦੋ-ਮਿਸਰਿਆਂ ਵਿੱਚ ਪੇਸ਼ ਕਰਨ ਦੀ ਇਜਾਜ਼ਤ ਲੈ ਰਿਹਾ ਹਾਂ:
ਰੁੱਤ ਉਦਾਸੀ ਆਈ ਹੋਵੇ ਗੀਤ ਲਿਖਾਂ
ਖੁਸ਼ੀਆਂ ਛਹਿਬਰ ਲਾਈ ਹੋਵੇ ਗੀਤ ਲਿਖਾਂ
ਅੱਧ ਅਸਮਾਨੇ ਤਾਰਾ ਹੋਵੇ ਗੀਤ ਲਿਖਾਂ
ਬੁੱਕਲ ਵਿੱਚ ਪਿਆਰਾ ਹੋਵੇ ਗੀਤ ਲਿਖਾ।
ਮੇਰੀ ਅਰਦਾਸ ਹੈ ਕਿ ਗੁਰਚਰਨ ਪੱਬਰਾਲੀ ਦੀ ਕਲਮ ਗੀਤ ਲਿਖਦੀ ਰਹੇ।
****
ਬੱਚਿਆਂ ਨੂੰ ਹਿੰਸਕ ਬਣਾ ਰਿਹਾ ਹੈ ਮੀਡੀਆ
ਪਹਿਲਾ ਦ੍ਰਿਸ਼
(ਹੈਦਰਾਬਾਦ ਦਾ ਸ਼ਹਿਰ ਨਸੀਰਾਬਾਦ) ਨਸੀਰਾਬਾਦ ਦੇ ਅੱਠ ਬੱਚੇ ਮੌਜ-ਮਸਤੀ ਕਰ ਰਹੇ ਹਨ। ਇਹਨਾਂ ਸਭ ਦੀ ਉਮਰ 14-15 ਵਰ੍ਹਿਆਂ ਦੀ ਹੈ। ਬੱਚਿਆਂ ਨੇ ਲੋਹੜੀ ਬਾਲੀ ਹੋਈ ਹੈ ਅਤੇ ਇਸ ਬਲਦੀ ਅੱਗ ਦੇ ਲਾਗੇ ਚਾਊਂ-ਚਾਊਂ ਕਰਦੇ ਚਾਰ ਕਤੂਰੇ ਪਏ ਹਨ। ਅਚਾਨਕ ਇਹਨਾਂ ਬੱਚਿਆਂ ਦੀ ਨਜ਼ਰ ਕਤੂਰਿਆਂ ‘ਤੇ ਜਾਂਦੀ ਹੈ। ਫ਼ਿਰ ਕੀ- ਬੱਚੇ ਇਹਨਾਂ ਕਤੂਰਿਆਂ ਨੂੰ ਇਕ ਇਕ ਕਰਕੇ ਅੱਗ ਵਿੱਚ ਸੁੱਟ ਰਹੇ ਹਨ ਅ ਤੇ ਕਤੂਰਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਬੱਚੇ ਬਹੁਤ ਖੁਸ਼ ਹੋ ਰਹੇ ਹਨ। ਇਕ ਕਤੂਰਾ ਰੋਂਦਾ-ਰੋਂਦਾ ਜਦੋਂ ਅੱਗ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਵਾਜ਼ ਆਉਂਦੀ ਹੈ- ”ਉਏ! ਇਸਕੋ ਫ਼ਿਰ ਫ਼ੇਂਕੋ” ਅਤੇ ਫ਼ਿਰ ਉਸ ਕਤੂਰੇ ਨੂੰ ਦੁਬਾਰਾ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ। ਦੋ ਬੱਚੇ ਇਹ ‘ਖੇਡ’ ਦੀ ਵੀਡੀਓ ਆਪਣੇ ਮੋਬਾਇਲ ਨਾਲ ਬਣਾ ਰਹੇ ਹਨ।
ਦੂਜਾ ਦ੍ਰਿਸ਼
ਛੱਤ ਤੇ ਇਕ ਮੈਡੀਕ ਕਾਲਜ ਦਾ ਵਿਦਿਆਰਥੀ ਖੜ੍ਹਾ ਹੈ। ਉਸਦੇ ਹੱਥ ਵਿੱਚ ਇਕ ਪਮੇਰੀਅਨ ਕੁੱਤਾ ਹੈ। ਕੁੱਤਾ ਬਹੁਤ ਪਿਆਰ ਨਾਲ ਉਸ ਵਿਦਿਆਰਥੀ ਵੱਲ ਦੇਖ ਰਿਹਾ ਹੈ। ਪਰ ਆਹ ਕੀ? ਉਸ ਮੈਡੀਕਲ ਕਾਲਜ ਦੇ ਵਿਦਿਆਰਥੀ ਨੇ ਕੁੱਤੇ ਨੂੰ ਦੋ ਮੰਜ਼ਿਲਾਂ ਤੋਂ ਫ਼ਰਸ਼ ਉਤੇ ਸੁੱਟ ਦਿੰਤਾ ਹੈ। ਡਿੱਗਣ ਸਾਰ ਕੁੱਤਾ ਖਤਮ ਅਤੇ ਵਿਦਿਆਰਥੀ ਡਾਕਟਰ ਖੁਸ਼।
ਦ੍ਰਿਸ਼ ਤਿੰਨ-
ਬੰਦੇ ਦੇ ਹੱਥ ਵਿੱਚ ਬੰਦੂਕ ਹੈ ਅਤੇ ਉਸ ਦੇ ਨਿਸ਼ਾਨੇ ਤੇ ਕੁੱਤਾ। ਬੰਦ ਨੇ ਨਿਸ਼ਾਨਾ ਲਗਾਇਆ, ਗੋਲੀ ਚਲਾਈ ਅਤੇ ਕੁੱਤਾ ਢੇਰ, ਬੰਦਾ ਖੁਸ਼। ਇਹ ਤਿੰਨ ਦ੍ਰਿਸ਼ ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ ਵਿੱਚ ਅਣਬੋਲ ਜੀਆਂ ਉਪਰ ਹੋ ਰਹੇ ਤਸ਼ੱਦਦ ਦੀ ਤਸਵੀਰ ਹਨ। ਇਹਨਾਂ ਵਿੱਚ ਬੱਚੇ ਤੇ ਨੌਜਵਾਨ ਸ਼ਾਮਲ ਹਨ। ਇਹ ਸਾਰੀਆਂ ਤਸਵੀਰਾਂ ਸੋਸ਼ਲ ਸਾਇਟਾਂ ‘ਤੇ ਵੀ ਵਾਇਰਲ ਹੋ ਰਹੀਆਂ ਹਨ ਅਤੇ ਭਾਰਤੀ ਟੀ. ਵੀ. ਚੈਨਲ ਵੀ ਇਹਨਾਂ ਨੂੰ ਦਿਖਾ ਰਹੇ ਹਨ। ਇਹਨਾਂ ਨੂੰ ਵੇਖ ਕੇ ਹਰ ਸੰਵੇਦਨਸ਼ੀਲ ਮਨੁੱਖ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਇਹ ਕੀ ਭਾਣਾ ਵਾਪਰ ਰਿਹਾ ਹੈ। ਅੱਜ ਦਾ ਬੱਚਾ ਸੰਵੇਦਨਹੀਣ ਕਿਉਂ ਹੋ ਰਿਹਾ ਹੈ। ਬੱਚਿਆਂ, ਕਿਸ਼ੋਰਾਂ ਅਤੇ ਨੌਜਵਾਨਾਂ ਦੇ ਮਨਾਂ ਵਿੱਚੋਂ ਸੰਵੇਦਨਸ਼ੀਲਤਾ, ਸੂਖਮਤਾ ਅਤੇ ਭਾਵੁਕਤਾ ਖੰਭ ਲਾ ਕੇ ਕਿਉਂ ਉਡਾਰੀ ਮਾਰ ਰਹੀ ਹੈ। ਪੱਛਮੀ ਮੁਲਕਾਂ ਵਿੱਚ ਬੱਚੇ ਸਕੂਲਾਂ ਵਿੱਚ ਬੰਦੂਕਾਂ ਲੈ ਕੇ ਗੋਲੀਬਾਰੀ ਕਰਕੇ ਹੋਰ ਬੱਚਿਆਂ ਨੂੰ ਮਾਰਦੇ ਹੋਏ ਮੀਡੀਆ ਦੀਆਂ ਸੁਰਖੀਆਂ ਬਣਦੇ ਅਕਸਰ ਦਿਖਾਈ ਦਿੰਦੇ ਹਨ। ਬਿਹਤਰ ਅਤੇ ਆਨੰਦਮਈ ਜ਼ਿੰਦਗੀ ਅਤੇ ਸ਼੍ਰੇਸਠ ਸਮਾਜ ਲਈ ਸੰਵੇਦਨਾ ਦਾ ਹੋਣਾ ਅਤਿ ਜ਼ਰੂਰੀ ਹੁੰਦਾ ਹੈ। ਸੰਵੇਦਨਾਂ ਮਤਲਬ ਦੂਜੇ ਦੀ ਵੇਦਨਾ ਨੂੰ ਖੁਦ ਮਹਿਸੂਸ ਕਰਨਾ। ਸੰਵੇਦਨਸ਼ੀਲਤਾ ਹੀ ਮਨੁੱਖਤਾ ਨੂੰ ਵਿਸਥਾਰ ਦਿੰਦੀ ਹੈ। ਪਰਿਵਾਰਕ ਮੈਂਬਰਾਂ ਵਿੱਚ ਪ੍ਰਸਪਰ ਜਾਂ ਆਪਸ ਵਿੱਚ ਸੰਵੇਦਨਸ਼ੀਲਤਾ ਇੰਨੀ ਜ਼ਿਆਦਾ ਹੋਵੇਗੀ, ਰਿਸ਼ਤੇ ਉਨੇ ਹੀ ਗਹਿਰੇ, ਮਜ਼ਬੂਤ ਤੇ ਸੁਖਾਵੇਂ ਹੋਣਗੇ। ਜੇ ਮਨੁੱਖ ਸੰਵੇਦਨਸ਼ੀਲ ਹੋਵੇਗਾ, ਪਰਿਵਾਰ ਸੰਵੇਦਨਸ਼ੀਲ ਹੋਵੇਗਾ, ਸਮਾਜ ਸੰਵੇਦਨਸ਼ੀਲ ਹੋਵੇਗਾ ਅਤੇ ਜ਼ਿੰਦਗੀ ਖੂਬਸੂਰਤ ਹੋਵੇਗੀ। ਪਰ, ਅੱਜ ਅਜਿਹਾ ਨਹੀਂ ਵਾਪਰ ਰਿਹਾ। ਬੱਚਿਆਂ, ਕਿਸ਼ੋਰਾਂ ਅਤੇ ਨੌਜਵਾਨਾਂ ਵਿੱਚੋਂ ਸੰਵੇਦਨਾ ਮਨਫ਼ੀ ਹੋ ਰਹੀ ਹੈ ਅਤੇ ਹਿੰਸਾ, ਤੇਜ਼ੀ, ਤੀਬਰਤਾ, ਪ੍ਰਸੰਨਤਾ, ਸੀਨਾਜ਼ੋਰੀ, ਤਸ਼ੱਦਦ ਅਤੇ ਉਪੱਦਰ ਦੀ ਭਾਵਨਾ ਭਾਰੂ ਹੋ ਰਹੀ ਹੈ।
ਮਨੁੱਖੀ ਨਸਲ ਵਿੱਚ ਹਿੰਸਾ ਦੀ ਭਾਵਨਾ ਦਾ ਹੋਣਾ ਕੋਈ ਨਵੀਂ ਗੰਲ ਨਹੀਂ ਪਰ ਆਧੁਨਿਕ ਸਮਾਜ ਵਿੱਚ ਬਿਰਤੀ ਤੇਜੀ ਨਾਲ ਵੱਧ ਰਹੀ ਅਤੇ ਸਥਿਤੀ ਵਿਸਫ਼ੋਟਕ ਬਣਦੀ ਜਾ ਰਹੀ ਹੈ। ਅੱਜ ਬੱਚਿਆਂ ਦਾ ਵਤੀਰਾ ਤੇਜੀ ਨਾਲ ਹਿੰਸਕ ਹੋ ਰਿਹਾ ਹੈ ਅਤੇ ਸੰਜਮ, ਸਬਰ ਅਤੇ ਸੰਤੋਖ ਉਹਨਾਂ ਦੇ ਵਿਵਹਾਰ ਵਿੱਚੋਂ ਮਨਫ਼ੀ ਹੋ ਰਿਹਾ ਹੈ। ਇਸਦੇ ਕਾਰਨ ਬਹੁਪੱਖੀ ਅਤੇ ਵਿਵੱਧ ਹਨ। ਬਿਮਾਰ ਮਾਨਸਿਕਤਾ, ਬਾਲ ਸ਼ੋਸ਼ਣ, ਗਰੀਬੀ, ਕੰਗਾਲੀ, ਹੀਣਤਾ, ਭਾਈਚਾਰਕ ਵਤੀਰਾ, ਸਮਾਜਿਕ ਬਦਸਲੂਕੀ ਅਤੇ ਮੀਡੀਆ ਦੇ ਵਿਸਫ਼ੋਟ, ਅਧਿਕਤਾ ਅਤੇ ਅਸੰਜਮ ਨੇ ਇਸ ਸੰਵੇਦਨਹੀਣਤਾ ਵਿੱਚ ਢੇਰ ਵਾਧਾ ਕੀਤਾ ਹੈ। ਖੋਜਾਂ ਅਨੁਸਾਰ ਬੱਚਿਆਂ ਦੇ ਵਿਵਹਾਰ ਨੂੰ ਹਿੰਸਕ ਬਣਾਉਣ ਵਿੱਚ ਮੀਡੀਆ ਦਾ ਰੋਲ ਕਾਫ਼ੀ ਘਾਤਕ ਹੈ। ਟੈਲੀਵਿਜਨ ਉਤੇ ਦਿਖਾਈ ਜਾ ਰਹੀ ਹਿੰਸਾ ਨੂੰ ਵੇਖਣ ਵਾਲੇ ਬੱਚੇ ਵਾਸਤਵਿਕਤਾ ਅਤੇ ਅਸਲੀਅਤ ਨੂੰ ਸਮਝਣ ਦੀ ਸਮਝ ਨਹੀਂ ਰੱਖਦੇ। ਅਸਲ ਅਤੇ ਨਕਲ ਦਾ ਫ਼ਰਕ ਪਤਾ ਨਹੀਂ ਹੁੰਦਾ। ਕਾਰਟੂਨਾਂ ਨਾਲ ਖੇਡਦੇ ਅਤੇ ਦੇਖਦੇ ਉਹ ਵੱਡੇ ਹੁੰਦੇ ਹਨ। ਇਕ ਖੋਜ ਅਨੁਸਾਰ ਬੱਚੇ 15 ਵਰ੍ਹਿਆਂ ਤੱਕ 2 ਲੱਖ ਤੋਂ ਵੱਧ ਹਿੰਸਕ ਦ੍ਰਿਸ਼ ਵੇਖ ਚੁੱਕੇ ਹਨ, ਜਿਹਨਾਂ ਵਿੱਚ 18000 ਤੋਂ ਵੱਧ ਕਤਲ ਹੁੰਦੇ ਹਨ। ਬੱਚੇ ਔਸਤਨ ਇਕ ਘੰਟੇ ਵਿੱਚ 812 ਹਿੰਸਕ ਦ੍ਰਿਸ਼ ਵੇਖ ਸਕਦੇ ਹਨ ਅਤੇ ਉਹ ਘੰਟੇ ਵਿੱਚ 20 ਹਿੰਸਕ ਦ੍ਰਿਸ਼ ਤਾਂ ਵੇਖ ਹੀ ਲੈਂਦੇ ਹਨ। ਇਉਂ ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਵੇਖੇ ਹਿੰਸਕ ਦ੍ਰਿਸ਼ਾਂ ਅਤੇ ਕਾਰਟੂਨ ਖੇਡਾਂ ਵਿੱਚ ਕੀਤੇ ਕਤਲਾਂ ਨੇ ਬੱਚਿਆਂ ਦੇ ਮਾਸੂਮ ਮਨਾਂ ਨੂੰ ਸੰਵੇਦਨਹੀਣ ਬਣਾਉਣਾ ਹੀ ਹੋਇਆ। ਦੂਜੇ ਪਾਸੇ ਸਾਡੀਆਂ ਫ਼ਿਲਮਾਂ ਤੇ ਹੋਰ ਟੀ. ਵੀ. ਪ੍ਰੋਗਰਾਮਾਂ ਵਿੱਚ ਨਾਇਕ ਅਤੇ ਨਾਇਕਾਵਾਂ ਵੱਲੋਂ ਲੜਾਈ ਦੇ ਦ੍ਰਿਸ਼ਾਂ ਦਾ ਅਸਰ ਵੀ ਛੋਟੀ ਉਮਰ ਦੇ ਅੱਲੜ੍ਹਾਂ ‘ਤੇ ਬਹੁਤ ਪੈਂਦਾ ਹੈ। ਉਹ ਫ਼ਿਲਮੀ ਨਾਇਕਾਂ ਵਾਂਗ ਹਿੰਸਕ ਵਾਰਦਾਤਾਂ ਕਰਦੇ ਹੋਏ ਜ਼ਿੰਦਗੀ ਦੀ ਲੜਾਈ ਜਿੱਤਣਾ ਆਪਣਾ ਆਦਰਸ਼ ਬਣਾ ਲੈਂਦੇ ਹਨ। ਇੰਟਰਨੈਟ ਵਾਲਾ ਨਵਾਂ ਮੀਡੀਆ ਉਹਨਾਂ ਨੂੰ ਹਿੰਸਕ ਬਣਾਉਣ ਦੀਆਂ ਨਵੀਆਂ ਤਕਨੀਕਾਂ ਮੁਫ਼ਤ ਵਿੱਚ ਸਿਖਾ ਦਿੰਦਾ ਹੈ। ਦੁਨੀਆ ਵਿੱਚ ਅਸ਼ਲੀਲ ਫ਼ਿਲਮਾਂ ਵੇਖਣ ਵਾਲਿਆਂ ਦੀ ਵੱਡੀ ਗਿਣਤੀ ਅੱਲੜ੍ਹਾਂ ਦੀ ਹੈ। ਅਜਿਹੀਆਂ ਫ਼ਿਲਮਾਂ ਰੇਪ ਅਤੇ ਹੋਰ ਅਪਰਾਧਾਂ ਨੂੰ ਜਨਮ ਦੇਣ ਵਿੱਚ ਭੂਮਿਕਾ ਨਿਭਾਉਂਦੀਆਂ ਹਨ।
ਮੀਡੀਆ ਦੇ ਅਸਰ ਦੇ ਨਾਲ ਨਾਲ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ, ਅਨਪੜ੍ਹਤਾ, ਕੰਗਾਲੀ ਅਤੇ ਭਾਈਚਾਰਕ ਬਦਸਲੂਕੀ ਵੀ ਬੱਚਿਆਂ ਨੂੰ ਸੰਵੇਦਨਹੀਣਤਾ ਵੱਲ ਧੱਕਦੀ ਹੈ। ਉਦਾਹਰਣ ਵਜੋਂ ਹੈਦਰਾਬਾਦ ਦੇ ਸ਼ਹਿਰ ਨਸੀਬਾਵਾਦ ਵਿੱਚ ਚਾਰ ਦਲਿਤ ਯੁਵਕਾਂ ਨਾਲ ਕੀਤੀ ਹਿੰਸਾ ਅਤੇ ਬਦਸਲੂਕੀ ਨੇ ਹਜ਼ਾਰਾਂ ਨੂੰ ਹਿੰਸਕ ਬਣਾਉਣ ਵਿੱਚ ਹਿੱਸਾ ਪਾ ਦਿੱਤਾ ਹੈ। ਕੁਝ ਵੀ ਹੋਵੇ, ਆਰੰਭ ਵਿੱਚ ਦਰਸਾਏ ਤਿੰਨ ਦ੍ਰਿਸ਼ ਸਾਡੇ ਬੱਚਿਆਂ ਅਤੇ ਕਿਸ਼ੋਰਾਂ ਦੀ ਮਾਨਸਿਕਤਾ ਵੱਲ ਸੰਕੇਤ ਕਰਦੇ ਹਨ।
ਇਹ ਸੰਕੇਤ ਸਾਡੇ ਸਮਾਜ ਵਿੱਚ ਬੱਚਿਆਂ ਦੇ ਵਿਕਾਸ ਨੂੰ ਸਹੀ ਢੰਗ ਨਾਲ ਕਰਾਉਣ ਦੀ ਸਲਾਹ ਵੀ ਹਨ। ਇਹ ਇਸ਼ਾਰੇ ਹਨ ਕਿ ਬੱਚਿਆਂ ਕਾਰਟੂਨਾਂ, ਫ਼ਿਲਮਾਂ ਅਤੇ ਹੋਰ ਟੀ. ਵੀ. ਪ੍ਰੋਗਰਾਮਾਂ ਨੂੰ ਵੇਖਣ ਦੀ ਇਕ ਸਮਾਂ ਸੀਮਾ ਨਿਰਧਾਰਿਤ ਕਰਨ ਦੀ ਲੋੜ ਹੈ। ਮਾਪਿਆਂ ਨੂੰ ਛੋਟੇ ਬੱਚਿਆਂ ਨਾਲ ਬੈਠ ਕੇ ਟੀ. ਵੀ. ਅਤੇ ਹੋਰ ਪ੍ਰੋਗਰਾਮ ਵੇਖਣੇ ਚਾਹੀਦੇ ਹਨ ਅਤੇ ਨਾਲ ਨਾਲ ਕਹਾਣੀਆਂ ਦੀ ਸਹੀ ਵਿਆਖਿਆ ਕਰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸੰਵੇਦਨਹੀਣ ਨਾ ਹੋਣ ਤਾਂ ਇਸ ਵੱਲ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਂਝ:
ਸਹਿਜ ਨਹੀਂ ਰਹਿ ਗਯਾ
ਰੋਜ ਕਾ ਮਿਲਣਾ-ਜੁਲਨਾ
ਬੇਹਦ ਮੁਸ਼ਕਿਲ ਲਗਤਾ ਹੈ
ਕੁਝ ਕਹਿਣਾ ਸੁਣਨਾ।

ਬਿਨਾ ਮਿਹਨਤ ਕੇ ਹਾਸਿਲ ਤਖ਼ਤੋ ਤਾਜ ਨਹੀਂ ਹੋਤੇ

downloadਜ਼ਿੰਦਗੀ ਵਿੱਚ ਪਹਿਲਾ ਕਦਮ ਬਹੁਤ ਮਹੱਤਵਪੂਰਨ ਹੁੰਦਾ ਹੈ। ਉੱਚੀਆਂ ਟੀਸੀਆਂ ਸਰ ਕਰਨ ਲਈ ਪਹਿਲਾ ਕਦਮ ਪੁੱਟਣਾ ਹੀ ਪੈਂਦਾ ਹੈ। ਜੋ ਕਦਮ ਪੁੱਟਦੇ ਹਨ ਉਹੀ ਤੁਰਦੇ ਹਨ, ਜੋ ਤੁਰਦੇ ਹਨ ਉਹੀ ਪੁਜਦੇ ਹਨ। ਸਫ਼ਰ ਦੌਰਾਨ ਧੁੱਪ ਵੀ ਹੋਵੇਗੀ, ਹਨੇਰੀ ਵੀ ਆਵੇਗੀ, ਝੱਖੜ ਵੀ ਆਉਂਦੇ ਹਨ। ਪੈਰਾਂ ਵਿੱਚ ਕੰਡੇ ਵੀ ਚੁੱਭਦੇ ਹਨ। ਕਈ ਵਾਰ ਉਦਾਸੀ ਦਾ ਆਲਮ ਵੀ ਭਾਰੂ ਹੋ ਜਾਂਦਾ ਹੈ। ਮੰਜ਼ਿਲ ‘ਤੇ ਨਾ ਪਹੁੰਚਣ ਦਾ ਡਰ ਵੀ ਮਨ ਵਿੱਚ ਖੌਰੂ ਪਾਉਂਦਾ ਹੈ। ਜਦੋਂ ਹੌਸਲਾ ਟੁੱਟਣ ਲੱਗੇ, ਜਦੋਂ ਦਿਲ ਢਹਿ-ਢੇਰੀ ਹੋਣ ਵਾਲਾ ਹੋਵੇ ਤਾਂ ਯਾਦ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਬਿਨਾਂ ਮਿਹਨਤ ਦੇ ਸਿਰਾਂ ‘ਤੇ ਤਾਜ ਨਹੀਂ ਟਿਕਦੇ, ਬਿਨਾਂ ਮਿਹਨਤ ਦੇ ਦੁਨੀਆਂ ਦੀ ਬਾਦਸ਼ਾਹੀ ਹਾਸਲ ਨਹੀਂ ਹੁੰਦੀ। ਮਨ ਦੀ ਅਜਿਹੀ ਅਵਸਥਾ ਸਮੇਂ ਆਹ ਸ਼ੇਅਰ ਗੁਣਗੁਣਾਉਣਾ ਚਾਹੀਦਾ ਹੈ:
ਜਬ ਟੂਟਨੇ ਲਗੇ ਹੌਸਲੇ ਤੋ ਬੱਸ ਯੇ ਯਾਦ ਰੱਖਨਾ
ਬਿਨਾ ਮਿਹਨਤ ਕੇ ਹਾਸਿਲ ਤਖ਼ਤੋ ਤਾਜ ਨਹੀਂ ਹੋਤੇ
ਢੂੰਢ ਹੀ ਲੇਤੇ ਹੈਂ ਅੰਧੇਰੋਂ ਮੇਂ ਮੰਜ਼ਿਲ ਅਪਨੀ
ਜੁਗਨੂੰ ਕਭੀ ਰੌਸ਼ਨੀ ਕੇ ਮੋਹਤਾਜ ਨਹੀਂ ਹੋਤੇ
ਮੇਰੀ ਪੁਸਤਕ ‘ਜਿੱਤ ਦਾ ਮੰਤਰ’ ਪੜ੍ਹਨ ਤੋਂ ਬਾਅਦ ਅਕਸਰ ਮੈਨੂੰ ਇਹ ਪੁੱਛਿਆ ਜਾਂਦਾ ਹੈ। ਕਿਵੇਂ ਸਫ਼ਲ ਹੋਈਏ? ਅਮੀਰ ਬਣਨ ਦਾ ਵੀ ਕੋਈ ਮੰਤਰ ਦਿਓ। ਮੈਂ ਵੱਡਾ ਉਦਮੀ ਬਣਨਾ ਚਾਹੁੰਦਾ ਹਾਂ ਪਰ ਮੇਰੇ ਕੋਲ ਇਨਵੈਸਟ ਕਰਨ ਜੋਗੀ ਰਕਮ ਨਹੀਂ। ਮੈਂ ਬਣਨਾ ਤਾਂ ਵੱਡਾ ਆਦਮੀ ਚਾਹੁੰਦਾ ਹਾਂ ਪਰ ਡਰਦਾ ਹਾਂ ਕਿ ਕਿਤੇ ਅਸਫ਼ਲ ਹੀ ਨਾ ਹੋ ਜਾਵਾਂ। ਅਸਫ਼ਲਤਾ ਦਾ ਡਰ ਮੈਨੂੰ ਕੁਝ ਕਰਨ ਤੋਂ ਰੋਕਦਾ ਹੈ। ਮੈਨੂੰ ਤਾਂ ਪਤਾ ਹੀ ਲੱਗਦਾ ਕਿ ਮੈਂ ਕੀ ਕਰਾਂ।
ਅੱਜਕਲ੍ਹ ਦੇ ਮੁਕਾਬਲੇ ਦੇ ਯੁੱਗ ਵਿੱਚ ਕਾਮਯਾਾਬੀ ਤਾਂ ਨਸੀਬਾਂ ਨਾਲ ਮਿਲਦੀ ਹੈ। ਅਜਿਹੀਆਂ ਗੱਲਾਂ ਅਕਸਰ ਮੈਨੂੰ ਸੁਣਨ ਨੂੰ ਮਿਲਦੀਆਂ ਹਨ। ਅਜਿਹੇ ਲੋਕਾਂ ਨੂੰ ਮੈਂ ਕਹਿੰਦਾ ਹਾਂ:
ਜ਼ਿੰਦਗੀ ਜੀਨੇ ਕਾ ਮਕਸਦ ਖਾਸ ਹੋਣਾ ਚਾਹੀਏ
ਔਰ ਆਪਣੇ ਆਪ ਪਰ ਵਿਸ਼ਵਾਸ ਹੋਣਾ ਚਾਹੀਏ
ਜੀਵਨ ਮੇਂ ਖੁਸ਼ੀਉਂ ਕੀ ਕੋਈ ਕਮੀ ਨਹੀਂ ਹੋਤੀ
ਬਸ ਜੀਨੇ ਕਾ ਅੰਦਾਜ਼ ਹੋਨਾ ਚਾਹੀਏ।
ਚੰਗੀ ਅਤੇ ਬਿਹਤਰ ਜ਼ਿੰਦਗੀ ਜਿਊਣ ਲਈ ਇੱਕ ਵੱਡੇ ਮਕਸਦ, ਇੱਕ ਵੱਡੇ ਸੁਪਨੇ ਦਾ, ਇੱਕ ਵੱਡੇ ਟੀਚੇ ਅਤੇ ਇੱਕ ਵੱਡੇ ਉਦੇਸ਼ ਦਾ ਹੋਣਾ ਲਾਜ਼ਮੀ ਹੁੰਦਾ ਹੈ। ਫ਼ਿਰ ਉਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੀ ਪ੍ਰਬੱਲ ਇੱਛਾ ਹੋਣੀ ਚਾਹੀਦੀ ਹੈ। ਆਤਮ ਵਿਸ਼ਵਾਸ ਹੋਣਾ ਚਾਹੀਦਾ  ਹੈ। ਦ੍ਰਿੜ੍ਹ ਨਿਸਚਾ ਹੋਣਾ ਚਾਹੀਦਾ ਹੈ। ਸਵੈ-ਭਰੋਸ ਸਿਰ ‘ਤੇ ਬੇਸਹਾਰਾ ਅਤੇ ਗਰੀਬ ਪ੍ਰੇਮ ਗਣਪਤੀ ਕਰੋੜਪਤੀ ਬਣ ਜਾਂਦਾ ਹੈ। ਕਿਵੇਂ? ਲੋ ਸੁਣੋ ਕਹਾਣੀ:
ਤਾਮਿਲਨਾਡੂ ਤੋਂ ਇੱਕ ਬੇਰੁਜ਼ਗਾਰ ਨੌਜਵਾਨ ਮੁੰਬਈ ਦੇ ਬਾਂਦਰਾ ਸਟੇਸ਼ਨ ‘ਤੇ ਉਤਰਿਆ। ਜਿਸ ਬੰਦੇ ਨਾਲ ਉਹ ਪਿੰਡ ਤੋਂ ਉਹ ਮੁੰਬਈ ਰੁਜ਼ਗਾਰ ਦੀ ਤਲਾਸ਼ ਵਿੱਚ ਆਇਆ ਸੀ, ਉਹ ਵਿਅਕਤੀ ਉਸਨੂੰ ਸਟੇਸ਼ਨ ਤੇ ਛੱਡ ਕੇ  ਆਪ ਰਫ਼ੂ ਚੱਕਰ ਹੋ ਗਿਆ। ਇਹ ਨੌਜਵਾਨ ਕੋਲ ਨਾ ਤਾਂ ਪੈਸੇ ਸੀ ਅਤੇ ਨ ਾ ਹੀ ਉਸਨੂੰ ਮਰਾਠੀ ਆਉਂਦੀ ਸੀ। ਕਿਸੇ ਤਾਮਿਲ ਨੇ ਉਸਦੀ ਮਦਦ ਕੀਤੀ  ਅਤੇ ਉਸਨੂੰ ਇੱਕ ਮੰਦਰ ਵਿੱਚ ਲੈ ਗਿਆ। ਮੰਦਰ ਵਿਖੇ ਸ਼ਰਧਾਲੂਆਂ ਨੇ ਇਸ ਗਰੀਬ ਅਤੇ ਬੇਸਹਾਰਾ ਮੁੰਡੇ ‘ਤੇ ਤਰਸ ਖਾ ਕੇ ਇਸਨੂੰ ਕੁਝ ਪੈਸੇ ਦੇ ਦਿੰਤੇ ਤਾਂ ਜੋ ਉਹ ਤਾਮਿਲਨਾਡੂ ਵਾਪਸ ਜਾ ਸਕੇ ਪਰ ਉਸਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਬੇਰੁਜ਼ਗਾਰ ਗਰੀਬ ਪ੍ਰੇਮ ਗਣਪਤੀ ਦੇ ਮਨ ਵਿੱਚ ਤਾਂ ਵੰਡੇ ਸੁਪਨੇ ਮਚਲ ਰਹੇ ਸਨ।
ਇਸ ਸੁਪਨੇਸਾਜ਼ ਨੇ ਇੱਕ ਹੋਟਲ ਵਿੱਚ ਬਰਤਨਾਂ ਦੀ ਸਫ਼ਾਈ ਦਾ ਕੰਮ ਆਰੰਭ ਕਰ ਦਿੱਤਾ। ਕੁਝ ਦਿਨਾਂ ਬਾਅਦ ਉਸਨੇ ਹੋਟਲ ਮਾਲਕ ਨੂੰ ਕਿਹਾ ਕਿ ਉਹ ਦਸਵੀਂ ਪਾਸ ਹੈ, ਇਸ ਕਰਕੇ ਉਸਨੂੰ ਵੇਟਰ ਬਣਾ ਦਿੱਤਾ ਜਾਵੇ।
ਪਰ ਮਹਾਂਰਾਸ਼ਟਰ ਦੀ ਸਿਆਸਤ ਗੈਰ ਮਰਾਠਿਆਂ ਨੂੰ ਤਰੱਕੀ ਕਰਨ ਵਿੱਚ ਅਕਸਰ ਰੋੜੇ ਅਟਕਾਉਂਦੀ ਹੈ। ਹੋਟਲ ਮਾਲਕ ਦੇ ਇਨਕਾਰ ਤੋਂ ਬਾਅਦ ਪ੍ਰੇਮ ਨੇ ਉਸੇ ਹੋਟਲ ਨੇੜੇ ਇੱਕ ਹੁੱਡ ਡੋਸਾ ਨਾਮ ਦੀ ਦੁਕਾਨ ਵਿੱਚ ਵੇਟਰ ਦੇ ਤੌਰ ‘ਤੇ ਕੰਮ ਕਰਨਾ ਆਰੰਭ ਕੀਤਾ। ਪ੍ਰੇਮ ਗਣਪਤੀ ਨੂੰ ਸ਼ਾਨਦਾਰ ਗਾਹਕ ਸੇਵਾ ਕਾਰਨ ਚੰਗੀ ਪ੍ਰਸੰਸਾ ਅਤੇ ਪੈਸੇ ਬਣਨ ਲੱਗੇ। ਉਹ ਆਪਦੇ ਸਾਥੀ ਬਹਿਰਿਆਂ ਨਾਲੋਂ ਤਿੰਨ ਗੁਣਾ ਵੱਧ ਪੈਸੇ ਕਮਾ ਲਂਦਾ ਸੀ। ਉਸਦੇ ਕੰਮ ਨੂੰ ਵੇਖ ਕੇ ਇੱਕ ਗਾਹਕ ਨੇ ਉਸਨੂੰ ਇੱਕ ਪੇਸ਼ਕਸ਼ ਕੀਤੀ ਕਿ ਜੇ ਉਹ ਉਸ ਨਾਲ ਮਿਲ ਕੇ ਕੰਮ ਕਰੇਗਾ ਤਾਂ ਉਸਨੂੰ ਆਮਦਨ ਵਿੱਚੋਂ 50 ਫ਼ੀਸਦੀ ਹਿੱਸਾ ਮਿਲੇਗਾ। ਪਰ ਇਹ ਸਿਲਸਿਲਾ ਜ਼ਿਆਦਾ ਚਿਰ ਨਾ ਚੱਲ ਸਕਿਆ ਅਤੇ ਉਸਨੇ ਪ੍ਰੇਮ ਨੂੰ ਹਟਾ ਦਿੱਤਾ।
ਪ੍ਰੇਮ ਗਣਪਤੀ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਹੋਇਆ ਸੀ। ਉਸਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸਨੇ ਆਪਣੇ ਚਾਚਾ ਤੋਂ ਕੁਝ ਪੈਸੇ ਉਧਾਰੇ ਲਏ ਅਤੇ ਚਾਹ ਦੁੱਧ ਦੀ ਦੁਕਾਨ ਖੋਲ੍ਹ ਲਈ। ਇੱਥੇ ਵੀ ਬਦਕਿਸਮਤੀ ਨੇ ਉਸਦਾ ਪਿੱਛਾ ਨਹੀਂ ਛੱਡਿਆ। ਜਿੱਥੇ ਉਸਨੇ ਦੁਕਾਨ ਖੋਲ੍ਹੀ ਸੀ, ਉਥੇ ਆਲੇ ਦੁਆਲ ੇ ਦੇ ਲੋਕਾਂ ਨੇ ਉਸਦਾ ਇੰਨਾ ਵਿਰੋਧ ਕੀਤਾ ਕਿ ਉਸਨੂੰ ਦੁਕਾਨ ਬੰਦ ਕਰਨੀ ਪਈ।
ਜਬ ਚਲਣਾ ਨਹੀਂ ਆਤਾ ਤੋ ਗਿਰਨੇ ਨਹੀਂ ਦੇਤੇ ਥੇ ਲੋਕ
ਜਬ ਜੇ ਸੰਭਾਲਾ ਖੁਦ ਕੋ ਕਦਮ ਕਦਮ ਪਰ ਗਿਰਾਨ ੇ ਕੀ ਸੋਚਤੇ ਹੈਂ ਲੋਗ।
ਪ੍ਰੇਮ ਗਣਪਤੀ ਨੂੰ ਭਾਵੇਂ ਲੋਕਾਂ ਦੇ ਵਿਰੋਧ ਕਾਰਨ ਆਪਣੀ ਦੁਕਾਨ ਬੰਦ ਕਰਨੀ ਪਈ ਪਰ ਉਹ ਡੋਲਿਆ ਨਹੀਂ, ਟੁੱਟਿਆ ਨਹੀਂ, ਮਾਯੂਸ ਨਹੀਂ ਹੋਇਆ। ਉਸਦਾ ਇਰਾਦਾ ਤਾਂ ਅਟੱਲ ਸੀ। ਉਹ ਤਾਂ ਹਰ ਹਾਲਤ ਵਿੱਚ ਮੰਜ਼ਿਲ ‘ਤੇ ਪਹੁੰਚਣਾ ਚਾਹੁੰਦਾ ਸੀ। ਉਸਨੂੰ ਪਤਾ ਸੀ:
ਉਮੀਦੋਛ ਕੇ ਦਿਏ ਬੁਝਾਅ ਨਹੀਂ ਕਰਤੇ
ਦੂਰ ਤੋ ਮੰਜ਼ਿਲ ਪਰ ਪਾਂਵ ਡਗਮਗਾ ਨਹੀਂ ਕਰਤੇ
ਹੋ ਦਿਲ ਮੇਂ ਜਿਸਕੇ ਜਜ਼ਬਾ ਮੰਜ਼ਿਲ ਛੂਨੇ ਕਾ
ਤੋ ਮੁਸ਼ਕਿਲੋਂ ਸੇ ਘਬਰਾਇਆ ਨਹੀਂ ਕਰਤੇ।
ਪ੍ਰੇਮ ਗਣਪਤੀ ਵਿਹਲਾ ਨਹੀਂ ਬੈਠਿਆ ਅਤੇ ਉਸਨੇ ਰੇਹੜੀ ਲਾ ਲਈ। ਇਹ ਚਾਹ ਦੀ ਰੇਹੜੀ ਨੇ ਵੀ ਜ਼ਿਆਦਾ ਵਕਤ ਸਾਥ ਨਹੀਂ ਦਿੱਤਾ। ਜਿਉਂ ਜਿਉਂ ਪ੍ਰੇਮ ਗਣਪਤੀ ਦਾ ਸੰਘਰਸ਼ ਲੰਮਾ ਅਤੇ ਸਖਤ ਹੋ ਰਿਹਾ ਸੀ, ਉਹ ਹੋਰ ਸਖਤ ਮਿਹਨਤ ਕਰ ਲੱਗਦਾ। ਉਹ ਹਰ ਹੀਲੇ ਜਿੱਤਣਾ ਚਾਹੁੰਦਾ ਸੀ। ਸ਼ਾਇਦ ਉਸਨੂੰ ਹਰੀਬੰਸ ਰਾਏ ਬੱਚਨ ਦੇ ਬੋਲ ਯਾਦ ਸਨ:
ਕੋਸ਼ਿਸ਼ ਕਰਨ ਵਾਲੋਂ ਕੀ ਕਭੀ ਹਰ ਨਹੀਂ ਹੋਤੀ
ਲਹਿਰੋਂ ਸੇ ਡਰਕਰ ਨੌਕਾ ਪਾਰ ਨਹੀਂ ਹੋਤੀ
ਨੰਨੀ ਚੀਟੀ ਜਬ ਦਾਨਾ  ਸੇਕਰ ਚਲਤੀ ਹੈ
ਚੜਤੀ ਹੈ ਦੀਵਾਰੋਂ ਪਰ ਸੌ ਵਾਰ ਫ਼ਿਲਸਤੀ ਹੈ
ਮਨ ਕਾ ਵਿਸ਼ਵਾਸ ਰਗੋਂ ਮੇਂ ਸਾਹਸ ਭਰਤਾ ਹੈ
ਚੜਕਰ ਗਿਰਨਾ, ਗਿਰ ਕਰ ਚੜ੍ਹਨਾ ਨਾ ਅੱਖਰਤਾ ਹੈ
ਆਖਿਰ ਉਸਕੀ ਮਿਹਨਤ ਬੇਕਾਰ ਨਹੀਂ ਹੋਤੀ
ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ
ਪ੍ਰੇਮ ਨੇ ਇੱਕ ਹੋਰ ਥਾਂ ਲੱਭ ਲਈ। ਇਸ ਵਾਰ ਉਸਨੇ ਚਾਹ ਦੀ ਬਜਾਏ ਦੱਖਣੀ ਭਾਰਤੀ ਸਟਾਲ ਖੋਲ੍ਹ ਲਈ। ਉਸਨੇ ਡੋਸਾ ਅਤੇ ਇਡਲੀ ਲਈ ਵਿਸ਼ੇਸ਼ਗਤਾ ਬਣਾਉਣ ਲਈ ਮਿਹਨਤ ਕਰਨੀ ਸ਼ੁਰੂ ਕੀਤੀ। ਉਸਦੀ ਮਿਹਨਤ ਰੰਗ ਲਿਆਉਣ ਲੱਗੀ। 1992-1997 ਦੌਰਾਨ ਦਾ ਡੋਸਾ ਬਹੁਤ ਪ੍ਰਸਿੱਧ ਹੋਇਆ ਅਤੇ ਉਸਨੇ ਚੌਖੀ ਮਾਇਆ ਕਮਾਈ। ਪ੍ਰੇਮ ਨੇ ਡੋਸੇ ਵਿੱਚ ਤਾਜ਼ਾ ਸਮੱਗਰੀ ਵਰਤਣ ਅਤੇ ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ। ਉਸਦੇ ਸਾਫ਼ ਸੁਥਰੇ ਬਹਿਰਿਆਂ ਕਾਰਨ ਲੋਕ ਦੂਰੋਂ ਦੂਰੋਂ ਆ ਕੇ ਉਸਦੇ ਡੋਸੇ ਖਾਣ ਲੱਗੇ। ਪ੍ਰੇਮ ਨੇ ਜੋ ਪੈਸਾ ਜੋੜਿਆ, ਉਸਨੂੰ ਪਿੰਡ ਭੇਜਣ ਦੀ ਬਜਾਏ ਇੱਕ ਹੋਰ ਦੁਕਾਨ ਖੋਲ੍ਹਣ ਦਾ ਫ਼ੈਸਲਾ ਕੀਤਾ। ਭਾਵੇਂ ਪ੍ਰੇਮ ਗਣਪਤੀ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਉਸਨੂੰ ਜ਼ਿੰਦਗੀ ਦੇ ਸੰਘਰਸ਼ ਨੇ ਇੱਕ ਸਬਕ ਜ਼ਰੂਰ ਦੇ ਦਿੱਤਾ ਸੀ ਕਿ ਜੀਵਨ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕਰਨ ਵਾਲੇ ਲੋਕ ਵੱਡੇ ਖਤਰੇ ਮੁੱਲ ਲੈਣ ਦਾ ਹੌਸਲਾ ਰੱਖਦੇ ਹੁੰਦੇ ਹਨ। ਉਸਨੇ ਖਤਰਾ ਮੁੱਲ ਲਿਆ। ਵੁਸਨੇ ਡੋਸ਼ ਪਲਾਜਾ ਨਾਂ ਦੀ ਨਵੀਂ ਦੁਕਾਨ ਖੋਲ੍ਹੀ। ਉਸਨੇ ਆਪਦੇ ਅਨੁਭਵ ਦਾ ਫ਼ਾਇਦਾ ਉਠਾਉਂਦੇ ਹੋਏ ਚੀਨੀ ਅਤੇ ਅਮਰੀਕਨ ਡਿਸ਼ਾਂ ਨੂੰ ਲੈ ਕੇ ਇਸ ਡੋਸਾ ਪਲਾਜ਼ਾ ਨਵੇਂ ਅਤੇ ਸਫ਼ਲ ਤਜਰਬੇ ਕੀਤੇ। ਉਸਦੇ ਪਲਾਜ਼ੇ ਦੇ ਖਾਣਿਆਂ ਦੀ ਸੂਚੀ ਵਿੱਚ 108 ਕਿਸਮ ਦੇ ਡੋਸਿਆਂ ਦਾ ਜ਼ਿਕਰ ਸੀ। ਇਉਂ ਉਸਦੀ ਪ੍ਰਸਿੱਧੀ ਦੂਰ ਦੂਰ ਤੱਕ ਫ਼ੈਲਣ ਲੱਗੀ। ਪ੍ਰੇਮ ਨੂੰ ਉਸਦੇ ਇੱਕ ਗਾਹਕ ਨੇ ਸਲਾਹ ਦਿੱਤੀ ਕਿ ਉਹ ਕਿਉਂ ਬੰਬੇ ਦੇ ਇੱਕ ਮੌਲ ਵਿੱਚ ਬਣ ਰਹੇ ਫ਼ੂਡ ਕੋਰਟ ਵਿੱਚ ਇੱਕ ਦੁਕਾਨ ਨਾ ਲੈ ਲਵੇ। ਜਦੋਂ ਤੁਸੀਂ ਇੱਕ ਟੀਸੀ ਸਰ ਕਰ ਲੈਂਦੇ ਹੋ ਤਾਂ ਤੁਹਾਨੂੰ ਹੋਰ ਉਚੀਆਂ ਟੀਸੀਆਂ ਸਰ ਕਰਨ ਲਈ ਹੌਸਲਾ ਅਤੇ ਪ੍ਰੇਰਨਾ ਮਿਲਦੀ ਹੈ। ਪ੍ਰੇਮ ਨੇ ਵੀ ਇਉਂ ਹੀ ਕੀਤਾ ਅਤੇ ਫ਼ੂਡ ਕੋਰਟ ਵਿੱਚ ਇੱਕ ਹੋਰ ਦੁਕਾਨ ਖੋਲ੍ਹ ਲਈ।
ਪ੍ਰੇਮ ਗਣਪਤੀ ਜਿਉਂ ਜਿਉਂ ਸਫ਼ਲਤਾ ਦੀਆਂ ਮੰਜ਼ਿਲਾਂ ਤਹਿ ਕਰਨ ਲੱਗਾ ਤਿਉਂ ਤਿਉਂ ਉਸਦੀਆਂ ਇੱਛਾਵਾਂ ਵੀ ਵਧਣ ਲੱਗੀਆਂ। ਉਸਨੇ ਡੋਸਾ ਪਲਾਜ਼ਾ ਬਰਾਂਡ ਦੀ ਮਸ਼ਹੂਰੀ ਲਈ ਇੱਕ ਕੰਪਨੀ ਰਜਿਸਟਰਡ ਕਰਵਾ ਦਿੱਤੀ। ਉਸਨੇ ਆਪਣੇ ਬਰਾਂਡ ਦੀ ਖੂਬੀ ਅਤੇ ਖਾਸੀਅਤ ਬਣਾਉਣ ਅਤੇ ਬਰਕਰਾਰ ਰੱਖਣ ਲਈ ਕਾਫ਼ੀ ਮਿਹਨਤ ਕੀਤੀ। ਉਸਨੇ ਕੰਪਨੀ ਦੀਆਂ ਸ਼ਾਖਾਵਾਂ ਦੀ ਗਿਣਤੀ ਵਧਾਉਣ ਲਈ ਸਿਰਤੋੜ ਯਤਨ ਕੀਤੇ। ਉਸਦੀ ਮਿਹਨਤ ਨੂੰ ਬੂਰ ਪਿਆ ਅਤੇ ਉਸਦਾ ਨਾਮ ਸਫ਼ਲ ਉਦਮੀਆਂ ਦੀ ਗਿਣਤੀ ਵਿੱਚ ਆ ਗਿਆ। ਬੰਬੇ ਦੇ ਬਾਂਦਰਾਂ ਸਟੇਸ਼ਨ ‘ਤੇ ਖਾਲੀ ਜੇਬ ਪਹੁੰਚਿਆ ਬੇਰੁਜ਼ਗਾਰ ਗੱਭਰੂ ਅੱਜ ਨਾ ਸਿਰਫ਼ ਕਰੋੜਪਤੀ ਹੈ ਸਗੋਂ ਸੈਂਕੜ ਲੋਕਾਂ ਦਾ ਰੁਜ਼ਗਾਰਦਾਤਾ ਵੀ ਹੈ।
ਪ੍ਰੇਮ ਗਣਪਤੀ ਦੀ ਕਹਾਣੀ ਉਸ ਸਫ਼ਲ ਉਦਮੀ ਦੀ ਕਹਾਣੀ ਹੈ ਜੋ ਇਹ ਦਰਸਾਉਂਦੀ ਹੈ ਕਿ ਅਗਰ ਤੁਹਾਡੇ ਮਨ ਵਿੱਚ ਕੋਈ ਸੁਪਨਾ ਹੈ, ਕੋਈ ਲਕਸ਼ ਹੈ ਅਤੇ ਕੋਈ ਸੰਕਲਪ ਹੈ ਤਾਂ ਸਿਰਫ਼ ਤੇ ਸਿਰਫ਼ ਮਿਹਨਤ, ਸਵੈ-ਭਰੋਸਾ, ਆਤਮ ਬਲ ਅਤੇ ਦ੍ਰਿੜ੍ਹ ਨਿਸਚੇ ਨਾਲ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਅਸਫ਼ਲਤਾ ਤੋਂ ਡਰਨ ਵਾਲੇ ਲੋਕ ਘੱਟ ਹੀ ਸਫ਼ਲ ਹੁੰਦੇ ਹਨ। ਅਸਫ਼ਲਤਾ ਤਾਂ ਸਫ਼ਲਤਾ ਦੀ ਪੌੜੀ ਦੇ ਡੰਡੇ ਹੁੰਦੀਆਂ ਹਨ। ਕਾਮਯਾਬੀ ਲਈ ਲਗਾਤਾਰ ਮਿਹਨਤ ਕਰਨ ਦੀ ਲੋੜ ਹੁੰਦੀ ਹੈ।
ਸਫ਼ਲਤਾ ਏਕ ਚਣੌਤੀ ਹੈ ਉਸੇ ਸਵੀਕਾਰ ਕਰੋ
ਕਿਆ ਕਮੀ ਰਹਿ ਗਈ ਦੇਖੋ ਔਰ ਸੁਧਾਰ ਕਰੋ
ਜਬ ਤਕ ਨਾ ਸਫ਼ਲ ਹੋ ਤੁਮ
ਨੀਂਦ ਚੈਨ ਤਿਆਗੋ ਤੁਮ
ਸੰਘਰਸ਼ ਕਾ ਮੈਦਾਨ ਛੋੜ ਕਰ ਮਤ ਭਾਗੋ ਤੁਮ
ਕੁਸ ਕੀਏ ਬਿਨਾਂ ਜੈ ਜੈਕਾਰ ਨਹੀਂ ਹੋਤੀ
ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ।
ਪ੍ਰੇਮ ਗਣਪਤੀ ਨੂੰ ਭਾਵੇਂ ਲੋਕਾਂ ਦੇ ਵਿਰੋਧ ਕਾਰਨ ਆਪਣੀ ਦੁਕਾਨ ਬੰਦ ਕਰਨੀ ਪਈ ਪਰ ਉਹ ਡੋਲਿਆ ਨਹੀਂ, ਟੁੱਟਿਆ ਨਹੀਂ, ਮਾਯੂਸ ਨਹੀਂ ਹੋਇਆ। ਉਸਦਾ ਇਰਾਦਾ ਤਾਂ ਅਟੱਲ ਸੀ। ਉਹ ਤਾਂ ਹਰ ਹਾਲਤ ਵਿੱਚ ਮੰਜ਼ਿਲ ‘ਤੇ ਪਹੁੰਚਣਾ ਚਾਹੁੰਦਾ ਸੀ। ਉਸਨੂੰ ਪਤਾ ਸੀ:
ਉਮੀਦੋਛ ਕੇ ਦਿਏ ਬੁਝਾਅ ਨਹੀਂ ਕਰਤੇ
ਦੂਰ ਤੋ ਮੰਜ਼ਿਲ ਪਰ ਪਾਂਵ ਡਗਮਗਾ ਨਹੀਂ ਕਰਤੇ
ਹੋ ਦਿਲ ਮੇਂ ਜਿਸਕੇ ਜਜ਼ਬਾ ਮੰਜ਼ਿਲ ਛੂਨੇ ਕਾ
ਤੋ ਮੁਸ਼ਕਿਲੋਂ ਸੇ ਘਬਰਾਇਆ ਨਹੀਂ ਕਰਤੇ।

ਕੌਣ ਹੋਵੇਗਾ ਪੰਜਾਬ ‘ਚ ‘ਆਪ’ ਦਾ ਮੁੱਖ ਮੰਤਰੀ ਦਾ ਚਿਹਰਾ?

downloadਮਾਘੀ ਦੇ ਦਿਹਾੜੇ 14 ਜਨਵਰੀ 2016 ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉਤੇ ਆਮ ਆਦਮੀ ਪਾਰਟੀ ਦੀ ਕਾਨਫ਼ਰੰਸ ਵਿੱਚ ਹੋਏ ਇਤਿਹਾਸਕ ਇਕੱਠ ਅਤੇ ਅਰਵਿੰਦ ਕੇਜਰੀਵਾਲ ਦੀ ਲਲਕਾਰ ਨੇ ਪੰਜਾਬ ਦੀ ਸਿਆਸਤ ਨੂੰ ਜ਼ਬਰਦਸਤ ਅਤੇ ਹੈਰਾਨੀਜਨਕ ਮੋੜ ਦੇ ਦਿੱਤਾ ਹੈ। ਇਹ ਅਜਿਹਾ ਮੋੜ ਹੈ ਜਿਸਨੂੰ ਨਾ ਤਾਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਅਤੇ ਨਾ ਹੀ ਕਾਂਗਰਸ ਨਜ਼ਰਅੰਦਾਜ਼ ਕਰ ਸਕਦੀ ਹੈ। ਇਸ ਦਿਨ ਪੰਜਾਬ ਦੀ ਸੱਤਾ ਉਤੇ ਆਮ ਆਦਮੀ ਪਾਰਟੀ ਦੀ ਦਾਅਵੇਦਾਰੀ ਸਥਾਪਤ ਹੋ ਗਈ ਸੀ ਅਤੇ 2017 ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਮੁਕਾਬਲਾ ਤ੍ਰਿਕੋਣਾ ਹੋ ਗਿਆ। 26 ਨਵੰਬਰ 2012 ਨੂੰ ਬਣੀ ਆਮ ਆਦਮੀ ਪਾਰਟੀ ਨੇ ਆਪਣੀ ਇਸ ਛੋਟੀ ਜਿਹੀ ਸਿਆਸੀ ਉਮਰ ਵਿੱਚ ਜੋ ਕਾਰਨਾਮਾ 10 ਫ਼ਰਵਰੀ 2015 ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 67 ਸੀਟਾਂ ਲੈ ਕੇ ਕੀਤਾ, ਉਸੇ ਤਰ੍ਹਾਂ ਦੇ ਕਾਰਨਾਮੇ ਦੇ ਆਸ ਫ਼ਰਵਰੀ 2017 ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੁਹਰਾਉਣ ਦੀ ਹੈ। ਆਪ ਦੇ ਰਾਸ਼ਟਰ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਆਸ ਨੂੰ ਉਸ ਵੇਲੇ ਬੂਰ ਪੈਂਦਾ ਨਜ਼ਰੀਂ ਆਇਆ ਜਦੋਂ ਪੰਜਾਬ ਵਿੱਚ ਕੀਤੇ ਗਏ ਸਰਵੇਖਣਾਂ ਦੇ ਨਤੀਜੇ ਪੰਜਾਬ ਦੀ ਸਿਆਸੀ ਹਵਾ ‘ਆਪ’ ਦੇ ਹੱਕ ਵਿੱਚ ਦਰਸਾਉਣ ਲੱਗੇ। ਹਫ਼ਪੋਸਟ-ਸੀਵੋਟਰ ਵੱਲੋਂ ਕੀਤੇ ਸਰਵੇਖਣ ਅਨੁਸਾਰ ਆਮ ਆਦਮੀ ਪਾਰਟੀ ਨੂੰ 117 ਸੀਟਾਂ ਵਾਲੀ ਪੰਜਾਬ ਵਿਧਾਨ ਸਭਾ ਵਿੱਚੋਂ 94 ਤੋਂ 100 ਸੀਟਾਂ ਮਿਲਣ ਦੀ ਆਸ ਹੈ। ਇਕ ਹੋਰ ਸਰਵੇਖਣ ਨੇ ਆਪ ਨੂੰ 85-100 ਸੀਟਾਂ ਜਿੱਤਣ ਦੀ ਪੇਸ਼ਨਗੋਈ ਕੀਤੀ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਪ ਨੇ 4 ਲੋਕ ਸਭਾ ਹਲਕਿਆਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਅਤੇ ਪਾਰਟੀ ਦੇ ਹਿੱਸੇ 24 ਫ਼ੀਸਦੀ ਵੋਟ ਆਏ ਸਨ। ਮੁੱਖ ਮੰਤਰੀ ਬਾਰੇ ਕੀਤੇ ਸਰਵੇਖਣ ਵੀ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਦੀ ਨੰਬਰ ਇਕ ਪਸੰਦ ਮੰਨਦੇ ਹਨ, ਕੈਪਟਨ ਨੂੰ ਦੂਸਰਾ ਅਤੇ ਸੁਖਬੀਰ ਬਾਦਲ ਨੂੰ ਤੀਜਾ ਸਥਾਨ ਮਿਲਿਆ ਹੈ।
ਪੰਜਾਬ ਦੀ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵੀ ਅਤੇ ਆਮ ਪੰਜਾਬੀ ਵੀ ਇਹ ਸਵਾਲ ਦਾ ਜਵਾਬ ਤਲਾਸ਼ਣ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ ਕਿ ਜੇ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਕੌਣ ਹੋਵੇਗਾ। ਸਿਆਸੀ ਟਿੱਪਣੀਕਾਰਾਂ ਅਤੇ ਸਿਆਸੀ ਵਿਗਿਆਨੀਆਂ ਨੁੰ ਇਹ ਵੀ ਭਲੀ ਭਾਂਤ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਕੋਰ ਟੀਮ ਵਿੱਚ ਕੋਈ ਪੰਜਾਬੀ ਨਹੀਂ ਹੈ ਅਤੇ ਨਾ ਹੀ ਕੋਈ ਸਿੱਖ। ਅਰਵਿੰਦ ਕੇਜਰੀਵਾਲ ਦੀ ਕੋਰ ਟੀਮ ਦੇ 10-11 ਮੈਂਬਰ ਹਨ, ਭਾਵੇਂ ਰਾਸ਼ਟਰੀ ਕਾਰਜਕਾਰਨੀ ਦੇ 25 ਮੈਂਬਰ ਹਨ। ਇਹਨਾਂ 25 ਮੈਂਬਰਾਂ ਵਿੱਚ ਪ੍ਰੋ. ਸਾਧੂ ਸਿੰਘ, ਯਾਮਨੀ ਗੋਮਰ, ਭਗਵੰਤ ਮਾਨ, ਹਰਜੋਤ ਬੈਂਸ ਅਤੇ ਬਲਜਿੰਦਰ ਕੌਰ ਸ਼ਾਮਲ ਹਨ। ਅਰਵਿੰਦ ਕੇਜਰੀਵਾਲ ਦੇ ਹਮਰਾਜ਼ ਜਾਂ ਵਿਸ਼ਵਾਸ ਪਾਤਰਾਂ ਦੀ ਟੀਮ ਵਿੱਚ ਅਸ਼ੀਸ਼ ਤਲਵਾਰ, ਆਵਿਸ਼ੀ ਮਾਲਰੇਨਾ, ਅਸ਼ੀਸ਼ ਖੇਤਾਨ, ਰਾਘਵ ਚੱਢਾ, ਆਸ਼ੂਤੋਸ਼, ਕੁਮਾਰ ਵਿਸ਼ਵਾਸ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਪੰਕਜ਼ ਗੁਪਤਾ ਆਦਿ ਸ਼ਾਮਲ ਹਨ। ਇਹ ਉਹ ਨਾਮ ਹਨ ਜੋ ਦਿੱਲੀ ਫ਼ਤਿਹ ਦੇ ਸੂਤਰਧਾਰ ਬਣੇ ਹਨ। ਇਹਨਾਂ ਵਿੱਚੋਂ ਸੰਜੇ ਸਿੰਘ, ਅਸ਼ੀਸ਼ ਖੇਤਾਨ ਅਤੇ ਦੁਰਗੇਸ਼ ਪਾਠਕ ਆਦਿ ਅਰਵਿੰਦ ਕੇਜਰੀਵਾਲ ਦੇ 13 ਹੋਰ ਨਿਗਰਾਨ ਪੰਜਾਬ ਦੀਆਂ ਚੋਣਾਂ ਨਾਲ ਨਾਲ ਪਾਰਟੀ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੇ ਹਨ। ਪੰਜਾਬ ਵਿੱਚ ਸੰਜੇ ਸਿੰਘ ਦੀ ਅਗਵਾਈ ਵਿੱਚ ਪਾਰਟੀ ਦੇ ਵੱਖ ਵੱਖ ਵਿੰਗ ਆ ਰਹੀਆਂ ਚੋਣਾਂ ਜਿੱਤਣ ਲਈ ਤਕੜੀ ਮਿਹਨਤ ਕਰ ਰਹੇ ਹਨ। ਅਸ਼ੀਸ਼ ਖੇਤਾਨ ਅਤੇ ਕੰਵਰ ਸੰਧੂ ਨੇ ‘ਬੋਲਦਾ ਪੰਜਾਬ’ ਪ੍ਰੋਗਰਾਮ ਕਰ ਕੇ ਯੂਥ ਮੈਨੀਫ਼ੈਸਟੋ ਤਿਆਰ ਕੀਤਾ। ਇਹ 51 ਸੂਤਰੀ ਮੈਨੀਫ਼ੈਸਟੋ ਦੇ ਮੁੱਖ ਪੰਨੇ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫ਼ੋਟੋ ਅਤੇ ਥੱਲੇ ਛਪੀ ਝਾੜੂ ਦੀ ਤਸਵੀਰ ਨੇ ਜਿੱਥੇ ਅਸ਼ੀਸ਼ ਖੇਤਾਨ, ਐਚ. ਐਸ. ਫ਼ੂਲਕਾ ਸਮੇਤ ਕੇਜਰੀਵਾਲ ਨੂੰ ਮੁਆਫ਼ੀ ਮੰਗਣੀ ਪਈ ਅਤੇ ਪਛਤਾਵੇ ਵਜੋਂ ਹਰਿਮੰਦਰ ਸਾਹਿਬ ਵਿੱਚ ਸੇਵਾ ਕਰਨੀ ਪਈ, ਉਥੇ ਵਿਰੋਧੀ ਪਾਰਟੀਆਂ ਨੂੰ ਮੀਡੀਆ ਵਿੱਚ ਇਕ ਵੱਡਾ ਮੁੱਦਾ ਮਿਲ ਗਿਆ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ ਆਮ ਆਦਮੀ ਦੇ ਖਿਲਾਫ਼ ਇਕ ਹੋਰ ਮੁੱਦਾ ਵੀ ਮਿਲਿਆ ਹੋਇਆ ਹੈ ਕਿ ਪੰਜਾਬੀ ਵਿੱਚ ਇਹਨਾਂ ਕੋਲ ਕੋਈ ਲੀਡਰ ਨਹੀਂ। ਆਮ ਲੋਕ ਵੀ ਇਹ ਪੁੱਛਦੇ ਵੇਖੇ ਜਾ ਸਕਦੇ ਹਨ ਕਿ ਕੀ ਹੁਣ ਬਾਹਰਲੇ ਬੰਦੇ ਪੰਜਾਬ ‘ਤੇ ਰਾਜ ਕਰਨਗੇ। ਕੀ ਆਮ ਆਦਮੀ ਪਾਰਟੀ ਕੋਲ ਕੋਈ ਵੀ ਅਜਿਹਾ ਨੇਤਾ ਨਹੀਂ ਜੋ ਮੁੱਖ ਮੰਤਰੀ ਬਣ ਸਕੇ। ਆਮ ਪੰਜਾਬੀਆਂ ਦੇ ਇਸ ਸਵਾਲ ਦੇ ਜਵਾਬ ਨੂੰ ਤਲਾਸ਼ਣ ਲਈ ‘ਆਪ’ ਦੀ ਪੰਜਾਬ ਲੀਡਰਸ਼ਿਪ ਵੱਲ ਨਜ਼ਰ ਮਾਰੀ ਜਾ ਸਕਦੀ ਹੈ। ਪੰਜਾਬ ਦੀ ਆਪ ਲੀਡਰਸ਼ਿਪ ਵਿੱਚ ਜਿਹੜੇ ਨੇਤਾ ਮੁੱਖ ਮੰਤਰੀ ਦੇ ਦਾਅਵੇਦਾਰ ਹੋ ਸਕਦੇ ਹਨ, ਉਹਨਾਂ ਵਿੱਚੋਂ ਕੁਝ ਨਾਮ ਹੇਠ ਲਿਖੇ ਹਨ:
ਸੁੱਚਾ ਸਿੰਘ ਛੋਟੇਪੁਰ
ਐਚ. ਐਸ. ਫ਼ੂਲਕਾ
ਭਗਵੰਤ ਮਾਨ
ਪ੍ਰੋ. ਸਾਧੂ ਸਿੰਘ
ਹਿੰਮਤ ਸਿੰਘ ਸ਼ੇਰਗਿੱਲ
ਸੁਚਾ ਸਿੰਘ ਛੋਟੇਪੁਰ- ਅਕਾਲੀ ਪਿਛੋਕੜ ਵਾਲਾ 68 ਵਰ੍ਹਿਆਂ ਦਾ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਪੰਜਾਬ ਦਾ ਕਨਵੀਨਰ ਹੈ। ਸ. ਸੁੱਚਾ ਸਿੰਘ ਛੋਟੇਪੁਰ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਵਫ਼ਾਦਾਰ ਸਿਪਾਹੀ ਸੀ ਅਤੇ ਸੰਤ ਜੀ ਦੇ ਕਤਲ ਤੋਂ ਬਾਦ ਬਣੀ ਸ. ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਸਿਹਤ ਤੇ ਰਾਜ ਮੰਤਰੀ ਬਣਿਆ। ਜਦੋਂ ਬਰਨਾਲਾ ਸਰਕਾਰ ਨੇ 1986 ਵਿੱਚ ਹਰਿਮੰਦਰ ਸਾਹਿਬ ਵਿੱਚ ਅਪਰੇਸ਼ਨ ਬਲੈਕ ਥੰਡਰ ਦੇ ਨਾਮ ਨਾਲ ਹਥਿਆਰਬੰਦ ਜਵਾਨ ਭੇਜੇ ਤਾਂ ਉਸਦੇ ਵਿਰੋਧ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਦਾ ਸਾਥ ਦਿੰਦੇ ਹੌਏ ਛੋਟੇਪੁਰ ਨੇ ਮੰਤਰੀ ਪਦ ਤਿਆਗ ਦਿੱਤਾ ਸੀ। ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਮੋਹਨ ਸਿੰਘ ਤੁੜ ਦੇ ਜਵਾਈ ਹਨ। ਸੋ, ਇਸ ਅਕਾਲੀ ਪਿਛੋਕੜ ਵਾਲੇ ਨੇਤਾ ਨੇ ਆਮ ਆਦਮੀ ਪਾਰਟੀ ਵੱਲੋਂ 2014 ਦੀ ਲੋਕ ਸਭਾ ਚੋਣ ਗੁਰਦਾਸਪੁਰ ਤੋਂ ਲੜੀ ਸੀ। ਛੋਟੇਪੁਰ ਨੂੰ 1,73,376 ਵੋਟਾਂ ਮਲੀਆਂ ਸਨ ਅਤੇ ਭਾਜਪਾ ਦੇ ਵਿਨੋਦ ਖੰਨਾਂ ਤੋਂ ਹਾਰ ਮਿਲੀ ਸੀ। ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਛੋਟੇਪੁਰ ਸਭ ਤੋਂ ਸੀਨੀਅਰ ਨੇਤਾ ਹੈ ਅਤੇ ਕਨਵੀਨਰ ਦੇ ਤੌਰ ‘ਤੇ ਵੀ ਅਜੇ ਕਿਸੇ ਵਿਵਾਦ ਤੋਂ ਬਚਿਆ ਹੋਇਆ ਹੈ। ਅਰਵਿੰਦ ਕੇਜਰੀਵਾਲ ਦਾ ਵਿਸ਼ਵਾਸ ਪਾਤਰ ਸੁੱਚਾ ਸਿੰਘ ਛੋਟੇਪੁਰ ਮੁੱਖ ਮੰਤਰੀ ਦਾ ਦਾਅਵੇਦਾਰ ਹੈ।
2. ਐਚ. ਐਸ. ਫ਼ੂਲਕਾ- ਭਦੌੜੀਏ ਸਰਦਾਰਾਂ ਦਾ ਮੁੰਡਾ ਐਡਵੋਕੇਟ ਹਰਵਿੰਦਰ ਸਿੰਘ ਫ਼ੂਲਕਾ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ 1984 ਤੋਂ ਲਗਾਤਾਰ ਯਤਨਸ਼ੀਲ ਹੈ। ਐਡਵੋਕੇਟ ਫ਼ੂਲਕਾ ਨੇ ਦਿੱਲੀ ਦੰਗਿਆਂ ਵਿੱਚ ਕਾਂਗਰਸੀ ਨੇਤਾ ਐਚ. ਕੇ. ਐਲ. ਭਗਤ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀ ਸ਼ਮੂਲੀਅਤ ਨੂੰ ਲੈ ਕੇ ਤਕੜੀ ਕਾਨੂੰਨੀ ਲੜਾਈ ਲੜੀ ਹੈ। ਦੰਗਿਆਂ ਦੌਰਾਨ ਉਹ ਖੁਦ ਸ਼ਿਕਾਰ ਹੁੰਦਾ ਹੁੰਦਾ ਬਚਿਆ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਸ ਪੁਰਾਣੇ ਵਿਦਿਆਰਥੀ ਬਾਰੇ ਪੰਜਾਬੀਆਂ ਦੇ ਮਨਾਂ ਵਿੱਚ ਚੰਗੀ ਇੱਜ਼ਤ ਹੈ। 2014 ਵਿੱਚ ਉਹ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਆਪ ਦੀ ਟਿਕਟ ‘ਤੇ ਲੜਿਆ ਅਤੇ ਕਾਂਗਰਸ ਦੇ ਰਵਨੀਤ ਬਿੱਟੂ ਹੱਥੋਂ ਹਾਰ ਗਿਆ। ਐਡਵੋਕੇਟ ਫ਼ੂਲਕਾ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਤਕੜਾ ਦਾਅਵੇਦਾਰ ਹੈ।
3. ਭਗਵੰਤ ਮਾਨ- ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿੱਚ 17 ਅਕਤੂਬਰ 1973 ਨੂੰ ਪੈਦਾ ਹੋਇਆ ਭਗਵੰਤ ਮਾਨ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਕਾਮੇਡੀ ਕਲਾਕਾਰ ਦੇ ਤੌਰ ‘ਤੇ ਕਾਫ਼ੀ ਪ੍ਰਸਿੱਧ ਹੋ ਚੁੱਕਿਆ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਬਣਾਈ ਤਾਂ ਭਗਵੰਤ ਮਾਨ ਉਸਦਾ ਨੰਬਰ ਦੋ ਦਾ ਨੇਤਾ ਬਣ ਗਿਆ ਸੀ। 2014 ਵਿੱਚ ਭਗਵੰਤ ਮਾਨ ਨੇ ਪੀ. ਪੀ. ਪੀ. ਨੂੰ ਛੱਡ ਕੇ ‘ਆਪ’ ਦੇ ਟਿਕਟ ਤੋਂ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਬਹੁਤ ਵੱਡੇ ਫ਼ਰਕ ਨਾਲ ਹਰਾ ਕੇ ਲੋਕ  ਸਭਾ ਵਿੱਚ ਪਹੁੰਚਿਆ। ਲੋਕ ਸਭਾ ਵਿੱਚ ਦਿੱਤੇ ਭਗਵੰਤ ਦੇ ਵਿਅੰਗਮਈ ਭਾਸ਼ਣਾਂ ਨੇ ਉਸਦਾ ਕੱਦ ਸਿਆਸਤ ਵਿੱਚ ਕਾਫ਼ੀ ਵਧਾ ਦਿੱਤਾ ਪਰ ਸ਼ਰਾਬ ਪੀ ਕੇ ਧਾਰਮਿਕ ਸਟੇਜ ‘ਤੇ ਜਾਣ ਦੇ ਇਲਜ਼ਾਮ ਨੇ ਉਸਦੇ ਬਿੰਬ ਨੂੰ ਥੋੜ੍ਹਾ ਧੁੰਦਲਾ ਜ਼ਰੂਰ ਕੀਤਾ ਹੈ। 43 ਵਰ੍ਹਿਆਂ ਦਾ ਨੌਜਵਾਨ ਭਗਵੰਤ ਮਾਨ ਵੀ ਪੰਜਾਬ ਦ ਮੁੱਖ ਮੰਤਰੀ ਦੇ ਅਹੁਦੇ ਦਾ ਹੱਕਦਾਰ ਹੋ ਸਕਦਾ ਹ।
4. ਪ੍ਰੋ. ਸਾਧੂ ਸਿੰਘ- 1941 ਨੂੰ ਮੋਗੇ ਦੇ ਮਨੂੰਕੇ ਪਿੰਡ ਵਿੱਚ ਪੈਦਾ ਹੋਏ ਪ੍ਰੋ. ਸਾਧੂ ਸਿੰਘ ਸਾਰੀ ਉਮਰ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਂਦੇ ਰਹੇ ਅਤੇ ਸੇਵਾ ਮੁਕਤ ਹੋਣ ਤੋਂ ਬਾਅਦ ਸਿਆਸਤ ਵਿੱਚ ਆਏ ਅਤੇ ਫ਼ਰੀਦਕੋਟ ਤੋਂ ਆਪ ਵੱਲੋਂ ਲੋਕ ਸਭਾ ਲਈ ਚੁਣੇ ਗਏ। ਪੰਜਾਬੀ ਕਵਿਤਾ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰੋ. ਸਾਧੂ ਸਿੰਘ ਵੀ ਅਰਵਿੰਦ ਕੇਜਰੀਵਾਲ ਦੀ ਚੋਣ ਹੋ ਸਕਦੇ ਹਨ। ਇਹ ਚੋਣ ਉਸ ਵੇਲੇ ਹੋਰ ਵੀ ਦਮ ਮਿਲਦਾ ਹੈ ਜਦੋਂ ‘ਆਪ’ ਪੰਜਾਬ ਦੀ ਦਲਿਤ ਵੋਟ ਦਾ ਦਿਲ ਜਿੱਤਣ ਦਾ ਯਤਨ  ਕਰਦੀ ਨਜ਼ਰ ਆਉਂਦੀ ਹੈ।
5. ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ- 36 ਵਰ੍ਹਿਆਂ ਦਾ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਆਮ ਆਦਮੀ ਪਾਰਟੀ ਦਾ ਇਮਾਨਦਾਰੀ ਅਤੇ ਮਿਹਨਤੀ ਦਿੱਖ ਵਾਲਾ ਨੌਜਵਾਨ ਨੇਤਾ ਹੈ। ਗੁਜਰਾਤ ਵਿੱਚਲੇ ਸਿੱਖ ਕਿਸਾਨਾਂ ਦੇ ਮੁੱਦੇ ‘ਤੇ ਸ਼ੇਰਗਿੱਲ ਨੇ ਲੋਕਾਂ ਦੀ ਵਾਅਵਾ ਹਮਦਰਦੀ ਖੱਟੀ ਹੈ। ਮੱਧ ਵਰਗੀ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਆਪਣੀ ਲਿਆਕਤ ਅਤੇ ਬੁੱਧੀ ਦੇ ਸਿਰ ‘ਤੇ ਸ਼ੇਰਗਿੱਲ ਨੇ ਇੰਗ ਲੈਂਡ ਆਪਣੀ ਕਾਨੂੰਨ ਦੀ ਡਿਗਰੀ ਹਾਸਲ ਕੀਤੀ। 2014 ਦੀ ਲੋਕ ਸਭਾ ਚੋਣ ਆਨੰਦਪੁਰ ਸਾਹਿਬ ਹਲਕੇ ਤੋਂ ਲੜੀ ਪਰ ਹਰ ਗਿਆ। ਪੰਜਾਬ ‘ਆਪ’ ਦੇ ਨੇਤਾਵਾਂ ਵਿੱਚ ਹਿੰਮਤ ਸਿੰਘ ਸ਼ੇਰਗਿੱਲ ਚੰਗੀ ਭੱਲ ਰੱਖਦਾ ਹੈ। ਮੁੱਖ ਮੰਤਰੀ ਤਾਂ ਕੇਜਰੀਵਾਲ ਜੋ ਚਾਹੇਗਾ ਉਹੀ ਬਣੇਗਾ ਅਤੇ ਸ਼ੇਰਗਿੱਲ ਵੀ ਬਣ ਸਕਦਾ ਹੈ।
ਪੰਜਾਬ ਵਿੱਚ ਸੱਚਮੁਚ ਹੀ ਆਮ ਆਦਮੀ ਪਾਰਟੀ ਕੋਲ ਅਨੁਭਵੀ ਸਿਆਸੀ ਚਿਹਰਿਆਂ ਦੀ ਕਮੀ ਤਾਂ ਹੈ। ਉਕਤ ਪੰਜਾਂ ਤੋਂ ਬਾਅਦ ਜੇ ਹੋਰ ਨਾਮ ਲੈਣੇ ਹੋਣ ਤਾਂ ਯਾਮਨੀ ਡੋਮਰ, ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਆਦਿ ਦੀ ਗਿਣਤੀ ਕੀਤੀ ਜਾ ਸਕਦੀ ਹੈ ਪਰ ਅਜੇ ਤੱਕ ਪੰਜਾਬ ਵਿੱਚ ਕੋਈ ਅਜਿਹਾ ਚਿਹਰਾ ਨਹੀਂ ਨਜ਼ਰ ਆ ਰਿਹਾ ਜਿਸ ਉਪਰ ਸਰਬਸੰਮਤੀ ਨਾਲ ਮੋਹਰ ਲੱਗ ਸਕੇ। ਜੇ ਧਰਮਵੀਰ ਗਾਂਧੀ ਅਤੇ ਹਰਿੰਦਰ ਖਾਲਸਾ ਪਾਰਟੀ ਵਿੱਚ ਹੁੰਦੇ ਤਾਂ ਸ਼ਾਇਦ ਗੱਲ ਹੋਰ ਹੁੰਦੀ। ਡਾ. ਗਾਂਧੀ ਸਿੱਖਾਂ ਅਤੇ ਹਿੰਦੂਆਂ ਦੋਵਾਂ ਨੂੰ ਪ੍ਰਵਾਨ ਹੋ ਸਕਣ ਵਾਲਾ ਸਖਸ਼ ਹੈ। ਇਹ ਵੀ ਹੋ ਸਕਦਾ ਹੈ ਕਿ ਪਾਰਟੀ ਸਰਦਾਰਾ ਸਿੰਘ ਜੌਹਲ ਵਰਗੇ ਕਿਸੇ ਬੁੱਧੀਜੀਵੀ ਨੂੰ ਸ਼ਿੰਗਾਰ ਲਵੇ। ਹਾਲ ਦੀ ਘੜੀ ਪੰਜਾਬ ਦੀ ‘ਆਪ’ ਕੋਲ ਵੱਡੇ ਅਤੇ ਸਰਵਪ੍ਰਵਾਨਿਤ ਨੇਤਾਵਾਂ ਦੀ ਘਾਟ ਹੈ। ਅਜਿਹੇ ਹਾਲਾਤ ਵਿੱਚ ਕੀ ਅਰਵਿੰਦ ਕੇਜਰੀਵਾਲ ਖੁਦ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ?  ਇਹ ਸਵਾਲ ਵੀ ਚਰਚਾ ਦੀ ਮੰਗ ਕਰਦਾ ਹੈ। ਇਹ ਗੱਲ ਤਾਂ ਸਹੀ ਹੈ ਕਿ ਅੱਜ ਪੰਜਾਬ ਵਿੱਚ ਕੇਜਰੀਵਾਲ ਇਕ ਵੱਡੇ ਸਿਆਸੀ ਕੱਦ ਵਾਲੇ ਨੇਤਾ ਦੇ ਤੌਰ ‘ਤੇ ਪ੍ਰਵਾਨਿਆ ਜਾਣ ਲੱਗਾ ਹੈ। ਬਾਦਲਾਂ ਅਤੇ ਬਿਕਰਮਜੀਤ ਸਿੰਘ ਮਜੀਠੀਆ ਦ ਖਿਲਾਫ਼ ਉਚੀ ਸੁਰ ਵਿੱਚ ਬੋਲਣ ਕਾਰਨ ਉਸਦਾ ਮੁਹਾਵਰਾ ਪੰਜਾਬੀਆਂ ਨੂੰ ਪਸੰਦ ਆ ਰਿਹਾ ਹੈ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਆਉਂਦਾ ਸੀ। ਉਂਝ ਵੀ ਕੇਜਰੀਵਾਲ ਦੇ ਸੁਪਨੇ ਵੱਡੇ ਹਨ ਅਤੇ ਉਹ ਹਿੰਦੋਸਤਾਨ ਵਿੱਚ ਨਰਿੰਦਰ ਮੋਦੀ ਦੇ ਨਾਲ ਸਿੱਧੀ ਟੱਕਰ ਲੈਣ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ। ਪੰਜਾਬ ਤਾਂ ਉਸ ਲਈ ਇਕ ਪੜਾਅ ਹੋ ਸਕਦਾ ਹੈ। ਸ਼ਾਇਦ ਉਸਦੀ ਮੰਜ਼ਿਲ ਦਾ ਰਾਹ ਪੰਜਾਬ ਵਿੱਚੋਂ ਦੀ ਹੋ ਕੇ ਜਾਂਦਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਾਂਗ ਕਿਸੇ ਮੁਨੀਸ਼ ਸਿਸੋਦੀਆ ਦੀ ਤਲਾਸ਼ ਕਰ ਰਿਹਾ ਹੋਵੇ, ਜਿਸ ਨੁੰ ਪੰਜਾਬ ਦੀ ਵਾਗਡੋਰ ਫ਼ੜਾ ਸਕੇ। ਕੀ ਉਹ ਸਿਸੋਦੀਆ ਐਡਵੋਕੇਟ ਫ਼ੂਲਕਾ ਹੈ, ਭਗਵੰਤ ਮਾਨ ਹੈ ਜਾਂ ਪ੍ਰੋ. ਸਾਧੂ ਸਿੰਘ। ਇਹ ਤਾਂ ਸਮਾਂ ਹੀ ਦੱਸੇਗਾ।
***


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218