ਹਰ ਉਮਰ ‘ਚ ਰੱਖਿਆ ਜਾ ਸਕਦੈ ੳਤਸਾਹ ਕਾਇਮ

 ”ਮੈਂ ਅੱਜਕਲ੍ਹ ਬਹੁਤ ਉਦਾਸ, ਅਸ਼ਾਂਤ ਅਤੇ ਬੇਚੈਨ ਰਹਿੰਦਾ ਹਾਂ। ਮੇਰੀ ਤਾਂ ਜਾਣੋ ਹੋਂਦ ਹੀ ਸਮਾਪਤ ਹੋ ਗਈ ਹੈ। ਹਸਤੀ ਹੀ ਮਿਟ ਗਈ ਹੈ। ਕੱਲ੍ਹ ਤੱਕ ਮੈਂ ਕਿੰਨਾ ਕਿਰਿਆਸ਼ੀਲ ਸੀ। ਰੁੱਝਿਆ ਹੋਇਆ ਸੀ। ਬੱਸ ਅਚਾਨਕ ਹੀ ਮੇਰੀ ਮਸ਼ਰੂਫ਼ੀਅਤ ਖਤਮ ਹੋ ਗਈ। ਮੇਰੀ ਤਾਂ  ਉਤਰਜੀਵਤਾ ‘ਤੇ ਸਵਾਲੀਆ ਨਿਸ਼ਾਨ ਹੀ ਲੱਗ ਗਿਆ। ਮੈਂ ਤਾਂ ਬਹੁਤ ਨਕਾਰਾਤਮਕ ਬਿਰਤੀ ਦਾ ਮਾਲਕ ਬਣ ਗਿਆ ਹ ਾਂ।” ਇਸ ਕਿਸਮ ਦੀ ਇਬਾਰਤ ਵਾਲੀ ਇਕ ਮੇਲ ਮੇਰੇ ਇਕ ਕਰੀਬੀ ਦੋਸਤ ਦੀ ਮੈਨੂੰ ਪ੍ਰਾਪਤ ਹੋਈ ਹੈ, ਜੋ 60 ਵਰ੍ਹਿਆਂ ਦੀ ਨੌਕਰੀ ਤੋਂ ਬਾਅਦ ਰਿਟਾਇਰ ਹੋਇਆ ਹੈ। ਇਸ ਤ੍ਹਾਂ ਦੀ ਮਾਨਸਿਕ ਅਵਸਥਾ ਵਾਲਾ ਮੇਰਾ ਦੋਸਤ ਇਕੱਲਾ ਨਹੀਂ ਸਗੋਂ ਹਜ਼ਾਰਾਂ ਸੇਵਾ ਮੁਕਤ ਹੋਏ ਇਨਸਾਨ ਅਜਿਹੀ ਨਿਖੇਧਾਤਮਕ ਬਿਰਤੀ ਵਾਲੇ ਬਣ ਜਾਂਦੇ ਹਨ। ਨੌਕਰੀ ਤੋਂ ਵਿਹਲੇ ਹੋ ਕੇ ਜਾਂ ਉਮਰ ਦੇ ਛੇ ਦਹਾਕੇ ਪਾਰ ਕਰਕੇ ਉਹ ਸੋਚਣ ਲੱਗਦੇ ਹਨ ਕਿ ਬੱਸ ਹੁਣ ਅੰਤ ਨੇੜੇ ਹੈ।’ ਉਨ੍ਹਾਂ ਵਿਚੋਂ ਬਹੁਤਿਆਂ ਦੇ ਮਨ ਵਿਚ ਉਦਾਸੀ ਦਾ ਆਲਮ ਇੰਨਾ ਜ਼ਿਆਦਾ ਭਾਰੂ ਹੋ ਜਾਂਦਾ ਹੈ ਕਿ ਜੀਵਨ ਦਾ ਉਤਸਾਹ ਖੋ ਬੈਠਦੇ ਹਨ।
ਅਜਿਹੀ ਅਵਸਥਾ ਅਤੇ ਮਾਨਸਿਕ ਸਥਿਤੀ ਉਸ ਵੇਲੇ ਵਾਪਰਦੀ ਹੈ ਜਦੋਂ ਅਸੀਂ ਸਕਾਰਾਤਮਕ ਸੋਚ ਦੇ ਧਾਰਨੀ ਨਹੀਂ ਹੁੰਦੇ। ਸਕਾਰਾਤਮਕ ਅਤੇ ਪ੍ਰਤੱਖਵਾਦੀ ਲੋਕ ਹਮੇਸ਼ਾ ਆਸ਼ਾਵਾਦੀ ਹੁੰਦੇ ਹਨ। ਉਮਰ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੀ। ਉਹ ਹਮੇਸ਼ਾ ਫ਼ੁਰਤੀਲੇ ਅਤੇ ਕਿਰਿਆਸ਼ੀਲ ਰਹਿੰਦੇ ਹਨ। ਉਮਰ ਦੇ ਹਰ ਪੜਾਅ ਲਈ ਉਨ੍ਹਾਂ ਕੋਲ ਕੋਈ ਲਕਸ਼ ਹੁੰਦਾ ਹੈ। ਉਹ ਆਪਣੇ ਲਕਸ਼ ਦੀ ਪੂਰਤੀ ਲਈ ਮਸ਼ਰੂਫ਼ ਰਹਿੰਦੇ ਹਨ। ਅਜਿਹੇ ਲੋਕਾਂ ਉਪਰ ਵਧਦੀ ਉਮਰ ਦਾ ਅਸਰ ਨਹੀਂ ਹੁੰਦਾ। ਦੂਜੇ ਪਾਸੇ ਨਕਾਰਾਤਮਕ ਸੋਚ ਵਾਲੇ ਲੋਕ ਵਧਦੀ ਉਮਰ ਨਾਲ ਸਰੀਰਕ ਤੌਰ ‘ਤੇ ਕਮਜ਼ੋਰ ਹੋਣਾ ਸ਼ੁਰੂ ਕਰ ਦਿੰਦੇ ਹਨ। ਥਕਾਵਟ ਉਹਨਾਂ ਨੂੰ ਕੰਮ ਕਰਨ ਤੋਂ ਵਰਜਦੀ ਹੈ। ਉਹ ਆਰਾਮ ਦੀ ਲੋੜ ਮਹਿਸੂਸ ਕਰਨ ਲੱਗਦੇ ਹਨ। ਜਿਹੇ ਨਕਾਰਾਤਮਕ ਲੋਕਾਂ ਦੀ ਸੋਚ ਕਹਿੰਦੀ ਹੈ ਕਿ ਹੁਣ ਬੱਚੇ ਆਪਣੇ-ਆਪਣੇ ਕਾਰੇ ਲੱਗ ਗਏ ਹਨ। ਖਾਣ-ਪੀਣ ਜੋਗੀ ਪੈਨਸ਼ਨ ਆ ਜਾਂਦੀ ਹੈ ਜਾਂ ਬਿਜਨਸ ਠੀਕ ਚੱਲ ਰਿਹਾ ਹੈ। ਹੁਣ ਦੁਨੀਆਂ ਦੀ ਮੋਹ ਮਾਇਆ ਤੋਂ ਨਾਤਾ ਤੋੜਨ ਦਾ ਵਕਤ ਆ ਗਿਆ ਹੈ। ਵਿਹਲੇ ਰਹਿਣ ਕਾਰਨ ਅਜਿਹੇ ਲੋਕਾਂ ਦਾ ਵਕਤ ਨਹੀਂ ਲੰਘਦਾ। ਖਾਲੀ ਮਨ ਮਸਤਕ ਵਿਚ ਹੋਰ ਨਿਖੇਧਾਤਮਕ ਵਿਚਾਰ ਘਰ ਕਰ ਜਾਂਦੇ ਹਨ। ਉਦਾਸੀ ਘੇਰ ਲੈਂਦੀ ਹੈ। ਬਿਮਾਰ ਰਹਿਣਾ ਸ਼ੁਰੂ ਕਰ ਦਿੰਦੇ ਹਨ। ਇਹੀ ਕਾਰਨ ਹੈ ਕਿ ਬਜ਼ੁਰਗ ਬਿਮਾਰ ਅਤੇ ਦੁਖੀ ਰਹਿਣਾ ਸ਼ੁਰੂ ਕਰ ਦਿੰਦੇ ਹਨ।
ਸਚਾਈ ਤਾਂ ਇਹ ਹੈ ਕਿ ਉਮਰ ਕਦੇ  ਵੀ ਤੁਹਾਡੀ ਜ਼ਿੰਦਗੀ ਵਿਚ ਰੋੜਾ ਨਹੀਂ ਬਣ ਸਕਦੀ। ਕਿਸੇ ਵੀ ਉਮਰ ਵਿਚ ਕੋਈ ਵੀ ਸੁਪਨਾ ਸਿਰਜਿਆ ਜਾ ਸਕਦਾ ਹੈ ਅਤੇ ਕੋਈ ਟੀਚਾ ਮਿੱਥ ਕੇ ਪੂਰਾ ਕੀਤਾ ਜਾ ਸਕਦਾ ਹੈ। ਅਮਰੀਕਾ ਵਿਚ ਰਹਿੰਦੇ ਭਾਰਤੀ ਅਧਿਆਤਮਕ ਗੁਰੂ ਸ੍ਰੀ ਚਿਨਮਯ 67 ਸਾਲ ਦੀ ਉਮਰ ਵਿਚ ਵੇਟ ਲਿਫ਼ਟਿੰਗ ਦੇ ਪਿੜ ਵਿਚ ਨਿੱਤਰੇ। 27 ਨਵੰਬਰ 1998 ਨੂੰ ਇਕ ਪ੍ਰਸਿੱਧ ਐਥਲੀਟ ਸਣੇ ਇਕ ਹਾਥੀ ਨੂੰ ਚੁੱਕਿਆ। ਉਸੇ ਦਿਨ ਉਨ੍ਹਾਂ ਨੇ ਵੇਟ ਲਿਫ਼ਟਿੰਗ ਦੇ 65 ਵੱਖੋ ਵੱਖ ਕਰਤੱਬ ਦਿਖਾਏ। ਬਿਲ ਪਰਲ ਨੇ ਕਿਹਾ, ‘ਜਿੱਥੇ ਕਿਤੇ ਵੀ ਇਹ ਸ਼ਖਸ ਜਾਂਦਾ ਹੈ, ਤੁਹਾਡੇ ਮੇਰੇ ਵਰਗਿਆਂ ਲਈ ਪੈੜਾਂ ਪਾਉਂਦਾ ਜਾਂਦਾ ਹੈ।’ ਸੰਨ 2000 ਵਿਚ ਸ੍ਰੀ ਚਿਨਮਯ ਨੇ ਕਿੰਨੇ ਹੀ ਨਵੇਂ ਕੀਰਤੀਮਾਨ ਸਥਾਪਤ ਕੀਤੇ। 1300 ਪੌਂਡ ਭਾਰੇ ਡੰਬਲ-ਡੰਬਲ ਖੜਵੇਂ ਚੁੱਕਣਾ। 77 ਪੌਂਡ ਭਾਰੇ ਡੰਬਲ ਬੈਂਚ ਪ੍ਰੈਸ, ਬੈਠੇ ਵੱਛੇ ਨੂੰ ਚੁੱਕਣਾ ਆਦਿ। ਸੰਨ 2004 ਵਿਚ 72 ਸਾਲ ਦੀ ਉਮਰ ਵਿਚ ਉਹਨਾਂ ਨੇ ਨਵੇਂ ਵਿਅਕਤੀਗਤ ਰਿਕਾਰਡ ਬਣਾਏ। 7 ਮਈ 2005 ਨੂੰ ਉਨ੍ਹਾਂ ਨੇ 1400 ਪੌਂਡ ਭਾਰਾ ਡਬਲ ਡੰਬਲ ਵਿਚ ਬਹਿ ਕੇ ਚੁੱਕਿਆ। ਤਿੰਨ ਵਾਰ ਮਿਸਟਰ ਉਲੰਪੀਆ ਅਤੇ ਇਕ ਵਾਰ ਮਿਸਟਰ ਯੂਨੀਵਰਸ ਰਹਿ ਚੁੱਕੇ ਫ਼ਰੈਂਕ ਜ਼ੇਨ ਕਹਿੰਦੇ ਹਨ ‘ਸ੍ਰੀ ਚਿਨਮਯ ਦਾ ਉਦੇਸ਼ ਹਰੇਕ ਵਿਅਕਤੀ ਨੂੰ ਬਿਨਾਂ ਉਮਰ ਦੀ ਪਰਵਾਹ ਕੀਤੇ ਆਪਣੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਨਾ ਹੈ।’
ਸ੍ਰੀ ਚਿਨਮਯ ਵਾਂਗ ਹੀ ਜਾਪਾਨੀ ਔਰਤ ਤਮਾਏ ਵਾਤਨਪੇ ਦੀ ਉਦਾਹਰਣ ਲਈ ਜਾ ਸਕਦੀ ਹੈ, ਜਿਸਨੇ 73 ਸਾਲ ਦੀ ਉਮਰ ਵਿਚ ਐਵਰੈਸਟ ਫ਼ਤਿਹ ਕਰਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਤਪਾਏ ਨੇ ਇਸ ਤੋਂ ਪਹਿਲਾਂ 63 ਸਾਲ ਦੀ ਉਮਰ ਵਿਚ ਮਾਊਂਟ ਐਵਰੈਸਟ ਦੀ ਚੋਟੀ ਸਰ ਕੀਤੀ ਸੀ। ਉਸਨੇ ਇਹ ਕਾਰਨਾਮਾ ਸੰਨ 2002 ਵਿਚ ਕੀਤਾ ਸੀ। ਇਸ ਕਸਮ ਦਾ ਇਹ ਕਾਰਨਾਮਾ 2003 ਵਿਚ ਨੇਪਾਲ ਦੇ ਮਿਨ ਬਹਾਦਰ ਨੇ 77 ਸਾਲ ਦੀ ਉਮਰ ਵਿਚ ਕੀਤਾ ਸੀ। ਭਾਰਤ ਦੀ ਇਕ 48 ਵਰ੍ਹਿਆਂ ਦੀ ਔਰਤ ਜੋ ਦੋ ਬੱਚਿਆਂ ਦੀ ਮਾਂ ਸੀ, ਨੇ 20 ਮਈ, 2011 ਨੂੰ ਮਾਉਂਟ ਐਵਰੈਸਟ ਦੀ ਚੋਟੀ ਨੂੰ ਸਰ ਕੀਤਾ ਸੀ। ਉਕਤ ਉਦਾਹਰਣਾਂ ਇਹ ਦਰਸਾਉਣ ਲਈ ਕਾਫ਼ੀ ਹਨ ਕਿ ਵਧਦੀ ਉਮਰ ਨਾਲ ਸਰੀਰਕ ਸਮਰੱਥਾ ‘ਤੇ ਜ਼ਰੂਰੀ ਨਹੀਂ ਕਿ ਭੈੜਾ ਅਸਰ ਪਵੇ। ਬੱਸ ਜੇ ਤੁਸੀਂ ਮਾਨਸਿਕ ਤੌਰ ‘ਤੇ ਸਕਾਰਾਤਮਕ ਹੋ ਅਤੇ ਮਨ ਵਿਚ ਕੁਝ ਵੱਡਾ ਕੰਮ ਕਰਨ ਦਾ ਲਕਸ਼ ਹੈ ਤਾਂ ਕਾਮਯਾਬੀ ਤੁਹਾਡੀ ਹੋਵੇਗੀ।
ਅਜਿਹਾ ਸਿਰਫ਼ ਖੇਡ ਦੇ  ਮੈਦਾਨ ਵਿਚ ਹੀ ਨਹੀਂ ਵਾਪਰਦਾ ਸਗੋਂ ਹਰ ਖੇਤਰ ਵਿਚ ਅਜਿਹਾ ਵਾਪਰ ਸਕਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 93 ਸਾਲ ਦੀ ਉਮਰ ਵਿਚ ਵਿਧਾਇਕ ਦੀ ਚੋਣ ਜਿੱਤੇ ਹਨ ਅਤੇ ਸਿਆਸਤ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 70 ਸਾਲ ਦੀ ਉਮਰ ਵਿਚ ਰਾਸ਼ਟਰਪਤੀ ਦੀ ਚੋਣ ਜਿੱਤੀ। ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਰਾਸ਼ਟਰਪਤੀ ਰੀਗਨ 70 ਸਾਲਾਂ ਦੀ ਉਮਰ ਵਿਚ ਰਾਸ਼ਟਰਪਤੀ ਦੀ ਚੋਣ ਜਿੱਤ ਜਾਂਦੇ ਸਨ। ਵਾਲਟ  ਡਿਜ਼ਨੀ ਨੇ ਕਈ ਅਸਫ਼ਲਤਾਵਾ ਤੋਂ ਬਾਅਦ ਡਿਜ਼ਨੀਲੈਂਡ ਦੀ ਸਥਾਪਨਾ 59 ਸਾਲ ਦੀ ਉਮਰ ਵਿਚ ਕੀਤੀ ਸੀ। ਕੇਟੰਕੀ ਫ਼ਰਾਇਡ ਚਿਕਨ ਸ਼ੁਰੂ ਕਰਨ ਵਾਲੇ ਹਰਲੇਨ ਸੈਂਡਰਸ ਨੇ 60 ਸਾਲ ਦੀ ਉਮਰ ਵਿਚ ਆਪਣਾ ਧੰਦਾ ਸ਼ੁਰੂ ਕੀਤਾ ਸੀ। 87 ਡਾਲਰਾਂ ਨਾਲ ਸ਼ੁਰੂ ਕੀਤਾ ਗਿਆ ਇਹ ਧੰਦਾ ਹੁਣ ਅਰਬਾਂ ਡਾਲਰਾਂ ਤੱਕ ਫ਼ੈਲ ਚੁੱਕਾ ਹੈ।
ਪਹਿਲੇ ਵਿਸ਼ਵ ਯੁੱਧ ਵਿਚ ਫ਼ਰਾਂਸ ਵਿਖੇ ਇਕ ਐਂਬੂਲੈਂਸ ਡਰਾਈਵਰ ਰੇ ਕ੍ਰਾਕ ਨੇ ਆਪਣੀ ਜ਼ਿੰਦਗੀ ਵਿਚ ਕਈ ਅਸਫ਼ਲ ਬਿਜਨਸ ਕੀਤੇ ਸਨ। ਉਸਨੇ ਫ਼ਲੋਰੀਡਾ ਵਿਖੇ ਪਲਾਟ ਵੇਚਣ ਦਾ ਧੰਦਾ ਕੀਤਾ ਪਰ ਜ਼ਿਆਦਾ ਸਫ਼ਲ ਨਹੀਂ ਹੋ ਸਕਿਆ। ਫ਼ਿਰ ਉਸਨੇ ਫ਼ਰੈਡਲਿੰਗ ਬੈਂਡ ਵਿਚ ਪਿਆਨੋ ਵਜਾਉਣ ਦੀ ਕੋਸ਼ਿਬ ਕੀਤੀ। ਫ਼ਿਰ ਉਹ ਇਕ ਕੰਪਨੀ ਵਿਚ ਸੇਲਜ਼ਮੈਨ ਦੇ ਤੌਰ ‘ਤੇ ਕੰਮ ਕਰਨ ਲੱਗਾ ਪਰ ਜ਼ਿਆਦਾ ਕਾਮਯਾਬ ਨਹੀਂ ਹੋਇਆ। ਅਸਫ਼ਲਤਾਵਾਂ ਉਸਦੇ ਸੁਪਨੇ ਨਹੀਂ ਭੰਗ ਕਰ ਸਕੀਆਂ। ਉਹ ਲਗਾਤਾਰ ਯਤਨਸ਼ੀਲ ਰਿਹਾ। ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਉਸਨੇ ਮਲਟੀ ਮਿਕਸਚਰਜ਼ ਵੇਚਣ ਲਈ ਆਪਣੀ ਕੰਪਨੀ ਬਣਾਈ।
ਇਉਂ ਰੇ ਕ੍ਰਾਕ ਆਪਣੀ ਉਮਰ ਦੇ ਪਹਿਲੇ 53 ਵਰ੍ਹੇ ਲਗਾਤਾਰ ਸੰਘਰਸ਼ ਕਰਦਾ ਰਿਹਾ। 53 ਸਾਲ ਦੀ ਉਮਰ ਵਿਚ ਉਸਦੀ ਮਿਹਨਤ ਨੂੰ ਫ਼ਲ ਮਿਲਿਆ। ਉਸਨੇ ਮੈਕਡਾਨਲਡ ਭਰਾਵਾਂ ਤੋਂ ਮੈਕਡਾਨਲਡ ਦੇ ਅਧਿਕਾਰ ਖਰੀਦੇ ਅਤੇ ਰੈਸਟੋਰੈਂਟ ਚਲਾਉਣਾ ਸ਼ੁਰੂ ਕੀਤਾ। ਵੇਖਦੇ ਵੇਖਦੇ ਮੈਕਡਾਨਲਡ ਰੈਸਟੋਰੈਂਟ ਸਾਰੀ ਦੁਨੀਆਂ ਵਿਚ ਫ਼ੈਲ ਗਏ ਅਤੇ ਰੇ ਕ੍ਰਾਕ ਅਰਬਾਂ ਦਾ ਮਾਲਕ ਬਣਿਆ। ਸਿੰਗਾਪੁਰ ਵਿਚ ਰਹਿ ਰਹੇ ਭਾਰਤੀ ਉਦਮੀ ਡਾ. ਦਾਦੀ ਬਲਸਾਰਾ ਨੇ ਮਾਉਂਟ ਐਵਰੈਸਟ ਮਿਨਰਲ ਵਾਟਰ ਵੇਚਣ ਦਾ ਧੰਦਾ 40 ਵਰ੍ਹਿਆਂ ਦੀ ਉਮਰ ਵਿਚ ਸ਼ੁਰੂ ਕੀਤਾ ਸੀ।
ਇਸ ਤਰ੍ਹਾਂ ਦੀਆਂ ਹਜ਼ਾਰਾਂ ਉਦਾਹਰਣਾਂ ਇਹ ਸਿੱਧ ਕਰਨ ਲਈ ਵੇਖੀਆਂ ਜਾ ਸਕਦੀਆਂ ਹਨ ਕਿ ਉਮਰ ਨਾਲੋਂ ਬੰਦੇ ਦੀ ਸੋਚ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਜੇ ਮਨ ਵਿਚ ਕੁਝ ਕਰਨ ਦੀ ਇੱਛਾ ਹੋਵੇ ਅਤੇ ਫ਼ੈਸਲਾ ਲੈਣ ਦੀ ਹਿੰਮਤ ਹੋਵੇ ਤਾਂ ਕਿਸੇ ਵੀ ਉਮਰ ਵਿਚ ਕੋਈ ਵੀ ਲਕਸ਼ ਪ੍ਰਾਪਤ ਕੀਤਾ ਜਾ ਸਕਦਾ ਹੈ। ਜ਼ਰੂਰਤ ਹਮੇਸ਼ਾ ਸਕਾਰਾਤਮਕ ਸੋਚ ਦੇ ਧਾਰਨੀ ਬਣਨ ਦੀ ਹੈ।
ਯਾਦ ਤੇਰੀ ਦਾ ਚੰਦਨ ਬੂਟਾ ਜਿੰਦੜ ਦੇ ਵਿਚ ਮਹਿਕੇ
ਅੱਜ ਫ਼ੇਰ ਤੂੰ ਬਹੁਤ ਯਾਦ ਆਇਆ। ਅੱਜ ਫ਼ੇਰ ਦਿਲ ਨੇ ਰੂਹ ਦਾ ਗੀਤ ਗਾਇਆ। ਅੱਜ ਫ਼ੇਰ ਰੂਹਾਂ ਦੇ ਸਾਕ ਦੀ ਗੱਲ ਹੋਈ। ਰੂਹਾਂ ਦਾ ਸਾਕ ਹੁੰਦਾ ਹੈ ਪਾਕਿ। ਪਾਕ ਸਾਕ ਹੀ ਹੁੰਦਾ ਹੈ, ਰੂਹਾਂ ਦਾ ਸਾਕ। ਇਸੇ ਸਾਕ ਨੇ ਮੇਰੇ ਹਨੇਰਿਆਂ ਨੂੰ ਰੋਸ਼ਨ ਕੀਤਾ ਸੀ ਅਤੇ ਮੇਰੀ ਜ਼ਿੰਦਗੀ ਨੂੰ ਮਹਿਕਣ ਲਾ ਦਿੱਤਾ ਸੀ। ‘ਰਾਤ ਹਨੇਰੀ, ਬੱਦਲ ਅੰਬਰੀਂ, ਕੋਈ ਕੋਈ ਤਾਰਾ ਟਹਿਕੇ। ਯਾਦ ਤੇਰੀ ਦਾ ਚੰਦਨ ਬੂਟਾ, ਜਿੰਦੜੀ ਦੇ ਵਿਚ ਮਹਿਕੇ। ਤੇਰਿਆਂ ਨੈਣਾਂ ‘ਚੋਂ ਪਹਿਚਾਣਿਆ ਸੀ ਮੈਂ ਆਪਣੇ ਆਪ ਨੂੰ। ਤੇਰਿਆਂ ਨੈਣਾਂ ‘ਚ ਪਹਿਚਾਣ ਦੀ ਲੋਅ ਵਗਦੀ ਸੀ ਕਦੇ। ਉਸੇ ਲੋਅ ਨੇ ਮੈਨੂੰ ਜ਼ਿੰਦਗੀ ਦੇ ਬਿਖੜੇ ਰਾਹਾਂ ‘ਚ ਰਾਹ ਦਿਖਾਇਆ ਸੀ। ਤੂੰ ਤਾਂ ਮੇਰੇ ਸਾਹਾਂ ‘ਚ ਵੱਸ ਗਿਆ। ਤੇਰੇ ਬੋਲਣ ਨਾਲ ਫ਼ੁੱਲ ਖਿੜਨ ਲੱਗਦੇ। ਤੇਰਾ ਮੁਸਕਰਾਉਣਾ ਮਹਿਕ ਮਹਿਕ ਕਰ ਦਿੰਦਾ ਸਾਰੀ ਕਾਇਨਾਤ ‘ਚ। ਤੇਰੀ ਤਾਂ ਖਾਮੋਸ਼ੀ ਵੀ ਗੁਣਗਣਾਉਂਦੀ ਸੀ।
ਤੂੰ ਫ਼ੁੱਲ ਵੀ ਹੈ ਅਤੇ ਖੁਸ਼ਬੂ ਵੀ ਹੈ। ਤੂੰ ਖੁਦਾ ਦੀ ਖੁਦਾਈ ਵੀ। ਤੂੰ ਜੇ ਵਸਲ ਹੈ ਤਾਂ ਜੁਦਾਈ ਵੀ। ਤੂੰ ਗੀਤ ਵੀ ਹੈ, ਆਵਾਜ਼ ਵੀ ਹੈ। ਤੂੰ ਸੰਗੀਤ ਵੀ ਹੈ ਅਤੇ ਸਾਜ ਵੀ। ਤੂੰ ਖੁਦਾ ਵੀ ਹੈ ਇਬਾਦਤ ਵੀ। ਇਹ ਦਿਲ ਦੇ ਰਿਸ਼ਤਿਆਂ ਦੀ ਦਾਸਤਾਂ ਹੈ। ਸਾਹਿਰ ਲੁਧਿਆਣਵੀ ਦੇ ਹਵਾਲੇ ਨਾਲ ਤੈਨੂੰ ਪੁੱਛਿਆ ਸੀ:
ਪਿਆਰ ਪਰ ਬੱਸ ਤੋਂ ਨਹੀਂ ਹੈ ਮੇਰਾ ਲੇਕਿਨ ਫ਼ਿਰ ਭੀ
ਤੂੰ ਬਤਾ ਦੇ ਕਿ ਤੁਝੇ ਪਿਆ ਕਰੂੰ, ਯਾ ਨਾ ਕਰੂੰ
ਤੂੰ ਨੇ ਖੁਦ ਆਪਨੇ ਤਬੱਸੁਮ ਸੇ ਜਗਾਯਾ ਹੈ ਜਿਨੇ
ਉਨ ਤਮੰਨਾਉਂ ਕਾ ਇਜ਼ਹਾਰ ਕਰੂੰ ਯਾ ਨਾ ਕਰੂੰ।
ਤੂੰ ਹੱਸ ਕੇ ਕਿਹਾ ਸੀ ‘ਹਾਣੀਆਂ ਜੋ ਦਿਲ ਕਰਦੈ। ਕਰ ਲੈ। ਪਰ ਯਾਦ ਰੱਖੀਂ ‘ਜੇ ਹੋਵੇ ਸਿਦਕ ਵਿਚ ਕਾਮਲ ਤਾਂ ਮੋਹ ਵਰਦਾਨ ਬਣ ਜਾਂਦੈ। ਲਗਨ ਐਸੀ ਰਸਾਇਣ ਹੈ ਸਫ਼ਲ ਇਨਸਾਨ ਬਣ ਜਾਂਦੈ।” ਮੈਂ ਤੇਰਾ ਇਸ਼ਾਰਾ ਸਮਝ ਗਿਆ ਸੀ ਅਤੇ ਕਿਹਾ ਸੀ:
ਸਮਾਧਾਂ ਖਾਨਗਾਹਾਂ ਤੇ ਨੇ ਲੋਕੀਂ ਬਾਲਦੇ ਦੀਵੇ,
ਜੋ ਬਲਦਾ ਆਪ ਹੈ ਉਹ ਸਮੇਂ ਦਾ ਸੁਲਤਾਨ ਬਣ ਜਾਂਦੈ।
ਬੱਸ ਮੈਂ ਬਿਖੜ ਰਾਹਾਂ ਦਾ ਰਾਹੀ ਬਣ ਗਿਆ। ਤੇਰੇ ਨਾਲ ਕੀਤੇ ਵਾਅਦੇ ਨੂੰ ਸਾਰੀ ਉਮਰ ਪਗਾਉਣ ਦਾ ਦਾਅਵਾ ਕਰ ਲਿਆ। ਮੁਹੱਬਤ ਨਾਲ ਦਿਲ ਵਿਚ ਅਜਿਹਾ ਉਜਾਲਾ ਹੋਇਆ ਜਿਵੇਂ ਖੁਦ ਖੁਦਾ ਘਰ ਵਿਚ ਆ ਕੇ ਰਹਿਣ ਲੱਗਾ ਹੋਵੇ। ਇਉਂ ਜਾਪਣ ਲੱਗਾ ਕਿ ਹੁਣ ਤਾਂ ਮੰਜ਼ਿਲ ‘ਤੇ ਜਾ ਕੇ ਹੀ ਦਮ ਲਵਾਂਗੇ। ਬੱਸ ਉਸੇ ਦਿਨ ਤੋਂ ਸਫ਼ਰ ਜਾਰੀ ਹੈ। ਨ੍ਹੇਰੇ ਦੇ ਵਿਚ ਸੇਧ ਵਿਖਾਵ, ਬਿਰਤੀ ਕੁਤਬਨੁਮਾ। ਹਰ ਔਕੜਾ ‘ਚੋਂ ਪਾਰ ਲੰਘਾਵੇ, ਸਾਗਰ ਵੀ ਅਸਗਾਹ। ਜ਼ਿੰਦਗੀ ਦੇ ਸਫ਼ਰ ਦੀਆਂ ਔਕੜਾਂ, ਕਠਿਨਾਈਆਂ ਅਤੇ ਮੁਸ਼ਕਿਲਾਂ ਨੂੰ ਪੂਰੇ ਜ਼ੇਰੇ ਤੇ ਹਿੰਮਤ ਨਾਲ ਜ਼ਰਦਾ ਹੋਇਆ ਅੱਗੇ ਵਧਣ ਦੀ ਲਗਨ ਨਾਲ ਲੱਗਿਆ ਹੋਇਆ ਹਾਂ:
ਸਰਦ ਹਵਾਵਾਂ ਠੱਗਾ ਬਣਕ ਜਾਮ ਕਰਦੀਆਂ ਕਦਮਾਂ ਨੂੰ
ਟੀਸੀ ਤੀਕਣ ਚੁੱਕ ਲਿਜਾਂਦੀ, ਸੀਨੇ ਦੇ ਵਿਚ ਬਲਦੀ ਅੱਗ
ਇਸ ਤੋਂ ਸ਼ਕਤੀ ਲੈ ਜੋ ਤੁਰਦੇ, ਵਾਹੋ ਦਾਹੀ ਮੰਜ਼ਿਲ ਨੂੰ,
ਫ਼ਿਰ ਲੱਖਾਂ ਦੀ ਢਾਣੀ ਆਪੇ, ਰਲ ਜਾਂਦੀ ਏ ਕਦਮਾਂ ਸੰਗ
ਗੁਰੂ ਅਤੇ ਮਿੱਤਰ ਹਮਰਾਹੀ ਦੇ ਉਕਤ ਬੋਲ ਮੇਰੇ ਅਹਿਸਾਸਾਂ ਨੂੰ ਜ਼ੁਬਾਨ ਦੇ ਰਹੇ ਨੇ। ਪਰ ਅੱਜ ਪਤਾ ਨਹੀਂ ਤੂੰ ਮੈਨੂੰ ਕਿਉਂ ਬਹੁਤ ਯਾਦ ਆਇਆ। ਮੈਂ ਤਰੀ ਯਾਦ ਨੂੰ ਸੀਨੇ ਨਾਲ ਲਾਇਆ ਅਤੇ ਤੈਨੂੰ ਤੇਰੇ ਬੋਲ ਯਾਦ ਕਰਵਾਏ ਕਿ ਆਪਣਾ ਸਾਕ ਤਾਂ ਪਾਕਿ ਹੈ ਅਤੇ ਪਾਕਿ ਤਾਂ ਰੂਹਾਂ ਦਾ ਸਾਕ ਹੁੰਦੈ ਅਤੇ ਸਾਡਾ ਤਾਂ ਰੂਹਾਂ ਦਾ ਸਾਕ ਹੈ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218