ਪੰਜਾਬ ‘ਚ ਛੁੱਟੀਆਂ ਘਟਾਉਣਾ ਬਹੁਤ ਜ਼ਰੂਰੀ

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਇੱਕ ਬਹੁਤ ਅਹਿਮ ਨੁਕਤਾ ਉਠਾਉਂਦੇ ਹੋਏ ਕਿਹਾ ਹੈ ਕਿ ਮਹਾਂਪੁਰਖਾਂ ਦੇ ਨਾਂ ‘ਤੇ ਸਕੂਲਾਂ ਵਿੱਚ ਛੁੱਟੀ ਦੀ ਪ੍ਰੰਪਰਾ ਬੰਦ ਹੋਣੀ ਚਾਹੀਦੀ ਹੈ। ਛੁੱਟੀ ਦੀ ਬਜਾਏ ਅਜਿਹੇ ਦਿਨਾਂ ਵਿੱਚ ਬੱਚਿਆਂ ਨੂੰ ਮਹਾਂਪੁਰਖਾਂ ਦੀ ਜੀਵਨੀ ਦੇ  ਬਾਰੇ ਦੱਸਿਆ ਜਾਣਾ ਚਾਹੀਦਾ ਹੈ। ਯੋਗੀ ਦਾ ਸੁਝਾਅ ਹੈ ਕਿ ਮਹਾਂਪੁਰਖਾਂ ਦੀ ਜੈਅੰਤੀ ‘ਤੇ ਸਕੂਲਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਯੋਗੀ ਦੇ ਉਠਾਏ ਇਸ ਨੁਕਤੇ ਬਾਰੇ  ਸਾਨੂੰ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਕੈਲੰਡਰ ਅਨੁਸਾਰ ਪੰਜਾਬ ਵਿੱਚ ਇੱਕ ਸਾਲ ਦੌਰਾਨ 33 ਛੁੱਟੀਆਂ ਹਨ ਅਤੇ 17 ਅਖਤਿਆਰੀ ਛੁੱਟੀਆਂ ਹਨ। ਸਾਡੀਆਂ ਉਚ ਸਿੱਖਿਆ ਸੰਸਥਾਵਾਂ ਵਿੱਚ ਪੰਜ ਦਿਨ ਦਾ ਹਫ਼ਤਾ ਹੁੰਦਾ ਹੈ। ਇਸ ਤਰ੍ਹਾਂ ਐਤਵਾਰ ਅਤੇ ਸ਼ਨਿਚਰਵਾਰ ਦੀਆਂ 106 ਛੁੱਟੀਆਂ ਬਣਦੀਆਂ ਹਨ। ਇਉਂ ਸਾਲ ਵਿੱਚ 156 ਛੁੱਟੀਆਂ ਦਾ ਐਲਾਨ ਕੈਲੰਡਰ ਵਿੱਚ ਕੀਤਾ ਹੋਇਆ ਮਿਲਦਾ ਹੈ। ਇਸ ਤੋਂ ਇਲਾਵਾ ਸ੍ਰੀ ਗਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਦੇ ਪੁਰਵਾਂ ਨਾਲ ਸਬੰਧਤ ਨਗਰ ਕੀਰਤਨਾਂ ਵਿੱਚ ਸ਼ਾਮਲ ਹੋਣ ਲਈ ਅੱਧੇ ਦਿਨ ਦੀ ਛੁੱਟੀ ਦੀ ਵਿਵਸਥਾ ਵੀ ਕੀਤੀ ਗਈ ਹੈ। ਰੱਖੜੀ ਵਾਲੇ ਦਿਨ ਯੂਨੀਵਰਸਿਟੀ 2 ਘੰਟੇ ਦੇਰੀ ਨਾਲ ਲੱਗਣ ਦੀ ਵਿਵਸਥਾ ਹੈ। ਇਨ੍ਹਾਂ ਸਰਕਾਰੀ ਛੁੱਟੀਆਂ ਤੋਂ ਇਲਾਵਾ ਅਚਨਚੇਤੀ, ਕਮਾਈ ਅਤੇ ਡਿਊਟੀ ਲੀਵ ਆਦਿ ਦਾ ਹੱਕ ਵੀ ਕਰਮਚਾਰੀਆਂ ਕੋਲ ਹੈ। ਮੈਂ 1981 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਪੜ੍ਹਾਉਣ ਲੱਗਾ ਅਤੇ 1985 ਵਿੱਚ ਰੈਗੂਲਰ ਹੋ ਗਿਆ ਸੀ। ਆਪਣੇ 35 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਮੈਂ ਕਈ ਵਰ੍ਹੇ ਅਜਿਹੇ ਵੀ ਵੇਖੇ ਜਦੋਂ ਮੈਂ ਪੂਰੇ ਸਾਲ ਦੌਰਾਨ ਕਿਸੇ ਕਿਸਮ ਦੀ ਕੋਈ ਛੁੱਟੀ ਨਹੀਂ ਲਈ। ਇਸਦੇ ਬਾਵਜੂਦ ਮੈਨੂੰ ਅਜੇ ਤੱਕ ਪੂਰੇ 365 ਦਿਨਾਂ ਵਿੱਚੋਂ 120 ਦਿਨਾਂ ਤੋਂ ਵੱਧ ਕੰਮਕਾਜੀ ਦਿਨ ਨਜ਼ਰ ਨਹੀਂ ਆਏ। ਸਰਕਾਰੀ ਛੁੱਟੀਆਂ, ਅਚਨਚੇਤੀ ਛੁੱਟੀਆਂ, ਕਮਾਈ ਛੁੱਟੀਆਂ, ਡਿਊਟੀ ਲੀਵ ਅਤੇ ਹਫ਼ਤਾਵਾਰੀ ਛੁੱਟੀਆਂ ਤੋਂ ਇਲਾਵਾ ਯੂਨੀਵਰਸਿਟੀਆਂ ਵਿੱਚ ਬੱਚਿਆਂ ਵੱਲੋਂ ਮਾਸ ਬੰਕ ਮਾਰਨ ਦਾ ਰਿਵਾਜ਼ ਆਮ ਹੈ ਅਤੇ ਮਹੀਨੇ ਵਿੱਚ ਇੱਕ ਦੋ ਬੰਕ ਵੱਜ ਹੀ ਜਾਂਦੇ ਹਨ। ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕ 10-15 ਦਿਨ ਸਾਲ ਵਿੱਚ ਹੜਤਾਲਾਂ ਖਾ ਜਾਂਦੀਆਂ ਹਨ। ਯੂਨੀਵਰਸਿਟੀ ਦੀ ਜ਼ਿੰਦਗੀ ਹੋਵੇ ਅਤੇ ਫ਼ਿਰ ਦੋਸਤਾਂ ਨਾਲ ਰਲ ਕੇ ਜਨਮ ਦਿਨ ਦਾ ਜਸ਼ਨ ਨਾ ਮਨਾਇਆ ਜਾਵੇ। ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਯੁਵਕ ਮੇਲਿਆਂ ਦੌਰਾਨ ਪੜ੍ਹਾੲ ਦਾ ਕੀ ਕੰਮ, ਇਹ ਤਾਂ ਉਤਸਵ ਮਨਾਉਣ ਦੇ ਦਿਨ ਹੁੰਦੇ ਹਨ। ਇਉਂ ਇੱਕ ਸਮੈਸ਼ਟਰ ਦੇ ਛੇ ਮਹੀਨਿਆਂ ਵਿੱਚ ਪੜ੍ਹਾਈ ਦੇ ਦਿਨ ਤਾਂ ਗਿਣਤੀ ਦੇ ਰਹਿ ਜਾਂਦੇ ਹਨ। ਬਹੁਤ ਸਾਰੇ ਪ੍ਰੋਫ਼ੈਸਰ ਛੁੱਟੀ ‘ਤੇ ਰਹਿੰਦੇ ਹਨ। ਕਦੇ ਡਿਉਟੀ ਲੀਵ ‘ਤੇ ਅਤੇ ਕਦੇ ਅਚਨਚੇਤੀ। ਉਂਝ ਵੀ ਯੂਨੀਵਰਸਿਟੀ ਦੇ ਬਹੁਤ ਵਿਭਾਗਾਂ ਵਿੱਚ 2 ਵਜੇ ਤੋਂ ਬਾਅਦ ਪ੍ਰੋਫ਼ੈਸਰਾਂ ਨੂੰ ਲੱਭਣਾ ਮੁਸ਼ਕਿਲ ਕੰਮ ਹੁੰਦਾ ਹੈ। ਮੁੱਖੀ ਪੱਤਰਕਾਰੀ ਵਿਭਾਗ ਦੇ ਤੌਰ ‘ਤੇ ਜਿੰਨਾ ਮੇਰਾ ਵਿਰੋਧ ਹੁੰਦਾ ਹੈ, ਉਹ ਸਾਡਾ ਛੁੱਟੀ ਨਾ ਦੇਣ ਕਾਰਨ। ਜਦੋਂ ਬਤੌਰ ਡਾਇਰੈਕਟਰ ਆਈ. ਏ. ਐਸ. ਟਰੇਨਿੰਗ ਸੈਂਟਰ, ਮੈਂ ਹਫ਼ਤੇ ਵਿੱਚ ਸੱਤੇ ਦਿਨ ਸੈਂਟਰ ਲਗਾਉਣਾ ਸ਼ੁਰੂ ਕੀਤਾ ਤਾਂ ਸਟਾਫ਼ ਵੱਲੋਂ ਵਿਰੋਧ ਹੋਇਆ ਪਰ ਮੈਂ ਆਪਣੇ ਇਰਾਦੇ ‘ਤੇ ਦ੍ਰਿੜ੍ਹ ਰਿਹਾ ਅਤੇ ਹੁਣ ਹਾਲਾਤ ਇਹ ਹਨ ਕਿ ਪੂਰਾ ਹਫ਼ਤਾ ਆਰਾਮ ਨਾਲ ਕਲਾਸਾਂ ਲੱਗਦੀਆਂ ਹਨ। ਮੈਂ ਆਪਣੇ 35-36 ਸਾਲਾਂ ਦੇ ਤਜਰਬੇ ਦੇ ਆਧਾਰ ‘ਤੇ ਕਹਿ ਸਕਦਾ ਹਾਂ ਕਿ ਜਿੰਨੀਆਂ ਤਨਖਾਹਾਂ ਯੂਨੀਵਰਸਿਟੀ ਪ੍ਰੋਫ਼ੈਸਰਾਂ ਨੂੰ ਮਿਲਦੀਆਂ ਹਨ, ਉਸਦੇ ਬਦਲੇ ਵਿੱਚ ਕੰਮ ਘੱਟ ਅਤੇ ਛੁੱਟੀਆਂ ਮਾਨਣ ਦਾ ਆਨੰਦ ਜ਼ਿਆਦਾ ਹੁੰਦਾ ਹੈ। ਇਹੀ ਹਾਲ ਲੱਗਭੱਗ ਹਰ ਸਰਕਾਰੀ ਅਦਾਰੇ ਦਾ ਹੈ। ਇਹੀ ਕਾਰਨ ਲੋਕ ਸਰਕਾਰੀ ਸਕੂਲਾਂ ਵਿੱਚ ਬੱਚੇ ਨਹੀਂ ਪੜ੍ਹਾਉਣਾ ਚਾਹੁੰਦੇ ਅਤੇ ਨਾ ਹੀ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਾਉਣਾ ਚਾਹੁੰਦੇ ਹਨ ਪਰ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਲਈ ਤਰਲੋਮੱਛੀ ਹੁੰਦੇ ਹਨ।
ਪਿਛਲੇ ਵਰ੍ਹੇ ਮੇਰਾ ਧਿਆਨ ਪੰਜਾਬ ਨੂੰ ਛੁੱਟੀਆਂ ਦਾ ਸੂਬਾ ਬਣਾਉਣ ਵਿਰੁੱਧ ਸਮਾਜ ਸੇਵੀਆਂ ਵੱਲੋਂ ਧਰਨਾ, ਸੁਰਖੀ ਹੇਠ ਸੰਗਰੂਰ ਤੋਂ ਛਪੀ ਇੱਕ ਖਬਰ ਨੇ ਖਿੱਚਿਆ ਸੀ। ਇਹਨਾਂ ਸਮਾਜ ਸੇਵੀਆਂ ਨੇ ਪੰਜਾਬ ਨੂੰ ਛੁੱਟੀਆਂ ਵਾਲਾ ਸੂਬਾ ਬਣਾਉਣ ਵਿਰੁੱਧ ਰੋਸ ਪ੍ਰਗਟ ਕਰਦਿਆਂ ਸਰਕਾਰੀ ਛੁੱਟੀਆਂ ਘਟਾਉਣ ਦੀ ਮੰਗ ਕੀਤੀ। ਉਹਨਾਂ ਮੰਗ ਕੀਤੀ ਸੀ ਕਿ ਸੂਬੇ ਵਿੱਚ ਸਿਰਫ਼ ਪੰਜ ਰਿਜ਼ਰਵ ਛੁੱਟੀਆਂ ਹੀ ਕੀਤੀਆਂ ਜਾਣ ਅਤੇ ਇਹ ਮੁਲਾਜ਼ਮਾਂ ਦੀ ਇੱਛਾ ‘ਤੇ ਛੱਡ ਦਿੱਤਾ ਜਾਵੇ ਕਿ ਉਹ ਕਿਸ ਦਿਨ ਛੁੱਟੀ ਲੈਣਾ ਚਾਹੁੰਦੇ ਹਨ। ਮਹਾਂਪੁਰਖਾਂ ਅਤੇ ਸ਼ਹੀਦਾਂ ਨੂੰ ਸਮਰਪਿਤ ਦਿਨਾਂ ਦੌਰਾਨ ਛੁੱਟੀਆਂ ਕਰਨ ਦੀ ਬਜਾਏ ਦਿਨਾਂ ਦੀ ਮਹੱਤਤਾ ਬਾਰੇ ਦੱਸਿਆ ਜਾਵੇ।
ਯੋਗੀ ਅਦਿੱਤਿਆ ਨਾਥ ਅਤੇ ਇਹ ਸਮਾਜ ਸੇਵੀ ਸੰਸਥਾਵਾਂ ਬਿਲਕੁਲ ਸਹੀ ਤਰਕ ਦੇ ਰਹੀਆਂ ਹਨ। ਜ਼ਿਆਦਾ ਛੁੱਟੀਆਂ ਕਾਰਨ ਸੂਬੇ ਦਾ ਵਿਕਾਸ ਰੁਕ ਜਾਂਦਾ ਹੈ। ਅਸੀਂ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ‘ਤੇ ਰਹਿੰਦੇ ਹਾਂ ਅਤੇ ਜੇ ਅਸੀਂ ਸਾਰੇ ਸ਼ਹੀਦਾਂ ਅਤੇ ਗੁਰੂਆਂ ਦੇ ਨਾਮ ‘ਤੇ ਛੁੱਟੀਆਂ ਕਰਾਂਗੇ ਤਾਂ ‘ਕੰਮ ਸਭਿਆਚਾਰ’ ਪੈਦਾ ਕਰਨ ਤੋਂ ਵਾਂਝੇ ਰਹਿ ਜਾਵਾਂਗੇ। ‘ਕੰਮ ਸਭਿਆਚਾਰ’ ਦੀ ਪਹਿਲਾਂ ਹੀ ਸਾਡੇ ਦੇਸ਼ ਵਿੱਚ ਘਾਟ ਹੈ। ਅਸੀਂ ਆਪਣੀ ਸਮਰੱਥਾ ਅਤੇ ਗੁੰਜਾਇਸ਼ ਤੋਂ ਪਹਿਲਾਂ ਹੀ ਅੱਧ ਤੋਂ ਵੀ ਘੱਟ ਕੰਮ ਕਰਦੇ ਹਾਂ। ਕੰਮ ਦੀ ਜ਼ਿੰਮੇਵਾਰੀ ਤੋਂ ਭੱਜਣਾ ਸਾਡੇ ਸੁਭਾਅ, ਆਚਰਣ ਅਤੇ ਚਰਿੱਤਰ ਦਾ ਹਿੱਸਾ ਬਣ ਗਿਆ ਹੈ। ਛੁੱਟੀਆਂ ਦੀ ਬਹੁਤਾਤ ਨੇ ਸਾਨੂੰ ਆਲਸੀ ਬਣਾ ਦਿੱਤਾ ਹੈ। ਛੁੱਟੀਆਂ ਕਰਨ ਅਤੇ ਛੁੱਟੀਆਂ ਮਾਰਨ ਵਿੱਚ ਅਸੀਂ ਮਾਹਿਰ ਹਾਂ। ਫ਼ਰਲੋ ਮਾਰਨ ਵਿੱਚ ਅਸੀਂ ਮਾਣ ਮਹਿਸੂਸ ਕਰਦੇ ਹਾਂ।
ਸਿਆਸੀ ਲੋਕਾਂ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਕਾਰਨ ਵੋਟਾਂ ਦੇ ਟੁੱਟਣ ਦੇ ਡਰੋਂ ਉਹ ਲੋਕ ਹਿੱਤਾਂ ਪੱਖੀ ਸੁਚੱਜੇ ਫ਼ੈਸਲੇ ਲੈਣ ਤੋਂ ਅਕਸਰ ਖੁੰਝ ਜਾਂਦੇ ਹਨ। ਬਾਦਲ ਸਾਹਿਬ ਤਾਂ ਬਹੁਤੀ ਵਾਰ ਵੋਟਰਾਂ ਨੂੰ ਖੁਸ਼ ਕਰਨ ਲਈ ਥੋੜ੍ਹੀ ਜਿਹੀ ਮੰਗ ਤੋਂ ਬਾਅਦ ਹੀ ਛੁੱਟੀ ਦਾ ਐਲਾਨ ਕਰ ਦਿੰਦੇ ਸਨ। ਇਹ ਗੱਲ ਵੀ ਪੱਕੀ ਹੈ ਕਿ ਛੁੱਟੀਆਂ ਦੀ ਬਹੁਤਾਤ ਨੇ ਸਾਨੂੰ ਆਲਸੀ ਬਣਾ ਕੇ ਰੱਖ ਦਿੱਤਾ ਹੈ। ਅਸੀਂ ਤਾਂ ਕੰਮਕਾਜ ਦੇ ਦਿਨਾਂ ਵਿੱਚ ਵੀ ਕੰਮ ਕਰਨ ਨੂੰ ਤਰਜੀਹ ਦੇਣ ਦੀ ਬਜਾਏ ਵਿਹਲੇ ਬੈਠਣ ਨੂੰ ਤਰਜੀਹ ਦਿੰਦੇ ਹਾਂ। ਦਫ਼ਤਰਾਂ ਵਿੱਚ ਬਾਬੂ ਅਕਸਰ ਲੇਟ ਆਉਂਦੇ ਹਨ। ਲੰਚ ਵੇਲੇ ਅੱਧਾ ਘੰਟਾ ਪਹਿਲਾਂ ਜਾ ਕੇ ਅੱਧਾ ਘੰਟਾ ਦੇਰੀ ਨਾਲ ਆਉਣਾ ਆਪਦੀ ਸ਼ਾਨ ਸਮਝਦੇ ਹਨ। ਇਸੇ ਤਰ੍ਹਾਂ ਪੰਜ ਵਜੇ ਦੀ ਬਜਾਏ ਬਹੁਤੇ ਦਫ਼ਤਰਾਂ ਵਿੱਚ ਬਾਬੂਆਂ ਦੀਆਂ ਕੁਰਸੀਆਂ ਸਾਢੇ ਚਾਰ ਵਜੇ ਹੀ ਖਾਲੀ ਹੋ ਜਾਂਦੀਆਂ ਹਨ। ਛੁੱਟੀ ਸਭਿਆਚਾਰ ਨੇ ਸਾਡੇ ਸਰਕਾਰੀ ਕਰਮਚਾਰੀਆਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਸਾਡੇ ਲਈ ਕੰਮ ਧਰਮ ਨਹੀਂ ਰਿਹਾ। ਕਰਮ ਧਰਮ ਦੇ ਵੇਲੇ ਲੱਦ ਗਏ। ਵਿਹਲੇ ਰਹਿਣਾ ਸਾਡਾ ਸ਼ੁਗਲ ਹੈ ਅਤੇ ਛੁੱਟੀਆਂ ਮਾਰਨਾ ਸਾਡਾ ਹੱਕ ਬਣਦਾ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਜਾਪਾਨ ਵਿੱਚ ਪੰਜ ਦਿਨਾਂ ਦੇ ਹਫ਼ਤੇ ਦਾ ਰਿਵਾਜ਼ ਆਰੰਭ ਕੀਤਾ ਗਿਆ ਤਾਂ ਜਾਪਾਨੀਆਂ ਨੇ ਇਸਦਾ ਵਿਰੋਧ ਕੀਤਾ ਸੀ। ਇਸ ਦੇ ਉਲਟ ਸਾਡੇ ਦੇਸ਼ ਵਿੱਚ ਪੰਜ ਦਿਨਾਂ ਦੇ ਹਫ਼ਤੇ ਲਈ ਹੜਤਾਲਾਂ ਹੁੰਦੀਆਂ ਵੇਖੀਆਂ ਜਾ ਸਕਦੀਆਂ ਹਨ।
ਹਿਦੋਸਤਾਨ ਨੂੰ ਖਾਸ ਤੌਰ ‘ਤੇ ਪੰਜਾਬ ਨੂੰ ਛੁੱਟੀ ਸਭਿਆਚਾਰ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ। ਹਿਦੂ, ਸਿੱਖ ਅਤੇ ਮੁਸਲਮਾਨਾਂ ਦੇ ਦੋ ਚਾਰ ਵਿਸ਼ੇਸ਼ ਤਿਉਹਰਾਂ ਨੂੰ ਛੱਡ ਕੇ ਬਾਕੀ ਦਿਨਾਂ ‘ਤੇ ਛੁੱਟੀ ਕਰਨ ਦਾ ਪ੍ਰਚਲਨ ਬੰਦ ਹੋਣਾ ਚਾਹੀਦਾ ਹੈ। ਦੁਸ਼ਹਿਰਾ, ਦੀਵਾਲੀ, ਈਦ, ਵਿਸਾਖੀ, ਰਾਮਨੌਮੀ, ਗੁਰੂ ਨਾਨਕ ਦੇਵ ਗੁਰਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਵਾਂ ਨੂੰ ਛੱਡ ਕੇ ਬਾਕੀ ਦਿਨਾਂ ਨੂੰ ਸਕੂਲਾਂ-ਕਾਲਜਾਂ ਵਿੱਚ ਕੁਝ ਸਮੇਂ ਲਈ ਮਨਾ ਕੇ, ਬਾਕੀ ਸਮੇਂ ਨੂੰ ਕੰਮਕਾਜੀ ਬਣਾਉਣਾ ਚਾਹੀਦਾ ਹੈ। ਹੋਰ ਵਿਸ਼ੇਸ਼ ਦਿਨਾਂ ‘ਤੇ ਜੇਕਰ ਕੋਈ ਵਿਅਕਤੀ ਛੁੱਟੀ ਲੈਣੀ ਚਾਹੁੰਦਾ ਹੈ ਤਾਂ ਇਹ ਛੁੱਟੀ ਸਮੂਹਕ ਨਾ ਹੋ ਕੇ ਉਸਦੀ ਨਿੱਜੀ ਛੁੱਟੀ ਮੰਨੀ ਜਾਣੀ ਚਾਹੀਦੀ ਹੈ। ਬਹੁਤ ਵਾਰ ਵੇਖਿਆ ਗਿਆ ਹੈ ਕਿ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਅੱਧੇ ਦਿਨ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ। ਇਹ ਚਲਨ ਵੀ ਬੰਦ ਹੋਣਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਨਗਰ ਕੀਰਤਨ ਵਿੱਚ ਸ਼ਾਮਲ ਹੋਣਾ ਚਾਹੇ ਤਾਂ ਉਹ ਆਪਣੀ ਨਿੱਜੀ ਛੁੱਟੀ ਲੈ ਕੇ ਸ਼ਾਮਲ ਹੋਵੇ। ਪ੍ਰਾਈਵੇਟ  ਅਦਾਰਿਆਂ ਦੀ ਤਰ੍ਹਾਂ ਛੁੱਟੀਆਂ ਨੂੰ ਤਨਖਾਹ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ। ਸਰਕਾਰਾਂ ਨੂੰ ਹਰ ਧਰਮ ਅਤੇ ਅਕੀਦੇ ਦੇ ਲੋਕਾਂ ਨੂੰ ਖੁਸ਼ ਕਰਨ ਲਈ ਛੁੱਟੀ ਸਭਿਆਚਾਰ ਨੂੰ ਬੜਾਵਾ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜੇਕਰ ਪੰਜਾਬ ਨੂੰ ਸੱਚਮੁਚ ਹੀ ਤਰੱਕੀ ਦੀ ਰਾਹ ‘ਤੇ ਲੈ  ਕੇ ਜਾਣ ਦਾ ਮਨ ਬਣਾ ਲਿਆ ਹੈ ਤਾਂ ਪੰਜਾਬ ਵਿੱਚ ਕੰਮ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਕੰਮ ਸਭਿਆਚਾਰ ਦਾ ਮਾਹੌਲ ਸਿਰਜਣ ਲਈ ਛੁੱਟੀ ਸਭਿਆਚਾਰ ਨੂੰ ਛੁਟਿਆਉਣਾ ਪਵੇਗਾ।
ਜਦੋਂ ਕੋਈ ਦੇਸ਼ ਜਾਂ ਪਰਿਵਾਰ ਤਰੱਕੀ ਕਰਦਾ ਹੈ ਤਾਂ ਉਸ ਲਈ ਵਿਕਾਸ ਦਾ ਇੱਕ ਵਾਤਾਵਰਣ ਪੈਦਾ ਕਰਨਾ ਜ਼ਰੂਰੀ ਹੁੰਦਾ ਹੈ। ਵਿਕਾਸ ਦੇ ਵਾਤਾਵਰਣ ਲਈ ਕੰਮ ਸਭਿਆਚਾਰ ਦਾ ਵਾਤਾਵਰਣ ਸਿਰਜਣਾ ਜ਼ਰੂਰੀ ਹੋ ਜਾਂਦਾ ਹੈ। ਇਹ ਕੰਮ ਸਾਡੇ ਅਧਿਆਪਕ ਅਤੇ ਮਾਪੇ ਕਰ ਸਕਦੇ ਹਨ ਪਰ ਇਹ ਦੋਵੇਂ ਧਿਰਾਂ ਉਦੋਂ ਹੀ ਇਹ ਮਾਹੌਲ ਤਿਆਰ ਕਰਨ ਵਿੱਚ ਕਾਮਯਾਬ ਹੋ ਸਕਦੀਆਂ ਹਨ, ਜਦੋਂ ਉਹਨਾਂ ਦੇ ਆਚਰਣ ਵਿੱਚ ਕੰਮ ਕਰਨ ਦੀ ਬਿਰਤੀ ਹੋਵੇਗੀ। ਵਿਕਾਸ ਦਾ ਵਾਤਾਵਰਣ ਬਣਾਉਣ ਲਈ ਸਰਕਾਰਾਂ, ਸਿੱਖਿਆ ਸੰਸਥਾਵਾਂ ਅਤੇ ਹੋਰ ਸਾਰੀਆਂ ਧਿਰਾਂ ਨੂੰ ਹਿੰਮਤ ਅਤੇ ਇੱਛਾ ਸ਼ਕਤੀ ਵਿਖਾਉਣੀ ਪਵੇਗੀ। ਇਸ ਲਈ ਸਰਕਾਰਾਂ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਾਂਗ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਪੱਖੋਂ ਪਹਿਲ ਕਰਨੀ ਚਾਹੀਦੀ ਹੈ। ਕੈਪਟਨ ਸਾਹਿਬ ਨੂੰ ਗੈਰ ਜ਼ਰੂਰੀ ਛੁੱਟੀਆਂ ਘਟਾਉਣੀਆਂ ਚਾਹੀਦੀਆਂ ਹਨ। ਜੇ ਰਾਜਨੀਤਿਕ ਮਜਬੂਰੀ ਕਾਰਨ ਘਟਾ ਨਹੀਂ ਸਕਦੇ ਤਾਂ ਘੱਟੋ ਘੱਟ ਬਾਦਲ ਸਾਹਿਬ ਵਾਂਗ ਹਰ  ਛੋੱਟੇ-ਵੱਡੇ ਲੀਡਰ ਦੇ ਮਰਨ ‘ਤੇ ਅਤੇ ਵੱਖ ਵੱਖ ਜਾਤਾਂ ਨਾਲ ਸਬੰਧਤ ਗੁਰੂਆਂ, ਦੇਵਤਿਆਂ ਅਤੇ ਨੇਤਾਵਾਂ ਦੇ ਨਾਮ ‘ਤੇ ਛੁੱਟੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਿਸੇ ਵੀ ਗੁਰੂ, ਪੀਰ ਅਤੇ ਦੇਵਤਾ ਨੇ ਮਨੁੱਖ ਨੂੰ ਹੱਥੀਂ ਕੰਮ ਕਰਨ ਤੋਂ ਨਹੀਂ ਰੋਕਿਆ, ਸਗੋਂ ਉਨ੍ਹਾਂ ਨੇ ਬਾਬਾ ਨਾਨਕ ਵਾਂਗ ਕਿਰਤ ਕਰਕੇ ਦਾਨ ਕਰਨ ਦੀ ਨਸੀਹਤ ਕੀਤੀ ਹੈ। ਕੈਪਟਨ ਸਾਹਿਬ, ਇਹ ਸਮੇਂ ਦੀ ਮੰਗ ਹੈ ਕਿ ਆਰਥਿਕ ਤੌਰ ‘ਤੇ ਪੱਛੜ ਰਹੇ ਪੰਜਾਬ ਵਿੱਚ ਕਿਰਤ ਸਭਿਆਚਾਰ ਨੂੰ ਮੁੜ ਪ੍ਰਫ਼ੁੱਲਿਤ ਕੀਤਾ ਜਾਵੇ। ਆਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਉਹਨਾਂ ਦੀ ਸਰਕਾਰ ਪੰਜਾਬ ਨੂੰ ‘ਛੁੱਟੀਆਂ ਦਾ ਸੂਬਾ’ ਨਹੀਂ ਰਹਿਣ ਦੇਵੇਗੀ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218