‘ਆਪ’ ਦਾ ਆਤਮ ਮੰਥਨ ਅਤੇ ਸੂਬਾਈ ਖ਼ੁਦਮੁਖ਼ਤਿਆਰੀ

ਆਦਮੀ ਕੋ ਚਾਹੀਯੇ ਕਿ ਵਕਤ ਸੇ ਡਰ ਕਰ ਰਹੇ
ਕੌਨ ਜਾਨੇ ਕਿਸ ਘੜੀ ਮੇਂ ਵਕਤ ਕਾ ਬਦਲੇ ਮਿਜਾਜ਼
ਸਾਹਿਬ ਲੁਧਿਆਣਵੀ ਦਾ ਇਹ ਸ਼ੇਅਰ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ‘ਤੇ ਪੂਰੀ ਤਰ੍ਹਾਂ ਢੁੱਕਦਾ ਹੈ। ਮਹੀਨਾ ਡੇਢ ਮਹੀਨਾ ਪਹਿਲਾਂ ਜਿਹੜੇ ਪੰਜਾਬੀ ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਅਰਵਿੰਦ ਕੇਜਰੀਵਾਲ ਦੇ ਹੋਰ ਦਿੱਲੀ ਵਾਲੇ ਏਲਚੀਆਂ ਨੂੰ ਸਿਰ ਮੱਥੇ ‘ਤੇ ਬਿਠਾਉਂਦੇ ਸਨ, ਅੱਜ ਇਹ ਦਿੱਲੀ ਟੋਲਾ ਬੁਰੀ ਤਰ੍ਹਾਂ ਪੰਜਾਬੀਆਂ ਦੀਆਂ ਅੱਖਾਂ ਵਿੱਚ ਰੜਕਦਾ ਹੈ। ਪੰਜਾਬ ਚੋਣਾਂ ਤੋਂ ਇਕ ਦਿਨ ਬਾਅਦ ਜਿਸ ਤਰੀਕੇ ਨਾਲ ਸੰਜੇ ਸਿੰਘ ਤੇ ਉਸਦੇ ਟੋਲੇ ਨੇ ਭਗਵੰਤ ਮਾਨ ਅਤੇ ਫ਼ੂਲਕੇ ਵਰਗੇ ਨੇਤਾਵਾਂ ਦਾ ਮਜ਼ਾਕ ਉਡਾਇਆ ਹੈ, ਉਸ ਨਾਲ ਸਿਆਸੀ ਅਤੇ ਗੈਰ ਸਿਆਸੀ ਹਰ ਪੰਜਾਬੀ ਦੇ ਜਜ਼ਬਾਤ ਜ਼ਖਮੀ ਹੋਏ ਹਨ, ਜਿਸ ਕਿਸੇ ਨੇ ਵੀ ਸੰਜੇ ਸਿੰਘ ਦੇ ਦਿੱਲੀ ਟੋਲੇ ਦੀ ਵੀਡੀਓ ਵੇਖੀ ਹੈ, ਉਹ ਇਹ ਕਹਿੰਦਾ ਸੁਣਿਆ ਕਿ ਇਹ ਭਗਵੰਤ ਮਾਨ ਦਾ ਹੀ ਮਜ਼ਾਕ ਨਹੀਂ ਉਡਾ ਰਹੇ ਸਗੋਂ ਸਾਰੇ ਪੰਜਾਬੀਆਂ ਦਾ ਹਾਸਾ ਉਡਾ ਰਹੇ ਹਨ। ਭਗਵੰਤ ਮਾਨ ਦੀ ਮਜਬੂਰੀ ਸੀ ਕਿ ਉਹ ਕੁਝ ਨਹੀਂ ਬੋਲ ਸਕਿਆ। ਉਸਨੂੰ ਮੁੱਖ ਮੰਤਰੀ ਦੀ ਕੁਰਸੀ ਨਜ਼ਰ ਆਉਂਦੀ ਸੀ। ਜੋ ਕੁਝ ਪੰਜਾਬ ਵਿੱਚ ‘ਆਪ’ ਦੀ ਦਿੱਲੀ ਲੀਡਰਸ਼ਿਪ ਕਰਦੀ ਰਹੀ, ਉਸ ਬਾਰੇ ਸੁਖਪਾਲ ਖਹਿਰਾ, ਕੰਵਰ ਸੰਧੂ, ਗੁਰਪ੍ਰੀਤ ਵੜੈਚ ਅਤੇ ਹਰਵਿੰਦਰ ਸਿੰਘ ਫ਼ੂਲਕਾ ਵੀ ਅੱਖਾਂ ਮੀਟ ਕੇ ਬੈਠੇ ਰਹੇ। ਉਸ ਸਮੇਂ ਤਾਂ ਸ਼ਕੀਲ ਜਮਾਲੀ ਦੇ ਸ਼ੇਅਰ ਵਾਂਗ ਪਤਾ ਨਹੀਂ ਲੱਗਾ ਰਿਹਾ ਸੀ ਕਿ ਕੌਣ ਕਿਸਦੇ ਨਾਲ ਹੈ:
ਕੋਈ ਬਣਾ ਨਹੀਂ ਸਕਤਾ, ਕਿ ਕੌਨ ਕਿਸਕਾ ਹੈ
ਜ਼ੁਲਮ ਮੇ ਭੀ, ਕਿਰਾਏ ਕ ੇਲੋਗ ਹੋਤੇ ਹੈਂ।
ਜਿਸ ਤਰ੍ਹਾਂ ਦਿੱਲੀ ਵਾਲਿਆਂ ਨੇ ਡਾ. ਧਰਮਵੀਰ ਗਾਂਧੀ ਅਤੇ ਸੁੱਚਾ ਸਿੰਘ ਛੋਟੇਪੁਰ ਨਾਲ ਕੀਤੀ। ਸੱਚਮੁਚ ਜਿੱਥੇ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਸਮਝ ਆਈ, ਉਥੇ ਪੰਜਾਬੀਆਂ ਦੀ ਕੁਰਸੀ ਦੀ ਭੁੱਖ ਵੀ ਪੂਰੀ ਤਰ੍ਹਾਂ ਉਜਾਗਰ ਹੋ ਗਈ। ਉਸ ਸਮੇਂ ਬਹੁਤ ਸਾਰੇ ਦਾਨਿਸ਼ਵਰ ਲੋਕ ਇਹ ਕਹਿੰਦੇ ਸੁਣੇ ਗਏ:
ਯੇ ਤੋ ਕਭੀ ਸੋਚਾ ਹੀ ਨਹੀਂ ਥਾਂ, ਹਮ ਤੋਂ ਬਹੁਤ ਹੈਰਾਨ ਹੁਏ
ਕੈਸੇ-ਕੈਸੇ ਚੋਰ ਲੁਟੇਰੇ, ਆਜ ਸਿਆਸਤਦਾਨ ਹੁਏ।
ਖੈਰ ਹੁਣ ਜਦੋਂ ਆਮ ਆਦਮੀ ਪਾਰਟੀ ਦਾ ਖਾਸ ਬਣਨ ਦਾ ਖੁਆਬ ਚਕਨਾਚੂਰ ਹੋ ਗਿਆ ਤਾਂ ਪੰਜਾਬੀਆਂ ਨੂੰ ਆਪਣੀ ਗੈਰਤ ਵੀ ਯਾਦ ਆਉਣ ਲੱਗੀ। ਜਲੰਧਰ ਛਾਉਣੀ ਦੇ ਉਮੀਦਵਾਰ ਐਚ. ਐਸ. ਵਾਲੀਆ ਦੇ ਜਲੰਧਰ ਕੁੰਜ ਇਲਾਕੇ ਵਿੱਚਲੇ ਘਰ ਵਿੱਚ ਛੇ ਸੱਤ ਘੰਟੇ ਤੱਕ ‘ਆਪ’ ਦੇ ਵਿਧਾਇਕਾਂ, ਉਮੀਦਵਾਰਾਂ ਅਤੇ ਸਮੁੱਚੀ ਪੰਜਾਬ ਲੀਡਰਸ਼ਿਪ ਆਤਮ ਮੰਥਨ ਕੀਤਾ। ਕਮਾਲ ਇਹ ਹੋਈ ਕਿ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਇਕਾਈ ਭਵਿੱਖ ਵਿੱਚ ਖੁਦਮੁਖਤਾਰੀ ਨਾਲ ਚੱਲੇਗੀ ਅਤੇ ਆਪਣੇ ਫ਼ੈਸਲੇ ਆਪ ਲਵੇਗੀ। ਪੰਜਾਬ ‘ਆਪ’ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਭਵਿੱਖ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਫ਼ੈਸਲੇ ਪੰਜਾਬ ਦੀ ਲੀਡਰਸ਼ਿਪ ਲਵੇਗੀ। ਇਹ ਆਤਮ ਮੰਥਨ ਵਿੱਚ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਵੱਲੋਂ ਇਹ ਕਹਿਣਾ ਕਿ ਜਦੋਂ ਦਿੱਲੀ ਦੇ ਆਗੂ ਪੰਜਾਬ ਬਾਰੇ ਪੁੱਠੇ-ਸਿੱਧੇ ਫ਼ੈਸਲੇ ਲੈ ਰਹੇ ਸਨ ਤਾਂ ਉਹਨਾਂ ਸਮੇਤ ਪੰਜਾਬ ਦੇ ਹੋਰ ਆਗੂ ਵੀ ਚੁੱਪ ਕਰਕੇ ਬੈਠੇ ਰਹੇ ਅਤੇ ਇਸ ਜ਼ਿੰਮੇਵਾਰੀ ਤੋਂ ਕੋਈ ਨਹੀਂ ਭੱਜ ਸਕਦਾ। ਇਸ ਤੋਂ ਇਲਾਵਾ ਦੂਜਾ ਅਹਿਮ ਮੁੱਦਾ ਜੋ ਉਠਾਇਆ ਗਿਆ, ਉਹ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਬਾਰੇ ਸੀ। ਪਰਵਾਸੀ ਪੰਜਾਬੀਆਂ ਸਮੇਤ ਬਹੁਤ ਬਹੁਤ ਸਾਰੇ ਆਪ ਵਰਕਰ ਅਤੇ ਲੀਡਰ ਹੁਣ ਇਨ੍ਹਾਂ ਦੋਵਾਂ ਨੇਤਾਵਾਂ ਦੇ ਖਿਲਾਫ਼ ਭੜਾਸ ਕੱਢ ਰਹੇ ਹਨ। ਮੈਨੂੰ ਕੈਲੇਫ਼ੋਰਨੀਆ ਤੋਂ ਇੱਕ ਆਪ ਸਮਰਥਕ ਨੇ ਫ਼ੋਨ ਕਰ ਕੇ ਦੱਸਿਆ ਕਿ ਮੈਂ ਆਮ ਆਦਮੀ ਪਾਰਟੀ ‘ਤੇ 16 ਲੱਖ ਰੁਪਏ ਖ਼ਰਚ ਕੀਤੇ ਪਰ ਹੁਣ ਅਸੀਂ ਬਹੁਤ ਪਛਤਾ ਰਹੇ ਹਾਂ। ਜੇ ਕਿਤੇ ਸਾਡੇ ਹੱਥ ਸੰਜੇ ਸਿੰਘ ਲੱਗ ਗਿਆ ਤਾਂ ਅਜਿਹੀ ‘ਸੇਵਾ’ ਕਰਾਂਗੇ ਕਿ ਸਾਰੀ ਉਮਰ ਯਾਦ ਰੱਖੇਗਾ। ਦੂਜੇ ਪਾਸੇ, ਆਤਮ ਮੰਥਨ ਕਰਦੇ ਸਮੇਂ ਜਿੱਤੇ ਹੋਏ ਅਤੇ ਹਾਰੇ ਹੋਏ ਉਮੀਦਵਾਰਾਂ ਵਲੋਂ ਵੀ ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਹੋਰ ਬਾਹਰਲੇ ਨੇਤਾਵਾਂ ਵਿਰੁੱਧ ਖ਼ੂਬ ਜ਼ਹਿਰ ਉਗਲਿਆ ਗਿਆ। ਪੰਜਾਬੀ ਮਾਨਸਿਕਤਾ ਅਤੇ ਪੰਜਾਬੀ ਸਭਿਆਚਾਰ ਤੋਂ ਅਣਜਾਣ ਅਨਾੜੀ ‘ਬਾਹਰਲਿਆਂ’ ਦੀ ਰਣਨੀਤੀ ਨੇ ਪਾਰਟੀ ਦੀ ਜਿੱਤ ਵਿੱਚ ਰੋੜੇ ਅਟਕਾ ਕੇ ਵੱਡਾ ਨੁਕਸਾਨ ਕੀਤਾ। ਅਰਵਿੰਦ ਕੇਜਰੀਵਾਲ ਦੇ ਇਨ੍ਹਾਂ ਏਲਚੀਆਂ ਉੱਪਰ ਭ੍ਰਿਸ਼ਟਾਚਾਰ ਅਤੇ ਆਚਰਣਹੀਣਤਾ ਦੇ ਲੱਗੇ ਇਲਜ਼ਾਮਾਂ ਨੇ ਚੋਣਾਂ ਵਿੱਚ ਵੱਡਾ ਨੁਕਸਾਨ ਕੀਤਾ। ਜਿੱਥੇ ਇਨ੍ਹਾਂ ਪਰਵਾਸੀਆਂ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾਉਣ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਵਿਧਾਇਕਾਂ ਅਤੇ ਹਾਰੇ ਹੋਏ ਉਮੀਦਵਾਰਾਂ ਨੇ ਵੀ ਇਨ੍ਹਾਂ ਵਿਰੁੱਧ ਝੰਡਾ ਚੁੱਕ ਲਿਆ ਹੈ।
ਸੂਬਾਈ ਲੀਡਰਸ਼ਿਪ ਦੇ ਇਸ ਆਤਮ ਮੰਥਨ ਵਿੱਚ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਨਾ ਕਰਨਾ ਹਾਰ ਦਾ ਵੱੜਾ ਕਾਰਨ ਮੰਨਿਆ ਗਿਆ। ਇਸ ਗੱਲ ਤੇ ਵੀ ਸਹਿਮਤੀ ਸੀ ਕਿ ‘ਆਪ’ ਨੂੰ ਕਿਸੇ ਪੰਜਾਬੀ ਲੀਡਰ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣਾ ਚਾਹੀਦਾ ਸੀ। ਸੂਬਾਈ ਲੀਡਰਸ਼ਿਪ ਦਾ ਇਹ ਖਿਆਲ ਹੈ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਦਿੱਤੇ ਬਿਆਨ ਨਾਲ ਵੀ ਪੰਜਾਬੀ ਵੋਟਰਾਂ ਦੇ ਮਨਾਂ ਵਿੱਚ ਖਦਸ਼ੇ ਪੈਦਾ ਹੋ ਗਏ ਸਨ। ਪੰਜਾਬ ਦੇ ਲੋਕਾਂ ਨੂੰ ਇਹ ਲੱਗਾ ਕਿ ਕੇਜਰੀਵਾਲ ਖੁਦ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਬਣਨਾ ਚਾਹੁੰਦਾ ਹੈ। ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦੇ ਕਾਰਨ ਲੱਭਣ ਲਈ ਕੀਤੀ ਸਮੀਖਿਆ ਦੌਰਾਨ ਇਹ ਗੱਲ ਵੀ ਉਚੀ ਸੁਰ ਵਿੱਚ ਉਠੀ ਕਿ ਸਾਬਕਾ ਕਨਵੀਨਰ ਨੂੰ ਬਿਨਾਂ ਕਿਸੇ ਠੋਸ ਸਬੂਤ ਤੋਂ ਪਾਰਟੀ ਤੋਂ ਖਾਰਜ ਕਰਨਾ ਪਾਰਟੀ ਨੂੰ ਮਹਿੰਗਾ ਪਿਆ। ਸੁੱਚਾ ਸਿੰਘ ਛੋਟੇਪੁਰ ਦੇ ਖਿਲਾਫ਼ ਹੋਈ ਸਾਜਿਸ਼ ਬਾਰੇ ਵਕੀਲ ਗੁਰਲਾਲ ਸਿੰਘ ਵੱਲੋਂ ਕੀਤੇ ਖੁਲਾਸੇ ਨੇ ਵੀ ਪਾਰਟੀ ਦਾ ਵੱਡਾ ਨੁਕਸਾਨ ਕੀਤਾ। ਸੁੱਚਾ ਸਿੰਘ ਛੋਟੇਪੁਰ ਕਾਰਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਣੀ ਜ਼ਬਰਦਸਤ ਹਵਾ ਨੂੰ ਨਾ ਸਿਰਫ਼ ਠੱਲ੍ਹ ਪਈ ਬਲਕਿ ਮਾਝੇ ਅਤੇ ਦੁਆਬੇ ਵਿੱਚ ਵਿਰੋਧੀ ਹਵਾ ਚੱਲਣੀ ਆਰੰਭ ਹੋ ਗਈ। ਇਉਂ ਇਹ ਸਮੀਖਿਆ ਮੀਟਿੰਗ ‘ਆਪ’ ਦੀ ਸੂਬਾਈ ਇਕਾਈ ਨੂੰ ਖੁਦਮੁਖਤਾਰ ਬਣਾਉਣ ਲਈ ਪਹਿਲਾ ਅਹਿਮ ਕਦਮ ਹੈ। ਪਾਰਟੀ ਨੂੰ ਖੁਦਮੁਖਤਾਰ ਬਣਾਉਣ ਵਾਲਾ ਮਤਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੜ੍ਹਿਆ। ਸਾਰੇ ਹਾਜ਼ਰ ਆਗੂਆਂ ਨੇ ਹੱਥ ਖੜ੍ਹੇ ਕਰਕੇ ਇਸਨੂੰ ਸਰਬ ਸੰਮਤੀ ਨਾਲ ਪਾਸ ਕੀਤਾ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਇਹ ਮਤਾ ਪੇਸ਼ ਹੋਣ ਤੋਂ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਵਿੰਦਰ ਸਿੰਘ ਫ਼ੂਲਕਾ ਚਲੇ ਗਏ ਸਨ। ਦੱਸਿਆ ਇਹ ਗਿਆ ਕਿ ਉਨ੍ਹਾਂ ਦੀ ਫ਼ਲਾਈਟ ਦਾ ਸਮਾਂ ਹੋ ਗਿਆ ਸੀ। ਭਗਵੰਤ ਮਾਨ ਵੀ ਮਤਾ ਪੇਸ਼ ਹੋਣ ਤੋਂ ਪਹਿਲਾਂ ਜਾ ਚੁੱਕੇ ਸਨ। ‘ਆਪ’ ਦੇ ਇਹ ਦੋਵੇਂ ਵੱਡੇ ਨੇਤਾ ਖੁਦਮੁਖਤਾਰੀ ਦੇ ਮਤੇ ਸਮੇਂ ਜਾਣ ਬੁੱਝ ਕੇ ਗੈਰ ਹਾਜ਼ਰ ਹੋਏ ਜਾਂ ਫ਼ਿਰ ਇਹ ਇਤਫ਼ਾਕ ਹੀ ਸੀ, ਇਹ ਤਾਂ ਸਮਾਂ ਹੀ ਦੱਸੇਗਾ। ਦੂਜੇ ਪਾਸੇ ਸੂਬਾਈ ਲੀਡਰਸ਼ਿਪ ਨੇ ਕਈ ਅਹਿਮ ਫ਼ੈਸਲੇ ਕੀਤ ੇਹਨ, ਜਿਵੇਂ ‘ਆਪ’ ਦਾ ਪੰਜਾਬ ਯੂਨਿਟ ਆਪਣੀ ਵਰਕਿੰਗ ਕਮੇਟੀ ਬਣਾਵੇਗਾ। ਜ਼ਿਲ੍ਹਿਆਂ ਦੇ ਪ੍ਰਧਾਨ ਬਣਾਏ ਜਾਣਗੇ। ਪੰਜਾਬ ਵਿੱਚ ਸਾਰੀਆਂ ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਲੜਨ ਦਾ ਵੀ ਫ਼ੈਸਲਾ ਕੀਤਾ ਗਿਆ। ਪਾਰਟੀ ਦੇ ਕਨਵੀਨਰ ਨੇ ਦੱਸਿਆ ਕਿ ਪਰਵਾਸੀ ਭਾਰਤੀਆਂ ਵੱਲੋਂ ਉਮੀਦਵਾਰਾਂ ਲਈ ਭੇਜੇ ਪੈਸਿਆਂ ਦਾ ਹਿਸਾਬ-ਕਿਤਾਬ ਜਲਦੀ ਵੈਬਸਾਈਟ ‘ਤੇ ਪਾ ਦਿੱਤਾ ਜਾਵੇਗਾ। ਪਾਠਕਾਂ ਨੂੰ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਪਾਰਟੀ ਦੀ ਵੈਬਸਾਈਟ ਤੇ ਹਿਸਾਬ ਕਿਤਾਬ ਦੱਸਣ ਵਾਲਾ ਕਾਲਮ ਪਿਛਲੇ ਛੇ ਮਹੀਨਿਆਂ ਤੋਂ ਬੰਦ ਪਿਆ ਹੈ।
‘ਦੇਰ ਆਏ ਦਰੁੱਸਤ ਆਏ’ ਵਾਲੇ ਅਖਾਣ ਅਨੁਸਾਰ ਇਹ ਮੰਥਨ ਬਹੁਤ ਅਹਿਮੀਅਤ ਰੱਖਦਾ ਹੈ। ਪੰਜਾਬ ਦੀ ‘ਆਪ’ ਲੀਡਰਸ਼ਿਪ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਿਰੋਧੀ ਧਿਰ ਵਜੋਂ ਉਨ੍ਹਾਂ ਦੀ ਭੂਮਿਕਾ ਵੀ ਬਹੁਤ ਅਹਿਮ ਹੈ। ਆਪ ਦੇ ਚੁਣੇ ਹੋਏ ਵਿਧਾਇਕਾਂ ਵਿੱਚ ਪਾਰਟੀ ਦਾ ਚੀਫ਼ ਵਿੱਪ ਸੁਖਪਾਲ ਖਹਿਰਾ ਵੀ ਸ਼ਾਮਲ ਹੈ ਅਤੇ ਖਹਿਰਾ ਦੀ ਸ਼ਖਸੀਅਤ ਵਿੱਚ ਅਹਿਮ ਮੁੱਦਿਆਂ ‘ਤੇ ਦਲੇਰੀ ਨਾਲ ਗੱਲ ਕਰਨ ਦੀ ਹਿੰਮਤ ਹੈ। ਇਸੇ ਤਰ੍ਹਾਂ ਕੰਵਰ ਸੰਧੂ ਬਾਰੇ ਵੀ ਕਿਹਾ ਜਾ ਸਕਦਾ ਹੈ। ਸੋ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਦਿੱਲੀ ਟੀਮ ਨੂੰ ਜਲੰਧਰ ਵਾਲੀ ਮੀਟਿੰਗ ਤੋਂ ਇਹ ਸਪਸ਼ਟ ਸੰਕੇਤ ਮਿਲ ਜਾਣਾ ਚਾਹੀਦਾ ਹੈ ਕਿ ਹੁਣ ਉਸਨੂੰ ਆਪਣਾ ਤਾਨਾਸ਼ਾਹੀ ਵਤੀਰਾ ਬਦਲਣਾ ਪਵੇਗਾ, ਨਹੀਂ ਤਾਂ ਪਾਰਟੀ ਵਿੱਚ ਬਗਾਵਤੀ ਸੁਰਾਂ ਦੀ ਆਵਾਜ਼ ਹੋਰ ਉਚੀ ਹੋ ਜਾਵੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵਿੱਚ ਬਹੁਤ ਚਿਹਰੇ ਨਵੇਂ ਹਨ ਅਤੇ ਸਿਆਸਤ ਵਿੱਚ ਅਜੇ ਉਨ੍ਹਾ ਨੇ ਬਹੁਤ ਕੁਝ ਸਿੱਖਣਾ ਹੈ। ਅਜਿਹੇ ਵਿਧਾਇਕਾਂ ਨੂੰ ਇੱਕਜੁਟ ਰੱਖਣਾ ਪਾਰਟੀ ਲੀਡਰਸ਼ਿਪ ਲਈ ਇਕ ਚੁਣੌਤੀ ਹੀ ਹੈ। ਪਾਰਟੀ ਲੀਡਰਸ਼ਿਪ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਉਹ ਸੰਭਲ ਕੇ ਨਹੀਂ ਚੱਲਣਗੇ ਤਾਂ ਨਤੀਜੇ ਕੁਝ ਵੀ ਹੋ ਸਕਦੇ ਹਨ। ਸਿਆਸੀ ਮਾਹਿਰਾਂ ਦਾ ਇਹ ਵੀ ਖਿਆਲ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀ ਹਾਰ ਨੂੰ ਦਿਲੋਂ ਸਵੀਕਾਰਨ ਦੀ ਬਜਾਏ ਘੱਟੋ ਘੱਟ ਵਿਰੋਧੀ ਧਿਰ ਦੇ ਨੇਤਾ ਵਾਲਾ ਰੁਤਬਾ ਚਾਹੁੰਦਾ ਹੈ ਕਿਉਂਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਜਾਂਦਾ ਹੈ। ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਕੋਲ 18 ਵਿਧਾਇਕ ਹਨ ਅਤੇ 20 ਵਿਧਾਇਕ ਆਪ ਕੋਲ ਹਨ।
ਸੰਵਿਧਾਨ ਅਨੁਸਾਰ ਦੋ ਤਿਹਾਈ ਵਿਧਾਇਕ ਜੇ ਪਾਰਟੀ ਛੱਡਦੇ ਹਨ ਤਾਂ ਉਨ੍ਹਾਂ ਤੇ ਐਂਟੀ ਡਿਫ਼ੈਕਸ਼ਨ ਕਾਨੂੰਨ ਲਾਗੂ ਨਹੀਂ ਹੁੰਦਾ। ਸੁਖਬੀਰ ਬਾਦਲ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਉਸ ਨੂੰ ਸਿਰਫ਼ 14 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੈ। ਪੈਸੇ ਬਹੁਤ ਕੁਝ ਕਰਵਾ ਸਕਦੇ ਹਨ ਅਤੇ ਸਿਆਸਤ ਵਿੱਚ ਕਦੇ ਵੀ ਕੁਝ ਵੀ ਹੋ ਸਕਦਾ ਹੈ। ਸਿਆਸਤ ਆਖਿਰ ਸਿਆਸਤ ਹੈ। ਸ਼ਾਇਰ ਅਸ਼ੋਕ ਅੰਜੁਮ ਕਹਿੰਦਾ ਹੈ:
ਰਾਜਨੀਤੀ ਭੀ ਤੋ, ਤਵਾਇਫ਼ ਸੇ ਕਮ ਨਹੀਂ
ਪਕੜਾ ਹੈ ਇਸਕਾ ਹਾਥ, ਉਧਰ ਛੋੜ ਰਹੀ ਹੈ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218