ਜਿਸ ਦਿਨ ਸੇ ਚਲਾ ਹੂੰ, ਮੇਰੀ ਮੰਜ਼ਿਲ ਪੇ ਨਜ਼ਰ ਹੈ

ਆਦਮੀ ਦੀ ਸਭ ਤੋਂ ਵੱਡੀ ਦੌਲਤ ਉਸਦੀ ਜ਼ਿੰਦਗੀ ਹੁੰਦੀ ਹੈ। ਉਸਨੂੰ ਆਪਣੀ ਜ਼ਿੰਦਗੀ ਇਸ ਤਰ੍ਹਾਂ ਜਿਊਣੀ ਚਾਹੀਦੀ ਹੈ ਤਾਂ ਕਿ ਬਾਅਦ ਵਿੱਚ ਉਸਨੂੰ ਇਹ ਸੋਚ ਕੇ ਪਛਤਾਉਣਾ ਨਾ ਪਵੇ ਕਿ ਉਸਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਉਂਝ ਹੀ ਗੁਜ਼ਾਰ ਦਿੱਤੇ ਹਨ। ਫ਼ਿਰ ਜ਼ਿੰਦਗੀ ਨੂੰ ਕਾਮਯਾਬ ਅਤੇ ਸਫ਼ਲ ਆਦਮੀ ਦੀ ਜ਼ਿੰਦਗੀ ਵਿੱਚ ਕਿਵੇਂ ਬਣਾਇਆ ਜਾਵੇ, ਇਹ ਸਵਾਲ ਅਕਸਰ ਸਾਡੇ ਸਾਹਮਣੇ ਹੁੰਦਾ ਹੈ। ਸਫ਼ਲਤਾ ਦੇ ਰਾਹ ‘ਤੇ ਚੱਲਣ ਵਾਲੇ ਰਾਹੀਆਂ ਨੂੰ ਕੁਝ ਕਦਮ ਸੁਚੇਤ ਹੋ ਕੇ ਚੱਲਣ ਦੀ ਲੋੜ ਹੁੰਦੀ ਹੈ।
1. ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਕਦਮ ਹੈ ਕਿ ਤੁਹਾਡੀ ਮੰਜ਼ਿਲ ਕਿਹੜੀ ਹੈ। ਤੁਹਾਡਾ ਉਦੇਸ਼ ਕੀ ਹੈ। ਟੀਚਾ ਕੀ ਹੈ। ਕੀ ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਲਕਸ਼ ਨਿਰਧਾਰਿਤ ਕੀਤਾ ਹੈ। ਜੇ ਸੱਚਮੁਚ ਹੀ ਕਾਮਯਾਬੀ ਚਾਹੁੰਦੇ ਹੋ ਤਾਂ ਇੱਕ ਸੁਪਨਾ ਸਿਰਜ ਲਵੋ। ਇੱਕ ਮਕਸਦ ਬਣਾ ਲਵੋ। ਇੱਕ ਮੰਤਵ ਬਣਾਓ। ਸੁਪਨਾ ਸਿਰਜਣ ਲਈ, ਮੰਤਵ ਬਣਾਉਣ ਲਈ, ਮੰਜ਼ਿਲ ਮਿੱਥਣ ਲਈ ਜ਼ਰੂਰੀ ਹੈ ਕਿ ਸੁਬਹਾ ਸਵੇਰੇ ਅੰਮ੍ਰਿਤ ਵੇਲੇ ਉਠੋ ਅਤੇ ਸ਼ਾਂਤ ਚਿੱਤ ਹੋ ਕੇ ਕੁਦਰਤ ਨੁੰ ਨਮਸਕਾਰ ਕਰੋ। ਸ਼ਾਂਤ ਅਤੇ ਇੱਕਾਂਤ ਵਾਤਾਵਰਣ ਵਿੱਚ ਆਪਣੇ ਆਪ ਨਾਲ ਗੁਫ਼ਤਗੂ ਕਰੋ। ਆਪਣੀ ਜ਼ਿੰਦਗੀ ਦੇ ਮਕਸਦ ਮਿੱਥਣ ਤੋਂ ਪਹਿਲਾਂ ਆਪਣੀਆਂ ਸੀਮਾਵਾਂ ਅਤੇ ਸਮਰੱਥਾਵਾਂ ਨੂੰ ਧਿਆਨ ਵਿੱਚ ਰੱਖੋ।
2. ਸਫ਼ਲਤਾ ਦੀ ਰਾਹ ਵਿੱਚ ਦੂਜਾ ਵੱਡਾ ਕਦਮ ਹੈ ਕਿ ਆਪਣੇ ਲਕਸ਼ ਨੂੰ ਲਿਖਤੀ ਰੂਪ ਦੇਣਾ। ਜਦੋਂ ਤੁਸੀਂ ਇਹ ਸੋਚ ਲਿਆ ਕਿ ਤੁਸੀਂ ਜ਼ਿੰਦਗੀ ਵਿੱਚ ਕਰਨਾ ਕੀ ਚਾਹੁੰਦੇ ਹੋ ਤਾਂ ਆਪਣੀਆਂ ਇੱਛਾਵਾਂ ਦੀ ਇੱਕ ਸੂਚੀ ਬਣਾ ਲਵੋ। ਸਭ ਕੁਝ ਖੁੱਲ੍ਹ ਕੇ ਲਿਖੋ ਕਿ ਤੁਸੀਂ ਅਗਲੇ ਦੋ ਸਾਲਾਂ ਵਿੱਚ ਕਰਨਾ ਕੀ ਚਾਹੁੰਦੇ ਹੋ ਅ ਤੇ ਆਉਣ ਵਾਲੇ ਪੰਜ ਸਾਲਾਂ ਵਿੱਚ ਤੁਹਾਡਾ ਕਿੱਥੇ ਪਹੁੰਚਣ ਦਾ ਟੀਚਾ ਹੈ। ਆਪਣੇ ਉਦੇਸ਼ ਕਾਗਜ਼ ‘ਤੇ ਜ਼ਰੂਰ ਲਿਖੋ। ਲਿਖਣ ਨਾਲ ਤੁਸੀਂ ਆਪਣੇ ਟੀਚੇ ਨੁੰ ਹੱਥ ਨਾਲ ਛੂਹ ਕੇ ਵੀ ਦੇਖ ਸਕਦੇ ਹੋ। ਤੁਸੀਂ ਅਕਸਰ ਆਪਣੇ ਪਰਿਵਾਰਾਂ ਵਿੱਚ ਵੇਖਿਆ ਹੋਵੇਗਾ ਕਿ ਵਿਆਹ ਸ਼ਾਦੀਆਂ ਦੀ ਅਸਲੀ ਤਿਆਰੀ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਕਾਰਡ ਛਪ ਜਾਂਦੇ ਹਨ। ਬੱਸ, ਉਸ ਤਰ੍ਹਾਂ ਆਪਣੀਆਂ ਇੱਛਾਵਾਂ ਦੀ ਸੂਚੀ ਲਿਖੋ। ਇਸਦੇ ਬਹੁਤ ਫ਼ਾਇਦੇ ਹਨ, ਉਹਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਤੁਸੀਂ ਹਮੇਸ਼ਾ ਆਪਣੀ ਮੰਜ਼ਿਲ ‘ਤੇ ਅਰਜ਼ਣੀ ਨਜ਼ਰ ਰੱਖਣ ਦੇ ਸਮਰੱਥ ਬਣ ਜਾਂਦੇ ਹੋ।
3. ਸਮਾਂ ਸੀਮਾ ਤਹਿ ਕਰਨਾ ਵੀ ਸਫ਼ਲਤਾ ਲਈ ਇੱਕ ਮਹੱਤਵਪੂਰਨ ਕਦਮ ਹੈ। ਬਿਲਕੁਲ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਕਿਸੇ ਲੰਬੇ ਸਫ਼ਰ ‘ਤੇ ਜਾਣਾ ਹੋਵੇ ਤਾਂ ਇਹ ਤਹਿ ਕਰਦੇ ਹੋ ਕਿ ਪਹਿਲੇ ਦਿਨ ਕਿੱਥੇ ਪਹੁੰਚਣਾ ਹੈ ਅਤੇ ਦੂਜੇ ਦਿਨ ਕਿੱਥੇ ਰਾਤ ਕੱਟਣੀ ਹੈ। ਬਿਲਕੁਲ ਉਸੇ ਤਰ੍ਹਾਂ ਆਪਣੀ ਮੰਜ਼ਿਲ ਜਾਂ ਲਕਸ਼ ਨੂੰ ਟੋਟਿਆਂ ਵਿੱਚ ਵੰਡ ਲਵੋ। ਉਦਾਹਰਣ ਵਜੋਂ ਦੋ ਸਾਲਾਂ ਵਿੱਚ ਐਮ. ਫ਼ਿਲ ਕਰਾਂਗਾ ਅਤੇ ਅਗਲੇ ਦੋ ਤਿੰਨ ਸਾਲਾਂ ਵਿੱਚ ਪੀ. ਐਚ. ਡੀ. ਹੋਵਾਂਗਾ। ਮੇਰਾ ਇੱਕ ਮਿੱਤਰ ਪੁਸਤਕਾਂ ਦਾ ਅਨੁਵਾਦ ਕਰਦਾ ਹੈ। ਉਹ ਪੁਸਤਕ ਦੇ ਕੁਝ ਪੰਨਿਆਂ ਨੂੰ ਦਿਨਾਂ ਵਿੱਚ ਵੰਡ ਲੈਂਦਾ ਹੈ ਅਤੇ ਪਹਿਲਾਂ ਹੀ ਉਸਦੇ ਪੂਰੇ ਹੋਣ ਦਾ ਸਹੀ ਅਨੁਮਾਨ ਲਾ ਲੈਂਦਾ ਹੈ। ਜਿਵੇਂ 100 ਪੰਨਿਆਂ ਦੀ ਕਿਤਾਬ ਦਾ 20 ਦਿਨਾਂ ਵਿੱਚ ਅਨੁਵਾਦ ਹੋਵੇਗਾ। ਸਪਸ਼ਟ ਹੈ ਕਿ ਹਰ ਰੋਜ਼ ਪੰਜ ਪੰਨੇ ਅਨੁਵਾਦ ਕਰੇਗਾ। ਇਉਂ ਤੁਸੀਂ ਵੀ ਕਰ ਸਕਦੇ ਹੋ।
4. ਆਪਣੀਆਂ ਸੀਮਾਵਾਂ ਦੀ ਸੂਚੀ ਬਣਾਓ ਅਤੇ ਉਹਨਾਂ ਦੇ ਸਮਾਧਾਨ ਲਈ ਯੋਜਨਾ ਬਣਾ ਲਵੋ। ਆਪਣੀ ਸ਼ਖਸੀਅਤ ਵਿੱਚਲੀਆਂ ਕਮੀਆਂ ਲੱਭੋ ਅਤੇ ਦੂਰ ਕਰਨ ਦੀ ਯੋਜਨਾ ਬਣਾਓ। ਮੇਰਾ ਇੱਕ ਵਿਦਿਆਰਥੀ 130 ਕਿਲੋ ਭਾਰ ਨਾਲ ਡੀ. ਐਸ. ਪੀ. ਬਣਨ ਦਾ ਸੁਪਨਾ ਸਿਰਜ ਬੈਠਾ। ਮੈਂ ਉਸ ਨੂੰ ਸਲਾਹ ਦਿੱਤੀ ਕਿ ਲਿਖਤੀ ਪ੍ਰੀਖਿਆ ਦੀ ਤਿਆਰੀ ਦੇ ਨਾਲ ਨਾਲ 8-10 ਮਹੀਨੇ ਦੀ ਭਾਰ ਘਟਾਉਣ ਵਾਲੀ ਯੋਜਨਾ ਬਣਾ ਲੈ। ਜਿਸ ਵਿੱਚ ਕਸਰਤ ਅਤੇ ਖਾਣ ਪੀਣ ਤੋਂ ਪਰਹੇਜ਼ ਸ਼ਾਮਲ ਸੀ। ਉਸਨੇ ਪੂਰੀ ਤਰ੍ਹਾਂ ਯੋਜਨਾ ‘ਤੇ ਅਮਲ ਕੀਤਾ ਅਤੇ ਕਾਮਯਾਬ ਹੋਇਆ। ਇਸੇ ਤਰ੍ਹਾਂ ਇੱਕ ਵਿਦਿਆਰਥੀ ਨੇ ਅੰਗਰੇਜ਼ੀ ਬੋਲਣ ਦਾ ਅਭਿਆਸ ਕੀਤਾ ਸੀ।
5. ਸਭ ਤੋਂ ਮਹੱਤਵਪੂਰਨ ਤਾਂ ਮੰਜ਼ਿਲ ਵੱਲ ਉਠਿਆ ਪਹਿਲਾ ਕਦਮ ਹੁੰਦਾ ਹੈ। ਜੋ ਸੋਚ ਲਿਆ, ਜੋ ਮਿੱਥ ਲਿਆ, ਉਸਨੂੰ ਪੂਰਾ ਕਰਨ ਹਿਤ ਸਫ਼ਰ ਦੀ ਸ਼ੁਰੂਆਤ ਕਰਨੀ ਬਹੁਤ ਜ਼ਰੂਰੀ ਹੈ। ਲਿਖਤ ਨੂੰ ਅਮਲ ਵਿੱਚ ਲਿਆਉਣਾ ਜ਼ਰੂਰੀ ਹੈ। ਬਹੁਤ ਸਾਰੇ ਲੋਕ ਸਿਰਫ਼ ਸੋਚਦੇ ਹਨ। ਸ਼ੇਖਚਿੱਲੀ ਦੇ ਸੁਪਨੇ ਸਿਰਜਦੇ ਹਨ। ਪਰ ਜੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣਾ ਹੈ ਤਾਂ ਉਠੋ, ਦੇਰੀ ਨਾ ਕਰੋ। ਸਫ਼ਰ ਦੀ ਸ਼ੁਰੂਆਤ ਕਰੋ। ਮਿੱਥੀ ਮੰਜ਼ਿਲ ਵੱਲ ਯਾਤਰਾ ਸ਼ੁਰੂ ਕਰੋ। ਪਹਿਲਾ ਕਦਮ ਬਹੁਤ ਜ਼ਰੂਰੀ ਹੁੰਦਾ ਹੈ। ਯਾਦ ਰੱਖੋ, ਜੋ ਤੁਰਦੇ ਹਨ, ਉਹੀ ਪਹੁੰਚਦੇ ਹਨ। ਸੋ ਤੁਰੋ ਤਾਂ ਸਹੀ। ਇਹੀ ਸਮਾਂ ਸਭ ਤੋਂ ਸ਼ੁਭ ਹੈ। ਮੰਜ਼ਿਲ ਵੱਲ ਤੁਰਨ ਲਈ ਹਰ ਸਮਾਂ ਸ਼ੁਭ ਹੁੰਦਾ ਹੈ। ਉਮਰ ਵੀ ਕੋਈ ਮਾਅਨੇ ਨਹੀਂ ਰੱਖਦੀ। ਹਰ ਉਮਰ ਵਿੱਚ ਸੁਪਨੇ ਸਿਰਜੇ ਅਤੇ ਪੂਰੇ ਕੀਤੇ ਜਾ ਸਕਦੇ ਹਨ। 97 ਸਾਲ ਦੀ ਉਮਰ ਵਿੱਚ ਪੀ. ਐਚ. ਡੀ. ਕੀਤੀ ਜਾ ਸਕਦੀ ਹੈ। ਸ੍ਰੀ ਚਮਨਿਯ ਵਾਂਗ 65 ਸਾਲ ਦੀ ਉਮਰ ਵਿੱਚ ਭਾਰ ਚੁੱਕਣ ਦਾ ਅਭਿਆਸ ਆਰੰਭ ਕਰਕੇ ਵੱਡੇ ਵੱਡੇ ਕਾਰਨਾਮੇ ਕੀਤੇ ਜਾ ਸਕਦੇ ਹਨ। ਬੱਸ ਸ਼ੁਰੂਆਤ ਕਰਨ ਦੀ ਦੇਰੀ ਹੈ। ਸੋ, ਜ਼ਿਆਦਾ ਸੋਚੋ ਨਾ ਅਤੇ ਸਫ਼ਰ ਸ਼ੁਰੂ ਕਰ ਦੇਵੋ।
ਤੁਸੀਂ ਹਿਮਾਲਾ ਪਰਬਤ ਦੀ ਸਿਖਰਲੀ ਚੋਟੀ ‘ਤੇ ਪਹੁੰਚਣਾ ਹੈ ਜਾਂ ਫ਼ਿਰ ਦੁਨੀਆਂ ਦੀ ਪਰਿਕਰਮਾ ਕਰਕੇ ਆਉਣੀ ਹੈ। ਤੁਹਾਨੂੰ ਪਹਿਲਾ ਕਦਮ ਤਾਂ ਰੱਖਣਾ ਹੀ ਪਵੇਗਾ। ਸੋ, ਕਦਮ-ਕਦਮ ਨੇ ਹੀ ਰਸਤਾ ਤਹਿ ਕਰਨਾ ਹੈ। ਜੋ ਤੁਰ ਪੈਂਦੇ ਹਨ, ਉਹ ਪਹੁੰਚ ਵੀ ਅਵੱਸ਼ ਜਾਂਦੇ ਹਨ। ਅਜਿਹੇ ਲੋਕਾਂ ਬਾਰੇ ਬਯੀਰ ਬਦਰ ਕਹਿੰਦਾ ਹੈ:
ਜਿਸ ਦਿਨ ਸੇ ਚਲਾ ਹੂੰ, ਮੇਰੀ ਮੰਜ਼ਿਲ ਪੇ ਨਜ਼ਰ ਹੈ
ਆਖੋਂ ਨੇ ਕਭੀ ਮੀਲ ਕਾ, ਪੱਥਰ ਨਹੀਂ ਦੇਖਾ।
ਮੰਜ਼ਿਲ ‘ਤੇ ਪਹੁੰਚਣ ਵਾਲੇ ਆਪਣੇ ਸਫ਼ਰ ਦੀ ਯੋਜਨਾ ਅਗਾਊਂ ਹੀ ਬਣਾ ਲੈਂਦੇ ਹਨ। ਸਫ਼ਲਤਾ ਦੇ ਰਾਹੀ ਲਈ ਆਪਣੇ ਕੰਮ ਕਾਜ ਕਰਨ ਦੀ ਪੂਰਵ ਯੋਜਨਾ ਬਣਾਉਣੀ ਲਾਜ਼ਮੀ ਹੈ। ਇਸ ਤਰ੍ਹਾਂ ਤੁਸੀਂ 25 ਫ਼ੀਸਦੀ ਜ਼ਿਆਦਾ ਨਤੀਜੇ ਲੈ ਸਕਦੇ ਹੋ। ਆਪਣੇ ਰੋਜ਼ਾਨਾ ਕੰਮਾਂ ਦੀ ਸੂਚੀ ਬਣਾਉਣ ਉਤੇ ਜੇ ਤੁਸੀਂ 10-12 ਮਿੰਟ ਖਰਚਦੇ ਹੋ ਤਾਂ ਇਹ ਸਮਝੋ ਕਿ ਤੁਸੀਂ 100 ਤੋਂ 120 ਮਿੰਟ ਬਚਾ ਲੈਂਦੇ ਹੋ। ਚਾਹੀਦਾ ਤਾਂ ਇਹ ਹੈ ਕਿ ਤੁਸੀਂ ਅਗਲੇ ਦਿਨ ਦੀ ਸੂਚੀ ਰਾਤ ਸੌਣ ਤੋਂ ਪਹਿਲਾਂ ਹੀ ਬਣਾ ਲਵੋ। ਜਦੋਂ ਤੁਸੀਂ ਆਪਣੀ ਲਿਖਤੀ ਸੂਚੀ ਮੁਤਾਬਕ ਕੰਮ ਕਰਦੇ ਹੋ ਤਾਂ ਆਸਾਨੀ ਨਾਲ ਆਪਣੀ ਯੋਜਨਾ ਨੂੰ ਨੇਪਰੇ ਚਾੜ੍ਹ ਸਕਦੇ ਹੋ। ਅਜਿਹੀ ਸੂਚੀ ਸਿਰਫ਼ ਰੋਜ਼ਾਨਾ ਕੰਮਾਂ ਲਈ ਹੀ ਨਹੀਂ ਸਗੋਂ ਤੁਸੀਂ ਸਪਤਾਹਿਕ, ਮਾਸਿਕ, ਸਾਲ ਅਤੇ ਅਗਲੇ ਪੰਜ ਸਾਲਾਂ ਦੀ ਬਣਾ ਸਕਦੇ ਹੋ। ਮਨੁੱਖ ਹੋਣ ਭਾਵੇਂ ਦੇਸ਼, ਜਿਹਨਾਂ ਵੀ ਤਰੱਕੀ ਕੀਤੀ ਹੈ, ਉਹਨਾਂ ਨੇ ਭਵਿੱਖਮੁਖੀ ਦ੍ਰਿਸ਼ਟੀਕੋਣ ਰੱਖ ਕੇ ਯੋਜਨਾਵਾਂ ਬਣਾਈਆਂ ਹਨ। ਇਸ ਗੱਲੋਂ ਅਸੀਂ ਕਾਫ਼ੀ ਪਿੱਛੇ ਹਾਂ। ਸਾਡੇ ਦੇਸ਼ ਵਿੱਚ ਅਸੀਂ ਵੇਖਦੇ ਹਾਂ ਪਹਿਲਾਂ ਸੜਕਾਂ ਬਣਦੀਆਂ ਹਨ, ਫ਼ਿਰ ਕੁਝ ਸਾਲਾਂ ਬਾਅਦ ਸੀਵਰੇਜ ਪਾਉਣ ਲਈ ਸੜਕਾਂ ਪੁੱਟੀਆਂ ਜਾਂਦੀਆਂ ਹਨ। ਫ਼ਿਰ ਜਦੋਂ ਮੁੜ ਬਣ ਜਾਂਦੀਆਂ ਹਨ, ਫ਼ਿਰ ਟੈਲੀਫ਼ੋਨ ਦੀਆਂ ਤਾਰਾਂ ਪਾਉਣ ਲਈ ਪੁੱਟ ਦਿੱਤੀਆਂ ਜਾਂਦੀਆਂ ਹਨ। ਫ਼ਿਰ ਕੁਝ ਵਰ੍ਹਿਆਂ ਬਾਅਦ ਉਹਨਾਂ ਨੂੰ ਚੌੜੀਆਂ ਕਰਨ ਦੀ ਤਿਆਰੀ ਹੁੰਦੀ ਹੈ। ਇਹ ਸਭ ਕੁਝ ਠੀਕ ਯੋਜਨਾਬੰਦੀ ਦੀ ਅਣਹੋਂਦ ਕਰਕੇ ਹੁੰਦਾ ਹੈ। ਇਸ ਤਰ੍ਹਾਂ ਸਾਡੇ ਵਿਦਿਆਰਥੀਆਂ ਦੀ ਵਿਦਿਅਕ ਯੋਗਤਾ ਬਾਰੇ ਵੀ ਹੈ। ਅਸੀਂ ਪੜ੍ਹਦੇ ਕੁਝ ਹੋਰ ਹਾਂ ਅਤੇ ਬਣਨਾ ਕੁਝ ਹੋਰ ਚਾਹੁੰਦੇ ਹਾਂ। ਜਦੋਂ ਨਿਸਚਿਤ ਉਦੇਸ਼ ਰੱਖਕੇ ਤਿਆਰੀ ਕੀਤੀ ਜਾਂਦੀ ਹੈ ਤਾਂ ਸੌ ਫ਼ੀਸਦੀ ਨਹੀਂ ਤਾਂ 90 ਫ਼ੀਸਦੀ ਤਾਂ ਸਫ਼ਲਤਾ ਮਿਲਦੀ ਹੀ ਹੈ। ਇਸ ਪੱਖੋਂ ਪਿੱਛਲੇ ਸਾਲ 21 ਵਰ੍ਹਿਆਂ ਦੀ ਛੋਟੀ ਉਮਰ ਵਿੱਚ ਹੀ ਆਈ. ਏ. ਐਸ. ਦੀ ਪ੍ਰੀਖਿਆ ਵਿੱਚੋਂ ਪ੍ਰਥਮ ਰਹਿਣ ਵਾਲੀ ਟੀਨਾ ਦਾਬੀ ਦੀ ਉਦਾਹਰਣ ਲਈ ਜਾ ਸਕਦੀ ਹੈ। ਉਸ ਨੇ ਆਪਣਾ ਟੀਚਾ ਸਕੂਲ ਵਿੱਚ ਹੀ ਤਹਿ ਕਰ ਲਿਆ ਸੀ ਅਤੇ ਚਾਰ ਵਰ੍ਹਿਆਂ ਵਿੱਚ ਉਸਨੁੰ ਸਫ਼ਲਤਾ ਵੀ ਮਿਲ ਗਈ।
ਸਫ਼ਲਤਾ ਲਈ ਇੱਕ ਹੋਰ ਕਦਮ ਹਰ ਕੰਮ ਦੀ ਸੀਮਾ ਨਿਸਚਿਤ ਕਰਨਾ ਵੀ ਹੈ। ਇਸ ਨਾਲ ਟਾਲ-ਮਟੋਲ ਦੀ ਸਥਿਤੀ ਖਤਮ ਹੁੰਦੀ ਹੈ। ਬਹੁਤ ਵਾਰ ਅਸੀਂ ਆਪਣੀ ਬਣਾਈ ਸੂਚੀ ਵਿੱਚੋਂ ਬਹੁਤ ਸਾਰੇ ਘੱਟ ਮਹੱਤਵਪੂਰਨ ਕੰਮਾਂ ਨੂੰ ਤਰਜੀਹ ਦਿੰਦੇ ਹਾਂ। ਕਾਮਯਾਬੀ ਦਾ ਨਿਯਮ ਤਾਂ ਇਹ ਕਹਿੰਦਾ ਹੇ ਕਿ ਹਮੇਸ਼ਾ ਸਭ ਤੋਂ ਔਖਾ ਅਤੇ ਮਹੱਤਵਪੂਰਨ ਕੰਮ ਪਹਿਲਾਂ ਕਰੋ। ਤੁਹਾਨੂੰ ਆਪਣੀ ਸਵੈ-ਪੜਚੋਲ ਕਰਦੇ ਸਮੇਂ ਇਹ ਵੇਖਣਾ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪਣਾ ਜ਼ਿਆਦਾ ਸਮਾਂ ਕਿਸ ਤਰ੍ਹਾਂ ਦੇ ਕੰਮਾਂ ਨੂੰ ਦੇ ਰਹੇ ਹੋ। ਯਾਦ ਰੱਖੋ ਤੁਹਾਡੇ ਰੁੱਝੇ ਰਹਿਣ ਨਾਲੋਂ ਨਤੀਜੇ ਹਮੇਸ਼ਾ ਮਹੱਤਵਪੂਰਨ ਹੁੰਦੇ ਹਨ। ਦਿਨ, ਹਫ਼ਤੇ, ਮਹੀਨੇ ਅਤੇ ਸਾਲ ਬਾਅਦ ਤੁਸੀਂ ਕੀ ਅਜਿਹਾ ਕੀਤਾ ਹੈ, ਜਿਸ ਨਾਲ ਤੁਹਾਨੂੰ ਆਰਥਿਕ ਫ਼ਾਇਦਾ ਹੋਇਆ ਹੈ ਜਾਂ ਤੁਹਾਡਾ ਸਮਾਜਿਕ ਰੁਤਬਾ ਵਧਿਆ ਹੈ ਜਾਂ ਤੁਹਾਡੀ ਵਿਦਿਅਕ ਯੋਗਤਾ ਵਿੱਚ ਵਾਧਾ ਹੋਇਆ ਹੈ। ਹਰ ਰੋਜ਼ ਸੌਣ ਤੋਂ ਪਹਿਲਾਂ ਆਪਣੇ ਦਿਨ ਦੇ ਕੰਮਾਂ ਦਾ ਲੇਖਾ-ਜੋਖਾ ਕਰੋ। ਹੋ ਸਕੇ ਤਾਂ ਰੋਜ਼ਾਨਾ ਡਾਇਰੀ ਲਿਖਣ ਦੀ ਆਦਤ ਪਾਓ। ਮੈਂ ਇੱਕ ਅਜਿਹੀ ਡਾਇਰੀ ਦਾ ਨਮੂਨਾ ਦਾ ਰਿਹਾ ਹਾਂ, ਜਿਸਨੁੰ ਤੁਸੀਂ ਕੇਵਲ ਇੱਕ ਮਿੰਟ ਤੋਂ ਡੇਢ ਮਿੰਟ ਵਿੱਚ ਹੀ ਲਿਖ ਸਕਦੇ ਹੋ ਅਤੇ ਇਹ ਰੋਜ਼ਾਨਾ ਡਾਇਰੀ ਤੁਹਾਡੇ ਸਮੇਂ ਪ੍ਰਬੰਧਨ ਵਿੱਚ ਤੁਹਾਡੀ ਬਹੁਤ ਸਹਾਇਤਾ ਕਰ ਸਕਦੀ ਹੈ। ਇਸ ਮੁਤਾਬਕ ਤੁਸੀਂ ਪੂਰਾ ਇੱਕ ਮਹੀਨੇ ਲਈ ਇੱਕ ਸਾਰਨੀ ਬਣਾ ਲਓ। ਆਪਣੀ ਮਰਜ਼ੀ ਨਾਲ ਉਸਦੇ ਖਾਨੇ ਬਣਾ ਸਕਦੇ ਹੋ। ਜਿਵੇਂ- ਕਿੰਨੇ ਵਜੇ ਉਠੇ, ਕਿੰਨੇ ਵਜੇ ਸੁੱਤੇ, ਕਸਰਤ ਕੀਤੀ, ਮਨੋਰੰਜਨ, ਕੰਮ, ਪੜ੍ਹਾਈ, ਮੇਕਅਪ, ਨਿੰਦਾ ਚੁਗਲੀ, ਵਾਧੂ ਗੱਭਾਂ, ਬਹਿਸ ਅਤੇ ਨੀਂਦ ਆਦਿ ਖਾਨੇ ਬਣਾਏ ਜਾ ਸਕਦੇ ਹਨ। ਇਹਨਾਂ ਨੂੰ ਰਾਤ ਸੌਣ ਤੋਂ ਪਹਿਲਾਂ ਕਰਨ ਲਈ ਇੱਕ ਮਿੰਟ ਤੋਂ ਡੇਢ ਮਿੰਟ ਲੱਗਦਾ ਹੈ। ਮਹੀਨੇ ਬਾਅਦ ਤੁਹਾਨੂੰ ਆਪਣੇ ਮਹੀਨੇ ਦਾ ਪੂਰਾ ਹਿਸਾਬ ਮਿਲ ਜਾਵੇਗਾ। ਮੈਂ ਨੋਟ ਕੀਤਾ ਹੈ ਕਿ ਅਸੀਂ ਹੋਰਾਂ ਦੀਆਂ ਨਿੰਦਾ ਚੁਗਲੀ ਆਦਿ ਕਰਨ ਵਿੱਚ ਮਹੀਨੇ ਵਿੱਚ 90 ਘੰਟੇ ਤੋਂ ਵੱਧ ਸਮਾ ਬਰਬਾਦ ਕਰਦੇ ਹਾਂ। ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਤਾਂ ਤੁਸੀਂ ਇਸ ਸਮੇਂ ਨੂੰ ਉਸਾਰੂ ਕੰਮਾਂ ਵੱਲ ਲਗਾ ਸਕਦੇ ਹੋ। ਇਸ ਤਰ੍ਹਾਂ ਆਪਣੀ ਸ਼ਖਸੀਅਤ ਵਿੱਚਲੀਆਂ ਹੋਰ ਕਮਜ਼ੋਰੀਆਂ ਨੂੰ ਦੂਰ ਕਰਨ ਹਿਤ ਇਹ ਰੋਜ਼ਾਨਾ ਡਾਇ+ੀ ਬਹੁਤ ਉਪਯੋਗੀ ਸਿੱਧ ਹੁੰਦੀ ਹੈ। ਸੋ ਤੁਹਾਡਾ ਰੋਜ਼ਾਨਾ ਇੱਕ ਮਿੰਟ ਖਰਚਿਆਂ ਤੁਹਾਨੂੰ ਵੱਡਾ ਫ਼ਾਇਦਾ ਕਰਨ ਦਾ ਸਾਧਨ ਬਣਦਾ ਹੈ।
ਕਾਮਯਾਬੀ ਦੇ ਰਸਤੇ ਵਿੱਚ ਸਕਾਰਾਤਮਕ ਸੋਚ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਮਨੁੱਖ ਮੋਟਾ, ਕਾਲਾ, ਗੋਰਾ, ਮਧਰਾ, ਸੋਹਣਾ, ਕਰੂਪ ਅਤੇ ਬਦਸ਼ਕਲ ਹੋ ਸਕਦਾ ਹੈ। ਇਸ ਨਾਲ ਉਸਦੀ ਕੰਮ ਕਰਨ ਦੀ ਸ਼ਕਤੀ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਫ਼ਰਕ ਪੈਂਦਾ ਹੈ ਸਿਰਫ਼ ਇਸ ਗੱਲ ਨਾਲ ਕਿ ਉਸਦੇ ਅੰਦਰ ਕੀ ਭਰਿਆ ਹੋਇਆ ਹੈ। ਨਕਾਰਾਤਮਕ ਵਿੱਚਾਰਾਂ ਦਾ ਜ਼ਹਿਰ ਜਾਂ ਸਕਾਰਾਤਮਕ ਵਿੱਚਾਰਾਂ ਦਾ ਅੰਮ੍ਰਿਤ। ਇਹੋ ਜ਼ਹਿਰ ਜਾਂ ਅੰਮ੍ਰਿਤ ਇਨਸਾਨ ਦੀ ਸਫ਼ਲਤਾ ਜਾਂ ਅਸਫ਼ਲਤਾ ਨੂੰ ਨਿਰਧਾਰਿਤ ਕਰਦਾ ਹੈ। ਮਹਾਤਮਾ ਬੁੱਧ ਨੇ ਕਿਹਾ ਹੈ ”ਅਸੀਂ ਜੋ ਸੋਚਦੇ ਹਾਂ ਉਹ ਬਣ ਜਾਂਦੇ ਹਾਂ।” ਇਸੇ ਤਰ੍ਹਾਂ ਸਵਾਮੀ ਵਿਵੇਕਾਨੰਦ ਕਹਿੇੰਦ ਹਨ ”ਅਸੀਂ ਜੋ ਹਾਂ ਸਾਡੀ ਸੋਚ ਨੇ ਬਣਾਇਆ ਹੈ, ਇਸ ਲਈ ਇਸ ਗੱਲ ਦਾ ਧਿਆਨ ਰੱਖੀਏ ਕਿ ਤੁਸੀਂ ਕੀ ਸੋਚਦੇ ਹੋ, ਸ਼ਬਦ ਗੌਣ ਹਨ, ਵਿੱਚਾਰ ਕਹਿੰਦੇ ਹਨ ਅਤੇ ਉਹ ਅੱਗੇ ਤੱਕ ਯਾਤਰਾ ਕਰਦੇ ਹਨ।”
ਜ਼ਿੰਦਗੀ ਵਿੱਚ ਕਾਮਯਾਬੀ ਦੇ ਹੋਰ ਵੀ ਕਈ ਸੂਤਰ ਹਨ, ਜਿਹਨਾਂ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ। ਮਿਹਨਤ, ਹਿੰਮਤ ਅਤੇ ਲਗਨ ਨਾਲ ਸਫ਼ਲਤਾ ਸਾਕਾਰ ਹੁੰਦੀ ਹੈ। ਸਫ਼ਲ ਹੋਣ ਲਈ ਸਫ਼ਲਤਾ ਦੀ ਇੱਛਾ ਅਸਫ਼ਲਤਾ ਦੇ ਡਰ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਦ੍ਰਿੜ ਰਹਿਣ ਵਾਲੀ ਇੱਛਾ ਸ਼ਕਤੀ ਅਕਸਰ ਸਫ਼ਲਤਾ ਅਤੇ ਅਸਫ਼ਲਤਾ ਦੇ ਵਿੱਚਕਾਰ ਦਾ ਅੰਤਰ ਹੁੰਦੀ ਹੈ। ਜ਼ਿਆਦਾਤਰ ਮਹਾਨ ਲੋਕਾਂ ਨੇ ਆਪਣੀ ਸਭ ਤੋਂ ਵੱਡੀ ਸਫ਼ਲਤਾ ਆਪਣੀ ਸਭ ਤੋਂ ਵੱਡੀ ਅਸਫ਼ਲਤਾ ਦੇ ਕਦਮ ਅੱਗੇ ਹਾਸਲ ਕੀਤੀ ਹੈ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218