Month: November 2016

ਮੈਂ ਫ਼ਿਰ ਕੈਨੇਡਾ ਆਇਆ-7

downloadਅੱਜ ਮੇਰਾ ਵੈਨਕੂਵਰ ਵਿੱਚ ਆਖਰੀ ਦਿਨ ਸੀ। ਸ਼ਾਮ 7.30 ਵਜੇ ਦੀ ਫ਼ਲਾਈਟ ‘ਤੇ ਮੈਂ ਸੈਕਸਟੂਨ ਜਾਣਾ ਸੀ। ਪਿਛਲੀ ਰਾਤ ਸਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਨਾਲ ਮੈਂ ਮਿਸ਼ਨ ਚੱਲਿਆ ਗਿਆ ਸੀ। ਵਧੀਆ ਨਿੱਘ ਭਰੀ ਮਹਿਮਾਨ ਨਿਵਾਜੀ ਸੀ ਬਰਾੜ ਪਰਿਵਾਰ ਦਾ ਧੰਨਵਾਦ ਕਰਕੇ ਮੈਂ ਸਖਮੰਦਰ ਸਿੰਘ ਬਰਾੜ ਨਾਲ ਪੰਜਾਬ ਭਵਨ ਲਈ ਰਵਾਨਾ ਹੋ ਗਿਆ। ਆਪਣੇ ਵਿਦਿਆਰਥੀ ਦੇ ਵਾਹਵਾ ਜ਼ੋਰ ਦੇਣ ‘ਤੇ ਮੈਂ ਕੁਝ ਚਿਰ ਲਈ ਐਬਸਫ਼ੋਰਡ ਰੁਕਣ ਦਾ ਫ਼ੈਸਲਾ ਕੀਤਾ। ਚਰਨਜੀਤ ਨਾਮ ਦਾ ਇਹ ਵਿਦਿਆਰਥੀ ਮੇਰੇ ਕੋਲ ਪੀ. ਐਚ. ਡੀ. ਕਰਦਾ ਕਰਦਾ ਵਿਆਹ ਕਰਵਾ ਕੇ ਕੈਨੇਡਾ ਆ ਵੱਸਿਆ ਸੀ। ਮੇਰੀ 2009 ਦੀ ਕੇਨੇਡਾ ਫ਼ੇਰੀ ਸਮੇਂ ਇਹ ਸਰੀ ਰਹਿੰਦਾ ਸੀ, ਫ਼ਿਰ ਆਪਣੀ ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੁਲਾਉਣ ਖਾਤਰ ਸੈਕਸਾਟੂਨ ਚਲਾ ਗਿਆ ਅਤੇ ਉਥੋਂ ਅੱਗੇ ਵਿਨੀਪੈਗ ਦਾ ਗੇੜਾ ਲਾ ਕੇ ਕਈ ਵਰ੍ਹਿਆਂ ਬਾਅਦ ਮੁੜ ਬ੍ਰਿਟਿਸ਼ ਕੋਲੰਬੀਆ ਆ ਕੇ ਰਹਿਣ ਲੱਗਾ ਸੀ। ਐਬਸਫ਼ੋਰਡ ਵਿਖੇ ਪੱਤਰਕਾਰੀ ਦੇ ਸੁਪਨੇ ਨੂੰ ਕਿਸੇ ਕੋਨੇ ਵਿੱਚ ਦਬਾਅ ਕੇ ਟਰੱਕ ਚਲਾਉਣ ਲੱਗ ਪਿਆ ਸੀ। ਉਸ ਕੋਲ ਘੰਟਾ ਡੇਢ ਘੰਟਾ ਬਿਤਾ ਕੇ ਅਸੀਂ ਸੁੱਖੀ ਬਾਠ ਦੇ ਬਣਾਏ ਪੰਜਾਬ ਭਵਨ ਵੱਲ ਚੱਲ ਪਏ ਸਾਂ।
ਪੰਜਾਬ ਭਵਨ ਵਿਖੇ ਗਜ਼ਲਗੋ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਰਤਲਾ ਦੀਆਂ ਕਿਤਾਬਾਂ ਰਿਲੀਜ਼ ਹੋਣੀਆਂ ਸਨ।
ਜਦੋਂ ਅਸੀਂ ਸੁੱਖੀ ਬਾਠ ਵੱਲੋਂ ‘ਸਟੂਡੀਓ’ ਦੇ ਨਵੇਂ ਰੂਪ ‘ਪੰਜਾਬ ਭਵਨ’ ਜਿਸਦਾ 2 ਅਕਤੂਬਰ ਨੂੰ ਉਦਘਾਟਨ ਹੋਇਆ ਸੀ, ਪਹੁੰਚੇ ਤਾਂ ਉਸ ਸਮੇਂ ਪੰਜਾਬ ਭਵਨ ‘ਚ ਕਾਫ਼ੀ ਚਹਿਲ ਪਹਿਲ ਸੀ। ਜਦੋਂ ਮੈਂ ਪੰਜਾਬ ਭਵਨ ਵਿੱਚ ਦਾਖਲ ਹੋਇਆ ਤਾਂ ਮੇਰੀ ਨਜ਼ਰ ਗੁਲੂ ਦਿਆਲ ‘ਤੇ ਪਈ। ਉਧਰ ਮੈਨੂੰ ਵੇਖ ਕੇ ਗੁਲੂ ਦਿਆਲ ਵੀ ਬੜੇ ਉਤਸ਼ਾਹ ਨਾਲ ਮੇਰੇ ਵੱਲ ਆਈ। ਜਗਰਾਉਂ ਨਾਲ ਸਬੰਧਤ ਗੁਲੂ ਦਿਆਲ ਅੱਜਕਲ੍ਹ ਕੈਲੇਫ਼ੋਰਨੀਆ ਦੇ ਫ਼ਰੀਮਾਂਟ ਵਿੱਚ ਅਧਿਆਪਕ ਹੈ। ਗੁਲੂ ਦਿਆਲ ਦਾ ਕਿੱਤਾ ਭਾਵੇਂ ਅਧਿਆਪਨ ਹੈ ਪਰ ਸ਼ੌਂਕ ਵਜੋਂ ਲੇਖਿਕਾ ਹੈ, ਕਵਿੱਤਰੀ ਹੈ। ਫ਼ੇਸਬੁੱਕ ‘ਤੇ ਲਗਾਤਾਰ ਆਪਣੀਆਂ ਕਵਿਤਾਵਾਂ ਨਾਲ ਸਾਝ ਪਾਉਣਾ ਵੀ ਉਸਦਾ ਸ਼ੌਂਕ ਹੈ। 2 ਅਕਤੂਬਰ ਨੂੰ ਪਾਈ ਗੁਲੂ ਦੀ ਪੋਸਟ ਮੈਨੂੰ ਵਾਹਵਾ ਚੰਗੀ ਲੱਗੀ ਸੀ। ਉਸਨੇ ਲਿਖਿਆ ਸੀ:
ਮੈਂ ਤੈਨੂੰ ਤੇਰੇ ਵਾਂਗ ਮਿਲਾਂਗਾ
ਫ਼ਿਰ ਤੂੰ ਮੇਰੇ ਵਾਂਗ
ਦੋਹੇ ਗੁੰਮ ਜਾਵਾਂਗੇ
ਕੌਣ ਚੁੱਕੇ ਇਹ ਭਾਰ
‘ਮੈਂ’ ਤੇ ‘ਤੂੰ’ ਦਾ
ਗੁਲੂ ਦਿਆਲ ਮੇਰੇ ਸਾਥੀ ਪ੍ਰੋਫ਼ੈਸਰ ਦਰਸ਼ਨ ਸਿੰਘ ਦੀ ਰਿਸ਼ਤੇਦਾਰ ਹੋਣ ਕਾਰਨ ਵੀ ਸਾਡੀ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ। ਅਸੀਂ ਪਹਿਲੀ ਵਾਰ 2009 ਵਿੱਚ ਡਾ. ਦਰਸ਼ਨ ਸਿੰਘ ਬੈਂਸ ਵੱਲੋਂ ਕਰਵਾਈ ਗਈ ਪਹਿਲੀ ਪੰਜਾਬੀ ਵਰਲਡ ਕਾਨਫ਼ਰੰਸ ਵਿੱਚ ਮਿਲੇ ਸਾਂ। ਉਸ ਵੇਲੇ ਉਸ ਨਾਲ ਉਸਦੀ ਇਕ ਹੋਰ ਰਿਸ਼ਤੇਦਾਰ ਵੀ ਸੀ। ਮੇਰੇ ਚੇਤਿਆਂ ਵਿੱਚੋਂ ਉਸਦੀ ਯਾਦ ਅਜੇ ਪੂਰੀ ਤਰ੍ਹਾਂ ਕਿਰੀ ਨਹੀਂ ਸੀ। ਪੰਜਾਬ ਭਵਨ ਵਿੱਚ ਉਸਨੂੰ ਵੇਖ ਕੇ ਮੈਂ ਉਸਦਾ ਨਾਂ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗਾ।
‘ਮੈਂ ਡਾ. ਸਿੱਧੂ, ਪਹਿਚਾਣਿਆਂ, ਆਪਾਂ ਟਰਾਂਟੋ ਮਿਲੇ ਸੀ’ ਡਾ. ਸਿੱਧੂ ਨੇ ਆਪਣੀ ਜਾਣ ਪਹਿਚਾਣ ਕਰਵਾਉਂਦੇ ਹੋਏ ਕਿਹਾ। ਇੰਨੇ ਵਿੱਚ ਸੁਰਿੰਦਰ ਪਾਲ ਕੌਰ ਬਰਾੜ, ਇੰਦਰਜੀਤ ਕੌਰ ਸਿੱਧੂ ਅਤੇ ਹਰਕੀਰਤ ਕੌਰ ਚਹਿਲ ਵੀ ਸਾਡੀ ਵਾਰਤਾਲਾਪ ਵਿੱਚ ਆ ਸ਼ਾਮਲ ਹੋਈਆਂ। ‘ਤੁਸੀਂ ਬਹੁਤ ਬੇਬਾਕੀ ਨਾਲ ਲਿਖਦੇ ਹੋ’ ਮੈਨੇਂ ਇੰਦਰਜੀਤ ਕੌਰ ਸਿੱਧੂ ਦੀ ਪ੍ਰਸੰਸਾ ਕੀਤੀ। ਇੰਦਰਜੀਤ ਕੌਰ ਸਿੱਧੂ ਨੇ ਮੈਨੂੰ ਆਪਣੀ ਕਿਤਾਬ ‘ਇਹ ਵੀ ਇਤਹਿਾਸ ਹੈ’ ਭੇਂਟ ਕੀਤੀ ਸੀ। ਉਸਦੇ ਹਵਾਲੇ ਨਾਲ ਹੀ ਮੈਂ ਇਹ ਟਿੱਪਣੀ ਕੀਤੀ ਸੀ। ਮੈਨੂੰ ਲੱਗਦਾ ਹੈ ਕਿ ਸਾਹਿਤਕ ਇਕੱਠਾਂ ਵਿੱਚ ਲੇਖਕ ਜੋ ਕਿਤਾਬਾਂ ਇਕ-ਦੂਜੇ ਨੂੰ ਭੇਂਟ ਕਰਦੇ ਹਨ, ਉਸਦੀ ਪੂਰੀ ਕਦਰ ਕਰਨੀ ਚਾਹੀਦੀ ਹੈ। ਪੜ੍ਹਨਾ ਅਤੇ ਫ਼ਿਰ ਉਸ ਬਾਰੇ ਲਿਖਣਾ ਜਾਂ ਟਿੱਪਣੀ ਕਰਨਾ ਚੰਗੀ ਆਦਤ ਹੈ। ਪੰਜਾਬ ਭਵਨ ਦੇ ਉਦਘਾਟਨ ਵਾਲੇ ਦਿਨ ਮੈਨੂੰ ਕਈ ਲੇਖਕ ਮਿੱਤਰਾਂ ਵੱਲੋਂ ਕਿਤਾਬਾਂ ਭੇਂਟ ਕੀਤੀਆਂ ਗਈਆਂ ਸਨ। ਜਿਹਨਾਂ ਵਿੱਚੋਂ ਸੁਰਿੰਦਰਪਾਲ ਕੌਰ ਬਰਾੜ ਨੇ ‘ਟੁਕੜਾ ਟੁਕੜਾ ਜ਼ਿੰਦਗੀ’, ਹਰਕੀਰਤ ਕੌਰ ਚਹਿਲ ਨੇ ‘ਪਰੀਆਂ ਸੰਗ ਪਰਵਾਜ਼’, ਸੁਖਮੰਦਰ ਸਿੰਘ ਬਰਾੜ ਨੇ ‘ਪਿੰਡ ਦੀ ਸੱਥ’ ਅਤੇ ਗੁਰਭਜਨ ਗਿੰਲ ਨੇ ‘ਮਿਰਗਾਵਲੀ’ ਆਦਿ ਕਿਤਾਬਾਂ ਨੂੰ ਮੈਂ ਭਾਵੇਂ ਚੰਗੀ ਤਰ੍ਹਾਂ ਕੀਲ ਲਾ ਕੇ ਨਹੀਂ ਪੜ੍ਹ ਸਕਿਆ ਸਾਂ ਪਰ ਵਕਤ ਮਿਲਣ ‘ਤੇ ਪੰਛੀ ਝਾਤ ਜ਼ਰੂਰ ਮਾਰ ਲਈ ਸੀ। ਹਰਕੀਰਤ ਕੌਰ ਚਹਿਲ ਦੀ ਕਿਤਾਬ ‘ਪਰੀਆਂ ਸੰਗ ਪਰਵਾਜ਼’ ਵਿੱਚੋਂ ਪਹਿਲੀ ਕਹਾਣੀ ‘ਪੁਨਰ ਜਨਮ’ ਵੀ ਪੜ੍ਹ ਲਈ ਸੀ। ਨਵੀਂ ਕਹਾਣੀਕਾਰਾ ਹਰਕੀਰਤ ਚਹਿਲ ਦੀ ਵੀ ਪ੍ਰਸੰਸਾ ਕਰਨੀ ਬਣਦੀ ਸੀ। ਸੋ ਉਸਨੂੰ ਵੀ ਪ੍ਰਸੰਸਾ ਭਰੇ ਲਹਿਜੇ ਨਾਲ ਬੋਲਦੇ ਹੋਏ ਚੰਗਾ ਲਿਖਣ ਦੀ ਕਾਮਨਾ ਕੀਤੀ। ਉਸ ਵੇਲੇ ਮੈਨੂੰ ਹਰਕੀਰਤ ਕੌਰ ਚਹਿਲ ਨੇ ਦੱਸਿਆ ਕਿ ਉਹ ਮੇਰੇ ਸ਼ਹਿਰ ਅਹਿਮਦਗੜ੍ਹ ਦੇ ਲਾਗਲੇ ਪਿੰਡ ਖੇੜੇ ਦੀ ਰਹਿਣ ਵਾਲੀ ਸੀ ਜੋ ਮੇਰੇ ਵਾਂਗ ਹੀ ਪੰਜਾਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵਿਦਿਆਰਥਣ ਰਹੀ ਸੀ। ਕੈਨੇਡਾ ਆਉਣ ਤੋਂ ਪਹਿਲਾਂ ਉਹ ਪਟਿਆਲਾ ਦੇ ਪ੍ਰਸਿੱਧ ਬੁੱਢਾ ਦਲ ਸਕੂਲ ਦੇ ਯੂਨੀਅਰ ਵਿੰਗ ਦੀ ਪ੍ਰਿੰਸੀਪਲ ਰਹੀ ਸੀ। ਮੇਰੀ ਉਸ ਸਕੂਲ ਨਾਲ ਇਸ ਕਰਕੇ ਜਜ਼ਬਾਤੀ ਸਾਂਝ ਸੀ ਕਿਉਂਕਿ ਮੇਰੇ ਬੱਚੇ ਵੀ ਉਸੇ ਸਕੂਲ ਵਿੱਚ ਪੜ੍ਹੇ ਸਨ। ਖੈਰ, ਹਾਜ਼ਰ ਲੇਖਿਕਾਵਾਂ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਤੋਂ ਬਾਅਦ ਮੈਂ ਕਾਵਿੰਦਰ ਚਾਂਦ ਦੇ ਕਮਰੇ ਵੱਲ ਵਧਿਆ।
ਇਕ ਵਧੀਆ ਸ਼ਾਇਰ ਅਤੇ ਖੂਬਸੂਰਤ ਇਨਸਾਨ ਕਾਵਿੰਦਰ ਚਾਂਦ ਮੇਰੇ ਚੰਗੇ ਦੋਸਤਾਂ ਵਿੱਚੋਂ ਹੈ ਜੋ ਅੱਜਕਲ੍ਹ ਪੰਜਾਬ ਭਵਨ ਦੀ ਦੇਖ-ਰੇਖ ਕਰ ਰਿਹਾ ਹੈ। ਅਜੇ ਅਸੀਂ ਪਟਿਆਲੇ ਦੀਆਂ ਯਾਦਾਂ ਤਾਜ਼ਾ ਕਰ ਹੀ ਰਹੇ ਸਾਂ ਕਿ ਗੁਰਵਿੰਦਰ ਧਾਲੀਵਾਲ ਨੇ ਮੰਚ ‘ਤੇ ਆਉਣ ਦਾ ਸੱਦਾ ਦਿੱਤਾ। ਮੈਂ ਮੰਚ ਵੱਲ ਜਾਂਦੇ ਹੋਏ ਪਿੱਛੇ ਲੱਗੇ ਫ਼ਲੈਕਸ ਨੂੰ ਪੜ੍ਹ ਰਿਹਾ ਸੀ ਜਿਸ ਉਤੇ ਲਿਖਿਆ ਸੀ ‘ਸਾਹਿਤ ਸਭਾ ਮੁੱਢਲੀ, ਐਬਟਸਫ਼ੋਰਡ’। ਮਤਲਬ ਕਿ ਇਹ ਸਮਾਗਮ ‘ਸਾਹਿਤ ਸਭਾ ਮੁੱਢਲੀ ਐਬਸਫ਼ੋਰਡ’ ਵੱਲੋਂ ਆਯੋਿਜਤ ਕੀਤਾ ਜਾ ਰਿਹਾ ਸੀ। ਇਸ ਤੋਂ ਇਹ ਅਰਥ ਵੀ ਸਪਸ਼ਟ ਸੀ ਕਿ ਇਹ ਸਾਹਿਤ ਸਭਾ ਮੁੱਢਲੀ ਹੈ ਅਤੇ ਇਸ ਤੋਂ ਵੀ ਕੋਈ ਹੋਰ ਸਾਹਿਤ ਸਭਾ ਐਬਸਫ਼ੋਰਡ ਵਿਖੇ ਕੰਮ ਕਰ ਰਹੀ ਹੈ। ਸਾਹਿਤਕਾਰਾਂ ਵਿੱਚ ਧੜੇਬੰਦੀ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਹਰ ਸ਼ਹਿਰ ਵਿੱਚ ਕਈ ਕਈ ਸਾਹਿਤ ਸਭਾਵਾਂ ਅਤੇ ਲੇਖਕ ਮੰਚ ਬਣੇ ਹੋਏ ਹਨ। ਵੈਨਕੂਵਰ ਜਾਂ ਪੰਜਾਬੀਆਂ ਦੀ ਵੱਸੋਂ ਵਾਲੇ ਸ਼ਹਿਰ ਸਰੀ ਵਿੱਚ ਵੀ ਲੇਖਕਾਂ ਦੀਆਂ ਸੱਤ ਅੱਠ ਸਭਾਵਾਂ ਕਾਰਜਸ਼ੀਲ ਹਨ। ਇਹਨਾਂ ਵਿੱਚ ਕੇਂਦਰੀ ਲੇਖਕ ਸਭਾ ਉਤਰੀ ਅਮਰੀਕਾ, ਵੈਨਕੂਵਰ ਵਿੱਚਾਰ ਮੰਚ, ਸਾਹਿਤ ਸਭਾ ਸਰੀ ਅਤੇ ਕਲਮੀ ਪਰਵਾਜ਼ ਮੰਚ ਤੋਂ ਇਲਾਵਾ ਵੀ ਵੱਖ-ਵੱਖ ਨਾਵਾਂ ਥੱਲੇ ਲੇਖਕਾਂ ਦੇ ਧੜੇ ਕੰਮ ਕਰ ਰਹੇ ਹਨ। ਕੇਂਦਰੀ ਲੇਖਕ ਸਭਾ ਉਤਰੀ ਅਮਰੀਕਾ ਵਿੱਚ ਚਰਨ ਵਿਰਦੀ ਅਤੇ ਪ੍ਰਿਤਪਾਲ ਗਿੱਲ ਸਰਗਰਮ ਹਨ। ਇੰਦਰਜੀਤ ਧਾਮੀ ਅਤੇ ਕ੍ਰਿਸ਼ਨ ਭਨੋਟ ਸਾਹਿਤ ਸਭਾ ਸਰੀ ਨੂੰ ਚਲਾ ਰਹੇ ਹਨ। ਕਲਮੀ ਪਰਵਾਜ਼ ਮੰਚ ਲਈ ਮਨਜੀਤ ਕੰਗ, ਜਸਮਲਕੀਤ, ਸਰਿੰਦਰਪਾਲ ਬਰਾੜ ਅਤੇ ਇੰਦਰਜੀਤ ਕੌਰ ਸਿੱਧੂ ਆਦਿ ਸਰਗਰਮ ਹਨ। ਇਸੇ ਤਰ੍ਹਾਂ ਜਦੋਂ ਵੀ ਕੋਈ ਸਾਹਿਤਕ ਅਤੇ ਸਭਿਆਚਾਰਕ ਸ਼ਖਸੀਅਤ ਸਰੀ ਜਾਂ ਵੈਨਕੂਵਰ ਆਉਂਦੀ ਹੈ ਤਾਂ ਜਰਨੈਲ ਆਰਟਸ ਵੱਲੋਂ ਸਮਾਗਮ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਨਦੀਮ ਪਰਮਾਰ, ਅਜਮੇਰ ਰੋਡੇ ਅਤੇ ਜੈਤੇਗ ਸਿੰਘ ਆਨੰਤ ਆਦਿ ਸਾਹਿਤਕਾਰ ਆਪੋ ਆਪਣੀ ਥਾਂ ਸਰਗਰਮ ਵੇਖੇ ਜਾਂਦੇ ਰਹੇ ਹਨ। ਪ੍ਰਸਿੱਧ ਨਾਵਲਕਾਰ ਜਰਨੈਲ ਸ਼ੇਖਾ, ਮੋਹਨ ਗਿੱਲ ਅਤੇ ਕਾਵਿੰਦਰ ਚਾਂਦ ਆਦਿ ਮਿੱਤਰ ਵੈਨਕੂਵਰ ਵਿੱਚਾਰ ਮੰਚ ਨੂੰ ਬਾਖੂਬੀ ਚਲਾ ਰਹੇ ਹਨ। ਪੰਜਬ ਭਵਨ ਬਣਨ ਨਾਲ ਹੁਣ ਇਹਨਾਂ ਸਾਰੀਆਂ ਸਭਾਵਾਂ ਅਤੇ ਮੰਚਾਂ ਨੂੰ ਇਕ ਸਾਂਝਾ ਮੰਚ ਮਿਲ ਗਿਆ ਹੈ। ਹੁਣ ਇਹਨਾਂ ਵਿੱਚ ਆਪਸੀ ਰਾਬਤਾ ਹੋਰ ਵਧਣ ਦੀ ਸੰਭਾਵਨਾ ਹੈ। ਇਸ ਸਮਾਗਮ ਵਿੱਚ ਭਰਵੀਂ ਹਾਜ਼ਰੀ ਮੇਰੀ ਇਸ ਗੱਲ ਦੀ ਗਵਾਹੀ ਭਰਦੀ ਆ ਰਹੀ ਸੀ।
‘ਮੰਚ’ ਉਤੇ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾ ਤੋਂ ਇਲਾਵਾ ਗੁਰਭਜਨ ਗਿੱਲ, ਸੁੱਖੀ ਬਾਠ, ਗੁਰਵਿੰਦਰ ਧਾਲੀਵਾਲ ਅਤੇ ਮੈਂ ਬੈਠੇ ਸਾਂ। ਪ੍ਰੋਗਰਾਮ ਸ਼ੁਰੂ ਹੋਏ ਅਜੇ ਅੱਧਾ ਘੰਟਾ ਹੀ ਹੋਇਆ ਸੀ ਕਿ ਸਾਡੇ ਨਾਲ ਮੰਚ ਉਤੇ ਰਾਏ ਅਜ਼ੀਜ਼ਉਲਾ ਖਾਂ ਵੀ ਆ ਸ਼ਾਮਲ ਹੋਏ। ਰਾਏ ਅਜ਼ੀਜ਼ਵੁਲਾ ਖਾਂ ਰਾਏਕੋਟ ਰਿਆਸਤ ਦੇ ਨਵਾਬ ਰਾਏ ਕੱਲਾ ਦੀ ਨੌਵੀਂ ਪੀੜ੍ਹੀ ਵਿੱਚੋਂ ਹਨ। ਜਦੋਂ ਸ੍ਰੀ ਗੁਰੌ ਗੋਬਿੰਦ ਸਿੰਘ ਮਾਛੀਵਾੜੇ ਤੋਂ ਰਾਏਕੋਟ ਦੀ ਜੂਹ ਵਿੱਚ ਪੁੱਜੇ ਸਨ ਤਾਂ ਉਹਨਾਂ ਰਾਏ ਕੱਲਾ ਦੀਆਂ ਮੱਝਾਂ ਦੇ ਪਾਲੀ ਨੂਰਾ ਮਾਹੀ ਨੂੰ ਮਿਲੇ ਸਨ। ਗੁਰੂ ਜੀ ਨੇ ਉਸਨੂੰ ਮੱਝ ਚੋ ਕੇ ਗੰਗਾਸਾਗਰ ਵਿੱਚ ਦੁੱਧ ਲਿਆਉਣ ਲਈ ਕਿਹਾ ਸੀ। ਨੂਰਾ ਮਾਹੀ ਤੋਂ ਰਾਏ ਕੱਲਾ ਨੂੰ ਗੁਰੂ ਜੀ ਦੀ ਆਮਦ ਬਾਰੇ ਪਤਾ ਲੱਗਿਆ ਸੀ। ਰਾਏ ਕੱਲਾ ਨੇ ਔਰੰਗਜ਼ੇਬ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੂੰ ਹਰ ਕਿਸਮ ਦਾ ਸਹਿਯੋਗ ਦਿੱਤਾ ਸੀ। ਨੂਰਾ ਮਾਹੀ ਨੂੰ ਸਰਹਿੰਦ ਭੇਜ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਪਤਾ ਲਗਾਇਆ ਸੀ। ਗੁਰੂ ਜੀ ਨੇ ਜਾਂਦੇ ਹੋਏ ਰਾਏ ਪਰਿਵਰ ਨੂੰ ਕੀਮਤੀ ਗੰਗਾ ਸਾਗਰ ਦੀ ਬਖਸ਼ਿਸ਼ ਕੀਤੀ ਸੀ। ਅੱਜਕਲ੍ਹ ਗੰਗਾਸਾਗਰ ਰਾਏ ਅਜ਼ੀਜਉਲਾ ਖਾਂ ਕੋਲ ਹੈ। ਰਾਏ ਸਾਹਿਬ ਪਾਕਿਸਤਾਨ ਪਾਰਲੀਮੈਂਟ ਦੇ ਮੈਂਬਰ ਵੀ ਰਹੇ ਹਨ। ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਕਾਰਨ ਅਤੇ ਰਾਏ ਕੱਲਾ ਵੱਲੋਂ ਗੁਰੂ ਸਾਹਿਬ ਨੂੰ ਸਤਿਕਾਰ ਵਿਖਾਉਣ ਦੇ ਇਵਜ਼ ਵਿੱਚ ਅੱਜ ਵੀ ਪੂਰੀ ਕੌਮ ਰਾਏ ਪਰਿਵਾਰ ਨੂੰ ਪੂਰਾ ਸਤਿਕਾਰ ਦਿੰਦੀ ਹੈ।
ਸਟੇਜ ਦੀ ਕਾਰਵਾਈ ਚਲਾ ਰਹੇ ਗੁਰਵਿੰਦਰ ਧਾਲੀਵਾਲ ਨੇ ਵਾਰ ਵਾਰ ਸਾਹਿਤਕਾਰਾਂ ਨੂੰ ਮੰਚ ‘ਤੇ ਬੁਲਾ ਕੇ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾ ਦੀ ਕਿਤਾਬਾਂ ਬਾਰੇ ਬੋਲਣ ਲਈ ਸੱਦਾ ਦੇਣਾ ਸ਼ੁਰੂ ਕੀਤਾ। ਨਦੀਮ ਪਰਮਾਰ ਨੇ ਗਜ਼ਲ ਬਾਰੇ ਵਿਸਥਾਰ ਪੂਰਵਕ ਵਿੱਚਾਰ ਰੱਖੇ। ਉਸਤਾਦ ਗਜ਼ਲਗੋ ਗੁਰਦਰਸ਼ਨ ਬਾਦਲ ਨੇ ਵੀ ਨਦੀਮ ਪਰਵਾਰ ਵਾਂਗ ਗਜ਼ਲ ਲਿਖਣ ਦੇ ਗੁਰ ਦੱਸੇ। ਕ੍ਰਿਸ਼ਨ ਭਨੋਟ ਨੇ ਮਹਿਮਾ ਸਿੰਘ ਤੂਰ ਦੀਆਂ ਗਜ਼ਲਾਂ ਬਾਰੇ ਆਪਣੇ ਵਿੱਚਾਰ ਰੱਖੇ। ਹਰੀ ਸਿੰਘ ਤਾਤਲਾ ਨੇ ਆਪਣੇ ਹੀ ਅੰਦਾਜ਼ ਵਿੱਚ ਆਪਸੀ ਰਚਨਾ ਬਾਰੇ ਗੱਲ ਕੀਤੀ। ਮਹਿਮਾ ਸਿੰਘ ਤੂਰ ਨੇ ਆਪਣੀ ਕਿਤਾਬ ਵਿੱਚੋਂ ਪੰਜ ਗਜ਼ਲਾਂ ਸੁਣਾਈਆਂ। ‘ਮੰਚ’ ਉਤੇ ਹਾਜ਼ਰ ਸ਼ਖਸੀਅਤਾਂ ਨੇ ਕਿਤਾਬਾਂ ਰਿਲੀਜ਼ ਕੀਤੀਆਂ। ਗੁਰਭਜਨ ਗਿੱਲ ਤੋਂ ਬਾਅਦ ਰਾਏ ਅਜ਼ੀਜ਼ਉਲਾ ਖਾਂ ਨੂੰ ਬੋਲਣ ਦਾ ਸੱਦਾ ਦਿੱਤਾ ਗਿਆ। ਉਹਨਾਂ ਨੇ ਆਪਣੇ ਭਾਸ਼ਣ ਦੀ ਸੁਰ ਆਪਣੇ ਵੰਸ਼ਜ਼ਾਂ ਵੱਲੋਂ ਗੁਰੂ ਗੋਬਿੰਦ ਸਿੰਘ ਨਾਲ ਨਿਭਾਈ ਵਫ਼ਾ ਦੇ ਹਵਾਲੇ ਨਾਲ ਰਾਏਕੋਟ ਰਿਆਸਤ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾ ਨੇ ਦੋਵੇਂ ਦੇਸ਼ਾਂ ਵਿੱਚ ਸ਼ਾਂਤੀ ਦੀ ਕਾਮਨਾ ਕੀਤੀ। ਮੈਨੂੰ ਪ੍ਰਧਾਨਗੀ ਭਾਸ਼ਣ ਦੇਣ ਲਈ ਬੁਲਾਇਆ ਗਿਆ। ਮੈਂ ਹੱਸਦੇ ਹੋਏ ਕਿਹਾ ਕਿ ਜਿਸ ਬੰਦੇ ਨੇ ਕਦੇ ਸ਼ਾਇਰੀ ਨਹੀਂ ਕੀਤੀ, ਉਸਨੁੰ ਗਜ਼ਲਾਂ ਦੀ ਕਿਤਾਬ ਬਾਰੇ ਬੋਲਣ ਲਈ ਕਿਹਾ ਗਿਆ ਹੈ। ਮੈਂ ਦਸਿਆ ਕਿ ਕਿਸੇ ਸਮੇਂ ਮੈਂ ਵੀ ਗਜ਼ਲ ਲਿਖਦਾ ਸਾਂ ਅਤੇ ਉਹ ਗਜ਼ਲਾਂ ਭਾਸ਼ਾ ਵਿਭਾਗ ਦੇ ਰਸਾਲੇ ਵਿੱਚ ਛਪਣ ਲਈ ਭੇਜਦਾ ਸਾਂ। ਅਕਸਰ ਮੈਨੂੰ ਗਜ਼ਲ ਭੇਜਣ ਲਈ ਧੰਨਵਾਦ ਪਰ ਅਸੀਂ ਇਸਨੂੰ ਛਾਪਣ ਦੀ ਖੁਸ਼ੀ ਨਹੀਂ ਲੈ ਸਕਦੇ, ਵਰਗੀ ਇਬਾਰਤ ਵਾਲੀ ਚਿੱਠੀ ਮਿਲਦੀ ਸੀ। ਇਕ ਵਾਰ ਅਜਿਹੀ ਹੀ ਚਿੱਠੀ ਨਾਲ ਵਾਪਸ ਆਈ ਗਜ਼ਲ ਨੂੰ ਮੇਰੇ ਮਿੰਤਰ ਸਵਿਤੋਜ ਨੇ ਹਰਜਿੰਦਰ ਪਾਲ ਸਿੰਘ ਵਾਲੀਆ ਦੀ ਥਾਂ ਹਰਜਿੰਦਰ ਵਾਲੀਆ ਲਿਖਕੇ ਮੁੜ ਉਸੇ ਸੰਪਾਦਕ ਨੂੰ ਭੇਜ ਦਿੱਤਾ ਸੀ। ਹਫ਼ਤੇ ਬਾਅਦ ਉਸੇ ਸੰਪਾਦਕ ਦਾ ਜਵਾਬ ਆਇਆ ਸੀ ‘ਪਿਆਰੀ ਬੀਬੀ ਹਰਜਿੰਦਰ ਵਾਲੀਆ ਤੇਰੀ ਗਜ਼ਲਮਿਲੀ ਇਸਨੂੰ ਅਗਲੇ ਅੰਕ ਵਿੱਚ ਛਾਪਣ ਦੀ ਖੁਸ਼ੀ ਲੈ ਰਹੇ ਹਾਂ।’ ਇਉਂ ਮੈਂ ਹਰਜਿੰਦਰ ਪਾਲ ਸਿੰਘ ਵਾਲੀਆ ਤੋਂ ਹਰਜਿੰਦਰ ਵਾਲੀਆ ਬਣ ਗਿਆ ਸੀ। ਇਉਂ ਹਲਕੀਆਂ-ਫ਼ੁਲਕੀਆਂ ਗੱਲਾਂ ਕਰਦੇ ਹੋਏ ਮੈਂ ਦੋਵੇਂ ਪੰਜਾਬਾਂ ਵਿੱਚ ਸ਼ਾਂਤੀ ਦੀ ਗੱਲ ਕੀਤੀ। ਮੈਂ ਕਿਹਾ ਕਿ ਦੋਵੇਂ ਪੰਜਾਬ ਸ਼ਾਂਤੀ ਚਾਹੁੰਦੇ ਹਨ। ਆਮ ਲੋਕ ਸ਼ਾਂਤੀ ਚਾਹੁੰਦੇ ਹਨ। ਸਰਕਾਰਾਂ ਅਤੇ ਮੀਡੀਆ ਕੁਝ ਹੋਰ ਕਹਿੰਦਾ ਹੈ। ਸਾਨੁੰ ਕਲਮਾਂ ਵਾਲਿਆਂ ਨੂੰ ਤਾਂ ਸ਼ਾਂਤੀ ਅਤੇ ਮੁਹੱਬਤ ਦੀ ਗੱਲ ਕਰਨੀ ਚਾਹੀਦੀ ਹੈ। ਮੇਰੀ ਗੱਲ ਨੂੰ ਭਰਪੂਰ ਹੁੰਗਾਰਾ ਮਿਲਿਆ। ਸੁੱਖੀ ਬਾਠ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਉਂ ਇਹ ਪ੍ਰੋਗਰਾਮ ਸਮਾਪਤ ਹੋਇਆ। ਚਾਹ ਦੇ ਕੱਪ ‘ਤੇ ਰਾਏ ਅਜ਼ੀਜ਼ਉਲਾ ਖਾਂ ਨੇ ਮੈਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਅਤੇ ਮੇਰੇ ਵੱਲੋਂ ਅਜਿਹਾ ਮੋਹ ਭਰਿਆ ਸੱਦਾ ਦਿੰਤਾ ਗਿਆ। ਮੈਨੂੰ ਮਿਲਣ ਮਾਸਟਰ ਅਮਰੀਕ ਸਿੰਘ, ਕੈਲ ਰੰਗੀ ਅਤੇ ਕਈ ਹੋਰ ਦੋਸਤ ਪਹੁੰਚ ਚੁੱਕੇ ਸਨ। ਸੁੱਖੀ ਬਾਠ ਮੈਨੂੰ ਯਾਦ ਕਰਵਾ ਰਿਹਾ ਸੀ ਕਿ ਢਾਈ ਘੰਟੇ ਬਾਅਦ ਮੇਰੀ ਸੈਕਸਾਟੂਨ ਲਈ ਫ਼ਲਾਈਟ ਸੀ। ਉਧਰ ਦੋਸਤਾਂ ਦੀਆਂ ਪਿਆਰ ਭਰੀਆਂ ਗੱਲਾਂ ਮੈਨੂੰ ਕੁਝ ਵਕਤ ਹੋਰ ਰੁਕਣ ਲਈ ਸੰਕੇਤ ਕਰ ਰਹੀਆਂ ਸਨ।
ਮੈਂ ਤੁਹਾਨੂੰ ਏਅਰਪੋਰਟ ਤੱਕ ਛੱੜ ਕੇ ਆਵਾਂ, ਡਾ. ਸਿੱਧੂ ਨੇ ਬੜੇ ਅਪਣੱਤ ਨਾਲ ਕਿਹਾ।
ਥੈਂਕਸ ਡਾ. ਸਿੱਧੂ, ਮੈਂ ਜਵਾਬ ਦਿੰਦਾ ਹਾਂ।
ਮੈਨੂੰ ਏਅਰਪੋਰਟ ‘ਤੇ ਛੱਡਣ ਲਈ ਕੈਲ ਰੰਗੀ ਰਿਚਮੰਡ ਤੋਂ ਆਇਆ ਸੀ। ਮਾਸਟਰ ਅਮਰੀਕ ਸਿੰਘ ਦੀ ਇੱਛਾ ਵੀ ਉਥੇ ਤੱਕ ਨਾਲ ਜਾਣ ਦੀ ਸੀ। ਕੈਲ ਰੰਗੀ ਨੇ ਸੁਖਮੰਦਰ ਸਿੰਘ ਬਰਾੜ ਦੀ ਕਾਰ ਵਿੱਚੋਂ ਮੇਰਾ ਸਮਾਨ ਕੱਢ ਕੇ ਆਪਣੀ ਕਾਰ ਵਿੱਚ ਟਿਕਾ ਦਿੱਤਾ ਸੀ। ਮੈਂ ਮਾਸਟਰ ਅਮਰੀਕ ਨੁੰ ‘ਜਿੱਤ ਦਾ ਮੰਤਰ’ ਦੀ ਕਾਪੀ ਦਿੰਦੇ ਹੋਏ ਕਿਹਾ ਕਿ ਹੋਰ ਕਾਪੀਆਂ ਕਸਿੇ ਮਿੱਤਰ ਦੇ ਹੱਥ ਭੇਜ ਦੇਵਾਂਗਾ।’ ਉਸਦੀ ਇੱਛਾ ਮੇਰੀ ਕਿਤਾਬ ‘ਜਿੱਤ ਦੇ ਮੰਤਰ’ ਦੀਆਂ ਕੁਝ ਕਾਪੀਆਂ ਮਿੱਤਰਾਂ ਦੋਸਤਾਂ ਵਿੱਚ ਵੰਡਣ ਦੀ ਸੀ।
ਹਾਜ਼ਰ ਮਿੱਤਰ ਦੋਸਤਾਂ ਤੋਂ ਵਿਦਾ ਲੈ ਕੇ ਮੈਂ ਕੈਲ ਰੰਗੀ ਨਾਲ ਏਅਰਪੋਰਟ ਲਈ ਰਵਾਨਾ ਹੋਇਆ। ਰਸਤੇ ਵਿੱਚ ਕੈਲ ਰੰਗੀ ਨੇ ਦੋ ਬਰਗਰ ਪੈਕ ਕਰਵਾਏ ਤਾਂ ਕਿ ਮੈਂਰਸਤੇ ਵਿੱਚ ਖਾ ਸਕਾਂ। ਦੋਸਤਾਂ ਦਾ ਅਜਿਹਾ ਅੰਦਾਜ਼ ਮੈਨੂੰ ਅਕਸਰ ਭਾਵੁਕ ਕਰ ਦਿੰਦਾ ਹੈ। ਰੰਗੀ ਮੈਨੂੰ ਸਕਿਊਰਟੀ ਚੈਕ ਤੱਕ ਛੱਡ ਕੇ ਵਾਪਸ ਗਿਆ। ਜਦੋਂ ਮੈਂ ਸਕਿਊਰਟੀ ਚੈਕ ਤੋਂ ਬਾਅਦ ਗੇਟ ਕੋਲ ਪੁੱਜਾ ਤਾਂ ਪਤਾ ਲੱਗਾ ਫ਼ਲਾਈਟ ਤਿੰਨ ਘੰਟੇ ਦੇਰੀ ਨਾਲ ਜਾਵੇਗੀ। ਇੱਥੇ ਅਜਿਹਾ ਵੀ ਹੁੰਦਾ ਹੈ। ਇਹ ਸੋਚ ਕੇ ਮੇਰੇ ਚਿਹਰੇ ‘ਤੇ ਮੁਸਕਰਾਹਟ ਫ਼ੈਲ ਗਈ।

ਮੈਂ ਫ਼ਿਰ ਕੈਨੇਡਾ ਆਇਆ-7

downloadਪੱਤਰਕਾਰੀ ਦਾ ਸ਼ੌਂਕ ਪੁਰਾਣਾ ਸੀ। ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਪੜ੍ਹਦੇ ਸਮੇਂ ਅਖਬਾਰਾਂ ਵਿੱਚ ਲਿਖਣ ਅਤੇ ਨਾਮ ਛਪਾਉਣ ਵਿੱਚ ਵਾਹਵਾ ਦਿਲਚਸਪੀ ਹੁੰਦੀ ਸੀ। ਮੇਰੇ ਵਾਂਗ ਹੀ ਅਮਰ ਸਿੰਘ ਭੁੱਲਰ ਵੀ ਅਜਿਹਾ ਹੀ ਸ਼ੌਂਕ ਪਾਲਦਾ ਸੀ। ਅਮਰ ਸਿੰਘ ਭੁੱਲਰ ਅੱਜਕਲ੍ਹ ਟਰਾਂਟੋ ਤੋਂ ਨਿਕਲਦੇ ‘ਹਮਦਰਦ’ ਅਖਬਾਰ ਦਾ ਸੰਪਾਦਕ ਹੈ ਅਤੇ ਹਮਦਰਦ ਟੀ. ਵੀ. ਦਾ ਵੀ ਮਾਲਕ ਹੈ। ਅਸੀਂ ਦੋਵੇਂ ਖਬਰਾਂ ਲਿਖ ਕੇ ‘ਨਵਾਂ ਜ਼ਮਾਨਾ’ ਨੂੰ ਜਾਂ ‘ਅਕਾਲੀ ਪੱਤ੍ਰਿਕਾ’ ਨੂੰ ਭੇਜ ਦਿੰਦੇ ਸਾਂ। ਪੱਤਰਕਾਰੀ ਵਾਂਗ ਹੀ ਸਾਹਿਤ ਵਿੱਚ ਦਿਲਚਸਪਖੀ ਸੀ। ਸਾਹਿਤ ਵਿੱਚ ਦਿਲਚਸਪੀ ਤਾਂ ਸਕੂਲ ਪੱਧਰ ਤੋਂ ਹੀ ਸੀ। ਗਾਂਧੀ ਸਕੂਲ ਅਹਿਮਦਗੜ੍ਹ ਦੀ ਸਾਹਿਤ ਸਭਾ ਦਾ ਮੈਂ ਪ੍ਰਧਾਨ ਸਾਂ। ਉਸੇ ਦਿਲਚਸਪੀ ਕਾਰਨ ਅਸੀਂ ਦੋਸਤਾਂ ਨੇ ਰਲ ਕੇ ਸ਼ਹੀਦ ਪਰਾਗ ਸਿੰਘ ਲਾਇਬ੍ਰੇਰੀ ਚਲਾਉਣੀ ਸ਼ੁਰੂ ਕੀਤੀ ਸੀ। ਜਿਸਦੀ ਸ਼ੁਰੂਆਤ ਸ਼ਹਿਰ ਦੇ ਆਜ਼ਾਦੀ ਘੁਲਾਟੀਏ ਸ਼ਹੀਦ ਪਰਾਗ ਸਿੰਘ ਦੇ ਨਾਮ ‘ਤੇ ਪ੍ਰੋ. ਅਮਰਜੀਤ ਸਿੰਘ ਪਰਾਗ ਅਤੇ ਬਾਲ ਆਨੰਦ ਆਈ. ਐਫ਼. ਐਸ. ਵਰਗੇ ਬੁੱਧੀਜੀਵੀਆਂ ਨੇ ਕੀਤੀ ਸੀ। ਸਕੂਲ ਵਾਂਗ ਮੈਂ ਕਾਲਜ ਸਾਹਿਤ ਸਭਾ ਦਾ ਜਰਨਲ ਸਕੱਤਰ ਸਾਂ। ਹਰਨੇਕ ਕਲੇਰ ਅਤੇ ਮੀਤ ਖੱਟੜਾ ਵੱਲੋਂ ਚਲਾਏ ਜਾ ਰਹੇ ਦੋ ਮਾਸਿਕ ‘ਪਰਿੰਦਾ’ ਪੱਤਰ ਦਾ ਸਹਿਯੋਗੀ ਬਣ ਗਿਆ ਸਾਂ। ਕਾਲਜ ਵਿੱਚ ਮੇਰੀ ਨੇੜਤਾ ਡਾ. ਆਤਮ ਹਮਰਾਹੀ ਨਾਲ ਹੋ ਗਈ ਸੀ। ਜਦੋਂ ਮੇਰੀ ਬੀ. ਏ. ਹੋਈ ਉਧਰ ਡਾ. ਹਮਰਾਹੀ ਦੀ ਬਦਲੀ ਸਰਕਾਰੀ ਕਾਲਜ ਲੁਧਿਆਣਾ ਦੀ ਹੋ ਗਈ। ਡਾ. ਆਤਮ ਹਮਰਾਹੀ ਦੀ ਪ੍ਰੇਰਨਾ ਸਦਕਾ ਹੀ ਮੈਂ ਐਮ. ਏ. ਪੰਜਾਬੀ ਵਿੱਚ ਦਾਖਲਾ ਲੈ ਲਿਆ ਸੀ। ਸਰਕਾਰੀ ਕਾਲਜ ਲੁਧਿਆਣਾ ਦਾ ਪੰਜਾਬੀ ਵਿਭਾਗ ਨਾਮੀ ਵਿਭਾਗ ਮੰਨਿਆ ਜਾਂਦਾ ਸੀ। ਪ੍ਰੋ. ਮਹਿੰਦਰ ਸਿੰਘ ਚੀਮਾ, ਡਾ. ਰਣਧੀਰ ਸਿੰਘ ਚੰਦ, ਡਾ. ਗੁਰਚਰਨ ਸਿੰਘ ਅਤੇ ਡਾ. ਜੋਗਿੰਦਰ ਸਿੰਘ ਆਦਿ ਪ੍ਰੋਫ਼ੈਸਰ ਸਨ। ਮੈਂ ਮਲੇਰਕੋਟਲਾ ਕਾਲਜ ਦੇ ਮੈਗਜ਼ੀਨ ਵਾਂਗ ਹੀ ਸਰਕਾਰੀ ਕਾਲਜ ਲੁਧਿਆਣਾ ਦੇ ਮੈਗਜ਼ੀਨ ‘ਸਤਲੁਜ’ ਦਾ ਸੰਪਾਦਕ ਬਣ ਗਿਆ ਸੀ। ਪਰ ਬੜੀ ਜਲਦੀ ਹੀ ਮੈਨੂੰ ਸਮਝ ਆ ਗਈ ਸੀ ਕਿ ਮੇਰਾ ਕਰਮ ਖੇਤਰ ਸਾਹਿਤ ਦੀ ਬਜਾਏ ਪੱਤਰਕਾਰੀ ਹੈ। ਭਾਵੇਂ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਕਰਨ ਲੱਗ ਪਿਆ ਸਾਂ ਪਰ ਸਰਕਾਰੀ ਕਾਲਜ ਦੇ ਦੋਸਤਾਂ ਨਾਲ ਮੇਰਾ ਰਾਬਤਾ ਕਾਇਮ ਸੀ।ਵੈਨਕੂਵਰ ਦੀ ਇਸ ਵਾਰ ਦੀ ਫ਼ੇਰੀ ਨੇ ਸਰਕਾਰੀ ਕਾਲਜ ਦੀਆਂ ਯਾਦਾਂ ਨੂੰ ਇਕ ਵਾਰ ਫ਼ਿਰ ਤਾਜ਼ਾ ਕਰ ਦਿੱਤਾ ਸੀ। ਇਸ ਦਾ ਸਬੱਬ ਰਣਧੀਰ ਢਿੱਲੋਂ ਸੀ। 37 ਵਰ੍ਹਿਆਂ ਬਾਅਦ ਰਣਧੀਰ ਢਿੱਲੋਂ ਨੂੰ ਮਿਲਾਉਣ ਦਾ ਸਬੱਬ ਸਖਮੰਦਰ ਸਿੰਘ ਬਰਾੜ ਬਣਿਆ। ਰੈਡ ਐਫ਼. ਐਮ. ਰੇਡੀਓ ਦੇ ਸਟੂਡੀਓ ਤੋਂ ਬਾਹਰ ਆ ਕੇ ਮੈਂ ਬਰਾੜ ਸਾਹਿਬ ਨੂੰ ਕਿਹਾ ਕਿ ‘ਯਾਰ, ਚਾਹ ਪੀਣ ਨੂੰ ਚਿੱਤ ਕਰਦੈ’। ਉਹਨਾਂ ਆਪਣੇ ਇਕ ਦੋਸਤ ਨੂੰ ਫ਼ੋਨ ਕਰਕੇ ਕਿਹਾ ਕਿ ਅਸੀਂ ਚਾਹ ਪੀਣ ਆ ਰਹੇ ਹਾਂ। ਇਹ ਦੋਸਤ ਰਣਧੀਰ ਢਿੱਲੋਂ ਸੀ। ਗੱਲਾਂ ਗੱਲਾਂ ਵਿੱਚ ਪਤਾ ਲੱਗਾ ਕਿ ਰਣਧੀਰ ਵੀ ਐਮ. ਏ. ਪੰਜਬੀ ਵਿੱਚ ਮੇਰਾ ਜਮਾਤੀ ਸੀ। ਇਸ ਗੱਲ ਦੀ ਤਸਦੀਕ ਉਸ ਵੇਲੇ ਦੀ ਗਰੁੱਪ ਫ਼ੋਟੋ ਨੇ ਕਰ ਦਿੱਤੀ। ਇਸ ਫ਼ੋਟੋ ਵਿੱਚ ਅਸੀਂ ਗੁਰਇਕਬਾਲ ਤੂਰ ਸਮੇਤ ਕਈ ਦੋਸਤਾਂ ਨੂੰ ਪਹਿਚਾਣ ਲਿਆ ਸੀ। ਡਾ. ਆਤਮ ਹਮਰਾਹੀ ਅਤੇ ਮੈਡਮ ਦਾਦੀ ਸਮੇਤ ਸਾਰੇ ਪ੍ਰੋਫ਼ੈਸਰਾਂ ਨੂੰ ਯਾਦ ਕਰਦੇ ਹੋਏ ਸਰਕਾਰੀ ਕਾਲਜ ਲੁਧਿਆਣਾ ਦੇ ਕੁਝ ਦੋਸਤਾਂ ਨੇ ਸਮੇਤ ਢਿੱਲੋਂ ਦੇ ਘਰ ਡਿਨਰ ‘ਤੇ ਇਕੱਲੇ ਹੋਣ ਦਾ ਫ਼ੈਸਲਾ ਕੀਤਾ। ਉਂਝ 16 ਅਕਤੂਬਰ ਨੂੰ ਗੌਰਮਿੰਟ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਰੀ-ਯੂਨੀਅਨ ਹੋਣੀ ਸੀ ਪਰ ਉਸ ਸਮੇਂ ਤੱਕ ਮੇਰਾ ਰਹਿਣਾ ਸੰਭਵ ਨਹੀਂ ਸੀ ਕਿਉਂਕਿ ਮੈਂ ਕੈਲਗਰੀ ਅਤੇ ਐਡਮਿੰਟਨ ਦੇ ਪ੍ਰੋਗਰਾਮ ਬਣਾ ਚੁੱਕਾ ਸਾਂ।ਸੋ, ਨਿਸਚਿਤ ਦਿਨ ਅਸੀਂ ਗੌਰਮਿੰਟ ਕਾਲਜ ਨਾਲ ਸਬੰਧਤ ਕੁਝ ਦੋਸਤ ਰਣਧੀਰ ਢਿੱਲੋਂ ਦੇ ਘਰ ਇਕੱਠੇ ਹੋਏ। ਇਹਨਾਂ ਵਿੱਚ ਮਲੇਰਕੋਟਲੇ ਕਾਲਜ ਵਿੱਚ ਮੇਰੇ ਨਾਲ ਪੜ੍ਹਦਾ ਮੇਰਾ ਜਮਾਤੀ ਪ੍ਰਿਥੀਪਾਲ ਸਿੰਘ ਸੋਹੀ ਵੀ ਸੀ, ਜੋ ਗੌਰਮਿੰਟ ਕਾਲਜ ਲੁਧਿਆਣਾ ਵਿੱਚ ਨਾ ਸਿਰਫ਼ ਰਾਜਨੀਤੀ ਦਾ ਪ੍ਰੋਫ਼ੈਸਰ ਰਿਹਾ ਸੀ, ਬਲਕਿ ਵਾਈਸ ਪ੍ਰਿੰਸੀਪਲ ਵੀ ਰਿਹਾ ਸੀ। ਮੋਹਨ ਗਿੱਲ, ਹਰਮਦ ਸਿੰਘ ਮਾਨ ਅਤੇ ਹਰਚੰਦ ਸਿੰਘ ਬਾਗੜੀ ਵੀ ਉਥੇ ਹਾਜ਼ਰ ਸਨ। ਢਿੱਲੋਂ ਦੀ ਬੇਸਮਿੰਟ ਵਿੱਚ 16 ਅਕਤੂਬਰ ਨੂੰ ਹੋਣ ਵਾਲੇ ਫ਼ੰਕਸ਼ਨ ਦੀ ਤਿਆਰੀ ਵਜੋਂ ਗਿੱਧੇ ਦੀ ਰਿਹੱਸਲ ਚੱਲ ਰਹੀ ਸੀ। ਬੜਾ ਨਿੱਘ ਭਰਿਆ ਮਾਹੌਲ ਸੀ। ਮੇਰੇ ਬਿਨਾਂ ਸਾਰੇ ਆਪੋ ਆਪਣੀਆਂ ਸਰਦਾਰਨੀਆਂ ਨਾਲ ਆਏ ਸਨ। ਯਾਦਾਂ, ਚੁਟਕਲੇ, ਠਹਾਕੇ ਅਤੇ ਪੰਜਾਬ ਦੀ ਸਿਆਸਤ ਦੀ ਚਰਚਾ ਕਰਦੇ ਹੋਏ ਸਮਾਂ ਉਡਾਰੀ ਮਾਰ ਗਿਆ ਸੀ। ਮਹਿਫ਼ਲ ਵਿੱਚ ਹਾਜ਼ਰ ਦੋਸਤ ਇਕ ਗੱਲ ‘ਤੇ ਸਹਿਮਤ ਸਨ ਕਿ ਜ਼ਿੰਦਗੀ ਦੇ ਹਰ ਪੜਾਅ ‘ਤੇ ਬੰਦਾ ਆਪਣੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਨਾਲ ਜਜ਼ਬਾਤੀ ਤੌਰ ‘ਤੇ ਹਮੇਸ਼ਾ ਜੁੜਿਆ ਰਹਿੰਦਾ ਹੈ। ਉਸ ਵੇਲੇ ਦੀਆਂ ਯਾਦਾਂ ਬੰਦੇ ਨੂੰ ਸਕੂਨ ਦਿੰਦੀਆਂ ਹਨ। ਹੋਰ ਜਿਊਣ ਦਾ ਹੌਸਲਾ ਦਿੰਦੀਆਂ ਹਨ। ਤਾਰੋ ਤਾਜ਼ਾ ਕਰਦੀਆਂ ਹਨ। ਇਸ ਮਹਿਫ਼ਲ ਵਿੱਚੋਂ ਤਰੋ ਤਾਜ਼ਾ ਹੋ ਕੇ ਮੈਂ ਹਰਚੰਦ ਸਿੰਘ ਬਾਗੜੀ ਦੀ ਕਾਰ ਵਿੱਚ ਬੈਠ ਗਿਆ ਅਤੇ ਬਾਗੜੀ ਸਾਹਿਬ ਨੇ ਆਪਣੀ ਕਾਰ ਨੁੰ ਕੌਕੂਟਲਮ ਵੱਲ ਪਾ ਲਿਆ।
ਕੋਕੂਟਲਮ ਬ੍ਰਿਟਿਸ਼ ਕੋਲੰਬੀਆ ਦੇ ਗਰੇਟਰ ਵੈਨਕੂਵਰ ਦਾ ਛੇਵਾਂ ਵੱਡਾ ਸ਼ਹਿਰ ਹੈ। 2011 ਦੀ ਜਨਗਣਨਾ ਅਨੁਸਾਰ ਇਸ ਦੀ ਕੁੱਲ ਜਨਸੰਖਿਆ 126,840 ਸੀ। ਇਸ ਸ਼ਹਿਰ ਦੇ ਪ੍ਰਵਾਸੀਆਂ ਵਿੱਚੋਂ ਸਭ ਤੋਂ ਜ਼ਿਆਦਾ ਚੀਨੀ ਮੂਲ ਦੇ ਲੋਕ ਹਨ, ਜਿਹਨਾਂ ਦੀ ਗਿਣਤੀ 17.2 ਫ਼ੀਸਦੀ ਹੈ।2011 ਦੀ ਮਰਦਮਸੁਮਾਰੀ ਅਨੁਸਾਰ ਦੱਖਣੀ ਏਸ਼ੀਆ ਦੇ ਲੋਕਾਂ ਦੀ ਗਿਣਤੀ ਸਿਰਫ਼ 3.7 ਫ਼ੀਸਦੀ ਹੈ। ਹਰਚੰਦ ਸਿੰਘ ਬਾਗੜੀ ਨੇ ਇਸ ਸ਼ਹਿਰ ਵਿੱਚ ਆਪਣਾ ਘਰ ਬਣਾਇਆ ਹੋਇਆ ਹੈ। ਬਾਗੜੀ ਮੇਰੇ ਪੁਰਾਣੇ ਮਿੱਤਰਾਂ ਵਿੱਚੋਂ ਹਨ। 2009 ਵਿੱਚ ਐਡਮਿੰਟਨ ਵਿਖੇ ਐਲਬਰਟਾ ਦੀ ਅਸੈਂਬਲੀ ਵਿੱਚ ਇਹਨਾਂ ਦੀ ਇਕ ਕਿਤਾਬ ਜਾਰੀ ਕਰਨ ਤੋਂ ਪਹਿਲਾਂ ਮੈਂ ਇਕ ਵਾਰ ਇਹਨਾਂ ਦੀ ਕਿਤਾਬ ਉਤੇ ਅਹਿਮਦਗੜ੍ਹ ਵਿਖੇ ਪਰਚਾ ਪੜ੍ਹ ਚੁੱਕਿਆ ਸਾਂ। ਅਗਸਤ 2011 ਵਿੱਚ ਬਾਗੜੀ ਸਾਹਿਬ ਦਾ ਮਹਾਂ ਕਾਵਿ ‘ਕਿਸ ਬਿਧ ਮਿਲੀ ਆਜ਼ਾਦੀ’ ਸਰੀ ਵਿੱਚ ਰਿਲੀਜ਼ ਹੋਇਆ ਸੀ ਅਤੇ ਉਸ ਵਿੱਚ ਮੈਂ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਇਆ ਸੀ। ਮੇਰਾ ਹਰਚੰਦ ਸਿੰਘ ਬਾਗੜੀ ਨਾਲ ਵਾਅਦਾ ਸੀ ਕਿ ਇਕ ਦਿਨ ਲਹ. ਤੁਹਾਡੇ ਕੋਲ ਜ਼ਰੂਰ ਠਹਿਰਾਂਗਾ। ਸੋ ਅੱਜ ਉਹ ਵਾਅਦਾ ਪੁਗਾਉਣ ਚੱਲਿਆ ਸਾਂ। ਹਰਚੰਦ ਸਿੰਘ ਬਾਗੜੀ ਬੜਾ ਮਿਹਨਤੀ ਇਨਸਾਨ ਹੈ ਅਤੇ ਉਹ ਮਿਹਨਤ ਅਤੇ ਖੋਜ ਤੋਂ ਬਾਅਦ ਆਪਣੇ ਮਹਾਂ ਕਾਵਿ ਲਿਖ ਰਿਹਾ ਹੈ।
ਬਾਗੜੀ ਕੋਲ ਇਕ ਰਾਤ ਰਹਿਣ ਤੋਂ ਬਾਅਦ ਮੈਂ ਗੁਰਦੁਆਰਾ ਰਾਊਸ ਸਟਰੀਟ ਵੈਨਕੂਵਰ ਪਹੁੰਚਿਆ। ਇਹ ਗੁਰੂ ਘਰ ਸਭ ਤੋਂ ਪੁਰਾਣਾ ਹੈ। 22 ਜੁਲਾਈ 1906 ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਹੋਂਦ ਵਿੱਚ ਆਈ ਸੀ ਅਤੇ 1906 ਵਿੱਚ ਇਹ ਗੁਰਦੁਅਰਾ ਬਣਿਆ ਸੀ। ਇਸ ਬਾਰੇ ‘ਕਨੇਡੀਅਨ ਸਿੱਖਾਂ ਦਾ ਇਤਿਹਾਸ’ ਵਿੱਚ ਦਰਜ ਹੈ ਕਿ ਮਲਾਇਆ ਅਤੇ ਹਾਂਗਕਾਂਗ ਆਦਿ ਵਿੱਚ ਚੀਫ਼ ਖਾਲਸਾ ਦੀਵਾਨ ਦੀ ਤਰਜ਼ ਤੇ ਅਸੂਲਾਂ ਉਤੇ ਆਧਾਰਿਤ ਪਹਿਲਾਂ ਹੀ ਖਾਲਸਾ ਦੀਵਾਨ ਸੁਸਾਇਟੀਆਂ ਬਣ ਚੁੱਕੀਆਂ ਸਨ। ਕੈਨੇਡਾ ਵਿੱਚ ਆਉਣ ਵਾਲੇ ਪੰਜਾਬੀ ਇਹਨਾਂ ਮੁਲਕਾਂ ਵਿੱਚ ਹੁੰਦੇ ਹੋਏ ਇੱਥੇ ਪਹੁੰਚਦੇ ਸਨ। ਇਹਨਾਂ ਸਭ ਪੰਜਬੀਆਂ ਨੇ ਰਲ ਕੇ ਕੇਨੇਡਾ ਵਿੱਚ ਖਾਲਸਾ ਦੀਵਾਨ ਸੁਸਾਇਟੀ ਬਣਾਉਣ ਦਾ ਫ਼ੈਸਲਾ 22 ਜੁਲਾਈ 1906 ਵਾਲੇ ਇਕੱਠ ਵਿੱਚ ਕੀਤਾ। ਇਸ ਸੁਸਾਇਟੀ ਦੀ ਅਗਵਾਈ ਹੇਠ ਹੀ ਵੈਨਕੂਵਰ ਗੁਰਦੁਆਰਾ ਬਣਾਉਣ ਦਾ ਫ਼ੈਸਲਾ ਵੀ ਲਿਆ ਗਿਆ। ਗੁਰਦੁਆਰੇ ਦੀ ਇਮਾਰਤ ਜੋ 1866 ਸੈਕਿੰਡ ਵੈਸਟ ਐਵੇਨਿਊ ਵੈਨਕੂਵਰ ਵਿੱਚ ਉਸਾਰੀ ਗਈ, ਉਸ ਦਾ ਠੇਕਾ ਅਕਤੂਬਰ 1907 ਦੇ ਮੁਢਲੇ ਦਿਨਾਂ ਵਿੱਚ ਦਿੱਤਾ ਗਿਆ। ਅਕਤੂਬਰ 1907 ਦੇ ਅਖੀਰ ਵਿੱਚ ਗੁਰਦੁਆਰੇ ਦੀ ਨੀਂਹ ਰੱਖੀ ਗਈ। 19 ਜਨਵਰੀ 1908 ਨੁੰ ਇਸ ਗੁਰਦੁਆਰੇ ਦਾ ਉਦਘਾਟਨ ਕੀਤਾ ਗਿਆ।
ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਬੀ. ਸੀ. ਉਤਰੀ ਅਮਰੀਕਾ ਵਿੱਚ ਸਭ ਤੋਂ ਪੁਰਾਣੇ ਭਾਰਤ ਤੋਂ ਆਏ ਪੰਜਾੀਬ ਸਿੱਖਾਂ ਦੀ ਜਥੇਬੰਦੀ ਹੈ। ਖਾਲਸਾ ਦੀਵਾਨ ਸੁਸਾਇਟੀ ਦਾ ਇਤਿਹਾਸ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦਾ ਉਤਰੀ ਅਮਰੀਕਾ, ਕੈਨੇਡਾ ਨੂੰ ਆਉਣ, ਆ ਕੇ ਵੱਸਣ ਤੇ ਟਿਕਣ, ਟਿਕੇ ਰਹਿਣ ਲਈ ਘੋਲ, ਨਸਲਵਾਦ ਦੇ ਵਿਰੁੱਧ ਆਪਦੇ ਬਚਾਅ ਲਈ ਸੰਘਰਸ਼, ਟੱਬਰ ਮੰਗਾਉਣ ਤੇ ਹੋਰ ਭਾਰਤੀ ਪੰਜਾਬੀਆਂ ਨੂੰ ਇੱਥੇ ਆਉਣ ਦੀ ਖੁੱਲ੍ਹ ਲਈ ਜੱਦੋ-ਜਹਿਦ, ਰਹਿਣ ਦੇ ਮਿਆਰ ਨੂੰ ਉਚਾ ਕਰਕੇ ਸਫ਼ਲ ਜੀਵਨ ਜਿਊਣ ਦੀ ਕੋਸ਼ਿਸ਼, ਭਾਰਤ ਨੂੰ ਆਜ਼ਾਦ ਕਰਾਉਣ ਲਈ ਯੋਗਦਾਨ ਅਤੇ ਕੁਰਬਾਨੀ ਅਤੇ ਇੰਝ ਇਕ ਢੰਗ ਨਾਲ ਕੈਨੇਡਾ ਦੀ ਉਸਾਰੀ ਦਾ ਇਤਿਹਾਸ ਵੀ ਹੈ। ਇਹ ਕੈਨੇਡਾ ਦੇ ਸਮੁੱਚੇ ਇਤਿਹਾਸ ਦਾ ਇਕ ਮਹੱਤਵਪੂਰਨ ਅਤੇ ਅਹਿਮ ਕਾਂਡ ਹੈ। ਮੈਂ ਇਸ ਇਤਿਹਾਸਕ ਗੁਰੂ ਘਰ ਦੇ ਦਰਸ਼ਨ ਕਰਨਾ ਚਾਹੁੰਦਾ ਸਾਂ। ਇਹ ਨਹੀਂ ਕਿ ਇੱਥੇ ਮੈਂ ਪਹਿਲੀ ਵਾਰ ਆਇਆ ਸਾਂ। ਇੱਥੇ ਮੈਂ ਪਹਿਲਾਂ ਵੀ ਕਈ ਵਾਰ ਆਇਆ ਸਾਂ ਪਰ ਇਸ ਵਾਰ ਇੱਥੇ ਆਉਣ ਦੇ ਦੋ ਕਾਰਨ ਸਨ। ਇਕ ਇਸ ਗੁਰੂ ਘਰ ਦਾ ਅੱਗ ਨੇ ਬਹੁਤ ਨੁਕਸਾਨ ਕੀਤਾ ਸੀ ਅਤੇ ਮੈਂ ਗੁਰੂ ਘਰ ਦੀ ਨਵੀਂ ਇਮਾਰਤ ਦੇਖਣਾ ਚਾਹੁੰਦਾ ਸਾਂ। ਜਿਸ ਬਾਰੇ ਮੈਨੂੰ ਉਥੇ ਜਾ ਕੇ ਹੀ ਪਤਾ ਲੱਗਾ ਕਿ ਅਜੇ ਇਮਾਰਤ ਦੀ ਉਸਾਰੀ ਦੀ ਵਾਹਵਾ ਵਕਤ ਲੱਗੇਗਾ। ਦੂਜਾ ਕਾਰਨ ਇਸ ਗੁਰੂ ਘਰ ਦਾ ਹੈਡ ਗ੍ਰੰਥੀ ਭਾਈ ਹਰਵਿੰਦਰ ਪਾਲ ਸਿੰਘ ਸੀ, ਜੋ ਮੇਰੇ ਪਰਮ ਮਿੱਤਰਾਂ ਵਿੱਚੋਂ ਇਕ ਹੈ। ਗੁਰੂ ਘਰ ਦੀ ਸੇਵਾ ਤੋਂ ਪਹਿਲਾਂ ਉਹ ਅਧਿਆਪਨ ਦੇ ਕਿੱਤੇ ਨਾਲ ਸਬੰਧਤ ਸੀ। ਮੈਂ ਭਾਈ ਸਾਹਿਬ ਨੂੰ ਅਤੇ ਉਹਨਾ ਦੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਸੀ। ਭਾਈ ਹਰਵਿੰਦਰ ਪਾਲ ਸਿੰਘ ਦਾ ਘਰ ਵੀ ਗੁਰੂ ਘਰ ਦੀ ਚਾਰਦੀਵਾਰੀ ਵਿੱਚ ਹੀ ਸਥਿਤ ਹੈ। ਬਾਗੜੀ ਸਾਹਿਬ ਮੈਨੂੰ ਉਥੇ ਛੱਡ ਗਏ। ਅਸੀਂ ਚਾਹ ਦੇ ਕੱਪ ਪੀਂਦੇ ਜ਼ਿੰਦਗੀ ਦੀ ਕਿਤਾਬ ਤੇ ਪੁਰਾਣੇ ਵਰਕੇ ਫ਼ਲੋਲਣ ਲੱਗੇ।
ਇੱਥੇ ਬੈਠਿਆਂ ਅਜੇ ਇਕ ਦੋ ਘੰਟੇ ਹੀ ਬੀਤੇ ਸਨ ਕਿ ਕੈਲ ਰੰਗੀ ਦਾ ਫ਼ੋਨ ਆ ਗਿਆ। ਉਹ ਅਤੇ ਉਸਦਾ ਦੋਸਤ ਪਾਲ ਮੇਰਾ ਪਾਰਕਿੰਗ ਵਿੱਚ ਇੰਤਜ਼ਾਰ ਕਰ ਰਹੇ ਸਨ। ਕੁਲਦੀਪ ਸਿੰਘ ਰੰਗੀ ਜੋ ਕੈਨੇਡਾ ਜਾ ਕੇ ਕੈਲ ਰੰਗੀ ਹੋ ਗਿਆ ਸੀ, ਨਾਲ ਅਸੀਂ ਗੌਲਫ਼ ਕਲੱਬ ਚਲੇ ਗਏ। ਥੋੜ੍ਹੀ ਥੋੜ੍ਹੀ ਬਰਸਾਤ ਪੈ ਰਹੀ ਸੀ, ਠੰਡੀ ਠੰਡੀ ਹਵਾ ਰੁਮਕ ਰਹੀ ਸੀ। ਮੇਰੇ ਲਈ ਤਾਂ ਇਹ ਬੜਾ ਖੂਬਸੂਰਤ ਮੌਸਮ ਸੀ, ਭਾਵੇਂ ਗੋਰਿਆਂ ਨੂੰ ਹਮੇਸ਼ਾ ਧੁੱਪ ਪਸੰਦ ਹੁੰਦੀ ਹੈ। ਖੂਬਸੂਰਤ ਮੌਸਮ ਦਾ ਆਨੰਦ ਮਾਣਦੇ ਹੋਏ ਅਸੀਂ ਬੀਤੇ ਦੀਆਂ ਫ਼ਿਰਕੀਆਂ ਘੁੰਮਾਉਂਦੇ ਰਹੇ। ”ਰੰਗੀ ਸਾਹਿਬ ਮੈਨੂੰ ਰਵਿੰਦਰ ਗਿੱਲ ਦੇ ਘਰ ਛੱਡ ਆਓ।” ਰਵਿੰਦਰ ਗਿੱਲ ਨਾਲ ਸਾਡੀ ਪਰਿਵਾਰਕ ਸਾਂਝ ਹੈ। ਸੁਧਾਰ ਦੇ ਰਹਿਣ ਵਾਲੇ ਰਵਿੰਦਰ ਗਿੰਲ ਦਾ ਵੱਡਾ ਭਰਾ ਜੋ ਕਰਨਲ ਰਿਟਾਇਰਡ ਹੋਇਆ ਹੈ, ਮੇਰੇ ਨਾਲ ਮਲੇਰਕੋਟਲੇ ਕਾਲਜ ਵਿੱਚ ਹੁੰਦਾ ਸੀ। ਇਹਨਾਂ ਦਾ ਨਾਨਕਾ ਪਿੰਡ ਲੱਗਣ ਮੇਰੇ ਪਿੰਡ ਬੁਟਾਹਰੀ ਦੇ ਲਾਗੇ ਹੀ ਹੈ। ਦੋਹਾਂ ਨੂੰ ਸਰਹਿੰਦ ਨਹਿਰ ਜੋੜਦੀ ਹੈ। ਪਿਛਲੀਆਂ ਯਾਤਰਾਵਾਂ ਦੌਰਾਨ ਮੈਂ ਰਵਿੰਦਰ ਗਿੱਲ ਕੋਲ ਸੀ ਪਰ ਇਸ ਵਾਰ ਐਕਸੀਡੈਂਟ ਦੀ ਵਜ੍ਹਾ ਕਾਰਨ ਉਸਨੂੰ ਡਾਕਟਰਾਂ ਵੱਲੋਂ ਆਰਾਮ ਕਰਨ ਦੀ ਸਲਾਹ ਦਿੱਤੀ ਹੋਈ ਸੀ। ਮੈਂ ਰਵਿੰਦਰ ਅਤੇ ਸਾਰੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਸੀ ਕਿਉਂਕਿ ਅਗਲੇ ਹੀ ਦਿਨ ਮੈਂ ਸੈਕਸਾਟੂਨ ਲਈ ਰਵਾਨਾ ਹੋ ਜਾਣਾ ਸੀ। ਰਵਿੰਦਰ ਗਿੱਲ ਕਿਸੇ ਸਮੇਂ ਮਨਿੰਦਰ ਗਿੱਲ ਦੇ ਰੇਡੀਓ ਇੰਡੀਆ ਵਿੱਚ ਰੇਡੀਓ ਹੋਸਟ ਦੇ ਤੌਰ ‘ਤੇ ਕੰਮ ਕਰਦਾ ਸੀ ਅਤੇ ਅਖਬਾਰ ਵੀ ਕੱਢਦਾ ਰਿਹਾ ਸੀ। ਰੰਗੀ ਮੈਨੂੰ ਉਥੇ ਛੱਡ ਗਿਆ। ਅਜੇ ਮੈਂ ਹਾਲ ਚਾਲ ਪੁੱਛ ਹੀ ਰਿਹਾ ਸੀ ਕਿ ਉਥੇ ਮੇਰੇ ਪੁਰਾਣੇ ਮਿੱਤਰ ਦਹਿਲੀਜ਼ ਵਾਲੇ ਜਤਿੰਦਰ ਗਰਚੇ ਦਾ ਮਾਮਾ ਕੁਲਦੀਪ ਸਿੰਘ ਲਿੱਧੜ ਅਤੇ ਦਵਿੰਦਰ ਢਿੱਲੋਂ ਆ ਗਏ। ਇੱਧਰ ਉਧਰ ਦੀਆਂ ਗੱਲਾਂ ਹੋ ਰਹੀਆਂ ਸਨਕਿ ਰੰਗੀ ਮੈਨੂੰ ਲੈਣ ਆ ਗਿਆ ਕਿਉਂਕਿ ਅਸੀਂ 7-30 ਵਜੇ ਕਰਿਸਟਲ ਬੈਕੁੰਟ ਹਾਲ ਪਹੁੰਚਣਾ ਸੀ। ਉਥੇ ਪੰਜਾਬ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੀ ਨਾਈਟ ਮਨਾਈ ਜਾ ਰਹੀ ਸੀ, ਜਿੱਥੇ ਮੈਨੂੰ ਮੁੱਖ ਮਹਿਮਾਨ ਦੇ ਤੌਰ ਤੇ ਸੱਦਿਆ ਗਿਆ ਸੀ।ਪੰਜਾਬ ਯੂਨੀਵਰਸਿਟੀ ਅਲੂਮਨੀ ਮੀਟ ਕਾਰਨ ਹੀ ਮੈਂ ਇਕ ਦਿਨ ਲੇਟ ਜਾ ਰਿਹਾ ਸਾਂ। ਪ੍ਰਬੰਧਕਾਂ ਨੇ ਮੇਰੀ ਟਿਕਟ ਨੂੰ ਇਕ ਦਿਨ ਅੱਗੇ ਕਰਵਾ ਦਿੱਤਾ ਸੀ। ਉਹ ਚਾਹੁੰਦੇ ਸਨ ਕਿ ਮੈਂ ਇਸ ਮੌਕੇ ‘ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਭਾਸ਼ਣ ਦੇਵਾਂ। ਜਦੋਂ ਅਸੀਂ ਕਰਿਸਟਲ ਹਾਲ ਪਹੁੰਚੇ ਤਾਂ ਸਖਮੰਦਰ ਸਿੰਘ ਬਰਾੜ ਮੁੱਖ ਦੁਆਰ ਕੋਲ ਮੇਰਾ ਇੰਤਜ਼ਾਰ ਕਰ ਰਿਹਾ ਸੀ। ਹਾਲੇ ਹਾਲ ਦੇ ਅੰਦਰ ਦਾਖਲ ਵੀ ਨਹੀਂ ਹੋਏ ਸਾਂ ਕਿ ਏ. ਟੀ. ਐਸ. ਟੀ. ਵੀ. ਚੈਨਲ ਤੋਂ ਵਿਨੋਦ ਮਿਲਿਆ ਅਤੇ ਆਪਣੀ ਐਂਕਰ ਨੂੰ ਮੇਰੀ ਇੰਟਰਵਿਵੂ ਲਈ ਨੁਕਤੇ ਸਮਝਾਉਣ ਲੱਗਾ। ਉਥੇ ਹੀ ਮੈਨੂੰ ਗਾਇਕ ਰਾਜਦੀਪ ਸੇਖੋਂ ਅਤੇ ਕੁਝ ਹੋਰ ਦੋਸਤ ਮਿਲ ਗਏ। ਜਦੋਂ ਮੈਂ ਹਾਲ ਵਿੱਚ ਦਾਖਲ ਹੋਇਆ ਤਾਂ ਅਨੇਕਾਂ ਜਾਣੇ-ਪਛਾਣੇ ਚਿਹਰੇ ਉੱਡ ਕੇ ਮਿਲੇ। ਮੋਗੇ ਤੋਂ ਰਣਜੀਤ ਪੰਨੂ ਨੁੰ ਮੈਂ ਕਈ ਵਰ੍ਹੇ ਬਾਅਦ ਮਿਲਿਆ ਜੋ ਮੰਡੀ ਅਹਿਮਦਗੜ੍ਹ ਦੇ ਲਾਗੇ ਜੰਗੇੜੇ ਦਾ ਰਹਿਣ ਵਾਲਾ ਸੀ। ਉਹ ਮੇਰੇ ਪਿਆਰੇ ਮਿੱਤਰ ਰਾਜ ਜੰਡਾਲੀ ਵਾਲੇ ਦਾ ਜੀਜਾ ਹੈ। ਰਾਜ ਇਕ ਸੜਕ ਦੁਰਘਟਨਾ ਵਿੱਚ ਚੱਲ ਵੱਸਿਆ ਸੀ। ਥੋੜ੍ਹੀ ਦੂਰ ਪਿਕਸ ਵਾਲਾ ਚਰਨ ਗਿੱਲ ਮੇਰੀ ਇੰਤਜ਼ਾਰ ਕਰ ਰਿਹਾ ਸੀ। ਉਸ ਤੋਂ ਅਗਲੇ ਟੇਬਲ ‘ਤੇ ਭਾਸ਼ਾ ਵਿਭਾਗ ਪੰਜਾਬ ਦਾ ਸਾਬਕਾ ਡਾਇਰੈਕਟਰ ਰਛਪਾਲ ਸਿੰਘ ਬੈਠਾ ਸੀ। ਸੁੱਖੀ ਬਾਠ ਅਤੇ ਗੁਰਭਜਨ ਗਿੱਲ ਵੀ ਹਾਜ਼ਰ ਸਨ। ਹਾਲ ਵਿੱਚ ਖੂਬ ਚਹਿਲ ਪਹਿਲ ਸੀ। ਸਟੇਜ ‘ਤੇ ਗੀਤ ਸੰਗੀਤ ਚੱਲ ਰਿਹਾ ਸੀ। ਬੱਚੇ ਖੇਡ ਰਹੇ ਸਨ। ਔਰਤਾਂ ਗੱਲਾਂ ਵਿੱਚ ਮਗਨ ਸਨ। ਹਾਲ ਦੇ ਇਕ ਕੋਨੇ ਵਿੱਚਲੀ ਮਹਿਫ਼ਲ ਦਾ ਰੰਗ ਹੋਰ ਹੀ ਸੀ। ਇਸ ਤਰ੍ਹਾਂ ਦੇ ਮਾਹੌਲ ਵਿੱਚ ਰੇਡੀਓ ਰੈਡ ਐਫ਼. ਐਮ. ਦੇ ਐਂਕਬਰ ਅਤੇ ਪ੍ਰਸਿੱਧ ਹੋਸਟਲ ਹਰਰਿੰਦਰ ਥਿੰਦ ਨੁੰ ਕਿਹਾ ਗਿਆ ਕਿ ਉਹ ਮੇਰੀ ਜਾਣ-ਪਛਾਣ ਕਰਵਾਏ। ਥਿੰਦ ਤੋਂ ਬਾਅਦ ਮੈਨੂੰ ਸਟੇਜ ਤੇ ਆਉਣ ਦਾ ਸੱਤਾ ਦਿੱਤਾ ਗਿਆ। ਜ਼ਿਆਦਾ ਲੰਮੇ ਭਾਸ਼ਣ ਦਾ ਸਮਾਂ ਨਹੀਂ ਸੀ। ਮੈਂ ਅਲੂਮਨੀ ਐਸੋਸੀਏਸ਼ਨਾਂ ਵੱਲੋਂ ਕਰਵਾਏ ਜਾ ਰਹੇ ਅਜਿਹੇ ਪ੍ਰੋਗਰਾਮਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਇਕ ਦੋ ਹੋਰ ਨੁਕਤੇ ਸਾਂਝੇ ਕੀਤੇ। ਪ੍ਰਬੰਧਕਾਂ ਨੇ ਮੇਰੇ ਕੋਲੋਂ ਆਪਣੇ ਕੁਝ ਮੈਂਬਰਾਂ ਨੂੰ ਸਲਮਾਨਿਤ ਕਰਵਾਇਆ ਅਤੇ ਅੰਤ ਵਿੱਚ ਸਾਰਿਆਂ ਨੇ ਮੈਨੂੰ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ। ਇਉਂ ਵੈਨਕੂਵਰ ਵਿੱਚ ਇਹ ਦਿਨ ਮੇਰੇ ਲਈ ਇਕ ਯਾਦਗਰੀ ਦਿਨ ਹੋ ਨਿੱਬੜਿਆ।

ਮੈਂ ਫ਼ਿਰ ਕੈਨੇਡਾ ਆਇਆ-5

downloadਕੈਨੇਡਾ ਦਾ ਪੰਜਾਬੀ ਮੀਡੀਆ ਖੂਬ ਪ੍ਰਫ਼ੁੱਲਿਤ ਹੋ ਰਿਹਾ ਹੈ। ਕੋਈ ਸਮਾਂ ਸੀ ਇੱਥੋਂ ਦਾ ਪ੍ਰਿੰਟ ਮੀਡੀਆ ‘ਕਟ ਐਂਡ ਪੇਸਟ’ ਪੱਤਰਕਾਰੀ ‘ਤੇ ਨਿਰਭਰ ਕਰਦਾ ਸੀ। ਉਸ ਸਮੇਂ ਸੰਚਾਰ ਤਕਨਾਲੌਜੀ ਜ਼ਿਆਦਾ ਤਰੱਕੀ ‘ਤੇ ਨਹੀਂ ਸੀ। ਭਾਰਤੀ ਅਖਬਾਰਾਂ ਦੀਆਂ ਉਹਨਾਂ ਖਬਰਾਂ ਨੂੰ ਜਿਹਨਾਂ ਦੀ ਅਹਿਮੀਅਤ ਕੈਨੇਡਾ ਦੇ ਪੰਜਾਬੀਆਂ ਲਈ ਹੁੰਦੀ ਸੀ, ਨੂੰ ਕੱਟ ਕੇ ਪੇਸਟ ਕਰਕੇ ਛਾਪ ਲਿਆ ਜਾਂਦਾ ਸੀ। ਘਰ ਫ਼ੂਕ ਕੇ ਤਮਾਸ਼ਾ ਵੇਖਣ ਵਾਲੇ ਪੱਤਰਕਾਰੀ ਦੇ ਪੇਸ਼ੇ ਵਿੱਚ ਕੋਈ ਵਿਰਲਾ ਹੀ ਉਤਰਦਾ ਸੀ। ਹੌਲੀ-ਹੌਲੀ ਸੰਚਾਰ ਤਕਨਾਲੌਜੀ ਤਰੱਕੀ ਕਰਦੀ ਗਈ ਅਤੇ ਵੈਨਕੂਵਰ ਅਤੇ ਟਰਾਂਟੋ ਆਦਿ ਪੰਜਾਬੀ ਵੱਸੋਂ ਵਾਲੇ ਸ਼ਹਿਰਾਂ ਵਿੱਚ ਅਖਬਾਰਾਂ ਦੀ ਗਿਣਤੀ ਵਧਣ ਲੱਗੀ। ਜਿਉਂ-ਜਿਉਂ ਪੰਜਾਬੀਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ, ਤਿਉਂ-ਤਿਉਂ ਪੱਤਰਕਾਰੀ ਦੀ ਜ਼ਰੂਰਤ ਅਤੇ ਮਹੱਤਤਾ ਵਧਦੀ ਗਈ। ਪੱਤਰਕਾਰੀ ਦੀ ਮਹੱਤਤਾ ਵਧਣ ਨਾਲ ਬਹੁਤ ਸਾਰੇ ਲੋਕ ਇਸ ਕਿੱਤੇ ਵੱਲ ਦਿਲਚਸਪੀ ਲੈਣ ਲੱਗੇ। ਅਖਬਾਰਾਂ ਦੇ ਨਾਲ-ਨਾਲ  ਪੰਜਾਬੀ ਰੇਡੀਓ ਵੀ ਆਪਣੇ ਪੈਰ ਪ੍ਰਸਾਰਨ ਲੱਗਾ। ਵੇਖਦੇ ਵੇਖਦੇ ਪੰਜਾਬੀ ਰੇਡੀਓ ਕੈਨੇਡਾ ਵਿੱਚ ਬਹੁਤ ਸ਼ਕਤੀਸ਼ਾਲੀ ਸੰਚਾਰ ਮਾਧਿਅਮ ਵਜੋਂ ਉਭਰ ਕੇ ਸਾਹਮਣੇ ਆਇਆ। ਅਨੇਕਾਂ ਰੇਡੀਓ ਪ੍ਰੋਗਰਾਮ ਪੰਜਾਬੀਆਂ ਦੀਆਂ ਹਰ ਕਿਸਮ ਦੀ ਜਾਣਕਾਰੀ ਦੀ ਭੁੱਖ ਨੂੰ ਸੰਤੁਸ਼ਟ ਕਰਨਾ ਲੱਗੇ। ਜਾਣਕਾਰੀ ਦੇ ਨਾਲ ਮਨੋਰੰਜਨ ਦਾ ਖੇਤਰ ਵੀ ਪੰਜਾਬੀ ਰੇਡੀਓ ਦੇ ਹਿੱਸੇ ਆਅਿਾ। ਹਰ ਕਿੱਤੇ ਦੇ ਲੋਕਾਂ ਨੂੰ ਰੇਡੀਓ ਨੇ ਆਪਣੇ ਆਪਣੇ ਕਿੱਤੇ ਅਤੇ ਵਪਾਰ ਦੇ ਫ਼ੈਲਾਅ ਲਈ ਪ੍ਰਚਾਰ ਸਾਧਨ ਦੇ ਤੌਰ ‘ਤੇ ਵਰਤਣ ਲਈ ਪ੍ਰੇਰਿਤ ਕੀਤਾ। ਪਿਛਲੇ ਦਹਾਕੇ ਦੌਰਾਨ ਆਏ ਸੰਚਾਰ ਤਕਨਾਲੌਜੀ ਦੇ ਇਨਕਲਾਬ ਨੇ ਰੇਡੀਓ ਅਤੇ ਅਖਬਾਰਾਂ ਦੇ ਨਾਲ ਨਾਲ ਟੀ. ਵੀ. ਮਾਧਿਅਮ ਵੱਲ ਕੈਨੇਡੀਅਨ ਪੰਜਾਬੀਆਂ ਦਾ ਧਿਆਨ ਖਿੱਚਿਆ ਅਤੇ ਵੱਡੀ ਗਿਣਤੀ ਵਿੱਚ ਟੀ. ਵੀ. ਪ੍ਰੋਗਰਾਮ ਸ਼ੁਰੂ ਹੋ ਗਏ। ਅੱਜ ਪੰਜਾਬੀ ਮੀਡੀਆ ਵੈਨਕੂਵਰ, ਟਰਾਂਟੋ, ਕੈਲਗਰੀ ਅਤੇ ਐਡਮਿੰਟਨ ਤੋਂ ਇਲਾਵਾ ਵਿਨੀਪੈਗ ਅਤੇ ਪੰਜਾਬੀ ਵੱਸੋਂ ਵਾਲੇ ਸ਼ਹਿਰਾਂ ਵਿੱਚ ਪ੍ਰਫ਼ੁੱਲਿਤ ਹੋ ਰਿਹਾ ਹੈ। ਪੱਤਰਕਾਰੀ ਦੇ ਪੇਸ਼ੇ ਵਿੱਚ ਹਰ ਤਰ੍ਹਾਂ ਦੇ ਲੋਕ ਪ੍ਰਵੇਸ਼ ਕਰ ਗਏ ਹਨ। ਕੁਝ ਪੂਰੇ ਵਕਤੀ ਪੱਤਰਕਾਰ ਹਨ, ਕਈਆਂ ਨੇ ਇਸਨੂੰ ਪਾਰਟ ਟਾਈਮ ਕਿੱਤੇ ਦੇ ਤੌਰ ‘ਤੇ ਅਪਣਾਇਆ ਹੋਇਆ ਹੈ। ਜੋ ਵੀ ਹੋਵੇ ਵੱਡੀ ਗਿਣਤੀ ਵਿੱਚ ਪੱਤਰਕਾਰੀ ਨਾਲ ਸਬੰਧਤ ਲੋਕਾਂ ਦੇ ਆਉਣ ਨਾਲ ਪ੍ਰੈਸ ਕਲੱਬਾਂ ਹੋਂਦ ਵਿੱਚ ਆਈਆਂ।
ਕੈਨੇਡਾ ਦੇ ਹਰ ਵੱਡੇ ਸ਼ਹਿਰ ਵਿੱਚ ਪੰਜਾਬੀ ਮੀਡੀਆ ਕਲੱਬਾਂ ਕਾਰਜਸ਼ੀਲ ਹਨ। ਐਡਮਿੰਟਨ, ਕੈਲਗਰੀ ਅਤੇ ਟਰਾਂਟੋ ਵਿੱਚ ਤਾਂ ਦੋ-ਦੋ ਜਾਂ ਤਿੰਨ ਤਿੰਨ ਪ੍ਰੈਸ ਕਲੱਬਾਂ ਬਣ ਗਈਆਂ ਹਨ। ਮੈਨੂੰ ਦੱਸਿਆ ਗਿਆ ਕਿ ਵੈਨਕੂਵਰ ਵਿੱਚ ਇਕੋ ਹੀ ਪੰਜਾਬੀ ਪ੍ਰੈਸ ਕਲੱਬ ਹੈ ਅਤੇ ਇਹ ਮਹੀਨੇ ਵਿੱਚ ਇਕ ਵਾਰ ਮਿਲ ਬੈਠਦੇ ਹਨ। ਅਕਤੂਬਰ ਮਹੀਨੇ ਦੀ ਪ੍ਰੈਸ ਕਲੱਬ ਦੀ ਮਿਲਣੀ 3 ਅਕਤੂਬਰ ਨੂੰ ਰੱਖੀ ਹੋਈ ਸੀ।
”ਇਹ ਸਬੱਬ ਹੀ ਹੈ ਕਿ ਤੁਸੀਂ ਆਏ ਹੋਏ ਹੋ ਅਤੇ ਅੱਜ ਸਾਡੀ ਪ੍ਰੈਸ ਕਲੱਬ ਦੀ ਮਾਸਿਕ ਇਕੱਤਰਤਾ ਵੀ ਹੈ। ਤਾਜ ਵਿੱਚ ਪੰਜ ਵਜੇ, ‘ਉਡੀਕ ਰਹੇਗੀ’ ਗੁਰਵਿੰਦਰ ਧਾਲੀਵਾਲ ਮੈਨੂੰ ਫ਼ੋਨ ‘ਤੇ ਮੀਟਿੰਗ ਵਿੱਚ ਆਉਣ ਦਾ ਸੱਦਾ ਦੇ ਰਿਹਾ ਹੈ। ਗੁਰਵਿੰਦਰ ਧਾਲੀਵਾਲ ਕੈਨੇਡਾ ਆਉਣ ਤੋਂ ਪਹਿਲਾਂ ਪੰਜਾਬੀ ਦਾ ਪ੍ਰਾਅਧਿਆਪਕ ਸੀ। ਕੁਝ ਸਮਾਂ ਉਸਨੇ ਮੇਰੇ ਸ਼ਹਿਰ ਅਹਿਮਦਗੜ੍ਹ ਦੇ ਸ਼ਾਂਤੀ ਤਾਰਾ ਕਾਲਜ ਵਿੱਚ ਵੀ ਪੜ੍ਹਾਇਆ ਸੀ। ਇਸ ਮਿਹਨਤੀ ਨੌਜਵਾਨ ਨੇ ਕੈਨੇਡਾ ਵਿੱਚ ਆ ਕੇ ਆਪਣੀ ਭਾਸ਼ਣ ਕਲਾ ਦੀ ਕਲਾ ਨੂੰ ਹੋਰ ਸ਼ਿੰਗਾਰਿਆ ਅਤੇ ਵੇਖਦੇ-ਵੇਖਦੇ ਉਸਦਾ ਨਾਂ ਪੰਜਾਬੀ ਦੇ ਵਧੀਆ ਅਤੇ ਹਰਮਨ ਪਿਆਰੇ ਰੇਡੀਓ ਹੋਸਟਾਂ ਵਿੱਚ ਲਿਆ ਜਾਣ ਲੱਗਾ।
ਗੁਰਵਿੰਦਰ ਧਾਲੀਵਾਲ ਨੇ ਇਕ ਹੋਰ ਵਧੀਆ ਕੰਮ ਇਹ ਕੀਤਾ ਕਿ ਆਪਣੇ ਪੇਸ਼ੇ ਦੇ ਰੁਝੇਵਿਆਂ ਦੇ ਨਾਲ ਨਾਲ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਵਿੱਚ ਪੀ. ਐਚ. ਡੀ. ਦੀ ਡਿਗਰੀ ਹਾਸਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰ ਲਈ। ਹੁਣ ਉਹ ਡਾ. ਗੁਰਵਿੰਦਰ ਸਿੰਘ ਧਾਲੀਵਾਲ ਬਣ ਚੁੱਕਾ ਹੈ।ਸੋ, ਮੈਂ ਡਾ. ਧਾਲੀਵਾਲ ਦੇ ਸੱਦੇ ਨੂੰ ਸਵੀਕਾਰਦਾ ਹੋਇਆ ਨਿਸਚਿਤ ਸਮੇਂ ਸਰੀ ਦੇ ਤਾਜ ਵੈਕੁੰਟ ਹਾਲ ਵਿੱਚ ਪਹੁੰਚ ਜਾਂਦਾ ਹਾਂ। ਉਥੇ ਗੁਰਵਿੰਦਰ ਧਾਲੀਵਾਲ ਤੋਂ ਇਲਾਵਾ ਡਾ. ਪੂਰਨ ਸਿੰਘ ਜੋ ਕਿ ਕੈਨੇਡੀਅਨ ਪੰਜਾਬ ਨਾਲ ਸਬੰਧਤ ਹਨ ਅਤੇ ਬਲਦੇਵ ਸਿੰਘ ਮਾਨ ਜੋ ਰੇਡੀਓ ਐਫ਼. ਐਮ. ਅਤੇ ਦੇਸ਼ ਪ੍ਰਦੇਸ਼ ਟੀ. ਵੀ. ਨਾਲ ਸਬੰਧਤ ਹੈ, ਮਿਲਦੇ ਹਨ। ਅਜੇ ਉਹਨਾਂ ਨਾਲ ਜਾਣ ਪਛਾਣ ਹੋ ਹੀ ਰਹੀ ਸੀ ਕਿ ਮੇਰਾ ਪੁਰਾਣਾ ਮਿੰਤਰ ਗੁਰਸ਼ੇਵ ਸਿੰਘ ਪੰਧੇਰ ਪਹੁੰਚ ਜਾਂਦਾ ਹੈ। ਮੇਰੇ ਪਿੰਡ ਬੁਟਾਹਰੀ ਦੇ ਨੇੜਲੇ ਪਿੰਡ ਸ਼ਿਆੜ ਦਾ ਰਹਿਣ ਵਾਲਾ ਗੁਰਸ਼ੇਵ ਸਿੰਘ ਪੰਧੇਰ ਕੈਨੇਡਾ ਆਉਣ ਤੋਂ ਪਹਿਲਾਂ ਮੰਡੀ ਅਹਿਮਦਗੜ੍ਹ ਵਿਖੇ ਟੀ. ਵੀ. ਸ਼ੋਅ ਰੂਮ ਦਾ ਮਾਲਕ ਸੀ। ਅਹਿਮਦਗੜ੍ਹ ਤੋਂ ਜਦੋਂ ਮੈਂ ‘ਮੰਚ ਮਾਸਿਕ ਨਾਮ ਦਾ ਪਰਚਾ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਪੰਧੇਰ ਦੇ ਸ਼ੋਅ ਰੂਮ ਦਾ ਇਸ਼ਤਿਹਾਰ ਲਗਾਤਾਰ ਮੰਚ ਵਿੱਚ ਛਪਦਾ ਰਿਹਾ। ਇੱਥੇ ਗੁਰਸੇਵ ਪੰਧੇਰ ਚੜ੍ਹਦੀ ਕਲਾ ਅਖਬਾਰ ਨਾਲ ਸਬੰਧਤ ਹੈ। ਅਜੀਤ ਵੀਕਲੀ ਦਾ ਕਾਲਮ ਨਵੀਸ ਸਖਮੰਦਰ ਸਿੰਘ ਬਰਾੜ ਭਾਈ ਭਗਤਾ ਤਾਂ ਮੇਰੇ ਨਾਲ ਹੀ ਸੀ। ਪੰਜਾਬੀ ਪ੍ਰੈਸ ਕਲੱਬ ਦਾ ਸਕੱਤਰ ਲੱਕੀ ਸਹੋਤਾ ਵੀ ਉਥੇ ਹਾਜ਼ਰ ਸੀ। ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਕੈਨੇਡਾ ਅਤੇ ਖਾਸ ਤੌਰ ‘ਤੇ ਵੈਨਕੂਵਰ ਪੰਜਾਬੀ ਮੀਡੀਆ ਬਾਰੇ ਚਰਚਾ ਸ਼ੁਰੂ ਹੋ ਗਈ। ਇਕ ਗੱਲ ਲਈ ਸਭ ਨੇ ਉਤਸੁਕਤਾ ਜ਼ਾਹਿਰ ਕੀਤੀ ਕਿ ਸੋਸ਼ਲ ਮੀਡੀਆ ਦਾ ਮੁੱਖ ਧਾਰਾ ਦੇ ਮੀਡੀਆ ‘ਤੇ ਕੀ ਅਸਰ ਪਵੇਗਾ।
ਸੋਸ਼ਲ ਮੀਡੀਆ ਦੀ ਭੂਮਿਕਾ ਬਾਰੇ ਮੇਰਾ ਜਵਾਬ ਸੀ ਕਿ ਫ਼ੇਸਬੁੱਕ, ਵਟਸਅੱਪ, ਯੂਟਿਊਬ ਅਤੇ ਟਵਿਟਰ ਆਦਿ ਨੇ ਸਮੁੱਚੇ ਮੀਡੀਆ ਦਾ ਦ੍ਰਿਸ਼ ਬਦਲ ਕੇ ਰੱਖ ਦਿੱਤਾ ਹੈ। ਅੱਜ ਹਰ ਬੰਦਾ ਜਿਸਦੇ ਹੱਥ ਵਿੱਚ ਮੋਬਾਇਲ ਹੈ, ਉਹ ਪੱਤਰਕਾਰ ਹੈ। ਉਸ ਕੋਲ ਦੁਨੀਆਂ ਤੱਕ ਪਹੁੰਚ ਕਰਨ ਦੀ ਸ਼ਕਤੀ ਹੈ। ਇਸ ਸ਼ਕਤੀ ਨੇ ਮੁੱਖ ਧਾਰਾ ਦੇ ਮੀਡੀਆ ਨੂੰ ਵੱਡੀ ਚੁਣੌਤੀ ਦੇ ਦਿੱਤੀ ਹੈ। ਹੁਣ ਜੇ ਟੀ. ਵੀ. ਜਾਂ ਅਖਬਾਰ ਕਿਸੇ ਖਾਸ ਪਾਰਟੀ ਜਾਂ ਲੀਡਰ ਦੇ ਹੱਕ ਵਿੱਚ ਭੁਗਤਣਾ ਵੀ ਚਾਹੇ ਤਾਂ ਉਸਨੂੰ ਕਈ ਵਾਰ ਸੋਚਣਾ ਪਵੇਗਾ ਕਿਉਂਕਿ ਸੱਚ ਸੋਸ਼ਲ ਮੀਡੀਆ ਬਿਆਨ ਕਰ ਦਿੰਦਾ ਹੈ। ਕੇਜਰੀਵਾਲ ਦੀ ਬਾਘਾ ਪੁਰਾਣਾ ਜਾਂ ਮੁਕਤਸਰ ਰੈਲੀ ਵਿੱਚ ਕਿੰਨਾ ਕੁ ਇਕੱਠ ਹੈ, ਸਰਕਾਰ ਦਾ ਚੈਨਲ ਜਾਂ ਅਖਬਾਰ ਕੁਝ ਵੀ ਦੱਸੇ ਪਰ ਫ਼ੇਸਬੁੱਕ ਅਤੇ ਵਟਸਅੱਪ ਨੇ ਸੈਂਕੜੇ ਤਸਵੀਰਾਂ ਭੇਜ ਕੇ ਸਫ਼ਾਈ ਬਿਆਨ ਕਰ ਦੇਣੀ ਹੈ। ਸੋਸ਼ਲ ਮੀਡੀਆ ਇਕ ਕਿਸਮ ਦਾ ਵੱਡਾ ਚੈਕ ਹੈ, ਮੁੱਖ ਧਾਰਾ ਮੀਡੀਆ ਉਤੇ। ਫ਼ੇਸਬੁੱਕ ਲਾਈਵ ਨੇ ਤਾਂ ਟੀ. ਵੀ. ਦੀ ਅਹਿਮੀਅਤ ਉਤੇ ਵੀ ਇਕ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਕੈਨੇਡਾ ਵਿੱਚ ਵਿੱਚਰਦੇ ਪੰਜਾਬੀ ਮੀਡੀਆ ਕਰਮੀਆਂ ਦੀ ਰਾਜਨੀਤੀ ਵੀ ਚਰਚਾ ਦਾ ਵਿਸ਼ਾ ਬਣੀ। ਮੈਂ ਦੱਸਿਆ ਕਿ ਟਰਾਂਟੋ ਵਿੱਚ ਤਾਂ ਇਹ ਸਿਅਸਤ ਕਾਫ਼ੀ ਭਖਵੀਂ ਹੈ। ਐਡਮਿੰਟਨ ਵਿੱਚ ਤਿੰਨ ਚਾਰ ਕਲੱਬਾਂ ਹਨ। ਵੈਨਕੂਵਰ ਪੰਜਾਬੀ ਮੀਡੀਆ ਕਲੱਬ ਵਾਲੇ ਇਸ ਗੱਲੋਂ ਕਾਫ਼ੀ ਖੁਸ਼ ਅਤੇ ਸੰਤੁਸ਼ਟ ਜਾਵੇ ਕਿ ਉਥੇ ਸਿਰਫ਼ ਇਕੋ ਹੀ ਕਲੱਬ ਹੈ। ਇਕੋ ਕਲੱਬ ਹੋਣ ਦਾ ਮਤਲਬ ਉੱਕਾ ਨਹੀਂ ਕਿ ਇੱਥੇ ਮੀਡੀਆ ਵਾਲਿਆਂ ਵਿੱਚ ਵਿੱਚਾਰਕ ਮਤਭੇਦ ਨਹੀਂ। ਖੈਰ ਇਉਂ ਚਰਚਾ ਹੋਰ ਲੰਮੀ ਹੋ ਜਾਂਦੀ ਜੇ ਮੈਨੂੰ ਸੁਖਮੰਦਰ ਸਿੰਘ ਬਰਾੜ ਇਹ ਯਾਦ ਨਾ ਕਰਵਾਉਂਦੇ ਕਿ ਅਸੀਂ ਚੈਨਲ ਪੰਜਾਬੀ ਵਿੱਚ ਅੰਮ੍ਰਿਤ ਭੱਟੀ ਨੂੰ ਇੰਟਰਵਿਊ ਦੇਣ ਜਾਣਾ ਹੈ।
ਜਦੋਂ ਅਸੀਂ ਚੈਨਲ ਪੰਜਾਬੀ ਦੇ ਸਟੂਡੀਓ ਪਹੁੰਚੇ ਤਾਂ ਪ੍ਰੋਗਰਾਮ ਦੀ ਹੋਸਟ ਅੰਮ੍ਰਿਤ ਭੱਟੀ ਸਾਡਾ ਇੰਤਜ਼ਾਰ ਕਰ ਰਹੀ ਸੀ। ਗੱਲਾਂ ਗੱਲਾਂ ਵਿੱਚ ਪਤਾ ਲੱਗਾ ਕਿ ਉਹ ਮੇਰੇ ਪੁਰਾਣੇ ਮਿੱਤਰ ਮਾਨਸਾ ਤੋਂ ਟ੍ਰਿਬਿਊਨ ਦੇ ਰਿਪੋਰਟਰ ਰਹੇ ਅਸ਼ੋਕ ਸਿਦਊੜਾ ਦੀ ਭਾਣਜੀ ਹੈ ਅਤੇ ਉਸਦੀ ਪ੍ਰੇਰਨਾ ਨਾਲ ਹੀ ਪੱਤਰਕਾਰੀ ਵਿੱਚ ਆਈ ਹੈ। ਖੈਰ, ਅੰਮ੍ਰਿਤ ਭੱਟੀ ਨੇ ਵੀ ਆਪਣੀ ਇੰਟਰਵਿਊ ਪੱਤਰਕਾਰੀ ਤੱਕ ਸੀਮਤ ਰੱਖੀ। ਉਸਨੇ ਜ਼ਿਆਦਾ ਸਵਾਲ ਪੀਲੀ ਪੱਤਰਕਾਰੀ ਅਤੇ ਪੱਤਰਕਾਰੀ ਵਿੱਚ ਪਏ ਗੰਧਲੇਪਣ ਬਾਰੇ ਹੀ ਕੀਤੇ। ਉਸਦਾ ਇਹ ਸਵਾਲ ਕਿ ਕੀ ਪੱਤਰਕਾਰੀ ਸੱਚ ਭਰੋਸੇ ਰਹੀ ਹੈ, ਬਹੁਤ ਮਹੱਤਵਪੂਰਨ ਸੀ। ਇਸ ਕਿਸਮ ਦੇ ਸਵਾਲ ਅੱਜਕਲ੍ਹ ਮੈਨੂੰ ਅਕਸਰ ਕੀਤੇ ਜਾਂਦੇ ਹਨ ਕਿ ਸੱਚ ਜਾਨਣ ਲਈ ਕਿਹੜਾ ਅਖਬਾਰ ਪੜ੍ਹੀਏ ਜਾਂ ਕਿਹੜਾ ਚੈਨਲ ਦੇਖੀਏ। ਇਸ ਸਵਾਲ ਦਾ ਜਵਾਬ ਦੇਣਾ ਇੰਨਾਂ ਸੌਖਾ ਨਹੀਂ ਹੈ। ਸੱਚਮੁਚ ਹੀ ਅੱਜਕਲ੍ਹ ਸੱਚ ਲੱਭਣਾ ਮੁਸ਼ਕਿਲ ਹੋ ਗਿਆ ਹੈ। ਸਾਡੇ ਮੁੱਖ ਚੈਨਲ ਪਾਰਟੀਆਂ ਦੀ ਸਿਆਸਤ ਕਰਨ ਲੱਗੇ ਹਨ। ਹਿੰਦੁਸਤਾਨ ਦੇ ਮੁੱਖ ਹਿੰਦੀ ਅਤੇ ਅੰਗਰੇਜ਼ੀ ਨਿਊਜ਼ ਚੈਨਲਾਂ ਨੂੰ ਗਹੁ ਨਾਲ ਵੇਖਣ ਤੋਂ ਬਾਅਦ ਇਹ ਸਪਸ਼ਟ ਹੋ ਜਾਵੇਗਾ ਕਿ ਇਹ ਨਿਰਪੱਖ ਪੱਤਰਕਾਰੀ ਦੀ ਥਾਂ ੲੈਂਗਲ ਜਰਨਲਿਜ਼ਮ ਕਰ ਰਹੇ ਹਨ। ਮਤਲਬ ਕਿ ਹਰ ਵੱਡੀ ਖਬਰ ਨੂੰ ਕਿਸੇ ਖਾਸ ਨਜ਼ਰੀਏ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਖਬਰਾਂ ਨੂੰ ਸਿਆਸੀ ਪਾਰਟੀਆਂ ਜਾਂ ਸੱਤਾਧਾਰੀ ਧਿਰ ਦੇ ਨਜ਼ਰੀਏ ਤੋਂ ਪੇਸ਼ ਕਰਨ ਦਾ ਰੁਝਾਨ ਆਮ ਹੈ। ਇਸ ਪਿੱਛੇ ਆਰਥਿਕਤਾ ਕੰਮ ਕਰ ਰਹੀ ਹੈ ਜਾਂ ਫ਼ਿਰ ਵੱਡੇ ਵਪਾਰਕ ਘਰਾਣਿਆਂ ਦੇ ਆਰਥਿਕ ਹਿੱਤ ਕੰਮ ਕਰਦੇ ਨਜ਼ਰੀ ਪੈਂਦੇ ਹਨ। ਮੈਂ ਦੱਸਿਆ ਕਿ ਇਕ ਖੋਜ ਮੁਤਾਬਕ ਦੇਸ਼ ਦੇ ਵੱਡੇ ਅਖਬਾਰ ਅਤੇ ਵੱਡੇ ਚੈਨਲ ਦੇਸ਼ ਦੀ 70 ਫ਼ੀਸਦੀ ਪੇਂਡੂ ਵੱਸੋਂ ਨੂੰ ਸਿਰਫ਼ 2 ਫ਼ੀਸਦੀ ਥਾਂ ਅਤੇ ਟਾਈਮ ਦੇ ਰਹੇ ਹਨ। ਸਮੁੱਚੇ ਤੌਰ ‘ਤੇ 70 ਫ਼ੀਸਦੀ ਜਨਤਾ ਨੂੰ ਮੀਡਆ ਨਜ਼ਰਅੰਦਾਜ਼ ਕਰ ਰਿਹਾ ਹੈ। ਮੈਂ ਇਕ ਉਦਾਹਰਣ ਦਿੱਤੀ ਕਿ ਕੈਲਾਸ਼ ਸਤਿਆਰਥੀ ਨੂੰ ਨੋਬਲ ਇਨਾਮ ਮਿਲਣ ਤੋਂ ਪਹਿਲਾਂ ਕਿਸੇ ਵੀ ਮੀਡੀਆ ਨੇ ਕਦੇ ਵੀ ਨਹੀਂ ਵਿਖਾਇਆ ਸੀ। ਇਸੇ ਤਰ੍ਹਾਂ ਦੇਸ਼ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਵੀ ਮੀਡੀਆ ਘੱਟ ਹੀ ਉਭਾਰਦਾ ਹੈ। ਮੀਡੀਆ ਵੀ ਸਿਆਸੀ ਪਾਰਟੀਆਂ ਵਾਂਗ ਪੂਰੀ ਤਰ੍ਹਾਂ ਵੰਡਿਆ ਜਾ ਚੁੱਕਾ ਹੈ ਅਤੇ ਨਿਰਪੱਖ ਪੱਤਰਕਾਰੀ ਕਿਤੇ ਨਜ਼ਰ ਨਹੀਂ ਆਉਂਦੀ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ਦਾ ਭਵਿੱਖ ਰੌਸ਼ਨ ਨਜ਼ਰ ਆਉਂਦਾ ਹੈ। ਲੋਕ ਹੁਣ ਸੱਚ ਲੱਭਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਸ਼ੁਰੂ ਕਰਨਗੇ। ਇਹ ਵੀ ਠੀਕ ਹੈ ਕਿ ਸੋਸ਼ਲ ਮੀਡੀਆ ਵੀ ਉਲਾਰ ਹੋਣ ਦੀ ਸੰਭਾਵਨਾ ਰੱਖਦਾ ਹੈ ਅਤੇ ਬਹੁਤ ਥਾਵਾਂ ‘ਤੇ ਉਲਾਰ ਹੁੰਦਾ ਵੀ ਹੈ ਪਰ ਇਸਦੇ ਬਾਵਜੂਦ ਇਹ ਸੱਚ ਵੱਲ ਨੂੰ ਸੰਕੇਤ ਕਰਨ ਦੀ ਸੰਭਾਵਨਾ ਰੱਖਦਾ ਹੈ। ਸੋ ਸੱਚ ਜਾਨਣ ਲਈ ਇਕ ਤੋਂ ਵੱਧ ਅਖਬਾਰ ਅਤੇ ਚੈਨਲ ਵੇਖਣ ਦੀ ਲੋੜ ਹੈ। ਅਜਿਹੀਆਂ ਭਾਵਪੂਰਤ ਗੱਲਾਂ ਨਾਲ ਅੰਮ੍ਰਿਤ ਭੱਟੀ ਨਾਲ ਮੇਰੀ ਮੁਲਾਕਾਤ ਸਮਾਪਤ ਹੁੰਦੀ ਹੈ। ਇਸ ਮੁਲਾਕਾਤ ਦੌਰਾਨ ਮੇਰੇ ਨਾਲ ਸੁਖਮੰਦਰ ਬਰਾੜ ਵੀ ਸੀ ਅਤੇ ਅੰਮ੍ਰਿਤ ਨੇ ਉਸ ਕੋਲੋਂ ਵੀ ਇਕ-ਦੋ ਸਵਾਲ ਪੁੱਛੇ, ਜਿਹਨਾਂ ਬਾਰੇ ਉਸਨੇ ਯਥਾਯੋਗ ਉਤਰ ਦਿੱਤੇ।
ਇਸ ਟੀ. ਵੀ. ਇੰਟਰਵਿਊ ਤੋਂ ਵਿਹਲੇ ਹੋ ਕੇ ਅਸੀਂ ਸੁੱਖੀ ਸ਼ੇਰਗਿੱਲ ਦੇ ਘਰ ਵੱਲ ਰਵਾਨਾ ਹੋਏ। ਸੁੱਖੀ ਪੱਤਰਕਾਰੀ ਵਿੱਚ ਮੇਰੀ ਵਿਦਿਆਰਥਣ ਸੀ। ਸੁੱਖੀ ਦੀ ਭੈਣ ਰਾਣਾ ਸ਼ੇਰਗਿੱਲ ਸਿਆਸਤ ਵਿੱਚ ਸਰਗਰਮ ਹੈ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਨੇੜਲਿਆਂ ਵਿੱਚੋਂ ਹੈ। ਇਹ ਪਰਿਵਾਰ ਮੇਰੇ ਪਰਮ ਮਿੱਤਰ ਲੰਡਨ ਵਾਲੇ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੇ ਪਿੰਡ ਮਜਾਲ ਖੁਰਦ ਨਾਲ ਸਬੰਧਤ ਹੈ। ਸੁੱਖੀ ਸ਼ੇਰਗਿੱਲ ਨੇ ਫ਼ੇਸਬੁਕ ਉਤੇ ਮੇਰੇ ਨਾਲ ਸੰਪਰਕ ਕਰਕੇ ਘਰ ਆਉਣ ਦਾ ਵਾਅਦਾ ਲੈ ਲਿਆ ਸੀ। ਸੋ ਅਸੀਂ ਨਿਸਚਿਤ ਸਮੇਂ ਸੰਧੂ ਪਰਿਵਾਰ ਦੇ ਘਰ ਪਹੁੰਚ ਗਏ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218