Month: October 2016

ਮੈਂ ਫ਼ਿਰ ਕੈਨੇਡਾ ਆਇਆ-4

downloadਰੋਪੜ-ਮੁਹਾਲੀ ਰਾਤ ਦੇ ਸਮਾਰੋਹ ਤੋਂ ਦੇਰ ਰਾਤ ਵਿਹਲਾ ਹੋ ਕੇ ਮੈਂ ਆਪਣੇ ਮੇਜ਼ਬਾਨ ਸਖਮੰਦਰ ਸਿੰਘ ਬਰਾੜ ਨਾਲ ਉਸਦੇ ਘਰ ਮਿਸ਼ਨ ਵੱਲ ਰਵਾਨਾ ਹੋਇਆ। ਮਿਸ਼ਨ ਬ੍ਰਿਅਿਸ਼ ਕੋਲੰਬੀਆ ਦੀ ਜ਼ਿਲ੍ਹਾ ਮਿਊਂਸਪਲਟੀ ਹੈ। ਇਹ ਸ਼ਹਿਰ ਫ਼ਰੇਜ਼ਰ ਨਹਿਰ ਦੇ ਉਤਰੀ ਕੰਢੇ ‘ਤੇ ਵੱਸਿਆ ਹੋਇਆ ਹੈ। 2011 ਦੀ ਜਨਗਣਨਾ ਦੇ ਮੁਤਾਬਕ ਮਿਸ਼ਨ ਸ਼ਹਿਰ ਦੀ ਆਬਾਦੀ 36,426 ਹੈ। ਇਸ ਸ਼ਹਿਰ ਵਿੱਚ ਸਿੱਖਾਂ ਦੀ ਆਬਾਦੀ 5.1 ਫ਼ੀਸਦੀ ਹੈ। ਇਸ ਸ਼ਹਿਰ ਵਿੱਚੋਂ ਇਸਾਈਆਂ ਦੀ ਗਿਣਤੀ 44.1 ਫ਼ੀਸਦੀ ਹੈ ਅਤੇ ਸਿੱਖ ਦੂਜੇ ਨੰਬਰ ‘ਤੇ ਹਨ। ਇਸ ਤਰ੍ਹਾਂ ਫ਼ਰੇਜ਼ਰ ਵੈਲੀ ਰਿਜਨ ਦੇ ਦੂਜੇ ਸ਼ਹਿਰ ਐਬਸਫ਼ੋਰਡ ਦੀ 2011 ਦੀ ਜਨਸੰਖਿਆ ਅਨੁਸਾਰ 133,497 ਵਿੱਚੋਂ ਪੰਜਾਬੀ ਅਤੇ ਸਿੱਖ 24660 ਹਨ ਜੋ 18.71 ਫ਼ੀਸਦੀ ਬਣਦੇ ਹਨ। ਇਉਂ ਗਰੇਟਰ ਵੈਨਕੂਵਰ ਵਿੱਚੋਂ ਸਰੀ ਤੋਂ ਬਾਅਦ ਐਬਸਫ਼ੋਰਡ ਅਤੇ ਮਿਸ਼ਨ ਪੰਜਾਬੀਆਂ ਦੀ ਪਿਆਰੀ ਮੰਜ਼ਿਲ ਹਨ। ਇਸ ਦਾ ਕਾਰਨ ਗਰੇਟਰ ਵੈਨਕੂਵਰ ਵਿੱਚ ਕੀਮਤਾਂ ਦਾ ਵਾਧਾ ਵੀ ਹੈ ਅਤੇ ਸ਼ਹਿਰ ਦੀ ਖੂਬਸੂਰਤੀ ਵੀ ਹੈ। ਖੈਰ ਸੁਖਮੰਦਰ ਸਿੰਘ ਬਰਾੜ ਨੇ ਭਾਈ ਭਗਤਾ ਤੋਂ ਆ ਕੇ ਇੱਥੇ ਆਪਣਾ ਘਰ ਬਣਾ ਲਿਆ ਸੀ। ਭਾਈ ਭਗਤਾ ਦੀ ਮਹਿਮਾਨ ਨਿਵਾਜੀ ਦੇ ਬਹਾਨੇ ਮੈਂ ਇਹ ਸ਼ਹਿਰ ਵਿੱਚ ਆ ਜਾ ਰਿਹਾ ਸੀ। ਰਾਤ ਨੂੰ ਟਰੈਫ਼ਿਕ ਘੱਟ ਹੋਣ ਕਾਰਨ ਅਸੀਂ 30-35 ਮਿੰਟ ਵਿੱਚ ਹੀ ਮਿਸ਼ਨ ਪਹੁੰਚ ਗਏ ਸਾਂ।
”ਬਰਾੜ ਸਾਹਿਬ, ਆਪਣਾ ਕੱਲ੍ਹ ਦਾ ਪ੍ਰੋਗਰਾਮ ਕੀ ਹੈ?” ਮੈਂ ਸੌਣ ਤੋਂ ਪਹਿਲਾਂ ਸੁਖਮੰਦਰ ਸਿੰਘ ਬਰਾੜ ਹੋਰਾਂ ਨੂੰ ਪੁੱਛਦਾ ਹਾਂ, ਕਿਉਂਕਿ ਅੱਜਕਲ੍ਹ ਉਹ ਮੇਰੇ ਸਾਰਥੀ ਹਨ।
”ਸਵੇਰੇ ਤੁਸੀਂ ਜਸਕਰਨ ਨਾਲ ਰੇਡੀਓ ਪੰਜਾਬ ਲਈ ਗੱਲਬਾਤ ਕਰਨੀ ਹੈ। ਦੁਪਹਿਰ ਸਮੇਂ ਨਵਲ ਰੰਗੀ ਨਾਲ ਲੰਚ ‘ਤੇ ਜਾਣਾ ਹੈ। ਫ਼ਿਰ ਪ੍ਰਾਈਮ ਏਸ਼ੀਆ ਟੀ. ਵੀ. ਲਈ ਦਵਿੰਦਰ ਬੈਨੀਪਾਲ ਨਾਲ ਰਿਕਾਰਡਿੰਗ ਕਰਨੀ ਹੈ। ਫ਼ਿਰ ਰਾਤ ਦੇ ਖਾਣੇ ਲੲ ਮਾਸਟਰ ਅਮਰੀਕ ਸਿੰਘ ਲੇਲ ਅਤੇ ਗੁਰਚਰਨ ਸੇਖੋਂ ਵੱਲ ਜਾਣਾ ਹੈ।” ਬਰਾੜ ਸਾਹਿਬ ਦੂਜੇ ਦਿਨ ਦਾ ਪ੍ਰੋਗਰਾਮ ਦੱਸ ਕੇ ਸੌਣ ਦੀ ਤਾਕੀਦ ਕਰਕੇ ਚਲੇ ਗਏ।
ਰਾਤੀ ਦੇਰ ਨਾਲ ਸੁੱਤੇ ਸਾਂ ਅਤੇ ਦੇਰ ਨਾਲ ਹੀ ਉਠੇ। ਕੈਨੇਡਾ ਵਿੱਚ ਕੋਈ ਸੂਰਜ ਮੁਤਾਬਕ ਘੱਟ ਹੀ ਚਲਦਾ ਹੈ ਅਤੇ ਨਾ ਹੀ ਮੁਰਗੇ ਦੀ ਬਾਂਗ ਹੁੰਦੀ ਹੈ। ਇੱਥੇ ਅੰਮ੍ਰਿਤ ਵੇਲੇ ਉਠਣ ਵਾਲੇ ਪੰਜਾਬ ਤੋਂ ਆਏ ਬਜ਼ੁਰਗ ਹੀ ਹਨ, ਜਿਹਨਾਂ ਨੇ ਆਪਣੀ ਰੂਟੀਨ ਕਾਇਮ ਰੱਖੀ ਹੈ। ਕੈਨੇਡਾ ਦੀ ਧਰਤੀ ‘ਤੇ ਇਹ ਅਖਾਣ ਪੂਰੀ ਤਰ੍ਹਾਂ ਢੁਕਦਾ ਹੈ ਕਿ ਜਦੋਂ ਜਾਗੋ ਉਦੋਂ ਹੀ ਸਵੇਰਾ। ਜਾਗ ਕੇ ਲੋਕ ਆਪਣੇ-ਆਪਣੇ ਕੰਮਾਂ ਕਾਰਾਂ ਦੇ ਹਿਸਾਬ ਨਾਲ ਹਨ। ਸਕਿਊਰਟੀ ਵਾਲੇ, ਟਰੱਕਾਂ ਵਾਲੇ ਅਤੇ ਹੋਰ ਜਿਹੜੇ ਰਾਤ ਨੂੰ ਕੰਮ ਕਰਦੇ ਹਨ, ਚੜ੍ਹੇ ਦਿਨ ਤੱਕ ਸੌਣਾ ਉਹਨਾਂ ਦੀ ਮਜਬੂਰੀ ਹੁੰਦੀ ਹੈ। ਮੈਂ ਕੀ ਕੱਲ੍ਹ ਦੇਰ ਤੱਕ ਜਾਗਦਾ ਰਿਹਾ ਸੀ, ਇਸ ਕਰਕੇ 9.30 ਵਜੇ ਉਠਿਆ ਕਿਉਂਕਿ ਦਸ ਵਜੇ ਰੇਡੀਓ ਪੰਜਾਬ ਨਾਲ ਗੱਲਬਾਤ ਕਰਨੀ ਸੀ। ਇਹ ਨਵੀਂ ਤਕਨਾਲੌਜੀ ਦੀ ਕਮਾਲ ਹੈ ਕਿ ਪਹਿਲਾਂ ਵਾਂਗ ਤੁਹਾਨੂੰ ਸਟੂਡੀਓ ਵਿੱਚ ਜਾ ਕੇ ਰਿਕਾਰਡਿੰਗ ਜਾਂ ਸਿੱਧਾ ਪ੍ਰੋਗਰਾਮ ਦੇਣਾ ਜ਼ਰੂਰੀ ਨਹੀਂ ਰਹਿ ਗਿਆ। ਤੁਸੀਂ ਆਪਣੇ ਮੁਤਾਬਕ ਮੋਬਾਇਲ ਰਾਹੀਂ ਕਿਤੋਂ ਵੀ ਰੇਡੀਓ ‘ਤੇ ਗੱਲਬਾਤ ਕਰ ਸਕਦੇ ਹੋ। ਮੈਂ ਬਹੁਤ ਵਾਰ ਕਾਰ ਵਿੱਚੋਂ ਵੀ ਰੇਡੀਓ ਪ੍ਰੋਗਰਾਮ ਕੀਤੇ ਹਨ। ਖੈਰ ਠੀਕ ਦਸ ਵਜੇ ਮੋਬਾਇਲ ਦੀ ਘੰਟੀ ਵੱਜੀ ਅਤੇ ਮੈਂ ਰੇਡੀਓ ਪੰਜਾਬ ਦੇ ਸਰੋਤਿਆਂ ਨੂੰ ਮੁਖਾਤਬ ਹੋਇਆ। ਮੀਡੀਆ ਬਾਰੇ, ਪੱਤਰਕਾਰੀ ਬਾਰੇ ਅਤੇ ਪੰਜਾਬ ਦੀ ਸਿਆਸਤ ਬਾਰੇ ਜੋ ਮੈਨੂੰ ਪੁੱਛਿਆ ਗਿਆ, ਮੈਂ ਉਸਦਾ ਯਥਾਯੋਗ ਜਵਾਬ ਦਿੱਤਾ। ਇਸ ਪ੍ਰੋਗਰਾਮ ਇਸ਼ਤਿਹਾਰ ਜਿਸਨੂੰ ਕਿ ਕੈਨੇਡਾ ਦੇ ਐਂਕਰ ਵਪਾਰਕ ਸੰਦੇਸ਼ ਕਹਿੰਦੇ ਹਨ, ਘੱਟ ਲਏ ਗਏ। ਉਂਝ ਮੈਂ ਵੇਖਿਆ ਕਿ ਜੇਕਰ ਕੈਨੇਡਾ ਦੀ ਇੱਕ ਟਾਕ ਸ਼ੋਅ ਲਈ ਘੱਟੋ ਘੱਟ ਡੇਢ ਦੋ ਘੰਟੇ ਚਾਹੀਦੇ ਹਨ। ਜੇਕਰ ਵਪਾਰਕ ਸੰਦੇਸ਼ ਅਤੇ ਸਰੋਤਿਆਂ ਨੂੰ ਸ਼ਾਮਲ ਕਰਨਾ ਹੋਵੇ ਤਾਂ।
ਪ੍ਰੋਗਰਾਮ ਤੋਂ ਬਾਅਦ ਅਸੀਂ ਤਿਆਰ ਹੋ ਕੇ ਦੁਪਹਿਰ 1 ਵਜੇ ਤੱਕ ਸਰੀ ਪਹੁੰਚ ਗਏ ਸਾਂ। ਨਵਲ ਰੰਗੀ ਅਜੇ ਨਿਸਚਿਤ ਕੀਤੀ ਥਾਂ ‘ਤੇ ਪਹੁੰਚਿਆ ਨਹੀਂ ਸੀ।
”ਚਲੋ, ਤੁਹਾਨੂੰ ਇੱਕ ਹੋਰ ਸਖਸ਼ ਨੂੰ ਮਿਲਾਵਾਂ” ਬਰਾੜ ਸਾਹਿਬ ਕਹਿਣ ਲੱਗੇ।
”ਇਹ ਹਨ ਸ. ਰਾਜਵੰਤ ਸਿੰਘ” ਸੁਖਮੰਦਰ ਸਿੰਘ ਬਰਾੜ ਨੇ ਇੱਕ ਕਿਤਾਬਾਂ ਦੀ ਦੁਕਾਨ ਵਿੱਚ ਬੈਠੇ ਇੱਕ ਵਿਅਕਤੀ ਨਾਲ ਮਿਲਾਉਂਦੇ ਹੋਏ ਕਿਹਾ।
ਰਾਜਵੰਤ ਸਿੰਘ ਅਤੇ ਉਹਨਾਂ ਦੀ ਪਤਨੀ ਬੜੇ ਤਪਾਕ ਨਾਲ ਮਿਲੇ। ਉਹਨਾਂ ਦੱਸਿਆ ਕਿ ਉਹ ਦਿਲੀ ਯੂਨੀਵਰਸਿਟੀ ਵਿੱਚ ਚੀਫ਼ ਲਾਇਬ੍ਰੇਰੀਅਨ ਸਨ। ਰਾਜਵੰਤ ਨੇ ਮੇਰੀ ਯੂਨੀਵਰਸਿਟੀ ਦੇ ਲਾਇਬ੍ਰੇਰੀ ਸਾਇੰਸ ਦੇ ਕੁੱਝ ਪ੍ਰੋਫ਼ੈਸਰਾਂ ਦੇ ਨਾਮ ਲਏ ਜੋ ਮੇਰੇ ਮਿੱਤਰਾਂ ਵਿੱਚੋਂ ਸਨ। ਮੇਰੀ ਜ਼ਿਆਦਾ ਉਤਸੁਕਤਾ ਮੇਰੀ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਵਿਕ ਰਹੀ ਪੁਸਤਕ ‘ਜਿੱਤ ਦਾ ਮੰਤਰ’ ਬਾਰੇ ਜਾਨਣ ਦੀ ਸੀ।
” ਜਿੱਤ ਦਾ ਮੰਤਰ ਤਾਂ ਸਾਰੀ ਵਿਕ ਗਈ। ਅਸੀਂ ਤੁਹਾਡੀਆਂ ਹੋਰ ਕਿਤਾਬਾਂ ਵੀ ਮੰਗਵਾਉਣੀਆਂ ਸਨ। ਉਹਨਾਂ ਵਿੱਚੋਂ ਕੁਝ ਕਾਪੀਆਂ ਬਚੀਆਂ ਹਨ” ਰਾਜਵੰਤ ਸਿੰਘ ਨੇ ਮੈਨੂੰ ਮੇਰੀ 2001 ਵਿੱਚ ਪ੍ਰਕਾਸ਼ਿਤ ਹੋਈ ਅੰਗਰੇਜ਼ੀ ਦੀ ਕਿਤਾਬ ‘ਪੰਜਾਬ ਫ਼ੇਅਰਜ਼ ਐਂਡ ਫ਼ੈਸਟੀਵਲਜ਼’ ਦੀਆਂ ਨਵੇਂ ਐਡੀਸ਼ਨ ਦੀਆਂ ਦੋ ਤਿੰਨ ਕਾਪੀਆਂ ਦਿਖਾਉਂਦੇ ਹੋਏ ਕਿਹਾ। ਉਹਨਾਂ ਇੱਕ ਗੱਲ ਹੋਰ ਦੱਸੀ ਜਿਸਨੇ ਮੇਰਾ ਚਿੱਤ ਪ੍ਰਸੰਨ ਕੀਤਾ ਕਿ ਇਹ ਪੁਸਤਕ ਇੱਥੇ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕਿਤਾਬਾਂ ਦੀ ਸੂਚੀ ਵਿੱਚ ਆ ਗਈ ਹੈ। ਆਪਣੇ ਲਾਇਬ੍ਰੇਰੀਅਨ ਵਾਲੇ ਅਨੁਭਵ ਦੇ ਆਧਾਰ ‘ਤੇ ਰਾਜਵੰਤ ਸਿੰਘ ਨੇ ਸੁਝਾਅ ਦਿੱਤਾ ਕਿ ਮੈਂ ਇਸ ਕਿਤਾਬ ਨੂੰ ਮੁੜ ਸੋਧ ਕੇ ਲਿਖਾਂ। ਸ਼ਾਇਦ ਉਹ ਠੀਕ ਕਹਿ ਰਿਹਾ ਸੀ ਕਿਉਂਕਿ ਜਦੋਂ ਇਹ ਕਿਤਾਬ ਲਿਖੀ ਗਈ ਸੀ, ਉਸ ਵੇਲੇ ਪੰਜਾਬ ਦੇ 17 ਜ਼ਿਲ੍ਹੇ ਸਨ ਅਤੇ ਜ਼ਿਲ੍ਹਿਆਂ ਅਨੁਸਾਰ ਮੇਲਿਆਂ ਦੀ ਵੰਡ ਕਰਕੇ ਦੰਸੀ ਗਈ ਸੀ। ਅੱਜਕਲ੍ਹ ਦੇ ਪੰਜਾਬ ਅਨੁਸਾਰ ਇਸ ਕਿਤਾਬ ਦੀ ਸੋਧ ਕਰਨੀ ਬਣਦੀ ਹੈ।
”ਤੁਹਾਡਾ ਸੁਝਾਅ ਬਿਲਕੁਲ ਦਰੁੱਸਤ ਹੈ। ਇਸ ਪੁਸਤਕ ਨੂੰ ਮੁੜ ਸੋਧਣ ਦੀ ਜ਼ਰੂਰਤ ਹੈ।” ਮੈਂ ਉਸ ਨਾਲ ਸਹਿਮਤ ਹੁੰਦੇ ਹੋਏ ਕਿਹਾ ਅਤੇ ਇਹ ਵੀ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਜੇ ਵਕਤ ਨਿਕਲ ਸਕਿਆ। ਇਸੇ ਦੁਕਾਨ ਤੋਂ ਰੰਗੀ ਸਾਨੁੰ ਆਪਣੇ ਨਾਲ ਲੈ ਗਿਆ ਅਤੇ ਅਸੀਂ ਇੱਕ ਰੈਸਟੋਰੈਂਟ ਵਿੱਚ ਦੁਪਹਿਰ ਦਾ ਖਾਣਾ ਖਾਣ ਵਿੱਚ ਜੁਟ ਗਏ।
ਪ੍ਰਾਈਮ ਏਸ਼ੀਆ ਟੀ. ਵੀ. ਤੋਂ ਦਵਿੰਦਰ ਬੈਨੀਪਾਲ ਦਾ ਵਾਰ ਵਾਰ ਫ਼ੋਨ ਆ ਰਿਹਾ ਸੀ। ਮੈਂ ਜਲਦੀ ਜਲਦੀ ਉਥੇ ਜਾਣ ਨੂੰ ਤਰਜੀਹ ਦਿੱਤੀ। ਜਦੋਂ ਦਵਿੰਦਰ ਸਿੰਘ ਬੇਨੀਪਾਲ ਰੇਡੀਓ ਇੰਡੀਆ ਵਿੱਚ ਹੁੰਦਾ ਸੀ, ਉਸ ਸਮੇਂ ਲੰਮਾ ਸਮਾਂ ਮੈਂ ਉਸ ਨਾਲ ਇੱਕ ਟਾਕ ਸ਼ੋਅ ਕਰਦਾ ਰਿਹਾ ਸੀ। ਜਦੋਂ ਰੇਡੀਓ ਇੰਡੀਆ ਬੰਦ ਹੋਇਆ ਤਾਂ ਇਹ ਪ੍ਰਾਈਮ ਏਸ਼ੀਆ ਟੀ. ਵੀ. ਵਿੱਚ ‘ਪ੍ਰਾਈਮ ਟਾਈਮ ਵਿੱਚ ਬੈਨੀਪਾਲ’ ਕਰਨ ਲੱਗ ਪਿਆ। ਇਸ ਟੀ. ਵੀ. ਵਿੱਚ ਮੇਰਾ ਜਮਾਤੀ ਮਿੱਤਰ ਡਾ. ਪ੍ਰਿਥੀਪਾਲ ਸਿੰਘ ਸੋਹੀ ਅੱਜਕਲ੍ਹ ਨਿਊਜ਼ ਡਾਇਰੈਕਟਰ ਹੈ। ਖਬਰਾਂ ਦੇਖਣ ਦੇ ਨਾਲ ਨਾਲ ਉਹਨਾਂ ਵੱਲੋਂ ਖਬਰਾਂ ‘ਤੇ ਕੀਤਾ ਤਬਸ਼ਰਾ ਕਾਫ਼ੀ ਸਲਾਹਿਆ ਜਾ ਰਿਹਾ ਹੈ। ਡਾ. ਸੋਹੀ ਪੰਜਾਬ ਵਿੱਚ ਰਾਜਨੀਤੀ ਦੇ ਪ੍ਰੋਫ਼ੈਸਰ ਹਣ ਦੇ ਨਾਲ ਨਾਲ ਲਗਾਤਾਰ ਪੰਜਾਬ ਦੀ ਸਿਆਸਤ ਬਾਰੇ ਲਿਖਦੇ ਰਹੇ ਸਨ। ਇੱਥੇ ਆ ਕੇ ਮੈਂ ਵੇਖਿਆ ਕਿ ਉਹਨਾਂ ਵੱਲੋਂ ਕੀਤੀਆਂ ਚਲੰਤ ਮਾਮਲਿਆਂ ਬਾਰੇ ਟਿੱਪਣੀਆਂ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਂਦਾ ਹੈ। ਪ੍ਰਾਈਮ ਏਸ਼ੀਆ ਟੀ. ਵੀ. ਕੈਨੇਡਾ ਵਿੱਚ ਬੈਲਅਤੇ ਜੋਜ਼ਰ ਆਦਿ ਰਾਹੀਂ ਬੜੀ ਤੇਜ਼ੀ ਨਾਲ ਪੰਜਾਬੀ ਘਰਾਂ ਵਿੱਚ ਜਾ ਰਿਹਾ ਹੈ। ਇਸ ਟੀ. ਵੀ. ਚੈਨਲ ਨੂੰ ਲਾਂਚ ਕਰਨ ਵਾਲਾ ਨੌਜਵਾਨ ਅਮਨ ਖਟਕਰ ਵੱਡੇ ਸੁਪਨੇ ਲੈ ਕੇ ਉਹਨਾਂ ਨੂੰ ਹਕੀਕਤ ਵਿੱਚ ਬਦਲਣ ਲਈ ਯਤਨਸ਼ੀਲ ਹੈ। ਇਹ ਉਹੀ ਅਮਨ ਖਟਕਰ ਹੈ ਜਿਸਨੇ ‘ਅੰਗਰੇਜ਼’ ਫ਼ਿਲਮ ਬਣਾ ਕੇ ਖੂਬ ਨਾਮਣਾ ਖੱਟਿਆ ਸੀ। ਇਸ ਟੀ. ਵੀ. ਲਈ ਵੀ ਉਹ ਜਤਿੰਦਰ ਪੰਨੂ ਵਰਗੇ ਤਜਰਬੇਕਾਰ ਸਿਆਸੀ ਟਿੱਪਣੀਕਾਰਾਂ ਨੂੰ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਰਿਹਾ। ਜਦੋਂ ਮੈਂ ਪ੍ਰਾਈਮ ਏਸ਼ੀਆ ਦੇ ਸਟੂਡੀਓ ਪਹੁੰਚਿਆ ਤਾਂ ਅਮਨ ਖਟਕਰ ਕੋਲ ਬਲਜੀਤ ਬੱਲੀ ਬੈਠਾ ਸੀ, ਸ਼ਾਇਦ ਮੁਹਾਲੀ ਤੋਂ ਬਲਜੀਤ ਬੱਲੀ ਦੀਆਂ ਸੇਵਾਵਾਂ ਲੈਣ ਸਬੰਧੀ ਗੱਲਬਾਤ ਚੱਲ ਰਹੀ ਸੀ। ਮੈਨੂੰ ਵੀ ਅਮਨ ਖਟਕਰ ਨੇ ਕਿਹਾ ਕਿ ਚੈਨਲ ਲਈ ਆਪਣੇ ਚੰਗੇ ਵਿਦਿਆਰਥੀਆਂ ਦੇ ਨਾਮ ਰਿਕਮੈਂਡ ਕਰਾਂ। ਦਵਿੰਦਰ ਬੈਨੀਪਾਲ ਨੇ ਤਕਰੀਬਨ ਇੱਕ ਘੰਟੇ ਦੀ ਰਿਕਾਰਡਿੰਗ ਕੀਤੀ। ਰਿਕਾਰਡਿੰਗ ਤੋਂ ਬਾਅਦ ਚਾਹ ਦੇ ਕੱਪ ਉਤੇ ਅਮਨ ਖਟਕਰ ਨਾਲ ਪੱਤਰਕਾਰੀ ਖੂਬ ਚਰਚਾ ਹੋਈ। ਇਸ ਵਾਰ ਦੀ ਕੈਨੇਡਾ ਫ਼ੇਰੀ ਵਿੱਚ ਮੈਂ ਇਹ ਗੱਲ ਨੋਟ ਕੀਤੀ ਹੈ ਕਿ ਪੰਜਾਬੀ ਮੀਡੀਆ ਵਿੱਚ ਰੇਡੀਓ ਅਤੇ ਅਖਬਾਰਾਂ ਤੋਂ ਬਾਅਦ ਅੱਜਕਲ੍ਹ ਟੀ. ਵੀ. ਵੀ ਤੇਜੀ ਨਾਲ ਪੈਰ ਜਮਾਉਣ ਦਾ ਯਤਨ ਕਰ ਰਿਹਾ ਹੈ। ਕੈਨੇਡਾ ਵਿੱਚ ਬੈਠੇ ਹੋਏ ਤੁਹਾਡੀ ਪਹੁੰਚ ਵਿੱਚ ਪੰਜਾਬ ਨਾਲੋਂ ਜ਼ਿਆਦਾ ਚੈਨਨ ਹਨ। ਪੀ. ਟੀ. ਸੀ. ਚੱਕਦੇ, ਪੀ. ਟੀ. ਸੀ. ਨਿਊਜ਼ ਤੋਂ ਇਲਾਵਾ ਸਾਂਝਾ ਪੰਜਾਬ, ਚੈਨਲ ਪੰਜਾਬੀ, ਐਮ. ਐਚ. ਮਿਊਜ਼ਿਕ, ਐਮ. ਐਚ. ਵਨ ਨਿਊਜ਼, ਬੀ. ਬੀ. ਸੀ. ਟਰਾਂਟੋ, ਦੇਸੀ ਚੈਨਲ, ਪੀ. ਬੀ. ਐਨ. ਮਿਊਜ਼ਿਕ, ਸਾਂਝ ਟੀ. ਵੀ., ਬ੍ਰਿਟਿਸ਼ ਏਸ਼ੀਆ ਟੀ. ਵੀ., ਅਕਾਲ ਚੈਨਲ, ਸੰਗਤ ਚੈਨਲ, ਮੇਰਾ ਵਤਨ ਟੀ. ਵੀ., ਦੇਸੀ ਮਿਊਜ਼ਿਕ ਟੀ. ਵੀ., ਇਵਾਜ਼ ਟੀ. ਵੀ., ਸਰਦਾਰੀ ਟੀ. ਵੀ. 24×7, ਪੰਜਾਬ ਟੀ. ਵੀ., ਮਹਿਕ ਟੀ. ਵੀ., ਝਾਂਜਰ, ਕੈਨੇਡਾ ਐਚ. ਟੀ., ਹਮਦਰਦ ਟੀ. ਵੀ., ਦੇਸ ਪ੍ਰਦੇਸ, ਪ੍ਰਾਇਮ ਟੀ. ਵੀ., ਟੀ. ਵੀ. ਕਲਰ, ਏ ਵਨ ਮਿਊਜ਼ਿਕ, ਟੀ. ਵੀ. 84, ਸਿੱਖ ਚੈਨਲ, 24×7 ਗੁਰਬਾਣੀ ਅਤੇ ਟਾਇਮ ਟੀ. ਵੀ. ਆਦਿ ਟੀ. ਵੀ. ਚੈਨਲ ਇੱਥੇ ਰੋਜ਼ਰ, ਬੈਲ, ਟੈਲਸ ਅਤੇ ਸ਼ਾਅ ਆਦਿ ਰਾਹੀਂ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਰਹੇ ਹਨ। ਇਹਨਾਂ ਤੋਂ ਇਲਾਵਾ ਯੂਟਿਊਬ ਅਤੇ ਹੋਰ ਨਵੀਆਂ ਡਿਜ਼ੀਟਲ ਤਕਨੀਕਾਂ ਰਾਹੀਂ ਨਵੇਂ ਨਵੇਂ ਚੈਨਲ ਆ ਰਹੇ ਹਨ। ਇਸ ਮੁਕਾਬਲੇ ਦੇ ਯੁੱਗ ਵਿੱਚ ਮੀਡੀਆ ਦੇ ਇਸ ਵਿਸਥਾਰ ਦਾ ਜਿੱਥੇ ਸਵਾਗਤ ਕਰਨਾ ਬਣਦਾ ਹੈ, ਉਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਵਿਦੇਸ਼ ਦੀ ਧਰਤੀ ‘ਤੇ ਮਾਰਕੀਟ ਵੀ ਕਿੱਡੀ ਕੁ ਹੈ, ਜਿੱਥੋਂ ਮੀਡੀਆ ਨੂੰ ਇਸ਼ਤਿਹਾਰ ਮਿਲਦੇ ਹਨ। ਕੈਨੇਡਾ ਵਿੱਚ ਇਸ਼ਤਿਹਾਰਾਂ ਨੂੰ ਹਾਸਲ ਕਰਨ ਵਿੱਚ ਵੀ ਖੂਬ ਮੁਕਾਬਲਾ ਚੱਲ ਰਿਹਾ ਹੈ। ਇਸ਼ਤਿਹਾਰਾਂ ਨੂੰ ਹਾਸਲ ਕਰਨ ਵਾਲੇ ਰੇਡੀਓ, ਟੀ. ਵੀ. ਅਤੇ ਅਖਬਾਰ ਲਗਾਤਾਰ ਇਸ਼ਤਿਹਾਰਾਂ ਦੀਆਂ ਕੀਮਤਾਂ ਘਟਾ ਰਹੇ ਹਨ। ਇਹ ਜੋ ਚੈਨਲਾਂ ਦੀ ਸੂਚੀ ਮੈਂ ਇੱਥੇ ਦਿੱਤੀ ਹੈ, ਇਹ ਉਹ ਚੈਨਨ ਹਨ ਜੋ ਭਾਵੇਂ ਹਿੰਦੋਸਤਾਨੀ ਪੰਜਾਬ, ਇੰਗਲੈਂਡ ਜਾਂ ਫ਼ਿਰ ਕੈਨੇਡਾ ਕਿਤੋਂ ਵੀ ਚੱਲ ਰਹੇ ਹੋਣ, ਵੇਖੇ ਉਹ ਵੈਨਕੂਵਰ, ਟਰਾਂਟੋ, ਕੈਲਗਰੀ, ਐਡਮਿੰਟਨ ਜਾਂ ਕਿਸੇ ਵੀ ਸ਼ਹਿਰ ਜਾ ਸਕਦੇ ਹਨ।
”ਕੀ ਇੰਨੇ ਸਾਰੇ ਚੈਨਲ ਚੱਲ ਸਕਣਗੇ” ਮੈਨੂੰ ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ। ਮੇਰਾ ਜਵਾਬ ਵੀ ਅਕਸਰ ਇਹੀ ਹੁੰਦਾ ਹੈ:
ਅਬ ਹਵਾਏਂ ਹੀ ਕਰੇਂਗੀ ਰੋਸ਼ਨੀ ਕਾ ਫ਼ੈਸਲਾ
ਜਿਸ ਦੀਏ ਮੇਂ ਤੇਲ ਹੋਗਾ ਵੋ ਜਲਤਾ ਰਹੇਗਾ।
ਦਗ

ਮੈਂ ਫ਼ਿਰ ਕੈਨੇਡਾ ਆਇਆ-3

downloadਤੁਸੀਂ ਮਹਿਮਾਨਾਂ ਅਤੇ ਦੋਸਤਾਂ ਵੱਲੋਂ ਜਲਦੀ ਵਿਹਲੇ ਹੋਵੋ। ਪੰਜ ਵਜੇ ਰੇਡੀਓ ਰੈਡ ਐਫ਼. ਐਮ. ਦੇ ਸਟੂਡੀਓ ਪਹੁੰਚਣਾ ਹੈ। ਮਨਜੀਤ ਕੰਗ ਇੰਤਜ਼ਾਰ ਕਰ ਰਿਹਾ ਹੈ। ਮੇਰਾ ਮੇਜ਼ਬਾਨ ਦੋਸਤ ਸੁਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਮੈਨੂੰ ਕਹਿ ਰਿਹਾ ਸੀ। ਮੈਂ ਪੰਜਾਬ ਭਵਨ ਦੇ ਉਦਘਾਟਨ ਤੋਂ ਬਾਅਦ ਉਥੇ ਜੁੜੇ ਸਾਹਿਤਕਾਰਾਂ ਅਤੇ ਮੀਡੀਆ ਕਰਮੀਆਂ ਨਾਲ ਮਿਲ ਕੇ ਪੁਰਾਣੀਆਂ ਯਾਦਾਂ ਅਤੇ ਗਿਲੇ-ਸ਼ਿਕਵੇ ਸਾਂਝੇ ਕਰ ਰਿਹਾ ਸੀ। ਸੈਲਫ਼ੀਆਂ ਫ਼ੋਟੋਆਂ ਦਾ ਸੈਸ਼ਨ ਚੱਲ ਰਿਹਾ ਸੀ। ਯਾਦਗਾਰੀ ਪਲਾਂ ਨੁੰ ਕੈਚ ਕਰਨ ਦੇ ਯਤਨ ਕੀਤੇ ਜਾ ਰਹੇ ਸਨ।
ਇਸ ਵੀਕਐਂਡ ‘ਤੇ ਕੀ ਪ੍ਰੋਗਰਾਮ ਹੈ, ਲੱਗਭੱਗ ਹਰ ਮਿੰਤਰ ਪ੍ਰੇਮੀ ਦਾ ਸਵਾਲ ਸੀ। ਕੈਨੇਡਾ ਆ ਕੇ ਹੀ ਵੀਕਐਂਡ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ। ਇੰਡੀਆ ਵਿੱਚ ਜਦੋਂ ਦਿਲ ਕਰੇ ਮਹਿਫ਼ਲ ਜਮਾ ਲਈਦੀ ਹੈ। ਇੱਥੇ ਪਹਿਲੇ ਪੰਜ ਦਿਨ ਪੂਰੇ ਕੰਮ ਲਈ ਅਤੇ ਫ਼ਿਰ ਮਿਲਣ ਮਿਲਾਉਣ ਲਈ ਬਚਦੇ ਹਨ ਸ਼ੁੱਕਰਵਾਰ ਦੀ ਸ਼ਾਮ ਅਤੇ ਰਾਤ, ਸ਼ਨਿਚਰਵਾਰ ਅਤੇ ਐਤਵਾਰ। ਐਤਵਾਰ ਦੀ ਰਾਤ ਜਲਦੀ ਸੌਣ ਦਾ ਪ੍ਰੋਗਰਾਮ ਹੁੰਦਾ ਹੈ ਕਿਉਂਕਿ ਸੋਮਵਾਰ ਨੂੰ ਸਹੀ ਵਕਤ ਕੰਮ ‘ਤੇ ਜਾਣਾ ਹੁੰਦਾ ਹੈ। ਮੈਂ ਇਸ ਵਾਰ ਵੀ ਕੈਨੇਡਾ ਯਾਤਰਾ ਦਾ ਪ੍ਰੋਗਰਾਮ ਵੀ ਇਸੇ ਤਰ੍ਹਾਂ ਬਣਾ ਕੇ ਆਇਆ ਸੀ ਕਿ ਹਰ ਵੱਡੇ ਸ਼ਹਿਰ ਜਿਵੇਂ ਕਿ ਵੈਨਕੂਵਰ, ਕੈਲਗਰੀ, ਐਡਮਿੰਟਨ ਅਤੇ ਟਰਾਂਟੋ ਆਦਿ ਵਿੱਚ ਇੱਕ ਇੱਕ ਵੀਕਐਂਡ ਬਿਤਾ ਸਕਾਂ। ਪਰ ਵੈਨਕੂਵਰ ਦੇ ਮਿੱਤਰਾਂ ਦੇ ਮੋਹ ਨੇ ਇੱਕ ਦੀ ਬਜਾਏ ਦੋ ਵੀਕਐਂਡ ਦਾ ਪ੍ਰੋਗਰਾਮ ਬਣਾ ਲਿਆ ਸੀ।
ਖੈਰ ਅਸੀਂ ਵਕਤ ਸਿਰ ਵਿਦਾ ਲੈ ਕੇ ਰੇਡੀਓ ਐਫ਼. ਐਮ. ਦੇ ਸਟੂਡੀਓ ਪਹੁੰਚ ਗਏ। ਸਮੁੱਚੇ ਕੈਨੇਡਾ ਵਿੱਚ ਰੇਡੀਓ ਦੀ ਬਹੁਤ ਅਹਿਮੀਅਤ ਹੈ। ਭਾਰਤ ਦੇ ਮੁਕਾਬਲੇ ਇੱਥੋਂ ਦੇ ਰੇਡੀਓ ਐਂਕਰਾਂ ਦੀ ਮਕਬੂਲੀਅਤ ਬਹੁਤ ਜ਼ਿਆਦਾ ਹੈ। ਚੰਗੇ ਰੇਡੀਓ ਹੋਸਟ ਸਾਡੇ ਭਾਈਚਾਰੇ ਵਿੱਚ ਬਹੁਤ ਸਤਿਕਾਰ ਖੱਟ ਰਹੇ ਹਨ। ਕੈਨੇਡਾ ਦੇ ਦੋ ਵੱਡੇ ਸ਼ਹਿਰਾਂ ਵਿੱਚ ਪੰਜਾਬੀ ਰੇਡੀਓ ਪ੍ਰੋਗਰਾਮ ਵੱਡੀ ਗਿਣਤੀ ਵਿੱਚ ਪੇਸ਼ ਕੀਤੇ ਜਾਂਦੇ ਹਨ। ਟੋਰੌਂਟੋ ਵਿੱਚ ਵੈਨਕੂਵਰ ਦੇ ਮੁਕਾਬਲੇ ਪੰਜਾਬੀ ਪ੍ਰੋਗਰਾਮ ਜ਼ਿਆਦਾ ਗਿਣਤੀ ਵਿੱਚ ਪੇਸ਼ ਕੀਤੇ ਜਾਂਦੇ ਹਨ ਪਰ ਵੈਨਕੂਵਰ ਦੇ ਪੰਜਾਬੀ ਰੇਡੀਓ ਭਾਵੇਂ ਗਿਣਤੀ ਵਿੱਚ ਘੱਟ ਹਨ ਪਰ ਹਨ 24 ਘੰਟਿਆਂ ਤਕ ਪੂਰੇ ਪੰਜਾਬੀ ਰੇਡੀਓ। ਦੂਜੇ ਪਾਸੇ ਟਰਾਂਟੋ ਵਿੱਚ ਇੱਕ ਇੱਕ ਦੋ-ਦੋ ਘੰਟੇ ਦੇ ਸਲਾਟ ਲੈ ਕੇ ਰੇਡੀਓ ਪ੍ਰੋਗਰਾਮ ਪੇਸ਼ ਕਰਨ ਦਾ ਰਿਵਾਜ਼ ਜ਼ਿਆਦਾ ਹੈ। ਮੈਂ ਲੰਮੇ ਸਮੇ ਤੋਂ ਵੈਨਕੂਵਰ ਦੇ ਰੇਡੀਓ ਪ੍ਰੋਗਰਾਮਾਂ ਨਾਲ ਜੁੜਿਆ ਹੋਇਆ ਹਾਂ। ਲੰਮਾ ਸਮਾਂ ਮੈਂ ਸਲਿੰਦਰ ਗਿੱਲ ਦੇ ਰੇਡੀਓ ਤੋਂ ਰਵਿੰਦਰ ਗਿੱਲ ਨਾਲ ਪ੍ਰੋਗਰਾਮ ਕਰਦਾ ਰਿਹਾ। ਫ਼ਿਰ ਇਸੇ ਰੇਡੀਓ ਤੋਂ ਦਵਿੰਦਰ ਬੈਨੀਪਾਲ ਨਾਲ ਮੇਰਾ ਟਾਕ ਸ਼ੋਅ ਚਲਦਾ ਰਿਹਾ। ਗੁਰਵਿੰਦਰ ਧਾਲੀਵਾਲ ਨਾਲ ਪਹਿਲਾਂ ਰੇਡੀਓ ਸ਼ੇਰੇ ਪੰਜਾਬ ਨਾਲ ਫ਼ਿਰ ਅੱਜਕਲ੍ਹ ਮੀਡੀਆ ਵੇਵਜ਼ ‘ਤੇ ਗਾਹੇ-ਬਗਾਹੇ ਸਰੋਤਿਆਂ ਨਾਲ ਸਾਂਝ ਪਾਈਦੀ ਹੈ। ਇੱਕ ਗੱਲ ਹੋਰ ਵੀ ਕਮਾਲ ਦੀ ਹੈ, ਕੈਨੇਡਾ ਰੇਡੀਓ ਦੀ, ਇੱਥੇ ਸਿਰਫ਼ ਹੋਸਟ ਹੀ ਆਪਣੀ ਵੱਖਰੀ ਪਹਿਚਾਣ ਨਹੀਂ ਬਣਾਉਂਦੇ ਸਗੋਂ ਸਰੋਤੇ ਵੀ ਜੋ ਟਿੱਪਣੀਆਂ ਅਤੇ ਸਵਾਲ ਪੁੱਛਣ ਦਾ ਚਸਕਾ ਰੱਖਦੇ ਹਨ, ਵੀ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਹੁਣ ਕਿਸੇ ਨੂੰ ਪੁੱਛ ਲਵੋ ਕਿ ਟਾਂਡੀ ਮੰਗਤਾ ਕੌਣ ਹੈ। ਸਭ ਜਾਣਦੇ ਹਨ ਕਿ ਉਸਨੇ ਸਵਾਲ ਪੁੱਛਣਾ ਹੀ ਪੁੱਛਣਾ ਹੁੰਦੈ। ਰੇਡੀਓ ਰੈਡ ਐਫ਼. ਐਮ. ‘ਤੇ ਮੈਨੂੰ ਮਨਜੀਤ ਕੰਗ ਵੱਲੋਂ ਸੱਦਾ ਸੀ, ਉਹ ਪਹਿਲਾਂ ਵੀ ਮੈਨੂੰ ਇੰਟਰਵਿਊ ਕਰ ਚੁੱਕੀ ਸੀ। ਇਸੇ ਰੇਡੀਓ ਤੋਂ ਰਸ਼ੀਨ ਵਾਲੇ ਹਰਜਿੰਦਰ ਥਿੰਦ ਨੇ ਆਪਣੀ ਖੂਬ ਭੱਲ ਬਣਾਈ ਹੋਈ ਹੈ। ਗੁਰਵਿੰਦਰ ਧਾਲੀਵਾਲ, ਦਵਿੰਦਰ ਬੇਨੀਪਾਲ, ਜਸਵੀਰ ਰੋਮਾਣਾ ਅਤੇ ਹਰਜੀਤ ਗਿੱਲ ਆਦਿ ਅਜਿਹੇ ਨਾਂ ਹਨ, ਜੋ ਪੰਜਾਬੀ ਭਾਈਚਾਰੇ ਵਿੱਚ ਬਹੁਤ ਚੰਗੀ ਸ਼ਾਖ ਰੱਖਦੇ ਹਨ। ਮਨਜੀਤ ਕੰਗ ਨੇ ਮੇਰੀ ਪੁਸਤਕ ‘ਜਿੱਤ ਦਾ ਮੰਤਰ’ ਦੇ ਹਵਾਲੇ ਮੈਨੂੰ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਮੰਤਰਾਂ ਬਾਰੇ ਸਵਾਲ ਕੀਤੇ। ਮੈਂ ਆਉਣ ਸਮੇਂ ਉਹਨਾਂ ਨੂੰ ਆਪਣੀ ਇਹ ਪੁਸਤਕ ਭੇਂਟ ਵੀ ਕੀਤੀ।
”ਹੁਣ ਕੀ ਪ੍ਰੋਗਰਾਮ ਹੈ ਬਰਾੜ ਸਾਹਿਬ” ਰੇਡੀਓ ਰੈਡ ਐਫ਼. ਐਮ. ਤੋਂ ਬਾਹਰ ਨਿਕਲਦੇ ਹੋਏ ਮੈਂ ਭਗਤਾ ਭਾਈ ਨੂੰ ਪੁੱਛਦਾ ਹਾਂ?
”ਹੁਣ ਇੱਕ ਘੰਟਾ ਫ਼ਰੀ ਹਾਂ। ਫ਼ਿਰ ਬੰਬੈ ਬੈਂਕੁਟ ਹਾਲ ਪਹੁੰਚਣਾ ਹੈ। ਮੁਗਲੀ-ਰੋਪੜ ਨਾਈਟ ਹੈ ਉਥੇ” ਸੁਖਮੰਦਰ ਬਰਾੜ ਦਾ ਜਵਾਬ ਸੀ।
”ਯਾਰ, ਚਾਹ ਪੀਏ ਕਿਤੇ, ਚਾਹ ਪੀਣ ਨੂੰ ਦਿਲ ਕਰਦੈ” ਮੈਂ ਕਹਿੰਦਾ ਹਾਂ।
ਸੁਖਮੰਦਰ ਸਿੰਘ ਬਰਾੜ ਕਿਸੇ ਨੂੰ ਫ਼ੋਨ ਮਿਲਾਉਂਦਾ ਹੈ ਅਤੇ ਕਹਿ ਰਿਹਾ ਹੈ:
‘ਡਾ. ਵਾਲੀਆ ਮੇਰੇ ਨਾਲ ਹਨ ਅਤੇ ਇੱਕ ਹੋਰ ਮਿੱਤਰ ਵੀ। ਅਸੀਂ ਚਾਹ ਪੀਣ ਆ ਰਹੇ ਹਾਂ ਤੇਰੇ ਕੋਲ।’
‘ਆਹ ਜੀ, ਜੀ ਆਇਆਂ ਨੂੰ’ ਦੂਜੇ ਪਾਸਿਉਂ ਆਵਾਜ਼ ਆਉਂਦੀ ਹੈ।’
‘ਇਹ ਆਪਣਾ ਮਿੱਤਰ ਹੈ, ਰਣਧੀਰ ਢਿੱਲੋਂ, ਬਹੁਤ ਵਧੀਆ ਬੰਦੈ। ਇਹਦੇ ਘਰ ਚਾਹ ਪੀਵਾਂਗੇ’। ਬਰਾੜ ਦੱਸਦਾ ਹੈ।
ਦਸ ਕੁ ਮਿੰਟ ਦੀ ਡਰਾਈਵ ਤੋਂ ਬਾਅਦ ਅਸੀਂ ਰਣਧੀਰ ਢਿੱਲੋਂ ਦੇ ਘਰ ਪਹੁੰਚ ਗਏ। ਰਣਧੀਰ ਢਿੱਲੋਂ ਇੱਕ ਰਿਐਲਟਰ ਹੈ, ਜਿਸਨੇ ਚੰਗਾ ਪੈਸਾ ਬਣਾਇਆ ਹੈ। ਉਸਨੇ ਬਹੁਤ ਮੌਕੇ ‘ਤੇ ਆਪਣਾ ਖੂਬਸਰਤ ਘਰ ਉਸਾਰਿਆ ਹੋਇਆ ਹੈ।
”ਇਹ ਰਣਧੀਰ ਢਿੱਲੋਂ ਹੈ ਆਪਣਾ ਮਿੱਤਰ’ ਬਰਾੜ ਮੇਰੀ ਜਾਣ ਪਛਾਣ ਕਰਾਉਂਦਾ ਹੈ।
ਉਹ ਬਹੁਤ ਨਿੱਘ ਤੇ ਸਤਿਕਾਰ ਨਾਲ ਮਿਲਦਾ ਹੈ। ਮੈਂ ਸੁਭਾਵਿਕ ਹੀ ਪੁੱਛਦਾ ਹਾਂ: ਕਿ
‘ਢਿੱਲੋਂ ਸਾਹਿਬ, ਕਿੱਥੋਂ ਪੜ੍ਹੇ ਹੋ”
”ਮੈਂ ਗੌਰਮਿੰਟ ਕਾਲਜ ਲੁਧਿਆਣਾ ਤੋਂ ਐਮ. ਏ. ਪੰਜਾਬੀ ਕੀਤੀ ਹੈ’। ਢਿੱਲੋਂ ਦਾ ਜਵਾਬ ਸੀ।
‘ਕਦੋਂ’ ਮੈਂ ਪੁੱਛਿਆ।
‘1978-79 ਵਿੱਚ’ ਢਿੱਲੋਂ ਨੇ ਦੱਸਿਆ।
‘ਯਾਰ, ਉਹਨਾਂ ਦਿਨਾਂ ਵਿੱਚ ਮੈਂ ਵੀ ਤਾਂ ਉਥੇ ਹੀ ਪੜ੍ਹਦਾ ਸੀ। ਡਾ. ਆਤਮ ਹਮਰਾਹੀ ਨਾਲ ਹੀ ਮਲੇਰਕੋਟਲਾ ਤੋਂ ਇੱਥੇ ਆ ਗਿਆ ਸੀ। ਡਾ. ਜੋਗਿੰਦਰ ਸਿੰਘ, ਡਾ. ਚੰਦ, ਡਾ. ਦਰਦੀ ਅਤੇ ਮਹਿੰਦਰ ਸਿੰਘ ਚੀਮਾ ਪੜ੍ਹਾਉਂਦੇ ਸਨ।’
‘ਹਾਂ, ਹਾਂ, ਬਿਲਕੁਲ ਸਹੀ ਕਿਹਾ’ ਢਿੱਲੋਂ ਸਾਹਿਬ ਕਹਿਣ ਲੱਗੇ।
ਰਣਧੀਰ ਢਿੱਲੋਂ ਉਠਿਆ ਅਤੇ ਕੰਧ ‘ਤੇ ਲੱਗੀ ਉਸ ਵੇਲੇ ਦੀ ਫ਼ੋਟੋ ਉਤਾਰ ਲਿਆਇਆ। ਗਰੁੱਪ ਫ਼ੋਟੋ ਵਿੱਚੋਂ ਮੈਂ ਗੁਰਇੱਕਬਾਲ ਤੂਰ ਵਰਗੇ ਕਈ ਮਿੱਤਰਾਂ ਨੂੰ ਉਸੇ ਵੇਲੇ ਪਹਿਚਾਣ ਗਿਆ। 38 ਵਰ੍ਹੇ ਜ਼ਿੰਦਗੀ ਵਿੱਚੋਂ  ਜਿਵੇਂ ਮਨਫ਼ੀ ਹੀ ਹੋ ਗਏ। ਦੋ ਜਮਾਤੀ ਜੋ ਮਿਲ ਗਏ ਸਨ। ਉਸ ਤੋਂ ਬਾਅਦ ਹੌਲੀ ਹੌਲੀ ਵਕਤ ਦੀ ਚੱਕਰੀ ਨੂੰ ਪਿੱਛੇ ਨੁੰ ਘੁੰਮਾਇਆ ਗਿਆ ਅਤੇ ਕਈ ਪੱਤਰਿਆਂ ਤੋਂ ਗਰਦ ਨੂੰ ਝਾੜਿਆ ਗਿਆ। ਚਾਹ ਪੀ ਕੇ ਉਠਣ ਤੋਂ ਪਹਿਲਾਂ ਇਹ ਫ਼ੈਸਲਾ ਹੋਇਆ ਕਿ ਕਿਸੇ ਦਿਨ ਪ੍ਰਿਥੀਪਾਲ ਸਿੰਘ ਸੋਹੀ ਅਤੇ ਮੋਹਨ ਗਿੱਲ ਵਰਗੇ ਗੌਰਮਿੰਟ ਕਾਲਜ ਵੇਲੇ ਦੇ ਪੁਰਾਣੇ ਮਿੱਤਰਾਂ ਨਾਲ ਇੱਕ ਸ਼ਾਮ ਸਾਂਝੀ ਜ਼ਰੂਰ ਕੀਤੀ ਜਾਵੇ। ਪ੍ਰਿਥੀਪਾਲ ਸਿੰਘ ਸੋਹੀ ਜੋ ਕਿ ਅੱਜਕਲ੍ਹ ਵੈਨਕੂਵਰ ਦੇ ਮੀਡੀਆ ਦੀ ਇੱਕ ਸਤਿਕਾਰਤ ਸ਼ਖਸੀਅਤ ਹੈ, ਕਿਸੇ ਸਮੇਂ ਮੇਰੇ ਨਾਲ ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਪੜ੍ਹਦਾ ਹੁੰਦਾ ਸੀ। ਉਸ ਤੋਂ ਬਾਅਦ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਸੀ। ਕੈਨੇਡਾ ਆਉਣ ਤੋਂ ਪਹਿਲਾਂ ਉਹ ਗੌਰਮਿੰਟ ਕਾਲਜ ਲੁਧਿਆਣਾ ਦੇ ਵਾਈਸ ਪ੍ਰਿੰਸੀਪਲ ਅਤੇ ਰਾਜਨੀਤੀ ਦੇ ਪ੍ਰੋਫ਼ੈਸਰ ਸਨ।
ਰਣਧੀਰ ਢਿੱਲੋਂ ਦੇ ਘਰੋਂ ਸਿੱਧੇ ਅਸੀਂ ਬੰਬੇ ਬੈਂਕੁਟ ਹਾਲ ਪਹੁੰਚੇ। ਜਾਂਦਿਆਂ ਨੂੰ ਪ੍ਰਿਤਪਾਲ ਗਿੱਲ ਤੇ ਸੁਰਜੀਤ ਮਾਧੋਪੁਰੀ ਨੇ ਨਿੱਘਾ ਸਵਾਗਤ ਕੀਤਾ। ਬੰਬੇ ਬੈਂਕੁਟ ਹਾਲ ਦੀ ਪਹਿਲੀ ਮੰਜ਼ਿਲ ‘ਤੇ ਖੂਬ ਰੌਣਕਾਂ ਸਨ। ਮੋਹਾਲੀ-ਰੋਪੜ ਨਾਈਟ ਜੋ ਮਨਾਈ ਜਾ ਰਹੀ ਸੀ। ਕੈਨੇਡਾ ਦੀ ਧਰਤੀ ‘ਤੇ ਵੱਖ-ਵੱਖ ਜ਼ਿਲ੍ਹਿਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਸਲਾਨਾ ਸਮਾਰੋਹ ਕਰਨਾ ਆਮ ਗੱਲ ਹੈ। ਭਾਵੇਂ ਇਹ ਮੁਹਾਲੀ-ਰੋਪੜ ਨਾਈਟ ਸੀ ਪਰ ਇਸ ਵਿੱਚ ਹੋਰ ਮਹਿਮਾਨ ਵੀ ਸ਼ਾਮਲ ਸਨ। ਮੈਂ ਦੇਖਿਆ ਕਿ ਮੇਰੇ ਪਿਛਲੇ ਵਾਲੇ ਟੇਬਲ ‘ਤੇ ਪ੍ਰਿਥੀਪਾਲ ਸਿੰਘ ਸੋਹੀ, ਉਹਨਾਂ ਦੀ ਧਰਮ ਪਤਨੀ ਹਰਿੰਦਰ ਸੋਹੀ, ਕੁਲਦੀਪ ਗਿੱਲ ਅਤੇ ਪਰਨੀਤ ਵਾਲੀਆ ਬੈਠੇ ਸਨ। ਦੂਰ ਟੇਬਲ ‘ਤੇ ਮਾਸਟਰ ਅਮਰੀਕ ਸਿੰਘ ਲੇਲ ਆਪਣੇ ਮਿੱਤਰਾਂ ਨਾਲ ਬੈਠਾ ਸੀ। ਸਟੇਜ ਉਤੇ ਰੰਗਾਰੰਗ ਪ੍ਰੋਗਰਾਮ ਚੱਲ ਰਿਹਾ ਸੀ। ਪੇਸ਼ੇਵਰ ਗਾਇੱਕ ਤੋਂ ਪਹਿਲਾਂ ਮਹਿਮਾਨ ਆਈਟਮ ਪੇਸ਼ ਕੀਤੀਆਂ ਜਾ ਰਹੀਆਂ ਸਨ। ਅਜੇ ਅਸੀਂ ਦੋਸਤਾਂ-ਮਿੱਤਰਾਂ ਨੂੰ ਮਿਲ ਹੀ ਰਹੇ ਸੀ ਕਿ ਸੁੱਖੀ ਬਾਠ ਅਤੇ ਗੁਰਭਜਨ ਗਿੱਲ ਵੀ ਆ ਗਏ। ਉਹਨਾਂ ਨਾਲ ਪਟਿਆਲੇ ਤੋਂ ਮੇਰੇ ਮਿੱਤਰ ਜਗਜੀਤ ਸਿੰਘ ਦਰਦੀ ਦੇ ਛੋਟੇ ਬੇਟੇ ਸਤਿਵੀਰ ਸਿੰਘ ਦਰਦੀ ਅਤੇ ਟਾਈਮ ਟੀ. ਵੀ. ਦੀ ਪੂਰੀ ਟੀਮ ਸੀ। ਹਾਲ ਵਿੱਚ ਖੂਬ ਰੌਣਕਾਂ ਸਨ। ਲੋਕ ਖਾਣ ਪੀਣ ‘ਤੇ ਗੱਪ ਸ਼ੱਪ ਵਿੱਚ ਮਗਨ ਸਨ। ਸਟੇਜ ਤੋਂ ਸੰਗੀਤ ਦੇ ਨਾਂ ‘ਤੇ ਉਚੀ ਅਤੇ ਕੰਨ ਪਾੜਵੀਂ ਆਵਾਜ਼ ਵਿੱਚ ਗੱਲਬਾਤ ਕਰਨੀ ਬਹੁਤ ਔਖੀ ਸੀ। ਬਹੁਤ ਉਚੀ ਆਵਾਜ਼ ਵਿੱਚ ਬੋਲਣਾ ਪੈਂਦਾ ਸੀ। ਇਸ ਹਾਲਤ ਵਿੱਚ ਮੈਂ ਉਠਿਆ, ਪਹਿਲਾ ਸੋਹੀ ਜੋੜੀ ਨੂੰ ਮਿਲਿਆ ਅਤੇ ਕੁਲਦੀਪ ਗਿੱਲ ਨੂੰ ਅਤੇ ਫ਼ਿਰ ਮਾਸਟਰ ਅਮਰੀਕ ਸਿੰਘ ਲੇਲ ਨੂੰ।
”ਇਹਨਾਂ ਨੂੰ ਮਿਲੋ, ਇਹ ਅਮਰੀਕ ਵਿਰਕ ਹਨ, ਇੱਥੋਂ ਦੇ ਮੰਤਰੀ” ਮਾਧੋਪੁਰੀ ਨੇ ਮੇਰੀ ਜਾਣ ਪਛਾਣ ਕਰਾਈ।
ਵਿਰਕ ਸਾਹਿਬ ਨੇ ਦੱਸਿਆ ਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਪੁਲਿਸ ਵਿਭਾਗ ਵਿੱਚ ਸਨ। ਆਵਾਜ਼ ਜ਼ਿਆਦਾ ਉਚੀ ਹੋਣ ਕਾਰਨ ਜ਼ਿਆਦਾ ਗੱਲਬਾਤ ਨਹੀਂ ਹੋ ਸਕੀ। ਰਣਧੀਰ ਢਿੱਲੋਂ ਆਇਆ ਮੈਨੂੰ ਅਤੇ ਮੇਰੇ ਮਿੱਤਰ ਨਾਜ਼ਰ ਸਿੰਘ ਨੂੰ ਉਠਾ ਕੇ ਹਾਲ ਦੇ ਪਿਛਲੇ ਹਿੱਸੇ ਵਿੱਚ ਲੈ ਗਿਆ। ਇਸ ਪਾਸੇ ਦਾ ਮਾਹੌਲ ਬਿਲਕੁਲ ਵੱਖਰਾ ਸੀ। ਸਟੇਜ ਦੀ ਕਾਰਵਾਈ ਤੋਂ ਬੇਖਬਰ ਇੱਥੇ ਸਾਰੇ ਪੜ੍ਹੇ-ਲਿਖੇ ਲੋਕ ਆਪਣੇ ਹੱਥਾਂ ਵਿੱਚ ਲਏ ਜਾਮਾਂ ਵਿੱਚੋਂ ਚੁਸਕੀਆਂ ਲੈਂਦੇ-ਲੈਂਦੇ ਹਾਸੇ ਠੱਠੇ ਵਿੱਚ ਮਸ਼ਰੂਫ਼ ਸਨ। ਮੈਨੂੰ ਦੱਸਿਆ ਗਿਆ ਕਿ ਇਸ ਤਰ੍ਹਾਂ ਦੀਆਂ ਮਹਿਫ਼ਲਾਂ ਵਿੱਚ ਸ਼ਰਾਬ ਲਈ ਪੈਸੇ ਵੱਖਰੇ ਦੇਣੇ ਪੈਂਦੇ ਹਨ। ਪੈਸਿਆਂ ਦੀ ਇੱਥੇ ਕਿਸਨੂੰ ਪਰਵਾਹ ਹੁੰਦੀ ਹੈ, ਖੁਮਾਰੀ ਤਾਂ ਮਿੱਤਰਾਂ ਦੋਸਤਾਂ ਦੀ ਸੰਗਤ ਦੀ ਹੁੰਦੀ ਹੈ। ਸਟੇਜ ‘ਤੇ ਪੁਰਾਣੇ ਗਾਇੱਕਾਂ ਦੀ ਤਰਜ਼ ‘ਤੇ ਅਖਾੜਾ ਲੱਗਿਆ ਹੋਇਆ ਸੀ, ਇੱਥੇ ਇੱਕ ਵੰਖਰਾ ਅਖਾੜਾ ਸੀ। ਦੋਵੇਂ ਅਖਾੜਿਆਂ ਨੂੰ ਇੱਕ-ਦੂਜੇ ਦੀ ਪਰਵਾਹ ਨਹੀਂ ਸੀ।
‘ਕਦੋਂ ਆਏ, ਮੈਨੂੰ ਦੱਸਿਆ ਵੀ ਨਹੀਂ ਤੁਸੀਂ ਇੱਥੇ ਹੋ’ ਮੈਨੂੰ ਮਿਲ ਕੇ ਕੋਲ ਰੰਗੀ ਕਹਿਣ ਲੱਗਾ।
‘ਯਾਰ, ਕੱਲ੍ਹ ਹੀ ਆਇਆ ਹਾਂ, ਅੱਜ ਪੰਜਾਬ ਭਵਨ ਦੇ ਉਦਘਾਟਨ ਵਿੱਚ ਬਿਜ਼ੀ ਰਿਹਾ, ਬੱਸ ਮੌਕਾ ਹੀ ਨਹੀਂ ਮਿਲਿਆ’ ਮੈਂ ਸਫ਼ਾਈ ਦਿੱਤੀ।
‘ਇਹ ਗੱਲ ਚੰਗੀ ਨਹੀਂ’ ਕੈਲ ਰੰਗੀ ਮੇਰੇ ਉਤਰ ਤੋਂ ਸੰਤੁਸ਼ਟ ਨਹੀਂ ਸੀ। ਕੈਲ ਰੰਗੀ ਜਿੰਨੀ ਕੁਲਦੀਪ ਰੰਗੀ ਮੇਰੇ ਪੁਰਾਣੇ ਮਿੱਤਰਾਂ ਵਿੱਚੋਂ ਹਨ। ਅਸਲ ਵਿੱਚ ਵੁਸਦਾ ਵੱਡਾ ਭਰਾ ਕੁਲਵੰਤ ਰੰਗੀ ਮੇਰਾ ਮਿੱਤਰ ਸੀ। ਸਾਡੀ ਮਿੱਤਰਤਾ ਦਾ ਕਾਰਨ ਮੇਰੇ ਗੁਰੂ ਵਰਗੇ ਮਿੱਤਰ ਪ੍ਰੋ. ਅਮਰਜੀਤ ਸਿੱਧੂ ਸਨ। ਇਹ ਅਮਰਜੀਤ ਸਿੱਧੂ ਹੋਰਾਂ ਦੀ ਮਾਸੀ ਦੇ ਮੁੰਡੇ ਹਨ। ਕੁਲਦੀਪ ਰੰਗੀ ਨਾਲ ਮੇਰੀ ਇੱਕ ਹੋਰ ਸਾਝ ਬ੍ਰਿਗੇਡੀਅਰ ਡੀ. ਐਸ. ਗਰੇਵਾਲ ਕਰਕੇ ਵੀ ਹੈ। ਬ੍ਰਿਗੇਡੀਅਰ ਗਰੇਵਾਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਹੇ ਹਨ ਅਤੇ ਕੁਲਦੀਪ ਰੰਗੀ ਉਹਨਾਂ ਦਾ ਮਾਮਾ ਹੈ। ਬ੍ਰਿਗੇਡੀਅਰ ਗਰੇਵਾਲ ਨੂੰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ. ਏ. ਐਸ. ਸੈਂਟਰ ਦੇ ਵਿਦਿਆਰਥੀਆਂ ਨੂੰ ਟਰੇਨਿੰਗ ਦੇਣ ਲਈ ਅਕਸਰ ਸੱਦਾ ਦਿੰਦਾ ਰਹਿੰਦਾ ਹਾਂ। ਸੁਪਾਅ ਵਜੋਂ ਵੀ ਮੈਨੂੰ ਕੈਲ ਰੰਗੀ ਪਸੰਦ ਹੈ ਪਰ ਸੱਚਮੁਚ ਇਸ ਵਾਰ ਦੀ ਯਾਤਰਾ ਬਾਰੇ ਨਹੀਂ ਦੱਸਿਆ ਸੀ। ਉਸਦਾ ਗਿਲਾ ਜਾਇਜ਼ ਸੀ।

ਮੈਂ ਫ਼ਿਰ ਕੈਨੇਡਾ ਆਇਆ-2

downloadਦੋ ਅਕਤੂਬਰ ਨੂੰ ਸਰੀ ਵਿਖੇ ਸੁੱਖੀ ਬਾਠ ਵੱਲੋਂ ਬਣਾਏ ਪੰਜਾਬ ਭਵਨ ਦਾ ਉਦਘਾਟਨੀ ਸਮਾਰੋਹ ਹੋਇਆ। ਇਸੇ ਸਮਾਰੋਹ ਲਈ ਮੈਂ ਉਚੇਚੇ ਤੌਰ ‘ਤੇ ਪਹੁੰਚਿਆ ਸੀ। ਮੈਥੋਂ ਇਲਾਵਾ ਸਟੇਜ ਉਤੇ ਗੁਰਭਜਨ ਗਿੱਲ, ਬਲਜੀਤ ਬੱਲੀ, ਚੜ੍ਹਦੀਕਲਾ ਟਾਈਮ ਟੀ. ਵੀ. ਵਾਲੇ ਸਤਿਵੀਰ ਦਰਦੀ, ਸੁੱਖੀ ਬਾਠ ਅਤੇ ਕਵਿੰਦਰ ਚਾਂਦ ਹਾਜ਼ਰ ਸਨ। ਕਵਿੰਦਰ ਚਾਂਦ ਅੱਜਕਲ੍ਹ ਇਸ ਭਵਨ ਨੂੰ ਸਹੀ ਢੰਗ ਨਾਲ ਚਲਾਉਣ ਲਈ ਸੁੱਖੀ ਬਾਠ ਦਾ ਸਹਿਯੋਗ ਦੇ ਰਿਹਾ ਹੈ। ਇਸ ਪ੍ਰੋਗਰਾਮ ਦਾ ਉਹ ਸਟੇਜ ਸਕੱਤਰ ਵੀ ਸੀ। ਹਾਲ ਹੀ ਵਿਚ ਸਾਰੀਆਂ ਕੁਰਸੀਆਂ ‘ਤੇ ਪ੍ਰੋਗਰਾਮ ਦੀ ਰੂਪਰੇਖਾ ਵਾਲੇ ਫ਼ੋਲਡਰ ਤੋਂ ਇਲਾਵਾ ਵੱਡੇ ਵੱਡੇ ਰੇਸ਼ਮੀ ਰੁਮਾਲ ਰੱਖੇ ਹੋਏ ਸਨ। ਪਹਿਲਾਂ ਤਾਂ ਮੈਨੂੰ ਇਹਨਾਂ ਬਾਰੇ ਕੁਝ ਵੀ ਸਮਝ ਨਹੀਂ ਆਇਆ ਪਰ ਜਦੋਂ ਸਟੇਜ ਸਕੱਤਰ ਨੇ ਗੁਰੂ ਘਰ ਤੋਂ ਆਏ ਇਕ ਭਾਈ ਸਾਹਿਬ ਨੂੰ ਅਰਦਾਸ ਕਰਨ ਲਈ ਸੱਦਾ ਦਿੱਤਾ ਤਾਂ ਮੇਰੇ ਗੱਲ ਪੱਲੇ ਪਈ ਕਿ ਇਹ ਰੁਮਾਲ ਗੁਰੂ ਦੀ ਰੋਡੀ ਭੋਡੀ ਸੰਗਤ ਲਈ ਸਨ ਤਾਂ ਜੋ ਉਹ ਅਰਦਾਸ ਸਮੇਂ ਆਪਣਾ ਸਿਰ ਢਕ ਸਕੇ। ਅਰਦਾਸ ਨਾਲ ਉਦਘਾਟਨੀ ਸਮਾਰੋਹ ਸ਼ੁਰੂ ਹੋਇਆ। ਜਦੋਂ ਗੁਰੂ ਦਾ ਆਸਰਾ ਲੈ ਕੇ ਕੋਈ ਕਾਰਜ ਸ਼ੁਰੂ ਕੀਤਾ ਜਾਂਦਾ ਹੈ ਤਾਂ ਮਨ ਅੰਦਰ ਇਹ ਵਿਸ਼ਵਾਸ ਦ੍ਰਿੜ੍ਹ ਹੋ ਜਾਂਦਾ ਹੈ ਕਿ ਇਹ ਕਾਰਜ ਅਵੱਸ਼ ਪੂਰਾ ਹੋਵੇਗਾ। ਅਰਦਾਸ ਤੋਂ ਬਾਅਦ ਸੁੱਖੀ ਬਾਠ ਦੇ ਜਵਾਈ ਅਤੇ ਉਸਦੇ ਮਿੱਤਰ ਅਤੇ ਕੁੜਮ ਬਲਵੀਰ ਢੱਡ ਦੇ ਬੇਟੇ ਨੇ ਪੰਜਾਬ ਭਵਨ ਦੇ ਭਵਿੱਖੀ ਸੁਪਨਿਆਂ ਬਾਰੇ ਇਕ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਿੱਤੀ ਅਤੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰੀ ਨਵੀਂ ਸੰਚਾਰ ਤਕਨਾਲੌਜੀ ਨਾਲ ਲੈਸ ਕੀਤਾ ਜਾਵੇਗਾ। ਆਨਲਾਈਨ ਲਾਇਬ੍ਰੇਰੀ ਹੋਵੇਗੀ, ਆਨਲਾਈਨ ਡਾਇਰੈਕਟਰੀ ਹੋਵੇਗੀ, ਵੀਡੀਓ ਲਾਇਬ੍ਰੇਰੀ ਹੋਵੇਗੀ ਅਤੇ ਹਰ ਚੀਜ਼ ਦੀ ਦਸਤਾਵੇਜ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੀਡੀਆ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਗੱਲ ਵੀ ਕਹੀ ਗਈ। ਉਂਝ ਮੇਰੇ ਮਿੱਤਰ ਜਗਜੀਤ ਸਿੰਘ ਦਰਦੀ ਨੇ ਆਪਣੇ ਚੈਨਲ ਟਾਈਮ ਟੀ. ਵੀ. ਨੂੰ ਇਸ ਪ੍ਰੋਜੈਕਟ ਲਈ ਸਮਰਪਿਤ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸੇ ਕਾਰਨ ਉਹਨਾ ਦਾ ਛੋਟਾ ਬੇਟਾ ਇਸ ਉਦਘਾਟਨੀ ਸਮਾਰੋਹ ਵਿਚ ਆਪਣੀ ਟੀਮ ਸਮੇਤ ਪਹੁੰਚਿਆ ਹੋਇਆ ਸੀ। ਸੁੱਖੀ ਬਾਠ ਨੇ ਸਵਾਗਤੀ ਭਾਸ਼ਣ ਦਿੰਤਾ ਅਤੇ ਕਿਹਾ ਕਿ ਉਸਦਾ ਚਿਰਾਂ ਤੋਂ ਲਿਆ ਸੁਪਨਾ ਪੂਰਾ ਹੋਇਆ ਹੈ। ਉਹਨਾਂ ਕਿਹਾ ਕਿ ਕੈਨੇਡਾ ‘ਚ ਵੱਸਦੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਜੋੜਨ ਦਾ ਇਹ ਇਕ ਉਪਰਾਲਾ ਹੈ। ਸਾਹਿਤਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਜ਼ਿੰਦਗੀ ਨਾਲ ਜੁੜੇ ਹਰ ਪ੍ਰੋਗਰਾਮ ਲਈ ਇਹ ਭਵਨ ਪੂਰੀ ਤਰ੍ਹਾਂ ਮੁਫ਼ਤ ਸੇਵਾ ਦੇਵੇਗਾ। ਇਸ ਬਾਰੇ ਮੈਨੂੰ ਮੇਰੇ ਮੇਜ਼ਬਾਨ ਸੁਖਮੰਦਰ ਸਿੰਘ ਬਰਾੜ ਭਾਈ ਭਗਤਾ ਨੇ ਦੱਸਿਆ ਵੀ ਸੀ ਕਿ ਸੁੱਖੀ ਬਾਠ ਇੱਥੇ ਹੋਣ ਵਾਲੇ ਹਰ ਸਾਹਿਤਕ ਪ੍ਰੋਗਰਾਮ ਲਈ ਨਾ ਸਿਰਫ਼ ਭਵਨ ਦਾ ਹਾਲ ਮੁਫ਼ਤ ਮੁਹੱਈਆ ਕਰਵਾਉਂਦਾ ਹੈ, ਸਗੋਂ ਚਾਹ ਪਾਣੀ ਦਾ ਪ੍ਰਬੰਧ ਵੀ ਆਪਣੇ ਵੱਲੋਂ ਕਰਦਾ ਹੈ। ਇਕ ਹੋਰ ਗੱਲ ਜਿਹੜੀ ਮੈਨੂੰ ਪ੍ਰਭਾਵਿਤ ਕਰਕੇ ਗਈ ਕਿ ਇੱਥੇ ਰਿਲੀਜ਼ ਹੋਣ ਵਾਲੀ ਹਰ ਕਿਤਾਬ ਦੀਆਂ ਦਸ ਕਾਪੀਆਂ ਵੀ ਸੁੱਖੀ ਬਾਠ ਵੱਲੋਂ ਪੈਸੇ ਦੇ ਕੇ ਖਰੀਦੀਆਂ ਜਾਂਦੀਆਂ ਹਨ।
ਅਜਿਹੀਆਂ ਸਾਰੀਆਂ ਗੱਲਾਂ ਮੈਂ ਸੁੱਖੀ ਬਾਠ ਦੇ ਮੂੰਹੋਂ ਵੀ ਸੁਣ ਰਿਹਾ ਸੀ। ਪੰਜਾਬ ਭਵਨ ਸਬੰਧੀ ਉਸਦੇ ਭਵਿੱਖੀ ਸੁਪਨੇ ਸੁਣ ਕੇ ਮੈਂ ਹੋਰ ਵੀ ਮੁਤਾਸਰ ਹੋਇਆ। ਉਸਨੇ ਕਿਹਾ ਕਿ ਪੰਜਾਬ ਭਵਨ ਦੀ ਚਾਰ ਮੰਜ਼ਲੀ ਇਮਾਰਤ ਲਈ ਡੇਢ ਏਕੜ ਥਾਂ ਚੁਣੀ ਗਈ ਹੈ। ਇਹਨਾਂ ਚਾਰ ਮੰਜ਼ਿਲਾਂ ਵਿਚੋਂ ਇਕ ਵੱਡੇ ਹਾਲ ਤੋਂ ਇਲਾਵਾ, ਜਿੰਮ, ਲਾਇਬ੍ਰੇਰੀ ਅਤੇ ਨਵੀਂ ਸੰਚਾਰ ਤਕਨਾਲੌਜੀ ਵਾਲਾ ਸਟੂਡੀਓ ਆਦਿ ਹੋਵੇਗਾ। ਸੁੱਖੀ ਬਾਠ ਦੇ ਸਵਾਗਤੀ ਬੋਲਾਂ ਤੋਂ ਬਾਅਦ ਬਲਜੀਤ ਬੱਲੀ ਨੂੰ ਸਟੇਜ ‘ਤੇ ਬੋਲਣ ਲਈ ਸੱਦਾ ਦਿੱਤਾ ਗਿਆ। ਪੰਜਾਬ ਤੋਂ ਆਏ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਪੰਜਾ ਭਵਨ ਰਾਹੀਂ ਪੰਜਾਬੀਅਤ ਦੀ ਸੇਵਾ ਬਾਰੇ ਆਪਣੇ ਨਜ਼ਰੀਏ ਤੋਂ ਇਕ ਦੋ ਗੱਲਾਂ ਕਹਿ ਕੇ ਆਪਣੀ ਗੱਲ ਸਮਾਪਤ ਕੀਤੀ। ਬੱਲੀ ਤੋਂ ਗੁਰਭਜਨ ਗਿੱਲ ਦੀ ਵਾਰੀ ਸੀ। ਗੁਰਭਜਨ ਗਿੱਲ ਨੇ ਇਸ ਪੰਜਾਬ ਭਵਨ ਦਾ ਸਿਹਰਾ ਆਪਣੇ ਸਿਰ ਬੰਨ੍ਹਦੇ ਹੋਏ ਕਿਹਾ ਕਿ ਮੈਂ ਹੀ ਸੁੱਖੀ ਬਾਠ ਨੂੰ ਇਹ ਭਵਨ ਉਸਾਰਨ ਲਈ ਪ੍ਰੇਰਿਤ ਕੀਤਾ। ਗਿੱਲ ਸਾਹਿਬ ਦਾ ਇਹ ਵੀ ਕਹਿਣਾ ਸੀ ਕਿ ਇਸ ਕਿਸਮ ਦਾ ਇਕ ਭਵਨ ਟਰਾਂਟੋ ਵਿਚ ਉਸਾਰਿਆ ਜਾਣਾ ਹੈ। ਆਪਣੇ ਭਾਸ਼ਣ ਵਿਚ ਗਿੱਲ ਸਾਹਿਬ ਨੇ ਮੁੱਦੇ ਦੀ ਗੱਲ ਤੋਂ ਇਲਾਵਾ ਲੋਕ ਸੰਪਰਕੀ ਗੱਲਾਂ ਜ਼ਿਆਦਾ ਕੀਤੀਆਂ, ਜਿਵੇਂ ਕਿ ਸਰੋਤਿਆਂ ਵਿਚ ਬੈਠਿਆਂ ਨੂੰ ਨਾਮ ਲੈ ਲੈ ਕੇ ਬੁਲਾਇਆ ਅਤੇ ਆਪਦੇ ਰਿਸ਼ਤੇ ਬਾਰੇ ਦੱਸ ਕੇ ਸਰੋਤਿਆਂ/ਦਰਸ਼ਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ। ਉਦਾਹਰਣ ਵਜੋਂ ਬਖਸ਼ਿੰਦਰ ਨੂੰ ਕਹਿਣ ਲੱਗੇ,
‘ਤੂੰ ਕਿਉਂ ਰੁੱਸਿਆ ਬੈਠਾਂ ਬਖਸ਼ਿੰਦਰ’ ਅਤੇ ਬਖਸ਼ਿੰਦਰ ਦਾ ਜਵਾਬ ਸੀ ਕਿ ‘ਮੇਰਾ ਤਾਂ ਮੂੰਹ ਹੀ ਐਸਾ ਹੈ’। ਇਉਂ ਗੁਰਭਜਨ ਗਿੰਲ ਨੇ ਆਪਣੇ ਸੁਭਾਅ ਅਨੁਸਾਰ ਖੂਬ ਮਨੋਰੰਜਨ ਕੀਤਾ।
ਕਾਵਿੰਦਰ ਚਾਂਦ ਨੇ ਗੁਰਭਜਨ ਗਿੱਲ ਤੋਂ ਬਾਅਦ ਮੈਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਮੈਂ ਇਸ ਯਤਨ ਲਈ ਸੁੱਖੀ ਬਾਠ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ 2009 ਵਿਚ ਡਾ. ਦਰਸ਼ਨ ਸਿੰਘ ਬੈਂਸ ਦੀ ਅਗਵਾਈ ਵਿਚ ਹੋਈ ਟਰਾਂਟੋ ਵਿਖੇ ਪਹਿਲੀ ਪੰਜਾਬੀ ਵਰਲਡ ਕਾਨਫ਼ਰੰਸ ਦੇ ਮਤਿਆਂ ਵਿਚ ਇਕ ਮਤਾ ਇਹ ਵੀ ਸੀ ਕਿ ਟਰਾਂਟੋ ਵਿਖੇ ਪੰਜਾਬੀਆਂ ਲਈ ਕੋਈ ਆਪਣਾ ਭਵਨ ਚਾਹੀਦਾ ਹੈ। ਦਿੱਲੀ ਦੀ ਪੰਜਾਬੀ ਅਕਾਡਮੀ ਦੀ ਤਰਜ਼ ‘ਤੇ ਕੋਈ ਅਕਾਡਮੀ ਹੋਣੀ ਚਾਹੀਦੀ ਹੈ। ਟਰਾਂਟੋ ਵਿਖੇ ਤਾਂ ਇਹ ਨਹੀਂ ਹੋ ਸਕੀ ਪਰ ਸੁੱਖੀ ਬਾਠ ਨੇ ਇਹ ਕਰ ਵਿਖਾਇਆ ਹੈ। ਮੈਂ ਇਹ ਵੀ ਕਿਹਾ ਕਿ ਸੇਵਾ ਸਿਰਫ਼ ਲੰਗਰ ਦੀ ਹੀ ਨਹੀਂ ਹੁੰਦੀ ਸਗੋਂ ਸ਼ਬਦਾਂ ਦੀ ਹੁੰਦੀ ਹੈ। ਉਂਝ ਵੀ ਗੁਰੂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਹੈ। ਜੇ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਸ਼ਬਦ ਨਾਲ ਜੋੜ ਸਕੀਏ ਤਾਂ ਇਹ ਵੱਡੀ ਸੇਵਾ ਹੋਵੇਗੀ। ਸੁੱਖੀ ਬਾਠ ਜੋ ਭਵਨ ਦੇ ਪ੍ਰੋਗਰਾਮਾਂ ਲਈ ਲੰਗਰ ਦੀ ਸੇਵਾ ਕਰ ਰਿਹਾ ਹੈ। ਉਸ ਬਾਰੇ ਮੈਂ ਮੇਰੇ ਨਾਲ ਪਾਕਿਸਤਾਨ ਵਿਚ ਵਾਪਰੀ ਇਕ ਘਟਨਾ ਸੁਣਾਈ। ਗੱਲ ਇਉਂ ਵਾਪਰੀ ਸੀ ਕਿ ਮੈਂ ਹਸਨ ਅਬਦਾਲ ਜਿਸਨੂੰ ਅਸੀਂ ਪੰਜਾ ਸਾਹਿਬ ਨਾਲ ਯਾਦ ਕਰਦੇ ਹਾਂ, ਦੇ ਦਰਸ਼ਨ ਕਰਨ ਗਿਆ। ਉਥੇ ਮੈਂ ਟੈਕਸਲਾ ਅਜਾਇਬ ਘਰ ਦੇਖ ਰਿਹਾ ਸੀ ਕਿ ਇਕ ਵਿਅਕਤੀ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, ”ਮੈਂ ਡਾ. ਜਮਸ਼ੇਦ ਅਲੀ ਖਾਂ ਹਾਂ ਜੀ, ਮੈਂ ਇੱਥੇ ਇਕ ਕਾਲਜ ਵਿਚ ਰਾਜਨੀਤੀ ਦਾ ਪ੍ਰੋਫ਼ੈਸਰ ਹਾਂ, ਮੈਂ ਤੁਹਾਨੂੰ ਸਲਾਹ ਦੇਵਾਂਗਾ ਕਿ ਤੁਸੀਂ ਮਿਊਜ਼ੀਅਮ ਦੇਖਣ ਤੋਂ ਬਾਅਦ ਟੈਕਸਲਾ ਦੇ ਖੰਡਰ ਜ਼ਰੂਰ ਦੇਖ ਕੇ ਜਾਣੇ।’ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਤਾਂ ਮੇਰੇ ਕੋਲ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਹਰਪਾਲ ਸਿੰਘ ਪੰਨੂ ਸਮੇਤ ਅੱਠ ਦਸ ਸਿੰਘਾਂ-ਸਿੰਘਣੀਆਂ ਦਾ ਜਥਾ ਹੋਰ ਆ ਖੜ੍ਹਾ ਹੋਇਆ ਸੀ। ਅਸੀਂ ਰਸਤਾ ਸਮਝਿਆ ਅਤੇ ਟੈਕਸਲਾ ਗੁਰੂਕੁਲ ਦੇ ਖੰਡਰ ਦੇਖਣ ਚਲੇ ਗਏ। ਇਸ ਕੰਮ ਵਿਚ ਸਾਡੇ 2-2.30 ਘੰਟੇ ਲੱਗ ਗਏ। ਜਦੋਂ ਅਸੀਂ ਟੈਕਸਲਾ ਦੇ ਖੰਡਰਾਂ ਤੋਂ ਵਾਪਸ ਆਏ ਤਾਂ ਵੇਖਿਆ ਕਿ ਉਹੀ ਡਾ. ਖਾਨ ਆਪਣੀ ਬੇਗਮ ਅਤੇ ਬੇਟੀਆਂ ਨਾਲ 10-12 ਬੰਦਿਆਂ ਦਾ ਲੰਗਰ ਲਈ ਬਾਹਰ ਖੜ੍ਹਾ ਸਾਡਾ ਇੰਤਜ਼ਾਰ ਕਰ ਰਿਹਾ ਹੈ। ਮੈਂ ਭਾਵੁਕ ਹੋ ਗਿਆ ਅਤੇ ਕਿਹਾ ਕਿ ਇਹ ਤਕਲੀਫ਼ ਕਿਉਂ ਕੀਤੀ। ਉਹ ਕਹਿਣ ਲੱਗਾ ਕਿ ਕਸ਼ਮੀਰ ਵਿਚ ਜ਼ਲਜਲਾ ਆਇਆ ਅਤੇ ਸਿੱਖਾਂ ਨੇ ਗੁਰੂ ਨਾਨਕ ਨਗਰ ਵਸਾ ਕੇ ਉਥੇ ਇਕ ਵਜੇ ਤੋਂ ਲੰਗਰ ਲਾਇਆ ਹੋਇਆ ਹੈ। ਡਾ. ਖਾਨ ਕਹਿਣ ਲੱਗੇ ਕਿ ਇਕ ਦਿਨ ਮੈਂ ਆਪਣੇ ਅੱਬੂ ਤੋਂ ਪੁੱਛਿਆ,
‘ਇਹ ਸਿੱਖ ਲੋਗ ਇਕ ਸਾਲ ਤੋਂ ਇੰਨੇ ਸਾਰੇ ਲੋਕਾਂ ਨੂੰ ਮੁਫ਼ਤ ਖਾਣਾ ਖਵਾ ਰਹੇ ਹਨ, ਇਹ ਕਿਵੇਂ ਸੰਭਵ ਹੈ?’ ਅੱਬੂ ਨੇ ਜਵਾਬ ਦਿੱਤਾ,
‘ਇਨ੍ਹਾਂ ਦਾ ਇਕ ਪੀਰ ਹੋਇਆ ਹੈ ਨਾਨਕ, ਨਾਨਕ ਨੇ ਬਚਪਨ ਵਿਚ 20 ਰੁਪਏ ਦੀ ਇਕ ਐਫ਼. ਡੀ. ਕਰਵਾਈ ਸੀ, ਉਸਨੂੰ ਭੰਨਾ ਰਹੇ ਨੇ ਇਹ ਸਾਰੇ ਲੋਕ।’
ਮੈਂ ਕਿਹਾ ਕਿ ਸੁੱਖੀ ਬਾਠ ਇਹ ਸਭ ਉਸ ਐਫ਼. ਡੀ. ਦੀ ਕਰਾਮਾਤ ਹੈ। ਉਸ ਤੋਂ ਬਾਅਦ ਮੈਂ ਆਪਣੀ ਗੱਲ ਬਾਠ ਦੇ ਸੁਪਨੇ ਦੇ ਹਵਾਲੇ ਨਾਲ ਕੀਤੀ। ਮੈਂ ਕਿਹਾ ਕਿ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਅੱਜ ਪੰਜਾਬ ਦਾ ਨੌਜਵਾਨ ਸੁਪਨੇ ਲੈਣਾ ਹੀ ਭੁੱਲ ਗਿਆ। ਉਸ ਕੋਲ ਕੋਈ ਵੱਡਾ ਸੁਪਨਾ ਨਹੀਂ ਹੈ ਅਤੇ ਪਾਸ਼ ਠੀਕ ਹੀ ਕਹਿ ਗਿਆ ਹੈ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ। ਮੈਂ ਕਿਹਾ ਕਿ ਜੇ ਅਸੀਂ ਸਾਡੇ ਪੰਜਾਬ ਦਾ ਭਲਾ ਚਾਹੁੰਦੇ ਹਾਂ ਤਾਂ ਪੰਜਾਬ ਦੇ ਬੱਚਿਆਂ ਦੇ ਮਨਾਂ ਵਿਚ ਵੱਡੇ ਵੱਡੇ ਸੁਪਨੇ ਬੀਜੀਏ। ਉਹਨਾਂ ਨੂੰ ਸੁਪਨੇ ਲੈਣੇ ਸਿਖਾਈਏ। ਇਹ ਗੱਲਾਂ ਸਿਆਸਤਦਾਨਾਂ ਨੇ ਨਹੀਂ ਕਰਨੀਆਂ। ਇਹ ਗੱਲਾਂ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਅੱਗੇ ਆਉਣਾ ਪਵੇਗਾ। ਫ਼ਿਰ ਮੈਂ ਖਿੱਚ ਦੇ ਸਿਧਾਂਤ ਦੀ ਗੱਲ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 273 ਵਿਚ ਦਰਜ ‘ਜੈਸੀ ਦ੍ਰਿਸ਼ਟ ਕਰੇ ਤੈਸੀ ਹੋਇ’ ਦਾ ਹਵਾਲਾ ਦਿੱਤਾ।
ਮੇਰਾ ਇਹ ਭਾਸ਼ਣ ਵਿਸਥਾਰ ਵਿਚ ਦੇਣ ਵਾਲਾ ਆਖਰੀ ਭਾਸ਼ਣ ਸੀ। ਇਸ ਤੋਂ ਬਾਅਦ ਉਥੇ ਹਾਜ਼ਰ ਮੋਹਤਬਰ ਅਤੇ ਨਾਮੀ ਸ਼ਖਸੀਅਤਾਂ ਨੂੰ ਇਕ ਇਕ ਦੋ-ਦੋ ਮਿੰਟ ਲਈ ਹਾਜ਼ਰ ਸਰੋਤਿਆਂ ਦੇ ਰੂਬਰੂ ਕੀਤਾ ਗਿਆ। ਇਹਨਾਂ ਵਿਚ ਪ੍ਰਿਥੀਪਾਲ ਸਿੰਘ ਸੋਹੀ, ਗੁਰਵਿੰਦਰ ਧਾਲੀਵਾਲ, ਰੇਡੀਓ ਹੋਸਟ ਹਰਜਿੰਦਰ ਥਿੰਦ, ਦੇਵਿੰਦਰ ਬੈਨੀਪਾਲ, ਜਸਵੀਰ ਰੋਮਾਨਾ ਅਤੇ ਮਨਜੀਤ ਕੰਗ ਆਦਿ ਸ਼ਾਮਲ ਸਨ। ਇਉਂ ਇਹ ਪੰਜਾਬ ਭਵਨ ਦਾ ਉਦਘਾਟਨੀ ਸਮਾਰੋਹ ਸੰਪੰਨ ਹੋਇਆ।
ਮੇਰੀ ਜਾਚੇ ਇਹ ਪੰਜਾਬ ਭਵਨ ਇਕ ਭਵਨ ਜਾਂ ਚਾਰਦੀਵਾਰੀ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਹੈ। ਇਹ ਤਾਂ ਇਕ ਸੰਕਲਪ ਬਣਨਾ ਚਾਹੀਦਾ ਹੈ। ਪੰਜਾਬੀਅਤ ਦਾ ਸੰਕਲਪ, ਪੰਜਾਬ ਦਾ ਸੰਕਲਪ, ਮਾਂ ਬੋਲੀ ਦਾ, ਪੰਜਾਬੀ ਸਾਹਿਤ ਦਾ, ਪੰਜਾਬੀ ਜੀਵਨ ਜਾਚ ਦਾ ਅਤੇ ਪੰਜਾਬੀਆਂ ਦੇ ਹਰ ਪੱਖ ਦਾ। ਮੇਰੀ ਇਹ ਅਰਦਾਸ ਹੈ ਕਿ ਅਜਿਹੇ ਭਵਨ ਹਰ ਵੱਡੇ ਸ਼ਹਿਰ ਵਿਚ ਉਸਰਨ। ਇਹਨਾਂ ਨੂੰ ਉਸਾਰਨ ਲਈ ਭਾਵੇਂ ਸੁੱਖੀ ਬਾਠ ਵਰਗੇ ਮਿੱਤਰ ਅੱਗੇ ਆਉਣ ਜਾਂ ਸਰਕਾਰ ਅਤੇ ਪੰਜਾਬੀਆਂ ਦੇ ਸਾਂਝੇ ਯਤਨ ਹੋਣ। ਪੰਜਾਬੀ ਜਾਂ ਪੰਜਾਬ ਅਤੇ ਪੰਜਾਬੀਅਤ ਜਿੰਦਾਬਾਦ ਹੋਣੀ ਚਾਹੀਦੀ ਹੈ।
***


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218