ਪ੍ਰਵਾਸੀ ਮਾਮਲਿਆਂ ਸਬੰਧੀ ਇੱਕ ਵੱਖਰਾ ਮੰਤਰਾਲਾ ਹੋਵੇ

ਪ੍ਰਵਾਸੀ ਮਾਮਲਿਆਂ ਸਬੰਧੀ ਇੱਕ ਵੱਖਰਾ ਮੰਤਰਾਲਾ ਹੋਵੇ
ਪੰਜਾਬ ਦੇ ਵਿੱਤ ਮੰਤਰੀ ਨੇ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਪਰਵਾਸੀ ਪੰਜਾਬੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਆਪਣੀ ਬਜਟ ਸਪੀਚ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਗੈਰ-ਪ੍ਰਵਾਸੀ ਭਾਰਤੀ ਮਾਮਲੇ ਅਧੀਨ ‘ਫ਼ਰੈਡਜ਼ ਆਫ਼ ਪੰਜਾਬ ਚੀਫ਼ ਮਨਿਸਟਰਜ਼ ਗਰੀਮਾ ਗ੍ਰਾਮ ਯੋਜਨਾ’ ਸਿਰਲੇਖ ਹੇਠਾਂ ਲਿਖਿਆ ਹੈ ਕਿ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਆਪਣੀ ਸਖਤ ਮਿਹਨਤ, ਸਮਰਪਣ ਅਤੇ ਪ੍ਰਤੀਬੱਧਤਾ ਦੀਆਂ ਭਾਵਨਾਵਾਂ ਨਾਲ ਜੀਵਨ ਦੇ ਹਰੇਕ ਖੇਤਰ ਵਿੱਚ ਵਿਦੇਸ਼ੀ ਧਰਤੀ ਉਪਰ ਸਫ਼ਲਤਾ ਪੂਰਵਕ ਆਪਣੇ ਆਪ ਨੂੰ ਸਥਾਪਤ ਕੀਤਾ ਹੈ। ਇਹਨਾਂ ਪੰਜਾਬੀਆਂ ਨੇ ਨਾ ਕੇਵਲ ਰਾਜ ਅਤੇ ਕੌਮੀ ਆਰਥਿਕਤਾ ਦੀ ਸਹਾਇਤਾ ਕੀਤੀ ਹੈ ਬਲਕਿ ਬਹੁਤ ਸਾਰੇ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਨਾਮਣਾ ਖੱਟਿਆ ਹੈ। ਸਾਡੇ ਬਹੁਤ ਸਾਰੇ ਐਨ. ਆਰ. ਆਈ. ਭਰਾ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਨਾਲ ਸੰਪਰਕ ਕਰਨਾ ਲੋਚਦੇ ਹਨ। ਇਸ ਲਈ ਰਾਜ ਸਰਕਾਰ ਨੇ ‘ਫ਼ਰੈਂਡਜ਼ ਆਫ਼ ਪੰਜਾਬ’ ਨਾਂ ਦੀ ਸਕੀਮ ਸ਼ੁਰੂ ਕਰਕੇ ਪਹਿਲਕਦਮੀ ਕੀਤੀ ਹੈ। ਇਸ ਸਕੀਮ ਅਧੀਨ ਐਨ. ਆਰ. ਆਈਜ਼ ਨੂੰ ਉਹਨਾਂ ਦੇ ਪਿੰਡਾਂ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਸਾਲ ਦੌਰਾਨ ਇਸ ਸਕੀਮ ਨੂੰ ਅਮਲ ਵਿੱਚ ਲਿਆਉਣ ਲਈ ਉਚਿਤ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦਾ ਦਾਅਵਾ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਬਹੁਤ ਸਾਰੇ ਐਨ. ਆਰ. ਆਈਜ਼ ਜਾਂ ਤਾਂ ਆਪਣੀ ਸੰਪਤੀ ਕਾਰਨ ਜਾਂ ਹੋਰ ਮਾਮਲਿਆਂ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ। ਐਨ. ਆਰ. ਆਈ. ਸਾਲ ਦੌਰਾਨ ਥੋੜ੍ਹੇ ਸਮੇਂ ਲਈ ਆਪਣੇ ਸੂਬੇ ਵਿੱਚ ਆਉਂਦੇ ਹਨ ਅਤੇ ਉਹ ਵਧੇਰੇ ਲੰਮਾ ਸਮਾਂ ਇੱਥੇ ਨਹੀਂ ਰਹਿ ਸਕਦੇ। ਉਹਨਾਂ ਦੀਆਂ ਸਮੱਸਿਆਵਾਂ ਪ੍ਰਭਾਵਕਾਰੀ ਢੰਗ ਨਾਲ ਸਮਾਂਬੱਧ ਤਰੀਕੇ ਨਾਲ ਨਿਪਟਾਉਣ ਦੇ ਉਦੇਸ਼ ਲਈ ਰਾਜ ਸਰਕਾਰ ਐਨ. ਆਰ. ਆਈਜ਼ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪ੍ਰਵਾਸੀ ਮਾਮਲਿਆਂ ਵਾਸਤੇ ਲੋਕਪਾਲ ਸਥਾਪਤ ਕਰਨ ਲਈ ਇੱਕ ਨਵਾਂ ਕਾਨੂੰਨ ਲਿਆ ਰਹੀ ਹੈ। ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਰਾਜ ਸਰਕਾਰ ਸੂਬੇ ਵਿੱਚ ਪ੍ਰਵਾਸੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਰਾਜ ਵਿੱਚ ਕਾਨੂੰਨ ਦਾ ਰਾਜ ਯਕੀਨੀ ਬਣਾਉਣ ਅਤੇ ਨਿਆਂ ਦੀ ਸੁਖਾਲੀ ਅਤੇ ਤੁਰੰਤ ਸਪੁਰਦਗੀ ਲਈ ਐਨ. ਆਰ. ਆਈਜ਼ ਦੀਆਂ ਸੰਪਤੀਆਂ ਦੀ ਸੁਰੱਖਿਆ ਲਈ ‘ਐਨ. ਆਰ. ਆਈ. ਪ੍ਰਾਪਰਟੀ ਸੇਫ਼ ਗਾਰਡਜ਼ ਐਕਟ’ ਬਣਾਉਣ ਦੀ ਤਜਵੀਜ਼ ਰੱਖਦੀ ਹੈ।
ਪੰਜਾਬ ਦੇ ਵਿੱਤ ਮੰਤਰੀ ਦੇ ਉਕਤ ਬਿਆਨ ਅਤੇ ਪ੍ਰਵਾਸੀਆਂ ਨੂੰ ਵਿਸ਼ਵਾਸ ਕਰਨਾ ਇਸ ਲਈ ਮੁਸ਼ਕਿਲ ਹੈ ਕਿਉਂਕਿ ਕਾਂਗਰਸ ਅਤੇ ਅਕਾਲੀਆਂ ਦੀਆਂ ਪਿਛਲੀਆਂ ਸਰਕਾਰਾਂ ਸਮੇਂ ਵੀ ਇਸ ਕਿਸਮ ਦੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ। ਐਨ. ਆਰ. ਆਈ. ਥਾਣੇ ਅਤੇ ਐਨ. ਆਰ. ਆਈ. ਪਟਵਾਰਖਾਨਿਆਂ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਸੀ। ਨਾ ਥਾਣਿਆਂ ਨੇ ਇਨਸਾਫ਼ ਦਿੱਤਾ ਅਤੇ ਨਾ ਹੀ ਮਹਿਕਮਾ ਮਾਲ ਦੇ ਕਰਮਚਾਰੀਆਂ ਅਤੇ ਅਫ਼ਸਰਾਂ ਨੇ। ਪਰਵਾਸੀਆਂ ਨੂੰ ਸਰਕਾਰਾਂ ਨੇ ਵੀ ਲੁੱਟਿਆ ਤੇ ਸ਼ਰੀਕੇਬਾਜ਼ਾਂ ਨੇ ਵੀ। ਪਰਵਾਸੀਆਂ ਦੀਆਂ ਜਾਇਦਾਦਾਂ ‘ਤੇ ਕਬਜ਼ੇ ਕਰਨ ਵਾਲਿਆਂ ਵਿੱਚ ਉਹਨਾਂ ਦੇ ਸਕੇ ਸਬੰਧੀ ਵੀ ਹੁੰਦੇ ਹਨ; ਸ਼ਰੀਕੇ ਵਾਲੇ ਵੀ ਅਤੇ ਸਵਾਰਥੀ ਸੋਚ ਰੱਖਣ ਵਾਲੇ ਸੱਤਾਧਾਰੀ ਵੀ। ਮਨਪ੍ਰੀਤ ਬਾਦਲ ਨੇ ਲੋਕਪਾਲ ਅਤੇ ਨਵੇਂ ਕਾਨੂੰਨ ਬਣਾਉਣ ਦੀ ਗੱਲ ਕੀਤੀ ਹੈ, ਪਰ ਸਵਾਲ ਇਹ ਉਠਦਾ ਹੈ ਕਿ ਮੌਜੂਦਾ ਕਾਨੂੰਨ ਅਨੁਸਾਰ ਕਿੰਨੇ ਕੁ ਅਜਿਹੇ ਲੋਕਾਂ ਨੂੰ ਸਜ਼ਾ ਦਿੱਤੀ ਗਈ ਜਿਹਨਾਂ ਨੇ ਪਰਵਾਸੀਆਂ ਦੀਆਂ ਜਾਇਦਾਦਾਂ ‘ਤੇ ਕਬਜ਼ਾ ਕੀਤਾ ਹੈ? ‘ਫ਼ਰੈਂਡਜ਼ ਔਫ਼ ਪੰਜਾਬ’ ਸਕੀਮ ਤਾਂ ਪਰਵਾਸੀਆਂ ਨਾਲ ਕੀਤਾ ਗਿਆ ਇਕ ਹੋਰ ਵੀ ਭੱਦਾ ਮਜ਼ਾਕ ਹੈ। ਇਸ ਸਕੀਮ ਲਈ ਗੱਲਾਂ ਦਾ ਕੜਾਹ ਹੀ ਬਣਾਇਆ ਗਿਆ ਹੈ। ਬਜਟ ਵਿੱਚ ਪੈਸੇ ਦੀ ਕੋਈ ਯੋਜਨਾ ਨਹੀਂ ਦੱਸੀ ਗਈ। ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਸਮੇਂ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕੀਤੇ ਗਏ ਸਨ, ਪਰ ਉਹ ਕਦੇ ਵੀ ਵਫ਼ਾ ਨਹੀਂ ਹੋਏ।ਇਸੇ ਕਾਰਨ ਪਰਵਾਸੀ ਇਹਨਾਂ ਦੋਹਾਂ ਪਾਰਟੀਆਂ ਤੋਂ ਬੁਰੀ ਤਰ੍ਹਾਂ ਦੂਰ ਹੋ ਗਏ। ਭਾਵੇਂ ਪੰਜਾਬ ਦੇ ਵਿਤ ਮੰਤਰੀ ਨੇ ਇਸ ਵਾਰ ਗੋਂਗਲੂਆਂ ਤੋਂ ਮਿੰਟੀ ਝਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦਾ ਵਿਪਰੀਤ ਪ੍ਰਭਾਵ ਹੀ ਨਜ਼ਰ ਆਇਆ ਹੈ।
ਜੇ ਸਰਕਾਰ ਪਰਵਾਸੀਆਂ ਲਈ ਸੱਚਮੁਚ ਹੀ ਕੁਝ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਵਿੱਚ ਪਰਵਾਸੀ ਮਾਮਲਿਆਂ ਬਾਰੇ ਇੱਕ ਵੱਖਰਾ ਮੰਤਰਾਲਾ ਹੋਣਾ ਚਾਹੀਦਾ ਹੈ। ਇਹ ਮੰਤਰਾਲਾ ਪਰਵਾਸੀਆਂ ਦੀਆਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰੇ ਅਤੇ ਉਹਨਾਂ ਦੇ ਸਮਾਧਾਨ ਲਈ ਉਚੇਚੇ ਯਤਨ ਕਰੇ। ਜਾਇਦਾਦਾਂ ਦੇ ਮਸਲੇ, ਫ਼ਰਾਡ ਵਿਆਹਾਂ ਦੇ ਮਸਲੇ, ਦੋਹਰੀ ਨਾਗਰਿਕਤਾ, ਨਸਲੀ ਵਿਤਕਰੇ ਸਬੰਧੀ ਮਸਲੇ ਅਤੇ ਪੰਜਾਬ ਵਿੱਚ ਨਿਵੇਸ਼ ਸਬੰਧੀ ਮਸਲਿਆਂ ਦੇ ਹੱਲ ਇਹ ਪਰਵਾਸੀ ਮੰਤਰਾਲਾ ਕਰੇ। ਜੇ ਕੈਪਟਨ ਅਮਰਿੰਦਰ ਸਿੰਘ ਪਰਵਾਸੀ ਪੰਜਾਬੀਆਂ ਲਈ ਕੁਝ ਅਮਲੀ ਰੂਪ ਵਿੱਚ ਕਰਨਾ ਚਾਹੁੰਦੇ ਹਨ ਤਾਂ ਤੁਰੰਤ ਪਰਵਾਸੀ ਮਾਮਲਿਆਂ ਨਾਲ ਸਬੰਧਤ ਮੰਤਰਾਲਾ ਬਣਾਉਣ ਅਤੇ ਇੱਕ ਕੈਬਨਿਟ ਰੈਂਕ ਦੇ ਮੰਤਰੀ ਨੂੰ ਇਹਨਾਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਨ ਦੀ ਜ਼ਿੰਮੇਵਾਰੀ ਸੌਂਪੇ।
ਸਿਯਾਸਤ ਕੀ ਅਪਨੀ, ਅਲੱਗ ਇੱਕ ਜਬਾਂ ਹੈ ਪੰਜਾਬ ਦੀ ਸਿਆਸਤ ਵਿੱਚ ਮੰਚ ਉਤੇ ਅਤੇ ਮੰਚ ਦੇ ਪਿੱਛੇ ਬੜਾ ਕੁਝ ਅਜਿਹਾ ਵਾਪਰ ਰਿਹਾ ਹੈ, ਜਿਸਦੇ ਦੂਰਗਾਮੀ ਨਤੀਜੇ ਵੇਖੇ ਜਾ ਸਕਦੇ ਹਨ। ਵਿਧਾਨ ਸਭਾ ਵਿੱਚ ਵਾਪਰੀਆਂ ਘਟਨਾਵਾਂ ਨੇ ਸੰਸਦੀ ਸਿਸ਼ਟਾਚਾਰ ਦਾ ਅਜਿਹਾ ਘਾਣ ਕੀਤਾ ਕਿ ਇਹ ਦਿਨ ਸੱਚਮੁਚ ਹੀ ਪੰਜਾਬ ਦੇ ਲੋਕਤੰਤਰ ਦਾ ਕਾਲਾ ਦਿਨ ਹੋ ਨਿੱਬੜਿਆ। ਸਪੀਕਰ ਦੇ ਹੁਕਮ ਨੂੰ ਮਾਰਸ਼ਲਾਂ ਨੇ ਫ਼ੌਜੀਆਂ ਵਾਂਗ ਮੰਨਿਆ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਨਾ ਸਿਰਫ਼ ਖਿੱਚ ਧੂਹ ਕੀਤੀ ਬਲਕਿ ਕਈਆਂ ਨੂੰ ਹਸਪਤਾਲ ਪਹੁੰਚਾ ਦਿੱਤਾ। ਦੁੱਖ ਇਸ ਗੱਲ ਦਾ ਵੀ ਹੈ ਕਿ ਇਹ ਤਮਾਸ਼ਾ ਪੰਜਾਬ ਦੇ ਮੁੱਖ ਮੰਤਰੀ ਅਤੇ ਸੱਤਾਧਾਰੀਆਂ ਦੀ ਨਿਗਾਹ ਸਾਹਮਣੇ ਹੋਇਆ ਅਤੇ ਮਾਣ ਮਰਿਆਦਾ ਮਿੱਟੀ ਵਿੱਚ ਰੁਲਦੀ ਰਹੀ ਅਤੇ ਉਹ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ‘ਆਪ’ ਦੇ ਵਿਧਾਇਕਾਂ ਦੇ ਵਿਵਹਾਰ ਤੋਂ ਸਪਸ਼ਟ ਹੋ ਗਿਆ ਕਿ ਉਹ ਅਜੇ ਸੰਸਦੀ ਨਿਯਮਾਂ ਅਤੇ ਕਾਇਦੇ-ਕਾਨੂੰਨਾਂ ਤੋਂ ਪੂਰੀ ਤਰ੍ਹਾਂ ਵਾਕਫ਼ ਨਹੀਂ ਹਨ। ਉਹਨਾਂ ਦੀ ਭਾਵਨਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਉਹ ਘਾਗ ਸਿਆਸਤਦਾਨਾਂ ਦੀ ਖੇਡ ਨਾ ਸਮਝ ਸਕੇ ਅਤੇ ਉਕਸਾਵੇ ਵਿੱਚ ਆ ਕੇ ਉਤੇਜਨਾ ਅਤੇ ਕ੍ਰੋਧ ਦਾ ਪ੍ਰਗਟਾਵਾ ਕਰਨ ਲੱਗੇ। ਇਹੀ ਤਾਂ ਹਾਕਮ ਪਾਰਟੀ ਚਾਹੁੰਦੀ ਸੀ। ਸੱਤਾਧਾਰੀਆਂ ਨੂੰ ਇਸ ਗੱਲ ਦਾ ਇਲਮ ਸੀ ਕਿ ਵਿਰੋਧੀ ਧਿਰ ਦੇ ਇਲਜ਼ਾਮਾਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਅਤੇ ਉਹ ਅਜਿਹਾ ਮਾਹੌਲ ਬਣਾ ਕੇ ਪ੍ਰੇਸ਼ਾਨੀ ਅਤੇ ਨਮੋਸ਼ੀ ਤੋਂ ਬਚਣਾ ਚਾਹੁੰਦੇ ਸਨ।ਪੰਜਾਬ ਦੀ ਅਸੈਂਬਲੀ ਵਿੱਚ ਹੋਏ ਇਸ ਘਟਨਾਕ੍ਰਮ ਨੇ ਸਪੀਕਰ ਰਾਣਾ ਕੇ. ਪੀ. ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵਾਂ ਦੇ ਅਕਸ ਨੂੰ ਠੇਸ ਪਹੰਚਾਈ ਹੈ। ਸੁਖਬੀਰ ਬਾਦਲ ਵਾਲੀ ਤੀਜੀ ਧਿਰ ਨੇ ਇਸ ਮੌਕੇ ਦਾ ਖੂਬ ਫ਼ਾਇਦਾ ਉਠਾਇਆ ਹੈ। ਕਮਾਲ ਇਹ ਹੈ ਕਿ ਸਮੁੱਚੇ ਬਜਟ ਸੈਸ਼ਨ ਦੌਰਾਨ ਸੁਖਬੀਰ ਬਾਦਲ ਦੇ ਨਿਸ਼ਾਨੇ ‘ਤੇ ਮਨਪ੍ਰੀਤ ਬਾਦਲ ਹੀ ਰਿਹਾ। ਅਕਾਲੀ ਪ੍ਰਧਾਨ ਨੇ ਅਸਿੱਧੇ ਤਰੀਕੇ ਨਾਲ ਕਿਸਾਨਾਂ ਲਈ ਘੱਟ ਪੈਸੇ ਰੱਖਣ ਦੀ ਜ਼ਿੰਮੇਵਾਰੀ ਵਿੱਤ ਮੰਤਰੀ ਦੇ ਗਲ ਮੜ੍ਹੀ ਹੈ ਨਾ ਕਿ ਮੁੱਖ ਮੰਤਰੀ ਦੇ। ਸੁਖਬੀਰ ਬਾਦਲ ਨੇ ਜਿੱਥੇ ਮਨਪ੍ਰੀਤ ਬਾਦਲ ‘ਤੇ ਤਿੱਖੇ ਹਮਲੇ ਕੀਤੇ ਹਨ, ਉਥੇ ਲੋਕਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਮਨਪ੍ਰੀਤ ਦੇ ਤਿੱਖੇ ਮਤਭੇਦ ਹਨ ਅਤੇ ਇਸ ਲਈ ਮੁੱਖ ਮੰਤਰੀ ਬਜਟ ਦੀ ਪੇਸ਼ਕਾਰੀ ਸਮੇਂ ਹਾਜ਼ਰ ਨਹੀਂ ਸਨ। ਅਕਾਲੀ ਪ੍ਰਧਾਨ ਨੇ ਮੀਡੀਆ ਵਿੱਚ ਵਾਰ ਵਾਰ ਸਪੀਕਰ ਨੂੰ ‘ਗੁੰਡੇ’ ਲਕਬ ਨਾਲ ਸੰਬੋਧਨ ਕੀਤਾ ਪਰ ਆਪਣੇ ਸ਼ਬਦੀ ਬਾਣਾਂ ਦਾ ਮੂੰਹ ਕੈਪਟਨ ਅਮਰਿੰਦਰ ਸਿੰਘ ਵੱਲ ਘੱਟ ਹੀ ਕੀਤਾ ਹੈ। ਬਿਕਰਮਜੀਤ ਸਿੰਘ ਮਜੀਠੀਆ ਨੂੰ ਵੀ ‘ਆਪ’ ਪ੍ਰਤੀ ਹੇਜ਼ ਜਾਗਿਆ ਅਤੇ ਇੱਕ ਵਿਧਾਇੱਕ ਦੀ ਦਸਤਾਰ ਨੂੰ ਸਤਿਕਾਰ ਸਹਿਤ ਚੁੱਕੀ ਆਉਂਦੇ ਨੂੰ ਪੀ. ਟੀ. ਸੀ. ਨੇ ਵਾਰ-ਵਾਰ ਦਿਖਾਇਆ।
ਉਧਰ ‘ਆਪ’ ਦੀ ਲੜਾਈ ਵਿੱਚ ਵਿਰੋਧੀ ਧਿਰ ਦੇ ਨੇਤਾ ਐੱਚ. ਐੱਸ. ਫ਼ੂਲਕਾ ਅਤੇ ਮੀਤ ਪ੍ਰਧਾਨ ਅਮਨ ਅਰੋੜਾ ਹੀ ਜ਼ਿਆਦਾ ਸਰਗਰਮ ਨਜ਼ਰ ਆਏ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੀ ਚੁੱਪ ਭਰੀ ਗ਼ੈਰ ਹਾਜ਼ਰੀ ਵੱਡੇ ਸਵਾਲ ਖੜ੍ਹੇ ਕਰਦੀ ਹੈ। ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਸਟਰੈਚਰਾਂ ‘ਤੇ ਪਾ ਕੇ ਹਸਪਤਾਲ ਦਾਖ਼ਲ ਕਰਾਉਣਾ ਪਿਆ, ਪਰ ਭਗਵੰਤ ਮਾਨ ਅਜੇ ਤਕ ਪਤਾ ਲੈਣ ਨਹੀਂ ਗਏ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਉਸ ਦਿਨ ਆਪਣੇ ਸਾਥੀਆਂ ਸਮੇਤ ਹਸਪਤਾਲ ਪਹੁੰਚ ਗਏ ਸਨ। ਪ੍ਰਦੇਸ਼ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਔਖੀ ਘੜੀ ਵਿੱਚ ਆਪਣੇ ਵਿਧਾਇਕਾਂ ਨਾਲ ਖੜ੍ਹਦੇ।
ਇਹਨਾਂ ਦਿਨਾਂ ਵਿੱਚ ਇੱਕ ਹੋਰ ਸਿਆਸੀ ਸਾਂਝ ਚਰਚਾ ਦਾ ਵਿਸ਼ਾ ਬਣ ਰਹੀ ਹੈ, ਉਹ ਹੈ ਨਵਜੋਤ ਸਿੰਘ ਸਿੱਘੂ ਅਤੇ ਮਨਪ੍ਰੀਤ ਸਿੰਘ ਬਾਦਲ ਦਰਮਿਆਨ। ਸਿੱਧੂ ਅਤੇ ਬਾਦਲ ਦੀ ਜੋੜੀ ਹਰ ਥਾਂ ਨਾ ਸਿਰਫ਼ ਇੱਕੱਠੀ ਦਿਖਾਈ ਦਿੰਦੀ ਹੈ, ਬਲਕਿ ਇੱਕੋ ਸੁਰ ਵਿੱਚ ਬੋਲਦੇ ਵੀ ਸੁਣਾਈ ਦਿੰਦੇ ਹਨ। ਈਦ ਦੇ ਮੌਕੇ ਇਹ ਜੋੜੀ ਮਲੇਰਕੋਟਲਾ ਵਿਖੇ ਮੁਸਲਮਾਨ ਭਰਾਵਾਂ ਨੂੰ ਈਦ ਮੁਬਾਰਕ ਦੇ ਨਾਲ ਨਾਲ ਵੱਡੇ ਐਾਨ ਵੀ ਕਰ ਗਈ। ਸੋਸ਼ਲ ਮੀਡੀਆ ਵਿੱਚ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਤੇਜ਼ੀ ਨਾਲ ਘੁੰਮ ਰਹੀ ਹੈ। ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ਨੂੰ ਉਪਰੋਂ ਰਾਹੁਲ ਗਾਂਧੀ ਦਾ ਆਸ਼ੀਰਵਾਦ ਪ੍ਰਾਪਤ ਹੈ। ਇਹ ਦੋਵੇਂ ਮੰਤਰੀ ਹਨ ਜੋ ਮੁੱਖ ਮੰਤਰੀ ਨਾਲੋਂ ਜੇ ਵੱਧ ਨਹੀਂ ਤਾਂ ਮੀਡੀਆ ਵਿੱਚ ਘੱਟ ਵੀ ਨਹੀਂ ਛਾਏ ਹੋਏ ਹਨ। ਸਿਆਸੀ ਹਲਕਿਆਂ ਵਿੱਚ ਕਈ ਕਿਸਮ ਦੀਆਂ ਕਿਆਸ ਅਰਾਈਆਂ ਲੱਗਣੀਆਂ ਸੁਭਾਵਿਕ ਹਨ ਪਰ ਸਿਆਸਤ ਦੀ ਜ਼ੁਬਾਨ ਪੜ੍ਹਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਬਸ਼ੀਰ ਬਦਰ ਠੀਕ ਹੀ ਕਹਿੰਦਾ ਹੈ:
ਸਿਆਸਤ ਕੀ ਅਪਨੀ, ਅਲੱਗ ਇੱਕ ਜ਼ਬਾਂ ਹੈ
ਜੋ ਲਿੱਖਾ ਹੋ ਇੱਕਰਾਰ, ਇਨਕਾਰ ਪੜ੍ਹਨਾ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218