Day: April 6, 2017

ਔਗੁਣ ਨਹੀਂ ਮੈਨੂੰ ਗੁਣ ਹੀ ਨਜ਼ਰ ਆਵੇ

ਮੈਂ ਕਦੇ ਵੀ ਸੋਚਿਆ ਨਹੀਂ ਸੀ ਕਿ ਮੇਰੇ ਪ੍ਰੇਮ ਵਿਆਹ ਦਾ ਇਹ ਹਸ਼ਰ ਹੋਵੇਗਾ। ਦੋਵੇਂ ਪਰਿਵਾਰਾਂ ਦੇ ਵਿਰੋਧ ਦੇ ਬਾਵਜੂਦ ਅਸੀਂ ਵਿਆਹ ਕਰਵਾਇਆ ਸੀ। ਮਾਪਿਆਂ ਨੇ ਆਪਣੀ ਔਲਾਦ ਦੀ ਖੁਸ਼ੀ ਖਾਤਰ ਸਾਨੂੰ ਅਪਣਾ ਲਿਆ ਸੀ ਪਰ ਹੁਣ ਉਹ ਬਿਨਾਂ ਕਾਰਨ ਰੁੱਸ ਕੇ ਪੇਕੇ ਜਾ ਬੈਠੀ ਹੈ। ਸਮਝ ਨੀ ਆਉਂਦਾ ਹੁਣ ਮੈਂ ਕੀ ਕਰਾਂ।” ਮੇਰਾ ਇੱਕ ਸਾਬਕਾ ਵਿਦਿਆਰਥੀ ਮੇਰੇ ਕੋਲ ਆਪਣਾ ਦੁੱਖ ਰੋ ਰਿਹਾ ਸੀ। ਮੈਂ ਉਸਨੂੰ ਕਿਹਾ ਕਿ ਮੈਂ ਕਿਤੇ ਡੈਰਨ ਹਾਰਡੀ ਦੀ ਕਿਤਾਬ ਵਿੱਚ ਪੜ੍ਹਿਆ ਸੀ, ਉਹੀ ਜੁਗਤ ਤੂੰ ਵਰਤ ਕੇ ਦੇਖ ਲੈ। ”ਤੂੰ ਆਪਣੀ ਪਤਨੀ ਨੂੰ ਹਰ ਰੋਜ਼ ਇੱਕ ਮੈਸੇਜ ਕਰ ਅਤੇ ਉਸ ਮੈਸਜ ਵਿੱਚ ਉਸਦੀ ਪ੍ਰਸਨੈਲਟੀ ਦੇ ਕਿਸੇ ਇੱਕ ਚੰਗੇ ਪੱਖ ਦੀ ਸੋਹਣੇ ਸ਼ਬਦਾਂ ਵਿੱਚ ਪ੍ਰਸੰਸਾ ਕਰ। ਇੱਕ ਗੱਲ ਚੇਤੇ ਰੱਖੀਂ, ਉਸਦੀ ਸ਼ਖਸੀਅਤ ਦੇ ਚੰਗੇ ਗੁਣਾਂ ਨੂੰ ਹੀ ਉਭਾਰਨਾ ਹੈ। ਮੈਂ ਉਸਨੂੰ ਸਮਝਾਉਂਦਾ ਹਾਂ। ਉਸਨੇ ਉਵੇਂ ਹੀ ਕਰਨਾ ਸ਼ੁਰੂ ਕੀਤਾ, ਜਿਵੇਂ ਮੈਂ ਸਮਝਾਇਆ ਸੀ, ਹਰ ਰੋਜ਼ ਇੱਕ ਗੁਣ ਦੀ ਪ੍ਰਸੰਸਾ, ਪ੍ਰਸੰਸਾ ਕਰਨ ਲਈ ਗੁਣ ਨੂੰ ਲੱਭਣਾ ਫ਼ੇਰ ਢੁਕਵੇਂ ਸ਼ਬਦਾਂ ਵਿੱਚ ਆਪਣੀ ਪਤਨੀ ਨੂੰ ਮੈਸੇਜ ਕਰਨਾ ਉਸਦੀ ਆਦਤ ਬਣ ਗਈ। ਹੋਇਆ ਇੰਝ ਕਿ ਉਸਨੂੰ ਆਪਣੀ ਪਤਨੀ ਵਿੱਚ ਗੁਣ ਨਜ਼ਰ ਆਉਣ ਲੱਗੇ। ਦੂਜੇ ਪਾਸੇ ਆਪਣੀ ਸਹੀ ਤਾਰੀਫ਼ ਸੁਣ ਕੇ ਪਤਨੀ ਦਾ ਗੁੱਸਾ ਗਿਲਾ ਜਾਂਦਾ ਰਿਹਾ। ਨਤੀਜੇ ਵਜੋਂ ਉਹ ਨਾ ਸਿਰਫ਼ ਮੁੜ ਇੱਕ ਹੋੲੋ ਸਗੋਂ ਉਹਨਾਂ ਵਿੱਚ ਪ੍ਰੇਮ ਵੀ ਵੱਧ ਗਿਆ। ਸੋ, ਸੂਤਰ ਸਪਸ਼ਟ ਹੈ ਕਿ ਜ਼ਿੰਦਗੀ ਵਿੱਚ ਮਿਲਣ ਵਾਲੇ ਲੋਕਾਂ ਦੇ, ਖਾਸ ਤੌਰ ਤੇ ਆਪਣੇ ਸਕ-ਸਬੰਧੀ ਅਤੇ ਮਿੱਤਰਾਂ ਦੇ ਗੁਣਾਂ ਨੂੰ ਹੀ ਦੇਖਣਾ ਚਾਹੀਦਾ ਹੈ ਨਾ ਕਿ ਕਮੀਆਂ ਤੇ ਔਗੁਣਾਂ ਨੂੰ।
ਤੁਸੀਂ ਆਪਣੇ ਆਲੇ-ਦੁਆਲੇ ਨਿਗ੍ਹਾ ਮਾਰੋ ਤੁਹਾਨੂੰ ਅਨੇਕਾਂ ਲੋਕ ਅਜਿਹੇ ਮਿਲਣਗੇ, ਜਿਹਨਾਂ ਦੀ ਸੋਚ ਨਕਾਰਾਤਮਕ ਹੁੰਦੀ ਹੈ ਅਤੇ ਉਹ ਦੂਜੇ ਵਿਅਕਤੀ ਦੇ ਦੋਸ਼ਾਂ ਅਤੇ ਔਗੁਣਾਂ ਨੂੰ ਕੱਢਣ ਵਿੱਚ ਜ਼ਿਆਦਾ ਦਿਲਚਸਪੀ ਦਿਖਾਉਂਦੇ ਹਨ। ਕਈ ਵਿਅਕਤੀ ਤਾਂ ਅਜਿਹੇ ਹੁੰਦੇ ਹਨ, ਜਿਹਨਾਂ ਨੂੰ ਹਰ ਚੀਜ਼ ਵਿੱਚ ਨੁਕਸ ਕੱਢਣ ਦੀ ਆਦਤ ਹੁੰਦੀ ਹੈ। ਇਸ ਗੱਲ ਨੂੰ ਸਮਝਣ ਲਈ, ‘ਆਹ ਛੋਟੀ ਜਿਹੀ ਕਥਾ ਸੁਣੋ।’ ਇੱਕ ਵਾਰ ਇੱਕ ਵਿਅਕਤੀ ਨੇ ਬਹੁਤ ਚੰਗੀ ਨਸਲ ਦਾ ਕੁੱਤਾ ਪਾਲਿਆ ਅਤੇ ਉਸਨੂੰ ਖੂਬ ਸਿਖਲਾਈ ਦਿੱਤੀ। ਇੱਕ ਦਿਨ ਉਸਨੇ ਕੁੱਤੇ ਦੇ ਕਰਤੱਵ ਦਿਖਾਉਣ ਲਈ ਸਾਰੇ ਮਿੱਤਰ ਦੋਸਤਾਂ ਨੂੰ ਇੱਕ ਤਲਾਬ ਦੇ ਕੰਢੇ ‘ਤੇ ਸੱਦਿਆ। ਲੋਕ ਇਹ ਦੇਖ ਕੇ ਹੈਰਾਨ ਹੋ ਗਏ ਕਿ ਕੁੱਤਾ ਬਹੁਤ ਆਰਾਮ ਨਾਲ ਪਾਣੀ ਉਤੇ ਚੱਲ ਸਕਦਾ ਸੀ ਪਰ ਉਥੇ ਇੱਕ ਨਕਾਰਾਤਮਕ ਸੋਚ ਵਾਲਾ ਬੰਦਾ ਵੀ ਹਾਜ਼ਰ ਸੀ, ਜਿਸਦਾ ਕੰਮ ਹਰ ਗੱਲ ਵਿੱਚੋਂ ਨੁਕਸ ਕੱਢਣਾ ਹੁੰਦਾ ਹੈ। ਉਹ ਕਹਿਣ ਲੱਗਾ, ”ਅੱਛਾ ਤੁਹਾਡਾ ਕੁੱਤਾ ਤੈਰਨਾ ਨਹੀਂ ਜਾਣਦਾ।” ਸੰਸਾਰ ਵਿੱਚ ਸਾਨੂੰ ਅਕਸਰ ਅਜਿਹੀ ਨਕਾਰਾਤਮਕ ਲੋਕ ਮਿਲ ਜਾਂਦੇ ਹਨ ਪਰ ਚੰਗੀ ਸ਼ਖਸੀਅਤ ਦਾ ਗੁਣ ਹਮੇਸ਼ਾ ਸਕਾਰਾਤਮਕ ਸੋਚ ਅਤੇ ਦੂਜੇ ਦੇ ਚੰਗੇ ਗੁਣਾਂ ਵੱਲ ਦੇਖਣਾ ਹੀ ਹੁੰਦਾ ਹੈ।
ਇੱਥੇ ਮੈਂ ਸਪਸ਼ਟ ਕਰਨਾਂ ਚਾਹੁੰਦਾ ਹਾਂ ਕਿ ਜੇ  ਤੁਹਾਡੀ ਸ਼ਖਸੀਅਤ ਵਿੱਚ ਦੂਜੇ ਵਿਅਕਤੀ ਦੇ ਦੋਸ਼ਾਂ ਅਤੇ ਔਗੁਣਾਂ ਨੂੰ ਤਲਾਸ਼ਣਾ ਹੈ ਤਾਂ ਤੁਰੰਤ ਆਪਣੇ ਆਪ ਨੂੰ ਇਸ ਦੋਸ਼ ਤੋਂ ਮੁਕਤ ਕਰ ਲਵੋ। ਇਸ ਤੋਂ ਬਚਣ ਦਾ ਇੱਕ ਬਹੁਤ ਸੌਖਾ ਜਿਹਾ ਅਭਿਆਸ ਤੁਹਾਨੂੰ ਦੱਸਦਾ ਹਾਂ। ਤੁਸੀਂ ਆਪਣੇ ਪਰਿਵਾਰਕ ਮੈਂਬਰਾਂ, ਮਿੱਤਰਾਂ, ਦੋਸਤਾਂ ਅਤੇ ਮਿਲਣ-ਜੁਲਣ ਵਾਲੇ ਸਾਰੇ ਵਿਅਕਤੀਆਂ ਦੀ ਇੱਕ ਸੂਚੀ ਬਣਾਓ। ਹਰ ਰੋਜ਼ ਇੱਕ ਜਾਂ ਦੋ ਬੰਦਿਆਂ ਦੇ ਗੁਣਾਂ ਨੂੰ ਲਿਖਣਾ ਸ਼ੁਰੂ ਕਰੋ। ਦੂਜੇ ਵਿਅਕਤੀ ਦੀ ਸ਼ਖਸੀਅਤ ਦੇ ਚੰਗੇ-ਚੰਗੇ ਗੁਣ ਲੱਭੋ ਅਤੇ ਲਿਖੋ। ਇਉਂ ਕਰਦੇ-ਕਰਦੇ ਇੱਕ ਦਿਨ ਅਜਿਹਾ ਆਵੇਗਾ ਕਿ ਤੁਹਾਨੂੰ ਹਰ ਬੰਦੇ ਦੇ ਗੁਣਾਂ ਨੂੰ ਵੇਖਣ ਦੀ ਆਦਤ ਬਣ ਜਾਵੇਗੀ। ਤੁਹਾਨੂੰ ਲੱਗੇਗਾ ਕਿ ਤੁਹਾਡੇ ਇਰਦ-ਗਿਰਦ ਸਾਰੇ ਲੋਕ ਕਿੰਨੇ ਗੁਣਵਾਨ ਹਨ ਅਤੇ ਤੁਸੀਂ ਵੀ ਉਹਨਾਂ ਗੁਣਾਂ ਵਿੱਚੋਂ ਕੁਝ ਨੂੰ ਸੁਭਾਵਿਕ ਤੌਰ ਤੇ ਅਪਣਾ ਲਓਗੇ। ਉਕਤ ਅਭਿਆਸ ਨ ਾਲ ਜਿੱਥੇ ਤੁਸੀਂ ਸਕਾਰਾਤਮਕ ਸੋਚ ਦੇ ਮਾਲਕ ਬਣੋਗੇ, ਉਥੇ ਤੁਹਾਡਾ ਵਿਅਕਤੀਤਿਵ ਹੋਰ ਨਿਖਰੇਗਾ ਅਤੇ ਤੁਸੀਂ ਆਪਣੇ ਸਹਿਜ, ਮਿਠਾਸ ਅਤੇ ਹਲੀਮੀ ਕਾਰਨ ਹਰਮਨ ਪਿਆਰੇ ਹੁੰਦੇ ਜਾਓਗੇ।
2. ਮਿਲਣਸਾਰ ਮਨੁੱਖ ਹੀ ਹੁੰਦੇ ਹਨ ਹਰਮਨ ਪਿਆਰੇ
ਮੈਂ ਕਾਰ ਸੜਕ ਦੇ ਇੱਕ ਪਾਸੇ ਲਗਾ ਕੇ ਭੀੜ ਦੇ ਗੁਜ਼ਰਨ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਵੇਖ ਰਿਹਾ ਸੀ ਕਿ ਕਿਸੇ ਦੇ ਅੰਤਿਮ ਯਾਤਰਾ ਵਿੱਚ ਇੰਨਾ ਇੱਕੱਠ। ਲੋਕ ਉਦਾਸ ਸਨ, ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਗਿੱਲੀਆਂ ਸੀ। ਅਰਥੀ ਦੇ ਪਿੱਛੇ ਚੱਲ ਰਹੀਆਂ ਔਰਤਾਂ ਵਿਰਲਾਪ ਕਰ ਰਹੀਆਂ ਸਨ। ਬਹੁਤ ਗਮਗੀਨ ਵਾਤਾਵਰਣ ਸੀ।
”ਕੌਣ ਤੁਰ ਗਿਆ” ਮੈਂ ਅਰਥੀ ਪਿੱਛੇ ਜਾ ਰਹੇ ਲੋਕਾਂ ਵਿੱਚੋਂ ਇੱਕ ਨੂੰ ਪੁੱਛਿਆ।
”ਬਾਬਾ ਜੀ ਚੱਲ ਵੱਸੇ” ਮੈਨੂੰ ਜਵਾਬ ਮਿਲਿਆ ਨਾਲੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਬਾਬਾ ਜੀ ਕੋਈ ਲੀਡਰ ਨਹੀਂ ਸਨ ਅਤੇ ਨਾ ਹੀ ਕੋਈ ਅਮੀਰ ਆਦਮੀ ਸਨ।  ਉਹ ਕੋਈ ਵੱਡੇ ਅਫ਼ਸਰ ਵੀ ਨਹੀਂ ਰਹ ਸਨ ਅਤੇ ਨਾ ਹੀ ਉਹਨਾਂ ਦੀ ਕੋਈ ਔਲਾਦ ਸੀ। ਫ਼ਿਰ ਵੀ ਇੰਨੀ ਵੱਡੀ ਗਿਣਤੀ ਵਿੱਚ ਲੋਕ ਸੋਗਮਈ ਹਾਲਤ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਆਏ  ਸਨ। ਕਾਰਨ ਇਹ ਸੀ ਕਿ ਉਹ ਹਮੇਸ਼ਾ ਲੋਕਾਂ ਦੇ ਕੰਮ ਆਉਣ ਵਾਲੀ ਰੂਹ ਸੀ। ਨਗਰ ਵਿੱਚ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਪਹੁੰਚਣਾ, ਉਹਨਾਂ ਦੀ ਆਦਤ ਵਿੱਚ ਸ਼ਾਮਲ ਸੀ। ਭਾਵੇਂ ਪੈਸੇ ਪੱਖੋਂ ਅਮੀਰ ਨਹੀਂ ਸਨ ਪਰ ਗਰੀਬ ਗੁਰਬੇ ਲਈ ਉਹ ਦਿਲ ਦੇ ਬੜੇ ਅਮੀਰ ਸਨ। ਬੋਲ ਬਾਣੀ ਵਿੱਚ ਬਹੁਤ ਮਿੱਠੇ ਅਤੇ ਹਉਮੈ ਤੋਂ ਬਹੁਤ ਦੂਰ ਨਿਮਰਤਾ ਭਰਪੂਰ ਸ਼ਖਸੀਅਤ ਦੇ ਮਾਲਕ ਸਨ ਉਹ।
ਇਸ ਬਾਬੇ ਦੀ ਅੰਤਿਮ ਯਾਤਰਾ ਦੇ ਜਲੂਸ ਨਿਕਲਣ ਜਾਣ ਤੋਂ ਬਾਅਦ ਜਦੋਂ ਮੈਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਇਆ ਤਾਂ ਮੇਰੇ ਮਨ ਵਿੱਚ ਇੱਕ ਖਿਆਲ ਵਾਰ-ਵਾਰ ਆ ਰਿਹਾ ਸੀ ਕਿ ਮੇਰੇ ਮਰਨ ਬਾਅਦ ਕਿੰਨੇ ਕੁ ਲੋਕ ਮੇਰੀ ਅਰਥੀ ਦੇ ਪਿੱਛੇ ਚੱਲਣਗੇ। ਮੈਂ ਜ਼ਿੰਦਗੀ ਵਿੱਚ ਕਿੰਨੇ ਕੁ ਲੋਕਾਂ ਦੀ ਮਿੱਤਰਤਾ ਕਮਾਈ ਹੈ। ਇਹ ਵੀ ਸੋਚ ਰਿਹਾ ਸੀ ਕਿ ਆਪਣੀ ਬਿਤਾਈ ਉਮਰ ਵਿੱਚ ਕਿੰਨੇ ਕੁ ਲੋਕਾਂ ਨੂੰ ਦੁਸ਼ਮਣ ਬਣਾ ਲਿਆ ਹੈ। ਸਮਾਜ ਦੀ ਮੇਰੇ ਪ੍ਰਤੀ ਕਿਹੋ ਜਿਹੀ ਰਾਏ ਹੈ? ਕੀ ਸਮਾਜ ਨੂੰ ਮੇਰੀ ਘਾਟ ਮਹਿਸੂਸ ਹੋਵੇਗੀ। ਇਹ ਵੀ ਖਿਆਲ ਆਇਆ ਕਿ ਸਮਾਜ ਵਿੱਚ ਹਰਮਨ ਪਿਆਰਾ ਹੋਣ ਲਈ ਅਤੇ ਲੋਕਾਂ ਦਾ ਚਹੇਤਾ ਬਣਨ ਲਈ ਤੁਹਾਡੀ ਸ਼ਖਸੀਅਤ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨ। ਲੋਕਾਂ ਦਾ ਪਿਆਰ ਅਤੇ ਪ੍ਰਸੰਸਾ ਦੇ ਪਾਤਰ ਬਣਨ ਲਈ ਕਿਸ ਕਿਸਮ ਦਾ ਇਨਸਾਨ ਬਣਨਾ ਚਾਹੀਦਾ ਹੈ।
ਜੇ ਤੁਸੀਂ ਲੋਕਾਂ ਦੇ ਪਿਆਰੇ ਬਣਨਾ ਚਾਹੁੰਦੇ ਹੋ ਤਾਂ ਮੇਰੀ ਜਾਚੇ ਤੁਹਾਡੀ ਸ਼ਖਸੀਅਤ ਵਿੱਚ ਮਿਲਵਰਤਣ ਦਾ ਗੁਣ  ਬਹੁਤ ਜ਼ਰੂਰੀ ਹੁੰਦਾ ਹੈ। ਮਿਲਵਰਤਨ ਤਾਂ ਤੁਹਾਡੇ ਵਿਅਕਤੀਤਵ ਦਾ ਚੁੰਬਕੀ ਗੁਣ ਹੈ। ਇਹ ਇੱਕ ਅਜਿਹੀ ਚੁੰਬਕ ਹੈ ਜੋ ਲੋਕਾਂ ਨੂੰ ਤੁਹਾਡੇ ਵੱਲ ਆਕਰਸ਼ਿਤ ਕਰਦੀ ਹੈ। ਮਿਲਣਸਾਰ ਵਿਅਕਤੀ ਮਿੱਠਬੋਲੜਾ ਹੁੰਦਾ ਹੈ। ਉਸਦੀਆਂ ਅੱਖਾਂ ਵਿੱਚੋਂ ਵੀ ਪ੍ਰੇਮ ਝਲਕਦਾ ਅਤੇ ਜ਼ੁਬਾਨ ਵਿੱਚੋਂ ਵੀ। ਲੋਕ ਅਜਿਹੇ ਵਿਅਕਤੀ ਵੱਲ ਖਿੱਚੇ ਚਲੇ ਆਉਂਦੇ ਹਨ।  ਉਹ ਲੋਕਾਂ ਦੀ ਪ੍ਰਸੰਸਾ ਦਾ ਪਾਤਰ ਬਣ ਜਾਂਦਾ ਹੈ। ਉਸਦੀ ਹਰਮਨ ਪਿਆਰਤਾ ਉਸਨੂੰ ਹੋਰ ਚੰਗਾ ਅਤੇ ਸਫ਼ਲ ਵਿਅਕਤੀ ਬਣਨ ਲਈ ਪ੍ਰੇਰਦੀ ਰਹਿੰਦੀ ਹੈ। ਇਹ ਜ਼ਿੰਦਗੀ ਵਿੱਚ ਜਿੱਤ ਪ੍ਰਾਪਤ ਕਰਨ ਦੀ ਇੱਕ ਕਲਾ ਹੈ। ਲੋਕਾਂ ਦੇ ਮਨਾਂ ਨੂੰ ਜਿੱਤਣ ਦਾ ਮੰਤਰ ਹੈ। ਜਿੰਨੇ ਵੀ ਮਨਾਂ ਨੂੰ ਤੁਸੀਂ ਜਿੱਤਦੇ ਹੋ, ਪ੍ਰਭਾਵਿਤ ਕਰਦੇ ਹੋ, ਉਨਾ ਹੀ ਤੁਹਾਡੇ ਦੋਸਤਾਂ ਦਾ, ਪ੍ਰਸੰਸਕਾਂ ਦਾ ਅਤੇ ਜਾਣਕਾਰਾਂ ਦਾ ਘੇਰਾ ਵਧਦਾ ਰਹਿੰਦਾ ਹੈ। ਜਦੋਂ ਤੁਸੀਂ ਲੋਕਾਂ ਨੂੰ ਪਸੰਦ ਕਰਨ ਲੱਗਦੇ ਹੋ, ਲੋਕ ਤੁਹਾਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਤਾਂ ਕੁਦਰਤ ਦਾ ਨਿਯਮ ਹੈ ਕਿ ਜੋ ਬੀਜੋਗੇ ਉਹੀ ਵੱਢੋਗੇ। ਤੁਸੀਂ ਲੋਕਾਂ ਨੂੰ ਸਨਮਾਨ ਦਿਓਗੇ, ਬਦਲੇ ਵਿੱਚ ਤੁਹਾਨੂੰ ਸਤਿਕਾਰ ਮਿਲੇਗਾ। ਪਿਆਰ ਦਿਓਗੇ, ਲੋਕ ਤੁਹਾਨੂੰ ਪ੍ਰੇਮ ਕਰਨਗੇ। ਜ਼ਿੰਦਗੀ ਦੀ ਇਸ ਕਲਾ ਵਿੱਚ ਮਾਹਿਰ ਲੋਕ ਸਫ਼ਲ ਅਤੇ ਪ੍ਰਭਾਵਸ਼ਾਲੀ ਵਿਅਕਤਿਤਵ ਦੇ ਮਾਲਕ ਬਣ ਜਾਂਦੇ ਹਨ। ਲੋਕ ਮਨੋਵਿਗਿਆਨ ਨੂੰ ਸਮਝਣ ਵਾਲੇ ਲੋਕ ਹਮੇਸ਼ਾ ਮਿਲਣਸਾਰ ਸੁਭਾਅ ਦੇ ਮਾਲਕ ਹੁੰਦੇ ਹਨ। ਜੇ ਤੁਹਾਡੇ ਵਿੱਚ ਇਹ ਗੁਣ ਨਹੀਂ ਹੈ ਜਾਂ ਤੁਸੀਂ ਇਸ ਕਲਾ ਵਿੱਚ ਮਾਹਿਰ ਨਹੀਂ ਹੋ ਤਾਂ ਘਬਰਾਉਣ ਦੀ ਕੋਈ ਗੱਲ ਨਹੀਂ। ਇਹ ਇੱਕ ਕਲਾ ਹੈ, ਇਸ ਕਲਾ ਵਿੱਚ ਤਸੀਂ ਵੀ ਨਿਪੁੰਨ ਹੋ ਸਕਦੇ ਹੋ। ਬੱਸ, ਸਿਰਫ਼ ਮਨ ਬਣਾਓ ਅਤੇ ਮਿਲਣਸਾਰ ਵਿਅਕਤੀ ਬਣਨ ਦਾ ਅਭਿਆਸ ਸ਼ੁਰੂ ਕਰ ਦੇਵੋ। ਮਿਲਣਸਾਰ ਵਿਅਕਤੀ ਹਮੇਸ਼ਾ ਸਕਾਰਾਤਮਕ ਹੁੰਦਾ ਹੈ, ਹਸਮੁਖ ਹੁੰਦਾ ਹੈ, ਮਿਠਬੋਲੜਾ ਹੁੰਦਾ ਹੈ, ਉਤਸ਼ਾਹੀ ਹੁੰਦਾ ਹੈ, ਨੇਕ ਅਤੇ ਇਮਾਨਦਾਰ ਹੁੰਦਾ ਹੈ। ਇਹੀ ਤਾਂ ਇੱਕ ਸਫ਼ਲ ਇਨਸਾਨ ਦੇ ਗੁਣ ਹਨ। ਸੋ ਸਫ਼ਲ ਇਨਸਾਨ ਬਣੋ।
3. ਮਿਠਾਸ, ਹਲੀਮੀ, ਮਧੁਰਤਾ ਅਤੇ ਬੋਲਣ ਦੀ ਕਲਾ
ਵਾਰਤਾਲਾਪ ਵਿੱਚ ਮਾਹਿਰ ਹੋਣਾ ਵੀ ਇੱਕ ਸਫ਼ਲ ਸ਼ਖਸੀਅਤ ਦਾ ਵੱਡਾ ਗੁਣ ਹੈ। ਬੋਲਣਾ ਵੀ ਕਲਾ ਹੈ, ਖੂਬਸੂਰਤ, ਮਿੱਠੇ, ਸਾਹਿਤਕ ਅਤੇ ਕਾਵਿਮਈ ਸ਼ਬਦ ਲੰਬੇ ਸਮੇਂ ਤੱਕ ਪ੍ਰਭਾਵ ਰੱਖਦੇ ਹਨ। ਆਪਸੀ ਵਾਰਤਾਲਾਪ ਵਿੱਚ ਦਿਲਚਸਪੀ ਪੈਦਾ ਕਰਨ ਦੇ ਤੌਰ ਤਰੀਕੇ ਆਉਣੇ ਬਹੁਤ ਜ਼ਰੂਰੀ ਹਨ। ਮੈਂ ਇੱਕ ਮਹਿਫ਼ਲ ਵਿੱਚ ਬੈਠਾ ਸਾਂ। ਇੱਕ ਸਖਸ਼ ਆਇਆ ਅਤੇ ਕਹਿਣ ਲੱਗਾ, ”ਮੈਂ ਤੁਹਾਨੂੰ ਪਸੰਦ ਨਹੀਂ ਕਰਦਾ।” ਮੇਰੇ ਸਮੇਤ ਸਾਰੇ ਬੰਦੇ ਉਸ ਵੱਲ ਹੈਰਾਨੀ ਭਰੀਆਂ ਅੱਖਾਂ ਨਾਲ ਦੇਖ ਹੀ ਰਹੇ ਸਨ ਕਿ ਉਸ ਨੇ ਅਗਲਾ ਵਾਕ ਬੋਲਿਆ ”ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਮੈਂ ਤਾਂ ਤੁਹਾਨੂੰ ਪਿਆਰ ਕਰਦਾ ਹਾਂ।” ਇਉਂ ਇਹ ਵਾਕਾਂ ਦੀ ਚਤੁਰਾਈ ਵਾਰਤਾਲਾਪ ਨੂੰ ਦਿਲਚਸਪ ਬਣਾ ਦਿੰਦੀ ਹੈ। ਵਾਰਤਾਲਾਪ ਨੂੰ ਦਿਲਚਸਪ ਬਣਾਉਣ ਦੇ ਹੋਰ ਵੀ ਅਨੇਕਾਂ ਢੰਗ ਤਰੀਕੇ ਹਨ, ਜਿਵੇਂ ਦਿਲਚਸਪ ਉਦਾਹਾਰਣਾਂ, ਆਪਣੇ ਨੁਕਤਿਆਂ ਨੂੰ ਸਪਸ਼ਟ ਕਰਨ ਲਈ ਵਿਅੰਗ, ਚੁਟਕਲਾ ਅਤੇ ਸ਼ੇਅਰ ਆਦਿ। ਇੱਕ ਗੱਲ ਹ ੋਰ ਵੀ ਮਹੱਤਵਪੂਰਨ ਹੈ ਕਿ ਸੱਚ ਬੋਲਿਆ ਜਾਵੇ ਪਰ ਇਹ ਜਾਣਨਾ ਹੋਰ ਵੀ ਜ਼ਰੂਰੀ ਹੈ ਕਿ ਸੱਚ ਕਿਵੇਂ ਬੋਲਿਆ ਜਾਵੇ। ਬਹੁਤ ਵਾਰ ਅਨਾੜੀ ਲੋਕ ਸੱਚ ਨੂੰ ਸਿੱਧਾ, ਸਪਸ਼ਟ ਅਤੇ ਅਣਆਕਰਸ਼ਿਤ ਢੰਗ ਨਾਲ ਬੋਲ ਦਿੰਦੇ ਹਨ, ਜਿਸਦਾ ਵਿਪਰੀਤ ਅਸਰ ਪੈਂਦਾ ਹੈ। ਉਦਾਹਰਣ ਵਜੋਂ ਕਿਸੇ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਅਜਿਹੇ ਸਮੇਂ ਸਿੱਧਾ ਸੰਚ ਬੋਲਣ ਦੀ ਬਜਾਏ ਸੁਣਨ ਵਾਲੇ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਕਿਸੇ ਨੂੰ ਸਿੱਧੇ ਤੌਰ ‘ਤੇ ਇਹ ਪੁੱਛਣਾ ਕਿ ”ਤੁਹਾਡਾ ਮੁੰਡਾ ਨਸ਼ੇੜੀ ਕਿਵੇਂ ਬਣ ਗਿਆ”? ਗਲਤ ਹੈ। ਜੇ ਤੁਸੀਂ ਕਹੋਗੇ ਕਿ ਅੱਜਕਲ੍ਹ ਮਾੜੀ ਸੰਗਤ ਕਾਰਨ ਚੰਗੇ ਘਰਾਂ ਦੇ ਬੱਚੇ ਵੀ ਬਹੁਤ ਵਾਰ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਰਹੇ ਹਨ। ਤਾਂ ਉਹ ਬੜ ਆਰਾਮ ਨਾਲ ਤੁਹਾਡੀ ਗੱਲ ਦਾ ਹੁੰਗਾਰਾ ਭਰੇਗਾ। ਯਾਦ ਰੱਖੋ, ਚੰਗੀ ਗੱਲਬਾਤ ਵੀ ਅਮੀਰੀ ਹੰਢਾਉਣ ਵਾਂਗ ਹੁੰਦੀ ਹੈ। ਚੰਗੀ ਗੱਲਬਾਤ ਲਈ ਹਜ਼ਾਰਾਂ ਵਿਸ਼ੇ ਹੁੰਦੇ ਹਨ। ਪਰ ”ਅਜਿਹਾ ਕੋਈ ਨਹੀਂ ਹੁੰਦਾ, ਜਿਹੜੇ ਲੰਗੜੇ ਨਾਲ ਟੰਗਾਂ ਦੀਆਂ ਗੱਲਾਂ ਕਰੇ” ਉਕਤ ਚੀਨੀ ਅਖਾਣ ਵਾਰਤਾਲਾਪ ਦੇ ਵਿਸ਼ੇ ਬਾਰੇ ਸੰਕੇਤ ਕਰਦਾ ਹੈ। ਹਮੇਸ਼ਾ ਕੋਸ਼ਿਸ਼ ਕਰੋ ਕਿ ਦੂਸਰਿਆਂ ਦੀ ਦਿਲਚਸਪੀ ਦੇ ਵਿਸ਼ੇ ਬਾਰ ਹੀ ਗੱਲ ਕੀਤੀ ਜਾਵੇ। ਕਿਸ ਦੀ ਸਰੀਰਕ, ਸਮਾਜਿਕ, ਆਰਥਿਕ ਅਤੇ ਮਾਨਸਿਕ ਕਮਜ਼ੋਰੀ ਨੂੰ ਜਾਣੇ ਜਾਂ ਅਣਜਾਣੇ ਨਿਸ਼ਾਨਾ ਬਣਾ ਕੇ ਗੱਲ ਕਰਨੀ ਠੀਕ ਨਹੀਂ ਹੁੰਦੀ। ਸੋ ਮੁਸਕਰਾਉਂਦੇ ਹੋਏ ਚਿਹਰੇ ਨਾਲ ਆਪਣੇ ਬੋਲ ਾਂ ਨਾਲ ਮਿਠਾਸ ਬਿਖੇਰੋ। ਪਿਆਰ ਵੰਡੋ, ਹਾਸੇ ਵੰਡੇ, ਤੁਸੀਂ ਵੇਖੋਗੇ ਕਿ ਲੋਕ ਤੁਹਾਨੂੰ ਪਿਆਰ ਕਰਨਗੇ। ਤੁਹਾਡੇ ਵਿੱਚ ਦਿਲਚਸਪੀ ਲੈਣਗੇ। ਤੁਸੀਂ ਲੋਕਾਂ ਦੇ ਪਿਆਰੇ ਬਣ ਜਾਓਗੇ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218