Month: April 2017

ਪੰਜਾਬ ‘ਚ ਛੁੱਟੀਆਂ ਘਟਾਉਣਾ ਬਹੁਤ ਜ਼ਰੂਰੀ

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਇੱਕ ਬਹੁਤ ਅਹਿਮ ਨੁਕਤਾ ਉਠਾਉਂਦੇ ਹੋਏ ਕਿਹਾ ਹੈ ਕਿ ਮਹਾਂਪੁਰਖਾਂ ਦੇ ਨਾਂ ‘ਤੇ ਸਕੂਲਾਂ ਵਿੱਚ ਛੁੱਟੀ ਦੀ ਪ੍ਰੰਪਰਾ ਬੰਦ ਹੋਣੀ ਚਾਹੀਦੀ ਹੈ। ਛੁੱਟੀ ਦੀ ਬਜਾਏ ਅਜਿਹੇ ਦਿਨਾਂ ਵਿੱਚ ਬੱਚਿਆਂ ਨੂੰ ਮਹਾਂਪੁਰਖਾਂ ਦੀ ਜੀਵਨੀ ਦੇ  ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਯੋਗੀ ਦਾ ਸੁਝਾਅ ਹੈ ਕਿ ਮਹਾਂਪੁਰਖਾਂ ਦੀ ਜੈਅੰਤੀ ‘ਤੇ ਸਕੂਲਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਯੋਗੀ ਦੇ ਉਠਾਏ ਇਸ ਨੁਕਤੇ ਬਾਰੇ  ਸਾਨੂੰ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਕੈਲੰਡਰ ਅਨੁਸਾਰ ਪੰਜਾਬ ਵਿੱਚ ਇੱਕ ਸਾਲ ਦੌਰਾਨ 33 ਛੁੱਟੀਆਂ ਹਨ ਅਤੇ 17 ਅਖਤਿਆਰੀ ਛੁੱਟੀਆਂ ਹਨ। ਸਾਡੀਆਂ ਉਚ ਸਿੱਖਿਆ ਸੰਸਥਾਵਾਂ ਵਿੱਚ ਪੰਜ ਦਿਨ ਦਾ ਹਫ਼ਤਾ ਹੁੰਦਾ ਹੈ। ਇਸ ਤਰ੍ਹਾਂ ਐਤਵਾਰ ਅਤੇ ਸ਼ਨਿਚਰਵਾਰ ਦੀਆਂ 106 ਛੁੱਟੀਆਂ ਬਣਦੀਆਂ ਹਨ। ਇਉਂ ਸਾਲ ਵਿੱਚ 156 ਛੁੱਟੀਆਂ ਦਾ ਐਲਾਨ ਕੈਲੰਡਰ ਵਿੱਚ ਕੀਤਾ ਹੋਇਆ ਮਿਲਦਾ ਹੈ। ਇਸ ਤੋਂ ਇਲਾਵਾ ਸ੍ਰੀ ਗਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਦੇ ਪੁਰਵਾਂ ਨਾਲ ਸਬੰਧਤ ਨਗਰ ਕੀਰਤਨਾਂ ਵਿੱਚ ਸ਼ਾਮਲ ਹੋਣ ਲਈ ਅੱਧੇ ਦਿਨ ਦੀ ਛੁੱਟੀ ਦੀ ਵਿਵਸਥਾ ਵੀ ਕੀਤੀ ਗਈ ਹੈ। ਰੱਖੜੀ ਵਾਲੇ ਦਿਨ ਯੂਨੀਵਰਸਿਟੀ 2 ਘੰਟੇ ਦੇਰੀ ਨਾਲ ਲੱਗਣ ਦੀ ਵਿਵਸਥਾ ਹੈ। ਇਨ੍ਹਾਂ ਸਰਕਾਰੀ ਛੁੱਟੀਆਂ ਤੋਂ ਇਲਾਵਾ ਅਚਨਚੇਤੀ, ਕਮਾਈ ਅਤੇ ਡਿਊਟੀ ਲੀਵ ਆਦਿ ਦਾ ਹੱਕ ਵੀ ਕਰਮਚਾਰੀਆਂ ਕੋਲ ਹੈ। ਮੈਂ 1981 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਪੜ੍ਹਾਉਣ ਲੱਗਾ ਅਤੇ 1985 ਵਿੱਚ ਰੈਗੂਲਰ ਹੋ ਗਿਆ ਸੀ। ਆਪਣੇ 35 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਮੈਂ ਕਈ ਵਰ੍ਹੇ ਅਜਿਹੇ ਵੀ ਵੇਖੇ ਜਦੋਂ ਮੈਂ ਪੂਰੇ ਸਾਲ ਦੌਰਾਨ ਕਿਸੇ ਕਿਸਮ ਦੀ ਕੋਈ ਛੁੱਟੀ ਨਹੀਂ ਲਈ। ਇਸਦੇ ਬਾਵਜੂਦ ਮੈਨੂੰ ਅਜੇ ਤੱਕ ਪੂਰੇ 365 ਦਿਨਾਂ ਵਿੱਚੋਂ 120 ਦਿਨਾਂ ਤੋਂ ਵੱਧ ਕੰਮਕਾਜੀ ਦਿਨ ਨਜ਼ਰ ਨਹੀਂ ਆਏ। ਸਰਕਾਰੀ ਛੁੱਟੀਆਂ, ਅਚਨਚੇਤੀ ਛੁੱਟੀਆਂ, ਕਮਾਈ ਛੁੱਟੀਆਂ, ਡਿਊਟੀ ਲੀਵ ਅਤੇ ਹਫ਼ਤਾਵਾਰੀ ਛੁੱਟੀਆਂ ਤੋਂ ਇਲਾਵਾ ਯੂਨੀਵਰਸਿਟੀਆਂ ਵਿੱਚ ਬੱਚਿਆਂ ਵੱਲੋਂ ਮਾਸ ਬੰਕ ਮਾਰਨ ਦਾ ਰਿਵਾਜ਼ ਆਮ ਹੈ ਅਤੇ ਮਹੀਨੇ ਵਿੱਚ ਇੱਕ ਦੋ ਬੰਕ ਵੱਜ ਹੀ ਜਾਂਦੇ ਹਨ। ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕ 10-15 ਦਿਨ ਸਾਲ ਵਿੱਚ ਹੜਤਾਲਾਂ ਖਾ ਜਾਂਦੀਆਂ ਹਨ। ਯੂਨੀਵਰਸਿਟੀ ਦੀ ਜ਼ਿੰਦਗੀ ਹੋਵੇ ਅਤੇ ਫ਼ਿਰ ਦੋਸਤਾਂ ਨਾਲ ਰਲ ਕੇ ਜਨਮ ਦਿਨ ਦਾ ਜਸ਼ਨ ਨਾ ਮਨਾਇਆ ਜਾਵੇ। ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਯੁਵਕ ਮੇਲਿਆਂ ਦੌਰਾਨ ਪੜ੍ਹਾੲ ਦਾ ਕੀ ਕੰਮ, ਇਹ ਤਾਂ ਉਤਸਵ ਮਨਾਉਣ ਦੇ ਦਿਨ ਹੁੰਦੇ ਹਨ। ਇਉਂ ਇੱਕ ਸਮੈਸ਼ਟਰ ਦੇ ਛੇ ਮਹੀਨਿਆਂ ਵਿੱਚ ਪੜ੍ਹਾਈ ਦੇ ਦਿਨ ਤਾਂ ਗਿਣਤੀ ਦੇ ਰਹਿ ਜਾਂਦੇ ਹਨ। ਬਹੁਤ ਸਾਰੇ ਪ੍ਰੋਫ਼ੈਸਰ ਛੁੱਟੀ ‘ਤੇ ਰਹਿੰਦੇ ਹਨ। ਕਦੇ ਡਿਉਟੀ ਲੀਵ ‘ਤੇ ਅਤੇ ਕਦੇ ਅਚਨਚੇਤੀ। ਉਂਝ ਵੀ ਯੂਨੀਵਰਸਿਟੀ ਦੇ ਬਹੁਤ ਵਿਭਾਗਾਂ ਵਿੱਚ 2 ਵਜੇ ਤੋਂ ਬਾਅਦ ਪ੍ਰੋਫ਼ੈਸਰਾਂ ਨੂੰ ਲੱਭਣਾ ਮੁਸ਼ਕਿਲ ਕੰਮ ਹੁੰਦਾ ਹੈ। ਮੁੱਖੀ ਪੱਤਰਕਾਰੀ ਵਿਭਾਗ ਦੇ ਤੌਰ ‘ਤੇ ਜਿੰਨਾ ਮੇਰਾ ਵਿਰੋਧ ਹੁੰਦਾ ਹੈ, ਉਹ ਸਾਡਾ ਛੁੱਟੀ ਨਾ ਦੇਣ ਕਾਰਨ। ਜਦੋਂ ਬਤੌਰ ਡਾਇਰੈਕਟਰ ਆਈ. ਏ. ਐਸ. ਟਰੇਨਿੰਗ ਸੈਂਟਰ, ਮੈਂ ਹਫ਼ਤੇ ਵਿੱਚ ਸੱਤੇ ਦਿਨ ਸੈਂਟਰ ਲਗਾਉਣਾ ਸ਼ੁਰੂ ਕੀਤਾ ਤਾਂ ਸਟਾਫ਼ ਵੱਲੋਂ ਵਿਰੋਧ ਹੋਇਆ ਪਰ ਮੈਂ ਆਪਣੇ ਇਰਾਦੇ ‘ਤੇ ਦ੍ਰਿੜ੍ਹ ਰਿਹਾ ਅਤੇ ਹੁਣ ਹਾਲਾਤ ਇਹ ਹਨ ਕਿ ਪੂਰਾ ਹਫ਼ਤਾ ਆਰਾਮ ਨਾਲ ਕਲਾਸਾਂ ਲੱਗਦੀਆਂ ਹਨ। ਮੈਂ ਆਪਣੇ 35-36 ਸਾਲਾਂ ਦੇ ਤਜਰਬੇ ਦੇ ਆਧਾਰ ‘ਤੇ ਕਹਿ ਸਕਦਾ ਹਾਂ ਕਿ ਜਿੰਨੀਆਂ ਤਨਖਾਹਾਂ ਯੂਨੀਵਰਸਿਟੀ ਪ੍ਰੋਫ਼ੈਸਰਾਂ ਨੂੰ ਮਿਲਦੀਆਂ ਹਨ, ਉਸਦੇ ਬਦਲੇ ਵਿੱਚ ਕੰਮ ਘੱਟ ਅਤੇ ਛੁੱਟੀਆਂ ਮਾਨਣ ਦਾ ਆਨੰਦ ਜ਼ਿਆਦਾ ਹੁੰਦਾ ਹੈ। ਇਹੀ ਹਾਲ ਲੱਗਭੱਗ ਹਰ ਸਰਕਾਰੀ ਅਦਾਰੇ ਦਾ ਹੈ। ਇਹੀ ਕਾਰਨ ਲੋਕ ਸਰਕਾਰੀ ਸਕੂਲਾਂ ਵਿੱਚ ਬੱਚੇ ਨਹੀਂ ਪੜ੍ਹਾਉਣਾ ਚਾਹੁੰਦੇ ਅਤੇ ਨਾ ਹੀ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਾਉਣਾ ਚਾਹੁੰਦੇ ਹਨ ਪਰ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਲਈ ਤਰਲੋਮੱਛੀ ਹੁੰਦੇ ਹਨ।
ਪਿਛਲੇ ਵਰ੍ਹੇ ਮੇਰਾ ਧਿਆਨ ਪੰਜਾਬ ਨੂੰ ਛੁੱਟੀਆਂ ਦਾ ਸੂਬਾ ਬਣਾਉਣ ਵਿਰੁੱਧ ਸਮਾਜ ਸੇਵੀਆਂ ਵੱਲੋਂ ਧਰਨਾ, ਸੁਰਖੀ ਹੇਠ ਸੰਗਰੂਰ ਤੋਂ ਛਪੀ ਇੱਕ ਖਬਰ ਨੇ ਖਿੱਚਿਆ ਸੀ। ਇਹਨਾਂ ਸਮਾਜ ਸੇਵੀਆਂ ਨੇ ਪੰਜਾਬ ਨੂੰ ਛੁੱਟੀਆਂ ਵਾਲਾ ਸੂਬਾ ਬਣਾਉਣ ਵਿਰੁੱਧ ਰੋਸ ਪ੍ਰਗਟ ਕਰਦਿਆਂ ਸਰਕਾਰੀ ਛੁੱਟੀਆਂ ਘਟਾਉਣ ਦੀ ਮੰਗ ਕੀਤੀ। ਉਹਨਾਂ ਮੰਗ ਕੀਤੀ ਸੀ ਕਿ ਸੂਬੇ ਵਿੱਚ ਸਿਰਫ਼ ਪੰਜ ਰਿਜ਼ਰਵ ਛੁੱਟੀਆਂ ਹੀ ਕੀਤੀਆਂ ਜਾਣ ਅਤੇ ਇਹ ਮੁਲਾਜ਼ਮਾਂ ਦੀ ਇੱਛਾ ‘ਤੇ ਛੱਡ ਦਿੱਤਾ ਜਾਵੇ ਕਿ ਉਹ ਕਿਸ ਦਿਨ ਛੁੱਟੀ ਲੈਣਾ ਚਾਹੁੰਦੇ ਹਨ। ਮਹਾਂਪੁਰਖਾਂ ਅਤੇ ਸ਼ਹੀਦਾਂ ਨੂੰ ਸਮਰਪਿਤ ਦਿਨਾਂ ਦੌਰਾਨ ਛੁੱਟੀਆਂ ਕਰਨ ਦੀ ਬਜਾਏ ਦਿਨਾਂ ਦੀ ਮਹੱਤਤਾ ਬਾਰੇ ਦੱਸਿਆ ਜਾਵੇ।
ਯੋਗੀ ਅਦਿੱਤਿਆ ਨਾਥ ਅਤੇ ਇਹ ਸਮਾਜ ਸੇਵੀ ਸੰਸਥਾਵਾਂ ਬਿਲਕੁਲ ਸਹੀ ਤਰਕ ਦੇ ਰਹੀਆਂ ਹਨ। ਜ਼ਿਆਦਾ ਛੁੱਟੀਆਂ ਕਾਰਨ ਸੂਬੇ ਦਾ ਵਿਕਾਸ ਰੁਕ ਜਾਂਦਾ ਹੈ। ਅਸੀਂ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ‘ਤੇ ਰਹਿੰਦੇ ਹਾਂ ਅਤੇ ਜੇ ਅਸੀਂ ਸਾਰੇ ਸ਼ਹੀਦਾਂ ਅਤੇ ਗੁਰੂਆਂ ਦੇ ਨਾਮ ‘ਤੇ ਛੁੱਟੀਆਂ ਕਰਾਂਗੇ ਤਾਂ ‘ਕੰਮ ਸਭਿਆਚਾਰ’ ਪੈਦਾ ਕਰਨ ਤੋਂ ਵਾਂਝੇ ਰਹਿ ਜਾਵਾਂਗੇ। ‘ਕੰਮ ਸਭਿਆਚਾਰ’ ਦੀ ਪਹਿਲਾਂ ਹੀ ਸਾਡੇ ਦੇਸ਼ ਵਿੱਚ ਘਾਟ ਹੈ। ਅਸੀਂ ਆਪਣੀ ਸਮਰੱਥਾ ਅਤੇ ਗੁੰਜਾਇਸ਼ ਤੋਂ ਪਹਿਲਾਂ ਹੀ ਅੱਧ ਤੋਂ ਵੀ ਘੱਟ ਕੰਮ ਕਰਦੇ ਹਾਂ। ਕੰਮ ਦੀ ਜ਼ਿੰਮੇਵਾਰੀ ਤੋਂ ਭੱਜਣਾ ਸਾਡੇ ਸੁਭਾਅ, ਆਚਰਣ ਅਤੇ ਚਰਿੱਤਰ ਦਾ ਹਿੱਸਾ ਬਣ ਗਿਆ ਹੈ। ਛੁੱਟੀਆਂ ਦੀ ਬਹੁਤਾਤ ਨੇ ਸਾਨੂੰ ਆਲਸੀ ਬਣਾ ਦਿੱਤਾ ਹੈ। ਛੁੱਟੀਆਂ ਕਰਨ ਅਤੇ ਛੁੱਟੀਆਂ ਮਾਰਨ ਵਿੱਚ ਅਸੀਂ ਮਾਹਿਰ ਹਾਂ। ਫ਼ਰਲੋ ਮਾਰਨ ਵਿੱਚ ਅਸੀਂ ਮਾਣ ਮਹਿਸੂਸ ਕਰਦੇ ਹਾਂ।
ਸਿਆਸੀ ਲੋਕਾਂ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਕਾਰਨ ਵੋਟਾਂ ਦੇ ਟੁੱਟਣ ਦੇ ਡਰੋਂ ਉਹ ਲੋਕ ਹਿੱਤਾਂ ਪੱਖੀ ਸੁਚੱਜੇ ਫ਼ੈਸਲੇ ਲੈਣ ਤੋਂ ਅਕਸਰ ਖੁੰਝ ਜਾਂਦੇ ਹਨ। ਬਾਦਲ ਸਾਹਿਬ ਤਾਂ ਬਹੁਤੀ ਵਾਰ ਵੋਟਰਾਂ ਨੂੰ ਖੁਸ਼ ਕਰਨ ਲਈ ਥੋੜ੍ਹੀ ਜਿਹੀ ਮੰਗ ਤੋਂ ਬਾਅਦ ਹੀ ਛੁੱਟੀ ਦਾ ਐਲਾਨ ਕਰ ਦਿੰਦੇ ਸਨ। ਇਹ ਗੱਲ ਵੀ ਪੱਕੀ ਹੈ ਕਿ ਛੁੱਟੀਆਂ ਦੀ ਬਹੁਤਾਤ ਨੇ ਸਾਨੂੰ ਆਲਸੀ ਬਣਾ ਕੇ ਰੱਖ ਦਿੱਤਾ ਹੈ। ਅਸੀਂ ਤਾਂ ਕੰਮਕਾਜ ਦੇ ਦਿਨਾਂ ਵਿੱਚ ਵੀ ਕੰਮ ਕਰਨ ਨੂੰ ਤਰਜੀਹ ਦੇਣ ਦੀ ਬਜਾਏ ਵਿਹਲੇ ਬੈਠਣ ਨੂੰ ਤਰਜੀਹ ਦਿੰਦੇ ਹਾਂ। ਦਫ਼ਤਰਾਂ ਵਿੱਚ ਬਾਬੂ ਅਕਸਰ ਲੇਟ ਆਉਂਦੇ ਹਨ। ਲੰਚ ਵੇਲੇ ਅੱਧਾ ਘੰਟਾ ਪਹਿਲਾਂ ਜਾ ਕੇ ਅੱਧਾ ਘੰਟਾ ਦੇਰੀ ਨਾਲ ਆਉਣਾ ਆਪਦੀ ਸ਼ਾਨ ਸਮਝਦੇ ਹਨ। ਇਸੇ ਤਰ੍ਹਾਂ ਪੰਜ ਵਜੇ ਦੀ ਬਜਾਏ ਬਹੁਤੇ ਦਫ਼ਤਰਾਂ ਵਿੱਚ ਬਾਬੂਆਂ ਦੀਆਂ ਕੁਰਸੀਆਂ ਸਾਢੇ ਚਾਰ ਵਜੇ ਹੀ ਖਾਲੀ ਹੋ ਜਾਂਦੀਆਂ ਹਨ। ਛੁੱਟੀ ਸਭਿਆਚਾਰ ਨੇ ਸਾਡੇ ਸਰਕਾਰੀ ਕਰਮਚਾਰੀਆਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਸਾਡੇ ਲਈ ਕੰਮ ਧਰਮ ਨਹੀਂ ਰਿਹਾ। ਕਰਮ ਧਰਮ ਦੇ ਵੇਲੇ ਲੱਦ ਗਏ। ਵਿਹਲੇ ਰਹਿਣਾ ਸਾਡਾ ਸ਼ੁਗਲ ਹੈ ਅਤੇ ਛੁੱਟੀਆਂ ਮਾਰਨਾ ਸਾਡਾ ਹੱਕ ਬਣਦਾ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਜਾਪਾਨ ਵਿੱਚ ਪੰਜ ਦਿਨਾਂ ਦੇ ਹਫ਼ਤੇ ਦਾ ਰਿਵਾਜ਼ ਆਰੰਭ ਕੀਤਾ ਗਿਆ ਤਾਂ ਜਾਪਾਨੀਆਂ ਨੇ ਇਸਦਾ ਵਿਰੋਧ ਕੀਤਾ ਸੀ। ਇਸ ਦੇ ਉਲਟ ਸਾਡੇ ਦੇਸ਼ ਵਿੱਚ ਪੰਜ ਦਿਨਾਂ ਦੇ ਹਫ਼ਤੇ ਲਈ ਹੜਤਾਲਾਂ ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ।
ਹਿਦੋਸਤਾਨ ਨੂੰ ਖਾਸ ਤੌਰ ‘ਤੇ ਪੰਜਾਬ ਨੂੰ ਛੁੱਟੀ ਸਭਿਆਚਾਰ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ। ਹਿਦੂ, ਸਿੱਖ ਅਤੇ ਮੁਸਲਮਾਨਾਂ ਦੇ ਦੋ ਚਾਰ ਵਿਸ਼ੇਸ਼ ਤਿਉਹਰਾਂ ਨੂੰ ਛੱਡ ਕੇ ਬਾਕੀ ਦਿਨਾਂ ‘ਤੇ ਛੁੱਟੀ ਕਰਨ ਦਾ ਪ੍ਰਚਲਨ ਬੰਦ ਹੋਣਾ ਚਾਹੀਦਾ ਹੈ। ਦੁਸ਼ਹਿਰਾ, ਦੀਵਾਲੀ, ਈਦ, ਵਿਸਾਖੀ, ਰਾਮਨੌਮੀ, ਗੁਰੂ ਨਾਨਕ ਦੇਵ ਗੁਰਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਵਾਂ ਨੂੰ ਛੱਡ ਕੇ ਬਾਕੀ ਦਿਨਾਂ ਨੂੰ ਸਕੂਲਾਂ-ਕਾਲਜਾਂ ਵਿੱਚ ਕੁਝ ਸਮੇਂ ਲਈ ਮਨਾ ਕੇ, ਬਾਕੀ ਸਮੇਂ ਨੂੰ ਕੰਮਕਾਜੀ ਬਣਾਉਣਾ ਚਾਹੀਦਾ ਹੈ। ਹੋਰ ਵਿਸ਼ੇਸ਼ ਦਿਨਾਂ ‘ਤੇ ਜੇਕਰ ਕੋਈ ਵਿਅਕਤੀ ਛੁੱਟੀ ਲੈਣੀ ਚਾਹੁੰਦਾ ਹੈ ਤਾਂ ਇਹ ਛੁੱਟੀ ਸਮੂਹਕ ਨਾ ਹੋ ਕੇ ਉਸਦੀ ਨਿੱਜੀ ਛੁੱਟੀ ਮੰਨੀ ਜਾਣੀ ਚਾਹੀਦੀ ਹੈ। ਬਹੁਤ ਵਾਰ ਵੇਖਿਆ ਗਿਆ ਹੈ ਕਿ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਅੱਧੇ ਦਿਨ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ। ਇਹ ਚਲਨ ਵੀ ਬੰਦ ਹੋਣਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਨਗਰ ਕੀਰਤਨ ਵਿੱਚ ਸ਼ਾਮਲ ਹੋਣਾ ਚਾਹੇ ਤਾਂ ਉਹ ਆਪਣੀ ਨਿੱਜੀ ਛੁੱਟੀ ਲੈ ਕੇ ਸ਼ਾਮਲ ਹੋਵੇ। ਪ੍ਰਾਈਵੇਟ  ਅਦਾਰਿਆਂ ਦੀ ਤਰ੍ਹਾਂ ਛੁੱਟੀਆਂ ਨੂੰ ਤਨਖਾਹ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ। ਸਰਕਾਰਾਂ ਨੂੰ ਹਰ ਧਰਮ ਅਤੇ ਅਕੀਦੇ ਦੇ ਲੋਕਾਂ ਨੂੰ ਖੁਸ਼ ਕਰਨ ਲਈ ਛੁੱਟੀ ਸਭਿਆਚਾਰ ਨੂੰ ਬੜਾਵਾ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜੇਕਰ ਪੰਜਾਬ ਨੂੰ ਸੱਚਮੁਚ ਹੀ ਤਰੱਕੀ ਦੀ ਰਾਹ ‘ਤੇ ਲੈ  ਕੇ ਜਾਣ ਦਾ ਮਨ ਬਣਾ ਲਿਆ ਹੈ ਤਾਂ ਪੰਜਾਬ ਵਿੱਚ ਕੰਮ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਕੰਮ ਸਭਿਆਚਾਰ ਦਾ ਮਾਹੌਲ ਸਿਰਜਣ ਲਈ ਛੁੱਟੀ ਸਭਿਆਚਾਰ ਨੂੰ ਛੁਟਿਆਉਣਾ ਪਵੇਗਾ।
ਜਦੋਂ ਕੋਈ ਦੇਸ਼ ਜਾਂ ਪਰਿਵਾਰ ਤਰੱਕੀ ਕਰਦਾ ਹੈ ਤਾਂ ਉਸ ਲਈ ਵਿਕਾਸ ਦਾ ਇੱਕ ਵਾਤਾਵਰਣ ਪੈਦਾ ਕਰਨਾ ਜ਼ਰੂਰੀ ਹੁੰਦਾ ਹੈ। ਵਿਕਾਸ ਦੇ ਵਾਤਾਵਰਣ ਲਈ ਕੰਮ ਸਭਿਆਚਾਰ ਦਾ ਵਾਤਾਵਰਣ ਸਿਰਜਣਾ ਜ਼ਰੂਰੀ ਹੋ ਜਾਂਦਾ ਹੈ। ਇਹ ਕੰਮ ਸਾਡੇ ਅਧਿਆਪਕ ਅਤੇ ਮਾਪੇ ਕਰ ਸਕਦੇ ਹਨ ਪਰ ਇਹ ਦੋਵੇਂ ਧਿਰਾਂ ਉਦੋਂ ਹੀ ਇਹ ਮਾਹੌਲ ਤਿਆਰ ਕਰਨ ਵਿੱਚ ਕਾਮਯਾਬ ਹੋ ਸਕਦੀਆਂ ਹਨ, ਜਦੋਂ ਉਹਨਾਂ ਦੇ ਆਚਰਣ ਵਿੱਚ ਕੰਮ ਕਰਨ ਦੀ ਬਿਰਤੀ ਹੋਵੇਗੀ। ਵਿਕਾਸ ਦਾ ਵਾਤਾਵਰਣ ਬਣਾਉਣ ਲਈ ਸਰਕਾਰਾਂ, ਸਿੱਖਿਆ ਸੰਸਥਾਵਾਂ ਅਤੇ ਹੋਰ ਸਾਰੀਆਂ ਧਿਰਾਂ ਨੂੰ ਹਿੰਮਤ ਅਤੇ ਇੱਛਾ ਸ਼ਕਤੀ ਵਿਖਾਉਣੀ ਪਵੇਗੀ। ਇਸ ਲਈ ਸਰਕਾਰਾਂ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਾਂਗ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਪੱਖੋਂ ਪਹਿਲ ਕਰਨੀ ਚਾਹੀਦੀ ਹੈ। ਕੈਪਟਨ ਸਾਹਿਬ ਨੂੰ ਗੈਰ ਜ਼ਰੂਰੀ ਛੁੱਟੀਆਂ ਘਟਾਉਣੀਆਂ ਚਾਹੀਦੀਆਂ ਹਨ। ਜੇ ਰਾਜਨੀਤਿਕ ਮਜਬੂਰੀ ਕਾਰਨ ਘਟਾ ਨਹੀਂ ਸਕਦੇ ਤਾਂ ਘੱਟੋ ਘੱਟ ਬਾਦਲ ਸਾਹਿਬ ਵਾਂਗ ਹਰ  ਛੋੱਟੇ-ਵੱਡੇ ਲੀਡਰ ਦੇ ਮਰਨ ‘ਤੇ ਅਤੇ ਵੱਖ ਵੱਖ ਜਾਤਾਂ ਨਾਲ ਸਬੰਧਤ ਗੁਰੂਆਂ, ਦੇਵਤਿਆਂ ਅਤੇ ਨੇਤਾਵਾਂ ਦੇ ਨਾਮ ‘ਤੇ ਛੁੱਟੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਿਸੇ ਵੀ ਗੁਰੂ, ਪੀਰ ਅਤੇ ਦੇਵਤਾ ਨੇ ਮਨੁੱਖ ਨੂੰ ਹੱਥੀਂ ਕੰਮ ਕਰਨ ਤੋਂ ਨਹੀਂ ਰੋਕਿਆ, ਸਗੋਂ ਉਨ੍ਹਾਂ ਨੇ ਬਾਬਾ ਨਾਨਕ ਵਾਂਗ ਕਿਰਤ ਕਰਕੇ ਦਾਨ ਕਰਨ ਦੀ ਨਸੀਹਤ ਕੀਤੀ ਹੈ। ਕੈਪਟਨ ਸਾਹਿਬ, ਇਹ ਸਮੇਂ ਦੀ ਮੰਗ ਹੈ ਕਿ ਆਰਥਿਕ ਤੌਰ ‘ਤੇ ਪੱਛੜ ਰਹੇ ਪੰਜਾਬ ਵਿੱਚ ਕਿਰਤ ਸਭਿਆਚਾਰ ਨੂੰ ਮੁੜ ਪ੍ਰਫ਼ੁੱਲਿਤ ਕੀਤਾ ਜਾਵੇ। ਆਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਉਹਨਾਂ ਦੀ ਸਰਕਾਰ ਪੰਜਾਬ ਨੂੰ ‘ਛੁੱਟੀਆਂ ਦਾ ਸੂਬਾ’ ਨਹੀਂ ਰਹਿਣ ਦੇਵੇਗੀ।

ਹੈਂਗੇ ਵੋ ਔਰ ਜੋ ਹਾਲਾਤ ਸੇ ਘਬਰਾਤੇ ਹੈਂ

ਜੇ ਹਿੰਮਤ ਹੋਵੇ, ਲਗਨ ਹੋਵੇ, ਹੌਸਲਾ ਹੋਵੇ ਅਤੇ ਇਰਾਦਾ ਦ੍ਰਿੜ੍ਹ ਹੋਵੇ ਤਾਂ ਬੰਦਾ ਜੀਰੋ ਤੋਂ ਹੀਰੋ ਹੋ ਸਕਦਾ ਹੈ। ਅਰਸ਼ ਤੋਂ ਫ਼ਰਸ਼ ਤੱਕ ਦੀ ਉਡਾਰੀ ਮਾਰ ਸਕਦਾ ਹੈ। ਸੰਕਲਪ ਤੇ ਇਰਾਦੇ ਹੀ ਅਮਲੀ ਸਰਗਰਮੀਆਂ ਸਿਰਜਦੇ ਹਨ। ਇੱਛਾ ਵਿਉਂਤ ਦੀ ਜਨਣੀ ਹੈ ਅਤੇ ਵਿਉਂਤਾਂ ਇਤਿਹਾਸ ਸਿਰਜਦੀਆਂ ਹਨ। ਜੋ ਐਵਰੈਸਟ ਦੀ ਤਮੰਨਾ ਦਿਲ ਵਿੱਚ ਪਾਲਦੇ ਹਨ, ਉਹੀ ਇੱਕ ਦਿਨ ਜੋਖਮਾਂ ਵਿੱਚੋਂ ਲੰਘ ਕੇ ਮੰਜ਼ਿਲਾਂ ਦੇ ਮੁਹਾਂਦਰੇ ਦੇ ਰੂਬਰੂ ਹੁੰਦੇ ਹਨ। ਕੁਝ ਕਰ ਗੁਜ਼ਰਨ ਦੀ ਇੱਛਾ ਵਾਲੇ ਤੌਫ਼ੀਕਾਂ ਨਾਲ ਹੀ ਲੈ ਕੇ ਜੰਮਦੇ ਹਨ। ਅਜਿਹਾ ਹੀ ਇੱਕ ਸਖਸ਼ ਹੈ ਜੋਧ ਸਿੰਘ। ਅੱਜਕਲ੍ਹ ਉਹ ਕਲਕੱਤੇ ਵਾਲਾ ਜੋਧ ਸਿੰਘ ਹੈ। ਅੱਜ ਤੋਂ 15-18 ਵਰ੍ਹੇ ਪਹਿਲਾਂ ਮੇਰੇ ਅਧਿਆਪਕ ਅਤੇ ਗਰੀਬ ਮਿੱਤਰ ਸਵਰਗੀ ਡਾ. ਆਤਮ ਹਮਰਾਹੀ ਨੇ ਇਸ ਜੋਧ ਸਿੰਘ ਬਾਰੇ ਲਿਖੇ ਰੇਖਾ ਚਿੱਤਰ ਦਾ ਸਿਰਲੇਖ ‘ਦੁੱਧ ਦਾ ਦਰਿਆ ਜੋਧ ਸਿੰਘ’ ਲਿਖਿਆ ਸੀ। 30 ਅਪ੍ਰੈਲ 2015 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਦੌਰਾਨ ਜੋਧ ਸਿੰਘ ਨੂੰ ਸਨਮਾਨਿਤ ਕੀਤਾ ਸੀ। ਜੋਧ ਸਿੰਘ ਦਾ ਸਨਮਾਨ ਕਰਨਾ ਬਣਦਾ ਹੈ ਕਿਉਂਕਿ ਉਹ ਅਜਿਹੇ ਅਨੇਕਾਂ ਲੋਕਾਂ ਲਈ ਪ੍ਰੇਰਨਾ ਸਰੋਤ ਹੈ, ਜੋ ਜ਼ਿੰਦਗੀ ਵਿੱਚ ਕੁਝ ਵੱਡਾ ਕਰਨ ਦੀ ਇੱਛਾ ਰੱਖਦੇ ਹਨ ਪਰ ਉਹਨਾਂ ਕੋਲ ਸਾਧਨਾਂ ਦੀ ਕਮੀ ਹੈ।
ਜੋਧ ਸਿੰਘ ਦੀ ਕਹਾਣੀ ਅਜਿਹੇ ਸ਼ਖਸ ਦੀ ਕਹਾਣੀ ਹੈ ਜੋ ਹੋਰ ਸੈਂਕੜੇ ਲੋਕਾਂ ਦੀ ਤਰ੍ਹਾਂ ਹਿੰਦੋਸਤਾਨ ਦੀ ਵੰਡ ਦਾ ਸ਼ਿਕਾਰ ਹੋ ਕੇ ਬਿਲਕੁਲ ਖਾਲੀ ਹੱਥ ਆਪਣੀ ਜਾਨ ਬਚਾ ਕੇ ਹਿੰਦੋਸਤਾਨ ਪਹੁੰਚੇ ਸਨ। ਪਾਕਿਸਤਾਨੀ ਪੰਜਾਬ ਦੇ ਪਿੰਡ ਵਿੱਚ ਜੋਧ ਸਿੰਘ ਦਾ ਪਰਿਵਾਰ ਖੇਤੀ ਦੇ ਨਾਲ ਨਾਲ ਦੁੱਧ ਵੇਚਣ ਦਾ ਕੰਮ ਵੀ ਕਰਦਾ ਸੀ। ਜਿੰਨਾ ਵੀ ਧਨ ਦੌਲਤ ਇਸ ਪਰਿਵਾਰ ਕੋਲ ਸੀ, ਉਹ ਵੰਡ ਦੀ ਭੇਂਟ ਚੜ੍ਹ ਗਿਆ। ਜੋਧ ਸਿੰਘ ਦਾ ਪਰਿਵਾਰ ਢਿੱਡੋਂ ਭੁੱਖਾ ਲੁਧਿਆਣਾ ਨੇੜੇ ਇੱਕ ਗੁਰੂ ਘਰ ਵਿੱਚ ਦਿਨ ਕੱਟੀ ਕਰ ਰਿਹਾ ਸੀ। ਜਿਹਨਾਂ ਹਾਲਾਤਾਂ ਵਿੱਚ ਲੋਕ ਬਿਲਕੁਲ ਦਿਲ ਛੱਡ ਕੇ ਉਦਾਸੀ ਦੇ ਆਲਮ ਵਿੱਚ ਚਲੇ ਜਾਂਦੇ ਹਨ, ਉਸ ਹਾਲਾਤ ਵਿੱਚ ਜੋਧ ਸਿੰਘ ਨੇ ਇੱਕ ਮੁਸਲਮਾਨ ਤੋਂ 40 ਰੁਪਏ ਵਿੱਚ ਇੱਕ ਮੱਝ ਖਰੀਦ ਕੇ ਫ਼ਿਰ ਤੋਂ ਜੜ੍ਹਾਂ ਲਾਉਣ ਲਈ ਮਿਹਨਤ ਆਰੰਭ ਕਰ ਦਿੱਤੀ। ਇਹ ਉਸਦੇ ਮੱਝਾਂ ਅਤੇ ਗਾਵਾਂ ਦੇ ਵਪਾਰ ਦਾ ਪਹਿਲਾ ਸੌਦਾ ਸੀ। ਹੌਲੀ ਹੌਲੀ ਇਹ ਵਪਾਰ ਚੱਲ ਨਿਕਲਿਆ। ਜਦੋਂ ਉਹ ਆਪਣੇ ਪੈਰਾਂ ਸਿਰ ਖੜ੍ਹ ਗਿਆ ਤਾਂ ਉਸਨੇ ਆਪਣਾ ਕਰਮ ਖੇਤਰ ਕਲਕੱਤਾ ਬਣਾ ਲਿਆ। ਕਲਕੱਤੇ ਜਾ ਕੇ ਉਸਨੇ ਦੁੱਧ ਦੇ ਵਪਾਰ ਨੂੰ ਵੱਡੇ ਪੱਧਰ ‘ਤੇ ਫ਼ੈਲਾ ਲਿਆ। ਦੁੱਧ ਦੀ ਸਪਲਾਈ ਵਿੱਚ ਉਸਨੇ ਬਹੁਤ ਧਨ ਕਮਾਉਣਾ ਸ਼ਰੂ ਕਰ ਦਿੱਤਾ ਸੀ।
ਇੱਕ ਹੋਰ ਦਿਲਚਸਪ ਘਟਨਾ ਵਾਪਰੀ, ਜਦੋਂ ਆਪਣੇ ਬੇਟੇ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਾਉਣ ਗਿਆ ਤਾਂ ਦਾਖਲਾ ਨਾ ਮਿਲਿਆ। ਇਹ ਜੋਧ ਸਿੰਘ ਦਾ ਸਿੱਖਿਆ ਦੇ ਖੇਤਰ ਵਿੱਚ ਦਾਖਲਾ ਸੀ। ਅੱਜ ਜੋਧ ਸਿੰਘ ਦੇ ਸਿੱਖਿਆ ਸੰਸਥਾਨ ਬੰਗਾਲ ਦਾ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਡਾ ਗਰੁੱਪ ਹੈ। ‘ਜਿਸ ਗਰੁੱਪ ਦਾ ‘ਦੀ ਨਰੂਲਾ ਇੰਸਟੀਚਿਊਟ ਆਫ਼ ਟੈਕਨਾਲੌਜੀ (ਨਿਟ)’ ਪੱਛਮੀ ਬੰਗਾਲ ਦਾ ਨਾਮੀ ਇੰਜੀਨੀਅਰਿੰਗ ਕਾਲਜ ਹੈ। ਇਸ ਗਰੁੱਪ ਦਾ ਮੈਡੀਕਲ ਕਾਲਜ ਵੀ ਹੈ। ਅੱਜ ਇਸ ‘ਜਿਸ ਗਰੁੱਪ’ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਬਣ ਚੁੱਕੀਆਂ ਹਨ। ‘ਆਜ ਤੱਕ’ ਦੇ ਐਂਕਰ ਨੇ ਪਿਛਲੇ ਵਰ੍ਹੇ ਇੱਕ ਪ੍ਰੋਗਰਾਮ ਦੌਰਾਨ ਠੀਕ ਹੀ ਕਿਹਾ ਸੀ ਕਿ ‘ਫ਼ੌਲਾਦੀ ਇਰਾਦੇ ਅਤੇ ਲੋਹੇ ਵਰਗੇ ਮਜ਼ਬੂਤ ਦਿਲ ਰੱਖਣ ਵਾਲਾ ਇਹ ਸਿੱਖ ਅੱਜ ‘ਲੋਹੇ ਅਤੇ ਇਸਪਾਤ’ ਦਾ ਕਾਰੋਬਾਰ ਵੀ ਕਰ ਰਿਹਾ ਹੈ। ਵੰਡ ਦੇ ਸਮੇਂ ਬਿਨਾਂ ਘਰ-ਬਾਰ ਅਤੇ ਗੁਰਦੁਆਰੇ ਵਿੱਚ ਦਿਲ ਕੱਟਣ ਵਾਲੇ ਜੋਧ ਸਿੰਘ ਅੱਜ ਆਪਣੀਆਂ ਰੀਅਲ  ਅਸਟੇਟ ਕੰਪਨੀਆਂ  ਰਾਹੀਂ ਵੱਡੇ ਵੱਡੇ ਮਕਾਨ ਅਤੇ ਭਵਨ ਬਣਵਾ ਰਿਹਾ ਹੈ।”
ਸੱਚਮੁਚ ਇਹ ਕਹਾਣੀ ਦ੍ਰਿੜ੍ਹ ਇਰਾਦੇ, ਮਜ਼ਬੂਤ ਇੱਛਾ ਸ਼ਕਤੀ ਅਤੇ ਮਿਹਨਤੀ ਹੱਥਾਂ ਦੀ ਜਿੱਤ ਦੀ ਕਹਾਣੀ ਹੈ। ਇਸ ਸਫ਼ਲ ਇਨਸਾਨ ਦੀ ਕਹਾਣੀ ਦੱਸਦੀ ਹੈ ਕਿ ਨਿਆਰੀ ਮੰਜ਼ਿਲ ਦੇ ਰਾਹ ਵਿੱਚ ਦੁਸ਼ਵਾਰੀਆਂ ਵੀ ਜਾਨ-ਲੇਵਾ ਆਉਂਦੀਆਂ ਹਨ। ਕੀਰਤੀ ਦੀ ਡਿਗਰੀ ਪ੍ਰਾਪਤ ਕਰਨ ਵਿੱਚ ਹਯਾਤੀ ਦਾ ਖਿਣ-ਖਿਣ ਤੇ ਸ਼ਕਤੀ ਦੀ ਤਿੱਪ-ਤਿੱਪ ਲੱਗ ਜਾਂਦੀ ਹੈ। ਸਿਖਰ ਤੇ ਪੁੱਜੇ ਟੰਬਾ-ਟੰਬਾ ਚੜ੍ਹੇ ਹੁੰਦੇ ਹਨ। ਵਕਤ ਤੇ ਪ੍ਰੀਖਿਆ ਦੀ ਆਵੀ ਵਿੱਚੋਂ ਦੀ ਪੱਕਿਆਂ ਦੀ ਹੀ ਅਹਿਮੀਅਤ ਹੀਰਕ ਅਤੇ ਪਲਾਟੀਨਮੀ ਹੁੰਦੀ ਹੈ। ਕੁਝ ਬਣਨ ਲਈ ਸਾਧਨਾਂ, ਰਿਆਜ਼, ਭਗਤੀ, ਮੁਸ਼ੱਕਤ, ਅਭਿਆਸ ਤੇ ਸ਼ਕਤੀ ਦੇ ਇਕਾਗਰਨ ਦੀ ਲੋੜ ਹੈ। ਨਿਸ਼ਾਨਾ ਕੇਵਲ ਉਹਨਾਂ ਦਾ ਹੀ ਸਫ਼ਲ ਹੁੰਦੈ, ਜਿਹਨਾਂ ਨੂੰ ਕੇਵਲ ਘੁੰਮਦੀ ਮੱਛੀ ਦੀ ਅੱਖ ਹੀ ਦਿੱਸਦੀ ਹੈ।
ਅਜਿਹੀ ਅਰਜਨੀ ਅੱਖ ਦਾ ਮਾਲਕ ਇੱਕ ਹੋਰ ਸ਼ਖਸ ਸਫ਼ਲਤਾ ਦੇ ਸਿਖਰ ਖੜ੍ਹੇ ਹੋ ਕੇ ਦੂਜੇ ਸਾਥੀਆਂ ਲਈ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਭਾਵੇਂ ਇਸ ਸ਼ਖਸ ਦੀ ਨਜ਼ਰ ਆਪਣੀ ਮੰਜ਼ਿਲ ‘ਤੇ ਸੀ ਪਰ ਕੁਦਰਤ ਵੱਲੋਂ ਉਸ ਕੋਲ ਅੱਖਾਂ ਦੀ ਜੋਤ ਨਹੀਂ ਸੀ।
ਜਵਾਨੀ ਰੁੱਤੇ ਉਸਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਪਰ ਉਸਨੇ ਦੁਨੀਆਂ ਨੂੰ ਰੌਸ਼ਨੀ ਦਿਖਾਉਣ ਦਾ ਰਸਤਾ ਚੁਣ ਲਿਆ ਸੀ। ਉਸਨੂੰ ਰੇਟਿਨਾ ਮੁਸਕਲਰ ਡਿਟੇਰਿਸ਼ੇਨ ਨਾਮ ਦੀ ਨਾਮੁਰਾਦ ਬਿਮਾਰੀ ਸੀ। ਇਸ ਬਿਮਾਰੀ ਨਾਲ ਮਰੀਜ਼ ਦੀਆਂ ਅੱਖਾਂ ਦੀ ਜੋਤ ਹੌਲੀ-ਹੌਲੀ ਚਲੀ ਜਾਂਦੀ ਹੈ। ਉਹ ਵੀ 23 ਵਰ੍ਹਿਆਂ ਵਿੱਚ ਉਹ ਬਿਲਕੁਲ ਜੋਤਹੀਣ ਹੋ ਗਿਆ ਸੀ। ਕਈ ਇਨਸਾਨਾਂ ਦੀ ਉਮਰ ਵਿੱਚ ਦੁੱਖਾਂ ਦੀ ਭਰਮਾਰ ਹੁੰਦੀ ਹੈ। ਉਹ ਵੀ ਦੁੱਖਾਂ ਨਾਲ ਘਿਰਿਆ ਇਨਸਾਨ ਸੀ। ਇਧਰੋਂ ਉਸਦੀਆਂ ਅੱਖਾਂ ਦੀ ਰੌਸ਼ਲੀ ਗਈ, ਉਧਰੋਂ ਉਸਦੀ ਕੈਂਸਰ ਨਾਲ ਪੀੜਤ ਮਾਂ ਚੱਲ ਵੱਸੀ। ਮਾਂ ਜੋ ਉਸਦੇ ਦੁੱਖਾਂ ਸੁੱਖਾਂ ਦੀ ਸਾਥੀ ਸੀ। ਮਾਂ ਜੋ ਉਸਦੀ ਪ੍ਰੇਰਨਾ ਸੀ। ਮਾਂ ਜੋ ਉਸਦੀ ਗੁਰੂ ਸੀ। ਜਦੋਂ ਵੀ ਸਕੂਲ ਵਿੱਚ ਬੱਚੇ ਘੱਟ ਨਿਗਾ ਕਾਰਨ ਹੋਈਆਂ ਗਲਤੀਆਂ ਕਾਰਨ ਉਸਨੂੰ ਛੇੜਦੇ ਤਾਂ ਮਾਂ ਹੀ ਸੀ ਜੋ ਉਸਨੂੰ ਸੀਨੇ ਨਾਲ ਲਾ ਕੇ ਪੁਚਕਾਰਦੀ ਸੀ ਅਤੇ ਕਹਿੰਦੀ ਸੀ, ”ਕੋਈ ਨੀ ਪੁੱਤ ਕਦੇ ਇਹ ਸਾਰੇ ਤੇਰੀ ਦੋਸਤੀ ਨੂੰ ਲੋਚਣਗੇ।” ਉਸਦੀ ਮਾਂ ਦੇ ਜਾਣ ਤੋਂ ਬਾਅਦ ਉਹ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਇੱਕ ਨੇਤਰਹੀਣ ਬੇਰੁਜ਼ਗਾਰ ਮਨੁੱਖ ਇਸ ਦੁਨੀਆਂ ਵਿੱਚ ਪੂਰੀ ਤਰ੍ਹਾਂ ਇੱਕੱਲਾ ਹੋ ਗਿਆ ਸੀ।
ਮੈਂ ਇਸ ਇਨਸਾਨ ਦੀ ਕਹਾਣੀ ਤੁਹਾਨੂੰ ਦੱਸ ਰਿਹਾ ਹਾਂ। ਉਸਦਾ ਨਾਮ ਭੁਪੇਸ਼ ਭਾਟੀਆ ਹੈ। ਨੇਤਰਹੀਣ ਭੁਪੇਸ਼ ਭਾਟੀਆ ਅੱਜ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਅਤੇ ਉਸਦੀ ਕੰਪਨੀ ਦੀ ਰਿਟਰਨ 25 ਕਰੋੜ ਸਾਲਾਨਾ ਦੇ ਲੱਗਭੱਗ ਹੈ।ਭੁਪੇਸ਼ ਦੀ ਸਫ਼ਲਤਾ ਪਿੱਛੇ ਕੋਈ ਕਰਾਮਾਤ ਜਾਂ ਜਾਦੂ ਨਹੀਂ ਸਗੋਂ ਮਿਹਨਤ ਅਤੇ ਸੰਘਰਸ਼ ਪੂਰਨ ਜ਼ਿੰਦਗੀ ਹੈ। ਭੁਪੇਸ਼ ਦੀਆਂ ਨੇਤਰਹੀਣ ਅੱਖਾਂ ਦੇ ਵੱਡੇ ਸੁਪਨੇ ਹਨ। ਇਹਨਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਿਆ ਉਸਦੀ ਬਣਾਈ ‘ਸਨਰਾਈਜ਼ ਕੈਂਡਲਜ਼ ਕੰਪਨੀ’ ਨੇ, ਜੋ ਅੱਜ 9000 ਤੋਂ ਵੱਧ ਡਿਜ਼ਾਇਨ ਵਾਲੀਆਂ ਸਧਾਰਨ ਅਤੇ ਸੁਗੰਧਿਤ ਮੋਮਬੱਤੀਆਂ ਬਣਾਉਂਦੀ ਹੈ। ਇਸ ਪੱਖੋਂ ਵੀ ਭੁਪੇਸ਼ ਦੀ ਕਹਾਣੀ ਬੜੀ ਦਿਲਚਸਪ ਹੈ। ਬੇਰੁਜ਼ਗਾਰ ਭੁਪੇਸ਼ ਨੇ ਆਪਣੀਆਂ ਰੌਸ਼ਨੀਹੀਣ ਅੱਖਾਂ ਦੇ ਬਾਵਜੂਦ ਹੱਥੀਂ ਕੰਮ ਕਰਕੇ ਪੈਸਾ ਕਮਾਉਣ ਦਾ ਨਿਰਣਾ ਕੀਤਾ ਅਤੇ ਪਤੰਗ ਬਣਾਉਣੇ ਸ਼ੁਰੂ ਕੀਤੇ। ਪਤੰਗਾਂ ਦੇ ਕੰਮ ਵਿੱਚ ਜ਼ਿਆਦਾ ਆਮਦਨ ਨਹੀਂ ਹੁੰਦੀ ਸੀ। ਫ਼ਿਰ ਭੁਪੇਸ਼ ਨੇ ‘ਨੈਸ਼ਨਲ ਐਸੋਸੀਏਸ਼ਨ ਫ਼ਾਰ ਦੀ ਬਲਾਈਂਡ’ ਤੋਂ ਮੋਮਬੱਤੀਆਂ ਬਣਾਉਣ ਦੀ ਟਰੇਨਿੰਗ ਲਈ ਅਤੇ ਉਹ ਮੋਮਬੱਤੀਆਂ ਬਣਾਉਣ ਨੂੰ ਰੁਜ਼ਗਾਰ ਦੇ ਤੌਰ ‘ਤੇ ਅਪਣਾਉਣਾ ਚਾਹੁੰਦਾ ਸੀ ਪਰ ਉਸ ਕੋਲ ਸਰਮਾਏ ਦੀ ਘਾਟ ਸੀ। ਭੁਪੇਸ਼ ਨੇ ਮਹਾਰਾਸ਼ਟਰ ਦੇ ਮਹਾਂਬਲੇਸ਼ਵਰ ਵਿੱਚ ਮਸਾਜ ਅਤੇ ਐਕੂਪ੍ਰੈਸ਼ਰ ਦਾ ਧੰਦਾ ਸ਼ੁਰੂ ਕੀਤਾ ਪਰ ਸਫ਼ਲ ਨਹੀਂ ਹੋ ਸਕਿਆ। ਫ਼ਿਰ ਉਸਨੇ ਆਪਣਾ ਮਨਪਸੰਦ ਮੋਮਬੱਤੀਆਂ ਬਣਾਉਣ ਦਾ ਧੰਦਾ ਛੋਟੇ ਉਦਯੋਗ ਦੇ ਤੌਰ ‘ਤੇ ਸ਼ੁਰੂ ਕੀਤਾ। ਉਹ ਆਪਣੀਆਂ ਬਣਾਈਆਂ ਮੋਮਬੱਤੀਆਂ ਨੂੰ ਚਰਚ ਦੇ ਸਾਹਮਣੇ ਵੇਚਣ ਜਾਣ ਲੱਗਾ। ਉਥੇ ਉਸਨੂੰ ਨੀਤਾ ਨਾਮ ਦੀ ਇੱਕ ਲੜਕੀ ਮਿਲੀ। ਨੀਤਾ ਨੂੰ ਇਸ ਨੇਤਰਹੀਣ ਭੁਪੇਸ਼ ਨਾਲ ਪ੍ਰੇਮ ਹੋ ਗਿਆ ਅਤੇ ਉਸਨੇ ਆਪਣੇ ਘਰਦਿਆਂ ਦੇ ਵਿਰੋਧ ਦੇ ਬਾਵਜੂਦ ਭੁਪੇਸ਼ ਨਾਲ ਵਿਆਹ ਕਰਵਾ ਲਿਆ। ਭੁਪੇਸ਼ ਨੇ ਬੜੀ ਮੁਸ਼ਕਿਲ ਨਾਲ ਇੱਕ ਬੈਂਕ ਤੋਂ ਕਰਜਾ ਲਿਆ ਅਤੇ ‘ਸਨਰਾਈਜ਼ ਕੈਂਡਲਜ਼ ਕੰਪਨੀ’ ਖੋਲ੍ਹ ਲਈ। ਹੌਲੀ ਹੌਲੀ ਉਸ ਦੀ ਮਿਹਨਤ ਰੰਗ ਲਿਆਉਣ ਲੱਗੀ। ਉਸਦੀਆਂ ਮੋਮਬੱਤੀਆਂ ਦੀ ਮੰਗ ਵਧਣ ਲੱਗੀ। ਉਸਨੇ ਨਵੇਂ ਨਵੇਂ ਡਿਜ਼ਾਇਨ ਵਿੱਚ ਮੋਮਬੱਤੀਆਂ ਬਣਾਉਣੀਆਂ ਆਰੰਭ ਕਰ ਦਿੱਤੀਆਂ। ਇਸੇ ਤਰ੍ਹਾਂ ਉਸ ਨੇ ਸੁਗੰਧ ਦੇਣ ਵਾਲੀਆਂ ਮੋਮਬੱਤੀਆਂ ਵੀ ਬਣਾ ਕੇ ਮਾਰਕੀਟ ਵਿੱਚ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਰਿਲਾਇੰਸ ਅਤੇ ਹੋਰ ਵੱਡੀਆਂ ਕੰਪਨੀਆਂ ਨੇ ਭੁਪੇਸ਼ ਤੋਂ ਮਾਲ ਖਰੀਦਣਾ ਸ਼ੁਰੂ ਕਰ ਦਿੱਤਾ। ਅੱਜ ਠੇਲੇ ‘ਤੇ ਮੋਮਬੱਤੀਆਂ ਵੇਚਣ ਵਾਲਾ ਭੁਪੇਸ਼ ਕਰੋੜਾਂ ਦੀ ਸੰਪਤੀ ਦਾ ਮਾਲਕ ਹੈ ਅਤੇ ਉਸਦਾ ਮਜ਼ਾਕ ਉਡਾਉਣ ਵਾਲੇ ਉਸਦੇ ਸਾਥੀ ਉਸਦੇ ਮੁਲਾਜ਼ਮਾਂ ਵਿੱਚ ਸ਼ਾਮਲ ਹਨ। ਭੁਪੇਸ਼ ਦੀ ਕਹਾਣੀ ਸਪਸ਼ਟ ਸੂਤਰ ਦੇ ਰਹੀ ਹੈ ਕਿ
ਕੁਝ ਕਰਨੇ ਕੇ ਲੀਏ ਮੌਸਮ ਨਹੀਂ ਮਨ ਚਾਹੀਏ
ਸਾਧਨ ਸਭੀ ਜੁਟ ਜਾਏਂਗੇ ਸੰਕਲਪ ਕਾ ਧਨ ਚਾਹੀਏ।
ਸੋ, ਜੋਧ ਸਿੰਘ ਹੋਵੇ ਜਾਂ ਭੁਪੇਸ਼ ਭਾਟੀਆ, ਇੱਕ ਗੱਲ ਤਾਂ ਸਪਸ਼ਟ ਨਜ਼ਰ ਆਉਂਦੀ ਹੈ ਕਿ ਸੰਕਲਪ ਤੇ ਇਰਾਦੇ ਹੀ ਅਸਲੀ ਸਰਗਰਮੀਆਂ ਸਿਰਜਦੇ ਹਨ। ਉਹਨਾਂ ਨੂੰ ਸੁਭਾਵਿਕ ਹੀ ਇਹ ਇਲਮ ਹੁੰਦਾ ਹੈ ਕਿ ਕੇਵਲ ਚਾਹੁਣ ਨਾਲ ਨਹੀਂ, ਕੁਝ ਸਾਰਥਕ ਕਰਨ ਨਾਲ ਹੀ ਪ੍ਰਾਪਤੀਆਂ ਹੁੰਦੀਆਂ ਹਨ। ਲਗਨ ਤੇ ਮਿਹਨਤ ਦੀ ਨਿਰੰਤਰਤਾ ਜਿੱਤ ਦੀ ਜ਼ਾਮਨ ਹੁੰਦੀ ਹੈ। ਅਜਿਹੇ ਲੋਕ ਵਿਪਰੀਤ ਹਾਲਾਤ ਤੋਂ ਨਹੀਂ ਘਬਰਾਉਂਦੇ। ਉਹ ਤਾਂ ਇਹ ਕਹਿੰਦੇ ਸੁਣਾਈ ਦਿੰਦੇ ਹਨ:
ਜ਼ਿੰਦਗੀ ਅਪਨੀ ਕਸ਼ਮਕਸ਼ ਹੀ ਮੇਂ ਘਿਰ ਕਰ ਉਭਰੀ
ਹੈਂ ਵੋ ਔਰ ਜੋ ਹਾਲਾਤ ਸੇ ਘਬਰਾਤੇ ਹੈਂ।

ਔਗੁਣ ਨਹੀਂ ਮੈਨੂੰ ਗੁਣ ਹੀ ਨਜ਼ਰ ਆਵੇ

ਮੈਂ ਕਦੇ ਵੀ ਸੋਚਿਆ ਨਹੀਂ ਸੀ ਕਿ ਮੇਰੇ ਪ੍ਰੇਮ ਵਿਆਹ ਦਾ ਇਹ ਹਸ਼ਰ ਹੋਵੇਗਾ। ਦੋਵੇਂ ਪਰਿਵਾਰਾਂ ਦੇ ਵਿਰੋਧ ਦੇ ਬਾਵਜੂਦ ਅਸੀਂ ਵਿਆਹ ਕਰਵਾਇਆ ਸੀ। ਮਾਪਿਆਂ ਨੇ ਆਪਣੀ ਔਲਾਦ ਦੀ ਖੁਸ਼ੀ ਖਾਤਰ ਸਾਨੂੰ ਅਪਣਾ ਲਿਆ ਸੀ ਪਰ ਹੁਣ ਉਹ ਬਿਨਾਂ ਕਾਰਨ ਰੁੱਸ ਕੇ ਪੇਕੇ ਜਾ ਬੈਠੀ ਹੈ। ਸਮਝ ਨੀ ਆਉਂਦਾ ਹੁਣ ਮੈਂ ਕੀ ਕਰਾਂ।” ਮੇਰਾ ਇੱਕ ਸਾਬਕਾ ਵਿਦਿਆਰਥੀ ਮੇਰੇ ਕੋਲ ਆਪਣਾ ਦੁੱਖ ਰੋ ਰਿਹਾ ਸੀ। ਮੈਂ ਉਸਨੂੰ ਕਿਹਾ ਕਿ ਮੈਂ ਕਿਤੇ ਡੈਰਨ ਹਾਰਡੀ ਦੀ ਕਿਤਾਬ ਵਿੱਚ ਪੜ੍ਹਿਆ ਸੀ, ਉਹੀ ਜੁਗਤ ਤੂੰ ਵਰਤ ਕੇ ਦੇਖ ਲੈ। ”ਤੂੰ ਆਪਣੀ ਪਤਨੀ ਨੂੰ ਹਰ ਰੋਜ਼ ਇੱਕ ਮੈਸੇਜ ਕਰ ਅਤੇ ਉਸ ਮੈਸਜ ਵਿੱਚ ਉਸਦੀ ਪ੍ਰਸਨੈਲਟੀ ਦੇ ਕਿਸੇ ਇੱਕ ਚੰਗੇ ਪੱਖ ਦੀ ਸੋਹਣੇ ਸ਼ਬਦਾਂ ਵਿੱਚ ਪ੍ਰਸੰਸਾ ਕਰ। ਇੱਕ ਗੱਲ ਚੇਤੇ ਰੱਖੀਂ, ਉਸਦੀ ਸ਼ਖਸੀਅਤ ਦੇ ਚੰਗੇ ਗੁਣਾਂ ਨੂੰ ਹੀ ਉਭਾਰਨਾ ਹੈ। ਮੈਂ ਉਸਨੂੰ ਸਮਝਾਉਂਦਾ ਹਾਂ। ਉਸਨੇ ਉਵੇਂ ਹੀ ਕਰਨਾ ਸ਼ੁਰੂ ਕੀਤਾ, ਜਿਵੇਂ ਮੈਂ ਸਮਝਾਇਆ ਸੀ, ਹਰ ਰੋਜ਼ ਇੱਕ ਗੁਣ ਦੀ ਪ੍ਰਸੰਸਾ, ਪ੍ਰਸੰਸਾ ਕਰਨ ਲਈ ਗੁਣ ਨੂੰ ਲੱਭਣਾ ਫ਼ੇਰ ਢੁਕਵੇਂ ਸ਼ਬਦਾਂ ਵਿੱਚ ਆਪਣੀ ਪਤਨੀ ਨੂੰ ਮੈਸੇਜ ਕਰਨਾ ਉਸਦੀ ਆਦਤ ਬਣ ਗਈ। ਹੋਇਆ ਇੰਝ ਕਿ ਉਸਨੂੰ ਆਪਣੀ ਪਤਨੀ ਵਿੱਚ ਗੁਣ ਨਜ਼ਰ ਆਉਣ ਲੱਗੇ। ਦੂਜੇ ਪਾਸੇ ਆਪਣੀ ਸਹੀ ਤਾਰੀਫ਼ ਸੁਣ ਕੇ ਪਤਨੀ ਦਾ ਗੁੱਸਾ ਗਿਲਾ ਜਾਂਦਾ ਰਿਹਾ। ਨਤੀਜੇ ਵਜੋਂ ਉਹ ਨਾ ਸਿਰਫ਼ ਮੁੜ ਇੱਕ ਹੋੲੋ ਸਗੋਂ ਉਹਨਾਂ ਵਿੱਚ ਪ੍ਰੇਮ ਵੀ ਵੱਧ ਗਿਆ। ਸੋ, ਸੂਤਰ ਸਪਸ਼ਟ ਹੈ ਕਿ ਜ਼ਿੰਦਗੀ ਵਿੱਚ ਮਿਲਣ ਵਾਲੇ ਲੋਕਾਂ ਦੇ, ਖਾਸ ਤੌਰ ਤੇ ਆਪਣੇ ਸਕ-ਸਬੰਧੀ ਅਤੇ ਮਿੱਤਰਾਂ ਦੇ ਗੁਣਾਂ ਨੂੰ ਹੀ ਦੇਖਣਾ ਚਾਹੀਦਾ ਹੈ ਨਾ ਕਿ ਕਮੀਆਂ ਤੇ ਔਗੁਣਾਂ ਨੂੰ।
ਤੁਸੀਂ ਆਪਣੇ ਆਲੇ-ਦੁਆਲੇ ਨਿਗ੍ਹਾ ਮਾਰੋ ਤੁਹਾਨੂੰ ਅਨੇਕਾਂ ਲੋਕ ਅਜਿਹੇ ਮਿਲਣਗੇ, ਜਿਹਨਾਂ ਦੀ ਸੋਚ ਨਕਾਰਾਤਮਕ ਹੁੰਦੀ ਹੈ ਅਤੇ ਉਹ ਦੂਜੇ ਵਿਅਕਤੀ ਦੇ ਦੋਸ਼ਾਂ ਅਤੇ ਔਗੁਣਾਂ ਨੂੰ ਕੱਢਣ ਵਿੱਚ ਜ਼ਿਆਦਾ ਦਿਲਚਸਪੀ ਦਿਖਾਉਂਦੇ ਹਨ। ਕਈ ਵਿਅਕਤੀ ਤਾਂ ਅਜਿਹੇ ਹੁੰਦੇ ਹਨ, ਜਿਹਨਾਂ ਨੂੰ ਹਰ ਚੀਜ਼ ਵਿੱਚ ਨੁਕਸ ਕੱਢਣ ਦੀ ਆਦਤ ਹੁੰਦੀ ਹੈ। ਇਸ ਗੱਲ ਨੂੰ ਸਮਝਣ ਲਈ, ‘ਆਹ ਛੋਟੀ ਜਿਹੀ ਕਥਾ ਸੁਣੋ।’ ਇੱਕ ਵਾਰ ਇੱਕ ਵਿਅਕਤੀ ਨੇ ਬਹੁਤ ਚੰਗੀ ਨਸਲ ਦਾ ਕੁੱਤਾ ਪਾਲਿਆ ਅਤੇ ਉਸਨੂੰ ਖੂਬ ਸਿਖਲਾਈ ਦਿੱਤੀ। ਇੱਕ ਦਿਨ ਉਸਨੇ ਕੁੱਤੇ ਦੇ ਕਰਤੱਵ ਦਿਖਾਉਣ ਲਈ ਸਾਰੇ ਮਿੱਤਰ ਦੋਸਤਾਂ ਨੂੰ ਇੱਕ ਤਲਾਬ ਦੇ ਕੰਢੇ ‘ਤੇ ਸੱਦਿਆ। ਲੋਕ ਇਹ ਦੇਖ ਕੇ ਹੈਰਾਨ ਹੋ ਗਏ ਕਿ ਕੁੱਤਾ ਬਹੁਤ ਆਰਾਮ ਨਾਲ ਪਾਣੀ ਉਤੇ ਚੱਲ ਸਕਦਾ ਸੀ ਪਰ ਉਥੇ ਇੱਕ ਨਕਾਰਾਤਮਕ ਸੋਚ ਵਾਲਾ ਬੰਦਾ ਵੀ ਹਾਜ਼ਰ ਸੀ, ਜਿਸਦਾ ਕੰਮ ਹਰ ਗੱਲ ਵਿੱਚੋਂ ਨੁਕਸ ਕੱਢਣਾ ਹੁੰਦਾ ਹੈ। ਉਹ ਕਹਿਣ ਲੱਗਾ, ”ਅੱਛਾ ਤੁਹਾਡਾ ਕੁੱਤਾ ਤੈਰਨਾ ਨਹੀਂ ਜਾਣਦਾ।” ਸੰਸਾਰ ਵਿੱਚ ਸਾਨੂੰ ਅਕਸਰ ਅਜਿਹੀ ਨਕਾਰਾਤਮਕ ਲੋਕ ਮਿਲ ਜਾਂਦੇ ਹਨ ਪਰ ਚੰਗੀ ਸ਼ਖਸੀਅਤ ਦਾ ਗੁਣ ਹਮੇਸ਼ਾ ਸਕਾਰਾਤਮਕ ਸੋਚ ਅਤੇ ਦੂਜੇ ਦੇ ਚੰਗੇ ਗੁਣਾਂ ਵੱਲ ਦੇਖਣਾ ਹੀ ਹੁੰਦਾ ਹੈ।
ਇੱਥੇ ਮੈਂ ਸਪਸ਼ਟ ਕਰਨਾਂ ਚਾਹੁੰਦਾ ਹਾਂ ਕਿ ਜੇ  ਤੁਹਾਡੀ ਸ਼ਖਸੀਅਤ ਵਿੱਚ ਦੂਜੇ ਵਿਅਕਤੀ ਦੇ ਦੋਸ਼ਾਂ ਅਤੇ ਔਗੁਣਾਂ ਨੂੰ ਤਲਾਸ਼ਣਾ ਹੈ ਤਾਂ ਤੁਰੰਤ ਆਪਣੇ ਆਪ ਨੂੰ ਇਸ ਦੋਸ਼ ਤੋਂ ਮੁਕਤ ਕਰ ਲਵੋ। ਇਸ ਤੋਂ ਬਚਣ ਦਾ ਇੱਕ ਬਹੁਤ ਸੌਖਾ ਜਿਹਾ ਅਭਿਆਸ ਤੁਹਾਨੂੰ ਦੱਸਦਾ ਹਾਂ। ਤੁਸੀਂ ਆਪਣੇ ਪਰਿਵਾਰਕ ਮੈਂਬਰਾਂ, ਮਿੱਤਰਾਂ, ਦੋਸਤਾਂ ਅਤੇ ਮਿਲਣ-ਜੁਲਣ ਵਾਲੇ ਸਾਰੇ ਵਿਅਕਤੀਆਂ ਦੀ ਇੱਕ ਸੂਚੀ ਬਣਾਓ। ਹਰ ਰੋਜ਼ ਇੱਕ ਜਾਂ ਦੋ ਬੰਦਿਆਂ ਦੇ ਗੁਣਾਂ ਨੂੰ ਲਿਖਣਾ ਸ਼ੁਰੂ ਕਰੋ। ਦੂਜੇ ਵਿਅਕਤੀ ਦੀ ਸ਼ਖਸੀਅਤ ਦੇ ਚੰਗੇ-ਚੰਗੇ ਗੁਣ ਲੱਭੋ ਅਤੇ ਲਿਖੋ। ਇਉਂ ਕਰਦੇ-ਕਰਦੇ ਇੱਕ ਦਿਨ ਅਜਿਹਾ ਆਵੇਗਾ ਕਿ ਤੁਹਾਨੂੰ ਹਰ ਬੰਦੇ ਦੇ ਗੁਣਾਂ ਨੂੰ ਵੇਖਣ ਦੀ ਆਦਤ ਬਣ ਜਾਵੇਗੀ। ਤੁਹਾਨੂੰ ਲੱਗੇਗਾ ਕਿ ਤੁਹਾਡੇ ਇਰਦ-ਗਿਰਦ ਸਾਰੇ ਲੋਕ ਕਿੰਨੇ ਗੁਣਵਾਨ ਹਨ ਅਤੇ ਤੁਸੀਂ ਵੀ ਉਹਨਾਂ ਗੁਣਾਂ ਵਿੱਚੋਂ ਕੁਝ ਨੂੰ ਸੁਭਾਵਿਕ ਤੌਰ ਤੇ ਅਪਣਾ ਲਓਗੇ। ਉਕਤ ਅਭਿਆਸ ਨ ਾਲ ਜਿੱਥੇ ਤੁਸੀਂ ਸਕਾਰਾਤਮਕ ਸੋਚ ਦੇ ਮਾਲਕ ਬਣੋਗੇ, ਉਥੇ ਤੁਹਾਡਾ ਵਿਅਕਤੀਤਿਵ ਹੋਰ ਨਿਖਰੇਗਾ ਅਤੇ ਤੁਸੀਂ ਆਪਣੇ ਸਹਿਜ, ਮਿਠਾਸ ਅਤੇ ਹਲੀਮੀ ਕਾਰਨ ਹਰਮਨ ਪਿਆਰੇ ਹੁੰਦੇ ਜਾਓਗੇ।
2. ਮਿਲਣਸਾਰ ਮਨੁੱਖ ਹੀ ਹੁੰਦੇ ਹਨ ਹਰਮਨ ਪਿਆਰੇ
ਮੈਂ ਕਾਰ ਸੜਕ ਦੇ ਇੱਕ ਪਾਸੇ ਲਗਾ ਕੇ ਭੀੜ ਦੇ ਗੁਜ਼ਰਨ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਵੇਖ ਰਿਹਾ ਸੀ ਕਿ ਕਿਸੇ ਦੇ ਅੰਤਿਮ ਯਾਤਰਾ ਵਿੱਚ ਇੰਨਾ ਇੱਕੱਠ। ਲੋਕ ਉਦਾਸ ਸਨ, ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਗਿੱਲੀਆਂ ਸੀ। ਅਰਥੀ ਦੇ ਪਿੱਛੇ ਚੱਲ ਰਹੀਆਂ ਔਰਤਾਂ ਵਿਰਲਾਪ ਕਰ ਰਹੀਆਂ ਸਨ। ਬਹੁਤ ਗਮਗੀਨ ਵਾਤਾਵਰਣ ਸੀ।
”ਕੌਣ ਤੁਰ ਗਿਆ” ਮੈਂ ਅਰਥੀ ਪਿੱਛੇ ਜਾ ਰਹੇ ਲੋਕਾਂ ਵਿੱਚੋਂ ਇੱਕ ਨੂੰ ਪੁੱਛਿਆ।
”ਬਾਬਾ ਜੀ ਚੱਲ ਵੱਸੇ” ਮੈਨੂੰ ਜਵਾਬ ਮਿਲਿਆ ਨਾਲੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਬਾਬਾ ਜੀ ਕੋਈ ਲੀਡਰ ਨਹੀਂ ਸਨ ਅਤੇ ਨਾ ਹੀ ਕੋਈ ਅਮੀਰ ਆਦਮੀ ਸਨ।  ਉਹ ਕੋਈ ਵੱਡੇ ਅਫ਼ਸਰ ਵੀ ਨਹੀਂ ਰਹ ਸਨ ਅਤੇ ਨਾ ਹੀ ਉਹਨਾਂ ਦੀ ਕੋਈ ਔਲਾਦ ਸੀ। ਫ਼ਿਰ ਵੀ ਇੰਨੀ ਵੱਡੀ ਗਿਣਤੀ ਵਿੱਚ ਲੋਕ ਸੋਗਮਈ ਹਾਲਤ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਆਏ  ਸਨ। ਕਾਰਨ ਇਹ ਸੀ ਕਿ ਉਹ ਹਮੇਸ਼ਾ ਲੋਕਾਂ ਦੇ ਕੰਮ ਆਉਣ ਵਾਲੀ ਰੂਹ ਸੀ। ਨਗਰ ਵਿੱਚ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਪਹੁੰਚਣਾ, ਉਹਨਾਂ ਦੀ ਆਦਤ ਵਿੱਚ ਸ਼ਾਮਲ ਸੀ। ਭਾਵੇਂ ਪੈਸੇ ਪੱਖੋਂ ਅਮੀਰ ਨਹੀਂ ਸਨ ਪਰ ਗਰੀਬ ਗੁਰਬੇ ਲਈ ਉਹ ਦਿਲ ਦੇ ਬੜੇ ਅਮੀਰ ਸਨ। ਬੋਲ ਬਾਣੀ ਵਿੱਚ ਬਹੁਤ ਮਿੱਠੇ ਅਤੇ ਹਉਮੈ ਤੋਂ ਬਹੁਤ ਦੂਰ ਨਿਮਰਤਾ ਭਰਪੂਰ ਸ਼ਖਸੀਅਤ ਦੇ ਮਾਲਕ ਸਨ ਉਹ।
ਇਸ ਬਾਬੇ ਦੀ ਅੰਤਿਮ ਯਾਤਰਾ ਦੇ ਜਲੂਸ ਨਿਕਲਣ ਜਾਣ ਤੋਂ ਬਾਅਦ ਜਦੋਂ ਮੈਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਇਆ ਤਾਂ ਮੇਰੇ ਮਨ ਵਿੱਚ ਇੱਕ ਖਿਆਲ ਵਾਰ-ਵਾਰ ਆ ਰਿਹਾ ਸੀ ਕਿ ਮੇਰੇ ਮਰਨ ਬਾਅਦ ਕਿੰਨੇ ਕੁ ਲੋਕ ਮੇਰੀ ਅਰਥੀ ਦੇ ਪਿੱਛੇ ਚੱਲਣਗੇ। ਮੈਂ ਜ਼ਿੰਦਗੀ ਵਿੱਚ ਕਿੰਨੇ ਕੁ ਲੋਕਾਂ ਦੀ ਮਿੱਤਰਤਾ ਕਮਾਈ ਹੈ। ਇਹ ਵੀ ਸੋਚ ਰਿਹਾ ਸੀ ਕਿ ਆਪਣੀ ਬਿਤਾਈ ਉਮਰ ਵਿੱਚ ਕਿੰਨੇ ਕੁ ਲੋਕਾਂ ਨੂੰ ਦੁਸ਼ਮਣ ਬਣਾ ਲਿਆ ਹੈ। ਸਮਾਜ ਦੀ ਮੇਰੇ ਪ੍ਰਤੀ ਕਿਹੋ ਜਿਹੀ ਰਾਏ ਹੈ? ਕੀ ਸਮਾਜ ਨੂੰ ਮੇਰੀ ਘਾਟ ਮਹਿਸੂਸ ਹੋਵੇਗੀ। ਇਹ ਵੀ ਖਿਆਲ ਆਇਆ ਕਿ ਸਮਾਜ ਵਿੱਚ ਹਰਮਨ ਪਿਆਰਾ ਹੋਣ ਲਈ ਅਤੇ ਲੋਕਾਂ ਦਾ ਚਹੇਤਾ ਬਣਨ ਲਈ ਤੁਹਾਡੀ ਸ਼ਖਸੀਅਤ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨ। ਲੋਕਾਂ ਦਾ ਪਿਆਰ ਅਤੇ ਪ੍ਰਸੰਸਾ ਦੇ ਪਾਤਰ ਬਣਨ ਲਈ ਕਿਸ ਕਿਸਮ ਦਾ ਇਨਸਾਨ ਬਣਨਾ ਚਾਹੀਦਾ ਹੈ।
ਜੇ ਤੁਸੀਂ ਲੋਕਾਂ ਦੇ ਪਿਆਰੇ ਬਣਨਾ ਚਾਹੁੰਦੇ ਹੋ ਤਾਂ ਮੇਰੀ ਜਾਚੇ ਤੁਹਾਡੀ ਸ਼ਖਸੀਅਤ ਵਿੱਚ ਮਿਲਵਰਤਣ ਦਾ ਗੁਣ  ਬਹੁਤ ਜ਼ਰੂਰੀ ਹੁੰਦਾ ਹੈ। ਮਿਲਵਰਤਨ ਤਾਂ ਤੁਹਾਡੇ ਵਿਅਕਤੀਤਵ ਦਾ ਚੁੰਬਕੀ ਗੁਣ ਹੈ। ਇਹ ਇੱਕ ਅਜਿਹੀ ਚੁੰਬਕ ਹੈ ਜੋ ਲੋਕਾਂ ਨੂੰ ਤੁਹਾਡੇ ਵੱਲ ਆਕਰਸ਼ਿਤ ਕਰਦੀ ਹੈ। ਮਿਲਣਸਾਰ ਵਿਅਕਤੀ ਮਿੱਠਬੋਲੜਾ ਹੁੰਦਾ ਹੈ। ਉਸਦੀਆਂ ਅੱਖਾਂ ਵਿੱਚੋਂ ਵੀ ਪ੍ਰੇਮ ਝਲਕਦਾ ਅਤੇ ਜ਼ੁਬਾਨ ਵਿੱਚੋਂ ਵੀ। ਲੋਕ ਅਜਿਹੇ ਵਿਅਕਤੀ ਵੱਲ ਖਿੱਚੇ ਚਲੇ ਆਉਂਦੇ ਹਨ।  ਉਹ ਲੋਕਾਂ ਦੀ ਪ੍ਰਸੰਸਾ ਦਾ ਪਾਤਰ ਬਣ ਜਾਂਦਾ ਹੈ। ਉਸਦੀ ਹਰਮਨ ਪਿਆਰਤਾ ਉਸਨੂੰ ਹੋਰ ਚੰਗਾ ਅਤੇ ਸਫ਼ਲ ਵਿਅਕਤੀ ਬਣਨ ਲਈ ਪ੍ਰੇਰਦੀ ਰਹਿੰਦੀ ਹੈ। ਇਹ ਜ਼ਿੰਦਗੀ ਵਿੱਚ ਜਿੱਤ ਪ੍ਰਾਪਤ ਕਰਨ ਦੀ ਇੱਕ ਕਲਾ ਹੈ। ਲੋਕਾਂ ਦੇ ਮਨਾਂ ਨੂੰ ਜਿੱਤਣ ਦਾ ਮੰਤਰ ਹੈ। ਜਿੰਨੇ ਵੀ ਮਨਾਂ ਨੂੰ ਤੁਸੀਂ ਜਿੱਤਦੇ ਹੋ, ਪ੍ਰਭਾਵਿਤ ਕਰਦੇ ਹੋ, ਉਨਾ ਹੀ ਤੁਹਾਡੇ ਦੋਸਤਾਂ ਦਾ, ਪ੍ਰਸੰਸਕਾਂ ਦਾ ਅਤੇ ਜਾਣਕਾਰਾਂ ਦਾ ਘੇਰਾ ਵਧਦਾ ਰਹਿੰਦਾ ਹੈ। ਜਦੋਂ ਤੁਸੀਂ ਲੋਕਾਂ ਨੂੰ ਪਸੰਦ ਕਰਨ ਲੱਗਦੇ ਹੋ, ਲੋਕ ਤੁਹਾਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਤਾਂ ਕੁਦਰਤ ਦਾ ਨਿਯਮ ਹੈ ਕਿ ਜੋ ਬੀਜੋਗੇ ਉਹੀ ਵੱਢੋਗੇ। ਤੁਸੀਂ ਲੋਕਾਂ ਨੂੰ ਸਨਮਾਨ ਦਿਓਗੇ, ਬਦਲੇ ਵਿੱਚ ਤੁਹਾਨੂੰ ਸਤਿਕਾਰ ਮਿਲੇਗਾ। ਪਿਆਰ ਦਿਓਗੇ, ਲੋਕ ਤੁਹਾਨੂੰ ਪ੍ਰੇਮ ਕਰਨਗੇ। ਜ਼ਿੰਦਗੀ ਦੀ ਇਸ ਕਲਾ ਵਿੱਚ ਮਾਹਿਰ ਲੋਕ ਸਫ਼ਲ ਅਤੇ ਪ੍ਰਭਾਵਸ਼ਾਲੀ ਵਿਅਕਤਿਤਵ ਦੇ ਮਾਲਕ ਬਣ ਜਾਂਦੇ ਹਨ। ਲੋਕ ਮਨੋਵਿਗਿਆਨ ਨੂੰ ਸਮਝਣ ਵਾਲੇ ਲੋਕ ਹਮੇਸ਼ਾ ਮਿਲਣਸਾਰ ਸੁਭਾਅ ਦੇ ਮਾਲਕ ਹੁੰਦੇ ਹਨ। ਜੇ ਤੁਹਾਡੇ ਵਿੱਚ ਇਹ ਗੁਣ ਨਹੀਂ ਹੈ ਜਾਂ ਤੁਸੀਂ ਇਸ ਕਲਾ ਵਿੱਚ ਮਾਹਿਰ ਨਹੀਂ ਹੋ ਤਾਂ ਘਬਰਾਉਣ ਦੀ ਕੋਈ ਗੱਲ ਨਹੀਂ। ਇਹ ਇੱਕ ਕਲਾ ਹੈ, ਇਸ ਕਲਾ ਵਿੱਚ ਤਸੀਂ ਵੀ ਨਿਪੁੰਨ ਹੋ ਸਕਦੇ ਹੋ। ਬੱਸ, ਸਿਰਫ਼ ਮਨ ਬਣਾਓ ਅਤੇ ਮਿਲਣਸਾਰ ਵਿਅਕਤੀ ਬਣਨ ਦਾ ਅਭਿਆਸ ਸ਼ੁਰੂ ਕਰ ਦੇਵੋ। ਮਿਲਣਸਾਰ ਵਿਅਕਤੀ ਹਮੇਸ਼ਾ ਸਕਾਰਾਤਮਕ ਹੁੰਦਾ ਹੈ, ਹਸਮੁਖ ਹੁੰਦਾ ਹੈ, ਮਿਠਬੋਲੜਾ ਹੁੰਦਾ ਹੈ, ਉਤਸ਼ਾਹੀ ਹੁੰਦਾ ਹੈ, ਨੇਕ ਅਤੇ ਇਮਾਨਦਾਰ ਹੁੰਦਾ ਹੈ। ਇਹੀ ਤਾਂ ਇੱਕ ਸਫ਼ਲ ਇਨਸਾਨ ਦੇ ਗੁਣ ਹਨ। ਸੋ ਸਫ਼ਲ ਇਨਸਾਨ ਬਣੋ।
3. ਮਿਠਾਸ, ਹਲੀਮੀ, ਮਧੁਰਤਾ ਅਤੇ ਬੋਲਣ ਦੀ ਕਲਾ
ਵਾਰਤਾਲਾਪ ਵਿੱਚ ਮਾਹਿਰ ਹੋਣਾ ਵੀ ਇੱਕ ਸਫ਼ਲ ਸ਼ਖਸੀਅਤ ਦਾ ਵੱਡਾ ਗੁਣ ਹੈ। ਬੋਲਣਾ ਵੀ ਕਲਾ ਹੈ, ਖੂਬਸੂਰਤ, ਮਿੱਠੇ, ਸਾਹਿਤਕ ਅਤੇ ਕਾਵਿਮਈ ਸ਼ਬਦ ਲੰਬੇ ਸਮੇਂ ਤੱਕ ਪ੍ਰਭਾਵ ਰੱਖਦੇ ਹਨ। ਆਪਸੀ ਵਾਰਤਾਲਾਪ ਵਿੱਚ ਦਿਲਚਸਪੀ ਪੈਦਾ ਕਰਨ ਦੇ ਤੌਰ ਤਰੀਕੇ ਆਉਣੇ ਬਹੁਤ ਜ਼ਰੂਰੀ ਹਨ। ਮੈਂ ਇੱਕ ਮਹਿਫ਼ਲ ਵਿੱਚ ਬੈਠਾ ਸਾਂ। ਇੱਕ ਸਖਸ਼ ਆਇਆ ਅਤੇ ਕਹਿਣ ਲੱਗਾ, ”ਮੈਂ ਤੁਹਾਨੂੰ ਪਸੰਦ ਨਹੀਂ ਕਰਦਾ।” ਮੇਰੇ ਸਮੇਤ ਸਾਰੇ ਬੰਦੇ ਉਸ ਵੱਲ ਹੈਰਾਨੀ ਭਰੀਆਂ ਅੱਖਾਂ ਨਾਲ ਦੇਖ ਹੀ ਰਹੇ ਸਨ ਕਿ ਉਸ ਨੇ ਅਗਲਾ ਵਾਕ ਬੋਲਿਆ ”ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਮੈਂ ਤਾਂ ਤੁਹਾਨੂੰ ਪਿਆਰ ਕਰਦਾ ਹਾਂ।” ਇਉਂ ਇਹ ਵਾਕਾਂ ਦੀ ਚਤੁਰਾਈ ਵਾਰਤਾਲਾਪ ਨੂੰ ਦਿਲਚਸਪ ਬਣਾ ਦਿੰਦੀ ਹੈ। ਵਾਰਤਾਲਾਪ ਨੂੰ ਦਿਲਚਸਪ ਬਣਾਉਣ ਦੇ ਹੋਰ ਵੀ ਅਨੇਕਾਂ ਢੰਗ ਤਰੀਕੇ ਹਨ, ਜਿਵੇਂ ਦਿਲਚਸਪ ਉਦਾਹਾਰਣਾਂ, ਆਪਣੇ ਨੁਕਤਿਆਂ ਨੂੰ ਸਪਸ਼ਟ ਕਰਨ ਲਈ ਵਿਅੰਗ, ਚੁਟਕਲਾ ਅਤੇ ਸ਼ੇਅਰ ਆਦਿ। ਇੱਕ ਗੱਲ ਹ ੋਰ ਵੀ ਮਹੱਤਵਪੂਰਨ ਹੈ ਕਿ ਸੱਚ ਬੋਲਿਆ ਜਾਵੇ ਪਰ ਇਹ ਜਾਣਨਾ ਹੋਰ ਵੀ ਜ਼ਰੂਰੀ ਹੈ ਕਿ ਸੱਚ ਕਿਵੇਂ ਬੋਲਿਆ ਜਾਵੇ। ਬਹੁਤ ਵਾਰ ਅਨਾੜੀ ਲੋਕ ਸੱਚ ਨੂੰ ਸਿੱਧਾ, ਸਪਸ਼ਟ ਅਤੇ ਅਣਆਕਰਸ਼ਿਤ ਢੰਗ ਨਾਲ ਬੋਲ ਦਿੰਦੇ ਹਨ, ਜਿਸਦਾ ਵਿਪਰੀਤ ਅਸਰ ਪੈਂਦਾ ਹੈ। ਉਦਾਹਰਣ ਵਜੋਂ ਕਿਸੇ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਅਜਿਹੇ ਸਮੇਂ ਸਿੱਧਾ ਸੰਚ ਬੋਲਣ ਦੀ ਬਜਾਏ ਸੁਣਨ ਵਾਲੇ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਕਿਸੇ ਨੂੰ ਸਿੱਧੇ ਤੌਰ ‘ਤੇ ਇਹ ਪੁੱਛਣਾ ਕਿ ”ਤੁਹਾਡਾ ਮੁੰਡਾ ਨਸ਼ੇੜੀ ਕਿਵੇਂ ਬਣ ਗਿਆ”? ਗਲਤ ਹੈ। ਜੇ ਤੁਸੀਂ ਕਹੋਗੇ ਕਿ ਅੱਜਕਲ੍ਹ ਮਾੜੀ ਸੰਗਤ ਕਾਰਨ ਚੰਗੇ ਘਰਾਂ ਦੇ ਬੱਚੇ ਵੀ ਬਹੁਤ ਵਾਰ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਰਹੇ ਹਨ। ਤਾਂ ਉਹ ਬੜ ਆਰਾਮ ਨਾਲ ਤੁਹਾਡੀ ਗੱਲ ਦਾ ਹੁੰਗਾਰਾ ਭਰੇਗਾ। ਯਾਦ ਰੱਖੋ, ਚੰਗੀ ਗੱਲਬਾਤ ਵੀ ਅਮੀਰੀ ਹੰਢਾਉਣ ਵਾਂਗ ਹੁੰਦੀ ਹੈ। ਚੰਗੀ ਗੱਲਬਾਤ ਲਈ ਹਜ਼ਾਰਾਂ ਵਿਸ਼ੇ ਹੁੰਦੇ ਹਨ। ਪਰ ”ਅਜਿਹਾ ਕੋਈ ਨਹੀਂ ਹੁੰਦਾ, ਜਿਹੜੇ ਲੰਗੜੇ ਨਾਲ ਟੰਗਾਂ ਦੀਆਂ ਗੱਲਾਂ ਕਰੇ” ਉਕਤ ਚੀਨੀ ਅਖਾਣ ਵਾਰਤਾਲਾਪ ਦੇ ਵਿਸ਼ੇ ਬਾਰੇ ਸੰਕੇਤ ਕਰਦਾ ਹੈ। ਹਮੇਸ਼ਾ ਕੋਸ਼ਿਸ਼ ਕਰੋ ਕਿ ਦੂਸਰਿਆਂ ਦੀ ਦਿਲਚਸਪੀ ਦੇ ਵਿਸ਼ੇ ਬਾਰ ਹੀ ਗੱਲ ਕੀਤੀ ਜਾਵੇ। ਕਿਸ ਦੀ ਸਰੀਰਕ, ਸਮਾਜਿਕ, ਆਰਥਿਕ ਅਤੇ ਮਾਨਸਿਕ ਕਮਜ਼ੋਰੀ ਨੂੰ ਜਾਣੇ ਜਾਂ ਅਣਜਾਣੇ ਨਿਸ਼ਾਨਾ ਬਣਾ ਕੇ ਗੱਲ ਕਰਨੀ ਠੀਕ ਨਹੀਂ ਹੁੰਦੀ। ਸੋ ਮੁਸਕਰਾਉਂਦੇ ਹੋਏ ਚਿਹਰੇ ਨਾਲ ਆਪਣੇ ਬੋਲ ਾਂ ਨਾਲ ਮਿਠਾਸ ਬਿਖੇਰੋ। ਪਿਆਰ ਵੰਡੋ, ਹਾਸੇ ਵੰਡੇ, ਤੁਸੀਂ ਵੇਖੋਗੇ ਕਿ ਲੋਕ ਤੁਹਾਨੂੰ ਪਿਆਰ ਕਰਨਗੇ। ਤੁਹਾਡੇ ਵਿੱਚ ਦਿਲਚਸਪੀ ਲੈਣਗੇ। ਤੁਸੀਂ ਲੋਕਾਂ ਦੇ ਪਿਆਰੇ ਬਣ ਜਾਓਗੇ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218