Month: September 2016

ਸਿਆਸੀ ਦਲਾਂ ਨੂੰ ਦਾਨ-ਪਾਰਦਰਸ਼ਤਾ ਦੀ ਕਮੀ

downloadਚੋਣ ਫ਼ੰਡ ਦੇ ਨਾਮ ‘ਤੇ ਫ਼ੰਡ ਇੱਕੱਠਾ ਕਰਨ ਲਈ ਸਾਰੀਆਂ ਪਾਰਟੀਆਂ ਹਮਾਮ ਵਿੱਚ ਨੰਗੀਆਂ ਹਨ। ਚੋਣਾਂ ਨੂੰ ਪਾਰਦਰਸ਼ੀ ਬਣਾਉਣ ਲਈ ਲਗਾਤਾਰ ਹੋ ਰਹੇ ਯਤਨਾਂ ਦੇ ਬਾਵਜੂਦ ਅਜੇ ਇਸ ਪੱਖੋਂ ਦਿੱਲੀ ਬਹੁਤ ਦੂਰ ਹੈ। ਭਾਰਤ ਵਿੱਚ ਕੰਪਨੀ ਕਾਨੂੰਨ ਦੇ ਮੁਤਾਬਕ ਕੋਈ ਕੰਪਨੀ ਆਪਣੇ ਤਿੰਨ ਵਰ੍ਹਿਆਂ ਦੇ ਮੁਨਾਫ਼ੇ ਦੇ ਔਸਤ ਦਾ ਸਾਢੇ ਸੱਤ ਫ਼ੀਸਦੀ ਸਿਆਸੀ ਪਾਰਟੀਆਂ ਨੂੰ ਦਾਨ ਦੇ ਸਕਦੀ ਹੈ। ਇੱਥੇ ਇੱਕ ਹੋਰ ਗੱਲ ਵੀ ਮਹੱਤਵਪੂਰਨ ਹੈ ਕਿ ਜੋ ਵੱਡੇ-ਵੱਡੇ ਘਰਾਣੇ ਰਾਜਨੀਤਿਕ ਪਾਰਟੀਆਂ ਨੂੰ ਚੰਦਾ ਦਿੰਦੇ ਹਨ, ਉਹ ਵੀ ਪੂਰੀ ਤਰ੍ਹਾਂ ਪਾਰਦਰਸ਼ਤਾ ਨਹੀਂ ਦਰਸਾਉਂਦੇ।  ਅਜਿਹੇ ਘਰਾਣੇ ਸਿਰਫ਼ ਚੰਦਾ ਹੀ ਨਹੀਂ ਦਿੰਦੇ, ਉਹ ਸਮੇਂ-ਸਮੇਂ ‘ਤੇ ਸਿਆਸੀ ਨੇਤਾਵਾਂ ਨੂੰ ਕਾਰਾਂ ਆਦਿ ਮੁਹੱਈਆ ਕਰਵਾ ਕੇ ਮਦਦ ਕਰਦੇ ਹਨ, ਕਦੇ-ਕਦੇ ਕਦੇ ਉਹ ਪਾਰਟੀ ਦੇ ਵੱਡੇ ਨੇਤਾਵਾਂ ਨੂੰ ਹਵਾਈ ਜਹਾਜ਼ ਵੀ ਮੁਹੱਈਆ ਕਰਵਾਉਂਦੇ ਹਨ। ਸੋ, ਨਕਦ ਫ਼ੰਡ ਦੇਣ ਤੋਂ ਇਲਾਵਾ ਵੀ ਸਿਆਸੀ ਪਾਰਟੀਆਂ ਦੀ ਕਈ ਤਰ੍ਹਾਂ ਨਾਲ ਮਦਦ ਕੀਤੀ ਜਾਂਦੀ ਹੈ। ਜਨਪ੍ਰਤੀਨਿਧੀ ਕਾਨੂੰਨ ਦੀ ਧਾਰਾ 29 ਸੀ ਦੇ ਮੁਤਾਬਕ ਅਗਰ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਉਹਨਾਂ ਨੂੰ ਮਿਲੀ ਰਾਸ਼ੀ ਉਤੇ ਛੋਟ ਚਾਹੀਦੀ ਹੈ ਤਾਂ ਉਹਨਾਂ ਨੂੰ 20 ਹਜ਼ਾਰ ਰੁਪਏ ਤੋਂ ਵੱਧ ਮਿਲੀ ਰਾਸ਼ੀ ਬਾਰੇ ਚੋਣ ਕਮਿਸ਼ਨ ਨੂੰ ਦੱਸਣਾ ਜ਼ਰੂਰੀ ਹੈ। ਸਿਆਸੀ ਦਲਾਂ ਨੇ ਇਸ ਸ਼ਰਤ ਤੋਂ ਬਚਣ ਲਈ ਮਿਲੀ ਰਾਸ਼ੀ ਨੂੰ 20 ਹਜ਼ਾਰ ਤੋਂ ਘੱਟ ਦੱਸਣਾ ਸ਼ੁਰੂ ਕਰ ਦਿੱਤਾ। ਰਾਸ਼ਟਰੀ ਦਲਾਂ ਵਿੱਚ ਬਹੁਜਨ ਸਮਾਜ ਪਾਰਟੀ ਇੱਕ ਅਜਿਹੀ ਪਾਰਟੀ ਹੈ, ਜਿਸਨੇ ਪਿਛਲੇ ਦਸ ਸਾਲਾਂ ਵਿੱਚ ਮਿਲੇ ਚੰਦੇ ਨੂੰ 20 ਹਜ਼ਾਰ ਤੋਂ ਘੱਟ ਹੀ ਦੱਸਿਆ ਹੈ। ਪਿਛਲੇ ਸਾਲ ਦੇਸ਼ ਦੀਆਂ ਛੇ ਕੌਮੀ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਵੱਖ-ਵੱਖ ਦਾਨੀਆਂ ਵੱਲੋਂ 622 ਕਰੋੜ ਰੁਪਏ ਮਿਲੇ। ਸਭ ਤੋਂ ਜ਼ਿਆਦਾ ਫ਼ੰਡ ਸੱਤਾਧਾਰੀ ਪਾਰਟੀ ਭਾਜਪਾ ਨੂੰ 437 ਕਰੋੜ ਪ੍ਰਾਪਤ ਹੋਇਆ। ਕਾਂਗਰਸ ਨੂੰ ਸਿਰਫ਼ 141 ਕਰੋੜ ਹੀ ਮਿਲੇ। ਤੀਜੇ ਨੰਬਰ ‘ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਰਹੀ ਜਿਸਨੂੰ 38 ਕਰੋੜ ਚੰਦਾ ਮਿਲਿਆ। ਭਾਰਤੀ ਜਨਤਾ ਪਾਰਟੀ ਨੂੰ 2014 ਵਿੱਚ ਮਿਲੇ ਚੰਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਏਅਰਟੈਲ ਦੇ ਸਤਿਆ ਇਲੈਕਟੋਰਲ ਟ੍ਰਸਟ ਦਾ ਰਿਹਾ ਹੈ। ਸਤਿਆ ਟਰੱਸਟ ਨੇ 2014 ਵਿੱਚ ਭਾਰਤੀ ਜਨਤਾ ਪਾਰਟੀ ਨੂੰ 363 ਕਰੋੜ ਰੁਪਏ ਚੰਦੇ ਦੇ ਰੂਪ ਵਿੱਚ ਦਿੱਤੇ। ਇਸ ਵਰ੍ਹੇ ਇਸੇ ਟਰੱਸਟ ਵੱਲੋਂ ਕਾਂਗਰਸ ਨੂੰ 59 ਕਰੋੜ ਦਿੱਤੇ ਗਏ। ਪਿਛਲੇ ਵਰ੍ਹੇ ਭਾਰਤੀ ਜਨਤਾ ਪਾਰਟੀ ਨੂੰ 1480 ਲੋਕਾਂ ਨੇ 20 ਹਜ਼ਾਰ ਤੋਂ ਵੱਧ ਚੰਦਾ ਦਿੱਤਾ। ਜਦੋਂ ਕਿ ਕਾਂਗਰਸ ਨੂੰ 710 ਅਜਿਹੇ ਚੰਦੇ ਮਿਲੇ, ਜਿਹਨਾਂ ਦੀ ਰਾਸ਼ੀ 20 ਹਜ਼ਾਰ ਤੋਂ ਜ਼ਿਆਦਾ ਸੀ। 33 ਕੰਪਨੀਆਂ ਅਤੇ ਇੱਕ ਟਰੱਸਟ ਨੇ ਭਾਰਤੀ ਜਨਤਾ ਪਾਰਟੀ ਨੁੰ ਇੱਕ ਕਰੋੜ ਤੋਂ ਜ਼ਿਆਦਾ ਚੰਦਾ ਦਿੱਤਾ।ਇਹਨਾਂ ਵਿੱਚ ਮਹਿੰਦਰਾ ਲਾਇਫ਼, ਸਪੇਸ, ਹੀਰੋ ਸਾਈਕਲਜ਼, ਭਾਰਤ ਫ਼ੋਨਜ਼, ਕੈਡਿਲਾ ਹੈਲਥਕੇਅਰ, ਬਿਰਲਾ ਕਾਰਪੋਰੇਸ਼ਨ ਅਤੇ ਸ੍ਰੀਰਾਮ ਇੰਡਸਟਰੀਜ਼ ਆਦਿ ਪ੍ਰਮੁੱਖ ਹਨ।
ਸਿਆਸੀ ਪਾਰਟੀਆਂ ਨੂੰ ਚੰਦੇ ਦੇ ਲੈਣ-ਦੇਣ ਦਾ ਇਹ ਆਕਲਨ ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫ਼ਾਰਮਜ਼ ਦੀ ਇੱਕ ਸੰਸਥਾ ਜੋ ਚੋਣ ਸੁਧਾਰਾਂ ਲਈ ਕੰਮ ਕਰ ਰਹੀ ਹੈ, ਨੇ ਜਾਰੀ ਕੀਤਾ ਹੈ। ਮੀਡੀਆ ਵਿੱਚ ਸੱਤਾਧਾਰੀ ਪਾਰਟੀ ਨੂੰ ਵੱਡੀ ਗਿਣਤੀ ਵਿੱਚ ਮਿਲੇ ਚੰਦੇ ਦੀ ਚਰਚਾ ਹੋ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ 2012-13 ਦੇ 83 ਕਰੋੜ ਦੇ ਮੁਕਾਬਲੇ ਭਾਜਪਾ ਨੂੰ 2013-14 ਵਿੱਚ 170 ਕਰੋੜ ਚੰਦੇ ਦੇ ਰੂਪ ਵਿੱਚ ਮਿਲੇ। ਦਿਲਚਸਪ ਤੱਥ ਇਹ ਹੈ ਕਿ 2014-15 ਵਿੱਚ ਇਹ ਚੰਦਾ ਢਾਈ ਗੁਣਾਂ ਵੱਧ ਕੇ 470 ਕਰੋੜ ਹੋ ਗਿਆ। ਇੱਕ ਦਿਲਚਸਪ ਤੱਥ ਇਹ ਵੀ ਹੈ ਕਿ ਦੋ ਟਰੱਸਟ ਅਜਿਹੇ ਹਨ ਜੋ ਸਿਰਫ਼ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਲਈ ਹੀ ਬਣਾਏ ਗਏ  ਹਨ। ਇਹਨਾਂ ਟਰੱਸਟਾਂ ਨੇ ਸਾਰੀਆਂ ਕੌਮੀ ਪਾਰਟੀਆਂ ਨੂੰ ਮਿਲੇ ਚੰਦੇ ਦਾ 40 ਫ਼ੀਸਦੀ ਤਿੰਨ ਰਾਸ਼ਟਰੀ ਪਾਰਟੀਆਂ ਨੂੰ ਦਾਨ ਦੇ ਰੂਪ ਵਿੱਚ ਦਿੱਤਾ ਹੈ। ਇਹ ਦੋਵੇਂ ਟਰੱਸਟ ਹਨ ਸਤਿਆ ਇਲੈਕਟੋਰਲ ਟਰੱਸਟ ਅਤੇ ਜਨਰਲ ਇਲੈਕਟੋਰਲ ਟਰੱਸਟ। ਇਹਨਾਂ ਦੋਵੇਂ ਟਰੱਸਟਾਂ ਨੇ ਪਿਛਲੇ ਸਾਲ ਤਿੰਨ ਰਾਸ਼ਟਰੀ ਪਾਰਟੀਆਂ ਨੂੰ 250 ਕਰੋੜ ਚੰਦੇ ਦੇ ਰੂਪ ਵਿੱਚ ਦਿੱਤੇ ਹਨ। ਇਹਨਾਂ ਵਿੱਚੋਂ 170 ਭਾਜਪਾ ਨੂੰ ਅਤੇ 73 ਕਰੋੜ ਕਾਂਗਰਸ ਨੂੰ ਦਿੱਤੇ ਗਏ। ਇੱਕੱਲੇ ਸੱਤਿਆ ਟਰੱਸਟ ਨੇ 107 ਕਰੋੜ ਭਾਜਪਾ ਨੂੰ ਦਿੱਤੇ ਅਤੇ ਜਨਰਲ ਟਰੱਸਟ ਨੇ 63 ਕਰੋੜ ਰੁਪਏ ਦਿੱਤੇ। ਸਤਿਆ ਨੇ ਕਾਂਗਰਸ ਨੂੰ ਸਿਰਫ਼ 19 ਕਰੋੜ ਦਿੱਤੇ ਜਦੋਂ ਕਿ ਜਨਰਲ ਨੇ ਕਾਂਗਰਸ ਦੇ ਮਾੜੇ ਦਿਨਾਂ ਵਿੱਚ ਵੀ ਇਸ ਪਾਰਟੀ ਨੂੰ 54 ਕਰੋੜ ਦਿੱਤੇ। ਇੱਕ ਹੋਰ ਦਿਲਚਸਪ ਤੱਥ ਇਹ ਵੀ ਹੈ ਕਿ ਦੇਸ਼ ਦੇ ਕਾਰੋਬਾਰੀ ਸਮੂਹ ਇਹਨਾਂ ਟਰੱਸਟਾਂ ਨੂੰ ਖੁਦ ਤੋਂ ਵੱਖ ਦਿਖਾਉਣਾ ਚਾਹੁੰਦੇ ਹਨ ਅਤੇ ਇਹਨਾਂ ਰਾਹੀਂ ਚੰਦਾ ਇਸ ਲਈ ਦੇਣਾ ਚਾਹੁੰਦੇ ਹਨ ਕਿਉਂਕਿ ਅਜਿਹਾ ਕਰਨ ਨਾਲ ਉਹਨਾਂ ਨੂੰ ਆਪਣੇ ਖਾਤਿਆਂ ਵਿੱਚ ਸਿਆਸੀ ਪਾਰਟੀਆਂ ਦਾ ਨਾਮ ਨਹੀਂ ਲਿਖਣਾ ਪੈਂਦਾ।
ਇਹ ਵੀ ਸਚਾਈ ਹੈ ਕਿ ਭਾਰਤ ਦੇ ਵੱਡੇ ਉਦਯੋਗਿਕ ਘਰਾਣੇ ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ ਦੀਆਂ ਕੰਪਨੀਆਂ, ਬੇਦਾਂਤਾ, ਕੋਟਨ ਮਹਿੰਦਰਾ, ਕੇ. ਕੇ. ਬਿਰਲਾ ਅਤੇ ਹੋਰ ਕਈ ਵੱਡੇ ਗਰੁੱਪ ਸਿਆਸੀ ਪਾਰਟੀਆਂ ਨੂੰ ਫ਼ੰਡ ਦੇਣ ਲਈ ਅੱਗੇ ਆਉਂਦੇ ਰਹੇ ਹਨ। ਭਾਰਤੀ ਜਨਤਾ ਪਾਰਟੀ ਜਦੋਂ ਸੱਤਾ ਵਿੱਚ ਨਹੀਂ ਸੀ ਉਸ ਸਮੇਂ ਵੀ ਅਜਿਹੇ ਘਰਾਣਿਆਂ ਨੇ ਭਾਜਪਾ ਨੂੰ ਖੂਬ ਚੰਦਾ ਦਿੱਤਾ। ਸੰਨ 2005 ਤੋਂ 2012 ਤੱਕ ਭਾਰਤੀ ਜਨਤਾ ਪਾਰਟੀ ਨੂੰ ਕਾਂਗਰਸ ਦੀ ਤੁਲਨਾ ਵਿੱਚ ਇਹਨਾਂ ਕਾਰਪੋਰੇਟ ਘਰਾਣਿਆਂ ਵੱਲੋਂ ਜ਼ਿਆਦਾ ਚੰਦਾ ਮਿਲਿਆ ਹੈ। ਇਹ ਵੀ ਸਚਾਈ ਹੈ ਕਿ ਭਾਜਪਾ ਨੂੰ ਚੰਦਾ ਦੇਣ ਵਾਲਿਆਂ ਵਿੱਚ ਮੈਨੂਫ਼ੈਕਚਰਿੰਗ ਅਤੇ ਰਿਆਲਟੀ ਸੈਕਟਰ ਅੱਗੇ ਰਿਹਾ ਹੈ ਅਤੇ ਕਾਂਗਰਸ ਨੂੰ ਫ਼ੰਡ ਦੇਣ ਵਾਲਿਆਂ ਵਿੱਚ ਕੰਸਟ੍ਰਕਸ਼ਨ ਕੰਪਨੀਆਂ ਅੱਗੇ ਰਹੀਆਂ ਹਨ। ਬਿਜਨਸ ਸਟੈਂਡਰਡ ਅਖਬਾਰ ਦੇ ਅਨੁਸਾਰ ਭਾਰਤੀ ਜਨਤਾ ਪਾਰਟੀ ਨੂੰ ਕਾਂਗਰਸ ਦੀ ਤੁਲਨਾ ਵਿੱਚ ਦੁੱਗਣਾ ਜ਼ਿਆਦਾ ਚੰਦਾ ਕਾਰਪੋਰੇਟ ਘਰਾਣਿਆਂ ਤੋਂ ਮਿਲਿਆ ਹੈ। ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਨੂੰ ਚੰਦਾ ਦੇਣ ਲਈ ਜੋ ਪਹਿਲ ਕੀਤੀ ਸੀ, ਉਸਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਨੇਕ ਕਾਰਪੋਰੇਟ ਘਰਾਣੇ ਟਰੱਸਟ ਬਣਾਉਣ ਲਈ ਅੱਗੇ ਆਏ ਸਨ। ਇਹਨਾਂ ਘਰਾਣਿਆਂ ਨੇ ਟਰੱਸਟ ਬਣਾ ਕੇ ਸਿਆਸੀ ਦਲਾਂ ਨੂੰ ਚੰਦਾ ਦੇਣ ਦੀ ਸ਼ੁਰੂਆਤ ਕੀਤੀ, ਤਾਂ ਕਿ ਚੋਣ ਖਰਚੇ ਵਿੱਚ ਕਾਲੇ ਧਨ ਦੀ ਵਰਤੋਂ ‘ਤੇ ਰੋਕ ਲਗਾਈ ਜਾ ਸਕੇ।
ਬਿਜਨਸ ਸਟੈਂਡਰਡ ਅਨੁਸਾਰ ਕਾਂਗਰਸ ਨੂੰ ਟਰੱਸਟ ਅਤੇ ਕੰਪਨੀਆਂ ਤੋਂ 70 ਕਰੋੜ 28 ਲੱਖ ਰੁਪਏ ਮਿਲੇ। ਕੰਸਟ੍ਰਕਸ਼ਨ ਅਤੇ ਇੰਪੋਰਟ-ਐਕਸਪੋਰਟ ਸੈਕਟਰ ਤੋਂ 23 ਕਰੋੜ 7 ਲੱਖ ਰੁਪਏ ਮਿਲੇ। ਦੂਜੇ ਪਾਸੇ ਭਾਜਪਾ ਨੂੰ ਉਤਪਾਦਨ ਸੈਕਟਰ ਤੋਂ 58 ਕਰੋੜ 18 ਲੱਖ, ਉਰਜਾ ਅਤੇ ਤੇਲ  ਸੈਕਟਰ ਤੋਂ 17 ਕਰੋੜ 6 ਲੱਖ ਅਤੇ ਰਿਆਲਟੀ ਸੈਕਟਰ ਤੋਂ 17 ਕਰੋੜ 1 ਲੱਖ ਰੁਪਏ ਮਿਲੇ। ਰਿਆਲਟੀ ਸੈਕਟਰ ਅਤੇ ਮੈਨੂਫ਼ੈਕਚਰਿੰਗ ਘਰਾਣਿਆਂ ਦਾ ਯੋਗਦਾਨ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਵਿੱਚ ਹਮੇਸ਼ਾ ਅੱਗੇ ਰਿਹਾ ਹੈ। 2006 ਤੋਂ 2012 ਤੱਕ ਕਾਂਗਰਸ ਨੂੰ ਅਦਿਤਿਆ ਬਿਰਲਾ ਗਰੁੱਪ 36 ਕਰੋੜ 41 ਲੱਖ, ਟੋਰੇਂਟ ਪਾਵਰ ਨੇ 11 ਕਰੋੜ 85 ਲੱਖ ਅਤੇ ਸਤਿਆ ਟਰੱਸਟ ਨੇ 11 ਕਰੋੜ ਰੁਪਏ ਚੰਦੇ ਵਜੋਂ ਦਿੱਤੇ। ਇਹਨਾਂ ਵਰ੍ਹਿਆਂ ਵਿੱਚ ਅਦਿਤਿਆ ਬਿਰਲਾ ਗਰੁੱਪ ਨੇ ਭਾਰਤੀ ਜਨਤਾ ਪਾਰਟੀ ਨੂੰ 26 ਕਰੋੜ 57 ਲੱਖ, ਟੋਰਟ ਪਾਵਰ ਨੇ 13 ਕਰੋੜ ਅਤੇ ਏਸ਼ੀਅਨ ਹੋਰਡਿੰਗਜ ਨੇ 10 ਕਰੋੜ ਦਿੱਤੇ। 2013 ਦੇ ਵਰ੍ਹੇ ਕਾਂਗਰਸ ਨੂੰ ਸਿਰਫ਼ 11 ਕਰੋੜ 72 ਲੱਖ ਮਿਲੇ ਜਦੋਂ ਕਿ ਭਾਜਪਾ ਨੂੰ ਇਸ ਤੋਂ 7 ਗੁਣਾਂ ਜ਼ਿਆਦਾ ਫ਼ੰਡ ਮਿਲਿਆ।
ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫ਼ਾਰਮਜ਼ ਅਨੁਸਾਰ ਚੋਣਾਂ ਵਿੱਚ ਚੰਦੇ ਦੇਣ ਲਈ 15 ਘਰਾਣਿਆਂ ਨੇ ਆਪਣੇ ਆਪਣੇ ਟਰੱਸਟ ਬਣਾਏ ਹਨ। ਇਹਨਾਂ ਵਿੱਚ ਮਹਿੰਦਰਾ ਗਰੁੱਪ ਦਾ ਮਹਿੰਦਰਾ ਟਰੱਸਟ, ਵੇਦਾਂਤਾ ਗਰੁੱਪ ਦਾ ਜਨਹਿਤ, ਟਾਟਾ ਗਰੁੱਪ ਦਾ ਪ੍ਰੋਗੈਸਵ, ਰਿਲਾਇੰਸ ਗਰੁੱਪ ਦਾ ਪੀਪਰਜ਼, ਬਿਰਲਾ ਗਰੁੱਪ ਦਾ ਪਰਿਵਰਤਨ, ਬਜਾਜ ਗਰੁੱਪ ਦਾ ਬਜਾਜ ਟਰੱਸਟ, ਲੋਢਾ ਗਰੁੱਪ ਦਾ ਜਾਗ੍ਰਤੀ, ਕੇ. ਕੇ. ਬਿਰਲਾ ਗਰੁੱਪ ਦਾ ਸਮਾਜ ਅਤੇ ਜੈਨ ਗਰੁੱਪ ਮੋਰੀ ਵੈਲਫ਼ੇਅਰ ਟਰੱਸਟ ਆਦਿ ਸ਼ਾਮਲ ਹਨ। ਕਮਾਲ ਇਹ ਹੈ ਕਿ ਇਹਨਾਂ ਵਿੱਚ ਬਹੁਤੇ ਟਰੱਸਟਾਂ ਦੀ ਜਾਣਕਾਰੀ ਚੋਣ ਕਮਿਸ਼ਨ ਕੋਲ ਨਹੀਂ ਹੈ।
ਚੋਣ ਕਮਿਸ਼ਨ ਦੇ ਯਤਨਾਂ ਦੇ ਬਾਵਜੂਦ ਟਰੱਸਟ, ਉਦਯੋਗਿਕ ਘਰਾਣੇ ਅਤੇ ਸਿਆਸੀ ਪਾਰਟੀਆਂ ਸਹੀ ਜਾਣਕਾਰੀ ਕਮਿਸ਼ਨ ਕੋਲ ਨਹੀਂ ਪਹੁੰਚਾਉਂਦੀਆਂ। ਕਮਿਸ਼ਨ ਅਨੁਸਾਰ ਭਾਰਤੀ ਜਨਤਾ ਪਾਰਟੀ ਨਿਸਚਿਤ ਤਾਰੀਖ ਦੇ ਦੋ ਮਹੀਨੇ ਬਾਅਦ ਆਪਣਾ ਹਿਸਾਬ ਕਿਤਾਬ ਪੇਸ਼ ਕੀਤਾ। ਨੈਸ਼ਨਲ ਕਾਂਗਰਸ ਪਾਰਟੀ ਇੱਕ ਅਜਿਹੀ ਕੌਮੀ ਪਾਰਟੀ ਹੈ ਜਿਸਨੇ ਸਹੀ ਤਰੀਕੇ ਨਾਲ ਹਿਸਾਬ ਕਮਿਸ਼ਨ ਨੂੰ ਨਹੀਂ ਦਿੱਤਾ। ਇਸ ਤਰ੍ਹਾਂ 18 ਖੇਤਰੀ ਪਾਰਟੀਆਂ ਵੀ ਆਪਣਾ ਹਿਸਾਬ ਕਿਤਾਬ ਨਹੀਂ ਪੇਸ਼ ਕਰਦੀਆਂ। ਆਮ ਆਦਮੀ ਪਾਰਟੀ ਵੀ ਇਸ ਪੱਖੋਂ ਵਿਵਾਦਾਂ ਵਿੱਚ ਘਿਰੀ ਰਹੀ ਹੈ। ਲੋਕਤੰਤਰ ਵਿੱਚ ਇਹ ਲੋਕਾਂ ਦਾ ਅਧਿਕਾਰ ਹੈ ਕਿ ਆਪਣੀਆਂ ਸਿਆਸੀ ਪਾਰਟੀਆਂ ਦੇ ਆਮਦਨ ਖਰਚੇ ਨੂੰ ਜਾਨਣ। ਲੋਕਾਂ ਕੋਲ ਇਹ ਜਾਨਣ ਦਾ ਅਧਿਕਾਰ ਵੀ ਹੈ ਕਿ ਪਾਰਟੀਆ ਦੀ ਆਮਦਨ ਕਿੰਨੀ ਹੈ ਅਤੇ ਕੌਣ ਕੌਣ ਕਿੰਨਾ ਚੰਦਾ ਦੇ ਰਿਹਾ ਹੈ। ਚੋਣਾਂ ਵਿੱਚ ਕਾਲੇ ਧਨ ਦੀ ਵਰਤੋਂ ਨੇ ਸਾਡੇ ਲੋਕਤੰਤਰ ਵਿੱਚ ਚੋਣਾਂ ਨੂੰ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਕਰ ਦਿੱਤਾ ਹੈ। ਇਹ ਗੱਲ ਵੀ ਪੱਕੀ ਹੈ ਕਿ ਜੋ ਘਰਾਣੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਪਾਰਟੀਆਂ ਦੀ ਆਰਥਿਕ ਮਦਦ ਕਰਦੇ ਹਨ, ਉਹ ਸਰਕਾਰਾਂ ਤੋਂ ਜਾਇਜ਼-ਨਜਾਇਜ਼ ਕੰਮ ਵੀ ਲੈਂਦੇ ਹਨ। ਜਿਸ ਉਦਯੋਗਪਤੀ ਦਾ ਜਹਾਜ਼ ਚੋਣਾਂ ਵਿੱਚ ਵਰਤਿਆ ਜਾਵੇਗਾ, ਉਹ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦਾ ਯਤਨ ਕਰੇਗਾ ਹੀ। ਦੇਸ਼ ਵਿੱਚ ਲੋਕਤੰਤਰ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਅਤੇ ਪਾਰਦਰਸ਼ਤਾ ਕਾਇਮ ਕਰਨ ਹਿਤ ਜ਼ਰੂਰੀ ਹੈ ਕਿ ਚੋਣ ਕਮਿਸ਼ਨ ਪਾਰਟੀਆਂ ਤੋਂ ਮਿਲ ਰਹੇ ਚੰਦੇ ਦਾ ਹਿਸਾਬ ਸਖਤੀ ਨਾਲ ਮੰਗੇ।

ਖੇਡ ਸ਼ੌਹਰਤ ਤੇ ਸਿਆਸਤ ਦੀ

downloadਉਨ ਕਾ ਜੋ ਫ਼ਰਜ਼ ਹੈ,
ਵੋ ਅਹਿਲੇ ਸਿਆਸਤ ਜਾਨੇ
ਮੇਰਾ ਪੈਗ਼ਾਮ ਮੁਹੱਬਤ ਹੈ, ਜਹਾਂ ਤਕ ਪਹੁੰਚੇ
ਜਿਗਰ ਮੁਰਾਦਾਬਾਦੀ ਸ਼ਾਇਦ ਉਕਤ ਸ਼ੇਅਰ ਰਾਹੀਂ ਇਕ ਸ਼ਾਇਰ, ਇਕ ਕਲਾਕਾਰ ਅਤੇ ਇਕ ਅਦਾਕਾਰ ਦਾ ਫ਼ਰਜ਼ ਬਿਆਨ ਕਰ ਰਹੇ ਹਨ ਅਤੇ ਉਹਨਾ ਦਾ ਫ਼ਰਜ਼ ਹੈ ਮੁਹੱਬਤ, ਪ੍ਰੇਮ ਅਤੇ ਭਾਈਚਾਰੇ ਦਾ ਪੈਗ਼ਾਮ ਆਪਣੀ ਸ਼ਾਇਰੀ, ਆਪਣੀ ਅਦਾਕਾਰੀ ਅਤੇ ਆਪਣੀ ਕਲਾਕਾਰੀ ਰਾਹੀਂ ਅਵਾਮ ਦੇ ਦਿਲਾਂ ਤੱਕ ਪਹੁੰਚਾਣਾ। ਆਪਣੀ ਕਲਾ ਦੇ ਸਿਰ ‘ਤੇ ਇਕ ਕਲਾਕਾਰ ਸ਼ੋਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚ ਜਾਂਦਾ ਹੈ। ਲੋਕ ਉਸਨੂੰ ਮੁਹੱਬਤ ਦਿੰਦੇ ਹਨ, ਪਿਆਰ ਦਿੰਦੇ ਹਨ, ਉਸਦੀ ਦੀਦ ਦੇ ਦੀਵਾਨੇ ਬਣ ਜਾਂਦੇ ਹਨ। ਉਸਨੂੰ ਇਕ ਨਜ਼ਰ ਵੇਖਣ ਲਈ ਉਤਾਵਲੇ ਨਜ਼ਰ ਆਉਂਦੇ ਹਨ। ਅਜਿਹੀ ਸ਼ੋਹਰਤ ਦੀ ਬੁਲੰਦੀ ਉਤੇ ਪੁਜੇ  ਹੋਏ ਕਲਾਕਾਰਾਂ, ਗਾਇਕਾਂ, ਅਦਾਕਾਰਾਂ ਅਤੇ ਖਿਡਾਰੀਆਂ ਉਪਰ ਸਿਆਸਤਦਾਨਾਂ ਦੀ ਅੱਖ ਹੁੰਦੀ ਹੈ। ਕਈ ਵਾਰ ਕਲਾਕਾਰ ਵੀ ਸ਼ੋਹਰਤ ਦੇ ਨਾਲ ਨਾਲ ਸੱਤਾ ਦੀ ਲਾਲਸਾ ਰੱਖਦਾ ਹੈ। ਸ਼ਾਇਦ ਅਜਿਹੇ ਹੀ ਹਾਲਾਤ ਪੰਜਾਬ ਦੇ ਗਾਇਕਾਂ, ਅਦਾਕਾਰਾਂ, ਕਲਾਕਾਰਾਂ ਅਤੇ ਖਿਡਾਰੀਆਂ ਦੇ ਹਨ। ਅੱਜ ਬੜੀ ਤੇਜ਼ੀ ਨਾਲ ਸ਼ੋਹਰਤ ਹਾਸਲ ਕਰਨ ਤੋਂ ਬਾਅਦ ਅਜਿਹੇ ਲੋਕ ਸੱਤਾ ਦੀ ਚਾਹਤ ਵਿੱਚ ਸਿਆਸਤ ਵਿੱਚ ਆ ਰਹੇ ਹਨ।
ਉਂਝ ਕੋਈ ਨਵਾਂ ਵਰਤਾਰਾ ਨਹੀਂ ਸਮੇਂ ਸਮੇਂ ਸਿਆਸੀ ਪਾਰਟੀਆਂ ਕਲਕਾਰਾਂ ਦੀ ਪ੍ਰਸਿੱਧੀ ਨੂੰ ਵਰਤਦੀਆਂ ਰਹੀਆਂ ਹਨ। ਹਿੰਦੋਸਤਾਨ ਦੀ ਰਾਜਨੀਤੀ ਵਿੱਚ ਕਈ ਵੱਡੇ ਨਾਮ ਵਿੱਚਰਦੇ ਰਹੇ ਹਨ, ਜਿਵੇਂ ਅਮਿਤਾਬ ਬਚਨ, ਅਲਾਹਾਬਾਦ ਤੋਂ ਐਮ. ਪੀ. ਰਹੇ। ਰਾਮਾਨੰਦ ਸਾਗਰ ਦੀ ਰਮਾਇਣ ਵਿੱਚ ਰਾਮ ਦਾ ਰੋਲ ਕਰਨ ਵਾਲੇ ਅਰੁਣ ਗੋਇਲ, ਕ੍ਰਿਸ਼ਨ ਦਾ ਰੋਲ ਕਰਨ ਵਾਲੇ ਨਿਤੀਸ਼ ਭਾਰਦਵਾਜ, ਭੱਪੀ ਲਹਿਰੀ, ਚਰਨਜੀਵੀ, ਦਾਰਾ ਸਿੰਘ, ਸੀਤਾ ਦੀ ਭੂਮਿਕਾ ਕਰਨ ਵਾਲੀ ਦੀਪਿਕਾ, ਧਰਮਿੰਦਰ, ਹੇਮਾ ਮਾਲਿਨੀ, ਜਯਾ ਬਚਨ, ਜੈਲਲਿਤਾ, ਜੈਪ੍ਰਦਾ, ਕਿਰਨ ਖੇਰ, ਜਾਵੇਦ ਜਾਫ਼ਰੀ, ਮਿਠੁਨ ਚੱਕਰਵਰਤੀ, ਰੇਖਾ, ਰਾਜ ਬੱਬਰ, ਵਿਨੋਦ ਖੰਨਾ, ਸੱਤਰੂਘਨ ਸਿਨਹਾ, ਮੁਨ ਮੁਨ ਸੇਨ, ਸੰਜੇ ਦੱਤ, ਸ਼ਬਾਨਾ ਆਜਮੀ, ਸਮ੍ਰਿਤੀ ਇਰਾਨੀ, ਸੁਨੀਲ ਦੱਤ ਅਤੇ ਸੁਰੇਸ਼ ਉਬਰਾਏ, ਗੋਵਿੰਦਾ ਆਦਿ। ਪੰਜਾਬ ਦਾ ਪੁੱਤਰ ਧਰਮਿੰਦੀ 14ਵੀਂ ਲੋਕ ਸਭਾ ਵਿੱਚ ਬੀਕਾਨੇਰ ਤੋਂ ਭਾਜਪਾ ਤੋਂ ਮੈਂਬਰ ਪਾਰਲੀਮੈਂਟ ਬਣਿਆ। ਐਨ. ਟੀ. ਰਾਮਾਰਾਓ ਦਾ ਸਾਥੀ ਐਕਟਰ ਬਾਬੂ ਮੋਹਨ ਐਮ. ਐਲ. ਏ. ਰਿਹਾ। ਤੇਲਗੂ ਸਿਨੇਮਾ ਦਾ ਵੱਡਾ ਨਾਮ ਚਿਰਨਜੀਵੀ ਜੋ ਫ਼ਿਲਮ ਐਕਟਰ ਅਤੇ ਡਾਂਸਰ ਹੈ, ਨੇ ਵੀ ਸਿਆਸਤ ਵਿੱਚ ਚੰਗਾ ਨਾਮ ਬਣਾਇਆ। ਉਹ ਟੂਰਿਜ਼ਮ ਦਾ ਰਾਜ ਮੰਤਰੀ ਰਿਹਾ। ਕੇ. ਬੀ. ਗਨੇਸ਼ ਕੁਮਾਰ ਕੇਰਲਾ ਦਾ ਜੰਗਲਾਤ ਮੰਤਰੀ ਰਿਹਾ ਹੈ। ਉਹ ਟੀ. ਵੀ. ਅਤੇ ਫ਼ਿਲਮੀ ਕਲਾਕਾਰ ਹੈ। ਕਾਤਾ ਸਰੀਨਿਵਾਸ ਰਾਮਾ ਤੇਲਗੂ ਸਿਨੇਮਾ ਦਾ ਪ੍ਰਸਿੱਧ ਐਕਟਰ ਆਂਧਰਾ ਪ੍ਰਦੇਸ਼ ਵਿੱਚ ਐਮ. ਐਲ. ਏ. ਹੈ। ਕਮੇਡੀਅਨ ਅਦਾਕਾਰ ਜਾਵੇਦ ਜਾਫ਼ਰੀ ਵੀ ਲਖਨਊ ਤੋਂ ਚੋਣ ਲੜ ਚੁੱਕਿਆ ਹੈ। ਦੱਖਣੀ ਭਾਰਤ ਦੇ ਸਿਨੇਮਾ ਕਲਾਕਾਰ ਸਿਆਸਤ ਵਿੱਚ ਬਹੁਤ ਕਾਮਯਾਬ ਰਹੇ ਹਨ। ਐਨ. ਟੀ. ਰਾਓ ਅਤੇ ਜੈਲਲਿਤਾ ਇਸ ਪੱਖੋਂ ਮਹੱਤਵਪੂਰਨ ਉਦਾਹਰਨਾਂ ਹਨ। ਦੇਸ਼ ਦੀਆਂ ਸਿਆਸੀ ਪਾਰਟੀਆਂ ਵਿੱਚੋਂ ਦੋ ਕੌਮੀ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਫ਼ਿਲਮੀ ਅਤੇ ਗਾਇਕ ਕਲਾਕਾਰਾਂ ਦੀ ਸ਼ੋਹਰਤ ਦਾ ਖੂਬ ਸਿਆਸੀ ਲਾਹਾ ਲਿਆ ਹੈ।
ਫ਼ਿਲਮੀ ਕਲਾਕਾਰਾਂ ਦਾ ਸਿਆਸਤ ਵਿੱਚ ਆਪਣੀ ਸਿਆਸੀ ਭੂਮਿਕਾ ਨਿਭਾਉਣ ਦਾ ਵਰਤਾਰਾ ਵਿਸ਼ਵ ਵਿਆਪੀ ਹੈ। ਕੈਨੇਡਾ ਦੀ ਸਿਆਸਤ ਜਿੱਥੇ ਅੱਜਕਲ੍ਹ ਪੰਜਾਬੀਆਂ ਖਾਸ ਤੌਰ ‘ਤੇ ਸਰਦਾਰਾਂ ਦਾ ਬੋਲਬਾਲਾ ਹੈ, ਉਥੇ ਵੀ ਬਹੁਤ ਸਾਰੇ ਕਲਾਕਾਰ ਸਿਆਸਤਦਾਨ ਰਹੇ ਹਨ। ਐਕਟਰ ਅਤੇ ਗਾੲਕ ਜੀਨ ਲੈਪਉਨਿਟੇ ਲਿਬਰਲ ਪਾਰਟੀ ਵੱਲੋਂ ਐਮ. ਪੀ. ਰਹੇ ਹਨ। ਫ਼ਿਲਮ ਅਭਿਨੇਤਰੀ ਟੀਨਾ ਕੀਪਰ ਵੀ ਐਮ. ਪੀ. ਰਹੀ ਹੈ। ਅਮਰੀਕਾ ਵਿੱਚ ਅਨੇਕਾਂ ਕਲਾਕਾਰਾਂ ਨੇ ਸਿਆਸਤ ਵਿੱਚ ਜ਼ੋਰ ਅਜ਼ਮਾਈ ਕੀਤੀ ਹੈ। ਉਦਾਹਰਣ ਵਜੋਂ ਏ. ਐਲ. ਫ਼ਰੈਂਕਣ ਸੈਨੇਟਰ ਰਹੇ ਹਨ। ਅਰਨੋਲਡ ਕੈਲੇਫ਼ੋਰਨੀਆ ਦੇ ਗਵਰਨਰ ਰਹੇ ਹਨ। ਬੈਨ ਜੋਟਾ     ਕਾਂਗਰਸ ਦੇ ਮੈਂਬਰ ਸਨ ਅਤੇ ਜੌਰਜ ਮਰਫ਼ੀ ਸੈਨੇਟਰ ਰਹੇ ਹਨ। ਬਰਤਾਨੀਆ ਵਿੱਚ ਕਲਾਕਾਰ ਮਾਈਕਲ ਲੇਬਰ ਪਾਰਟੀ ਵੱਲੋਂ ਪਾਰਲੀਮੈਂਟ ਦੇ ਮੈਂਬਰ ਸਨ। ਐਂਡਰਿਊ ਵੀ ਲੇਬਰ ਐਮ. ਪੀ. ਸਨ ਅਤੇ ਜੈਨਸਨ ਨੇ ਵੀ ਲੇਬਰ ਪਾਰਟੀ ਵੱਲੋਂ ਸਿਆਸਤ ਕੀਤੀ। ਸ਼੍ਰੀਲੰਕਾ ਦੇ ਟੀ. ਵੀ. ਅਤੇ ਫ਼ਿਲਮੀ ਕਲਾਕਾਰ ਇਲਗਰਾਂਟੇ ਕੈਬਨਿਟ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਵਿਜਾਇ ਕੁਮਾਰਟੁੰਗਾ ਕਲਾਕਾਰ ਹੋਣ ਦੇ ਨਾਲ ਨਾਲ ਸ੍ਰੀਲੰਕਾ ਮਹਜਨਾਂ ਪਾਰਟੀ ਦੇ ਸੰਸਥਾਪਕ ਸਨ। ਜੀਨ ਕੁਮਾਰਟੁੰਗਾ ਵੀ ਕੈਬਨਿਟ ਵਿੱਚ ਸ਼ਾਮਲ ਸਨ। ਇਸ ਤਰ੍ਹਾਂ ਅਦਾਕਾਰ ਕਲਾਕਾਰ ਸ੍ਰੀਲੰਕਾ ਪਾਰਲੀਮੈਂਟ ਵਿੱਚ ਸ਼ਾਮਲ ਰਹੇ। ਫ਼ਿਲਪਾਈਨ ਦੇ 30 ਤੋਂ ਵੱਧ ਕਲਾਕਾਰ ਸਿਆਸਤ ਵਿੱਚ ਸਰਗਰਮ ਹਨ।
ਇਸ ਤਰ੍ਹਾਂ ਪੰਜਾਬ ਦੀ ਸਿਆਸਤ ਵਿੱਚ ਵੀ ਅਨੇਕਾਂ ਗਾਇਕ, ਟੀ. ਵੀ. ਅਤੇ ਫ਼ਿਲਮੀ ਕਲਾਕਾਰ ਆਪਣੀ ਕਿਸਮਤ ਅਜ਼ਮਾਉਣ ਲਈ ਹੱਥ ਪੈਰ ਮਾਰ ਰਹੇ ਹਨ। 75 ਵਰ੍ਹਿਆਂ ਦੇ ਮੁਹੰਮਦ ਸਦੀਕ ਇਹਨਾਂ ਸਭ ਤੋਂ ਸੀਨੀਅਰ ਹਨ। ਉਂਝ ਮੁਹੰਮਦ ਸਦੀਕ ਵਾਂਗ ਕਲੀਆਂ ਦੇ ਬਾਦਸ਼ਾਹ ਕਹਾਉਣ ਵਾਲੇ ਕੁਲਦੀਪ ਮਾਣਕ ਨੇ ਵੀ ਅਸਫ਼ਲ ਚੋਣ ਲੜੀ ਸੀ। ਅਕਾਲੀਆਂ ਦਾ ਰਾਜ ਗਾਇਕ ਅਤੇ ਪਦਮਸ਼੍ਰੀ ਦੀ ਉਪਾਧੀ ਨਾਲ ਸਨਮਾਨਤ ਸੂਫ਼ੀ ਗਾਇਕ ਅੱਜਕਲ੍ਹ ਕਾਂਗਰਸ ਪਾਰਟੀ ਦਾ ਮੈਂਬਰ ਹੈ। ਗੁਰਪ੍ਰੀਤ ਘੁੱਗੀ ਅਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਟਾਪ ਦੇ ਲੀਡਰ ਹਨ। ਇਹਨਾਂ ਤੋਂ ਇਲਾਵਾ ਬਲਕਾਰ ਸਿੱਧੂ ਵੀ ਆਪ ਦਾ ਮੈਂਬਰ ਰਿਹਾ, ਭਾਵੇਂ ਉਸਨੂੰ ਟਿਕਟ ਦੇ ਕੇ ਵਾਪਸ ਲੈ ਲਿਆ ਗਿਆ ਸੀ। ਜੱਸੀ ਜਸਰਾਜ ਆਪ ਵੱਲੋਂ ਹਰਸਿਮਰਤ ਕੌਰ ਖਿਲਾਫ਼ ਬਠਿੰਡੇ ਤੋਂ ਚੋਣ ਲੜਿਆ ਸੀ। ਕੇ. ਐਸ. ਮੱਖਣ ਬਹੁਜਨ ਸਮਾਜ ਪਾਰਟੀ ਵੱਲੋਂ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸੀ। ਦਲੇਰ ਮਹਿੰਦੀ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ। ਗੁਲ ਪਨਾਗ ਚੰਡੀਗੜ੍ਹ ਤੋਂ ਆਪ ਦੀ ਉਮੀਦਵਾਰ ਸੀ। ਮਿਸ ਪੂਜਾ ਭਾਜਪਾ ਦੀ ਮੈਂਬਰ ਹੈ। ਸਤਵਿੰਦਰ ਬਿੱਟੀ ਕਾਂਗਰਸੀ ਹੈ, ਹਰਭਜਨ ਮਾਨ ਅਕਾਲੀ ਰਿਹਾ ਹੈ ਪਰ ਉਸਨੂੰ ਸਿਆਸਤ ਰਾਸ ਨਹੀਂ ਆਈ। ਬਚਨ ਬੇਦਿਲ ਆਮ ਆਦਮੀ ਪਾਰਟੀ ਵਿੱਚ ਕੰਮ ਕਰ ਰਿਹਾ ਹੈ। ਇਹ ਕੁਝ ਕੁ ਕਲਾਕਾਰ, ਗਾਇਕ ਅਤੇ ਅਦਾਕਾਰਾਂ ਦੇ ਨਾਮ ਹਨ। ਫ਼ਿਰ ਕਿਸੇ ਦਿਨ ਖਿਡਾਰੀਆਂ ਦੀ ਸੂਚੀ ਦੇਵਾਂਗੇ। ਜੋ ਤਾਂ ਸਿਆਸਤ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ‘ਸੇਵਾ’ ਕਰਨ ਗਏ ਹਨ, ਉਹਨਾਂ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਜੋ ਵਕਤੀ ਫ਼ਾਇਦੇ ਲਈ ਅਜਿਹਾ ਕਦਮ ਚੁੱਕਦੇ ਹਨ, ਉਹਨਾਂ ਉਤੇ ਮਿਰਜਾ ਗ਼ਾਲਿਬ ਦਾ ਇਹ ਸ਼ੇਅਰ ਢੁੱਕਦਾ ਹੈ:
ਸਿਆਸਤ ਮੇਂ ਕਭੀ ਦਾਖਿਲ,
ਰਿਆਸਤ ਮੇਂ ਕਭੀ ਸ਼ਾਮਿਲ
ਹਮਾਰਾ ਮੌਲਵੀ ਭੀ ਫ਼ਿਲ-ਮਿਸਲ ਥਾਲੀ ਕਾ ਬੈਂਗਨ ਹੈ
***
‘ਤੈਨੂੰ ਕਾਲਾ ਚਸ਼ਮਾ ਜਚਦਾ ਏ’
9 ਸਤੰਬਰ 2016 ਨੂੰ ਰਿਲੀਜ਼ ਹੋਈ ਹਿੰਦੀ ਫ਼ਿਲਮ ‘ਬਾਰ ਬਾਰ ਦੇਖੋ’ ਦੇ ਪੰਜਾਬੀ ਗਾਣੇ ‘ਤੈਨੂੰ ਕਾਲਾ ਚਸ਼ਮਾ ਜਚਦਾ ਏ, ਜਚਦਾ ਏ ਗੋਰੇ ਮੁਖੜੇ ‘ਤੇ’ ਨੇ ਧੂੰਮ ਮਚਾ ਰੱਖੀ ਹੈ। ਨਿਤਿਆ ਮਹਿਰਾ ਦੀ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਕੈਟਰੀਨਾ ਕੈਫ਼ ਅਤੇ ਸਿਧਾਰਥ ਮਲਹੋਤਰਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫ਼ਿਲਮ ਦੇ ਹਿੱਟ ਗੀਤ ‘ਤੈਨੂੰ ਕਾਲਾ ਚਸ਼ਮਾ ਜਚਦਾ ਏ’ ਨੂੰ ਅਮਰ ਆਰਸ਼ੀ, ਬਾਦਸ਼ਾਹ ਅਤੇ ਨੇਹਾ ਕੱਕੜ ਨੇ ਆਵਾਜ਼ ਦਿੱਤੀ ਹੈ। ਇਸ ਗਾਣੇ ਦੇ ਗੀਤਕਾਰ ਅਮਰੀਕ ਸਿੰਘ ਹਨ। ਅਮਰੀਕ ਨੇ ਇਹ ਗਾਣਾ ਅੱਜ ਤੋਂ 26 ਸਾਲ ਪਹਿਲਾਂ ਲਿਖਿਆ ਸੀ। ਪੁਲਿਸ ਦੇ ਕਰਮਚਾਰੀ ਅਮਰੀਕ ਨੇ ਇਹ ਗਾਣਾ 1990 ਵਿੱਚ ਲਿਖਿਆ ਸੀ। ਅਮਰੀਕ ਇਸ ਗਾਣੇ ਦੀ ਸਿਰਜਣਾ ਸਬੰਧੀ ਇਕ ਦਿਲਚਸਪ ਕਿੱਸਾ ਸੁਣਾਉੇਂਦੇ ਹਨ। ਅਮਰੀਕ ਦਾ ਕਹਿਣਾ ਹੈ ਕਿ 1990 ਵਿੱਚ ਉਸਨੇ ਜਦੋਂ ਇਹ ਗਾਣਾ ਲਿਖਿਆ ਸੀ, ਉਸ ਸਮੇਂ ਉਹ 9ਵੀਂ ਕਲਾਸ ਦਾ ਵਿਦਿਆਰਥੀ ਸੀ। ਇਕ ਦਿਨ ਉਹ ਚੰਡੀਗੜ੍ਹ ਗਿਆ। ਦੋਸਤਾਂ ਨਾਲ ਚੰਡੀਗੜ੍ਹ ਘੁੰਮਦੇ ਹੋਏ ਉਸਨੇ ਇਕ ਖੂਬਸੂਰਤ ਮੁਟਿਆਰ ਨੂੰ ਵੇਖਿਆ  ਜੋ ਕਾਲੇ ਚਸ਼ਮੇ ਵਿੱਚ ਬੇਹੱਦ ਸੋਹਣੀ ਲੱਗ ਰਹੀ ਸੀ। ਉਸਨੇ ਇਹ ਵੀ ਦੇਖਿਆ ਕਿ ਚੰਡੀਗੜ੍ਹ ਪੁਲਿਸ ਦਾ ਇਕ ਸਿਪਾਹੀ ਉਸਨੂੰ ਬਹੁਤ ਗੌਰ ਨਾਲ ਤਾੜ ਰਿਹਾ ਸੀ। ਅਮਰੀਕ ਦੀ ਕਲਮ ਨੇ ਉਸ ਪਲ ਦੀ ਕਲਪਨਾ ਕਰਕੇ ਇਹ ਗਾਣਾ ਸਿਰਜ ਦਿੱਤਾ ਸੀ। ਅਮਰੀਕ ਸ਼ੇਰਾ ਦਾ ਕਹਿਣਾ ਸੀ ਕਿ ਉਸਨੇ ਕਈ ਨਾਮੀ ਗਾਇਕਾਂ ਨੂੰ ਇਸ ਗੀਤ ਨੂੰ ਗਾਉਣ ਦੀ ਬੇਨਤੀ ਕੀਤੀ ਪਰ ਕਿਸੇ ਨੇ ਇਸਨੂੰ ਨਹੀਂ ਗਾਇਆ। ਆਖਿਰ ਅਮਰ ਆਰਸ਼ੀ ਨੇ ਪਹਿਲੀ ਵਾਰ ਇਹ ਗਾਣਾ ਸਟੇਜ ‘ਤੇ ਗਾਇਆ ਸੀ। ਜਿਵੇਂ ਮੱਖਣ ਬਰਾੜ ਦੇ ਗਾਣੇ ‘ਘਰ ਦੀ ਸ਼ਰਾਬ ਹੋਵੇ’ ਨੂੰ ਗੁਰਦਾਸ ਮਾਨ ਦੇ ਬੋਲਾਂ ਨੇ ਦਿਲਾਂ ਵਿੱਚ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਾ ਦਿੱਤਾ ਸੀ। ਉਸ ਤਰ੍ਹਾਂ ਇਸ ਗਾਣੇ ਨਾਲ ਨਹੀਂ ਵਾਪਰਿਆ। ਉਂਝ 1994 ਵਿੱਚ ਕੇ. ਟ੍ਰੈਗ ਕੰਪਨੀ ਵੱਲੋਂ ਇਹ ਗਾਣਾ ਰਿਕਾਰਡ ਕੀਤਾ ਗਿਆ ਸੀ।
ਪੰਜਾਬ ਪੁਲਿਸ ਦੇ ਜਵਾਨ ਅਮਰੀਕ ਨੇ ਨੌਕਰੀ ਦੇ ਨਾਲ ਨਾਲ ਆਪਣਾ ਗਾਣੇ ਲਿਖਣ ਦਾ ਸ਼ੌਂਕ ਜਾਰੀ ਰੱਖਿਆ। ਪਰ ਕਮਾਲ ਇਹ ਹੈ ਕਿ ਇਸ ਗਾਣੇ ਦੇ ਸਿਰ ‘ਤੇ ਕਰੋੜਾਂ ਰੁਪਏ ਕਮਾਉਣ ਵਾਲੀ ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਗੀਤਕਾਰ ਨੂੰ ਸਿਰਫ਼ 11000 ਰੁਪਏ ਹੀ ਦਿੱਤੇ ਗਏ। ਮੀਡੀਆ ਦੀ ਇਕ ਰਿਪੋਰਟ ਮੁਤਾਬਕ ਜਦੋਂ ਅਮਰੀਕ ਨਾਲ ਇਸ ਗਾਣੇ ਦਾ ਐਗਰੀਮੈਂਟ ਹੋਇਆ, ਉਸ ਸਮੇਂ ਅਮਰੀਕ ਨੂੰ ਫ਼ਿਲਮ ਵਿੱਚ ਗਾਉਣ ਵਾਲੇ ਤੱਥ ਨੂੰ ਲੁਕੋ ਕੇ ਰੱਖਿਆ ਗਿਆ। ਉਸਨੂੰ ਆਪਣੇ ਨਾਲ ਹੋਏ ਇਸ ਧੋਖੇ ਦਾ ਦੁੱਖ ਹੈ ਪਰ ਉਹ ਖੁਸ਼ ਹੈ ਕਿ ਉਸਦੀ ਕਲਮ ਨੇ ਉਹ ਗਾਣਾ ਸਿਰਜਿਆ ਹੈ, ਜੋ ਅੱਜ ਹਿੰਦੋਸਤਾਨ ਨੂੰ ਨਚਾ ਰਿਹਾ ਹੈ। ਕਲਾਕਾਰਾਂ ਦੇ ਇਸ ਤਰ੍ਹਾਂ ਦੇ ਧੋਖੇ ਦਾ ਇਹ ਕੋਈ ਨਵਾਂ ਕੇਸ ਨਹੀਂ। ਉਹਨਾਂ ਨਾਲ ਅਜਿਹੇ ਧੋਖੇ ਅਕਸਰ ਹੁੰਦੇ ਵੇਖੇ ਗਏ ਹਨ। ਅਤੇ ਫ਼ਿਲਮ ਨਗਰੀ ਤਾਂ ਅਜਿਹੇ ਧੋਖਿਆਂ ਦਾ ਗੜ੍ਹ ਹੈ। ਖੈਰ, ਪੰਜਾਬੀਆਂ ਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਬਾਲੀਵੁੱਡ ਵਿੱਚ ਪੰਜਾਬੀ ਗਾਣੇ ਛਾਏ ਹੋਏ ਹਨ।

ਜੰਗ ਦਿੱਲੀ-ਪੰਜਾਬ ਦਾ ਹੋਣ ਲੱਗਾ

downloadਦੋ ਧਿਰਾਂ ਦੀ ਲੜਾਈ ਵਿੱਚ ਕੋਈ ਇਕੋ ਧਿਰ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਂਝ ਭਰਾਵਾਂ ਦੀ ਲੜਾਈ ਸਭ ਤੋਂ ਵੱਧ ਭੈੜੀ ਹੁੰਦੀ ਹੈ ਅਤੇ ਸਿਆਸਤ ਵਿੱਚ ਇਕੋ ਹੀ ਮਕਸਦ ਨੂੰ ਲੈ ਕੇ, ਇਕੋ ਝੰਡੇ ਥੱਲੇ ਸੰਘਰਸ਼ ਕਰ ਰਹੇ ਲੋਕਾਂ ਦੀ ਲੜਾਈ ਤਾਂ ਭੈੜੀ ਤੋਂ ਵੀ ਭੈੜੀ ਹੁੰਦੀ ਹੈ। ਕੁਝ ਅਜਿਹਾ ਹੀ ਵਾਪਰ ਰਿਹਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ। ਕੁਝ ਦਿਨ ਪਹਿਲਾਂ ਤੱਕ ਪਾਰਟੀ ਦੀ ਪੂਰੀ ਚੜ੍ਹਾਈ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 100 ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਸਨ। ਅਰਵਿੰਦ ਕੇਜਰੀਵਾਲ ਨੂੰ ਮਸੀਹੇ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਸੀ। ਕੇਜਰੀਵਾਲ ਦੇ ਦਿੱਲੀ ਤੋਂ ਭੇਜੇ ਸੂਬੇਦਾਰਾਂ ਕੋਲ ਪਾਰਟੀ ਦੀ ਪੂਰੀ ਸ਼ਕਤੀ ਸੀ। ਜਦੋਂ 32 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਤਾਂ ਪੰਜਾਬ ਆਪ ਦੇ ਕਨਵੀਨਰ ਨੇ ਮੂੰਹ ਖੋਲ੍ਹਣ ਦੀ ਜੁਅਰਤ ਕੀਤੀ। ਉਸਨੂੰ ਇਕ ਸਟਿੰਗ ਵਿੱਚ ਦੋ ਲੱਖ ਰੁਪਏ ਲੈਂਦੇ ਹੋਏ ਦਿਖਾਇਆ ਗਿਆ ਅਤੇ ਇਸ ਦੋਸ਼ ਵਿੱਚ ਉਸਨੂੰ ਪਾਰਟੀ ਦੀ ਕਨਵੀਨਰੀ ਤੋਂ ਹਟਾ ਦਿੱਤਾ ਗਿਆ। ਇੱਥੋਂ ਹੀ ਪਾਰਟੀ ਦੋਫ਼ਾੜ ਹੋ ਗਈ ਅਤੇ ਹੁਣ ਸੁੱਚਾ ਸਿੰਘ ਛੋਟੇਪੁਰ ਨੇ 13 ਵਿੱਚੋਂ 7 ਜੋਨਲ ਇੰਚਾਰਜਾਂ ਨੂੰ ਲੈ ਕੇ ਪਰਿਵਰਤਨ ਯਾਤਰਾ ਆਰੰਭ ਕੀਤੀ ਹੋਈ ਹੈ।
ਆਮ ਆਦਮੀ ਪਾਰਟੀ ਉਪਰ ਟਿਕਟਾਂ ਦੀ ਖਰੀਦੋ-ਫ਼ਰੋਖਤ ਦੇ ਇਲਜ਼ਾਮ ਲੱਗ ਰਹੇ ਹਨ। ਆਮ ਆਦਮੀ ਪਾਰਟੀ ਦਿੱਲੀ ਦੇ ਇਕ ਵਿਧਾਇਕ ਦਵਿੰਦਰ ਸਹਰਾਵਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਪੱਤਰ ਲਿਖ ਕੇ ਬਹੁਤ ਗੰਭੀਰ ਇਲਜ਼ਾਮ ਲਗਾਇਆ ਹੈ। ਵਿਧਾਇਕ ਨੇ ਲਿਖਿਆ ਹੈ, ”ਮੈਨੇ ਪੰਜਾਬ ਮੇਂ ਟਿਕਟ ਦੇਨੇ ਯਾ ਉਸਕੇ ਵਾਅਦੇ ਕੇ ਇਵਜ਼ ਮੇਂ ਮਹਿਲਾਓਂ ਕੇ ਸ਼ੋਸ਼ਣ ਕੀ ਪਰੇਸ਼ਲੀ ਕਰਨੇ ਵਾਲੀ ਖਬਰੇਂ ਦੇਖੀ ਹੈ।’ ਇਸ ਪੱਤਰ ਵਿੱਚ ਉਹਨਾਂ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਅਤੇ ਸੰਗਠਨ ਸਕੱਤਰ ਦੁਰਗੇਸ਼ ਪਾਠਕ ਵਿਰੁੱਧ ਦੋਸ਼ ਲਾਉਂਦੇ ਹੋਏ ਪੜਤਾਲ ਦੀ ਮੰਗ ਕੀਤੀ ਹੈ। ਇਸ ਤਰ੍ਹਾਂ ਸੰਗਰੂਰ ਦੇ ਆਬਜ਼ਰਵਰ ਵਿਜੈ ਚੌਹਾਨ ‘ਤੇ ਘਰ ਵਿੱਚ ਕੰਮ ਕਰ ਰਹੀ ਨੌਕਰਾਣੀ ਦੇ ਬਲਾਤਕਾਰ ਦੇ ਦੋਸ਼ ਲੱਗੇ ਹਨ। ਚੌਹਾਨ ਉਪਰ ਸੁਨਾਮ ਤੋਂ ‘ਦਾਗੀ’ ਉਮੀਦਵਾਰ ਅਮਨ ਅਰੋੜਾ ਨੂੰ ਟਿਕਟ ਦਿਵਾਉਣ ਦੇ ਦੋਸ਼ ਆਮ ਵਰਕਰਾਂ ਨੇ ਲਗਾਏ ਹਨ। ਦਿੱਲੀ ਦਾ ਮੰਤਰੀ ਸੰਦੀਪ ਕੁਮਾਰ ਪਹਿਲਾਂ ਹੀ ਬਲਾਤਕਾਰ ਦੇ ਕੇਸ ਵਿੱਚ ਜੇਲ੍ਹ ਜਾ ਚੁੱਕਾ ਹੈ। ਦਿੱਲੀ ਤੋਂ ਆਏ ਆਬਜ਼ਰਵਰਾਂ ਉਤੇ ਔਰਤਾਂ ਦੇ ਸ਼ੋਸ਼ਣ ਦੇ ਨਾਲ ਨਾਲ ਪੈਸੇ ਬਟੋਰਨ ਦੇ ਇਲਜ਼ਾਮ ਲੱਗ ਰਹੇ ਹਨ। ਫ਼ਰੀਦਕੋਟ ਨਾਲ ਸਬੰਧਤ ਆਪ ਨੇਤਾ ਹਰਦੀਪ ਕਿੰਗਰਾ ਨੇ ਸੰਜੇ ਸਿੰਘ ਉਪਰ ਪਾਰਟੀ ਫ਼ੰਡ ਵਿੱਚੋਂ ਪੰਜ ਲੱਖ ਰੁਪਏ ਨਿੱਜੀ ਕੰਮਾਂ ਲਈ ਲਿਜਾਣ ਦਾ ਦੋਸ਼ ਲਾਇਆ ਹੈ। ਕਿੰਗਰਾ ਨੇ ਇਸ ਆਡੀਓ ਸਟਿੰਗ ਰਾਹੀਂ ਮੀਡੀਆ ਸਾਹਮਣੇ ਦੁਰਗੇਸ਼ ਪਾਠਕ ਉਪਰ ਪੈਸੇ ਇਕੱਠੇ ਕਰਨ ਦੇ ਦੋਸ਼ ਲਾਏ ਹਨ। ਅਜਿਹੇ ਇਲਜ਼ਾਮ ਸੁੱਚਾ ਸਿੰਘ ਛੋਟੇਪੁਰ ਨੇ ਵੀ ਲਗਾਏ ਹਨ। ਛੋਟੇਪੁਰ ਨੇ ਤਾਂ ਕੇਜਰੀਵਾਲ ਨੂੰ ਸਿੱਖ ਵਿਰੋਧੀ ਸਖਸ਼ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸਦੇ ਨਾਲ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਆਮ ਵਰਕਰਾਂ ਵਿੱਚ ਗੈਰ ਪੰਜਾਬੀ ਆਬਜ਼ਰਵਰਾਂ ਵਿਰੁੱਧ ਗੁੱਸਾ ਪਾਇਆ ਜਾ ਰਿਹਾ ਹੈ।
ਭਗਵੰਤ ਮਾਨ ਵੱਲੋਂ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਭਿਖਾਰੀ ਕਹਿਣ ਉਤੇ ਮਾਨ ਖਿਲਾਫ਼ ਮੁਜ਼ਾਹਰੇ ਹੋ ਰਹੇ ਹਨ। ਮਲੋਟ ਵਿੱਚ ਮਾਨ ਦੀ ਰੈਲੀ ਵਿੱਚ ਲੜਾਈ ਝਗਡਾ ਹੋਇਆ ਸੀ। ਬਸੀ ਪਠਾਣਾਂ ਵਿੱਚ ਭਗਵੰਤ ਨੇ ਮੀਡੀਆ ਨਾਲ ਬਦਸਲੂਕੀ ਕਰ ਦਿੱਤੀ ਅਤੇ ਮੀਡੀਆ ਵੱਲੋਂ ਮਾਨ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਹੈ।
ਅਜਿਹੇ ਹਾਲਾਤ ਵਿੱਚ ਮਦਰ ਟਰੇਸਾ ਨੂੰ ਸੰਤ ਦੀ ਉਪਾਧੀ ਦੇਣ ਸਬੰਧੀ ਸਮਾਰੋਹ ਵਿੱਚ ਹਿੱਸਾ ਲੈਣ ਗਏ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੀ ਕਮਾਂਡ ਉਹ ਆਪਣੇ ਹੱਥ ਲੈ ਰਹੇ ਹਨ। ਕੇਜਰੀਵਾਲ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਸਦੇ ਗੈਰ ਪੰਜਾਬੀ ਸੂਬੇਦਾਰਾਂ ਵਿਰੁੱਧ ਰੋਸ ਵੱਧ ਰਿਹਾ ਹੈ। ਇਹ ਰੋਸ ਦੀ ਸ਼ੁਰੂਆਤ ਪਾਰਟੀ ਨੂੰ ਸੰਗਠਿਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਦੁਰਗੇਸ਼ ਪਾਠਕ ਦੀ ਪੰਜਾਬੀ ਨੇਤਾਵਾਂ ਸਬੰਧੀ ਪਹੁੰਚ ਅਤੇ ਵਿਵਹਾਰ ਨਾਲ ਹੋਈ। ਜਦੋਂ ਦੁਰਗੇਸ਼ ਪਾਠਕ ਪਿਛਲੇ ਵਰ੍ਹੇ 15 ਅਪ੍ਰੈਲ ਨੂੰ ਪੰਜਾਬ ਆਇਆ ਸੀ ਤਾਂ ਉਸ ਸਮੇਂ ਤੰਕ ਪਾਰਟੀ ਦੇ ਸੰਗਠਨ ਦਾ ਕੰਮ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇਖ ਰਿਹਾ ਸੀ। ਦੁਰਗੇਸ਼ ਪਾਠਕ ਨੇ ਆ ਕੇ ਕੰਟਰੋਲ ਆਪਣੇ ਹੱਥ ਲੈ ਲਿਆ। ਉਸਨੇ ਲੋਕ ਸਭਾ ਹਲਕਿਆਂ ਦੇ ਆਧਾਰ ‘ਤੇ 13 ਜ਼ੋਨ ਬਣਾ ਕੇ ਉਹਨਾਂ ਉਤੇ 13 ਨਿਗਰਾਨ ਨਿਯੁਕਤ ਕਰ ਦਿੱਤੇ। ਇਹ ਸਾਰੇ ਦੇ ਸਾਰੇ ਨਿਗਰਾਨ ਦਿੱਲੀ ਤੋਂ ਆਏ ਸਨ। ਇਹਨਾਂ ਨਿਗਰਾਨਾਂ ਅਧੀਨ ਜ਼ੋਨਲ ਇੰਚਾਰਜ ਕੰਮ ਕਰਦੇ ਸਨ। ਇਹਨਾਂ ਜ਼ੋਨਲ ਇੰਚਾਰਜਾਂ ਵਿੱਚ ਬਹੁਤੇ ਸੁੱਚਾ ਸਿੰਘ ਛੋਟੇਪੁਰ ਦੇ ਵਫ਼ਾਦਾਰ ਸਨ। ਇਹਨਾਂ ਜ਼ੋਨਲ ਇੰਚਾਰਜਾਂ ਨੂੰ ਦੁਰਗੇਸ਼ ਪਾਠਕ ਨੇ ਹੱਥਲ ਕਰ ਦਿੱਤਾ, ਜਦੋਂ ਕਿ ਇਹ ਇੰਚਾਰਜ ਪਾਰਟੀ ਵਿੱਚ ਆਪਣੀ ਪੁੱਛ ਪੜਤਾਲ ਦੀ ਆਸ ਰੱਖਦੇ ਸਨ। ਇੱਥੋਂ ਹੀ ਆਪ ਵਿੱਚ ਦਿੱਲੀ ਅਤੇ ਪੰਜਾਬ ਦੀ ਲੜਾਈ ਦਾ ਮੁੱਢ ਬੱਝਦਾ ਹੈ। ਰਹਿੰਦੀ ਖੂੰਹਦੀ ਕਸਰ ਦੁਰਗੇਸ਼ ਪਾਠਕ ਵੱਲੋਂ ਨਿਯੁਕਤ ਕੀਤੇ 39 ਸੈਕਟਰ ਨਿਗਰਾਨਾਂ ਨੇ ਪੂਰੀ ਕਰ ਦਿੱਤੀ। ਹਰ ਤਿੰਨ ਵਿਧਾਨ ਸਭਾ ਹਲਕਿਆਂ ਨੂੰ ਸੈਕਟਰ ਮੰਨ ਕੇ ਇਕ ਨਿਗਰਾਨ ਨਿਯੁਕਤ ਕੀਤਾ ਗਿਆ। ਇਹ ਸਾਰੇ ਦੇ ਸਾਰੇ ਦਿੱਲੀ ਤੋਂ ਆਏ ਸਨ ਅਤੇ ਇਹ ਦੁਰਗੇਸ਼ ਨੂੰ ਜਵਾਬਦੇਹ ਸਨ। ਇਹਨਾਂ ਪੰਜਾਬ ਦੇ ਨੇਤਾਵਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਦੁਰਗੇਸ਼ ਪਾਠਕ ਦਾ ਖਿਆਲ ਸੀ ਕਿ ਸੁੱਚਾ ਸਿੰਘ ਛੋਟੇਪੁਰ ਅਤੇ ਉਸਦੇ ਨਿਯੁਕਤ ਕੀਤੇ ਅਹੁਦੇਦਾਰ ਅਯੋਗ ਸਨ। ਇਸੇ ਕਾਰਨ ਉਸਨੇ ਛੋਟੇਪੁਰ ਸਮੇਤ ਸਭ ਨੂੰ ਸ਼ਕਤੀਹੀਣ ਕਰ ਦਿੱਤਾ। ਪਾਠਕ ਨੇ ਆਪਣੇ ਬੰਦਿਆਂ ਨੂੰ ਸਪਸ਼ਟ ਆਦੇਸ਼ ਦਿੱਤੇ ਕਿ ਪੰਜਾਬੀਆਂ ਦੇ ਹੱਥ ਕੋਈ ਸ਼ਕਤੀ ਨਹੀਂ ਰਹਿਣੀ ਚਾਹੀਦੀ। ਪਾਰਟੀ ਦਿੱਲੀ ਹੀ ਚਲਾਏਗੀ। ਅਸਲ ਵਿੱਚ ਉਸਦੀ ਮਨਸ਼ਾ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਹਰ ਫ਼ੈਸਲਾ ਅਰਵਿੰਦ ਕੇਜਰੀਵਾਲ ਜਾਂ ਉਹ ਖੁਦ ਕਰੇ। ਗੈਰ-ਪੰਜਾਬੀਆਂ ਵੱਲੋਂ ਪੰਜਾਬ ਇਕਾਈ ਦੇ ਗਲਬੇ ਦੇ ਇਲਜ਼ਾਮ ਬਾਰੇ ਦੁਰਗੇਸ਼ ਪਾਠਕ ਦਾ ਸਪਸ਼ਟੀਕਰਨ ਸੀ ਕਿ ਐਮ. ਐਲ. ਏ. ਤਾਂ ਪੰਜਾਬੀਆਂ ਨੇ ਹੀ ਬਣਨਾ ਹੈ। ਉਹ ਇਹ ਚਾਹੁੰਦਾ ਸੀ ਕਿ ਜਿਹੜੇ ਵੀ ਐਮ. ਐਲ. ਏ. ਬਣਨ ਉਹ ਕੇਜਰੀਵਾਲ ਦੀ ਕਠਪੁਤਲੀ ਬਣ ਕੇ ਵਿੱਚਰਨ ਵਾਲੇ ਹੋਣ।
ਦੁਰਗੇਸ਼ ਪਾਠਕ ਬਾਰੇ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਅਕਸਰ ਲੋਕ ਪੁੱਛਦੇ ਹਨ ਕਿ ਇੲ ਕੌਣ ਹੈ। ਦੁਰਗੇਸ਼ ਪਾਠਕ ਗੋਰਖਪੁਰ (ਉਤਰ ਪ੍ਰਦੇਸ਼) ਦਾ ਰਹਿਣ ਵਾਲਾ 28 ਵਰ੍ਹਿਆਂ ਦਾ ਨੌਜਵਾਨ ਹੈ। ਇਲਾਹਾਬਾਦ ਯੂਨੀਵਰਸਿਟੀ ਤੋਂ ਐਮ. ਏ. ਇੰਗਲਿਸ਼ ਕਰਨ ਤੋਂ ਬਾਅਦ ਦੁਰਗੇਸ਼ ਦਿੱਲੀ ਵਿਖੇ ਆਈ. ਏ. ਐਸ. ਦੀ ਤਿਆਰੀ ਕਰਨ ਆਇਆ ਸੀ। ਅੰਨਾ ਹਜ਼ਾਰੇ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਜੁੜ ਗਿਆ ਅਤੇ ਫ਼ਿਰ ਕੇਜਰੀਵਾਲ ਨਾਲ। ਉਹ ਅਰਜਨਟਾਇਨਾ ਦੇ ਮਾਰਕਸਵਾਦੀ ਕ੍ਰਾਂਤੀਕਾਰੀ ਚੇ ਗਵੇਰਾ ਤੋਂ ਪ੍ਰਭਾਵਿਤ ਹੈ ਅਤੇ ਅੱਜਕਲ੍ਹ ਅਰਵਿੰਦ ਕੇਜਰੀਵਾਲ ਦਾ ਨਜ਼ਦੀਕੀ ਹੈ। ਇਹ ਗੱਲ ਇਸ ਤੋਂ ਵੀ ਸਿੱਧ ਹੁੰਦੀ ਹੈ ਕਿ ਜਦੋਂ ਕੇਜਰੀਵਾਲ 10 ਦਿਨਾਂ ਲਈ ਵਿਆਸਨਾ ਧਿਆਨ ਕਰਨ ਗਿਆ ਸੀ ਤਾਂ ਸਿਰਫ਼ ਦੁਰਗੇਸ਼ ਪਾਠਕ ਹੀ ਉਸਦੇ ਨਾਲ ਸੀ। ਪਾਠਕ ਨੇ ਦਿੱਲੀ ਦੀਆਂ ਚੋਣਾਂ ਵਿੱਚ ਕੰਮ ਕਰਕੇ ਕੇਜਰੀਵਾਲ ਦਾ ਦਿਲ ਜਿੱਤ ਲਿਆ ਸੀ।
ਹੁਣ ਪੰਜਾਬ ਦੇ ਹਾਲਾਤ ਬਦਲ ਗਏ ਹਨ। ਆਪ ਵਿੱਚ ਬਾਗੀ ਸੁਰਾਂ ਬਹੁਤ ਉਚੀ ਆਵਾਜ਼ ਵਿੱਚ ਉੱਠ ਰਹੀਆਂ ਹਨ। ਗੈਰ ਪੰਜਾਬੀਆਂ ਨੂੰ ਪੰਜਾਬ ਇਕਾਈ ਵਿੱਚੋਂ ਬਾਹਰ ਜਾਣ ਦੀ ਮੰਗ ਜ਼ੋਰ ਫ਼ੜ ਰਹੀ ਹੈ। ਪੰਜਾਬ ਪੰਜਾਬੀਆਂ ਦਾ, ਨਾਅਰੇ ਲੱਗ ਰਹੇ ਹਨ। ਪਾਠਕ, ਸੰਜੇ ਸਿੰਘ ਅਤੇ ਹੋਰ ਦਿੱਲੀ ਵਾਲੇ ਸਿਰਫ਼ ਸੁੱਚਾ ਸਿੰਘ ਛੋਟੇਪੁਰ ਦੇ ਹੀ ਨਿਸ਼ਾਨੇ ‘ਤੇ ਨਹੀਂ ਸਗੋਂ ਆਮ ਵਰਕਰ ਵੀ ਇਹ ਮੰਗ ਕਰ ਲੱਗਾ ਹੈ। ਦੂਜੇ ਪਾਸੇ ਨਵਜੋਤ ਸਿੱਧੂ, ਬੈਂਸ ਭਰਾ ਅਤੇ ਪਰਗ ਸਿੰਘ ਵੱਲੋਂ ਕਾੲਮ ਕੀਤੀ ਜਾ ਰਹੀ ‘ਆਵਾਜ਼-ਏ-ਪੰਜਾਬ’ ਪਾਰਟੀ ਨੇ ਵੀ ਆਪ ਦੀ ਲੀਡਰਸ਼ਿਪ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ ਹੈ। ਇਹ ਸੱਚਮੁਚ ਹੀ ਨਵਜੋਤ ਸਿੱਧੂ ਦਾ ਛੱਕਾ ਹੈ ਅਤ ਪਰਗਟ ਦਾ ਪਲੰਟੀ ਸਟਰੌਕ। ਇਹ ਦੋਵੇਂ ਖਿਡਾਰੀ ਆਪ ਵਿੱਚ ਸ਼ਾਮਲ ਹੋਣ ਦੀ ਤਾਕ ਵਿੱਚ ਸਨ। ਸੂਤਰਾਂ ਮੁਤਾਬਕ ਸਿੱਧੂ ਆਪਣੇ ਸਮਰਥਕਾਂ ਲਈ 32 ਟਿਕਟਾਂ ਦੀ ਮੰਗ ਕਰਦਾ ਸੀ ਅਤੇ ਨਾਲ ਮੁੱਖ ਮੰਤਰੀ ਦੀ ਕੁਰਸੀ ‘ਤੇ ਉਸਦੀ ਨਜ਼ਰ ਸੀ। ਇਹ ਗੱਲ ਉਸਦੀ ਮੰਨੀ ਨਹੀਂ ਗਈ। ਪਰਗਟ ਵੀ ਆਪ ਵਿੱਚ ਆਉਣਾ ਚਾਹੁੰਦਾ ਸੀ ਪਰ ਆਪ ਦਾ ਅੰਦਰੂਨੀ ਕਾਟੋ-ਕਲੇਸ਼ ਦੇਖ ਕੇ ਉਸਦਾ ਮਨ ਬਦਲ ਗਿਆ। ਹੁਣ ਜੇ ਛੋਟੇਪੁਰ ਆਵਾਜ਼-ਏ-ਪੰਜਾਬ ਦਾ ਕਨਵੀਨਰ ਬਣ ਜਾਂਦਾ ਹੈ ਅਤੇ ਡਾ. ਧਰਮਵੀਰ ਗਾਂਧੀ ਦਾ ਫ਼ਰੰਟ ਵੀ ਇਹਨਾਂ ਨਾਲ ਆ ਜੁੜਦਾ ਹੈ ਤਾਂ ਇਹ ਪੰਜਾਬ ਵਿੱਚ ਆਪ ਦੀਆਂ ਵੋਟਾਂ ਵਿੱਚੋਂ ਵੱਡਾ ਹਿੱਸਾ ਲੈਣ ਵਿੱਚ ਕਾਮਯਾਬ ਹੋ ਸਕਦੇ ਹਨ। ਇਸ ਫ਼ਰੰਟ ਦਾ ਸਿੱਧਾ ਨੁਕਸਾਨ ਆਪ ਨੂੰ ਹੋਵੇਗਾ। ਸ਼ਾਇਦ ਇਸੇ ਨੁਕਸਾਨ ਦੀ ਪੂਰਤੀ ਲਈ ਆਪ ਨੇ ਜਗਮੀਤ ਬਰਾੜ ਨਾਲ ਗੱਠਜੋੜ ਕੀਤਾ ਹੈ। ਗੁਰਪ੍ਰੀਤ ਘੁੱਗੀ ਨੂੰ ਪੰਜਾਬ ਦਾ ਕਨਵੀਨਰ ਬਣਾਉਣਾ ਅਤੇ ਦਿੱਲੀ ਤੋਂ ਆਏ ਗੈਰ ਪੰਜਾਬੀ ਅਹੁਦੇਦਾਰਾਂ ਨੂੰ ਵਾਪਸ ਬੁਲਾਉਣ ਸਬੰਧੀ ਐਲਾਨ ਕਰਨਾ, ਇਹ ਸਿੱਧ ਕਰਦਾ ਹੈ ਕਿ ਹੁਣ ਕੇਜਰੀਵਾਲ ਪੰਜਾਬ ਵਿੱਚ ਹੋਏ ਨੁਕਸਾਨ ਦੀ ਪੂਰਤੀ ਲਈ ਗੰਭੀਰਤਾ ਨਾਲ ਸੋਚ ਰਿਹਾ ਹੈ। 8 ਸਤੰਬਰ ਨੂੰ ਕੇਜਰੀਵਾਲ ਪੰਜਾਬ ਆ ਰਿਹਾ ਹੈ ਅਤੇ ਉਸ ਤੋਂ ਬਾਅਦ ਇਲਾਜ ਕਰਾਉਣ ਬੰਗਲੌਰ ਜਾਣਾ ਹੈ। ਉਸ ਤੋਂ ਬਾਅਦ ਪੰਜਾ ਦੀ ਕਮਾਂਡ ਪਾਰਟੀ ਸੁਪਰੀਮੋ ਦੇ ਹੱਥ ਵਿੱਚ ਹੋਵੇਗੀ। ਵੇਖਦੇ ਹਾਂ ਕਿ ਕੇਜਰੀਵਾਲ ਦੀ ਅਗਵਾਈ ਵਿੱਚ ਪਾਰਟੀ ਨੁਕਸਾਨ ਦੀ ਪੂਰਤੀ ਪੂਰਤੀ ਕਿਵੇਂ ਕਰਦੀ ਹ ੇਪਰ ਅਜੇ ਤੱਕ ਤਾਂ ਪੰਜਾਬੀਆਂ ਅਤੇ ਗੈਰ ਪੰਜਾਬੀਆਂ ਵਿੱਚ ਠੰਢੀ ਜੰਗ ਜਾਰੀ ਹੈ:
ਜੰਗ ਦਿੱਲੀ ਪੰਜਾਬ ਦਾ ਹੋਣ ਲੱਗਾ
ਦੋਵੇਂ ਧਿਰਾਂ ਦੀਆਂ ਖੂਬ ਤਿਆਰੀਆਂ ਨੇ
ਦੇਖਦੇ ਹਾਂ ਕਿ ਇਸ ਜੰਗ ਵਿੱਚੋਂ ਪੰਜਾਬੀ ਜਿੱਤਦੇ ਹਨ ਕਿ ਨਹੀਂ।
‘ਜੇ ਘੁੱਗੀ ਹੈਂ ਤਾਂ ਉਡ ਕੇ ਦਿਖਾ’
ਇਹ ਮਖੌਲ ਅਕਸਰ ਘੁੱਗੀ ਨੂੰ ਕੀਤਾ ਜਾਂਦਾ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਦੋ ਦਹਾਕੇ ਪਹਿਲਾਂ ਉਹ ਦੂਰਦਰਸ਼ਨ ਦੇ ਕੰਧੇੜੇ ਚੜ੍ਹ ਕੇ ਲੋਕਾਂ ਦੇ ਦਰਾਂ ਤੇ ਦਸਤਕ ਦੇਣ ਵਿੱਚ ਕਾਮਯਾਬ ਹੋ ਗਿਆ ਸੀ। ਉਸ ਦੀ ਪਹਿਲੀ ਕਾਮੇਡੀ ‘ਤੋਹਫ਼ੇ ਘੁੱਗੀ ਦੇ’ 2002 ਵਿੱਚ ਰਿਲੀਜ਼ ਹੋਈ ਸੀ। ‘ਦੀ ਗਰੇਟ ਇੰਡੀਅਨ ਲਾਫ਼ਟਰ ਚੈਲੈਂਜ’ ਦੇ ਸ਼ੋ ਰਾਹੀਂ ਉਹ ਹੋਰ ਹਰਮਨ ਪਿਆਰਾ ਹੋ ਗਿਆ।
ਵੇਖਦੇ-ਵੇਖਦੇ ਉਸਨੁੰ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਦਾਖਲਾ ਮਿਲ ਗਿਆ। ਉਸਨੇ ਪੰਜਾਬੀ ਦੀਆਂ ਫ਼ਿਲਮਾਂ ‘ਕੈਰੀ ਆਨ ਜੱਟਾ, ਮੁੰਡੇ ਯੂ. ਕੇ. ਦੇ, ਯਾਰਾਂ ਨਾਲ ਬਹਾਰਾਂ, ਦਿਲ ਆਪਣਾ ਪੰਜਾਬੀ’ ਵਿੱਚ ਚੰਗਾ ਨਾਂ ਬਣਾ ਲਿਆ ਸੀ। ਪਿੱਤੇ ਜਿਹੇ ਆਈ ‘ਅਰਦਾਸ’ ਫ਼ਿਲਮ ਰਾਹੀਂ ਉਹ ਪੰਜਾਬੀ ਨੌਜਵਾਨਾਂ ਦਾ ਚਹੇਤਾ ਬਣ ਗਿਆ।
ਸੱਤ ਕੁ ਮਹੀਨੇ ਪਹਿਲਾਂ ਭਗਵੰਤ ਮਾਨ ਦੀ ਪ੍ਰੇਰਨਾ ਨਾਲ ‘ਆਪ’ ਪਾਰਟੀ ਵਿੱਚ ਆਇਆ ਤੇ ਅੱਜ ਉਹ ਮਾਨ ਨਾਲੋਂ ਵੱਡੀ ਉਡਾਰੀ ਮਾਰਨ ਵਿੱਚ ਕਾਮਯਾਬ ਹੋ ਗਿਆ।
ਹੁਣ ਉਹ ਸੁੱਚਾ ਸਿੰਘ ਛੋਟੇਪੁਰ ਦੀ ਥਾਂ ਆਮ ਆਦਮੀ ਪਾਰਟੀ ਦਾ ਕਨਵੀਨਰ ਬਣ ਗਿਆ ਹੈ। ਉਸ ਨੂੰ ਥੋੜ੍ਹੇ ਸਮੇਂ ਵਿੱਚ ਵੱਡਾ ਜੰਪ ਮਿਲਿਆ ਹੈ।
ਉਸਨੂੰ ਪਤਾ ਹੈ ਕਿ ਜ਼ਿੰਦਗੀ ਇਕ ਸੜਕ ਵਾਂਗ ਹੁੰਦੀ ਹੈ, ਜਿਸ ‘ਤੇ ਤਰ੍ਹਾਂ-ਤਰ੍ਹਾਂ ਦੇ ਦਿਸ਼ਾ-ਸੂਚਕ ਲੱਗੇ ਹੁੰਦੇ ਹਨ। ਜਾਪਦਾ ਹੈ ਉਹ ਦਿਸ਼ਾ-ਸੂਚਕ ਪੜ੍ਹਨ ਦਾ ਮਾਹਿਰ ਹੈ। ਇਸੇ ਕਾਰਨ ਉਸਨੇ ਵਿਵਾਦਾਂ ਤੋਂ ਫ਼ਾਸਲਾ ਰੱਖਿਆ ਅਤੇ ਸ਼ਿੱਦਤ ਨਾਲ ਆਪਣੇ ਕੰਮ ਨੂੰ ਨਿਭਾਇਆ। ਸ਼ਾਇਦ ਇਸੇ ਕਾਰਨ ਉਸਨੂੰ ਇਨਾਮ ਮਿਲਿਆ ਹੈ। ਭਗਵੰਤ ਮਾਨ ਵਿਵਾਦਾਂ ‘ਚ ਘਿਰ ਗਿਆ ਸੀ। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਦੀ ਛੋਟੇਪੁਰ ਦੇ ਸਬੰਧ ਵਿੱਚ ਦਿਖਾਈ ਦੁਚਿੱਤੀ ਨੇ, ਕਨਵੀਨਰਸ਼ਿਪ ਦੀ ਕਲਗੀ ਘੁੱਗੀ ਦੇ ਸਿਰ ‘ਤੇ ਸਜਾਉਣ ਵਿੱਚ ਮਦਦ ਕੀਤੀ। ਇਹ ਗੱਲ ਤਾਂ ਸੱਚ ਹੈ ਕਿ ਘੁੱਗੀ ਨੂੰ ਸਾਰਾ ਪੰਜਾਬ ਜਾਣਦਾ ਹੈ। ਦੇਖਣਾ ਤਾਂ ਹੁਣ ਇਹ ਹੈ ਕਿ ਘੁੱਗੀ ਦੀ ਹਰਮਨ ਪਿਆਰਤਾ ਅਤੇ ਉਸਦੀ ਅਪੀਲ ‘ਆਪ’ ਨੂੰ ਗਹਿਰੇ ਸੰਕਟ ‘ਚੋਂ ਬਾਹਰ ਕੱਢ ਸਕੇਗੀ। ਇਕ ਵਾਰ ਘੁੱਗੀ ਨੂੰ ਇਹ ਕਹਿਣ ਨੂੰ ਦਿੱਲ ਕਰਦਾ ਹੈ ਕਿ ‘ਜੇ ਘੁੱਗੀ ਹੈਂ ਤਾਂ ਉਡ ਕੇ ਦਿਖਾ।’


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218