Day: June 15, 2017

ਵਿਆਹ ਹੋਣ ਸਾਦੇ ਅਤੇ ਵਿਖਾਵਾ ਹੋਵੇ ਬੰਦ

ਕਿਸੇ ਵੀ ਪਰਿਵਾਰ ਵਿੱਚ ਤਿੰਨ ਸੰਜੋਗ, ਉਤਸਵ ਜਾਂ ਅਵਸਰ ਬਹੁਤ ਮਹੱਤਵਪੂਰਨ ਹੁੰਦੇ ਹਨ। ਇਹ ਹਨ ਜਨਮ, ਵਿਆਹ ਅਤੇ ਮੌਤ। ਇਹ ਤਿੰਨੇ ਅਵਸਰ ਕਿਸੇ ਪਰਿਵਾਰ ਦੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਵੀ ਕਰਦੇ ਹਨ ਅਤੇ ਬਹੁਤੀ ਵਾਰ ਪਰਿਵਰਤਿਤ ਵੀ ਕਰਦੇ ਹਨ। ਜਨਮ ਅਤੇ ਵਿਆਹ ਅਜਿਹੇ ਉਤਸਵ ਹਨ ਜੋ ਪਰਿਵਾਰ ਨੂੰ ਜਸ਼ਨ ਦਾ ਮੌਕਾ ਪ੍ਰਦਾਨ ਕਰਦੇ ਹਨ ਅਤੇ ਇਸਦਾ ਭਾਈਚਾਰਕ ਅਤੇ ਸਮਾਜਿਕ ਮਹੱਤਵ ਵੀ ਬਹੁਤ ਹੁੰਦਾ ਹੈ। ਮੈਂ ਆਪਣੀ ਜ਼ਿੰਦਗੀ ਦੇ ਛੇ ਦਹਾਕਿਆਂ ਦੌਰਾਨ ਪੰਜਾਬੀ ਸਮਾਜ ਵਿੱਚ ਵਿਆਹ ਦੇ ਅਵਸਰ ਵਿੱਚ ਢੇਰ ਸਾਰੀਆਂ ਤਬਦੀਲੀਆਂ ਦਾ ਗਵਾਹ ਹਾਂ। ‘ਅੰਗਰੇਜ਼’ ਅਤੇ ‘ਮੰਜੇ ਬਿਸਤਰੇ’ ਵਰਗੀਆਂ ਪੰਜਾਬੀ ਫ਼ਿਲਮਾਂ ਵਿੱਚ ਵਿਖਾਏ ਵਿਆਹਾਂ ਨੂੰ ਨਾ ਸਿਰਫ਼ ਮੈਂ ਅੱਖੀਂ ਵੇਖਿਆ ਹੈ ਬਲਕਿ ਕਈਆਂ ਦਾ ਹਿੱਸਾ ਵੀ ਰਿਹਾ ਹਾਂ। ਦੋ-ਦੋ ਦਿਨ ਬਰਾਤਾਂ ਦਾ ਠਹਿਰਨਾ ਅਤੇ ਸਮੂਹ ਭਾਈਚਾਰੇ ਵੱਲੋਂ ਆਪਣੇ ਹੱਥੀਂ ਬਰਾਤਾਂ ਦੀ ਸੇਵਾ ਅਤੇ ਹਰ ਤਰ੍ਹਾਂ ਦੇ ਰਸਮਾਂ ਰਿਵਾਜਾਂ ਨੂੰ ਨਿਭਾਉਣ ਵਾਲੇ ਵਿਆਹ ਤਾਂ ਹੁਣ ਸਿਰਫ਼ ਫ਼ਿਲਮਾਂ ਵਿੱਚ ਵੇਖਣ ਨੂੰ ਮਿਲ ਰਹੇ ਹ ਨ।
ਤਬਦੀਲੀ ਕੁਦਰਤ ਦਾ ਸੁਭਾਵਿਕ ਨਿਯਮ ਹੈ। ਜੀਵਨ ਦੇ ਹਰ ਖੇਤਰ ਵਿੱਚ ਤਬਦੀਲੀ ਆਉਣਾ ਕੁਦਰਤੀ ਹੈ ਪਰ ਸਾਡੇ ਸਮਾਜ ਵਿੱਚ ਵਿਆਹਾਂ ਦੇ ਮਾਮਲੇ ਵਿੱਚ ਵੱਡੀ ਨਕਾਰਾਤਮਕ ਤਬਦੀਲੀ ਆਈ ਹੈ। ਵਿਆਹ ਹੁਣ ਬਹੁਤ ਮਹਿੰਗਾ ਹੋ ਗਿਆ ਹੈ। ਅਸਲ ਵਿੱਚ ਹੁਣ ਇੱਕ ਵਿਆਹ ਦੌਰਾਨ ਇੰਨੀਆਂ ਰਸਮਾਂ ਨੂੰ ਵਧਾ ਦਿੱਤਾ ਗਿਆ ਕਿ ਹੁਣ ਇੱਕ ਨਹੀਂ ਕਈ ਵਿਆਹਾਂ ਦਾ ਖਰਚਾ ਕਰਨਾ ਪੈ ਰਿਹਾ ਹੈ। ਰੋਕਾ, ਰਿੰਗ ਸੈਰੇਮਨੀ, ਸ਼ਗਨ, ਲੇਡੀਜ਼ ਸੰਗੀਤ, ਚੁੰਨੀ ਚੜ੍ਹਾਈ, ਫ਼ੇਰੇ ਜਾਂ ਆਨੰਦ ਕਾਰਜ ਅਤੇ ਫ਼ਿਰ ਰਿਸੈਪਸ਼ਨ। ਤੁਸੀਂ ਕੁੜੀ ਵਾਲੇ ਹੋ ਜਾਂ ਮੁੰਡੇ ਵਾਲੇ, ਇਸ ਨਾਲ ਘੱਟ ਹੀ ਫ਼ਰਕ ਪੈਂਦਾ ਹੈ ਅਤੇ ਤੁਹਾਨੂੰ 6-7 ਵੱਡੀਆਂ, ਮਹਿੰਗੀਆਂ ਅਤੇ ਸਮਾ ਖਪਤ ਕਰਨ ਵਾਲੀਆਂ ਰਸਮਾਂ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਵਿਖਾਵੇ ਦੇ ਇਸ ਯੁੱਗ ਵਿੱਚ ਮੈਰਿਜ ਪੈਲਸਾਂ ਦੀ ਸਜਾਵਟ ‘ਤੇ ਹੀ ਉਨਾ ਖਰਚ ਹੋ ਜਾਂਦਾ ਹੈ, ਜਿੰਨਾ ਕਿਸੇ ਸਮੇਂ ਪੂਰੇ ਵਿਆਹ ‘ਤੇ ਹੁੰਦਾ ਸੀ ਇਹਨਾਂ ਖਰਚੀਲੇ ਵਿਆਹਾਂ ਦੇ ਅਨੇਕਾਂ ਅਜਿਹੇ ਖ ਰਚੇ ਹਨ ਜੋ ਆਮ ਮੱਧ ਸ਼੍ਰੇਣੀ ਦਾ ਲੱਕ ਤੋੜ ਦਿੰਦੇ ਹਨ। ਦੋ ਤਿੰਨ ਘੰਟੇ ਦੀ ਰਿਸੈਪਸ਼ਨ ਉਤੇ ਇੱਕ ਮੱਧ ਸ਼੍ਰੇਣੀ ਦੇ ਪਰਿਵਾਰ ਨੂੰ 10-15 ਲੱਖ ਰੁਪਏ ਖਰਚਣੇ ਪੈਂਦੇ ਹਨ। ਇਸ ਤਰ੍ਹਾਂ ਆਨੰਦ ਕਾਰਜ ਵਾਲੇ ਦਿਨ ਦੀ ਬਰਾਤੀਆਂ ਦੀ ਸੇਵਾ ਵੇਲ ਵੀ ਲੋਕ ਵਿਤੋਂ ਬਾਹਰ ਜਾ ਕੇ ਖਰਚਾ ਕਰਦੇ ਨਜ਼ਰੀ ਪੈਂਦੇ ਹਨ। ਇਹਨਾਂ ਵਿੱਚੋਂ ਵੱਡੇ ਖਰਚੇ ਖਾਣ-ਪੀਣ ਅਤੇ ਸਜਾਵਟ ਦੇ ਹਨ। ਕੱਪੜੇ ਅਤੇ ਗਹਿਣਿਆਂ ਤੇ ਵੀ ਮੋਟੀ ਰਕਮ ਖਰਚੀ ਜਾਂਦੀ ਹੈ।
ਅਸੀਂ ਬਹੁਤ ਵਾਰ ਆਪਣੀ ਗੈਰ ਸਰਕਾਰੀ ਸੰਸਥਾ ‘ਗਲੋਬਲ ਪੰਜਾਬ ਫ਼ਾਊਂਡੇਸ਼ਨ’ ਦੇ ਮੰਚ ਤੋਂ ਇਹ ਮੁੱਦਾ ਉਠਾਇਆ ਹੈ ਕਿ ਵਿਆਹ-ਸ਼ਾਦੀਆਂ ਦੇ ਖਰਚੇ ਘਟਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਜ਼ਰੂਰੀ ਹੋ ਗਿਆ ਹੈ। ਇੱਥੇ ਮੈਨੂੰ ਇਹ ਦੱਸਣ ਵਿੱਚ ਕੋਈ ਝਿਜਕ ਨਹੀਂ ਕਿ ਇਹ ਕੰਮ ਉਨਾ ਸੌਖਾ ਨਹੀਂ ਜਿੰਨਾ ਨਾਹਰਾ ਲਾਉਣਾ ਆਸਾਨ ਹੈ। ਪੌਣੇ ਕੁ ਦੋ ਵਰ੍ਹੇ ਪਹਿਲਾਂ ਮੈਂ ਆਪਣੇ ਬੇਟੇ ਦਾ ਵਿਆਹ ਕੀਤਾ। ਨੈਤਿਕਤਾ ਇਹ ਮੰਗ ਕਰਦੀ ਸੀ ਕਿ ਮੈਂ ਇਸ ਮੁੱਦੇ ‘ਤੇ ਲਗਾਤਾਰ ਬੋਲ ਰਿਹਾ ਹਾਂ, ਹੁਣ ਮੈਂ ਸਾਦਾ ਵਿਆਹ ਕਰਾਂ। ਭਾਵੇਂ ਮੈਂ ਇਸ ਕੰਮ ਵਿੱਚ ਸਫ਼ਲ ਹੋਇਆ ਪਰ ਇਸ ਸਬੰਧੀ ਮੈਨੂੰ ਘਰੋਂ ਅਤੇ ਬਾਹਰੋਂ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੈਂ ਰਿਸੈਪਸ਼ਨ ਸਮੇਤ ਸਾਰੇ ਫ਼ੰਕਸ਼ਨਾਂ ਦੀ ਬਜਾਏ ਡੇਢ ਫ਼ੰਕਸ਼ਨ ਕੀਤੇ। ਇੱਕ ਆਨੰਦ ਕਾਰਜ ਅਤੇ ਦੂਜਾ ਆਨੰਦ ਕਾਰਜ ਤੋਂ ਇੱਕ ਦਿਨ ਪਹਿਲਾਂ ਗੀਤ-ਸੰਗੀਤ ਵਾਲਾ ਫ਼ੰਕਸ਼ਨ। ਮਹਿਮਾਨਾਂ ਦੀ ਗਿਣਤੀ ਨੂੰ ਸੀਮਤ ਰੱਖਿਆ। ਕੁੜੀ ਵਾਲਿਆਂ ਨੂੰ ਦਾਜ ਦਹੇਜ ਦੇ ਵਾਧੂ ਖਰਚਿਆਂ ਤੋਂ ਰੋਕਿਆ। ਨਤੀਜੇ ਵਜੋਂ ਕੰਜੂਸ ਕੁਹਇਆ। ਜਿਹਨਾਂ ਲੋਕਾਂ ਨੂੰ ਸੱਦਾ ਨਹੀਂ ਦਿੱਤਾ ਉਹਨਾਂ ਨੂੰ ਦੁਸ਼ਮਣ ਬਣਾ ਲਿਆ। ਬਹੁਤ ਸਾਰੇ ਲੋਕ ਤਾਂ ਅੱਖ ਮਿਲਾਉਣ ਤੋਂ ਵੀ ਗੁਰੇਜ਼ ਕਰਨ ਲੱਗ ਪਏ ਹਨ। ਕੰਮ ਭਾਵੇਂ ਸੌਖਾ ਨਹਂ ਪਰ ਸਮੇਂ ਦੀ ਜ਼ਰੂਰਤ ਹੈ ਕਿ ਵਿਆਹਾਂ ਨੂੰ ਸਾਦੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ। ਰਸਮਾਂ ਘਟਾਈਆਂ ਜਾਣ। ਵਿਖਾਵਾ ਬੰਦ ਕੀਤਾ ਜਾਵੇ। ਦਾਜ ਦਹੇਜ ਤੋਂ ਤੌਬਾ ਕੀਤੀ ਜਾਵੇ। ਵਿਖਾਵੇ ਲਈ ਖਰਚੀ ਜਾਣ ਵਾਲੀ ਰਕਮ ਨਵੀਂ ਜੋੜੀ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਦੇ ਦਿੱਤੀ ਜਾਵੇ।
ਤੁਸੀਂ ਜਦੋਂ ਇਸ ਕਿਸਮ ਦਾ ਕਦਮ ਉਠਾਉਣ ਦੀ ਸੋਚੋਗੇ ਤਾਂ ਪਹਿਲਾਂ ਵਿਰੋਧ ਘਰ ਵਿੱਚੋਂ ਉਠੇਗਾ। ਮਹਿਮਾਨਾਂ ਦੀ ਸੂਚੀ ਵੇਖ ਕੇ ਇਹ ਸੁਣਨ ਨੂੰ ਮਿਲੇਗਾ ਕਿ ਸਭ ਵੱਲ ਸ਼ਗਨ ਆਏ ਹੋਏ ਹਨ, ਕਦੋਂ ਵਾਪਸ ਮੁੜਨਗੇ। ਸਾਰੀ ਦੁਨੀਆਂ ਕਰਦੀ ਐ, ਤੁਸੀਂ ਹੀ ਕਿਉਂ ਬਣ ਰਹੇ ਹੋ ਸਮਾਜ ਸੁਧਾਰਕ। ਅਸੀਂ ਥੋੜ੍ਹੀ ਕੁਝ ਮੰਗ ਕਰਦੇ ਹਾਂ, ਉਹ ਆਪਣੀ ਕੁੜੀ ਦੇ ਰਹੇ ਹਨ। ਅਜਿਹੀਆਂ ਗੰਲਾਂ ਸੁਣਨ ਨੂੰ ਤਿਆਰ ਰਹਿਣਾ ਪਵੇਗਾ। ਫ਼ਿਰ ਦੋਸਤਾਂ, ਰਿਸ਼ਤੇਦਾਰਾਂ ਅ ਤੇ ਸ਼ਰੀਕਾਂ ਦੀਆਂ ਗੱਲਾਂ ਸੁਣਨ ਲਈ ਮਾਨਸਿਕ ਤੌਰ ‘ਤੇ ਤਿਆਰ ਰਹਿਣਾ ਹੋਵੇਗਾ। ਯਾਦ ਰੱਖੋ ਇਹ ਸਭ ਸਮਾਜ ਦੇ ਭਲੇ ਲਈ ਕਰਨਾ ਹੈ। ਕਿਸੇ ਨੇ ਤਾਂ ਇਸਦੀ ਸ਼ੁਰੂਆਤ ਕਰਨੀ ਹੈ। ਸੋ, ਤੁਹਾਡੇ ਤੋਂ ਕਿਉਂ ਨਾ ਹੋਵੇ। ਸੋ, ਆਓ ਵਿਆਹਾਂ ਨੂੰ ਵਿਖਾਵੇ ਤੋਂ ਰਹਿਤ, ਘੱਟ ਖਰਚੀਲੇ ਬਣਾਉਣ ਲਈ ਯਤਨ ਕਰੀਏ।

ਭੁਪਿੰਦਰ ਕੌਰ ਦਾ ‘ਅਫ਼ਾਸਾਨਾ ਏ ਜ਼ਿੰਦਗੀ’
‘ਅਫ਼ਸਾਨਾ ਏ ਜ਼ਿੰਦਗੀ’ ਕਹਾਣੀ ਸੰਗ੍ਰਹਿ ਨਾਲ ਪੰਜਾਬੀ ਕਹਾਣੀ ਜਗਤ ਵਿੱਚ ਇੱਕ ਹੋਰ ਸੁਹਿਰਦ ਕਹਾਣੀਕਾਰ ਪ੍ਰਵੇਸ਼ ਕਰਦੀ ਹੈ। ਭੁਪਿੰਦਰ ਕੌਰ ਨੇ ਪ੍ਰੌਢ ਉਮਰੇ ਲਿਖਣਾ ਸ਼ੁਰੂ ਕੀਤਾ ਅਤੇ ਆਪਣੀ ਜ਼ਿੰਦਗੀ ਦੇ ਅਨੁਭਵਾਂ ਨੂੰ ਆਪਣੀਆਂ ਕਹਾਣੀਆਂ ਦੇ ਪਾਤਰਾਂ ਰਾਹੀਂ ਪਾਠਕਾਂ ਸਨਮੁਖ ਪੇਸ਼ ਕਰਨ ਦਾ ਜ਼ੇਰਾ ਕੀਤਾ ਹੈ। ਭੁਪਿੰਦਰ ਕੌਰ ਦਾ ਸਾਹਿਤ ਦਾ ਸਫ਼ਰ ਬੜਾ ਦਿਲਚਸਪ ਹੈ। ਇੱਕ ਦਿਨ ਅਚਾਨਕ ਉਸਦੇ ਦਿਲ ਦੀ ਹਰਕਤ ਬੰਦ ਹੋ ਗਈ। ਪਤੀ ਅਜੀਤ ਸਿੰਘ ਵਾਲੀਆ ਨੇ ਬਿਨਾਂ ਦੇਰੀ ਕੀਤੇ ਹਸਪਤਾਲ ਪਹੁੰਚਾ ਦਿੱਤਾ। ਡਾਕਟਰਾਂ ਦੀ ਮਿਹਨਤ ਅਤੇ ਪ੍ਰਮਾਤਮਾ ਦੀ ਮਿਹਰ ਸਦਕਾ ਦਿਲ ਮੁੜ ਧੜਕਣਾ ਸ਼ੁਰੂ ਹੋ ਗਿਆ। ਦੁਬਾਰਾ ਮਿਲੀ ਜ਼ਿੰਦਗੀ ਨੁੰ ਭੁਪਿੰਦਰ ਕੌਰ ਨੇ ਪੰਜਾਬੀ ਸਾਹਿਤ ਦੇ ਲੇਖੇ ਲਾਉਣ ਦਾ ਫ਼ੈਸਲਾ ਕਰ ਲਿਆ।
ਭੁਪਿੰਦਰ ਕੌਰ ਅਸਲ ਵਿੱਚ ਆਪ ਸਮਾਜ ਦੀ ਉਪਰਲੀ ਮੱਧ ਸ਼੍ਰੇਣੀ ਨਾਲ ਸਬੰਧ ਰੱਖਦੀ ਹੈ। ਸ਼ਾਇਦ ਇਸੇ ਕਾਰਨ ਉਸਦੀਆਂ ਕਹਾਣੀਆਂ ਵੀ ਮੱਧ ਸ਼੍ਰੇਣੀ ਅਤੇ ਉਪਰਲੀ ਮੱਧ ਸ਼੍ਰੇਣੀ ਦੇ ਲੋਕਾਂ ਦੀ ਜ਼ਿੰਦਗੀ ਨੂੰ ਪੇਸ਼ ਕਰਨ ਦਾ ਉਪਰਾਲਾ ਹੈ। ਉਹ ਮੱਧ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਵਿੱਚੋਂ ਕਥਾਨਕ ਚੁਣ ਕੇ ਆਪਣੀਆਂ ਕਹਾਣੀਆਂ ਦੀ ਸਿਰਜਣਾ ਕਰਦੀ ਹੈ। ਭੁਪਿੰਦਰ ਦੀਆਂ ਕਹਾਣੀਆਂ ਦੇ ਵਿਸ਼ੇ ਸਮਾਜ ਵਿਚਲੇ ਰਿਸ਼ਤਿਆਂ ਦੀ ਹੋ ਰਹੀ ਭੰਨ ਤੋੜ ਨੂੰ ਪੇਸ਼ ਕਰਨ ਵਾਲੇ ਹਨ। ‘ਤੇਜਾਬ ਹੀ ਤੇਜਾਬ’ ‘ਧੋਖਾ’, ਕੀ ਸੱਚਮੁਚ ਜਮਾਨਾ ਬਦਲ ਗਿਆ ਹੈ, ਸੌਂਕਣ ਬਣੀ ਸਹੇਲੀ ਅਤੇ ਬੇਟੀਆਂ’ ਆਦਿ ਲੱਗਭੱਗ ਹਰ ਕਹਾਣੀ ਵਿੱਚ ਕਹਾਣੀਕਾਰਾ ਨ ੇ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਮਨਫ਼ੀ ਹੋ ਰਹੀ ਨੈਤਿਕਤਾ ਅਤੇ ਵੱਧ ਰਹੀ ਲਾਲਸਾ ਅਤੇ ਲਾਲਚ ਦੇ ਕਾਰਨ ਰਿਸ਼ਤਿਆਂ ਵਿੱਚ ਆ ਰਹੀਆਂ ਨਕਾਰਾਤਮਕ ਤਬਦੀਲੀਆਂ ਨੂੰ ਘੋਖਵੀ ਨਜ਼ਰ ਰਾਹੀਂ ਚਿਤਾਰਿਆ ਹੈ। ਕਹਾਣੀਆਂ ਦੇ ਪਾਤਰ ਮਾਨਸਿਕ ਦਬੰਧ, ਬੇਚੈਨੀ, ਉਪਰਾਮਤਾ ਅਤੇ ਉਦਾਸੀ ਦੇ ਸ਼ਿਕਾਰ ਹਨ। ਨੇੜਲੇ ਰਿਸ਼ਤਿਆਂ ਵੱਲੋਂ ਦਿੱਤੇ ਧੋਖੇ ਅਤੇ ਬੇਵਫ਼ਾਈ ਕਾਰਨ ਕਹਾਣੀਆਂ ਦੇ ਪਾਤਰ ਉਪਰਾਮਤਾ, ਉਦਾਸੀ ਅਤੇ ਡਿਪਰੈਸ਼ਨ ਨੂੰ ਭੋਗਦੇ ਹੋਏ ਕਈ ਵਾਰ ਬਦਲਾ ਲਊ ਸੋਚ ਦੇ ਮਾਲਕ ਬਣ ਜਾਂਦੇ ਹਨ। ਭੁਪਿੰਦਰ ਜਿੱਥੇ ਪਰਿਵਰਤਿਤ ਹੁੰਦੇ ਸਭਿਆਚਾਰਕ ਮੁੱਲਾਂ ਤੇ ਕਦਰਾਂ ਕੀਮਤਾਂ ਨੂੰ ਬਹੁਤ ਹੀ ਸ਼ਿੱਦਤ ਨਾਲ ਰੂਪਮਾਨ ਕਰਦੀ ਹੈ ਉਥੇ ਉਹ ਪਾਠਕ ਨੂੰ ਆਪਣੀਆਂ ਕਹਾਣੀਆਂ ਰਾਹੀਂ ਇੱਕ ਸਕਾਰਾਤਮਕ ਸੁਨੇਹਾ ਦੇਣ ਦਾ ਸੁਹਿਰਦ ਯਤਨ ਕਰਦੀ ਨਜਰੀ ਪੈਂਦੀ ਹੈ। ਜਿਵੇਂ ‘ਬੌਂਕਣ ਬਣੀ ਸਹੇਲੀ’ ਕਹਾਣੀ ਵਿਚਲੀਆਂ ਸੌਂਕਣਾਂ ਬੱਚਿਆਂ ਦੇ ਪਾਲਣ ਪੋਸ਼ਣ ਨੂੰ ਮੁੱਖ ਰੱਖਦੀਆਂ ਹੋਈਆਂ ਸਹੇਲੀਆਂ ਬਣ ਕੇ ਵਿਚਰਨ ਦਾ ਵਾਅਦਾ ਕਰਦੀਆਂ ਹਨ।
ਇਸ ਪੁਸਤਕ ਵਿਚਲੀਆਂ ਕਹਾਣੀਆਂ ਸਾਡੇ ਸਮਾਜ ਵਿੱਚ ਪੱਸਰੇ ਹੋਏ ਦੁੱਖ-ਸੁਖ ਨਾਲ ਸਬੰਧਤ ਹਨ। ਭੁਪਿੰਦਰ ਕੌਰ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਗੁੰਝਲਾਂ ਨੂੰ ਸ਼ਾਬਦਿਕ ਜ਼ੁਬਾਨ ਦੇ ਕੇ ਉਹਨਾਂ ਦੇ ਦੁੱਖ-ਸੁੱਖ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਲੇਖਿਕਾ ਕਿਉਂਕਿ ਆਪ ਇੱਕ ਸ਼ਹਿਰੀ ਪਰਿਵਾਰ ਨਾਲ ਸਬੰਧ ਰੱਖਦੀ ਹੈ, ਸ਼ਾਇਦ ਇਸ ਲਈ ਉਸਦੀਆਂ ਕਹਾਣੀਆਂ ਦੇ ਕਥਾਨਕ ਸ਼ਹਿਰੀ ਮੱਧ ਸ਼੍ਰੇਣੀ ਵਿੱਚੋਂ ਲਏ ਗਏ ਹਨ ਅਤੇ ਉਸਦੇ ਪਾਤਰ ਸ਼ਹਿਰੀਆਂ ਵਾਲੀ ਭਾਸ਼ਾ ਬੋਲਦੇ ਹਨ। ਭੁਪਿੰਦਰ ਨੇ ਆਪਣੀਆਂ ਕਹਾਣੀਆਂ ਰਾਹੀਂ ਬਿਮਾਰ ਸਮਾਜ ਦੀਆਂ ਬਿਮਾਰੀਆਂ ਦੀ ਨਿਸ਼ਾਨਦੇਹੀ ਕਰਨ ਦੇ ਨਾਲ ਨਾਲ ਇਲਾਜ ਕਰਨ ਦਾ ਵੀ ਯਤਨ ਕੀਤਾ ਹੈ। ਭੁਪਿੰਦਰ ਅਨੁਸਾਰ ”ਹਰ ਕਹਾਣੀ ਦੇ ਅਖੀਰ ਵਿੱਚ ਆਪਦੇ ਵੱਲੋਂ ਕੁਝ ਸੁਝਾਅ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਸਮਾਜ ਵਿੱਚ ਵਾਪਰ ਰਹੀਆਂ ਅਣਮਨੁੱਖੀ ਘਟਨਾਵਾਂ ਤੇ ਟੁੱਟਦੀ ਹੋਈ ਭਾਈਚਾਰਕ ਸਾਂਝ ਨੂੰ ਕਿਸੇ ਹੰਦ ਤੱਕ ਠੱਲ੍ਹ ਪਾਈ ਜਾ ਸਕੇ।” ਕਹਾਣੀਕਾਰਾ ਦਾ ਉਕਤ ਧਿਆਨ ਇਹ ਗੱਲ ਸਪਸ਼ਟ ਕਰਨ ਲਈ ਕਾਫ਼ੀ ਹੈ ਕਿ ਭੁਪਿੰਦਰ ਸਮਾਜ ਵਿੱਚ ਵੱਧ ਰਹੀ ਨਫ਼ਰਤ ਅਤੇ ਕੁੜੱਤਣ ਨੂੰ ਹਰ ਹੀਲੇ ਪਿਆਰ ਵਿੱਚ ਬਦਲਣ ਲਈ ਯਤਨਸ਼ੀਲ ਹੈ। ਸ਼ਾਇਦ ਇਹ ਗੱਲ ਉਸਦੇ ਨਿੱਜੀ ਅਨੁਭਵ ਵਿੱਚੋਂ ਨਿਕਲੀ, ਜਦੋਂ ਉਸਨੇ ਮੌਤ ਨੂੰ ਝਕਾਨੀ ਦਿੱਤੀ। ਉਸਨੂੰ ਅਹਿਸਾਸ ਹੈ ਕਿ ਮਨੁੱਖ ਦੀ ਹੋਂਦ ਤਾਂ ਖਾਣੀ ਉਤੇ ਬੁਲਬੁਲੇ ਸਮਾਨ ਹੈ। ਇਸ ਕਰਕੇ ਮਨੁੱਖ ਨੂੰ ਮਨੁੱਖ ਨਾਲ ਪਿਆਰ ਦਾ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ।ਭੁਪਿੰਦਰ ਕੌਰ ਨੇ ਆਪਣੇ ਇਸ ‘ਅਫ਼ਸਾਨਾ ਏ ਜ਼ਿੰਦਗੀ’ ਨਾਲ ਪੰਜਾਬੀ ਸਾਹਿਤਕ ਜਗਤ ਵਿੱਚ ਪ੍ਰਵੇਸ਼ ਕੀਤਾ ਹੈ। ਮੈਂ ਭੁਪਿੰਦਰ ਦੇ ਕਹਾਣੀ ਸੰਗ੍ਰਹਿ ‘ਅਫ਼ਸਾਨਾ ਏ ਜ਼ਿੰਦਗੀ’ ਨੂੰ ਖੁਸ਼ਆਮਦੀਦ ਆਖਦਾ ਹ ਹੋਇਆ ਆਸ ਕਰਦਾ ਹਾਂ ਕਿ ਪਾਠਕ ਉਸਦੀਆਂ ਕਹਾਣੀਆਂ ਨੂੰ ਭਰਪੂਰ ਹੁੰਗਾਰਾ ਦੇਣਗੇ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218