Month: June 2017

ਪ੍ਰਵਾਸੀ ਮਾਮਲਿਆਂ ਸਬੰਧੀ ਇੱਕ ਵੱਖਰਾ ਮੰਤਰਾਲਾ ਹੋਵੇ

ਪ੍ਰਵਾਸੀ ਮਾਮਲਿਆਂ ਸਬੰਧੀ ਇੱਕ ਵੱਖਰਾ ਮੰਤਰਾਲਾ ਹੋਵੇ
ਪੰਜਾਬ ਦੇ ਵਿੱਤ ਮੰਤਰੀ ਨੇ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਪਰਵਾਸੀ ਪੰਜਾਬੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਬਜਟ ਸਪੀਚ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਗੈਰ-ਪ੍ਰਵਾਸੀ ਭਾਰਤੀ ਮਾਮਲੇ ਅਧੀਨ ‘ਫ਼ਰੈਡਜ਼ ਆਫ਼ ਪੰਜਾਬ ਚੀਫ਼ ਮਨਿਸਟਰਜ਼ ਗਰੀਮਾ ਗ੍ਰਾਮ ਯੋਜਨਾ’ ਸਿਰਲੇਖ ਹੇਠਾਂ ਲਿਖਿਆ ਹੈ ਕਿ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਆਪਣੀ ਸਖਤ ਮਿਹਨਤ, ਸਮਰਪਣ ਅਤੇ ਪ੍ਰਤੀਬੱਧਤਾ ਦੀਆਂ ਭਾਵਨਾਵਾਂ ਨਾਲ ਜੀਵਨ ਦੇ ਹਰੇਕ ਖੇਤਰ ਵਿੱਚ ਵਿਦੇਸ਼ੀ ਧਰਤੀ ਉਪਰ ਸਫ਼ਲਤਾ ਪੂਰਵਕ ਆਪਣੇ ਆਪ ਨੂੰ ਸਥਾਪਤ ਕੀਤਾ ਹੈ। ਇਹਨਾਂ ਪੰਜਾਬੀਆਂ ਨੇ ਨਾ ਕੇਵਲ ਰਾਜ ਅਤੇ ਕੌਮੀ ਆਰਥਿਕਤਾ ਦੀ ਸਹਾਇਤਾ ਕੀਤੀ ਹੈ ਬਲਕਿ ਬਹੁਤ ਸਾਰੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਨਾਮਣਾ ਖੱਟਿਆ ਹੈ। ਸਾਡੇ ਬਹੁਤ ਸਾਰੇ ਐਨ. ਆਰ. ਆਈ. ਭਰਾ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਨਾਲ ਸੰਪਰਕ ਕਰਨਾ ਲੋਚਦੇ ਹਨ। ਇਸ ਲਈ ਰਾਜ ਸਰਕਾਰ ਨੇ ‘ਫ਼ਰੈਂਡਜ਼ ਆਫ਼ ਪੰਜਾਬ’ ਨਾਂ ਦੀ ਸਕੀਮ ਸ਼ੁਰੂ ਕਰਕੇ ਪਹਿਲਕਦਮੀ ਕੀਤੀ ਹੈ। ਇਸ ਸਕੀਮ ਅਧੀਨ ਐਨ. ਆਰ. ਆਈਜ਼ ਨੂੰ ਉਹਨਾਂ ਦੇ ਪਿੰਡਾਂ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਸਾਲ ਦੌਰਾਨ ਇਸ ਸਕੀਮ ਨੂੰ ਅਮਲ ਵਿੱਚ ਲਿਆਉਣ ਲਈ ਉਚਿਤ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦਾ ਦਾਅਵਾ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਬਹੁਤ ਸਾਰੇ ਐਨ. ਆਰ. ਆਈਜ਼ ਜਾਂ ਤਾਂ ਆਪਣੀ ਸੰਪਤੀ ਕਾਰਨ ਜਾਂ ਹੋਰ ਮਾਮਲਿਆਂ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ। ਐਨ. ਆਰ. ਆਈ. ਸਾਲ ਦੌਰਾਨ ਥੋੜ੍ਹੇ ਸਮੇਂ ਲਈ ਆਪਣੇ ਸੂਬੇ ਵਿੱਚ ਆਉਂਦੇ ਹਨ ਅਤੇ ਉਹ ਵਧੇਰੇ ਲੰਮਾ ਸਮਾਂ ਇੱਥੇ ਨਹੀਂ ਰਹਿ ਸਕਦੇ। ਉਹਨਾਂ ਦੀਆਂ ਸਮੱਸਿਆਵਾਂ ਪ੍ਰਭਾਵਕਾਰੀ ਢੰਗ ਨਾਲ ਸਮਾਂਬੱਧ ਤਰੀਕੇ ਨਾਲ ਨਿਪਟਾਉਣ ਦੇ ਉਦੇਸ਼ ਲਈ ਰਾਜ ਸਰਕਾਰ ਐਨ. ਆਰ. ਆਈਜ਼ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪ੍ਰਵਾਸੀ ਮਾਮਲਿਆਂ ਵਾਸਤੇ ਲੋਕਪਾਲ ਸਥਾਪਤ ਕਰਨ ਲਈ ਇੱਕ ਨਵਾਂ ਕਾਨੂੰਨ ਲਿਆ ਰਹੀ ਹੈ। ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਰਾਜ ਸਰਕਾਰ ਸੂਬੇ ਵਿੱਚ ਪ੍ਰਵਾਸੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਰਾਜ ਵਿੱਚ ਕਾਨੂੰਨ ਦਾ ਰਾਜ ਯਕੀਨੀ ਬਣਾਉਣ ਅਤੇ ਨਿਆਂ ਦੀ ਸੁਖਾਲੀ ਅਤੇ ਤੁਰੰਤ ਸਪੁਰਦਗੀ ਲਈ ਐਨ. ਆਰ. ਆਈਜ਼ ਦੀਆਂ ਸੰਪਤੀਆਂ ਦੀ ਸੁਰੱਖਿਆ ਲਈ ‘ਐਨ. ਆਰ. ਆਈ. ਪ੍ਰਾਪਰਟੀ ਸੇਫ਼ ਗਾਰਡਜ਼ ਐਕਟ’ ਬਣਾਉਣ ਦੀ ਤਜਵੀਜ਼ ਰੱਖਦੀ ਹੈ।
ਪੰਜਾਬ ਦੇ ਵਿੱਤ ਮੰਤਰੀ ਦੇ ਉਕਤ ਬਿਆਨ ਅਤੇ ਪ੍ਰਵਾਸੀਆਂ ਨੂੰ ਵਿਸ਼ਵਾਸ ਕਰਨਾ ਇਸ ਲਈ ਮੁਸ਼ਕਿਲ ਹੈ ਕਿਉਂਕਿ ਕਾਂਗਰਸ ਅਤੇ ਅਕਾਲੀਆਂ ਦੀਆਂ ਪਿਛਲੀਆਂ ਸਰਕਾਰਾਂ ਸਮੇਂ ਵੀ ਇਸ ਕਿਸਮ ਦੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ। ਐਨ. ਆਰ. ਆਈ. ਥਾਣੇ ਅਤੇ ਐਨ. ਆਰ. ਆਈ. ਪਟਵਾਰਖਾਨਿਆਂ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਸੀ। ਨਾ ਥਾਣਿਆਂ ਨੇ ਇਨਸਾਫ਼ ਦਿੱਤਾ ਅਤੇ ਨਾ ਹੀ ਮਹਿਕਮਾ ਮਾਲ ਦੇ ਕਰਮਚਾਰੀਆਂ ਅਤੇ ਅਫ਼ਸਰਾਂ ਨੇ। ਪਰਵਾਸੀਆਂ ਨੂੰ ਸਰਕਾਰਾਂ ਨੇ ਵੀ ਲੁੱਟਿਆ ਤੇ ਸ਼ਰੀਕੇਬਾਜ਼ਾਂ ਨੇ ਵੀ। ਪਰਵਾਸੀਆਂ ਦੀਆਂ ਜਾਇਦਾਦਾਂ ‘ਤੇ ਕਬਜ਼ੇ ਕਰਨ ਵਾਲਿਆਂ ਵਿੱਚ ਉਹਨਾਂ ਦੇ ਸਕੇ ਸਬੰਧੀ ਵੀ ਹੁੰਦੇ ਹਨ; ਸ਼ਰੀਕੇ ਵਾਲੇ ਵੀ ਅਤੇ ਸਵਾਰਥੀ ਸੋਚ ਰੱਖਣ ਵਾਲੇ ਸੱਤਾਧਾਰੀ ਵੀ। ਮਨਪ੍ਰੀਤ ਬਾਦਲ ਨੇ ਲੋਕਪਾਲ ਅਤੇ ਨਵੇਂ ਕਾਨੂੰਨ ਬਣਾਉਣ ਦੀ ਗੱਲ ਕੀਤੀ ਹੈ, ਪਰ ਸਵਾਲ ਇਹ ਉਠਦਾ ਹੈ ਕਿ ਮੌਜੂਦਾ ਕਾਨੂੰਨ ਅਨੁਸਾਰ ਕਿੰਨੇ ਕੁ ਅਜਿਹੇ ਲੋਕਾਂ ਨੂੰ ਸਜ਼ਾ ਦਿੱਤੀ ਗਈ ਜਿਹਨਾਂ ਨੇ ਪਰਵਾਸੀਆਂ ਦੀਆਂ ਜਾਇਦਾਦਾਂ ‘ਤੇ ਕਬਜ਼ਾ ਕੀਤਾ ਹੈ? ‘ਫ਼ਰੈਂਡਜ਼ ਔਫ਼ ਪੰਜਾਬ’ ਸਕੀਮ ਤਾਂ ਪਰਵਾਸੀਆਂ ਨਾਲ ਕੀਤਾ ਗਿਆ ਇਕ ਹੋਰ ਵੀ ਭੱਦਾ ਮਜ਼ਾਕ ਹੈ। ਇਸ ਸਕੀਮ ਲਈ ਗੱਲਾਂ ਦਾ ਕੜਾਹ ਹੀ ਬਣਾਇਆ ਗਿਆ ਹੈ। ਬਜਟ ਵਿੱਚ ਪੈਸੇ ਦੀ ਕੋਈ ਯੋਜਨਾ ਨਹੀਂ ਦੱਸੀ ਗਈ। ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਸਮੇਂ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ, ਪਰ ਉਹ ਕਦੇ ਵੀ ਵਫ਼ਾ ਨਹੀਂ ਹੋਏ।ਇਸੇ ਕਾਰਨ ਪਰਵਾਸੀ ਇਹਨਾਂ ਦੋਹਾਂ ਪਾਰਟੀਆਂ ਤੋਂ ਬੁਰੀ ਤਰ੍ਹਾਂ ਦੂਰ ਹੋ ਗਏ। ਭਾਵੇਂ ਪੰਜਾਬ ਦੇ ਵਿਤ ਮੰਤਰੀ ਨੇ ਇਸ ਵਾਰ ਗੋਂਗਲੂਆਂ ਤੋਂ ਮਿੰਟੀ ਝਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦਾ ਵਿਪਰੀਤ ਪ੍ਰਭਾਵ ਹੀ ਨਜ਼ਰ ਆਇਆ ਹੈ।
ਜੇ ਸਰਕਾਰ ਪਰਵਾਸੀਆਂ ਲਈ ਸੱਚਮੁਚ ਹੀ ਕੁਝ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਵਿੱਚ ਪਰਵਾਸੀ ਮਾਮਲਿਆਂ ਬਾਰੇ ਇੱਕ ਵੱਖਰਾ ਮੰਤਰਾਲਾ ਹੋਣਾ ਚਾਹੀਦਾ ਹੈ। ਇਹ ਮੰਤਰਾਲਾ ਪਰਵਾਸੀਆਂ ਦੀਆਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰੇ ਅਤੇ ਉਹਨਾਂ ਦੇ ਸਮਾਧਾਨ ਲਈ ਉਚੇਚੇ ਯਤਨ ਕਰੇ। ਜਾਇਦਾਦਾਂ ਦੇ ਮਸਲੇ, ਫ਼ਰਾਡ ਵਿਆਹਾਂ ਦੇ ਮਸਲੇ, ਦੋਹਰੀ ਨਾਗਰਿਕਤਾ, ਨਸਲੀ ਵਿਤਕਰੇ ਸਬੰਧੀ ਮਸਲੇ ਅਤੇ ਪੰਜਾਬ ਵਿੱਚ ਨਿਵੇਸ਼ ਸਬੰਧੀ ਮਸਲਿਆਂ ਦੇ ਹੱਲ ਇਹ ਪਰਵਾਸੀ ਮੰਤਰਾਲਾ ਕਰੇ। ਜੇ ਕੈਪਟਨ ਅਮਰਿੰਦਰ ਸਿੰਘ ਪਰਵਾਸੀ ਪੰਜਾਬੀਆਂ ਲਈ ਕੁਝ ਅਮਲੀ ਰੂਪ ਵਿੱਚ ਕਰਨਾ ਚਾਹੁੰਦੇ ਹਨ ਤਾਂ ਤੁਰੰਤ ਪਰਵਾਸੀ ਮਾਮਲਿਆਂ ਨਾਲ ਸਬੰਧਤ ਮੰਤਰਾਲਾ ਬਣਾਉਣ ਅਤੇ ਇੱਕ ਕੈਬਨਿਟ ਰੈਂਕ ਦੇ ਮੰਤਰੀ ਨੂੰ ਇਹਨਾਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਨ ਦੀ ਜ਼ਿੰਮੇਵਾਰੀ ਸੌਂਪੇ।
ਸਿਯਾਸਤ ਕੀ ਅਪਨੀ, ਅਲੱਗ ਇੱਕ ਜਬਾਂ ਹੈ ਪੰਜਾਬ ਦੀ ਸਿਆਸਤ ਵਿੱਚ ਮੰਚ ਉਤੇ ਅਤੇ ਮੰਚ ਦੇ ਪਿੱਛੇ ਬੜਾ ਕੁਝ ਅਜਿਹਾ ਵਾਪਰ ਰਿਹਾ ਹੈ, ਜਿਸਦੇ ਦੂਰਗਾਮੀ ਨਤੀਜੇ ਵੇਖੇ ਜਾ ਸਕਦੇ ਹਨ। ਵਿਧਾਨ ਸਭਾ ਵਿੱਚ ਵਾਪਰੀਆਂ ਘਟਨਾਵਾਂ ਨੇ ਸੰਸਦੀ ਸਿਸ਼ਟਾਚਾਰ ਦਾ ਅਜਿਹਾ ਘਾਣ ਕੀਤਾ ਕਿ ਇਹ ਦਿਨ ਸੱਚਮੁਚ ਹੀ ਪੰਜਾਬ ਦੇ ਲੋਕਤੰਤਰ ਦਾ ਕਾਲਾ ਦਿਨ ਹੋ ਨਿੱਬੜਿਆ। ਸਪੀਕਰ ਦੇ ਹੁਕਮ ਨੂੰ ਮਾਰਸ਼ਲਾਂ ਨੇ ਫ਼ੌਜੀਆਂ ਵਾਂਗ ਮੰਨਿਆ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਨਾ ਸਿਰਫ਼ ਖਿੱਚ ਧੂਹ ਕੀਤੀ ਬਲਕਿ ਕਈਆਂ ਨੂੰ ਹਸਪਤਾਲ ਪਹੁੰਚਾ ਦਿੱਤਾ। ਦੁੱਖ ਇਸ ਗੱਲ ਦਾ ਵੀ ਹੈ ਕਿ ਇਹ ਤਮਾਸ਼ਾ ਪੰਜਾਬ ਦੇ ਮੁੱਖ ਮੰਤਰੀ ਅਤੇ ਸੱਤਾਧਾਰੀਆਂ ਦੀ ਨਿਗਾਹ ਸਾਹਮਣੇ ਹੋਇਆ ਅਤੇ ਮਾਣ ਮਰਿਆਦਾ ਮਿੱਟੀ ਵਿੱਚ ਰੁਲਦੀ ਰਹੀ ਅਤੇ ਉਹ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ‘ਆਪ’ ਦੇ ਵਿਧਾਇਕਾਂ ਦੇ ਵਿਵਹਾਰ ਤੋਂ ਸਪਸ਼ਟ ਹੋ ਗਿਆ ਕਿ ਉਹ ਅਜੇ ਸੰਸਦੀ ਨਿਯਮਾਂ ਅਤੇ ਕਾਇਦੇ-ਕਾਨੂੰਨਾਂ ਤੋਂ ਪੂਰੀ ਤਰ੍ਹਾਂ ਵਾਕਫ਼ ਨਹੀਂ ਹਨ। ਉਹਨਾਂ ਦੀ ਭਾਵਨਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਉਹ ਘਾਗ ਸਿਆਸਤਦਾਨਾਂ ਦੀ ਖੇਡ ਨਾ ਸਮਝ ਸਕੇ ਅਤੇ ਉਕਸਾਵੇ ਵਿੱਚ ਆ ਕੇ ਉਤੇਜਨਾ ਅਤੇ ਕ੍ਰੋਧ ਦਾ ਪ੍ਰਗਟਾਵਾ ਕਰਨ ਲੱਗੇ। ਇਹੀ ਤਾਂ ਹਾਕਮ ਪਾਰਟੀ ਚਾਹੁੰਦੀ ਸੀ। ਸੱਤਾਧਾਰੀਆਂ ਨੂੰ ਇਸ ਗੱਲ ਦਾ ਇਲਮ ਸੀ ਕਿ ਵਿਰੋਧੀ ਧਿਰ ਦੇ ਇਲਜ਼ਾਮਾਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਅਤੇ ਉਹ ਅਜਿਹਾ ਮਾਹੌਲ ਬਣਾ ਕੇ ਪ੍ਰੇਸ਼ਾਨੀ ਅਤੇ ਨਮੋਸ਼ੀ ਤੋਂ ਬਚਣਾ ਚਾਹੁੰਦੇ ਸਨ।ਪੰਜਾਬ ਦੀ ਅਸੈਂਬਲੀ ਵਿੱਚ ਹੋਏ ਇਸ ਘਟਨਾਕ੍ਰਮ ਨੇ ਸਪੀਕਰ ਰਾਣਾ ਕੇ. ਪੀ. ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵਾਂ ਦੇ ਅਕਸ ਨੂੰ ਠੇਸ ਪਹੰਚਾਈ ਹੈ। ਸੁਖਬੀਰ ਬਾਦਲ ਵਾਲੀ ਤੀਜੀ ਧਿਰ ਨੇ ਇਸ ਮੌਕੇ ਦਾ ਖੂਬ ਫ਼ਾਇਦਾ ਉਠਾਇਆ ਹੈ। ਕਮਾਲ ਇਹ ਹੈ ਕਿ ਸਮੁੱਚੇ ਬਜਟ ਸੈਸ਼ਨ ਦੌਰਾਨ ਸੁਖਬੀਰ ਬਾਦਲ ਦੇ ਨਿਸ਼ਾਨੇ ‘ਤੇ ਮਨਪ੍ਰੀਤ ਬਾਦਲ ਹੀ ਰਿਹਾ। ਅਕਾਲੀ ਪ੍ਰਧਾਨ ਨੇ ਅਸਿੱਧੇ ਤਰੀਕੇ ਨਾਲ ਕਿਸਾਨਾਂ ਲਈ ਘੱਟ ਪੈਸੇ ਰੱਖਣ ਦੀ ਜ਼ਿੰਮੇਵਾਰੀ ਵਿੱਤ ਮੰਤਰੀ ਦੇ ਗਲ ਮੜ੍ਹੀ ਹੈ ਨਾ ਕਿ ਮੁੱਖ ਮੰਤਰੀ ਦੇ। ਸੁਖਬੀਰ ਬਾਦਲ ਨੇ ਜਿੱਥੇ ਮਨਪ੍ਰੀਤ ਬਾਦਲ ‘ਤੇ ਤਿੱਖੇ ਹਮਲੇ ਕੀਤੇ ਹਨ, ਉਥੇ ਲੋਕਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਮਨਪ੍ਰੀਤ ਦੇ ਤਿੱਖੇ ਮਤਭੇਦ ਹਨ ਅਤੇ ਇਸ ਲਈ ਮੁੱਖ ਮੰਤਰੀ ਬਜਟ ਦੀ ਪੇਸ਼ਕਾਰੀ ਸਮੇਂ ਹਾਜ਼ਰ ਨਹੀਂ ਸਨ। ਅਕਾਲੀ ਪ੍ਰਧਾਨ ਨੇ ਮੀਡੀਆ ਵਿੱਚ ਵਾਰ ਵਾਰ ਸਪੀਕਰ ਨੂੰ ‘ਗੁੰਡੇ’ ਲਕਬ ਨਾਲ ਸੰਬੋਧਨ ਕੀਤਾ ਪਰ ਆਪਣੇ ਸ਼ਬਦੀ ਬਾਣਾਂ ਦਾ ਮੂੰਹ ਕੈਪਟਨ ਅਮਰਿੰਦਰ ਸਿੰਘ ਵੱਲ ਘੱਟ ਹੀ ਕੀਤਾ ਹੈ। ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ‘ਆਪ’ ਪ੍ਰਤੀ ਹੇਜ਼ ਜਾਗਿਆ ਅਤੇ ਇੱਕ ਵਿਧਾਇੱਕ ਦੀ ਦਸਤਾਰ ਨੂੰ ਸਤਿਕਾਰ ਸਹਿਤ ਚੁੱਕੀ ਆਉਂਦੇ ਨੂੰ ਪੀ. ਟੀ. ਸੀ. ਨੇ ਵਾਰ-ਵਾਰ ਦਿਖਾਇਆ।
ਉਧਰ ‘ਆਪ’ ਦੀ ਲੜਾਈ ਵਿੱਚ ਵਿਰੋਧੀ ਧਿਰ ਦੇ ਨੇਤਾ ਐੱਚ. ਐੱਸ. ਫ਼ੂਲਕਾ ਅਤੇ ਮੀਤ ਪ੍ਰਧਾਨ ਅਮਨ ਅਰੋੜਾ ਹੀ ਜ਼ਿਆਦਾ ਸਰਗਰਮ ਨਜ਼ਰ ਆਏ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਚੁੱਪ ਭਰੀ ਗ਼ੈਰ ਹਾਜ਼ਰੀ ਵੱਡੇ ਸਵਾਲ ਖੜ੍ਹੇ ਕਰਦੀ ਹੈ। ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਸਟਰੈਚਰਾਂ ‘ਤੇ ਪਾ ਕੇ ਹਸਪਤਾਲ ਦਾਖ਼ਲ ਕਰਾਉਣਾ ਪਿਆ, ਪਰ ਭਗਵੰਤ ਮਾਨ ਅਜੇ ਤਕ ਪਤਾ ਲੈਣ ਨਹੀਂ ਗਏ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਉਸ ਦਿਨ ਆਪਣੇ ਸਾਥੀਆਂ ਸਮੇਤ ਹਸਪਤਾਲ ਪਹੁੰਚ ਗਏ ਸਨ। ਪ੍ਰਦੇਸ਼ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਔਖੀ ਘੜੀ ਵਿੱਚ ਆਪਣੇ ਵਿਧਾਇਕਾਂ ਨਾਲ ਖੜ੍ਹਦੇ।
ਇਹਨਾਂ ਦਿਨਾਂ ਵਿੱਚ ਇੱਕ ਹੋਰ ਸਿਆਸੀ ਸਾਂਝ ਚਰਚਾ ਦਾ ਵਿਸ਼ਾ ਬਣ ਰਹੀ ਹੈ, ਉਹ ਹੈ ਨਵਜੋਤ ਸਿੰਘ ਸਿੱਘੂ ਅਤੇ ਮਨਪ੍ਰੀਤ ਸਿੰਘ ਬਾਦਲ ਦਰਮਿਆਨ। ਸਿੱਧੂ ਅਤੇ ਬਾਦਲ ਦੀ ਜੋੜੀ ਹਰ ਥਾਂ ਨਾ ਸਿਰਫ਼ ਇੱਕੱਠੀ ਦਿਖਾਈ ਦਿੰਦੀ ਹੈ, ਬਲਕਿ ਇੱਕੋ ਸੁਰ ਵਿੱਚ ਬੋਲਦੇ ਵੀ ਸੁਣਾਈ ਦਿੰਦੇ ਹਨ। ਈਦ ਦੇ ਮੌਕੇ ਇਹ ਜੋੜੀ ਮਲੇਰਕੋਟਲਾ ਵਿਖੇ ਮੁਸਲਮਾਨ ਭਰਾਵਾਂ ਨੂੰ ਈਦ ਮੁਬਾਰਕ ਦੇ ਨਾਲ ਨਾਲ ਵੱਡੇ ਐਾਨ ਵੀ ਕਰ ਗਈ। ਸੋਸ਼ਲ ਮੀਡੀਆ ਵਿੱਚ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਤੇਜ਼ੀ ਨਾਲ ਘੁੰਮ ਰਹੀ ਹੈ। ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ਨੂੰ ਉਪਰੋਂ ਰਾਹੁਲ ਗਾਂਧੀ ਦਾ ਆਸ਼ੀਰਵਾਦ ਪ੍ਰਾਪਤ ਹੈ। ਇਹ ਦੋਵੇਂ ਮੰਤਰੀ ਹਨ ਜੋ ਮੁੱਖ ਮੰਤਰੀ ਨਾਲੋਂ ਜੇ ਵੱਧ ਨਹੀਂ ਤਾਂ ਮੀਡੀਆ ਵਿੱਚ ਘੱਟ ਵੀ ਨਹੀਂ ਛਾਏ ਹੋਏ ਹਨ। ਸਿਆਸੀ ਹਲਕਿਆਂ ਵਿੱਚ ਕਈ ਕਿਸਮ ਦੀਆਂ ਕਿਆਸ ਅਰਾਈਆਂ ਲੱਗਣੀਆਂ ਸੁਭਾਵਿਕ ਹਨ ਪਰ ਸਿਆਸਤ ਦੀ ਜ਼ੁਬਾਨ ਪੜ੍ਹਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਬਸ਼ੀਰ ਬਦਰ ਠੀਕ ਹੀ ਕਹਿੰਦਾ ਹੈ:
ਸਿਆਸਤ ਕੀ ਅਪਨੀ, ਅਲੱਗ ਇੱਕ ਜ਼ਬਾਂ ਹੈ
ਜੋ ਲਿੱਖਾ ਹੋ ਇੱਕਰਾਰ, ਇਨਕਾਰ ਪੜ੍ਹਨਾ।

ਵਿਸ਼ਵ ਪੰਜਾਬੀ ਕਾਨਫ਼ਰੰਸ ਡਾ. ਦਰਸ਼ਨ ਸਿੰਘ ਬੈਂਸ ਨੂੰ ਸਮਰਪਿਤ ਹੋਵੇ

ਚੌਥੀ ਵਿਸ਼ਵ ਪੰਜਾਬੀ ਕਾਨਫ਼ਰੰਸ 23-25 ਜੂਨ 2017 ਨੂੰ ਹੋ ਰਹੀ ਹੈ। ਇਸ ਕਾਨਫ਼ਰੰਸ ਦੇ ਪੋਸਟਰ ‘ਤੇ ਤਿੰਨ ਮੁੱਖ ਪ੍ਰਬੰਧਕਾਂ ਦੇ ਨਾਮ ਹਨ। ਕੰਵਲਜੀਤ ਕੌਰ ਬੈਂਸ (ਪੈਟਰਨ ਕਲਮ), ਗਿਆਨ ਸਿੰਘ ਕੰਗ (ਪ੍ਰਧਾਨ ਕਾਨਫ਼ਰੰਸ 17) ਅਤੇ ਅਜੈਬ ਸਿੰਘ ਚੱਠਾ (ਚੇਅਰਮੈਨ ਕਾਨਫ਼ਰੰਸ 17)। ਇਸ ਮੌਕੇ ਡਾ. ਦਰਸ਼ਨ ਸਿੰਘ ਬੈਂਸ ਫ਼ਾਊਂਡਰ ਐਡੀਟਰ ਅਜੀਤ ਵੀਕਲੀ ਨੂੰ ਬਹੁਤ ਮੁਹੱਬਤ ਅਤੇ ਸ਼ਰਧਾ ਨਾਲ ਯਾਦ ਕਰਨਾ ਚਾਹੁੰਦਾ ਹਾਂ। ਮੇਰੀ ਇੱਛਾ ਵੀ ਇਹੀ ਹੈ ਕਿ ਅਗਰ ਇਹ ਕਾਨਫ਼ਰੰਸ ਪਹਿਲੀਆਂ ਕਾਨਫ਼ਰੰਸਾਂ ਦੀ ਲੜੀ ਵਿੱਚੋਂ ਚੌਥੀ ਹੈ ਤਾਂ ਇਹ ਕਾਨਫ਼ਰੰਸ ਡਾ. ਦਰਸ਼ਨ ਸਿੰਘ ਬੈਂਸ ਦੀ ਮਿੱਠੀ ਯਾਦ ਨੂੰ ਸਮਰਪਿਤ ਹੋਣੀ ਚਾਹੀਦੀ ਹੈ। ਅਸਲ ਵਿੱਚ ਇਹ ਕਾਨਫ਼ਰੰਸਾਂ ਦਾ ਸਿਲਸਿਲਾ ਪ੍ਰੋ. ਦਰਸ਼ਨ ਸਿੰਘ ਬੈਂਸ ਦੀ ਦੂਰ ਦ੍ਰਿਸ਼ਟੀ ਅਤੇ ਕਲਪਨਾ ਦਾ ਨਤੀਜਾ ਹੈ।
ਜਿਸ ਉਦੇਸ਼ ਅਤੇ ਉਮੀਦ ਨਾਲ ਡਾ. ਦਰਸ਼ਨ ਸਿੰਘ ਬੈਂਸ ਨੇ ਵਿਸ਼ਵ ਕਾਨਫ਼ਰੰਸਾਂ ਨੂੰ ਉਲੀਕਿਆ ਅਤੇ ਸਿਰੇ ਚਾੜ੍ਹਿਆ ਅਜਿਹਾ ਪੰਜਾਬੀ ਜਗਤ ਵਿੱਚ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਮੈਂ 1980 ਤੋਂ ਲੈ ਕੇ ਹਰ ਪੰਜਾਬੀ ਵਿਸ਼ਵ ਕਾਨਫ਼ਰੰਸ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਰਿਹਾ। ਮਈ 1980 ਵਿੱਚ ਲੰਡਨ ਕਾਨਫ਼ਰੰਸ ਰਣਜੀਤ ਧੀਰ ਨੇ ‘ਪੰਜਾਬੀ ਲੇਖਕ ਪ੍ਰਗਤੀਸ਼ੀਲ ਲਿਖਾਰੀ ਸਭਾ (ਗ੍ਰੇਟ ਬ੍ਰਿਟੇਨ) ਵਲੋਂ ਕਰਵਾਈ ਸੀ। 1983 ਵਿੱਚ ਬੈਂਕਾਕ ਵਿਖੇ ਕਾਨਫ਼ਰੰਸ ਕਰਵਾਈ ਗਈ। ਇਸੇ ਸਾਲ ਵਿਸ਼ਵ ਨਾਥ ਤਿਵਾਰੀ ਦੀ ਅਗਵਾਈ ਹੇਠ ਦਿੱਲੀ ਵਿੱਚ ਇੱਕ ਕਾਨਫ਼ਰੰਸ ਹੋਈ। ਦਰਸ਼ਨ ਸਿੰਘ ਧਾਲੀਵਾਲ ਨੇ ਮਿਲਵਾਕੀ ਵਿੱਚ ਅਤੇ 2002 ‘ਚ ਮੁੱਖ ਪ੍ਰਬੰਧਕ ਅਮੀਨ ਮਲਿਕ ਨੇ ਇੰਗਲੈਂਡ ਵਿੱਚ ਕਾਨਫ਼ਰੰਸਾਂ ਕਰਵਾਈਆਂ। ਇਸੇ ਸਾਲ ਵਿਸ਼ਵ ਨਾਥ ਤਿਵਾਰੀ ਦੀ ਅਗਵਾਈ ਹੇਠ ਦਿੱਲੀ ਵਿਖੇ ਹੋਈ ਸੀ। ਦਰਸ਼ਨ ਸਿੰਘ ਧਾਲੀਵਾਲ ਨੇ ਮਿਲਵਾਕੀ ਵਿਖੇ ਕਰਵਾਈ। 2002 ਵਿੱਚ ਮੁੱਖ ਪ੍ਰਬੰਧਕ ਅਮੀਨ ਮਲਿਕ ਨੇ ਇੰਗਲੈਂਡ ਵਿੱਚ ਕਰਵਾਈ। 24-26 ਜੁਲਾਈ 2009 ਨੂੰ ਡਾ. ਦਰਸ਼ਨ ਸਿੰਘ ਬੈਂਸ ਵਲੋਂ ਟਰਾਂਟੋ ਵਿਖੇ ਕਰਵਾਈ ਕਾਨਫ਼ਰੰਸ ਮੈਨੂੰ ਕਈ ਪੱਖਾਂ ਤੋਂ ਬਾਕੀਆਂ ਨਾਲੋਂ ਨਾ ਸਿਰਫ਼ ਅਲੱਗ ਲੱਗੀ ਸਗੋਂ ਸਫ਼ਲ ਵੀ ਲੱਗੀ। ਇਹ ਅਜੀਤ ਵੀਕਲੀ ਦੇ ਸੰਪਾਦਕ ਦੀ ਪ੍ਰਬੰਧਕੀ ਜੁਗਤ ਅਤੇ ਯੋਗਤਾ ਸੀ ਕਿ ਉਹਨਾਂ ਪੰਜਾਬੀ ਨੁੰ ਪਿਆਰ ਕਰਨ ਵਾਲੇ ਗੈਰ ਸਾਹਿਤਕ ਬੰਦਿਆਂ ਨੂੰ ਪ੍ਰੇਰ ਕੇ ਇਸ ਸਾਹਿਤਕ ਸਮਾਰੋਹ ਦਾ ਪ੍ਰਬੰਧਕ ਬਣਾਇਆ। ਭਾਵੇਂ ਉਹ ਅਜੈਬ ਸਿੰਘ ਚੱਠਾ ਸੀ, ਗਿਆਨ ਸਿੰਘ ਕੰਗ, ਅਮਰੀਕ ਸਿੰਘ ਗੋਗਨਾ, ਅਵਤਾਰ ਸਿੰਘ ਸੰਧੂ, ਧੰਨਦੇਵ ਸਿਘ ਸੰਧੂ, ਹਰਦਿਆਲ ਸਿੰਘ ਝੀਡਾ ਜਾਂ ਸੰਤੋਖ ਸਿੰਘ ਸੰਧੂ ਜਾਂ ਉਹਨਾਂ ਦੇ ਹੋਰ ਸਾਥੀ। ਇਹ ਵੀ ਦਰਸ਼ਨ ਸਿੰਘ ਬੈਂਸ ਦੀ ਸ਼ਖਸੀਅਤ ਦਾ ਕਮਾਲ ਹੀ ਸੀ ਕਿ ਟਰਾਂਟੋ ਦੇ ਕਈ ਧੜਿਆਂ ਵਿੱਚ ਵੰਡੇ ਹੋਏ ਪੰਜਾਬੀ ਮੀਡੀਏ ਦੇ ਇਕ ਵੱਡੇ ਧੜੇ ਨੂੰ ਇਸ ਕਾਨਫ਼ਰੰਸ ਨਾਲ ਜੋੜਨ ਵਿੱਚ ਕਾਮਯਾਬ ਰਿਹਾ। ਅਮਰ ਸਿੰਘ ਭੁੱਲਰ ਅਤੇ ਬਲਰਾਜ ਸਿਘ ਦਿਓਲ ਵਰਗੇ ਸੀਨੀਅਰ ਪੱਤਰਕਾਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਸੀ। ਇਸ ਕਾਨਫ਼ਰੰਸ ਦੀ ਵਿਉਂਤਬੰਦੀ ਵਿੱਚ ਨਾਟਕਕਾਰ ਆਤਮਜੀਤ ਦਾ ਵੱਡਾ ਹਿੱਸਾ ਸੀ। ਸ. ਸਤਿੰਦਰ ਸਿੰਘ ਨੂਰ, ਆਸਿਫ਼ ਸ਼ਾਹਕਾਰ, ਡਾ. ਸੁਰਜੀਤ ਭੱਟੀ, ਬਲਦੇਵ ਧਾਲੀਵਾਲ, ਡਾ. ਜਗਬੀਰ ਸਿੰਘ ਅਤੇ ਡਾ. ਦੀਪਕ ਮਨਮੋਹਨ ਵਰਗੇ ਪੰਜਾਬੀ ਵਿਦਵਾਨਾਂ ਨੂੰ ਕਾਨਫ਼ਰੰਸ ਨਾਲ ਜੋੜਨ ਦਾ ਸਿਹਰਾ ਵੀ ਡਾ. ਦਰਸ਼ਨ ਸਿੰਘ ਨੂੰ ਜਾਂਦਾ ਹੈ।
ਡਾ. ਦਰਸ਼ਨ ਸਿੰਘ ਬੈਂਸ ਵੱਡੇ ਜਿਗਰੇ ਵਾਲਾ ਇਨਸਾਨ ਸੀ। ਵੱਡ ਦਿਲ ਵਾਲਾ ਅਤੇ ਦਿਲ ਨਾਲ ਪੈਸੇ ਖਰਚਣ ਵਾਲਾ ਅਤੇ ਮਹਿਮਾਨ ਨਿਵਾਜੀ ਕਰਨ ਵਾਲਾ। ਜਿਸ ਹਿੰਮਤ, ਲਗਨ, ਮਿਹਨਤ ਅਤੇ ਆਤਮ ਵਿਸ਼ਵਾਸ ਨਾਲ ਉਸਨੇ ਆਪਣੇ ਅਖਬਾਰ ‘ਅਜੀਤ ਵੀਕਲੀ’ ਨੂੰ ਦੁੀਆਂ ਦਾ ਸਭ ਤੋਂ ਵਧ ਪੜ੍ਹਿਆ ਜਾਣ ਵਾਲਾ ਪੰਜਾਬੀ ਸਪਤਾਹਿਕ ਬਣਾਇਆ ਸੀ, ਉਸੇ ਆਤਮ ਵਿਸ਼ਵਾਸ ਨਾਲ ਡਾ. ਬੈਂਸ ਨੇ ਹਰ ਦੋ ਵਰ੍ਹਿਆਂ ਬਾਅਦ ਇਹ ਕਾਨਫ਼ਰੰਸ ਕਰਵਾਉਣ ਦਾ ਐਲਾਨ ਕੀਤਾ ਸੀ। ਪੰਜਾਬੀ ਜਗਤ ਵਿੱਚ ਇਹ ਪਹਿਲਾ ਐਲਾਨ ਸੀ ਜਿਸ ਨੂੰ ਮਿੱਥੇ ਸਮੇਂ ‘ਤੇ ਪੂਰਾ ਕੀਤਾ ਗਿਆ ਅਤੇ 2011 ਵਿੱਚ ਦੂਜੀ ਕਾਨਫ਼ਰੰਸ ਕਰਵਾਈ ਗਈ। ਇਹਨਾਂ ਕਾਨਫ਼ਰੰਸਾਂ ਦੌਰਾਨ ਬੈਂਸ ਪਰਿਵਾਰ ਨੇ ਦਿਲੋਂ ਜਾਨ ਨਾਲ ਮਹਿਮਾਨ ਨਿਵਾਜੀ ਕੀਤੀ। ਮੇਰੇ ਯਾਦ ਹੈ ਕਿ ਉਟਵਾ ਵਿੱਚ ਰਾਤ ਦੇ ਇਕ ਡੇਢ ਵਜੇ ਸਾਰੇ ਮਹਿਮਾਨਾਂ ਨੂੰ ਕਮਰੇ ਦਿਵਾ ਕੇ ਡਾ. ਦਰਸ਼ਨ ਸਿੰਘ ਬੈਂਸ ਅਤੇ ਭੈਣ ਕੰਵਲਜੀਤ ਬੈਂਸ ਖੁਦ ਆਰਾਮ ਲਈ ਗਏ ਸਨ। ਕਾਨਫ਼ਰੰਸ ਦੇ ਦਿਨਾਂ ਦੌਰਾਨ ਅਜੀਤ ਭਵਨ ਅਤੇ ਡਾ. ਬੈਂਸ ਦੇ ਕੈਸਲਮੋਰ ਵਾਲੀ ਮਹਿਲਨੁਮਾ ਕੋਠੀ ਦੇ ਦਰਵਾਜ਼ੇ ਮਹਿਮਾਨਾਂ ਲਈ ਖੁੱਲ੍ਹੇ ਰਹਿੰਦੇ ਸਨ। ਪਾਕਿਸਤਾਨੀ ਡੈਲੀਗੇਟ ਤਾਂ ਮਹੀਨਾ ਮਹੀਨਾ ਠਹਿਰ ਕੇ ਗਏ ਸਨ। ਸਭ ਕੁਝ ਠੀਕ ਚੱਲ ਰਿਹਾ ਸੀ ਕਿ 2013 ਦੀ ਕਾਨਫ਼ਰੰਸ ਤੋਂ ਪਹਿਲਾਂ ਡਾ. ਦਰਸ਼ਨ ਸਿੰਘ ਬੈਂਸ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਹਾਏ! ਗੁਲਚੀਨ ਅਜ਼ਲ, ਕਿਆ ਤੁਝ ਸੇ ਨਾਦਾਨੀ ਹੂਈ
ਫ਼ੂਲ ਵੋਹ ਤੋੜਾ ਕਿ ਗੁਲਸ਼ਨ ਭਰ ਮੇਂ ਵੀਰਾਨੀ ਹੋਈ।
ਡਾ. ਦਰਸ਼ਨ ਸਿੰਘ ਬੈਂਸ ਦ ਜਾਣ ਦਾ ਉਹਨਾਂ ਦੇ ਹਰ ਸਨੇਹੀ ਨੂੰ ਦੁੱਖ ਹੋਣਾ ਸੁਭਾਵਿਕ ਸੀ। ਮੈਂ ਵੀ ਬਹੁਤ ਮਾਯੂਸ ਅਤੇ ਉਦਾਸ ਹੋਅਿਾ ਸੀ, ਇਹ ਖਬਰ ਸੁਣ ਕੇ:
ਜਾਨ ਓ ਦਿਲ ਉਦਾਸ ਹੈ ਮੇਰੇ
ਉਠ ਗਯਾ ਕੌਨ ਪਾਸ ਸੇ ਮੇਰੇ
ਉਸ ਸਮੇਂ ਮੈਂ ਲਿਖਿਆ ਸੀ:
ਯੂੰ ਤੋ ਦੁਨੀਆਂ ਮੇਂ ਸਦਾ ਕੋਈ ਰਹਿਨੇ ਆਤਾ ਨਹੀਂ
ਅਗਰ ਜੈਸੇ ਆਪ ਗਏ ਐਸੇ ਭੀ ਕੋਈ ਜਾਤਾ ਨਹੀਂ
ਡਾ. ਦਰਸ਼ਨ ਸਿੰਘ ਬੈਂਸ ਚਲੇ ਗਏ। ਸਨੀ ਬੈਂਸ ਅਤੇ ਕੰਵਲਜੀਤ ਕੌਰ ਬੈਂਸ ਹੋਰੀਂ ‘ਅਜੀਤ ਵੀਕਲੀ’ ਨੂੰ ਚਲਾਉਣ ਲਈ ਖੂਬ ਮਿਹਨਤ ਕਰ ਰਹੇ ਹਨ। ਤਸੱਲੀ ਇਸ ਗੱਲ ਦੀ ਹੈ ਕਿ ਡਾ. ਦਰਸ਼ਨ ਸਿੰਘ ਬੈਂਸ ਦਾ ਲਾਇਆ ਇਹ ਬੂਟਾ ‘ਅਜੀਤ ਵੀਕਲੀ’ ਫ਼ਲ ਫ਼ੁਲ ਰਿਹਾ ਹੈ। ਇਸੇ ਤਰ੍ਹਾਂ ਹੀ ਡਾ. ਬੈਂਸ ਨੇ ਕਾਨਫ਼ਰੰਸ ਵਾਲਾ ਬੂਟਾ ਲਾਇਆ ਸੀ। ਹੁਣ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਕਾਨਫ਼ਰੰਸਾਂ ਵਿੱਚ ਡਾ. ਦਰਸ਼ਨ ਸਿੰਘ ਬੈਂਸ ਨੂੰ ਉਚੇਚੇ ਤੌਰ ਤੇ ਯਾਦ ਕੀਤਾ ਜਾਵੇ।
ਜ਼ਿੰਦਗੀ ਵੀਰਾਨ ਸੀ ਤੇ ਚੁੱਪ ਸਾਹਾਂ ਦੀ ਆਵਾਜ਼
ਵਕਤ ਦੇ ਖੰਡਰਾਂ ‘ਚ ਕੋਈ ਗੁਣਗੁਣਾ ਕੇ ਤੁਰ ਗਿਆ
ਉਜਡੇ ਉਮਰ ਦੇ ਬਾਗ ਦਾ ਹੈ ਜ਼ੱਰਾ-ਜ਼ੱਰਾ ਮਹਿਕਿਆ
ਕੋਈ ਸੁੱਕੇ ਬਾਗ ਵਿੱਚ ਮਹਿਕ ਖਿੰਡਾ ਕ ਤੁਰ ਗਿਆ।
ਸਿਆਸਤ ਕੀ ਮੰਡੀ ਕਾ ਵੋ ਏਕ ਦਲਾਲ ਹੈ
”ਹੈਲੋ, ਨ ਮਸਕਾਰ, ਅਸਲਾਮਾ ਲੇਕਿਮ, ਸਤਿ ਸ੍ਰੀ ਅਕਾਲ। ਮੈਂ ਆਪਕੇ ਦੇਸ਼ ਕਾ ਏਕ ਪੱਤਰਕਾਰ ਬੋਲ ਰਹਾ ਹੂੰ। ਏਕ ਭ੍ਰਿਸ਼ਟ ਪੱਤਰਕਾਰ। ਖੁਦ ਬੋਲ ਰਹਾ ਹੂੰ ਤਾਂ ਕਿ ਮੈਂ ਭ੍ਰਿਸ਼ਟ ਹੂੰ। ਇਸਕਾ ਰੀਜ਼ਨ ਕਿਆ ਹੈ, ਪਤਾ ਹੈ ਆਪਕੋ ਕਿ ਹਮਾਰੇ ਦੇਸ਼ ਮੇਂ ਹਰ ਜਗ੍ਹਾ ਵਿੱਚੋਲੀਏ ਹੈਂ। ਕਹੀਂ ਵੀ ਚਲੇ ਜਾਓ, ਕਿਸੇ ਦਫ਼ਤਰ ਮੇਂ ਚਲੇ ਜਾਓ। ਹਸਪਤਾਲ, ਸਕੂਲ, ਰਾਜਨੀਤੀ, ਕਹੀ ਵੀ ਚਲੇ ਜਾਓ। ਹਰ ਜਗ੍ਹਾ ਭ੍ਰਿਸ਼ਟਾਚਾਰ ਹੈ। ਹਮ ਕਿਉਂ ਨਾ ਭ੍ਰਿਸ਼ਟਾਚਾਰ ਕਰੇ ਜਬ ਜਬ ਟੀ. ਵੀ. ਬੜਤਾ ਗਿਆ ਹੈ ਹਮ ਲੋਕੋਂ ਨੇ ਵੀ ਯੇਹ ਦੁਕਾਨ ਲਗਾ ਲੀ। ਹਮਨੇ ਸੋਚਾ ਹਮਾਰੇ ਦੇਸ਼ ਮੇਂ ਜਬ ਤੰਕ ਆਪ ਭ੍ਰਿਸ਼ਟ ਨਹੀਂ ਹੋਂਗੇ ਆਪ ਕਾ ਕੁਛ ਨਹੀਂ ਹੋ ਸਕਤਾ ਆਪ ਲੋਗੋਂ ਨੇ ਹਮ ਪਰ ਕੇਸ ਕਰੇ। ਕਿਸੇ ਨੇ ਕਹਾ 100 ਕਰੋੜ ਖਾ ਗਿਆ। ਕਿਸੇ ਨੇ ਕਿਹਾ ਦੋ ਸੌ ਕਰੋੜ ਖਾ ਗਿਆ। ਇਹ ਆਪ ਸਭੀ ਸ਼ਾਮ ਕੋ ਹਮੇਂ ਦੇਖਤੇ ਹੈਂ। ਦੇਖੋ ਬਈ, ਹਮੇਂ ਕੋਈ ਮਤਲਬ ਨਹੀਂ ਰਹਿਤਾ ਕਿ ਆਪ ਬੀਜੇਪੀ ਕੇ ਹੋ। ਕਾਂਗਰਸ ਕੇ ਹੋ ਯਾ ਆਮ ਆਦਮੀ ਪਾਰਟੀ ਕੇ, ਮੈਂ ਬਤਾਤਾ ਹੂੰ ਐਸੇ ਹੋਤਾ ਹੈ ਹਮਾਰਾ ਧੰਦਾ। ਉਪਰ ਜੋ ਬੰਦੇ ਬੈਠੇ ਹੈਂ ਰਸੂਖ ਵਾਲੇ, ਪੈਸੇ ਵਾਲੇ, ਲਾਖ ਕਰੋੜ ਵਾਲੇ, ਦੋ ਲਾਖ ਕਰੋੜ ਵਾਲੇ, ਉਨ ਲੋਕੋਂ ਨੇ ਆਪ ਭੀ ਰਾਜਨੀਤੀ ਖਰੀਦ ਰੱਖੀ ਹੈ, ਔਰ ਆਪ ਲੋਗੋਂ ਕੋ ਰਾਜਨੀਤੀ ਮੇਂ ਗੁੰਡਾ ਉਚੱਕੇ ਔਰ ਚੋਰੋਂ ਕੋ ਚੁਣਨੇ ਕੀ ਆਦਤ ਹੈ। ਯੇ ਅਮੀਰ ਲੋਕ ਉਨ ਲੋਗੋਂ ਕੀ ਦੁਕਾਨ ਚਲਾਨ ੇ ਕੇ ਲੀਏ, ਉਨਕਾ ਇਮੇਜ ਬਣਾਨੇ ਕੇ ਲੀਏ ਹਮਾਰਾ ਇਸਤੇਮਾਲ ਕਰਤੇ ਹੈ। ਔਰ ਹਮ ਲੋਕ ਇਸ ਕਾਮ ਕੇ ਲੀਏ ਪੈਸੇ ਲੇਤੇ ਹੈਂ। ਜੈਸੇ ਆਪ ਕਿਸੀ ਹੋਟਲ ਮੇਂ ਖਾਣਾ ਖਾਨੇ ਕੇ ਬਾਅਦ ਵੇਟਰ ਕੋ ਟਿੱਪ ਦੇਤੇ ਹੈਂ। ਯੇ ਲੋਕ ਹਮੇਂ ਟਿਪ ਦੇਤੇ ਹੈ। ਹਮ ਲੋਗੋਂ ਕੇ ਸਾਹਮਨੇ ਦਸਤਰਖਾਨ ਲਗਾਤੇ ਹੈਂ। ਪਲੇਟ ਲਗਾਤੇ ਹੈ, ਆਪ ਕੋ ਮਜ਼ਾ ਆਤਾ ਹੈ, ਆਪ ਮਜੇ ਸੇ ਖਾਤੇ ਹੈ। ਇਸ ਤਰ੍ਹਾਂ ਹਮ 9 ਵਜ ਕੀ ਪ੍ਰਾਈਮ ਨਿਊਜ਼ ਚਲਾਤੇ ਹੈ। ਹਮ ਅਕੇਲੇ ਨਹੀਂ ਹੈ। ਹਮ 10-12 ਹੈਂ। ਹਮ ਦਸ ਬਾਰਾਂ ਲੋਕ ਹੈਂ। ਹਮਾਰਾ ਧੰਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦੇਸ਼ ਕੋ ਲੂਟੋ। ਹਮਾਰੀ ਪ੍ਰਾਬਲਮ ਪਤਾ ਕਿਆ ਹੈ। ਹਮ ਲੋਗੋਂ ਕੀ ਮਾਨਸਿਕਤਾ ਕਭੀ ਗਈ ਨਹੀਂ। ਹਮ ਦਿਖਤੇ ਆਪ ਜੈਸੇ ਹੈਂ ਪਰ ਹੈਂ ਹਮ ਲੋਕ ਅੰਗਰੇਜ਼। ਆਪ ਲੋਗ ਰੋਤੇ ਰਹਿਤੇ ਹੈਂ ਹਮਾਰੇ ਤਰੱਕੀ ਨਹੀਂ ਹੋ ਰਹੀ, ਹਮਾਰੇ 15 ਲਾਖ ਰੁਪਏ ਨਹੀਂ ਆਏ। ਵੋ ਆਏਂਗੇ ਨਹੀਂ। ਆਪ ਕੈਸੀ ਬਾਤੇ ਕਰਤੇ ਹੋ। ਕਭੀ ਨਹੀਂ ਆਏਂਗੇ ਆਪ ਕੇ ਪੈਸੇ। ਵੋ ਤੋ ਹਮਾਰੇ ਪਾਸ ਆ ਗਏ।
ਮੈਂ ਆਪ ਕੋ ਕਹਿਤਾ ਹੂੰ , ਹਮ ਜੋ ਦਸ ਬਾਰਾਂ ਐਂਕਰ ਹੈਂ ਹਮਾਰੀ ਮਲਕੀਅਤ ਚੈ ਕਰ ਲੈਣਾ, ਕੋਈ 100 ਕਰੋੜ, ਕੋਈ ਦੋ ਸੌ ਕਰੋੜ ਕਾ ਹੈ। 25 ਕਰੋੜ ਕੇ ਗੁੜਗਾਉਂ ਮੇਂ ਅਪਾਰਟਮੈਂਟ, ਦੁਬਈ ਹਮੇਂ ਘਰ ਹੈਂ। ਹਮ ਲੋਕ ਏਕਜੁਟ ਹੈਂ। ਆਪ ਹਮਾਰਾ ਕੁਝ ਨਹੀਂ ਵਿਗਾੜ ਸਕਤੇ, ਹ ਮਨੇ ਪੱਤਰਕਾਰਤਾ ਕੋ ਦਲਾਲੀ ਕਾ ਅੱਡਾ ਬਣਾ ਦੀਆ। ਜੋ ਵਿਵੇਕਾਨੰਦ ਕੇ ਚੇਲੇ ਸਮਝਤੇ ਅਕੇਲੇ ਰਹਿ ਗਏ। ਹਮੇਂ ਪੈਸਾ ਦਿਆ ਜਾਤਾ ਹੈ ਝੂਠੀ ਖਬਰ ਚਲਾਨੇ ਕੇ ਲੀਏ। ਹ ਮ ਵੋਹ ਖਬਰ ਦਿਖਾਏਂਗੇ, ਜਿਸ ਮੇਂ ਹਿੰਦੂ ਮੁਸਲਮਾਨ ਕੇ ਝਗੜੇ ਹੋ ਕਸ਼ਮੀਰ ਮੇਂ ਕਿਆ ਹੋ ਰਿਹਾ ਹੈ ਹਮ ਸੱਚੀ ਖਬਰ ਨਹੀਂ ਦਿਖਾਏਂਗੇ।
ਅਗਰ ਹਮ ਸੱਚੀ ਖਬਰ ਦਿਖਾਏਂਗੇ ਤੋ ਜੋ ਉਪਰ ਵਾਲੇ ਹੈਂ ਹਮਾਰੀ ਟਿਪ ਬੰਦ ਕਰ ਦੇਂਗੇ। ਚੈਨਲ ਬੰਦ ਕਰ ਦੇਂਗੇ। ਸੋ ਹਮ ਸਭ ਦਲਾਲੀ ਕਰਤੇ ਹੈ। ਹਮ ਸਭ ਦਲਾਲ ਹੈਂ। ਯਹਾਂ ਸਭ ਵਿਕਤਾ ਹੈ, ਪੁਲਿਸ ਵਾਲਾ ਵਿਕਤਾ ਹੈ, ਮੀਡੀਆ ਵਿਕਤਾ ਹੈ, ਜੱਜ ਵਿਕ ਰਹਾ, ਵਕੀਲ ਵਿਕ ਰਹਾ, ਡਾਕਟਰ ਵਿਕ ਰਹਾ ਹੈ। ਕੌਣ ਸੀ ਐਸੀ ਚੀਜ਼ ਹੈ ਜੋ ਨਹੀਂ ਵਿਕ ਰਹੀ। ਹਮ ਲੋਕ ਹਿੰਦੋਸਤਾਨ ਕੋ ਬਰਬਾਦ ਕਰਕੇ ਛੋੜੇਂਗੇ।
ਉਕਤ ਕਿਸਮ ਦੀ ਇਕ ਵੀਡੀਓ ਅਜਕਲ੍ਹ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ, ਜਿਸ ਚਿ ਅਵੀ ਡਾਂਡੀਆ ਨੇ ਹਿਦੋਸਤਾਨ ਦੇ ਨਿਊਜ਼ ਚੈਨਲਾਂ ਅਤੇ ਇਹਨਾਂ ਚੈਨਲਾਂ ਦੇ ਮੁੱਖ ਐਂਕਰਾਂ ਦੇ ਗਲਤ ਕੰਮਾਂ ਨੂੰ ਨੰਗਾ ਕਰਨ ਦਾ ਯਤਨ ਕੀਤਾ ਹੈ। ਅਵੀ ਨੇ ਹਿੰਦੋਸਤਾਨ ਦੇ ਬਿਜਲਈ ਮੀਡੀਆ ਦੇ ਹਨੇਰੇ ਪੱਖ ਨਸ਼ਰ ਕਰਦੇ ਹੋਏ ਭ੍ਰਿਸ਼ਟ ਹੁੰਦੀ ਪੰਤਰਕਾਰੀ ਤੇ ਤਿੱਖਾ ਵਿਅੰਗ ਕੀਤਾ ਹੈ। ਅਵੀ ਦਾ ਇਹ ਕਹਿਣਾ ਹੈ ਕਿ ਸਾਡੇ ਨਿਊਜ਼ ਚੈਨਲ ਸੱਚ ਨਹੀਂ ਦਿਖਾ ਰਹੇ। ਕਾਫ਼ੀ ਹੱਦ ਤੱਕ ਠੀਕ ਹੈ। ਮੈਂ ਬਹੁਤ ਵਾਰ ਲਿਖਿਆ ਅਤੇ ਕਿਹਾ ਹੈ ਕਿ ਸਾਡੇ ਦੇਸ਼ ਦੇ ਨਿਊਜ਼ ਚੈਨਲ ਹਰ ਰੋਜ਼ ਸ਼ਾਮੀ 7 ਵਜੇ ਤੋਂ ਰਾਤ 10 ਵਜੇ ਤੱਕ ਨਜ਼ਰੀਆ ਪੱਤਰਕਾਰੀ ਕਰਦੇ ਹਨ। ਹਰ ਖਬਰ ਕਿਸੇ ਨਾ ਕਿਸੇ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਪੇਸ਼ ਕੀਤੀ ਜਾਂਦੀ ਹੈ। ਐਂਗਲ ਜਾਂ ਖਾਸ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਜਾਂਦਾ ਹੈ। ਸੱਚੀ ਖਬਰ ਲੱਭਣ ਲਈ ਮਿਹਨਤ ਕਰਨੀ ਪੈਂਦੀ ਹੈ। ਸੋ ਅਵੀ ਨੇ ਹਿੰਮਤ ਦਿਖਾਈ ਹੈ ਅਤੇ ਚੈਨਲਾਂ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਨੁੰ ਨਸ਼ਰ ਕਰਨ ਦਾ ਯਤਨ ਕੀਤਾ ਹੈ।
ਸਾਡੀ ਪੱਤਰਕਾਰੀ ਅਮੀਰਾਂ ਦੀ ਪੱਤਰਕਾਰੀ ਬਣ ਗਈ ਹੈ। ਗ਼ਰੀਬ ਸਾਡੇ ਮੀਡੀਆ ਤੋਂ ਮਨਫ਼ੀ ਹੈ। ਪਿੰਡਾਂ ਦੇ ਲੋਕਾਂ ਲਈ ਮੀਡੀਆ ਕੋਲ ਕੋਈ ਸਮਾਂ ਨਹੀਂ। ਮੀਡੀਆ ਦੇ ਮਾਲਕਾਂ ਦੇ ਆਪਣੇ ਸਵਾਰਥ ਅਤੇ ਲਾਲਚ ਹਨ। ਕਿਸੇ ਚੈਨਲ ‘ਚੋਂ ਮੋਦੀ ਬੋਲਦਾ ਹੈ ਅਤੇ ਕਿਸੇ ਵਿੱਚ ਰਾਹੁਲ ਗਾਂਧੀ। ਸੱਚ ਕੌਣ ਬੋਲਦਾ ਹੈ, ਇਹ ਵੇਖਣਾ ਪਵੇਗਾ। ਸਾਡੇ ਮੀਡੀਆ ਬਾਰੇ ਕਿਹਾ ਜਾ ਸਕਦਾ ਹੈ:
ਹਰ ਏਕ ਚੈਨਲ ਕਾ ਅਪਨਾ ਜਲਾਲ ਹੈ
ਸਿਆਸਤ ਕੀ ਮੰਡੀ ਕਾ ਵੋ ਏਕ ਦਲਾਲ ਹੈ।
ਕੁਰਾਤਨ ਕੀ ਜ਼ੁਲਫ਼ੇਂ ਦੇਖ ਕਰ ਬੋਲਾ ਮਹਾਤਮਾ
ਦੇਵੀ! ਤਮਾਮ ਦੁਨੀਆ ਹੀ ਏਕ ਮਾਇਆ ਜਾਲ ਹੈ।

ਵਿਆਹ ਹੋਣ ਸਾਦੇ ਅਤੇ ਵਿਖਾਵਾ ਹੋਵੇ ਬੰਦ

ਕਿਸੇ ਵੀ ਪਰਿਵਾਰ ਵਿੱਚ ਤਿੰਨ ਸੰਜੋਗ, ਉਤਸਵ ਜਾਂ ਅਵਸਰ ਬਹੁਤ ਮਹੱਤਵਪੂਰਨ ਹੁੰਦੇ ਹਨ। ਇਹ ਹਨ ਜਨਮ, ਵਿਆਹ ਅਤੇ ਮੌਤ। ਇਹ ਤਿੰਨੇ ਅਵਸਰ ਕਿਸੇ ਪਰਿਵਾਰ ਦੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਵੀ ਕਰਦੇ ਹਨ ਅਤੇ ਬਹੁਤੀ ਵਾਰ ਪਰਿਵਰਤਿਤ ਵੀ ਕਰਦੇ ਹਨ। ਜਨਮ ਅਤੇ ਵਿਆਹ ਅਜਿਹੇ ਉਤਸਵ ਹਨ ਜੋ ਪਰਿਵਾਰ ਨੂੰ ਜਸ਼ਨ ਦਾ ਮੌਕਾ ਪ੍ਰਦਾਨ ਕਰਦੇ ਹਨ ਅਤੇ ਇਸਦਾ ਭਾਈਚਾਰਕ ਅਤੇ ਸਮਾਜਿਕ ਮਹੱਤਵ ਵੀ ਬਹੁਤ ਹੁੰਦਾ ਹੈ। ਮੈਂ ਆਪਣੀ ਜ਼ਿੰਦਗੀ ਦੇ ਛੇ ਦਹਾਕਿਆਂ ਦੌਰਾਨ ਪੰਜਾਬੀ ਸਮਾਜ ਵਿੱਚ ਵਿਆਹ ਦੇ ਅਵਸਰ ਵਿੱਚ ਢੇਰ ਸਾਰੀਆਂ ਤਬਦੀਲੀਆਂ ਦਾ ਗਵਾਹ ਹਾਂ। ‘ਅੰਗਰੇਜ਼’ ਅਤੇ ‘ਮੰਜੇ ਬਿਸਤਰੇ’ ਵਰਗੀਆਂ ਪੰਜਾਬੀ ਫ਼ਿਲਮਾਂ ਵਿੱਚ ਵਿਖਾਏ ਵਿਆਹਾਂ ਨੂੰ ਨਾ ਸਿਰਫ਼ ਮੈਂ ਅੱਖੀਂ ਵੇਖਿਆ ਹੈ ਬਲਕਿ ਕਈਆਂ ਦਾ ਹਿੱਸਾ ਵੀ ਰਿਹਾ ਹਾਂ। ਦੋ-ਦੋ ਦਿਨ ਬਰਾਤਾਂ ਦਾ ਠਹਿਰਨਾ ਅਤੇ ਸਮੂਹ ਭਾਈਚਾਰੇ ਵੱਲੋਂ ਆਪਣੇ ਹੱਥੀਂ ਬਰਾਤਾਂ ਦੀ ਸੇਵਾ ਅਤੇ ਹਰ ਤਰ੍ਹਾਂ ਦੇ ਰਸਮਾਂ ਰਿਵਾਜਾਂ ਨੂੰ ਨਿਭਾਉਣ ਵਾਲੇ ਵਿਆਹ ਤਾਂ ਹੁਣ ਸਿਰਫ਼ ਫ਼ਿਲਮਾਂ ਵਿੱਚ ਵੇਖਣ ਨੂੰ ਮਿਲ ਰਹੇ ਹ ਨ।
ਤਬਦੀਲੀ ਕੁਦਰਤ ਦਾ ਸੁਭਾਵਿਕ ਨਿਯਮ ਹੈ। ਜੀਵਨ ਦੇ ਹਰ ਖੇਤਰ ਵਿੱਚ ਤਬਦੀਲੀ ਆਉਣਾ ਕੁਦਰਤੀ ਹੈ ਪਰ ਸਾਡੇ ਸਮਾਜ ਵਿੱਚ ਵਿਆਹਾਂ ਦੇ ਮਾਮਲੇ ਵਿੱਚ ਵੱਡੀ ਨਕਾਰਾਤਮਕ ਤਬਦੀਲੀ ਆਈ ਹੈ। ਵਿਆਹ ਹੁਣ ਬਹੁਤ ਮਹਿੰਗਾ ਹੋ ਗਿਆ ਹੈ। ਅਸਲ ਵਿੱਚ ਹੁਣ ਇੱਕ ਵਿਆਹ ਦੌਰਾਨ ਇੰਨੀਆਂ ਰਸਮਾਂ ਨੂੰ ਵਧਾ ਦਿੱਤਾ ਗਿਆ ਕਿ ਹੁਣ ਇੱਕ ਨਹੀਂ ਕਈ ਵਿਆਹਾਂ ਦਾ ਖਰਚਾ ਕਰਨਾ ਪੈ ਰਿਹਾ ਹੈ। ਰੋਕਾ, ਰਿੰਗ ਸੈਰੇਮਨੀ, ਸ਼ਗਨ, ਲੇਡੀਜ਼ ਸੰਗੀਤ, ਚੁੰਨੀ ਚੜ੍ਹਾਈ, ਫ਼ੇਰੇ ਜਾਂ ਆਨੰਦ ਕਾਰਜ ਅਤੇ ਫ਼ਿਰ ਰਿਸੈਪਸ਼ਨ। ਤੁਸੀਂ ਕੁੜੀ ਵਾਲੇ ਹੋ ਜਾਂ ਮੁੰਡੇ ਵਾਲੇ, ਇਸ ਨਾਲ ਘੱਟ ਹੀ ਫ਼ਰਕ ਪੈਂਦਾ ਹੈ ਅਤੇ ਤੁਹਾਨੂੰ 6-7 ਵੱਡੀਆਂ, ਮਹਿੰਗੀਆਂ ਅਤੇ ਸਮਾ ਖਪਤ ਕਰਨ ਵਾਲੀਆਂ ਰਸਮਾਂ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਵਿਖਾਵੇ ਦੇ ਇਸ ਯੁੱਗ ਵਿੱਚ ਮੈਰਿਜ ਪੈਲਸਾਂ ਦੀ ਸਜਾਵਟ ‘ਤੇ ਹੀ ਉਨਾ ਖਰਚ ਹੋ ਜਾਂਦਾ ਹੈ, ਜਿੰਨਾ ਕਿਸੇ ਸਮੇਂ ਪੂਰੇ ਵਿਆਹ ‘ਤੇ ਹੁੰਦਾ ਸੀ ਇਹਨਾਂ ਖਰਚੀਲੇ ਵਿਆਹਾਂ ਦੇ ਅਨੇਕਾਂ ਅਜਿਹੇ ਖ ਰਚੇ ਹਨ ਜੋ ਆਮ ਮੱਧ ਸ਼੍ਰੇਣੀ ਦਾ ਲੱਕ ਤੋੜ ਦਿੰਦੇ ਹਨ। ਦੋ ਤਿੰਨ ਘੰਟੇ ਦੀ ਰਿਸੈਪਸ਼ਨ ਉਤੇ ਇੱਕ ਮੱਧ ਸ਼੍ਰੇਣੀ ਦੇ ਪਰਿਵਾਰ ਨੂੰ 10-15 ਲੱਖ ਰੁਪਏ ਖਰਚਣੇ ਪੈਂਦੇ ਹਨ। ਇਸ ਤਰ੍ਹਾਂ ਆਨੰਦ ਕਾਰਜ ਵਾਲੇ ਦਿਨ ਦੀ ਬਰਾਤੀਆਂ ਦੀ ਸੇਵਾ ਵੇਲ ਵੀ ਲੋਕ ਵਿਤੋਂ ਬਾਹਰ ਜਾ ਕੇ ਖਰਚਾ ਕਰਦੇ ਨਜ਼ਰੀ ਪੈਂਦੇ ਹਨ। ਇਹਨਾਂ ਵਿੱਚੋਂ ਵੱਡੇ ਖਰਚੇ ਖਾਣ-ਪੀਣ ਅਤੇ ਸਜਾਵਟ ਦੇ ਹਨ। ਕੱਪੜੇ ਅਤੇ ਗਹਿਣਿਆਂ ਤੇ ਵੀ ਮੋਟੀ ਰਕਮ ਖਰਚੀ ਜਾਂਦੀ ਹੈ।
ਅਸੀਂ ਬਹੁਤ ਵਾਰ ਆਪਣੀ ਗੈਰ ਸਰਕਾਰੀ ਸੰਸਥਾ ‘ਗਲੋਬਲ ਪੰਜਾਬ ਫ਼ਾਊਂਡੇਸ਼ਨ’ ਦੇ ਮੰਚ ਤੋਂ ਇਹ ਮੁੱਦਾ ਉਠਾਇਆ ਹੈ ਕਿ ਵਿਆਹ-ਸ਼ਾਦੀਆਂ ਦੇ ਖਰਚੇ ਘਟਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਜ਼ਰੂਰੀ ਹੋ ਗਿਆ ਹੈ। ਇੱਥੇ ਮੈਨੂੰ ਇਹ ਦੱਸਣ ਵਿੱਚ ਕੋਈ ਝਿਜਕ ਨਹੀਂ ਕਿ ਇਹ ਕੰਮ ਉਨਾ ਸੌਖਾ ਨਹੀਂ ਜਿੰਨਾ ਨਾਹਰਾ ਲਾਉਣਾ ਆਸਾਨ ਹੈ। ਪੌਣੇ ਕੁ ਦੋ ਵਰ੍ਹੇ ਪਹਿਲਾਂ ਮੈਂ ਆਪਣੇ ਬੇਟੇ ਦਾ ਵਿਆਹ ਕੀਤਾ। ਨੈਤਿਕਤਾ ਇਹ ਮੰਗ ਕਰਦੀ ਸੀ ਕਿ ਮੈਂ ਇਸ ਮੁੱਦੇ ‘ਤੇ ਲਗਾਤਾਰ ਬੋਲ ਰਿਹਾ ਹਾਂ, ਹੁਣ ਮੈਂ ਸਾਦਾ ਵਿਆਹ ਕਰਾਂ। ਭਾਵੇਂ ਮੈਂ ਇਸ ਕੰਮ ਵਿੱਚ ਸਫ਼ਲ ਹੋਇਆ ਪਰ ਇਸ ਸਬੰਧੀ ਮੈਨੂੰ ਘਰੋਂ ਅਤੇ ਬਾਹਰੋਂ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੈਂ ਰਿਸੈਪਸ਼ਨ ਸਮੇਤ ਸਾਰੇ ਫ਼ੰਕਸ਼ਨਾਂ ਦੀ ਬਜਾਏ ਡੇਢ ਫ਼ੰਕਸ਼ਨ ਕੀਤੇ। ਇੱਕ ਆਨੰਦ ਕਾਰਜ ਅਤੇ ਦੂਜਾ ਆਨੰਦ ਕਾਰਜ ਤੋਂ ਇੱਕ ਦਿਨ ਪਹਿਲਾਂ ਗੀਤ-ਸੰਗੀਤ ਵਾਲਾ ਫ਼ੰਕਸ਼ਨ। ਮਹਿਮਾਨਾਂ ਦੀ ਗਿਣਤੀ ਨੂੰ ਸੀਮਤ ਰੱਖਿਆ। ਕੁੜੀ ਵਾਲਿਆਂ ਨੂੰ ਦਾਜ ਦਹੇਜ ਦੇ ਵਾਧੂ ਖਰਚਿਆਂ ਤੋਂ ਰੋਕਿਆ। ਨਤੀਜੇ ਵਜੋਂ ਕੰਜੂਸ ਕੁਹਇਆ। ਜਿਹਨਾਂ ਲੋਕਾਂ ਨੂੰ ਸੱਦਾ ਨਹੀਂ ਦਿੱਤਾ ਉਹਨਾਂ ਨੂੰ ਦੁਸ਼ਮਣ ਬਣਾ ਲਿਆ। ਬਹੁਤ ਸਾਰੇ ਲੋਕ ਤਾਂ ਅੱਖ ਮਿਲਾਉਣ ਤੋਂ ਵੀ ਗੁਰੇਜ਼ ਕਰਨ ਲੱਗ ਪਏ ਹਨ। ਕੰਮ ਭਾਵੇਂ ਸੌਖਾ ਨਹਂ ਪਰ ਸਮੇਂ ਦੀ ਜ਼ਰੂਰਤ ਹੈ ਕਿ ਵਿਆਹਾਂ ਨੂੰ ਸਾਦੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ। ਰਸਮਾਂ ਘਟਾਈਆਂ ਜਾਣ। ਵਿਖਾਵਾ ਬੰਦ ਕੀਤਾ ਜਾਵੇ। ਦਾਜ ਦਹੇਜ ਤੋਂ ਤੌਬਾ ਕੀਤੀ ਜਾਵੇ। ਵਿਖਾਵੇ ਲਈ ਖਰਚੀ ਜਾਣ ਵਾਲੀ ਰਕਮ ਨਵੀਂ ਜੋੜੀ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਦੇ ਦਿੱਤੀ ਜਾਵੇ।
ਤੁਸੀਂ ਜਦੋਂ ਇਸ ਕਿਸਮ ਦਾ ਕਦਮ ਉਠਾਉਣ ਦੀ ਸੋਚੋਗੇ ਤਾਂ ਪਹਿਲਾਂ ਵਿਰੋਧ ਘਰ ਵਿੱਚੋਂ ਉਠੇਗਾ। ਮਹਿਮਾਨਾਂ ਦੀ ਸੂਚੀ ਵੇਖ ਕੇ ਇਹ ਸੁਣਨ ਨੂੰ ਮਿਲੇਗਾ ਕਿ ਸਭ ਵੱਲ ਸ਼ਗਨ ਆਏ ਹੋਏ ਹਨ, ਕਦੋਂ ਵਾਪਸ ਮੁੜਨਗੇ। ਸਾਰੀ ਦੁਨੀਆਂ ਕਰਦੀ ਐ, ਤੁਸੀਂ ਹੀ ਕਿਉਂ ਬਣ ਰਹੇ ਹੋ ਸਮਾਜ ਸੁਧਾਰਕ। ਅਸੀਂ ਥੋੜ੍ਹੀ ਕੁਝ ਮੰਗ ਕਰਦੇ ਹਾਂ, ਉਹ ਆਪਣੀ ਕੁੜੀ ਦੇ ਰਹੇ ਹਨ। ਅਜਿਹੀਆਂ ਗੰਲਾਂ ਸੁਣਨ ਨੂੰ ਤਿਆਰ ਰਹਿਣਾ ਪਵੇਗਾ। ਫ਼ਿਰ ਦੋਸਤਾਂ, ਰਿਸ਼ਤੇਦਾਰਾਂ ਅ ਤੇ ਸ਼ਰੀਕਾਂ ਦੀਆਂ ਗੱਲਾਂ ਸੁਣਨ ਲਈ ਮਾਨਸਿਕ ਤੌਰ ‘ਤੇ ਤਿਆਰ ਰਹਿਣਾ ਹੋਵੇਗਾ। ਯਾਦ ਰੱਖੋ ਇਹ ਸਭ ਸਮਾਜ ਦੇ ਭਲੇ ਲਈ ਕਰਨਾ ਹੈ। ਕਿਸੇ ਨੇ ਤਾਂ ਇਸਦੀ ਸ਼ੁਰੂਆਤ ਕਰਨੀ ਹੈ। ਸੋ, ਤੁਹਾਡੇ ਤੋਂ ਕਿਉਂ ਨਾ ਹੋਵੇ। ਸੋ, ਆਓ ਵਿਆਹਾਂ ਨੂੰ ਵਿਖਾਵੇ ਤੋਂ ਰਹਿਤ, ਘੱਟ ਖਰਚੀਲੇ ਬਣਾਉਣ ਲਈ ਯਤਨ ਕਰੀਏ।

ਭੁਪਿੰਦਰ ਕੌਰ ਦਾ ‘ਅਫ਼ਾਸਾਨਾ ਏ ਜ਼ਿੰਦਗੀ’
‘ਅਫ਼ਸਾਨਾ ਏ ਜ਼ਿੰਦਗੀ’ ਕਹਾਣੀ ਸੰਗ੍ਰਹਿ ਨਾਲ ਪੰਜਾਬੀ ਕਹਾਣੀ ਜਗਤ ਵਿੱਚ ਇੱਕ ਹੋਰ ਸੁਹਿਰਦ ਕਹਾਣੀਕਾਰ ਪ੍ਰਵੇਸ਼ ਕਰਦੀ ਹੈ। ਭੁਪਿੰਦਰ ਕੌਰ ਨੇ ਪ੍ਰੌਢ ਉਮਰੇ ਲਿਖਣਾ ਸ਼ੁਰੂ ਕੀਤਾ ਅਤੇ ਆਪਣੀ ਜ਼ਿੰਦਗੀ ਦੇ ਅਨੁਭਵਾਂ ਨੂੰ ਆਪਣੀਆਂ ਕਹਾਣੀਆਂ ਦੇ ਪਾਤਰਾਂ ਰਾਹੀਂ ਪਾਠਕਾਂ ਸਨਮੁਖ ਪੇਸ਼ ਕਰਨ ਦਾ ਜ਼ੇਰਾ ਕੀਤਾ ਹੈ। ਭੁਪਿੰਦਰ ਕੌਰ ਦਾ ਸਾਹਿਤ ਦਾ ਸਫ਼ਰ ਬੜਾ ਦਿਲਚਸਪ ਹੈ। ਇੱਕ ਦਿਨ ਅਚਾਨਕ ਉਸਦੇ ਦਿਲ ਦੀ ਹਰਕਤ ਬੰਦ ਹੋ ਗਈ। ਪਤੀ ਅਜੀਤ ਸਿੰਘ ਵਾਲੀਆ ਨੇ ਬਿਨਾਂ ਦੇਰੀ ਕੀਤੇ ਹਸਪਤਾਲ ਪਹੁੰਚਾ ਦਿੱਤਾ। ਡਾਕਟਰਾਂ ਦੀ ਮਿਹਨਤ ਅਤੇ ਪ੍ਰਮਾਤਮਾ ਦੀ ਮਿਹਰ ਸਦਕਾ ਦਿਲ ਮੁੜ ਧੜਕਣਾ ਸ਼ੁਰੂ ਹੋ ਗਿਆ। ਦੁਬਾਰਾ ਮਿਲੀ ਜ਼ਿੰਦਗੀ ਨੁੰ ਭੁਪਿੰਦਰ ਕੌਰ ਨੇ ਪੰਜਾਬੀ ਸਾਹਿਤ ਦੇ ਲੇਖੇ ਲਾਉਣ ਦਾ ਫ਼ੈਸਲਾ ਕਰ ਲਿਆ।
ਭੁਪਿੰਦਰ ਕੌਰ ਅਸਲ ਵਿੱਚ ਆਪ ਸਮਾਜ ਦੀ ਉਪਰਲੀ ਮੱਧ ਸ਼੍ਰੇਣੀ ਨਾਲ ਸਬੰਧ ਰੱਖਦੀ ਹੈ। ਸ਼ਾਇਦ ਇਸੇ ਕਾਰਨ ਉਸਦੀਆਂ ਕਹਾਣੀਆਂ ਵੀ ਮੱਧ ਸ਼੍ਰੇਣੀ ਅਤੇ ਉਪਰਲੀ ਮੱਧ ਸ਼੍ਰੇਣੀ ਦੇ ਲੋਕਾਂ ਦੀ ਜ਼ਿੰਦਗੀ ਨੂੰ ਪੇਸ਼ ਕਰਨ ਦਾ ਉਪਰਾਲਾ ਹੈ। ਉਹ ਮੱਧ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਵਿੱਚੋਂ ਕਥਾਨਕ ਚੁਣ ਕੇ ਆਪਣੀਆਂ ਕਹਾਣੀਆਂ ਦੀ ਸਿਰਜਣਾ ਕਰਦੀ ਹੈ। ਭੁਪਿੰਦਰ ਦੀਆਂ ਕਹਾਣੀਆਂ ਦੇ ਵਿਸ਼ੇ ਸਮਾਜ ਵਿਚਲੇ ਰਿਸ਼ਤਿਆਂ ਦੀ ਹੋ ਰਹੀ ਭੰਨ ਤੋੜ ਨੂੰ ਪੇਸ਼ ਕਰਨ ਵਾਲੇ ਹਨ। ‘ਤੇਜਾਬ ਹੀ ਤੇਜਾਬ’ ‘ਧੋਖਾ’, ਕੀ ਸੱਚਮੁਚ ਜਮਾਨਾ ਬਦਲ ਗਿਆ ਹੈ, ਸੌਂਕਣ ਬਣੀ ਸਹੇਲੀ ਅਤੇ ਬੇਟੀਆਂ’ ਆਦਿ ਲੱਗਭੱਗ ਹਰ ਕਹਾਣੀ ਵਿੱਚ ਕਹਾਣੀਕਾਰਾ ਨ ੇ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਮਨਫ਼ੀ ਹੋ ਰਹੀ ਨੈਤਿਕਤਾ ਅਤੇ ਵੱਧ ਰਹੀ ਲਾਲਸਾ ਅਤੇ ਲਾਲਚ ਦੇ ਕਾਰਨ ਰਿਸ਼ਤਿਆਂ ਵਿੱਚ ਆ ਰਹੀਆਂ ਨਕਾਰਾਤਮਕ ਤਬਦੀਲੀਆਂ ਨੂੰ ਘੋਖਵੀ ਨਜ਼ਰ ਰਾਹੀਂ ਚਿਤਾਰਿਆ ਹੈ। ਕਹਾਣੀਆਂ ਦੇ ਪਾਤਰ ਮਾਨਸਿਕ ਦਬੰਧ, ਬੇਚੈਨੀ, ਉਪਰਾਮਤਾ ਅਤੇ ਉਦਾਸੀ ਦੇ ਸ਼ਿਕਾਰ ਹਨ। ਨੇੜਲੇ ਰਿਸ਼ਤਿਆਂ ਵੱਲੋਂ ਦਿੱਤੇ ਧੋਖੇ ਅਤੇ ਬੇਵਫ਼ਾਈ ਕਾਰਨ ਕਹਾਣੀਆਂ ਦੇ ਪਾਤਰ ਉਪਰਾਮਤਾ, ਉਦਾਸੀ ਅਤੇ ਡਿਪਰੈਸ਼ਨ ਨੂੰ ਭੋਗਦੇ ਹੋਏ ਕਈ ਵਾਰ ਬਦਲਾ ਲਊ ਸੋਚ ਦੇ ਮਾਲਕ ਬਣ ਜਾਂਦੇ ਹਨ। ਭੁਪਿੰਦਰ ਜਿੱਥੇ ਪਰਿਵਰਤਿਤ ਹੁੰਦੇ ਸਭਿਆਚਾਰਕ ਮੁੱਲਾਂ ਤੇ ਕਦਰਾਂ ਕੀਮਤਾਂ ਨੂੰ ਬਹੁਤ ਹੀ ਸ਼ਿੱਦਤ ਨਾਲ ਰੂਪਮਾਨ ਕਰਦੀ ਹੈ ਉਥੇ ਉਹ ਪਾਠਕ ਨੂੰ ਆਪਣੀਆਂ ਕਹਾਣੀਆਂ ਰਾਹੀਂ ਇੱਕ ਸਕਾਰਾਤਮਕ ਸੁਨੇਹਾ ਦੇਣ ਦਾ ਸੁਹਿਰਦ ਯਤਨ ਕਰਦੀ ਨਜਰੀ ਪੈਂਦੀ ਹੈ। ਜਿਵੇਂ ‘ਬੌਂਕਣ ਬਣੀ ਸਹੇਲੀ’ ਕਹਾਣੀ ਵਿਚਲੀਆਂ ਸੌਂਕਣਾਂ ਬੱਚਿਆਂ ਦੇ ਪਾਲਣ ਪੋਸ਼ਣ ਨੂੰ ਮੁੱਖ ਰੱਖਦੀਆਂ ਹੋਈਆਂ ਸਹੇਲੀਆਂ ਬਣ ਕੇ ਵਿਚਰਨ ਦਾ ਵਾਅਦਾ ਕਰਦੀਆਂ ਹਨ।
ਇਸ ਪੁਸਤਕ ਵਿਚਲੀਆਂ ਕਹਾਣੀਆਂ ਸਾਡੇ ਸਮਾਜ ਵਿੱਚ ਪੱਸਰੇ ਹੋਏ ਦੁੱਖ-ਸੁਖ ਨਾਲ ਸਬੰਧਤ ਹਨ। ਭੁਪਿੰਦਰ ਕੌਰ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਗੁੰਝਲਾਂ ਨੂੰ ਸ਼ਾਬਦਿਕ ਜ਼ੁਬਾਨ ਦੇ ਕੇ ਉਹਨਾਂ ਦੇ ਦੁੱਖ-ਸੁੱਖ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਲੇਖਿਕਾ ਕਿਉਂਕਿ ਆਪ ਇੱਕ ਸ਼ਹਿਰੀ ਪਰਿਵਾਰ ਨਾਲ ਸਬੰਧ ਰੱਖਦੀ ਹੈ, ਸ਼ਾਇਦ ਇਸ ਲਈ ਉਸਦੀਆਂ ਕਹਾਣੀਆਂ ਦੇ ਕਥਾਨਕ ਸ਼ਹਿਰੀ ਮੱਧ ਸ਼੍ਰੇਣੀ ਵਿੱਚੋਂ ਲਏ ਗਏ ਹਨ ਅਤੇ ਉਸਦੇ ਪਾਤਰ ਸ਼ਹਿਰੀਆਂ ਵਾਲੀ ਭਾਸ਼ਾ ਬੋਲਦੇ ਹਨ। ਭੁਪਿੰਦਰ ਨੇ ਆਪਣੀਆਂ ਕਹਾਣੀਆਂ ਰਾਹੀਂ ਬਿਮਾਰ ਸਮਾਜ ਦੀਆਂ ਬਿਮਾਰੀਆਂ ਦੀ ਨਿਸ਼ਾਨਦੇਹੀ ਕਰਨ ਦੇ ਨਾਲ ਨਾਲ ਇਲਾਜ ਕਰਨ ਦਾ ਵੀ ਯਤਨ ਕੀਤਾ ਹੈ। ਭੁਪਿੰਦਰ ਅਨੁਸਾਰ ”ਹਰ ਕਹਾਣੀ ਦੇ ਅਖੀਰ ਵਿੱਚ ਆਪਦੇ ਵੱਲੋਂ ਕੁਝ ਸੁਝਾਅ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਸਮਾਜ ਵਿੱਚ ਵਾਪਰ ਰਹੀਆਂ ਅਣਮਨੁੱਖੀ ਘਟਨਾਵਾਂ ਤੇ ਟੁੱਟਦੀ ਹੋਈ ਭਾਈਚਾਰਕ ਸਾਂਝ ਨੂੰ ਕਿਸੇ ਹੰਦ ਤੱਕ ਠੱਲ੍ਹ ਪਾਈ ਜਾ ਸਕੇ।” ਕਹਾਣੀਕਾਰਾ ਦਾ ਉਕਤ ਧਿਆਨ ਇਹ ਗੱਲ ਸਪਸ਼ਟ ਕਰਨ ਲਈ ਕਾਫ਼ੀ ਹੈ ਕਿ ਭੁਪਿੰਦਰ ਸਮਾਜ ਵਿੱਚ ਵੱਧ ਰਹੀ ਨਫ਼ਰਤ ਅਤੇ ਕੁੜੱਤਣ ਨੂੰ ਹਰ ਹੀਲੇ ਪਿਆਰ ਵਿੱਚ ਬਦਲਣ ਲਈ ਯਤਨਸ਼ੀਲ ਹੈ। ਸ਼ਾਇਦ ਇਹ ਗੱਲ ਉਸਦੇ ਨਿੱਜੀ ਅਨੁਭਵ ਵਿੱਚੋਂ ਨਿਕਲੀ, ਜਦੋਂ ਉਸਨੇ ਮੌਤ ਨੂੰ ਝਕਾਨੀ ਦਿੱਤੀ। ਉਸਨੂੰ ਅਹਿਸਾਸ ਹੈ ਕਿ ਮਨੁੱਖ ਦੀ ਹੋਂਦ ਤਾਂ ਖਾਣੀ ਉਤੇ ਬੁਲਬੁਲੇ ਸਮਾਨ ਹੈ। ਇਸ ਕਰਕੇ ਮਨੁੱਖ ਨੂੰ ਮਨੁੱਖ ਨਾਲ ਪਿਆਰ ਦਾ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ।ਭੁਪਿੰਦਰ ਕੌਰ ਨੇ ਆਪਣੇ ਇਸ ‘ਅਫ਼ਸਾਨਾ ਏ ਜ਼ਿੰਦਗੀ’ ਨਾਲ ਪੰਜਾਬੀ ਸਾਹਿਤਕ ਜਗਤ ਵਿੱਚ ਪ੍ਰਵੇਸ਼ ਕੀਤਾ ਹੈ। ਮੈਂ ਭੁਪਿੰਦਰ ਦੇ ਕਹਾਣੀ ਸੰਗ੍ਰਹਿ ‘ਅਫ਼ਸਾਨਾ ਏ ਜ਼ਿੰਦਗੀ’ ਨੂੰ ਖੁਸ਼ਆਮਦੀਦ ਆਖਦਾ ਹ ਹੋਇਆ ਆਸ ਕਰਦਾ ਹਾਂ ਕਿ ਪਾਠਕ ਉਸਦੀਆਂ ਕਹਾਣੀਆਂ ਨੂੰ ਭਰਪੂਰ ਹੁੰਗਾਰਾ ਦੇਣਗੇ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218