Month: August 2016

ਕੀ ਇਰੋਮ ਚਾਨੂ ਸ਼ਰਮੀਲਾ ਹਾਰ ਗਈ ਹੈ?

downloadਮਨੀਪੁਰ ਦੀ 4 ਸਾਲਾ ਲੋਹ ਮਹਿਲਾ ਵਜੋਂ ਪ੍ਰਸਿੱਧ ਮਾਨਵ ਅਧਿਕਾਰਾਂ ਦੀ ਸਰਗਰਮ ਕਾਰਜਕਰਤਾ ਇਰੋਮ ਚਾਨੂ ਸ਼ਰਮੀਲਾ ਨੇ 9 ਅਗਸਤ ਨੂੰ ਪਿਛਲੇ ਤਕਰੀਬਨ 16 ਵਰ੍ਹਿਆਂ ਤੋਂ ਜਾਰੀ ਆਪਣਾ ਵਰਤ ਸਮਾਪਤ ਕਰ ਦਿੱਤਾ ਹੈ। ਇਰੋਮਾ ਨੇ ਇਹ ਭੁੱਖ ਹੜਤਾਲ 4 ਨਵੰਬਰ 2000 ਨੂੰ ਆਰੰਭ ਕੀਤੀ ਸੀ। ਉਸਦੀ ਮੰਗ ਸੀ ਕਿ ਮਨੀਪੁਰ ਵਿਚ ਲਾਗੂ ਆਰਮਡ ਫ਼ੋਰਸ ਸਪੈਸ਼ਲ ਪਾਵਰ ਐਕਟ ਨੂੰ ਹਟਾਇਆ ਜਾਵੇ। ਅਰੁਣਾਚਲ ਪ੍ਰਦੇਸ਼, ਮਨੀਪੁਰ, ਅਸਾਮ, ਨਾਗਾਲੈਂਡ, ਮਿਜ਼ੋਰਮ, ਤ੍ਰਿਪਰਾ ਅਤੇ ਜੰਮੂ ਕਸ਼ਮੀਰ ਵਿਚ ਲਾਗੂ ਇਸ ਕਾਨੂੰਨ ਦੇ ਤਹਿਤ ਸੁਰੱਖਿਆ ਦਲਾਂ ਨੂੰ ਕਿਸੇ ਨੂੰ ਦੇਖਦੇ ਹੀ ਗੋਲੀ ਮਾਰਨ ਜਾਂ ਬਿਨਾਂ ਵਰੰਟ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਇਸੇ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਅਸਾਮ ਰਾਈਫ਼ਲਜ਼ ਦੇ ਜਵਾਨਾਂ ਨੇ 2 ਨਵੰਬਰ 2000 ਨੂੰ ਮਨੀਪੁਰ ਦੀ ਰਾਜਧਾਨੀ ਇੰਫ਼ਾਲ ਦੇ ਮਾਲੋਮ ਇਲਾਕੇ ਵਿਚ 10 ਨਾਗਰਿਕਾਂ ਨੂੰ ਮਾਰ ਦਿੱਤਾ ਸੀ। ਸੁਰੱਖਿਆ ਦਲਾਂ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਇਰੋਮ ਨੇ ਇਸ ਕਾਨੂੰਨ ਨੂੰ ਹਟਾਉਣ ਲਈ ਭੁੱਖ ਹੜਤਾਲ ਆਰੰਭ ਕੀਤੀ ਸੀ। ਸਰਕਾਰ ਵੱਲੋਂ ਇਰੋਮ ਸ਼ਰਮੀਲਾ ਨੁੰ ਆਤਮ ਹੱਤਿਆ ਦੇ ਯਤਨ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੋਸ਼ ਵਿਚ ਕਿਸੇ ਵੀ ਦੋਸ਼ੀ ਨੂੰ ਇਕ ਸਾਲ ਤੋਂ ਵੱਧ ਗ੍ਰਿਫ਼ਤਾਰ ਕਰਕੇ ਨਹੀਂ ਰੱਖਿਆ ਜਾ ਸਕਦਾ। ਸੋ ਇਸੇ ਕਾਰਨ ਉਸ ਨੂੰ ਹਰ ਸਾਲ ਰਿਹਾਅ ਕਰ ਦਿੱਤਾ ਜਾਂਦਾ ਸੀ ਅਤੇ ਰਿਹਾਈ ਤੋਂ ਤੁਰੰਤ ਬਾਅਦ ਮੁੜ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ। ਇਸੇ ਕਾਰਨ ਸਭ ਤੋਂ ਵੱਧ ਵਾਰ ਜੇਲ੍ਹ ਤੋਂ ਰਿਹਾਅ ਹੋਣ ਦਾ ਰਿਕਾਰਡ ਵੀ ਇਰੋਮ ਦੇ ਨਾਂ ਹੈ। ਇੰਫ਼ਾਲ ਦੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਇਕ ਕਮਰੇ ਨੂੰ ਅਸਥਾਈ ਜੇਲ੍ਹ ਵਿਚ ਤਬਦੀਲ ਕਰਕੇ ਇਰੋਮ ਸ਼ਰਮੀਲਾ ਨੂੰ ਰੱਖਿਆ ਗਿਆ ਅਤੇ ਉਸਦੇ ਨੱਕ ਵਿਚ ਇਕ ਨਾਲੀ ਰਾਹੀਂ ਉਸਨੂੰ ਤਰਲ ਪਦਾਰਥ ਦੇ ਰੂਪ ਵਿਚ ਖਾਣਾ ਦਿੱਤਾ ਜਾਂਦਾ ਰਿਹਾ। ਇਹਨਾਂ 16 ਸਾਲਾਂ ਵਿਚ ਉਸਨੇ ਖਾਣ ਪੀਣ ਦਾ ਸਵਾਦ ਨਹੀਂ ਚੱਖਿਆ। ਇੱਥੋਂ ਤੱਕ ਕਿ ਉਸਦੇ ਕਦੇ ਬੁਰਸ਼ ਵੀ ਨਹੀਂ ਕੀਤਾ ਤਾਂ ਕਿ ਕਿਤੇ ਗਲਤੀ ਨਾਲ ਪਾਣੀ ਉਸਦੇ ਬੁੱਲ੍ਹਾਂ ਨੂੰ ਛੂਹ ਨਾ ਜਾਵੇ। ਉਹ ਆਪਣੇ ਦੰਦਾਂ ਨੂੰ ਰੂੰ ਨਾਲ ਸਾਫ਼ ਕਰਦੀ ਰਹੀ।
9 ਅਗਸਤ 2016 ਨੁੰ ਇਰੋਮ ਨੇ ਆਪਣੀ 18 ਸਾਲ 9 ਮਹੀਨੇ ਅਤੇ 4 ਦਿਨ ਤੋਂ ਜਾਰੀ ਭੁੱਖ ਹੜਤਾਲ ਖਤਮ ਕਰ ਦਿੱਤੀ। ਇਸ ਦਿਨ ਜਦੋਂ ਸਵੇਰੇ ਉਸਨੂੰ ਅਦਾਲਤ ਵਿਚ ਲਿਆਂਦਾ ਗਿਆ ਤਾਂ ਉਹ ਸਲੇਟੀ ਰੰਗ ਦੀ ਮਨੀਪੁਰੀ ਫ਼ੇਕਨ ਅਤੇ ਪੈਰਾਂ ਵਿਚ ਸਧਾਰਨ ਚੱਪਲ ਪਾਈ ਬਹੁਤ ਹੀ ਤਣਾਅ ਵਿਚ ਲੱਗ ਰਹੀ ਸੀ। ਵੱਡੇ ਵੱਡੇ ਨਹੁੰਆਂ ਅਤੇ ਉਲਝੇ ਹੋਏ ਵਾਲਾਂ ਵਾਲੀ ਇਰੋਮ ਵਰਤ ਤੋੜਨ ਲਈ ਮਿਲੇ ਸ਼ਹਿਦ ਨੂੰ ਹਥੇਲੀ ‘ਤੇ ਰੱਖ ਕੇ ਕਾਫ਼ੀ ਸਮੇਂ ਤੱਕ ਨੀਵੀਂ ਪਾ ਕੇ ਬੈਠੀ ਰਹੀ। ਮੀਡੀਆ ਦੇ ਕੈਮਰਿਆਂ ਦੀਆਂ ਅੱਖਾਂ ਨੇ ਇਰੋਮ ਸ਼ਰਮੀਲਾ ਦੀਆਂ ਅੱਖਾਂ ਵਿਚੋਂ ਵੱਗਦੇ ਹੰਝੂਆਂ ਨੂੰ ਵੇਖਿਆ। ਜਜ਼ਬਾਤੀ ਹੋਈ ਇਰੋਮ ਬੋਲੀ:
”ਮੈਂ ਆਜ਼ਾਦ ਹੋਣਾ ਚਾਹੁੰਦੀ ਹਾਂ, ਮੈਂ ਵੀ ਇਨਸਾਨ ਹਾਂ। ਮੈਂ ਸੰਤ ਨਹੀਂ, ਕਿਉਂ ਲੋਕ ਮੈਨੂੰ ਆਮ ਇਨਸਾਨ ਦੀ ਤਰ੍ਹਾਂ ਨਹੀਂ ਦੇਖ ਸਕਦੇ।”
”ਮੈਂ ਜ਼ਿੰਦਗੀ ਨਾਲ ਪਿਆਰ ਕਰਦੀ ਹਾਂ, ਮੈਂ ਆਪਣੀ ਜ਼ਿੰਦਗੀ ਖਤਮ ਨਹੀਂ ਕਰਨਾ ਚਾਹੁੰਦੀ ਪਰ ਇਨਸਾਫ਼ ਅਤੇ ਸ਼ਾਂਤੀ ਚਾਹੁੰਦੀ ਹਾਂ। ਮੈਂ ਆਪਣਾ ਸੰਘਰਸ਼ ਨਹੀਂ ਛੱਡਿਆ। ਸਿਰਫ਼ ਵਤੀਰਾ ਬਦਲਿਆ ਹੈ।”
”ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਅਗਰ ਮੁੱਖ ਮੰਤਰੀ ਬਣਦੀ ਹਾਂ ਤਾਂ ਇਸ ਬਦਨਾਮ ਕਾਨੂੰਨ ਨੂੰ ਹਟਾ ਸਕਦੀ ਹਾਂ। ਜੇ ਲੋਕ ਮੇਰਾ ਸਮਰਥਨ ਨਹੀਂ ਵੀ ਕਰਦੇ ਤਾਂ ਵੀ ਮੈਂ ਆਪਣੇ ਰਸਤੇ ਚਲਦੀ ਜਾਵਾਂਗੀ।”
ਫ਼ਿਰ ਉਸਨੇ ਆਪਣਾ ਮਕਸਦ ਪੂਰੇ ਹੋਏ ਬਿਨਾਂ ਭੁੱਖ ਹੜਤਾਲ ਸਮਾਪਤ ਕਰ ਦਿੱਤੀ। ਉਸਦਾ ਸਾਥ ਦੇ ਰਹੇ ਲੋਕਾਂ ਨੂੰ ਉਸਦਾ ਇਹ ਫ਼ੈਸਲਾ ਮਨਜ਼ੂਰ ਨਹੀਂ ਸੀ। ਇੰਫ਼ਾਲ ਦੀਆਂ ਸੜਕਾਂ ‘ੇਤੇ ਉਸਦੇ ਖਿਲਾਫ਼ ਗੁੱਸਾ ਹੈ। ਲੋਕ ਕਹਿੰਦੇ ਹਨ ਕਿ ਇਰੋਮ ਨੇ ਧੋਖਾ ਕੀਤਾ ਹੈ। ਉਸਨੇ ਜੋ ਵਿਰੋਧ ਆਰੰਭ ਕੀਤਾ ਸੀ ਉਸਨੂੰ ਅੰਤ ਤੱਕ ਪਹੁੰਚਾਉਣਾ ਚਾਹੀਦਾ ਸੀ। ਉਸਦੀ ਮਾਂ ਵੀ ਉਸਨੂੰ ਨਹੀਂ ਮਿਲੀ। ਮਨੀਪੁਰ ਦੇ ਵੱਖਵਾਦੀ ਅਤੇ ਉਗਰਵਾਦੀ ਗਰੁੱਪਾਂ ਨੇ ਵੀ ਉਸਦਾ ਵਿਰੋਧ ਸ਼ੁਰੂ ਕਰ ਦਿੱਤਾ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਦੋਂ ਉਹ ਇਕ ਦੋਸਤ ਦੇ ਘਰ ਰਹਿਣ ਲਈ ਗਈ ਤਾਂ ਇਲਾਕੇ ਦੇ ਲੋਕਾਂ ਨੇ ਘਰੇ ਵੜਨ ਨਹੀਂ ਦਿੱਤਾ। ਇੱਥੋਂ ਤੱਕ ਕਿ ਸਥਾਨਕ ਇਸਕੋਕ ਮੰਡਰ ਵਿਚ ਵੀ ਆਸਰਾ ਨਹੀਂ ਮਿਲਿਆ। ਨਿਰਾਸ਼ ਇਰੋਮ ਨੂੰ ਮੁੜ ਹਸਪਤਾਲ ਦੇ ਉਸੇ ਕਮਰੇ ਵਿਚ ਜਾਣਾ ਪਿਆ, ਜਿੱਥੇ ਉਹ ਪਿਛਲੇ 16 ਵਰ੍ਹਿਆਂ ਤੋਂ ਰਹਿ ਰਹੀ ਹੈ। ਉਸਦੀ ਇਸ ਹਾਲਤ ਨੂੰ ਵੇਖਦੇ ਹੋਏ ਇੰਡੀਅਨ ਰੈਡ ਕਰਾਸ ਦੀ ਮਨੀਪੁਰ ਸ਼ਾਖਾ ਨੇ ਉਸਨੂੰ ਉਦੋਂ ਤੱਕ ਸ਼ਰਨ ਦੇਣ ਦੀ ਪੇਸ਼ਕਸ਼ ਕੀਤੀ ਹੈ ਜਦੋਂ ਤੱਕ ਉਸਦਾ ਕੋਈ ਪੱਕਾ ਟਿਕਾਣਾ ਨਹੀਂ ਬਣ ਜਾਂਦਾ। ਹਿੰਦੀ ਫ਼ਿਲਮਾਂ ਦੀ ਅਭਿਨੇਤਰੀ ਰੇਣੁਕਾ ਸਹਾਣੇ ਨੇ ਵੀ ਅਜਿਹੀ ਹੀ ਪੇਸ਼ਕਸ਼ ਆਪਣੀ ਫ਼ੇਸਬੁੱਕ ਰਾਹੀਂ ਕੀਤੀ ਹੈ।
ਆਪਣੇ ਪ੍ਰਤੀ ਲੋਕਾਂ ਦੇ ਇਸ ਵਿਰੋਧ ਭਰੇ ਰਵੱਈਏ ਤੋਂ ਇਰੋਮਾ ਬਹੁਤ ਨਿਰਾਸ਼ ਹੈ। ਉਸਦਾ ਕਹਿਣਾ ਹੈ ਕਿ ਉਹਨਾਂ ਨੇ ਮੇਰੇ ਇਸ ਕਦਮ ਨੂੰ ਗਲਤ ਤਰੀਕੇ ਨਾਲ ਲਿਆ ਹੈ। ਮੈਨੇ ਸੰਘਰਸ਼ ਨਹੀਂ ਛੱਡਿਆ, ਬੱਸ ਆਪਣਾ ਤਰੀਕਾ ਬਦਲਿਆ ਹੈ। ਮੈਂ ਚਾਹੁੰਦੀ ਹਾਂ ਕਿ ਉਹ ਸਿਰਫ਼ ਮੇਰੇ ਇਕ ਨਜ਼ਰੀਏ ਨੂੰ ਨਹੀਂ, ਮੈਨੂੰ ਉਸ ਤੋਂ ਜ਼ਿਆਦਾ ਸਮਝਣ। ਇਕ ਮਾਸੂਮ ਇਨਸਾਨ ਨੂੰ ਲੈ ਕੇ ਉਹਨਾਂ ਦੀ ਪ੍ਰਤੀਕਿਰਿਆ ਬਹੁਤ ਕਠੋਰ ਰਹੀ, ਉਹ ਬਹੁਤ ਕਠੋਰ ਨਿਕਲੇ।
ਉਸਨੂੰ ਆਪਣੇ ਲੋਕਾਂ ਨਾਲ ਗਿਲਾ ਹੈ ਕਿ ਉਹ ਉਸਦੇ ਫ਼ੈਸਲੇ ਨੂੰ ਠੀਕ ਭਾਵਨਾ ਨਾਲ ਨਹੀਂ ਵੇਖ ਰਹੇ। ਉਸਦਾ ਇਹ ਕਹਿਣਾ ਹੈ ਕਿ, ਮੈਂ ਲੋਕਾਂ ਦੀਆਂ ਨਜ਼ਰਾਂ ਵਿਚ ਸੰਤ ਨਹੀਂ ਬਣਨਾ ਚਾਹੁੰਦੀ। ਮੈਂ ਆਮ ਜ਼ਿੰਦਗੀ ਜਿਊਣਾ ਚਾਹੁੰਦੀ ਹਾਂ, ਖਾਣਾ ਚਾਹੁੰਦੀ ਹਾਂ, ਪਿਆਰ ਕਰਨਾ ਚਾਹੁੰਦੀ ਹਾਂ। ਇਹ ਦਰਸਾਉਣਾ ਚਾਹੁੰਦੀ ਹਾਂ ਕਿ ਉਹ ਇਕ ਔਰਤ ਵੀ ਹੈ। ਇਕ ਅਜਿਹਾ ਇਨਸਾਨ ਵੀ ਹੈ, ਜਿਸਨੇ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਜੇਲ੍ਹ ਵਿਚ ਰਹਿੰਦੇ ਹੋਏ ਭੁੱਖੇ ਭਾਣੇ ਕੱਟ ਦਿੱਤੇ ਹਨ। ਕੋਰਟ ਵਿਚ ਉਸਨੇ ਕਿਹਾ ਸੀ ਕਿ ਉਹ ਆਜ਼ਾਦੀ ਚਾਹੁੰਦੀ ਹੈ। ”ਮੈਂ ਆਜ਼ਾਦੀ ਚਾਹੁੰਦੀ ਹਾਂ”। 16 ਸਾਲਾਂ ਨੇ ਮੇਰੀ ਜ਼ਮੀਰ ਨੂੰ ਇਕ ਤਰ੍ਹਾਂ ਕੈਦ ਕਰਕੇ ਰੱਖ ਦਿੱਤਾ ਹੈ। ਸ਼ਾਇਦ ਉਹ ਇਸ ਲਈ ਵੀ ਆਜ਼ਾਦੀ ਚਾਹੁੰਦੀ ਹੈ ਕਿ ਉਸਨੂੰ ਅਹਿਸਾਸ ਹੋ ਗਿਆ ਹੈ ਕਿ ਉਸਦੀ ਸ਼ਾਂਤਮਈ ਕੁਰਬਾਨੀ ਦਾ ਦੇਸ਼ ਦੀ ਸਰਕਾਰ ‘ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਉਹ ਵਿਸ਼ਵ ਅਤੇ ਦੇਸ਼ ਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਗਾਂਧੀ ਦੇ ਦੇਸ਼ ਵਿਚ ਗਾਂਧੀ ਦੇ ਵਿਰੋਧ ਪ੍ਰਗਟ ਕਰਨ ਦੇ ਤਰੀਕੇ ਅਰਥਹੀਣ ਨਿਕਲੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਂਗ ਸ਼ਾਇਦ ਉਹ ਮੁੱਖ ਮੰਤਰੀ ਬਣ ਕੇ ਕੁਝ ਕਰਨਾ ਲੋਚਦੀ ਹੈ। ਇਹ ਨਹੀਂ ਕਿ ਸਾਰੇ ਲੋਕ ਉਸਦਾ ਵਿਰੋਧ ਕਰ ਰਹੇ ਹਨ, ਕੁਝ ਅਜਿਹੇ ਵੀ ਹਨ ਜੋ ਉਸਦੇ ਹੱਕ ਵਿਚ ਬੋਲ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਸ ਨਾਲ ਬੇਇਨਸਾਫ਼ੀ ਕਰ ਰਹੇ ਹਾਂ, ਉਸਨੂੰ ਆਪਣੀ ਜ਼ਿੰਦਗੀ ਜਿਊਣ ਦਾ ਅਧਿਕਾਰ ਹੈ।”
ਇਰੋਮ ਚਾਨੂ ਸ਼ਰਮੀਲਾ ਦੀ ਜ਼ਿੰਦਗੀ ‘ਤੇ ਜੇ ਇਕ ਝਾਤ ਮਾਰੀਏ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹ ਕਿ ਉਹ ਦ੍ਰਿੜ੍ਹ ਇਰਾਦੇ ਅਤ ਮਜਬੂਤ ਆਤਮ ਬਲ ਵਾਲੀ ਪਰ ਥੋੜ੍ਹੀ ਜਿੱਦੀ ਲੜਕੀ ਹੈ। ਉਹ ਮੌਤ ਦੇ ਡਰ ਤੋਂ ਵੀ ਬੇਖੌਫ਼ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਉਸਨੇ ਕਿਹਾ ਸੀ, ”ਕੁਝ ਲੋਕ ਫ਼ਿਲਹਾਲ ਸੰਤੁਸ਼ਟ ਨਹੀਂ ਹੋ ਸਕਦੇ, ਜਿਸ ਤਰ੍ਹਾਂ ਲੋਕਾਂ ਨੇ ਗਾਂਧੀ ਜੀ ਦੀ ਹੱਤਿਆ ਕੀਤੀ ਸੀ ਅਤੇ ਉਹਨਾਂ ਉਤੇ ਹਿੰਦੂ ਵਿਰੋਧੀ ਹੋਣ ਦੇ ਦੋਸ਼ ਲਾਏ ਸਨ। ਉਸ ਤਰ੍ਹਾਂ ਮੇਰੇ ਨਾਲ ਵੀ ਕਰਨ ਦੇਵੋ, ਲੋਕਾਂ ਨੇ ਤਾਂ ਈਸਾ ਮਸੀਹ ਨੂੰ ਵੀ ਮਾਰ ਦਿੱਤਾ ਸੀ। ਸ਼ਰਮੀਲਾ ਆਪਣੇ ਰਸਤੇ ਤੋਂ ਪਿੱਛੇ ਹਟਣ ਵਾਲੀ ਔਰਤ ਨਹੀਂ। ਉਸਦਾ ਕਹਿਣਾ ਹੈ ਕਿ 2017 ਦੀਆਂ ਚੋਣਾਂ ਲੜੇਗੀ, ਕੋਈ ਸਾਥ ਦੇਵੇ ਜਾਂ ਨਾ।
14 ਮਾਰਚ 1972 ਵਿਚ ਜਨਮੀ ਇਰੋਮ ਨੇ ਸਿਰਫ਼ 12ਵੀਂ ਤੱਕ ਹੀ ਪੜ੍ਹਾਈ ਕੀਤੀ ਹੋਈ ਹੈ। ਉਹ ਆਪਣੇ 9 ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ। ਉਹ ਬਚਪਨ ਤੋਂ ਆਮ ਕੁੜੀਆਂ ਨਾਲੋਂ ਵੱਖਰੀ ਸੀ ਅਤੇ ਮੋਟਰ ਸਾਈਕਲ ਚਲਾਉਣ ਦੀ ਸ਼ੌਕੀਨ ਸੀ। ਸ਼ਾਕਾਹਾਰੀ ਭੋਜਨ ਖਾਣ ਦੀ ਸ਼ੌਕੀਨ ਇਰੋਮ ਸਮਾਜ ਸੇਵਾ ਵਿਚ ਦਿਲਚਪੀ ਰੱਖਦੀ ਸੀ। ਉਸਨੇ ਮੁਰਗੀਆਂ ਪਾਲ ਕੇ ਅੰਡੇ ਵੇਚੇ ਅਤੇ ਅੰਡਿਆਂ ਦੀ ਵਿੱਕਰੀ ਤੋਂ ਮਿਲਦੇ ਪੈਸਿਆਂ ਨੂੰ ਇਕ ਸਥਾਨਕ ਸਕੂਲ ਵਿਚ ਦਾਨ ਕਰ ਦਿੱਤਾ ਸੀ। ਮਨੀਪੁਰ ਵਿਚ ਲੋਕਲ ਅਖਬਾਰ ਵਿਚ ਕੰਮ ਕਰਦੇ ਹੋਏ ਉਸਨੇ ਹਮੇਸ਼ਾ ਬੇਇਨਸਾਫ਼ੀ ਦੇ ਖਿਲਾਫ਼ ਆਵਾਜ਼ ਉਠਾਈ। ਉਹ ਅਕਸਰ ਧਰਨਿਆਂ ਅਤੇ ਪ੍ਰਦਰਸ਼ਨਾਂ ਵਿਚ ਹਿੱਸਾ ਲੈਂਦੀ ਸੀ। ਉਸਦੀ ਆਪਣੀ ਦਾਦੀ ਨਾਲ ਅੰਤਾਂ ਦਾ ਮੋਹ ਸੀ, ਜੋ 2008 ਵਿਚ 105 ਸਾਲ ਦੀ ਹੋ ਕੇ ਮਰੀ ਸੀ। ਰਾਜ ਵਿਚ ਅਫ਼ਸਪਾ ਕਾਨੂੰਨ ਦੇ ਖਿਲਾਫ਼ ਉਸਨੇ 28 ਵਰ੍ਹਿਆਂ ਦੀ ਉਮਰ ਵਿਚ ਭੁੱਖ ਹੜਤਾਲ ਆਰੰਭ ਕੀਤੀ ਸੀ। ਇਹਨਾਂ ਸਾਲਾਂ ਵਿਚ ਉਸਨੇ ਕੁਝ ਵੀ ਖਾਧਾ ਪੀਤਾ ਨਹੀਂ। ਵਾਲਾਂ ਨੂੰ ਕੰਘੀ ਨਹੀਂ ਕੀਤੀ। ਬੁਰਸ਼ ਨਹੀਂ ਕੀਤਾ। ਸੀਸਾ ਨਹੀਂ ਵੇਖਿਆ ਸਭ ਤੋਂ ਵੱਡੀ ਗੱਲ ਉਹ ਕਦੇ ਵੀ ਘਰ ਨਹੀਂ ਗਈ ਆਪਣੀ ਮਾਂ ਨੂੰ ਨਹੀਂ ਮਿਲੀ। ਇਹ ਬਹੁਤ ਵੱਡਾ ਅਤੇ ਸਖਤ ਇਮਤਿਹਾਨ ਸੀ, ਜਿਸ ਵਿਚੋਂ ਉਹ ਪੂਰੀ ਤਰ੍ਹਾਂ ਸਫ਼ਲ ਰਹੀ। ਪਿਛਲੇ 16 ਸਾਲਾਂ ਦੌਰਾਨ ਉਸਨੇ ਸਾਰੀ ਜ਼ਿੰਦਗੀ ਹਸਪਤਾਲ ਦੇ ਇਕ ਛੋਟੇ ਕਮਰੇ ਵਿਚ ਇਕੱਲਿਆਂ ਗੁਜ਼ਾਰੀ। ਉਹ ਲੋਕ ਜਿਹਨਾਂ ਲੋਕਾਂ ਲਈ ਉਹ ਇਕੱਲੀ ਜੰਗ ਲੜ ਰਹੀ ਸੀ, ਉਹਨਾਂ ਵਿਚੋਂ ਕਦੀ ਕਦਾਈ ਕੋਈ ਉਸ ਨੂੰ ਮਿਲਣ ਬਹੁੜਦਾ ਸੀ। ਇੰਨੀ ਕਠਿਨ ਪ੍ਰੀਖਿਆ ਵਿਚੋਂ ਵੀ ਉਹ ਡਾਂਵਾਡੋਲ ਨਹੀਂ ਹੋਈ। ਅਜਿਹੇ ਮੌਕੇ ਉਸਦੀ ਕਲਮ ਵਿਚ ਸ਼ਾਇਰੀ ਦੀ ਧਾਰਾ ਵਗਣ ਲੱਗੀ। ਉਹ ਲੰਮੀਆਂ ਕਵਿਤਾਵਾਂ ਲਿਖਣ ਲੱਗੀ। 16ਵਰ੍ਹਿਆਂ ਦੀਆਂ ਅਣਸੁਣੀਆਂ ਅਤੇ ਅਣਕਹੀਆਂ ਗੱਲਾਂ ਉਹ ਕਵਿਤਾਵਾਂ ਰਾਹੀਂ ਕਰਨ ਲੱਗੀ। ਇਹਨਾਂ ਹੀ ਦਿਨਾਂ ਵਿਚ ਉਸਨੂੰ ਮਿਲਣ ਕੇਰਲਾ ਡੇਸਮੰਡ ਆਇਆ। ਦੋਵੇਂ ਮਿਲੇ ਅਤੇ ਪਿਆਰ ਦਾ ਚਸ਼ਮਾ ਫ਼ੁੱਟਿਆ। ਉਸਨੇ ਬ੍ਰਿਟਿਸ਼ ਮੂਲ ਦੇ 53 ਵਰ੍ਹਿਆਂ ਦੇ ਡੇਸ਼ਮੰਡ ਕੂਟੀਨਿਊ ਨਾਲ  ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ। ਇਸੇ ਕਾਰਨ ਉਸਨੇ ਕਿਹਾ ਸੀ ਕਿ ਮੈਂ ਆਮ ਇਨਸਾਨ ਦੀ ਜ਼ਿੰਦਗੀ ਜਿਊਣਾ ਚਾਹੁੰਦੀ ਹਾਂ ਅਤੇ ਪਿਆਰ ਕਰਨਾ ਚਾਹੁੰਦੀ ਹਾਂ। ਹੁਣ ਉਹ ਆਜ਼ਾਦੀ ਨਾਲ ਵਿਆਹ ਕਰਨਾ ਚਾਹੁੰਦੀ ਹੈ।
ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਤਿਆਰ ਇਰੋਮਾ ਸ਼ਰਮੀਲਾ ਆਪਣੇ ਸੰਘਰਸ਼ ਨੂੰ ਲੋਕਤੰਤਰੀ ਤਰੀਕੇ ਨਾਲ ਜਾਰੀ ਰੱਖਣ ਦੀ ਗੱਲ ਕਹਿ ਰਹੀ ਹੈ। ਇਹ ਗੱਲ ਤਾਂ ਸਪੱਸ਼ਟ ਹੈ ਕਿ ਇਰੋਮ ਨੇ ਪਿਛਲੇ 16 ਵਰ੍ਹਿਆਂ ਦੌਰਾਨ ਆਪਣੇ ਸੂਬੇ ਲਈ ਲੋਕਤੰਤਰ ਦੀ ਮੰਗ ਨੂੰ ਲੈ ਕੇ ਲੋਕਤੰਤਰੀ ਤਰੀਕੇ ਨਾਲ ਵਿੱਢੇ ਸੰਘਰਸ਼ ਰਾਹੀਂ ਸਾਡੇ ਸਿਸਟਮ ਨੂੰ ਬੁਰੀ ਤਰ੍ਹਾਂ ਨੰਗਾ ਕੀਤਾ ਹੈ। ਭਾਵੇਂ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਰਹੀ ਪਰ ਸਾਡੇ ਲੋਕਤੰਤਰ ਵਿਚ ਸ਼ਾਂਤਮਈ ਅਤੇ ਗਾਂਧੀਵਾਦੀ ਤਰੀਕੇ ਨਾਲ ਕੀਤੇ ਵਿਰੋਧ ਪ੍ਰਦਰਸ਼ਨਾਂ ਦੀ ਸਾਰਥਿਕਤਾ ਖਤਮ ਹੋਣ ਨੂੰ ਦੁਨੀਆਂ ਸਾਹਮਣੇ ਰੱਖਣ ਵਿਚ ਕਾਮਯਾਬ ਰਹੀ ਹੈ। ਪਰ ਉਸਨੇ ਆਪਣੀ ਭੁੱਖ ਹੜਤਾਲ ਬਿਨਾਂ ਆਰਮਡ ਫ਼ੋਰਸ ਸਪੈਸ਼ਲ ਪਾਵਰ ਐਕਟ ਨੂੰ ਹਟਵਾਇਆ, ਖਤਮ ਕਰ ਦਿੱਤੀ। ਕੀ ਇਰੋਮਾ ਸ਼ਰਮੀਲਾ ਹਾਰ ਗਈ?
ਇਸ ਮਹੀਨੇ ਦੀ ਕਿਤਾਬ ‘ਰੂਹ ਤੇ ਦਿਲ’
‘ਰੂਹ ਤੇ ਦਿਲ’ ਹਰਦੇਵ ਸੋਢੀ ਆਸ਼ਕ ਦੀ ਤੀਜੀ ਕਿਤਾਬ ਹੈ। ਇਸ ਤੋਂ ਅਸ਼ਕ ਦੀਆਂ ਦੋ ਹਿੰਦੀ ਵਿਚ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ। ਇਹ ਹਨ ‘ਸਫ਼ਰ ਕੀ ਪਗਡੰਡੀਆਂ’ ਅਤੇ ‘ਸਮੇਂ ਕੇ ਸਾਏ’। ਹਰਦੇਵ ਸੋਢੀ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿਚ ਪੈਦਾ ਹੋਏ ਅਤੇ ਐਮ. ਐਸੀ ਵਿੰਡਸਰ ਅਤੇ ਐਮ. ਬੀ. ਏ. ਵਾਟਰਲੂ ਤੋਂ ਕਰਕੇ ਕੈਨੇਡਾ ਦੇ ਬ੍ਰਿਟਿਸ਼ ਕੋਲਬੀਆ ਦੇ ਸਰੀ ਸ਼ਹਿਰ ਨੂੰ ਆਪਣਾ ਕਰਮ ਖੇਤਰ ਬਣਾਇਆ। ‘ਉਹ ਤੇ ਦਿਲ’ ਉਸਦੀ ਪਹਿਲੀ ਪੰਜਾਬੀ ਦੀ ਕਿਤਾਬ ਹੈ ਅਤੇ ਇਸ ਕਿਤਾਬ ਵਿਚਲੀ ਸ਼ਾਇਰੀ ਦੀ ਕਾਂਟ ਸਾਂਟ ਸਰੀ ਦੇ ਨਾਮੀ ਗਜ਼ਲਗੋ ਗੁਰਦਰਸ਼ਨ ਬਾਦਲ ਨੇ ਕੀਤੀ ਹੈ। ਉਸਦੀ ਸ਼ਾਇਰੀ ਦਾ ਨਮੂਨਾ ਦੇ ਦੇਖੋ:
ਮਨ ਦੀ ਅੱਖ ਵਿਚ ਸੁਰਮਾ ਪਾਦੇ
ਮੈਨੂੰ ਆਪਣਾ ਨੂਰ ਵਿਖਾਦੇ।
ਦਿਲ ਵਿਚ ਬੇਹਾਲੀ ਏ
ਰੂਹ ਰਹਿੰਦੀ ਸਵਾਲੀ ਏ
ਰੱਬਾ! ਮੈਨੂੰ ਰਸਤਾ ਦੇ
ਘਰ ਜਾਣ ਦੀ ਕਾਹਲੀ ਏ
ਮਾਹੀ ਆ ਗਿਆ ਗਲੀ ਦੇ ਵਿਚ ਨਚਦਾ
ਸੰਗਦੀ ਤੋਂ ਬੂਹਾ ਨਾ ਖੁੱਲ੍ਹੇ।
ਹਰਦੇਵ ਸੋਢੀ ਅਸ਼ਕ ਨੂੰ ਮੁਬਾਰਕਬਾਦ ਅਤੇ ‘ਰੂਹ ਤੇ ਦਿਲ’ ਨੂੰ ਖੁਸ਼ਆਮਦੀਦ।

ਕੀ ਪੰਜਾਬ ਦੀ ਸਿਆਤ ‘ਚ ਜੱਟਾਂ ਦਾ ਦਬਦਬਾ ਕਾਇਮ ਰਹੇਗਾ?

downloadਨਵੰਬਰ 1955 ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ। ਪੰਜਾਬ ਦੇ ਪੁਨਰ ਗਠਨ ਤੋਂ ਬਾਅਦ ਜਿੱਥੇ ਪੰਜਾਬ ਭਾਰਤ ਦਾ ਇੱਕੋ ਇੱਕ ਸਿੱਖ ਬਹੁਗਿਣਤੀ ਵਾਲਾ ਸੂਬਾ ਬਣਿਆ ਉਥੇ ਪੰਜਾਬ ਵਿਧਾਨ ਸਭਾ ਵਿੱਚ ਵੀ ਸਿੱਖ ਨੇਤਾਵਾਂ ਦਾ ਬੋਲਬਾਲਾ ਹੋ ਗਿਆ। ਸਿਰਫ਼ ਸਿੱਖ ਨੇਤਾਵਾਂ ਦੀ ਹੀ ਚੜ੍ਹਤ ਨਹੀਂ ਨਜ਼ਰ ਆਈ ਬਲਕਿ ਜੱਟ ਸਿੱਖਾਂ ਦੀ ਚੜ੍ਹਤ ਸਪਸ਼ਟ ਨਜ਼ਰ ਪੈਂਦੀ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਜਨਸੰਖਿਆ 1,77,04,236 ਦਰਜ ਕੀਤੀ ਗਈ ਸੀ। ਇਸ ਕੁੱਲ ਆਬਾਦੀ ਵਿੱਚੋਂ 21 ਪ੍ਰਤੀਸ਼ਤ ਜੱਟ ਸਿੱਖ ਹਨ ਅਤੇ 20 ਪ੍ਰਤੀਸ਼ਤ ਬ੍ਰਾਹਮਣ, 1 ਖੱਤਰੀ, 1 ਠਾਕੁਰ ਅਤੇ ਰਾਜਪੂਤ ਆਦਿ ਉਚ ਜਾਤੀਆਂ ਹਨ। ਪੰਜਾਬ ਵਿੱਚ 22 ਫ਼ੀਸਦੀ ਲੋਕ ਸੈਣੀ, ਕੰਬੋਜ, ਲੋਬਾਨਾ, ਰਾਮਗੜ੍ਹੀਆ, ਤੇਲੀ, ਗੁੱਜਰ, ਲੋਹਾਰ ਅਤੇ ਬਨਜਾਰਾ ਆਦਿ ਪੱਛੜੇ ਵਰਗਾਂ ਨਾਲ ਸਬੰਧਤ ਹਨ। ਪੰਜਾਬ ਵਿੱਚ 31.94 ਫ਼ੀਸਦੀ ਲੋਕ ਅਨੁਸੂਚਿਤ ਜਾਤੀਆਂ ਨਾਲ ਸਬੱਧਤ ਹਨ, ਜਿਹਨਾਂ ਵਿੱਚ ਮਜ਼ਬੀ ਸਿੱਖ 10 ਫ਼ੀਸਦੀ, ਆਦਿ ਧਰਮੀ 13.1 ਫ਼ੀਸਦੀ, ਬਾਲਮੀਕੀ 3.5 ਫ਼ੀਸਦੀ, ਬਾਜੀਗਰ 1.5 ਫ਼ੀਸਦੀ ਅਤੇ ਹੋਰ ਵਰਗ 4 ਫ਼ੀਸਦੀ ਹਨ। ਪੰਜਾਬ ਦੀ ਧਰਤੀ ਉਤੇ ਮੁਸਲਮਾਨ, ਈਸਾਈ, ਬੋਧੀ ਅਤੇ ਜੈਨ ਧਰਮ ਨਾਲ ਸਬੰਧਤ ਵੱਸ ਰਹੇ ਲੋਕਾਂ ਦੀ ਗਿਣਤੀ 3.8 ਫ਼ੀਸਦੀ ਹੈ। ਇਉਂ ਪੰਜਾਬ ਵਿੱਚ ਭਾਵੇਂ ਅਨੇਕਾਂ ਜਾਤਾਂ, ਧਰਮਾਂ ਅਤੇ ਫ਼ਿਰਕਿਆਂ ਦੇ ਲੋਕ ਵੱਸਦੇ ਹਨ ਪਰ ਸਿਆਸਤ ਵਿੱਚ ਦਾਬਾ ਹਮੇਸ਼ਾ ਜੱਟ ਸਿੱਖਾਂ ਦਾ ਰਿਹਾ ਹੈ।
ਪੰਜਾਬ ਦੀ ਰਾਜਨੀਤੀ ਵਿੱਚ ਜੱਟਾਂ ਦੀ ਪ੍ਰਮੁੱਖਤਾ ਜਾਂ ਦਬਦਬੇ ਦੀ ਹਕੀਕਤ ਨੂੰ ਸਮਝਣ ਲਈ ਪੰਜਾਬ ਅਸੈਂਬਲੀ ਵਿੱਚ ਪਹੁੰਚੇ ਮੈਂਬਰਾਂ ਦੀ ਗਿਣਤੀ ਨੂੰ ਵੇਖਣ ਹੋਵੇਗਾ। 1977 ਵਿੱਚ ਕੁੱਲ 51 ਜੱਟ ਵਿਧਾਇੱਕ ਵਿਧਾਨ ਸਭਾ ਵਿੱਚ ਪਹੁੰਚੇ ਸਨ। 1980 ਵਿੱਚ 49, 1985 ਵਿੱਚ 53, 1992 ਵਿੱਚ 41, 1997 ਵਿੱਚ 52 ਅਤੇ 2002 ਵਿੱਚ 48 ਜੱਟ ਸਿੱਖ ਐਮ. ਐਲ. ਏ. ਸਨ। 2007 ਦੀ ਅਸੈਂਬਲੀ ਵਿੱਚ 50 ਦੇ ਕਰੀਬ ਜੱਟ ਵਿਧਾਇੱਕ ਸਨ ਅਤੇ ਇਸੇ ਤਰ੍ਹਾਂ 2012 ਦੀ ਵਿਧਾਨ ਸਭਾ ਵਿੱਚ 43 ਜੱਟ ਵਿਧਾੲਕ ਹਨ। ਉਕਤ ਤੱਥ ਇਹ ਗੱਲ ਭਲੀ ਭਾਂਤ ਸਪਸ਼ਟ ਕਰ ਦਿੰਦੇ ਹਨ ਕਿ 1997 ਤੋਂ 2012 ਤੱਕ ਚੁਣੀਆਂ ਗਈਆਂ ਸਾਰੀਆਂ ਅਸੈਂਬਲੀਆਂ ਵਿੱਚ ਜੱਟਾਂ ਦੀ ਗਿਣਤੀ ਯਾਨਿ ਜਾਤਾਂ ਦੇ ਮੁਕਾਬਲੇ ਜ਼ਿਆਦਾ ਰਹੀ ਹੈ। ਇਉਂ ਵਿਧਾਨਕ ਲੀਡਰਸ਼ਿਪ ਵਿੱਚ ਜੱਟ ਸਿੱਖਾਂ ਦੀ ਗਿਣਤੀ 35 ਫ਼ੀਸਦੀ ਤੋਂ 47 ਫ਼ੀਸਦੀ ਦੇ ਵਿੱਚਕਾਰ ਰਹੀ ਹੈ। 1992 ਦੀਆਂ ਵਿਧਾਨ ਸਭਾ ਚੋਦਾਂ ਵਿੱਚ ਜੱਟਾਂ ਦੀ ਪ੍ਰਤੀਨਿਧਤਾ ਬਹੁਤ ਘੱਟ ਸੀ। ਇਸਦਾ ਮੁੱਖ ਕਾਰਨ ਇਹ ਸੀ ਕਿ ਅਕਾਲੀ ਦਲ ਦੇ ਵੱਖ ਵੱਖ ਗੁੱਟਾਂ ਨੇ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਸੀ। ਜੱਟ ਸਿੱਖਾਂ ਤੋਂ ਬਾਅਦ ਦੂਜੇ ਨੰਬਰ ਉਤੇ ਪੰਜਾਬ ਦੀ ਵਿਧਾਨਕ ਲੀਡਰਸ਼ਿਪ ਵਿੱਚ ਅਨੁਸੂਚਿਤ ਜਾਤੀਆਂ ਦੀ ਪ੍ਰਤੀਨਿਧਤਾ ਰਹੀ ਹੈ ਕਿਉਂਕਿ ਪੰਜਾਬ ਅਸੈਂਬਲੀ ਵਿੱਚ ਅਨੁਸੂਚਿਤ ਜਾਤੀਆਂ ਦੀ ਰਿਜ਼ਰਵੇਸ਼ਨ ਉਹਨਾਂ ਦੀ ਆਬਾਦੀ ਦੇ ਅਨੁਪਾਤ ਅਨੁਸਾਰ ਹੈ ਅਤੇ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ ਜਨਸੰਖਿਆ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਹੋ ਇੱਕੋ ਇੱਕ ਕਾਰਨ ਹੈ ਕਿ ਇਹਨਾਂ ਜਾਤਾਂ ਦੇ ਪ੍ਰਤੀਨਿਧੀ ਪੰਜਾਬ ਅਸੈਂਬਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਪੰਜਾਬ ਵਿਧਾਨ ਸਭਾ ਵਿੱਚ ਅਨੁਸੂਚਿਤ ਜਾਤਾਂ ਦੀ ਅਨੁਪਾਤਕ ਪ੍ਰਤੀਨਿਧਤਾ 25.7 ਫ਼ੀਸਦੀ ਰਹੀ ਹੈ। ਪੰਜਾਬ ਦੀ ਹਰ ਅਸੈਂਬਲੀ ਵਿੱਚ 30 ਜਾਂ 29 ਨੁਮਾਇੰਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹੁੰਦੇ ਹਨ। ਉਚ ਜਾਤੀਆਂ, ਜਿਹਨਾਂ ਵਿੱਚ ਬ੍ਰਾਹਮਣ, ਖੱਤਰੀ, ਬਾਣੀਆ ਅਤੇ ਰਾਜਪੂਤ ਆਦਿ ਸ਼ਾਮਲ ਹਨ, ਪੰਜਾਬ ਅਸੈਂਬਲੀ ਵਿੱਚ ਪ੍ਰਤੀਨਿਧਤਾ 10-12 ਫ਼ੀਸਦੀ ਹੁੰਦੀ ਹੈ ਜਦੋਂ ਕਿ ਪੰਜਾਬ ਦੀ ਕੁੱਲ ਵੱਸੋਂ ਦੇ ਇਹ 20 ਫ਼ੀਸਦੀ ਹਨ। ਇਸ ਤਰ੍ਹਾਂ ਪੰਜਾਬ ਦੀ ਵਿਧਾਨਿਕ ਲੀਡਰਸ਼ਿਪ ਵਿੱਚ ਪੱਛੜੀਆਂ ਜਾਤਾਂ ਦੀ ਪ੍ਰਤੀਨਿਧਤਾ ਸਾਰੀਆਂ ਹੀ ਅਸੈਂਬਲੀਆਂ ਵਿੱਚ ਬਹੁਤ ਘੱਟ ਰਹੀ ਹੈ। ਉਂਝ ਇਹ ਪੰਜਾਬ ਦੀ ਕੁੱਲ ਆਬਾਦੀ ਦਾ 22 ਫ਼ੀਸਦੀ ਹਨ। ਇਹਨਾਂ ਦੀ ਵਿਧਾਨ ਸਭਾ ਵਿੱਚ ਪ੍ਰਤੀਨਿਧਤਾ 9 ਫ਼ੀਸਦੀ ਤੱਕ ਹੀ ਰਹੀ ਹੈ। ਮਲੇਰਕੋਟਲਾ ਵਿਧਾਨ ਸਭਾ ਹਲਕਾ ਅਜਿਹਾ ਹੈ ਜਿੱਥੋਂ ਹਮੇਸ਼ਾ ਮੁਸਲਮਾਨ ਵਿਅਕਤੀ ਹੀ ਪੰਜਾਬ ਵਿਧਾਨ ਸਭਾ ਵਿੱਚ ਪਹੁੰਚਦਾ ਹੈ।
ਪੰਜਾਬ ਦੀ ਸਿਆਸਤ ਵਿੱਚ ਜੱਟਾਂ ਦੀ ਪ੍ਰਮੁੱਖਤਾ ਦਾ ਦੂਜਾ ਸਬੂਤ ਪੰਜਾਬੀ ਸੂਬਾ ਬਣਨ ਬਾਅਦ ਪੰਜਾਬ ਦੇ ਮੁੱਖ ਮੰਤਰੀਆਂ ਦੀ ਸੂਚੀ ਤੋਂ ਮਿਲਦਾ ਹੈ। 8 ਮਾਰਚ 1955 ਤੋਂ 22 ਨਵੰਬਰ 1957 ਤੱਕ ਪੰਜਾਬ ਦ ਮੁੱਖ ਮੰਤਰੀ ਰਹੇ ਜਸਟਿਸ ਗੁਰਨਾਮ ਸਿੰਘ ਕਿਲਾ ਰਾਏਪੁਰ ਦੇ ਗਰੇਵਾਲ ਜੱਟ ਸਨ। ਜਸਟਿਸ ਗੁਰਨਾਮ ਸਿੰਘ 8 ਮਾਰਚ 1967 ਤੋਂ 24 ਨਵੰਬਰ 1967 ਤੱਕ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਸ. ਲਛਮਣ ਸਿੰਘ ਗਿੱਲ 25 ਨਵੰਬਰ 67 ਤੋਂ 28 ਅਗਸਤ 1968 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਸ. ਪ੍ਰਕਾਸ਼ ਸਿੰਘ ਬਾਦਲ ਜੋ ਢਿੱਲੋਂ ਗੋਤ ਦੇ ਜੱਟ ਹਨ, 27 ਮਾਰਚ 1970 ਤੋਂ 14 ਜੂਨ 1971 ਤੱਕ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਬਾਦਲ ਸਾਹਿਬ 26 ਜੂਨ 77 ਤੋਂ 17 ਫ਼ਰਵਰੀ 1980 ਤੱਕ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਕਾਂਗਰਸ ਦੇ ਸ. ਦਰਬਾਰਾ ਸਿੰਘ 7 ਜੂਨ 1980 ਤੋਂ 6 ਅਕਤੂਬਰ 1983 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਸ. ਦਰਬਾਰਾ ਸਿੰਘ ਜੌਹਲ ਗੋਤ ਦੇ ਜੱਟ ਸਨ। ਸ. ਸੁਰਜੀਤ ਸਿੰਘ ਬਰਨਾਲਾ ਜੋ ਧਾਲੀਵਾਲ ਜੱਟ ਹਨ, 29 ਸਤੰਬਰ 1985 ਤੋਂ 11 ਮਈ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਪਾਇਲ ਵਿਧਾਨ ਸਭਾ ਹਲਕੇ ਨਾਲ ਸਬੰਧਤ ਸ. ਬੇਅੰਤ ਸਿੰਘ 24 ਫ਼ਰਵਰੀ 1992 ਤੋਂ 31 ਅਗਸਤ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਉਹ ਝੱਜ ਗੋਤ ਦੇ ਜੱਟ ਸਨ।  ਹਰਚਰਨ ਸਿੰਘ ਬਰਾੜ 1995-95 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਰਾਜਿੰਦਰ ਕੌਰ ਭੱਠਲ 21 ਨਵੰਬਰ 96 ਤੋਂ 11 ਫ਼ਰਵਰੀ 1997 ਤੱਕ ਪੰਜਾਬ ਦੇ ਪਹਿਲੀ ਮੁੱਖ ਮੰਤਰੀ ਰਹੇ। 12 ਫ਼ਰਵਰੀ 1997 ਤੋਂ 26 ਫ਼ਰਵਰੀ 2002 ਤੱਕ ਸ. ਪ੍ਰਕਾਸ਼ ਸਿੰਘ ਬਾਦਲ ਤੀਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਫ਼ੂਲਕੀਆ ਰਿਆਸਤ ਨਾਲ ਸਬੰਧਤ ਕੈਪਟਨ ਅਮਰਿੰਦਰ ਸਿੰਘ ਵੀ ਜੱਟ ਹਨ ਜੋ 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। 2007 ਤੋਂ ਲੈ ਕੇ ਅਗਲੀਆਂ ਦੋ ਵਾਰੀਆਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਹਿੱਸੇ ਆਈਆਂ ਹਨ। ਇਹਨਾਂ ਵਰ੍ਹਿਆਂ ਦੌਰਾਨ ਸਿਰਫ਼ ਇੱਕੋ ਹੀ ਗੈਰ ਜੱਟ ਮੁੱਖ ਮੰਤਰੀ ਬਣਿਆ ਜੋ ਰਾਮਗੜ੍ਹੀਆ ਗਿਆਨੀ ਜ਼ੈਲ ਸਿੰਘ ਸੀ ਉਹ 17 ਮਾਰਚ 72 ਤੋਂ 30 ਅਪ੍ਰੈਲ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ।
ਇਹ ਇੱਕ ਦਿਲਚਸਪ ਤੱਥ ਹੈ ਕਿ ਸਿਰਫ਼ ਪੰਜਾਬ ਦੇ ਗਾਇੱਕਾਂ ਵੱਲੋਂ ਗਾਣਿਆਂ ਵਿੱਚ ਹੀ ਜੱਟਾਂ ਦੇ ਜੱਸ ਦਾ ਗਾਇਨ ਨਹੀਂ ਕੀਤਾ ਜਾਂਦਾ ਸਗੋਂ ਪੰਜਾਬ ਦੀ ਸਿਆਸਤ ਦੇ ਤੱਥ ਵੀ ਜੱਟਾਂ ਦੀ ਮਹਿਮਾ ਦਾ ਗੁਣ ਗਾਇਨ ਕਰਦੇ ਹਨ। ਸਿਆਸੀ ਟਿੱਪਣੀਕਾਰ ਵੀ ਅਕਸਰ ਇਹ ਕਹਿੰਦੇ ਸੁਣੇ ਗਏ ਹਨ ਕਿ ਪੰਜਾਬ ਦਾ ਉਹੀ ਲੀਡਰ ਕਾਮਯਾਬ ਹੋਵੇਗਾ ਜੋ ਜੱਟ ਸਿੱਖ ਹੋਵੇਗਾ। ਇਹ ਵੀ ਲਿਖਿਆ ਅਤੇ ਕਿਹਾ ਗਿਆ ਕਿ ਗਿਆਨੀ ਜ਼ੈਲ ਸਿੰਘ ਨੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦੇ ਨਾਂ ‘ਤੇ ਹੀ ਕਾਮਯਾਬੀ ਹਾਸਲ ਕੀਤੀ। ਇੱਕ ਪਾਸੇ ਜੱਟਾਂ ਨੂੰ ਆਪਣੇ ਜੱਟ ਹੋਣ ‘ਤੇ ਮਾਣ ਹੈ, ਦੂਜੇ ਪਾਸੇ ਇਹ ਸਮਾਂ ਵੀ ਆਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਜੱਟ ਸਿੱਖਾਂ ਨੂੰ ਰਾਖਵੇਂਕਰਨ ਦੇ ਲਾਭਾਂ ਤੋਂ ਵਾਂਝਾ ਰੱਖਣ ਕਾਰਨ ਤਿੱਖੀ ਆਲੋਚਨਾ ਕੀਤੀ ਕਿਉਂਕਿ ਹੋਰਨਾਂ ਰਾਜਾਂ ਵਿੱਚ ਇਸ ਭਾਈਚਾਰੇ ਨੂੰ ਰਾਖਵੇਂਕਰਨ ਦੇ ਲਾਭ ਦਿੱਤੇ ਗਏ ਸਨ। ਮੁੱਖ ਮੰਤਰੀ ਬਾਦਲ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਮੰਤਰੀ ਮੰਡਲ ਨੇ ਪੰਜਾਬ ਦੇ ਜੱਟਾਂ ਅਤੇ ਜੱਟ ਸਿੱਖਾਂ ਨੂੰ ਪੱਛੜੀਆਂ ਸ਼੍ਰੇਣੀਆਂ ਐਲਾਨਣ ਦਾ ਫ਼ੈਸਲਾ ਕੀਤਾ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਭਾਰਤੀ ਜੱਟ ਸਭਾ ਦੇ ਪ੍ਰਧਾਨ ਹੋਣ ਦੇ ਨਾਤੇ ਅਜਿਹੀਆਂ ਮੰਗਾਂ ਦੇ ਹੱਕ ਵਿੱਚ ਡੱਟ ਕੇ ਬੋਲ ਰਹੇ ਹਨ। ਇਉਂ ਭਾਵੇਂ ਜੱਟਾਂ ਨੂੰ ਉਚ ਜਾਤੀ ਵਿੱਚ ਰੱਖਿਆ ਜਾਵੇ ਜਾਂ ਫ਼ਿਰ ਪੱਛੜੀਆਂ ਸ਼੍ਰੇਣੀਆਂ ਦੇ ਰਾਖਵੇਂਕਰਨ ਦੇ ਲਾਭ ਦੇ ਦਿੱਤੇ ਜਾਣ ਪਰ ਇੱਕ ਗੱਲ ਤਾਂ ਸਪਸ਼ਟ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਇਹਨਾਂ ਦਾ ਦਬਦਬਾ ਕਾਇਮ ਹੈ।
ਗੁਰਦੁਆਰਾ ਸੁਧਾਰ ਲਹਿਰ ਵਿੱਚੋਂ 1920 ਵਿੱਚ ਜਨਮੀ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਹਮੇਸ਼ਾ ਜੱਟ ਸਿੱਖਾਂ ਦਾ ਬੋਲਬਾਲਾ ਰਿਹਾ ਹੈ। ਧਰਮ ‘ਤੇ ਆਧਾਰਿਤ ਇੱਕ ਪਾਰਟੀ ਹੋਣ ਕਾਰਨ ਸ਼੍ਰੋਮਦੀ ਅਕਾਲੀ ਦਲ ਦੀ ਵਿੱਚਾਰਧਾਰਾ ਬਾਕੀ ਪਾਰਟੀਆਂ ਨਾਲੋਂ ਵੱਖਰੀ ਅਤੇ ਅਨੋਖੀ ਹੈ। ਇਹ ਪਾਰਟੀ ਧਰਮ ਅਤੇ ਰਾਜਨੀਤੀ ਨੂੰ ਵੱਖ ਨਹੀਂ ਮੰਨਦੀ ਸਗੋਂ ਦੋਹਾਂ ਦੇ ਸੁਮੇਲ ਵਿੱਚ ਵਿਸ਼ਵਾਸ ਰੱਖਦੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਬਹੁਤਾ ਅਸਰ ਪਿੰਡਾਂ ਵਿੱਚ ਹੈ ਅਤੇ ਪਿੰਡਾਂ ਵਿੱਚ ਉਸਦਾ ਪ੍ਰਭਾਵ ਹੋਣਾ ਸੁਭਾਵਿਕ ਹੈ, ਜਿਸਦੇ ਕੋਲ ਜ਼ਮੀਨ ਹੋਵੇਗੀ। ਜ਼ਮੀਨ ਜੱਟਾਂ ਕੋਲ ਹੁੰਦੀ ਹੈ ਅਤੇ ਉਹਨਾਂ ਦਾ ਪ੍ਰਭਾਵ ਪਿੰਡ ਵਿੱਚ ਹੀ ਹੈ ਅਤੇ ਪਿੰਡਾਂ ਆਧਾਰਿਤ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ। ਪੰਜਾਬ ਦੀ ਦੂਜੀ ਰਾਜਨੀਤਿਕ ਪਾਰਟੀ ਕਾਂਗਰਸ ਹੈ। ਪੰਜਾਬ ਦੀ ਕਾਂਗਰਸ ਪਾਰਟੀ ਰਾਸ਼ਟਰੀ ਪੱਧਰ ਦੀ ਨੈਸ਼ਨਲ ਕਾਂਗਰਸ ਪਾਰਟੀ ਦੀ ਇੱਕ ਇੱਕਾਈ ਹੈ। ਕਿਸੇ ਸਮੇਂ ਆਜ਼ਾਦੀ ਦੀ ਲੜਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਰਲ ਕੇ ਹਿੱਸਾ ਲਿਆ ਸੀ। 1935 ਦੇ ਐਕਟ ਅਧੀਨ 1936 ਵਿੱਚ ਹੋਈਆਂ ਪੰਜਾਬ ਅਸੈਂਬਲੀ ਚੋਣਾਂ ਇਸਨੇ ਕਾਂਗਰਸ ਨਾਲ ਮਿਲ ਕੇ ਲੜੀਆਂ ਅਤੇ 175 ਮੈਂਬਰਾਂ ਵਾਲੀ ਪੰਜਾਬ ਵਿਧਾਨ ਸਭਾ ਵਿੱਚ ਸਿੱਖਾਂ ਲਈ ਰਿਜ਼ਰਵ 32 ਸੀਟਾਂ ਵਿੱਚੋਂ 10 ਸੀਟਾਂ ਹਾਸਲ ਕੀਤੀਆਂ। ਇਸ ਤੋਂ ਬਾਅਦ 1946 ਵਿੱਚ ਹੋਈਆਂ ਚੋਣਾਂ ਵੀ ਇਸਨੇ ਕਾਂਗਰਸ ਦੇ ਸਹਿਯੋਗ ਨਾਲ ਲੜੀਆਂ ਅਤੇ ਸਿੱਖਾਂ ਲਈ ਰਿਜ਼ਰਵ 32 ਸੀਟਾਂ ਵਿੱਚੋਂ 23 ਸੀਟਾਂ ਹਾਸਲ ਕੀਤੀਆਂ। ਦੇਸ਼ ਦੀ ਆਜ਼ਾਦੀ ਤੋਂ ਬਾਅਦ 1950 ਵਿੱਚ ਅਕਾਲੀ ਦਲ ਨੇ ਕਾਂਗਰਸ ਨਾਲੋਂ ਆਪਣਾ ਨਾਤਾ ਤੋੜ ਲਿਆ। ਇਉਂ ਮੁਢਲੇ ਦੌਰ ਦੀ ਸਿਆਸਤ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀ ਲੀਡਰਸ਼ਿਪ ਵਿੱਚ ਬਹੁਤਾ ਫ਼ਰਕ ਨਹੀਂ ਸੀ ਅਤੇ ਕਾਂਗਰਸ ਅਤੇ ਅਕਾਲੀਆਂ ਦਾ ਜਾਤੀ ਆਧਾਰ ਵੀ ਇੱਕੋ ਜਿਹਾ ਸੀ। ਕਾਗਰਸ ਇੱਕ ਨਿਰਪੱਖ ਪਾਰਟੀ ਹੋਣ ਕਾਰਨ ਇਸ ਵਿੱਚ ਹੌਲੀ ਹੌਲੀ ਗੈਰ ਜੱਟਾਂ ਨੂੰ ਵੀ ਅਹਿਮ ਅਹੁਦੇ ਮਿਲਣ ਲੱਗੇ। 1951 ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਯਤਨਾਂ ਸਦਕਾ ਹੋਂਦ ਵਿੱਚ ਆਈ ਜਨਸੰਘ 6 ਅਪ੍ਰੈਲ 1980 ਨੂੰ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਤਬਦੀਲ ਹੋ ਗਈ ਸੀ। ਇਸ ਪਾਰਟੀ ਦਾ ਆਧਾਰ ਹਮੇਸ਼ਾ ਸ਼ਹਿਰੀ ਹਿੰਦੂਆਂ ਵਿੱਚ ਹੀ ਰਿਹਾ ਹੈ। ਪੰਜਾਬ ਦੀਆਂ ਖੱਬੇ ਪੱਖੀ ਪਾਰਟੀਆਂ ਵਿੱਚ ਵੀ ਜੱਟ ਅਤੇ ਗੈਰ ਜੱਟ ਦਾ ਕੋਈ ਜ਼ਿਆਦਾ ਭੇਦਭਾਵ ਨਹੀਂ ਰਿਹਾ। ਆਮ ਆਦਮੀ ਪਾਰਟੀ ਦੀ ਉਮਰ ਭਾਵੇਂ ਬਹੁਤ ਘੱਟ ਹੈ ਪਰ ਇਸ ਪਾਰਟੀ ਵਿੱਚ ਜਾਤ ਆਧਾਰਿਤ ਸਿਆਸਤ ਹੁੰਦੀ ਨਹੀਂ ਲੱਗਦੀ। ਜੱਟ ਅਤੇ ਗੈਰ ਜੱਟ ਦੀ ਸਿਆਸਤ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਵਿੱਚ ਨਜ਼ਰ ਆਉਂਦੀ ਹੈ।
ਪੰਜਾਬੀ ਸਮਾਜ ਵਿੱਚ ਵੀ ਜੱਟਾਂ ਦੀ ਪ੍ਰਮੁੱਖਤਾ ਅਤੇ ਪ੍ਰਬੱਲਤਾ ਹੈ। ਸਮਾਜ ਦੀ ਪ੍ਰਮੁੱਖਤਾ ਦਾ ਆਧਾਰ ਸਿਆਸਤ ‘ਤੇ ਪੈਣਾ ਸੁਭਾਵਿਕ ਹੁੰਦਾ ਹੈ। ਪਿੰਡਾਂ ਦੀ ਕਿਸਾਨੀ ਆਧਾਰਿਤ ਆਰਥਿਕਤਾ ਵਿੱਚ ਬਾਕੀ ਜਾਤਾਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਿਸਾਨੀ ਜਾਂ ਜੱਟਾਂ ‘ਤੇ ਨਿਰਭਰ ਕਰਦੀਆਂ ਹਨ। ਆਰਥਿਕ ਨਿਰਭਰਤਾ ਵੀ ਜੱਟਾਂ ਨੂੰ ਸਿਆਸੀ ਤੌਰ ‘ਤੇ ਪ੍ਰਭਾਵਸ਼ਾਲੀ ਬਣਾਉਂਦੀ ਰਹੀ ਹੈ। ਪਰਿਵਾਰਵਾਦੀ ਸਿਆਸਤ ਵੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚ ਰਹੀ ਹੈ। ਇਉਂ ਸਿਆਸੀ ਪਰਿਵਾਰਾਂ ਦਾ ਗਲਬਾ ਕਾਇਮ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਵਰਗੀਆਂ ਸਿਆਸੀ ਪਾਰਟੀਆਂ ਪੰਜਾਬ ਵਿੱਚ ਆਪਣੇ ਪੈਰ ਜਮਾ ਰਹੀਆਂ ਹਨ। ਬਹੁਜਨ ਸਮਾਜ ਪਾਰਟੀ ਵਰਗੀ ਸਿਆਸੀ ਪਾਰਟੀ ਦੇਸ਼ ਵਿੱਚ ਜਾਤ ਆਧਾਰਿਤ ਸਿਆਸਤ ਰਾਹੀਂ ਦਲਿਤਾਂ ਨੂੰ ਜਾਗਰੂਕ ਕਰ ਰਹੀ ਹੈ। ਸਿੱਖਿਆ ਦੇ ਵਾਧੇ ਕਾਰਨ ਆਮ ਨੌਜਵਾਨ ਵੀ ਜਾਗਰੂਕ ਹੋ ਰਿਹਾ ਹੈ। ਸੋਸ਼ਲ ਮੀਡੀਆ ਵੀ ਇਸ ਪੱਖੋਂ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਕੀ ਅਜਿਹੇ ਹਾਲਾਤ ਵਿੱਚ ਪੰਜਾਬ ਦੀ ਸਿਆਸਤ ਵਿੱਚ ਜੱਟਾਂ ਦਾ ਗਲਬਾ ਕਾਇਮ ਰਹੇਗਾ?
***

ਸ੍ਰਿਸ਼ਟ ਹੋ ਅਚਾਰ ਹਮਾਰਾ, ਏਸਾ ਹਮ ਵਿਚਾਰ ਕਰੇਂ

downloadਸ੍ਰਿਸ਼ਟਾਚਾਰ ਦਰਪਣ ਦੇ ਸਮਾਨ ਹੁੰਦਾ ਹੈ, ਜਿਸ ਵਿਚੋਂ ਮਨੁੱਖ ਆਪਣਾ ਪ੍ਰਤੀਬਿੰਬ ਦੇਖਦਾ ਹੈ। ਸ੍ਰਿਸ਼ਟਾਚਾਰ ਮਨੁੱਖ ਦੀ ਇਕ ਅਲੱਗ ਪਹਿਚਾਣ ਕਰਾਉਂਦਾ ਹੈ। ਸ੍ਰਿਸ਼ਟ ਜਾਂ ਸਭਿਅਕ ਪੁਰਸ਼ਾਂ ਦਾ ਆਚਰਣ ਸ੍ਰਿਸ਼ਟਾਚਾਰ ਅਖਵਾਉਂਦਾ ਹੈ। ਦੂਜਿਆਂ ਦੇ ਪ੍ਰਤੀ ਅੱਛਾ ਵਿਵਹਾਰ, ਮਹਿਮਾਨਾਂ ਦਾ ਆਦਰ ਸਤਿਕਾਰ, ਆਪਣੇ ਤੋਂ ਵੱਡਿਆਂ ਨੂੰ ਸਨਮਾਨ ਅਤੇ ਮਾਣ ਦੇਣਾ ਅਤੇ ਵਿਵਹਾਰ ਵਿਚ ਕੁਲੀਨਤਾ, ਸ਼੍ਰੇਸ਼ਟਤਾ, ਸਾਊਪਣਾ, ਨਿਮਰਤਾ ਅਤੇ ਠਰ੍ਹਮਾ ਸ੍ਰਿਸ਼ਟਾਚਾਰ ਹੁੰਦਾ ਹੈ। ਇਸ ਸ੍ਰਿਸ਼ਟਾਚਾਰ ਸ਼ਬਦ ‘ਸ੍ਰਿਸ਼ਟ’ ਅਤੇ ‘ਅਚਾਰ’ ਨਾਲ ਮਿਲ ਕੇ ਬਣਿਆ ਹੈ। ਇਹ ਸਾਡੇ ਵਿਅਕਤੀਤਵ ਦੇ ਅੰਦਰੂਨੀ ਅਤੇ ਬਾਹਰੀ, ਦੋਹਾਂ ਹੀ ਗੁਣਾਂ ਦਾ ਮਿਸ਼ਰਣ ਹੈ। ‘ਸ੍ਰਿਸ਼ਟ’ ਬਾਹਰੀ ਹੁੰਦਾ ਹੈ, ਅਤੇ ‘ਆਚਾਰ’ ਅੰਦਰੂਨੀ। ਸ੍ਰਿਸ਼ਟਤਾ ਮਨੁੱਖ ਨੇ ਸਿੱਖਣੀ ਹੁੰਦੀ ਹੈ। ਇਸ ਨੁੰ ਮਨੁੱਖ ਪਰਿਵਾਰ ਤੋਂ ਸਿੱਖਦਾ, ਅਧਿਆਪਕਾਂ ਤੋਂ ਸਿੱਖਦਾ ਹੈ, ਸਮਾਜ ਦੇ ਭਲੇ ਮਨੁੱਖਾਂ ਤੋਂ ਸਿੱਖਦਾ ਹੈ, ਕੁਝ ਕਿਤਾਬਾਂ ਤੋਂ ਸਿੱਖਦਾ ਹੈ ਅਤੇ ਕੁਝ ਮੀਡੀਆ ਤੋਂ ਸਿੱਖਦਾ ਹੈ। ‘ਸਟੂਡੈਂਟ ਅਤੇ ਪਰਸਨੈਲਿਟੀ ਡਿਵੈਲਪਮੈਂਟ’ ਦਾ ਲੇਖਕ ਵਿਜੈ ਅਗਰਵਾਲ ਲਿਖਦਾ ਹੈ। ‘ਆਚਾਰ’ ਕਦਰਾਂ ਦੇ ਰੂਪ ‘ਚ, ਗੁਣਾਂ ਦੇ ਰੂਪ ‘ਚ ਪਹਿਲਾਂ ਤੋਂ ਹੀ ਸਾਡੇ ਅੰਦਰ ਮੌਜੂਦ ਰਹਿੰਦੇ ਹਨ। ਸਾਡੇ ਮੂਹਰੇ ਚੁਣੌਤੀ ਇਹ ਰਹਿੰਦੀ ਹੈ ਕਿ ਅਸੀਂ ਆਪਣੇ ਇਸ ਆਚਰਣ ਨੂੰ, ਇਹਨਾਂ ਅੰਦਰੂਨੀ ਗੁਣਾਂ ਨੂੰ ਸਮਾਜ ਮੂਹਰੇ ਕਿਸ ਤਰ੍ਹਾਂ ਪੇਸ਼ ਕਰੀਏ ਕਿ ਉਹਨਾਂ ‘ਤੇ ਸਾਡਾ ਪ੍ਰਭਾਵ ਚੰਗਾ ਪਵੇ। ਇਹ ਇਕ ਪ੍ਰਕਾਰ ਨਾਲ ਪੈਕੇਜਿੰਗ ਦਾ ਅਮਲਾ ਹੈ, ਪ੍ਰਜੈਂਟੇਸ਼ਨ ਦਾ ਮਸਲਾ ਹੈ। ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਅਚਾਰ ਦੇ ਨਜ਼ਰੀਏ ਨਾਲ ਤਾਂ ਬਹੁਤ ਚੰਗਾ ਕਹਿੰਦੇ ਹਨ। ਉਹਨਾਂ ਦੀ ਇਮਾਨਦਾਰੀ, ਉਹਨਾਂ ਦੀ ਵਫਾਦਾਰੀ, ਉਹਨਾਂ ਦੀਆਂ ਜੀਵਨ ਕੀਮਤਾਂ ਅਤੇ ਇਖਲਾਕ ਬਹੁਤ ਬਿਹਤਰ ਹੁੰਦੇ ਹਨ ਪਰ ਜਦੋਂ ਇਹਨਾਂ ਨੂੰ ਦੂਜਿਆਂ ਮੂਹਰੇ ਲਿਆਉਣ ਦਾ ਸਮਾਂ ਆਉਂਦਾ ਹੈ ਤਾਂ ਉਹ ਪੱਛੜ ਜਾਂਦੇ ਹਨ। ਪਿੰਡ ਦੇ ਲੋਕਾਂ ਨਾਲ ਤਾਂ ਇਹ ਬਹੁਤ ਜ਼ਿਆਦਾ ਹੁੰਦਾ ਹੈ। ਡਾ. ਅਗਰਵਾਲ ਦਾ ਇਹ ਕਹਿਣਾ ਹੈ ਕਿ ਪਿੰਡ ਦੇ ਲੋਕ ਚੰਗੇ ਮਨੁੱਖੀ ਵਤੀਰੇ ਅਤੇ ਸਲੀਕੇ ਦੇ ਢੰਗ ਤਰੀਕਿਆਂ ਤੋਂ ਕੋਰੇ ਹੁੰਦੇ ਹਨ, ਬਿਲਕੁਲ ਸੱਚ ਹੈ। ਮੈਨੂੰ ਇਕ ਯੂਨੀਵਰਸਿਟੀ ਪ੍ਰੋਫੈਸਰ ਨੇ ਦੱਸਿਆ ਕਿ ਦਸਵੀਂ ਵਿਚ ਪੜ੍ਹਦੇ ਹੋਏ ਵੀ ਉਸਨੂੰ ਇਹ ਨਹੀਂ ਪਤਾ ਸੀ ਕਿ ਆਪਣੇ ਦੋਸਤਾਂ ਮਿੱਤਰਾਂ ਦੇ ਮਾਪਿਆਂ ਨੁੰ ਕਿਸ ਤਰ੍ਹਾਂ ਸਤਿਕਾਰ ਦੇਣਾ ਹੈ, ਕਿਸ ਤਰ੍ਹਾਂ ਨਮਸਕਾਰ ਕਰਨਾ ਹੈ।
”ਮੈਂ ਆਪਣੇ ਮਿੱਤਰ ਨੂੰ ਮਿਲਣ ਗਿਆ ਪਰ ਉਸਦੀ ਮਾਂ ਨੁੰ ਸਤਿ ਸ੍ਰੀ ਅਕਾਲ ਨਹੀਂ ਆਖੀ ਅਤੇ ਨਾ ਹੀ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ, ਉਸ ਨੇ ਦੱਸਿਆ ਸੀ:
”ਸੁਣ, ਪੁੱਤਰ ਜਦੋਂ ਆਪਣੇ ਤੋਂ ਉਮਰ ਵਿਚ ਕਿਸੇ ਵੱਡੇ ਵਿਅਕਤੀ ਨੂੰ ਮਿਲੋ ਤਾਂ ਸਤਿਕਾਰ ਵਜੋਂ ਉਸਨੂੰ ਸਤਿ ਸ੍ਰੀ ਅਕਾਲ ਆਖੋ। ਜੇ ਉਹ ਤੁਹਾਡੇ ਮਾਪਿਆਂ ਦੀ ਉਮਰ ਦਾ ਹੋਵੇ ਤਾਂ ਉਸਦੇ ਪੈਰੀਂ ਹੱਥ ਲਗਾਓ। ਦੋਸਤ ਦੀ ਮਾਂ ਨੇ ਮੈਨੂੰ ਸਮਝਾਇਆ ਸੀ।”
”ਉਹਨਾਂ ਦੇ ਦਿੱਤੇ ਸਬਕ ਤੋਂ ਬਾਅਦ ਮੈਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਜਿੰਨਾ ਵੀ ਸਾਹਿਤ ਮਿਲਿਆ, ਉਸਨੂੰ ਦਿਲਚਸਪੀ ਨਾਲ ਪੜ੍ਹਿਆ ਅਤੇ ਆਪਣੇ ਜੀਵਨ ਜਾਚ ਦਾ ਹਿੱਸਾ ਬਣਾਇਆ।” ਪ੍ਰੋਫੈਸਰ ਸਾਹਿਬ ਨੇ ਅੱਗੇ ਦੱਸਿਆ।
ਸ੍ਰਿਸ਼ਟਾਚਰ ਨਾਲ ਜੀਵਨ ਮਹਾਨ ਬਣਦਾ ਹੈ। ਇਹ ਸੰਕੀਰਨਤਾ ਤੋਂ ਉਦਾਰਤਾ ਵੱਲ ਦੀ ਯਾਤਰਾ ਹੈ। ਇਹ ਯਾਤਰਾ ਅਹੰਕਾਰ ਤੋਂ ਨਿਮਰਤਾ ਵੱਲ ਲੈ ਕੇ ਜਾਂਦੀ ਹੈ। ਘਿਰਣਾ ਨੂੰ ਪ੍ਰੇਮ ਵਿਚ ਬਦਲ ਦਿੰਦੀ ਹੈ। ਸ੍ਰਿਸ਼ਟਾਚਾਰ ਦਾ ਬੀਜ ਬੱਚੇ ਦੇ ਕੱਚੇ ਹਿਰਦੇ ਵਿਚ ਬੀਜ ਦੇਣਾ ਚਾਹੀਦਾ ਹੈ। ਇਉਂ ਕਰਨ ਨਾਲ ਇਹ ਵਿਦਿਆਰਥੀ ਜੀਵਨ ਵਿਚ ਹੌਲੀ ਹੌਲੀ ਵਿਕਾਸ ਵੱਲ ਵੱਧ ਜਾਂਦਾ ਹੈ। ਪਰ ਮੈਂ ਆਪਣੀ ਯੂਨੀਵਰਸਿਟੀ ਅਧਿਆਪਨ ਦੇ 30 ਵਰ੍ਹਿਆਂ ਦੇ ਤਜਰਬੇ ਦੇ ਆਧਾਰ ਉਤੇ ਇਹ ਨਤੀਜੇ ‘ਤੇ ਪਹੁੰਚਿਆ ਹਾਂ ਕਿ ਸ਼ਖਸੀਅਤ ਉਸਾਰੀ ਦੇ ਪੱਖੋਂ ਅਸੀਂ ਬੱਚਿਆਂ ਵੱਲ ਉਨੀ ਗੰਭੀਰਤਾ ਨਾਲ ਧਿਆਨ ਨਹੀਂ ਦਿੰਦੇ ਜਿੰਨੀ ਗੰਭੀਰਤਾ ਸਾਨੂੰ ਵਿਖਾਉਣੀ ਚਾਹੀਦੀ ਹੈ। ਬੱਚੇ ਦਾ ਪਹਿਲਾ ਗੁਰੂ ਮਾਤਾ-ਪਿਤਾ ਹੁੰਦੇ ਹਨ ਜੋ ਉਸਨੂੰ ਸ੍ਰਿਸ਼ਟਾਚਾਰ ਦਾ ਪਹਿਲਾ ਸਬਕ ਪੜ੍ਹਾਉਂਦੇ ਹਨ। ਜੇ ਅਸੀਂ ਘਰਾਂ ਵਿਚ ਹਉਮੈ ਦੇ ਸ਼ਿਕਾਰ ਹਾਂ, ਝੂਠ ਬੋਲਦੇ ਹਾਂ, ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ, ਛੋਟੀਆਂ-ਛੋਟੀਆਂ ਗੰਲਾਂ ‘ਤੇ ਲਾਲਚ ਅਤੇ ਸਵਾਰਥ ਦਾ ਪ੍ਰਗਟਾਵਾ ਕਰਦੇ ਹਾਂ ਤਾਂ ਬੱਚੇ ਦੀ ਸ਼ਖਸੀਅਤ ਦਾ ਵਿਕਾਸ ਭਲਾਂ ਕਿਵੇਂ ਠੀਕ ਹੋ ਸਕਦਾ ਹੈ। ਬੱਚੇ ਸ੍ਰਿਸ਼ਟਾਚਾਰ ਦਾ ਦੂਜਾ ਸਬਕ ਸਕੂਲ ਵਿਚ ਪੜ੍ਹਦੇ ਹਨ। ਜੇ ਸਕੂਲ ਅਧਿਆਪਕ ਇਹ ਗਿਆਨ ਦੇਣ ਵਿਚ ਕੁਤਾਹੀ ਕਰਦੇ ਹਨ ਤਾਂ ਬੱਚਾ ਭਲਾ ਚੰਗਾ ਮਨੁੱਖ ਕਿਵੇਂ ਬਣ ਸਕਦਾ ਹੈ।
ਸ੍ਰਿਸ਼ਟਾਚਾਰ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੁੰਦਾ ਹੈ। ਵੇਖਣ ਨੂੰ ਭਾਵੇਂ ਸ੍ਰਿਸ਼ਟਾਚਾਰ ਦੀਆਂ ਗੱਲਾਂ ਬਹੁਤ ਨਿਗੂਣੀਆਂ ਅਤੇ ਛੋਟੀਆਂ ਲੱਗਦੀਆਂ ਹਨ ਪਰ ਹੁੰਦੀਆਂ ਬਹੁਤ ਮਹੱਤਵਪੂਰਨ ਹਨ। ਮੈਂ ਇਕ ਚੋਣ ਕਮੇਟੀ ਦਾ ਮੈਂਬਰ ਸੀ। ਕਿਸੇ ਵੱਡੇ ਬੰਦੇ ਦੀ ਸਿਫਾਰਸ਼ ‘ਤੇ ਮੈਨੂੰ ਕੋਈ ਉਮੀਦਵਾਰ ਮਿਲਣ ਆਇਆ। ਉਹ ਉਮਰ ਵਿਚ ਵੀ ਛੋਟਾ ਸੀ ਅਤੇ ਯੋਗਤਾ ਅਤੇ ਕਾਬਲੀਅਤ ਵਿਚ ਵੀ। ਉਸਨੇ ਮੈਨੂੰ ਮਿਲਣ ਸਾਰ ਸਤਿਕਾਰ ਵਜੋਂ ਸਤਿ ਸ੍ਰੀ ਅਕਾਲ ਬੁਲਾਉਣ ਦੀ ਬਜਾਏ ਹੱਥ ਮਿਲਾਉਣ ਲਈ ਆਪਣਾ ਹੱਥ ਵਧਾਇਆ। ਭਾਵੇਂ ਮੈਂ ਅਣਮੰਨੇ ਢੰਗ ਨਾਲ ਹੱਥ ਮਿਲਾ ਲਿਆ ਸੀ ਪਰ ਮੈਨੂੰ ਉਸਦਾ ਵਤੀਰਾ ਅਤੇ ਚਾਲ-ਢਾਲ ਪਸੰਦ ਨਹੀਂ ਆਈ। ਕਿਉਂਕਿ ਉਸਨੂੰ ਇਹ ਗੱਲ ਵੀ ਪਤਾ ਨਈਂ ਸੀ ਕਿ ਜਦੋਂ ਤੁਸੀਂ ਆਪਣੇ ਤੋਂ ਵੰਡੇ ਬੰਦੇ ਨੂੰ ਮਿਲੋ ਤਾਂ ਹੱਥ ਮਿਲਾਉਣ ਲਈ ਆਪਣਾ ਹੱਕ ਕਦੇ ਵੀ ਪਹਿਲਾਂ ਅੱਗੇ ਨਾ ਵਧਾਓ। ਹੱਥ ਸਿਰਫ ਬਰਾਬਰ ਦੇ ਲੋਕਾਂ ਨਾਲ ਮਿਲਾਉਣੇ ਚਾਹੀਦੇ ਹਨ। ਜੇਕਰ ਵੱਡਾ ਵਿਅਕਤੀ ਆਪਣਾ ਹੱਥ ਵਧਾ ਕੇ ਸਾਨੂੰ ਆਪਣੇ ਬਰਾਬਰ ਦਾ ਮੰਨਦਾ ਹੈ ਤਾਂ ਇਹ ਉਸਦਾ ਵੱਡਾਪਣ ਹੈ। ਜੇਕਰ ਅਸੀਂ ਵੱਡੇ ਮੂਹਰੇ ਆਪਣਾ ਹੱਥ ਵਧਾ ਕੇ ਉਸਨੂੰ ਆਪਣੇ ਬਰਾਬਰ ਮੰਨਦੇ ਹਾਂ ਤਾਂ ਇਹ ਉਸਦੀ ਬੇਇੱਜ਼ਤੀ ਕਰਨੀ ਹੈ। ਬਰਾਬਰ ਦੇ ਬੰਦੇ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਉਣਾ ਚਾਹੀਦਾ ਹੈ। ਤਾਂ ਕਿ ਤੁਸੀਂ ਦੂਜੇ ਬੰਦੇ ਨੂੰ ਇਹ ਦਰਸਾ ਸਕੋ ਕਿ ਤੁਸੀਂ ਉਸਨੂੰ ਉਤਸ਼ਾਹ ਨਾਲ ਮਿਲ ਰਹੇ ਹੋ। ਜੇਕਰ ਤੁਸੀਂ ਆਪਣੇ ਤੋਂ ਛੋਟੇ ਵਿਅਕਤੀ ਨਾਲ ਹੱਥ ਮਿਲਾ ਰਹੇ ਹੋ ਅਤੇ ਉਸ ਪ੍ਰਤੀ ਆਪਣੇ ਵਿਸ਼ੇਸ਼ ਸਨੇਹ ਦਾ ਵੀ ਇਜ਼ਹਾਰ ਕਰਨਾ ਚਾਹੁੰਦੇ ਹੋ ਤਾਂ ਉਸਦੇ ਖੱਬੇ ਮੋਢੇ ‘ਤੇ ਹਲਕਾ ਜਿਹਾ ਹੱਥ ਰੱਖ ਦਿਓ। ਅਜਿਹਾ ਕਰਨ ਨਾਲ ਤੁਸੀਂ ਉਸਦੇ ਮਨ ਵਿਚ ਆਪਣੇ ਪ੍ਰਤੀ ਪ੍ਰੇਮ ਜਗਾ ਸਕਦੇ ਹੋ।
ਬਜ਼ੁਰਗਾਂ ਦਾ ਸਤਿਕਾਰ- ਸ੍ਰਿਸ਼ਟਾਚਾਰ ਇਹ ਮੰਗ ਕਰਦਾ ਹੈ ਕਿ ਉਮਰ ਦੇ ਆਥਣ ਸਮਾਂ ਹੰਢਾ ਰਹੇ ਵਿਅਕਤੀਆਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਦਿੱਤਾ ਜਾਵੇ। ਘਰ ਪਰਿਵਾਰ ਦੇ ਬਜ਼ੁਰਗਾਂ ਦੇ ਨਾਲ ਨਾਲ ਹੋਰ ਬਜ਼ੁਰਗਾਂ ਨੂੰ ਇੱਜ਼ਤ ਦੇਣੀ ਚਾਹੀਦੀ ਹੈ।
ਔਰਤਾਂ ਦਾ ਸਤਿਕਾਰ- ਦੁਨੀਆਂ ਦੇ ਹਰ ਸਭਿਆਚਾਰ ਵਿਚ ਔਰਤਾਂ ਦੀ ਇੱਜ਼ਤ ਕਰਨਾ ਸਭਿਅਕ ਮਨੁੱਖਾਂ ਦੀ ਨਿਸ਼ਾਨੀ ਹੈ। ਔਰਤਾਂ ਦੀ ਹਾਜ਼ਰੀ ਵਿਚ ਸਲੀਕੇ ਨਾਲ ਵਿੱਚਰਨਾ ਜ਼ਰੂਰੀ ਹੁੰਦਾ ਹੈ। ਔਰਤਾਂ ਦੀ ਹਾਜ਼ਰੀ ਵਿਚ ਸਹੀ ਸ਼ਬਦਾਂ ਦਾ ਉਚਾਰਣ ਜ਼ਰੂਰੀ ਹੈ। ਔਰਤਾਂ ਦੀ ਆਮਦ ‘ਤੇ ਖੜ੍ਹੇ ਹੋ ਕੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਰੇਲ ਗੱਡੀ, ਬੱਸ  ਅਤੇ ਹੋਰ ਥਾਵਾਂ ਉਤੇ ਉਹਨਾਂ ਲਈ ਸੀਟ ਛੱਡਣ ਦੀ ਉਦਾਰਤਾ ਦਿਖਾਉਣੀ ਚਾਹੀਦੀ ਹੈ।
ਜਦੋਂ ਵੀ ਕੋਈ ਤੁਹਾਨੂੰ ਮਿਲਣ ਆਉਂਦਾ ਹੈ ਤਾਂ ਸਤਿਕਾਰ ਵਜੋਂ ਖੜ੍ਹੇ ਹੋ ਜਾਣਾ ਚਾਹੀਦਾ ਹੈ। ਜੇਕਰ ਮਹਿਮਾਨ ਉਮਰ ਵਿਚ ਵੱਡਾ ਹੈ ਤਾਂ ਉਹਨਾਂ ਨੂੰ ਬੈਠਣ ਲਈ ਆਪਣੀ ਥਾਂ ਦੀ ਪੇਸ਼ਕਸ਼ ਕਰਨ ਵਿਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ।
ਜੇਕਰ ਤੁਹਾਨੂੰ ਕੋਈ ਵਿਅਕਤੀ ਮਿਲਣ ਆਉਂਦਾ ਹੈ ਤਾਂ ਪਹਿਲਾਂ ਉਸਨੂੰ ਸਤਿਕਾਰ ਸਹਿਤ ਅੰਦਰ ਆਉਣ ਲਈ ਕਹਿਣਾ ਚਾਹੀਦਾ ਹੈ। ਤੁਹਾਨੂੰ ਮਹਿਮਾਨ ਤੋਂ ਬਾਅਦ ਹੀ ਅੰਦਰ ਆਉਣਾ ਚਾਹੀਦਾ ਹੈ। ਸ੍ਰਿਸ਼ਟਾਚਾਰ ਇਹ ਵੀ ਮੰਗ ਕਰਦਾ ਹੈ ਕਿ ਕਦੇ ਵੀ ਆਪਣੇ ਤੋਂ ਵੱਡੇ ਵਿਅਕਤੀ ਵੱਲ ਪਿੱਠ ਨਹੀਂ ਕਰਨੀ ਚਾਹੀਦੀ।
ਨਿਮਰਤਾ, ਹਲੀਕੀ ਅਤੇ ਸਲੀਕੇ ਨਾਲ ਬੋਲਣਾ ਵੀ ਸ੍ਰਿਸ਼ਟਾਚਾਰ ਦੀ ਸ਼ਰਤ ਹੈ। ਆਦਰ ਸੂਚਕ ਸ਼ਬਦਾਂ ਨਾਲ ਸੰਬੋਧਨ ਕਰਨਾ ਚਾਹੀਦਾ ਹੈ। ਕ੍ਰੋਧ ਤੋਂ ਬਚਣਾ ਚਾਹੀਦਾ ਹੈ। ਉੱਚੀ ਬੋਲਣ ਤੋਂ ਹਮੇਸ਼ਾ ਗੁਰੇਜ਼ ਕਰਨਾ ਚਾਹੀਦਾ ਹੈ। ਬਹਿਸ ਅਤੇ ਵਿਵਾਦ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਹਾਡੇ ਘਰ ਕੋਈ ਮਿਲਣ ਆਇਆ ਹੈ ਤਾਂ ਜਦੋਂ ਉਹ ਮਹਿਮਾਨ ਜਾਂਦਾ ਹੈ ਤਾਂ ਉਸਨੂੰ ਬਾਹਰ ਤੱਕ ਛੱਡਣ ਜਾਓ ਅਤੇ ਤਦ ਤੱਕ ਖੜ੍ਹੇ ਰਹੋ, ਜਦੋਂ ਤੱਕ ਕਿ ਉਹ ਵਿਅਕਤੀ ਉਥੋਂ ਚਲਾ ਨਹੀਂ ਜਾਂਦਾ।
ਜ਼ਿੰਦਗੀ ਵਿਚ ਕਦੇ ਵੀ ਸ੍ਰਿਸ਼ਟਾਚਾਰ ਦੇ ਵਿਪਰੀਤ ਵਿਵਹਾਰ ਨਹੀਂ ਕਰਨਾ ਚਾਹੀਦਾ। ਜਿਵੇਂ ਕਿਸੇ ਅਣਜਾਣ ਬੰਦੇ ਜਾਂ ਔਰਤ ਨੂੰ ਵੇਖ ਕੇ ਬਿਨਾਂ ਕਿਸੇ ਕਾਰਨ ਤੋਂ ਮੁਸ਼ਕਰਾਉਣਾ, ਜਦੋਂ ਕੋਈ ਗੱਲ ਕਰ ਰਿਹਾ ਹੋਵੇ ਤਾਂ ਉਸਦੀ ਗੱਲ ਕੱਟ ਕੇ ਆਪਣੀ ਗੱਲ ਸ਼ੁਰੂ ਕਰ ਦੇਣਾ ਅਤੇ ਸੜਕ ਉਤੇ ਚਲਦੇ ਹੋਏ ਉਚੀ ਉਚੀ ਬੋਲਣਾ ਜਾਂ ਗਾਲੀ ਗਲੋਚ ਕਰਨਾ। ਇਸੇ ਤਰ੍ਹਾਂ ਕਿਸੇ ਹੋਰ ਨੂੰ ਅੱਖਾਂ ਪਾੜ ਪਾੜ ਕੇ ਵੇਖਣਾ ਵੀ ਸ੍ਰਿਸ਼ਟਾਚਾਰ ਦੇ ਵਿਪਰੀਤ ਗੱਲ ਹੁੰਦੀ ਹੈ। ਜਿਹੜੇ ਲੋਕ ਨਿੰਦਾ ਚੁਗਲੀ ਵਿਚ ਰੁਚੀ ਰੱਖਦੇ ਹਨ, ਉਹ ਵੀ ਸਭਿਅਕ ਲੋਕ ਨਹੀਂ ਕਹੇ ਜਾਂਦੇ। ਗੁਰਦੁਆਰੇ ਵਿਚ ਨੰਗੇ ਸਿਰ ਜਾਣਾ ਅਤੇ ਲਾਇਬ੍ਰੇਰੀ ਵਿਚ ਉਚੀ ਉਚੀ ਬੋਲਣ ਵਾਲੇ ਲੋਕ ਵੀ ਸ੍ਰਿਸ਼ਟਾਚਾਰ ਦੇ ਖਿਲਾਫ ਚੱਲਦੇ ਹਨ।
ਖਾਣੇ ਦੇ ਮੇਜ ਉਤੇ ਬੈਠਣ ਸਮੇਂ ਵੀ ਕਈ ਕਿਸਮ ਦੇ ਦਸਤੂਰਾਂ ਨੂੰ ਮੰਨਣਾ ਪੈਂਦਾ ਹੈ। ਕਾਂਟੇ ਅਤੇ ਚਮਚਿਆਂ ਦੀ ਆਵਾਜ਼ ਦੇ ਨਾਲ ਨਾਲ ਖਾਣ ਸਮੇਂ ਮੂੰਹ ਵਿਚੋਂ ਵੀ ਉਚੀ ਆਵਾਜ਼ ਨਹੀਂ ਹੋਣੀ ਚਾਹੀਦੀ। ਸਬਜ਼ੀਆਂ, ਪਾਣੀ ਅਤੇ ਰੋਟੀਆਂ ਨੂੰ ਦੂਰ ਬੈਠੇ ਮਹਿਮਾਨਾਂ ਵੱਲ ਪਹਿਲਤਾ ਦੇ ਆਧਾਰ ‘ਤੇ ਦੇਣਾ ਵੀ ਸ੍ਰਿਸ਼ਟਾਚਾਰ ਹੁੰਦਾ ਹੈ। ਖਾਣੇ ਦੇ ਮੇਜ ‘ਤੇ ਅਜਿਹੀ ਕੋਈ ਹਰਕਤ ਨਹੀਂ ਕਰਨੀ ਚਾਹੀਦੀ ਜੋ ਬਾਕੀ ਬੈਠੇ ਵਿਅਕਤੀਆਂ ਨੂੰ ਚੰਗੀ ਨਾ ਲੱਗੇ, ਜਿਵੇਂ ਮੂੰਹ ਜਾਂ ਦੰਦਾਂ ਨੂੰ ਹੱਥ ਲਾਉਣਾ ਜਾਂ ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਖਾਜ ਕਰਨੀ।
ਸਫਾਈ ਦੇ ਨਜ਼ਰੀਏ ਤੋਂ ਵੀ ਸ੍ਰਿਸ਼ਟਾਚਾਰ ਦਾ ਧਿਆਨ ਰੱਖਣਾ ਜ਼ਰੂਰੀ ਹੈ। ਖਾਣ ਪੀਣ ਤੋਂ ਬਾਅਦ ਖਾਲੀ ਲਿਫਾਫੇ ਜਾਂ ਬੋਤਲਾਂ ਨੂੰ ਸਹੀ ਥਾਂ ‘ਤੇ ਹੀ ਸੁੱਟਣਾ ਚਾਹੀਦਾ ਹੈ।
ਸਮੇਂ ਦੀ ਪਾਬੰਦੀ ਵੀ ਚੰਗੇ ਸ੍ਰਿਸ਼ਟਾਚਾਰ ਦੀ ਨਿਸ਼ਾਨੀ ਹੈ। ਜੋ ਵਿਅਕਤੀ ਸਮੇਂ ਦਾ ਪਾਲਣ ਨਹੀਂ ਕਰਦਾ, ਉਹ ਸਭਿਅਕ ਨਹੀਂ ਕਹਾ ਸਕਦਾ।
ਅੱਜਕਲ੍ਹ ਦੇ ਸਮੇਂ ਵਿਚ ਮੋਬਾਇਲ ਫੋਨ ਸੁਣਨ ਦਾ ਵੀ ਬਲ ਆਉਣਾ ਜ਼ਰੂਰੀ ਹੈ। ਮੋਬਾਇਲ ਫੋਨ ਸੁਣਨ ਜਾਂ ਕਰਨ ਸਮੇਂ ਪਹਿਲਾਂ ਆਪਣਾ ਪਰਿਚੈ ਦੇਣਾ ਚਾਹੀਦਾ ਹੈ।
ਉਚੀ ਆਵਾਜ਼ ਨਾਲ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸੇ ਹੋਰ ਮਹਿਮਾਨ ਦੇ ਸਾਹਮਣੇ ਲੰਬੀ ਗੱਲ ਕਰਨੀ ਮਹਿਮਾਨ ਦੀ ਬੇਇਜ਼ਤੀ ਕਰਨ ਸਮਾਨ ਹੈ। ਕਿਸੇ ਕੋਲ ਵੀ ਜਾਣ ਤੋਂ ਪਹਿਲਾਂ ਫੋਨ ‘ਤੇ ਉਹਨਾਂ ਨੂੰ ਪੁੱਛਣਾ ਬਿਹਤਰ ਹੁੰਦਾ ਹੈ ਕਿ ਮੈਂ ਆ ਸਕਦਾ ਹਾਂ ਅਤੇ ਕਿੰਨੇ ਵਜੇ ਆਉਣਾ ਸੁਵਿਧਾਜਨਕ ਰਹੇਗਾ। ਬਸ਼ਰਤੇ ਕਿ ਇਸ ਤਰ੍ਹਾਂ ਦੀ ਸੁਵਿਧਾ ਤੁਹਾਡੇ ਕੋਲ ਹੋਵੇ। ਕਿਸੇ ਦੇ ਵੀ ਘਰ ‘ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਦੇਖ ਲਓ ਕਿ ‘ਕਿਤੇ ਅਜਿਹਾ ਤਾਂ ਨਹੀਂ ਕਿ ਬੂਟ ਬਾਹਰ ਹੀ ਕੱਢਣੇ ਹਨ। ਮੈਂ ਅਜਿਹੀ ਗਲਤੀ ਕਰ ਚੁੱਕਾ ਹਾਂ। ਜਦੋਂ ਮੈਂ ਪਹਿਲੀ ਵਾਰ ਕੈਨੇਡਾ ਆਇਆ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਬੂਟ ਬਾਹਰ ਉਤਾਰ ਕੇ ਜਾਣੇ ਹਨ। ਜਦੋਂ ਮੈਂ ਬੂਟਾਂ ਸਮੇਤ ਘਰ ਅੰਦਰ ਜਾਣ ਲੱਗਾ ਤਾਂ ਮੇਜ਼ਬਾਨ ਨੇ ਬੜੀ ਹਲੀਮੀ ਨਾਲ ਸਮਝਾਇਆ ਕਿ ਮੈਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਅੱਡਿਆਂ ਅਤੇ ਹੋਰ ਥਾਵਾਂ ‘ਤੇ ਕਤਾਰ ਵਿਚ ਖੜ੍ਹ ਕੇ ਆਪਣੀ ਵਾਰੀ ਨੂੰ ਉਡੀਕਣਾ ਵੀ ਸ੍ਰਿਸ਼ਟਾਚਾਰ ਦਾ ਹਿੱਸਾ ਹੈ। ਕਤਾਰ ਨਹੀਂ ਤੋੜਨੀ ਚਾਹੀਦੀ।
ਕਿਸੇ ਦੇ ਦੁੱਖ ਸੁੱਖ ਵਿਚ ਹਿੱਸਾ ਲੈਣਾ ਵੀ ਇਕ ਸਭਿਅਕ ਮਨੁੱਖ ਦਾ ਫਰਜ਼ ਹੈ। ਕਿਸੇ ਦੇ ਦੁੱਖ ਵਿਚ ਸ਼ਰੀਕ ਹੋਣ ਸਮੇਂ ਸ੍ਰਿਸ਼ਟਾਚਾਰ ਦਾ ਪੂਰਨ ਖਿਆਲ ਰੱਖਣਾ ਚਾਹੀਦਾ ਹੈ। ਸੈਲ ਫੋਨ ਬੰਦ ਕਰਕੇ ਜਾਣਾ ਚਾਹੀਦਾ ਹੈ। ਉਚੀ ਬੋਲਣ, ਮੁਸਕਰਾਉਣ ਅਤੇ ਹੱਸਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੁਖੀ ਵਿਅਕਤੀ ਦੇ ਦੁੱਖ ਵਿਚ ਦਿਲੋਂ ਸ਼ਰੀਕ ਹੋਣਾ ਚਾਹੀਦਾ ਹੈ। ਅਜਿਹੇ ਸਮੇਂ ਘੱਟ ਬੋਲਣਾ ਚਾਹੀਦਾ ਹੈ। ਅਜਿਹੇ ਹੀ ਬੋਲ ਬੋਲਣੇ ਚਾਹੀਦੇ ਹਨ, ਜੋ ਦੁਖੀ ਪਰਿਵਾਰ ਨੂੰ ਧਰਵਾਸ ਦੇਣ।
ਜੇਕਰ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਮਾਫੀ ਮੰਗਣ ਵਿਚ ਕੋਈ ਹਰਜ਼ ਨਹੀਂ। ਆਪਣੀ ਗਲਤੀ ਨੂੰ ਸਵੀਕਾਰਨ ਲਈ ਸਾਹਸ ਦੀ ਲੋੜ ਹੁੰਦੀ ਹੈ। ਇਹ ਬੁਜ਼ਦਿਲ ਕਦੇ ਵੀ ਨਹੀਂ ਹੁੰਦੀ। ਸਮਾਂ ਆਉਣ ‘ਤੇ ਇਹ ਸਾਹਸ ਵਿਖਾ ਦੇਣਾ ਚਾਹੀਦਾ ਹੈ।
ਇਉਂ ਸ੍ਰਿਸ਼ਟਾਚਾਰੀ ਮਨੁੱਖ ਲਈ ਅਨੇਕਾਂ ਸ੍ਰਿਸ਼ਟਾਚਾਰੀ ਨੁਕਤੇ ਹਨ, ਜਿਹਨਾਂ ਦਾ ਧਿਆਨ ਰੱਖ ਕੇ ਕੋਈ ਵੀ ਮਨੁੱਖ ਚੰਗਾ ਮਨੁੱਖ ਬਣ ਸਕਦਾ ਹੈ। ਸ੍ਰਿਸ਼ਟ ਵਿਵਹਾਰ ਮਨੁੱਖ ਨੂੰ ਅਸਮਾਨ ਦੀਆਂ ਉਚਾਈਆਂ ਤੱਕ ਪਹੁੰਚਾ ਦਿੰਦਾ ਹੈ। ਸ੍ਰਿਸ਼ਟਾਚਾਰੀ ਮਨੁੱਖ ਸਮਾਜ ਵਿਚ ਹਰ ਥਾਂ ਸਨਮਾਨ ਪਾਉਂਦਾ ਹੈ। ਸ੍ਰਿਸ਼ਟਾਚਾਰ ਬਾਰੇ ਇਕ ਸ਼ਾਇਰ ਕਹਿੰਦਾ ਹੈ:
ਸਿਸਟਾਚਾਰ ਕੀ ਬਾਤੇਂ ਹਮਕੋ
ਏਕ ਕਹਾਣੀ ਲਗਤੀ ਹੈ
ਨਾਨੀ ਨੇ ਜੋ ਸੁਣਾਈ ਥੀ
ਏਸੀ ਯੇ ਰਵਾਨੀ ਲਗਤੀ ਹੈ
ਏਕ ਬਾਤ ਤੁਮ ਸੁਣ ਲੋ ਪਿਆਰੇ
ਸ੍ਰਿਸ਼ਟਾਚਾਰ ਨਾ ਆਇਆ ਹਮਕੋ
ਤੋ ਕੁਝ ਭੀ ਨਾ ਆਇਆ ਹੈ
ਕਰ ਲੋ ਚਾਹੇ ਕਿਤਨੀ ਉਨਤੀ
ਫਿਰ ਵੀ ਕੁਛ ਨਾ ਪਾਇਆ ਹੈ
ਸ੍ਰਿਸ਼ਟ ਹੋ ਅਚਾਰ ਹਮਾਰਾ
ਏਸਾ ਹਮ ਵਿਚਾਰ ਕਰੇਂ
ਦੇ ਜਾਏਂ ਦੂਜਿਆਂ ਕੋ ਕੁਝ ਐਸਾ
ਦੁਨੀਆਂ ਹਮ ਕੋ ਯਾਦ ਕਰੇ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218