Month: July 2017

ਲੋਗੋਂ ਕਾ ਕਾਮ ਹੈ ਕਹਿਨਾ

ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ, ਇਹ ਗੀਤ ਦਹਾਕਿਆਂ ਤੋਂ ਲੋਕਾਂ ਦੇ ਮੂੰਹ ਚੜ੍ਹਿਆ ਹੋਇਆ ਹੈ। ਇਸ ਗੀਤ ਦੇ ਹਰਮਨ ਪਿਆਰਾ ਹੋਣ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਸ ਦੇ ਬੋਲ ਸਾਡੇ ਸਮਾਜ ਦੀ ਇੱਕ ਸਚਾਈ ਨੂੰ ਬਿਆਨ ਕਰਦੇ ਹਨ। ਬਹੁਤ ਸਾਰੇ ਕੰਮ ਅਸੀਂ ਮਜਬੂਰੀ ਵੱਸ ਸਮਾਜ ਦੇ ਡਰੋਂ ਕਰਦੇ ਹਾਂ। ਜੇ ਇਉਂ ਨਾ ਕੀਤਾ ਤਾਂ ਲੋਕ ਕੀ ਕਹਿਣਗੇ? ਜੇ ਵਿਆਹ ਸਾਦੇ ਢੰਗ ਨਾਲ ਕੀਤਾ ਤਾਂ ਭਾਈਚਾਰਾ ਕੀ ਕਹੇਗਾ? ਜੇ ਕੁੜੀ ਨੂੰ ਕਿਸੇ ਹੋ ਜ਼ਾਤ ਵਿੱਚ ਵਿਆਹ ਕਰਨ ਦੀ ਆਗਿਆ ਦੇ ਦਿੱਤੀ ਤਾਂ ਬਰਾਦਰੀ ਵਿੱਚ ਨੱਕ ਵੱਢੀ ਜਾਊ।
ਇੱਕ 35-36 ਵਰ੍ਹਿਆਂ ਦਾ ਬੇਰੁਜ਼ਗਾਰ ਨੌਜਵਾਨ ਮੇਰੇ ਕੋਲ ਨੌਕਰੀ ਲੈਣ ਆਇਆ। ਮੈਂ ਉਸਨੁੰ ਕਿਹਾ ਕਿ ਤੇਰੀ ਯੋਗਤਾ ਮੁਤਾਬਕ ਕੋਈ ਨੌਕਰੀ ਨਹੀਂ ਹੈ। ਤੂੰ ਇਉਂ ਕਰ ਆਪਣੇ ਘਰ ਦੇ ਲਾਗੇ ਚਾਗੇ ਕੋਈ ਛੋਟਾ ਮੋਟਾ ਧੰਦਾ ਕਰ ਲੈ ਜਾਂ ਫ਼ਿਰ ਕਿਸੇ ਹੋਸਟਲ ਦੇ ਮੈਸ ਦਾ ਠੇਕਾ ਦਿਵਾ ਦਿੰਦੇ ਹਾਂ। ਨਹੀਂ ਜੀ, ਇੲ ਕੰਮ ਕਰਦੇ ਅਸੀਂ ਠੀਕ ਲੱਗਾਂਗੇ। ਲੋਕ ਕੀ ਕਹਿਣਗੇ ਕਿ ਆਹਲੂਵਾਲੀਏ ਸਰਦਾਰਾਂ ਦੇ ਮੁੰਡੇ ਆਹ ਕੰਮ ਕਰਨ ਲੱਗ ਪਏ। ਮੈਂ ਕਿਹਾ ਕਿ ਜਿਹੜੇ ਲੋਕਾਂ ਦੇ ਡਰੋਂ ਤੁਸੀਂ 37 ਵਰ੍ਹਿਆਂ ਤੱਕ ਬੇਰੁਜ਼ਗਾਰ ਫ਼ਿਰ ਰਹੇ ਹੋ, ਉਹ ਤੁਹਾਨੁੰ ਰੋਟੀ ਦੇ ਦੇਣਗੇ? ਅਜਿਹੇ ਅਨੇਕਾਂ ਲੋਕ ਤੁਹਾਨੂੰ ਆਪਣੇ ਆਲੇ-ਦੁਆਲੇ ਮਿਲ ਜਾਣਗੇ ਜੋ ‘ਲੋਕ ਕੀ ਕਹਿਣਗੇ’ ਦਾ ਬਹਾਨਾ ਲਾਉਂਦੇ ਵਿਹਲੇ ਰਹਿ ਰਹੇ ਹਨ। ਅੱਜ ਇਸੇ ਸਮਾਜ ਦੇ ਡਰੋਂ ਅਨੇਕਾਂ ਨੌਜਵਾਨ ਪ੍ਰੇਮੀਆਂ ਦੀ ਜ਼ਿੰਦਗੀ ਦੁੱਭਰ ਹੋਈ ਪਈ ਹੈ। ਇਸ ਸਮਾਜ ਵਿੱਚ ਆਪਣੀ ਨੱਕ ਬਚਾਉਣ ਖਾਤਰ ਆਪਣੀਆਂ ਜੰਮੀਆਂ ਧੀਆਂ ਦੇ ਕਤਲ ਕਰਨ ਦੀਆਂ ਅਨੇਕਾਂ ਘਟਨਾਵਾਂ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਵਿਆਹਾਂ ਸ਼ਾਦੀਆਂ ਤੇ ਬੇਹਿਸਾਬਾ ਖਰਚ ਕਰਨ ਦਾ ਕਾਰਨ ਵੀ ਸਮਾਜ ਅਤੇ ਬਰਾਦਰੀ ਵਿੱਚ ਆਪਣੀ ਇੱਜਤ ਬਣਾਉਣਾ ਜਾਂ ਬਚਾਉਣਾ ਹੁੰਦਾ ਹੈ। ਅਸਲ ਵਿੱਚ ਅਸੀਂ ਜ਼ਿੰਦਗੀ ਵਿੱਚ ਬਹੁਤ ਕੁਝ ਦੂਜਿਆਂ ਦੇ ਮੁਤਾਬਕ ਕਰਦੇ ਹਾਂ। ਕੱਪੜੇ ਲੋਕਾਂ ਸਾਹਮਣੇ ਸੋਹਣੇ ਦਿੱਸਣ ਲਈ ਪਾਉਂਦ ਹਾਂ। ਮਕਾਨ ਸਿਰਫ਼ ਰਹਿਣ ਲਈ ਨਹੀਂ ਸਗੋਂ ਅਮੀਰੀ ਦੇ ਵਿਖਾਵੇ ਲਈ ਵੀ ਬਣਾਏ ਜਾਂਦੇ ਹਨ। ਮਹਿੰਗੀਆਂ ਕਾਰਾਂ ਨੂੰ ਵੀ ਇਸੇ ਪ੍ਰਸੰਗ ਵਿੱਚ ਵੇਖਿਆ ਜਾ ਸਕਦਾ ਹੈ। ਜਦੋਂ ਕੋਈ ਜ਼ਿੰਦਗੀ ਆਪਣੇ ਮੁਤਾਬਕ ਜਿਊਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਮਾਜ ਵੱਲੋਂ ਵਿਰੋਧ ਅਤੇ ਨੁਕਤਾਚੀਨੀ ਹੋਣਾ ਸੁਭਾਵਿਕ ਹੈ।
ਦੁਨੀਆਂ ਦਾ ਇਤਿਹਾਸ ਦੱਸਦਾ ਹੈ ਕਿ ਜਿਸ ਵੀ ਧਰਮ ਗੁਰੂ, ਵਿਗਿਆਨੀ ਜਾਂ ਸਮਾਜਿਕ ਅਤੇ ਸਿਆਸੀ ਨੇਤਾ ਨੇ ਲੀਹ ਤੋਂ ਹਟ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੁੰ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਕਿਸਮ ਦੇ ਸਵਾਲ ਅਕਸਰ ਵਿਦਿਆਰਥੀ ਪੁੱਛਦੇ ਰਹਿੰਦੇ ਹਨ। ਇਹ ਸਵਾਲ ਵੀ ਮੇਰੇ ਸਾਹਮਣੇ ਕਈ ਵਾਰ ਆਇਆ ਹੈ ਕਿ ਜੇ ਤੁਹਾਡੀ ਕਿਸੇ ਗੱਲ ਦਾ ਸਮਾਜ ਵਿਰੋਧ ਕਰੇ ਤਾਂ ਕੀ ਕਰਨਾ ਚਾਹੀਦਾ ਹੈ। ਇਸ ਸਬੰਧ ਵਿੱਚ ਮੈਂ ਬੱਚਿਆਂ ਨੂੰ ਇੱਕ ਪ੍ਰਚੱਲਿਤ ਕਹਾਣੀ ਸੁਣਾ ਦਿੰਦਾ ਹਾਂ। ਤੁਸੀਂ ਵੀ ਸੁਣੋ:
”ਇੱਕ ਵਾਰ ਇੱਕ ਆਸ਼ਰਮ ਵਿੱਚ ਰਹਿਣ ਵਾਲੇ ਚੇਲਿਆਂ ਨੇ ਗੁਰੂ ਨੂੰ ਇਹੀ ਸਵਾਲ ਕੀਤਾ ਕਿ ਜੇ ਕੁਝ ਨਵਾਂ ਕਰਨ ਲੱਗੋ ਤਾਂ ਸਮਾਜ ਵਿਰੋਧ ਕਰੇ ਤਾਂ ਉਹ ਕੀ ਕਰਨ। ਗੁਰੂ ਨੇ ਸਾਰੇ ਚੇਲਿਆਂ ਨੂੰ ਇੱਕ ਵੱਡੇ ਤਲਾਅ ਦੇ ਕਿਨਾਰੇ ‘ਤੇ ਇੱਕੱਠਾ ਕਰ ਲਿਆ। ਗੁਰੂ ਜੀ ਨੇ ਇੱਕ ਚੇਲੇ ਨੂੰ ਮੱਛੀ ਫ਼ੜਨ ਲਈ ਕਿਹਾ। ਚੇਲੇ ਨੇ ਕਾਂਟੇ ਨਾਲ ਆਟਾ ਲਾਇਆ ਅਤੇ ਪਾਣੀ ਵਿੱਚ ਡੰਡੀ ਨੂੰ ਸੁੱਟਿਆ। ਵੇਖਦੇ ਵੇਖਦੇ ਇੱਕ ਵੱੜੀ ਮੱਛੀ ਫ਼ਸ ਗਈ। ਗੁਰੂ ਨੇ ਪੂਰੇ ਜ਼ੋਰ ਨਾਲ ਡੰਡੀ ਨੂੰ ਬਾਹਰ ਖਿੱਚਣ ਦਾ ਆਦੇਸ਼ ਦਿੱਤਾ। ਚੇਲੇ ਨੇ ਪੂਰਾ ਜ਼ੋਰ ਲਾਇਆ ਅਤੇ ਉਧਰ ਮੱਛੀ ਨੇ ਵੀ ਪੂਰਾ ਜ਼ੋਰ ਲਾ ਕੇ ਵਿਰੋਧ ਕੀਤਾ। ਫ਼ਲਸਰੂਪ ਡੰਡੀ ਟੁੱਟ ਗਈ। ਇਸ ਤੋਂ ਬਾਅਦ ਦੂਜੇ ਚੇਲੇ ਨੂੰ ਕੋਸ਼ਿਸ਼ ਕਰਨ ਲਈ ਕਿਹਾ ਗਿਆ। ਦੂਜੀ ਵਾਰ ਵੀ ਵੱਡੀ ਮੱਛੀ ਫ਼ਸ ਗਈ। ਇਸ ਵਾਰ ਗੁਰ ਨੇ ਹੁਕਮ ਦਿੱਤਾ ਕਿ ਆਰਾਮ ਨਾਲ ਖਿੱਚੋ। ਜਦੋਂ ਉਹ ਆਰਾਮ ਨਾਲ ਖਿੱਚਣ ਲੱਗਾ ਤਾਂ ਮੱਛੀ ਨੇ ਜ਼ੋਰ ਲਾਇਆ ਅਤੇ ਡੰਡੀ ਚੇਲੇ ਦੇ ਹੱਥੋਂ ਛੁਟ ਗਈ। ਗੁਰੂ ਨੇ ਤੀਜੇ ਚੇਲੇ ਨੂੰ ਯਤਨ ਕਰਨ ਲਈ ਕਿਹਾ। ਇਸ ਵਾਰ ਵੀ ਵੱਡੀ ਮੱਛੀ ਫ਼ਸੀ ਪਰ ਇਸ ਵਾਰ ਗੁਰੂ ਨੇ ਇੱਕ ਜੁਗਤ ਦੱਸੀ, ਜਿੰਨੀ ਤਾਕਤ ਮੱਛੀ ਅੰਦਰ ਵੱਲ ਖਿੱਚ ਰਹੀ ਹੈ, ਉਨੀ ਤਾਕਤ ਨਾਲ ਬਾਹਰ ਵੱਲ ਖਿੱਚੋ। ਇਸ ਤਰ੍ਹਾਂ ਨਾਲ ਥੋੜ੍ਹੀ ਚਿਰ ਬਾਅਦ ਮੱਛੀ ਥੱਕ ਜਾਵੇਗੀ ਅਤੇ ਤੁਸੀਂ ਉਸਨੂੰ ਆਸਾਨੀ ਨਾਲ ਫ਼ੜ ਸਕੋਗੇ। ਇਸ ਜੁਗਤ ਨਾਲ ਮੱਛੀ ਫ਼ੜੀ ਗਈ। ਗੁਰੂ ਨੇ ਪ੍ਰਯੋਗ ਰਾਹੀਂ ਸੂਤਰ ਸਪਸ਼ਟ ਕੀਤਾ ਕਿ ਮੱਛੀਆਂ ਵੀ ਸਮਾਜ ਵਰਗੀਆਂ ਹਨ, ਜੋ ਤੁਹਾਡੇ ਕੁਝ ਕਰਨ ‘ਤੇ ਵਿਰੋਧ ਕਰਦੀਆਂ ਹਨ। ਜਦੋਂ ਤੁਸੀਂ ਜ਼ਿਆਦਾ ਵਿਰੋਧ ਕਰੋਗੇ ਤਾਂ ਟੁੱਟ ਜਾਓਗੇ। ਘੱਟ ਵਿਰੋਧ ਕਰੋਗ ਤਾਂ ਤੁਸੀਂ ਸਫ਼ਲ ਨਹੀਂ ਹੋ ਪਾਓਗੇ। ਜੇ ਤੁਸੀਂ ਪੂਰੀ ਜੁਗਤ ਅਤੇ ਸਾਵਧਾਨੀ ਨਾਲ ਉਨਾ ਹੀ ਜ਼ੋਰ ਲਗਾਉਗੇ, ਜਿੰਨਾ ਤੁਹਾਡਾ ਵਿਰੋਧੀ ਸਮਾਜ ਤਾਂ ਮੱਛੀ ਵਾਂਗ ਇਹ ਵਿਰੋਧੀ ਵੀ ਥੱਕ ਜਾਣਗੇ ਅਤੇ ਤੁਸੀਂ ਸਫ਼ਲ ਹੋ ਜਾਵੋਗੇ। ਸੂਤਰ ਸਪਸ਼ਟ ਹ ਕਿ ਜਦੋਂ ਸਮਾਜ ਵਿਰੋਧ ਕਰੇ ਤਾਂ ਸਮਾਨ ਬਲ ਸਿਧਾਂਤ ਦਾ ਪ੍ਰਯੋਗ ਕਰੋ। ਇਹੀ ਹੈ ਜਿੱਤ ਦਾ ਮੰਤਰ।

ਏ ਬਾਬੁਲ ਮੁਜੇ ਦਹੇਜ ਦੇਕਰ ਵਿਦਾ ਨਾ ਕਰ
ਉਤਰ ਪ੍ਰਦੇਸ਼ ਦਾ ਜ਼ਿਲ੍ਹਾ ਹੈ ਸਹਾਰਨਪੁਰ। ਜ਼ਿਲ੍ਹਾ ਸਹਾਰਨਪਰ ਦੇ ਥਾਣਾ ਗੰਗੋਹ ਦਾ ਵਾਕਿਆ ਸੁਣਾ ਰਿਹਾ ਹਾਂ। ਪਿਛਲੇ ਹਫ਼ਤੇ 16 ਜੁਲਾਈ ਵਾਲੇ ਦਿਨ ਗੰਗੋਹ ਦੇ ਪ੍ਰਭਾ ਗਾਰਡਨ ਇਲਾਕੇ ਵਿੱਚ ਵਾਹਵਾ ਗਹਿਮਾ ਗਹਿਮੀ ਸੀ, ਜਸ਼ਨ ਦਾ ਮਾਹੌਲ ਸੀ। ਇਹ ਜਸ਼ਨ ਡਡਾਹੇੜੀ ਦੇ ਇੱਕ ਨਿਵਾਸੀ ਦੀ ਬੇਟੀ ਦੇ ਨਿਕਾਹ ਦਾ ਸੀ ਨਿਕਾਹ ਲਈ ਸ਼ਾਮਲੀ ਦੇ ਭੂਰਾ ਕਨੇਲਾ ਦਾ ਪਰਵੇਜ਼ ਬਰਾਤ ਲੈ ਕੇ ਆਇਆ ਸੀ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ ਰੌਲਾ ਪੈ ਗਿਆ। ਘਟਨਾ ਵਾਪਰੀ ਕਿ ਨਿਕਾਹ ਤੋਂ ਪਹਿਲਾਂ ਦੁਲਹਾ ਮੀਆਂ ਨੇ ਕਾਰ ਦੀ ਮੰਗ ਰੱਖ ਦਿੱਤੀ। ਕਾਰ ਵੀ ਆਮ ਨਹੀਂ, ਮਹਿੰਗੀ ਕਾਰ ਦੀ ਮੰਗ। ਪਰਵੇਜ਼ ਦਾ ਕਹਿਣਾ ਸੀ ਕਿ ਮੈਨੂੰ ਫ਼ਾਰਚੂਨਰ ਕਾਰ ਚਾਹੀਦੀ ਹੈ, ਫ਼ਿਰ ਹੀ ਨਿਕਾਹ ਕਰਾਂਗਾ।
ਸਿਆਣੇ ਬਜ਼ੁਰਗਾਂ ਨੇ ਬਥੇਰਾ ਸਮਝਾਇਆ। ਦੁਲਹਨ ਦੇ ਪਿਤਾ ਨੇ ਬਹੁਤ ਮਿੰਨਤਾਂ ਤਰਲੇ ਕੀਤੇ। ਉਧਰ ਲੜਕੀ ਨਵੇਂ ਜ਼ਮਾਨੇ ਦੀ ਪੜ੍ਹੀ ਲਿਖੀ ਲੜਕੀ ਸੀ। ਉਹ ਹੈਰਾਨ ਸੀ ਲੜਕੇ ਦੇ ਵਿਵਹਾਰ ‘ਤੇ ਸ਼ਰੇਆਮ ਨੀਲਾਮੀ ਦੀ ਮੋਹਰ ਲੱਗ ਰਹੀ ਸੀ ਲੜਕੇ ਦ ਮੱਥੇ ‘ਤੇ। ਪਰ ਫ਼ਿਰ ਵੀ ਉਹ ਸੀਨਾ ਤਾਣ ਕੇ ਖੜ੍ਹਾ ਸੀ। ਦੁਲਹਨ ਸੋਚ ਰਹੀ ਸੀ ਕਿ ਇਸ ਵਿਕਾਊ ਲੜਕੇ ਦੀ ਇੰਨੀ ਜ਼ੁਅਰਤ ਕਿ ਮੇਰੇ ਪਿਓ ਦੀ ਇੱਜਤ ਨੂੰ ਹੱਥ ਪਾਵੇ। ਉਸਨੇ ਲੜਕੇ ਨੂੰ ਉਸਦੀ ਔਕਾਤ ਦਿਖਾਉਣ ਦਾ ਨਿਰਣਾ ਕਰ ਲਿਆ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵਾੰਗਰਿਆ। ਦੁਲਹਨ ਦੀ ਵੰਗਾਰ ਸੁਣ ਕੇ ਲੜਕੀ ਵਾਲਿਆਂ ਨੇ ਬਰਾਤੀਆਂ ਨੂੰ ਬੰਧਕ ਬਣਾ ਲਿਆ। ਕੁੜੀ ਨੇ ਅਜਿਹੇ ਲਾਲਚੀ ਮੁੰਡੇ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ। ਪੁਲਿਸ ਬੁਲਾਈ ਗਈ। ਜ਼ਿਲ੍ਹਾ ਪੁਲਿਸ ਮੁਖੀ ਪ੍ਰਬਲ ਪ੍ਰਾਪਤ ਸਿੰਘ ਦੇ ਦੱਸਣ ਮੁਤਾਬਕ ਲਾਲਚੀ ਦੁਲਹੇ ਅਤੇ ਹੋਰ ਬਰਤੀਆਂ ਨੂੰ ਦੇਰ ਰਾਤ ਜਾ ਕੇ ਛੁਡਾਇਆ ਗਿਆ। ਬਹੁਤ ਬੇਇਜ਼ਤ ਹੋ ਕੇ ਬਰਾਤ ਖਾਲੀ ਹੱਥ ਵਾਪਸ ਆਈ ਇਸ ਘਟਨਾ ਦੀ ਮੀਡੀਆ ਵਿੱਚ ਚਰਚਾ ਦੇ ਨਾਲ ਨਾਲ ਲੜਕੀ ਦੀ ਹਿੰਮਤ ਵਾਲੇ ਕਦਮ ਦੀ ਪ੍ਰਸੰਸਾ ਇਲਾਕੇ ਭਰ ਵਿੱਚ ਹੋ ਰਹੀ ਹੈ।
ਇਸ ਕਿਸਮ ਦੀ ਇੱਕ ਹੋਰ ਘਟਨਾ ਹਰਿਆਣਾ ਪ੍ਰਾਂਤ ਦੇ ਪਲਵਨ ਦੀ ਹੈ। ਇੱਥੇ ਰਾਜਸਥਾਨ ਦੇ ਮਰਤਪੁਰ ਦਾ ਫ਼ਰੀਦ ਕੁਰੈਸ਼ੀ ਨਾਮ ਦਾ ਲਾਲਚੀ ਬੰਦਾ ਬਰਾਤ ਲੈ ਕੇ ਪਲਵਨ ਪਹੁੰਚਿਆ। ਇੱਥੇ ਵੀ ਦੁਲਹੇ ਨੇ ਨਿਕਾਹ ਤੋਂ ਪਹਿਲਾਂ ਦਾਜ ਦੀ ਮੰਗ ਰੱਖ ਦਿੱਤੀ। ਪਲਵਨ ਦੀ ਕੁੜੀ ਨੇ ਵੀ ਹਿੰਮਤ ਵਿਖਾਈ। ਕੁੜੀ ਵਾਲਿਆਂ ਨੇ ਵਿਆਹੁਲੇ ਮੁੰਡੇ, ਉਸਦੇ ਭਾਈ ਅਤੇ ਦੋ ਹੋਰ ਰਿਸ਼ਤੇਦਾਰਾਂ ਨੂੰ ਬੰਧਕ ਬਣਾ ਲਿਆ। ਮੁੰਡੇ ਵਾਲਿਆਂ ਨੇ ਮਿੰਨਤਾਂ ਕੀਤੀਆਂ ਪਰ ਕੁੜੀ ਵਾਲਿਆਂ ਨੇ ਪੰਚਾਇਤ ਬੁਲਾ ਲਈ। ਪੰਚਾਇਤ ਨੇ ਫ਼ੈਸਲਾ ਕੀਤਾ ਕਿ ਕੁੜੀ ਵਾਲਿਆਂ ਦੇ ਹੋਏ ਖਰਚੇ ਦੇ ਇਵਜ਼ ਵਿੱਚ ਚਾਰ ਬਿਖੇ ਜ਼ਮੀਨ ਕੁੜੀ ਨਾਮ ਲਵਾਈ ਜਾਵੇ। ਮੁੰਡੇ ਦੇ ਲਾਲਚ ਦੀ ਸਜਾ ਚਾਰ ਬਿਘੇ ਜਮੀਨ ਕੁੜੀ ਦੇ ਨਾਮ ਲਵਾਈ ਗਈ ਤਾਂ ਜਾ ਕੇ ਕੇਸ ਰਫ਼ਾ-ਦਫ਼ਾ ਹੋਇਆ।
ਇਸੇ ਲੜੀ ਵਿੱਚ ਤੀਜੀ ਘਟਨਾ ਬਾਰੇ ਵੀ ਜਾਣਕਾਰੀ ਲੈ ਲਵੋ। ਇਹ ਘਟਨਾ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਥਾਣਾ ਬਜ਼ੀਰਗੰਜ ਦੀ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਿਰਗਪੁਰ ਪਿੰਡ ਦੇ ਨਿਵਾਸੀ ਭੋਲਾ ਯਾਦਵ ਦੀ ਬੇਟੀ ਦਾ ਵਿਆਹ ਬੁਨਿਆਦ ਗੰਜ ਦੇ ਵਿਰੇਂਦਰ ਕੁਮਾਰ ਦੇ ਪੁੱਤਰ ਰੰਜੀਤ ਕੁਮਾਰ ਨਾਲ ਹੋਣਾ ਤਹਿ ਹੋਇਆ। ਗੱਜ ਵੱਜ ਕੇ ਬਰਾਤ ਪਹੁੰਚ ਗਈ। ਬਰਾਤ ਦੀ ਖੂਬ ਸੇਵਾ ਹੋਈ। ਸ਼ਾਦੀ ਦੀਆਂ ਰਸਮਾਂ ਬਹੁਤ ਚੰਗੇ ਮਾਹੌਲ ਵਿੱਚ ਪੂਰੀਆਂ ਕੀਤੀਆਂ ਗਈਆਂ ਕਿ ਅਚਾਨਕ ਬਰਮਾਲਾ ਤੋਂ ਬਾਅਦ ਮੁੰਡੇ ਦਾ ਪਿਓ ਦਾਜ ਮੰਗਣ ਲੱਗਾ। ਜਦੋਂ ਪਿਓ ਦਾਜ ਮੰਗ ਰਿਹਾ ਸੀ, ਉਸੇ ਵੇਲੇ ਮੁੰਡਾ ਉਥੋਂ ਫ਼ਰਾਰ ਹੋ ਗਿਆ। ਕੁੜੀ ਵਾਲਿਆਂ ਨੇ ਮੁੰਡੇ ਦੇ ਪਿਤਾ ਵਰੇਂਦਰ ਕੁਮਾਰ, ਦਾਦਾ ਪੁਨਾਈ ਯਾਦਵ, ਚਾਚਾ ਰਾਮਚੰਦ ਯਾਦਵ ਅਤੇ ਦੁਲਹੇ ਦੇ ਭਣੋਈਏ ਸੁਧੀਰ ਯਾਦਵ ਨੂੰ ਬੰਦੀ ਬਣਾ ਲਿਅ। ਪੁਲਿਸ ਨੇ ਆ ਕੇ ਉਹਨਾਂ ਨੂੰ ਛੁਡਾਇਆ ਅਤੇ ਕੇਸ ਦਰਜ ਕੀਤਾ।
ਉਕਤ ਤਿੰਨੇ ਵਾਰਦਾਤਾਂ ਇੱਕ ਖਾਸ ਦਿਸ਼ਾ ਵੱਲ ਸੰਕੇਤ ਕਰ ਰਹੀਆਂ ਹਨ। ਉਹ ਹੈ ਅੱਜਕਲ੍ਹ ਕੁੜੀਆਂ ਇਸ ਪੱਖੋਂ ਜਾਗਰੂਕ ਹੋ ਰਹੀਆਂ ਹਨ ਕਿ ਲਾਲਚੀ ਬੰਦਿਆਂ ਤੋਂ ਬਚ ਕੇ ਰਹਿਣਾ ਹੈ ਅਤੇ ਉਹਨਾਂ ਨੂੰ ਸਬਕ ਸਿਖਾਉਣਾ ਹੈ। ਉਹਨਾਂ ਨੂੰ ਇਹ ਸਮਝ ਆ ਰਹੀ ਹੈ ਕਿ ਜੋ ਥੋੜ੍ਹੇ ਜਿਹੇ ਪੈਸਿਆਂ ਖਾਤਰ ਮੰਗਤਿਆਂ ਵਾਂਗ ਹੱਥ ਅੱਡ ਕੇ ਖੜ੍ਹ ਜਾਂਦੇ ਹਨ, ਉਹ ਜ਼ਿੰਦਗੀ ਭਰ ਇਹ ਮੰਗਣਾ ਜਾਰੀ ਰੱਖਣਗੇ। ਸ਼ਾਇਦ ਉਹਨਾਂ ਬੱਚੀਆਂ ਨੂੰ ਇਹ ਗੱਲ ਵੀ ਸਮਝ ਆ ਗਈ ਹੈ:
ਦਹੇਜ ਇੱਕ ਪ੍ਰਥਾ ਨਹੀਂ ਹੈ
ਭੀਖ ਮੰਗਣ ਦਾ ਸਮਾਜਿਕ ਤਰੀਕਾ ਹੈ
ਫ਼ਰਕ ਇੰਨਾ ਹੀ ਹੈ ਬੱਸ ਕਿ
ਇੱਥੇ ਦੇਣ ਵਾਲੇ ਦੀ ਗਰਦਨ ਝੁਕੀ ਹੈ
ਲੈਣ ਵਾਲੇ ਦੀ ਆਕੜ ਵਧੀ ਹੈ।
ਮੈਨੂੰ ਲੱਗ ਰਿਹਾ ਹੈ ਕਿ ਉਹ ਕੁੜੀ ਮੈਨੂੰ ਅਤੇ ਤੁਹਾਨੂੰ ਕਹਿ ਰਹੀ ਹੈ
ਲੜਕੀ ਹੂੰ ਮੈਂ, ਨਹੀਂ ਕੋਈ ਸਮਾਨ,
ਮਤ ਬੇਚੋ ਮੁਝੇ, ਬਾਜ਼ਾਰ ਕੇ ਦਾਮ
ਸ਼ੇਅਰ ਮਾਰਕੀਟ ਕਾ ਮੈਂ ਕੋਈ ਦਾਮ ਨਹੀਂ
ਮੇਰੀ ਜ਼ਿੰਦਗੀ ਇਤਨੀ ਭੀ ਆਮ ਨਹੀਂ
ਮੇਰੇ ਅੰਦਰ ਦਾ ਗੁੱਸਾ ਹੈ ਜੋ ਮੈਨੂੰ ਹਰ ਰੋਜ਼ ਅਖਬਾਰਾਂ ‘ਚ ਛਪੀਆਂ ਖਬਰਾਂ ਨੁੰ ਪੜ੍ਹ ਕੇ ਆਉਂਦਾ ਹੈ। ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਦਾਜ ਦੀ ਖਾਤਰ ਜਿੰਦਾ ਜਲਾ ਦਿੱਤਾ ਜਾਂ ਦਾਜ ਦੀ ਮੰਗ ਤੋਂ ਤੰਗ ਆ ਕੇ ਕੁੜੀ ਨੇ ਆਤਮ ਹੱਤਿਆ ਕਰ ਲਈ। ਮੈਂ ਇੱਕ ਧੀ ਹਾਂ, ਜਦੋਂ ਆਪਣੀ ਮਾਂ ਨੂੰ ਮੇਰੇ ਵਿਆਹ ਦੀ ਚਿੰਤਾ ਵਿੱਚ ਉਦਾਸ ਅਤ ਨਿਰਾਸ਼ ਦੇਖਦੀ ਹਾਂ ਤਾਂ ਮੈਨੂੰ ਇਯ ਸਮਾਜ ‘ਤੇ ਗੁੱਸਾ ਆਉਂਦਾ ਹੈ। ਇਹਨਾਂ ਰੀਤੀ, ਰਿਵਾਜਾਂ ਅਤੇ ਰਸਮਾਂ ਬਣਾਉਣ ਵਾਲਿਆਂ ਅਤੇ ਮੰਨਣ ਵਾਲਿਆਂ ‘ਤੇ ਗੁੱਸਾ ਆਉਂਦਾ ਹੈ। ਇਹ ਦਾਜ ਪ੍ਰਥਾ ਨੂੰ ਵਧਾਉਣ ਵਾਲੇ ਚੰਦ ਕੁ ਅਮੀਰ ਲੋਕ ਹੁੰਦੇ ਹਨ ਜੋ ਆਪਣੇ ਪਿਆਰ ਦਾ ਪ੍ਰਗਟਾਵਾ ਕਾਰਾਂ ਅਤੇ ਹੋਰ ਮਹਿੰਗੇ ਮਹਿੰਗੇ ਤੋਹਫ਼ੇ ਦੇ ਕੇ ਕਰਦੇ ਹਨ। ਉਹਨਾਂ ਦਾ ਇਹ ਵਿਖਾਵਾ ਅਣਜਾਣੇ ਵਿੱਚ ਹੀ ਮੇਰੇ ਵਰਗੀਆਂ ਗਰੀਬ ਘਰਾਂ ਦੀ ਆਂ ਕੁੜੀਆਂ ਨੂੰ ਬਹੁਤ ਵਾਰ ਖੁਦਕੁਸ਼ੀਆਂ ਦੇ ਰਾਹ ਪਾ ਦਿੰਦਾ ਹੈ। ਮੱਧ ਸ਼੍ਰੇਣੀ ਦੇ ਲਾਲਚੀ ਲੋਕ ਵੀ ਵੱਡੇ ਦਾਜ ਦੀ ਮੰਗ ਕਰਨ ਲੱਗਦੇ ਹਨ। ਕੰਨਿਆ ਭਰੂਣ ਹੱਤਿਆ ਦਾ ਇੱਕ ਕਾਰਨ ਦਾਜ ਪ੍ਰਥਾ ਵੀ ਹੈ। ਮੈਂ ਕਸਮ ਖਾਂਦੀ ਹਾਂ ਕਿ ਮੈਂ ਉਸ ਬੰਦੇ ਨਾਲ ਵਿਆਹ ਨਹੀਂ ਕਰਾਵਾਂਗੀ ਜੋ ਦਾਜ ਨੂੰ ਸਵੀਕਾਰ ਕਰੇਗਾ ਅਤੇ ਇਹੀ ਮੈਂ ਆਪਣੀਆਂ ਹੋਰ ਭੈਣਾਂ ਨੂੰ ਵੀ ਕਹਿ ਰਹੀ ਹਾਂ।”
ਸਮੇਂ ਦੀ ਲੋੜ ਹੈ ਕਿ ਸਮਾਜ ਵਿੱਚ ਹਿੰਮਤ ਵਾਲੀਆਂ ਕੁੜੀਆਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਲਾਲਚੀ ਲੋਕਾਂ ਦਾ ਡਟ ਕੇ ਵਿਰੋਧ ਕਰਨ। ਦੂਜੇ ਪਾਸੇ ਨੌਜਵਾਨਾਂ ਨੂੰ ਇਸ ਸਮਾਜਿਕ ਲਾਹਨਤ ਨੂੰ ਗਲੋਂ ਲਾਹੁਣ ਲਈ ਅੱਗੇ ਆਉਣਾ ਚਾਹੀਦਾ ਹੈ। ਕੁੜੀਆਂ ਵੀ ਇਉਂ ਕਹਿਣ ਤਾਂ ਚੰਗਾ ਹੈ:
ਤੇਰੀ ਹੀ ਬਗੀਆ ਮੇਂ ਖਿਲੀ
ਤਿਤਲੀ ਬਣ ਆਸਮਾਂ ਮੇਂ ਉਡੀ ਹੂੰ
ਮੇਰੀ ਉਡਾਣ ਕੋ ਤੂੰ ਸ਼ਰਮਿੰਦਾ ਨਾ ਕਰ
ਏ ਬਾਬੁਲ ਮੁਝੇ ਦਹੇਜ ਦੇਕਰ ਵਿਦਾ ਨਾ ਕਰ।

ਪੁੱਤ ਵਾਰਸ ਹੁੰਦੇ ਨੇ ਤੇ ਧੀਆਂ ਪਾਰਸ

ਖ਼ਬਰ ਅੰਬਾਲਾ ਛਾਉਣੀ ਦੇ ਲਾਗਲੇ ਕਸਬੇ ਸਾਹਾ ਦੀ ਹੈ। ਇੱਥੇ ਭਾਰਤੀ ਫ਼ੌਜ ਦਾ ਸੇਵਾਮੁਕਤ ਕਪਤਾਨ ਦੀਵਾਨ ਚੰਦ ਆਪਣੀ ਪਤਨੀ ਸਮੇਤ ਰਹਿੰਦਾ ਸੀ। ਕਪਤਾਨ 80 ਵਰ੍ਹਿਆਂ ਦਾ ਅਤੇ ਉਸਦੀ ਪਤਨੀ 75 ਕੁ ਸਾਲਾਂ ਦੀ ਸੀ। ਇਸ ਜੋੜੇ ਦੇ ਦੋ ਪੁੱਤ ਆਪਣੇ ਆਪਣੇ ਪਰਿਵਾਰਾਂ ਸਮੇਤ ਦੇਹਰਾਦੂਨ ਰਹਿੰਦੇ ਹਨ। ਦੋਵੇਂ ਮੁੰਡੇ ਆਟੋ ਰਿਕਸ਼ਾ ਚਲਾ ਕੇ ਔਖੇ ਸੌਖੇ ਦਿਨ ਕੱਟੀ ਕਰਦੇ ਹਨ। ਕਪਤਾਨ ਦੀਵਾਨ ਚੰਦ ਨੇ ਬਹੁਤ ਹੀ ਅਨੁਸ਼ਾਸਨ ਭਰੀ ਜ਼ਿੰਦਗੀ ਜੀਵੀ ਅਤੇ ਆਪਣੇ ਜਿਉਂਦੇ ਜੀਅ ਚੰਗੀ ਜਾਇਦਾਦ ਬਣਾ ਲਈ। ਸਾਹਾ ਦਾ ਇੱਕ ਪਲਾਟ ਤਾਂ ਕਰੋੜਾਂ ਦਾ ਹੋ ਗਿਆ। ਪੁੱਤਾਂ ਨੂੰ ਪੜ੍ਹਾਉਣ ਦੇ ਬਹੁਤ ਹੀਲੇ ਕੀਤੇ ਨ, ਇਸ ਫ਼ੌਜੀ ਨੇ ਪਰ ਉਹ ਨਹੀਂ ਪੜ੍ਹੇ। ਵੱੜਾ ਰਾਜੂ ਤਾਂ ਕੰਮਕਾਰ ਵੀ ਘੱਟ ਹੀ ਵੇਖਦਾ ਸੀ। ਬਜ਼ੁਰਗ ਮਾਪਿਆਂ ਦੀ ਸੇਵਾ ਤਾਂ ਕੀ ਕਰਨੀ ਸੀ ਸਗੋਂ ਗਾਹੇ ਬਗਾਹੇ ਉਹਨਾਂ ਤੋਂ ਪੈਸੇ ਲੈ ਜਾਂਦਾ ਸੀ। ਉਸਦੇ ਮਨ ਵਿੱਚ ਇਸ ਗੱਲ ਦਾ ਰੋਸ ਸੀ ਕਿ ਬਾਪੂ 80 ਵਰ੍ਹਿਆਂ ਦਾ ਹੋ ਕੇ ਵੀ ਤੰਦਰੁਸਤ ਕਿਉਂ ਹੈ।
”ਕਦੋਂ ਮਰੇਗਾ ਸਾਡਾ ਬੁੜਾ” ਉਹ ਅਕਸਰ ਆਪਣੇ ਇੱਕ ਕਰੀਬੀ ਦੋਸਤ ਨੂੰ ਕਹਿੰਦਾ।
ਪਿਛਲੇ ਹਫ਼ਤੇ 25 ਜੂਨ 2017 ਨੂੰ ਉਹ ਦੇਹਰਾਦੂਨ ਤੋਂ ਸਾਹਾ ਆਪਣੇ ਮਾਪਿਆਂ ਨੂੰ ਮਿਲਣ ਆਇਆ। ਮਿਲਣ ਥੋੜ੍ਹੀ ਆਇਆ ਸੀ। ਮਾਂ ਨੂੰ ਆਪਣੇ ਜੰਮਣ ਦਾ, ਪਾਲਣ ਦਾ ਤੇ ਲਾਡ ਲਡਾਉਣ ਦਾ ਕਰਜਾ ਮੋੜਨ ਆਇਆ ਸੀ। ਕਪਤਾਨ ਪਿਓ ਤੋਂ ਪੈਸੇ ਮੰਗੇ ਤਾਂ ਪਿਓ ਨੇ ਕਿਹਾ ਕਿ ”ਉਹ ਜਿਉਂਦੇ ਜੀਅ ਆਪਣਾ ਪਲਾਟ ਨਹੀਂ ਵੇਚੇਗਾ।” ”ਲੈ ਫ਼ਿਰ ਵੱਢ ਦਿੰਦੇ ਹਾਂ ਤੇਰਾ ਫ਼ਾਹਾ” ਇਹ ਕਹਿੰਦੇ ਹੋਏ ਰਾਜੂ ਨੇ ਲੋਹੇ ਦੀ ਰਾਡ ਮਾਰ ਕੇ ਆਪਣੇ 80 ਸਾਲਾ ਪਿਓ ਨੂੰ ਖਤਮ ਕਰ ਦਿੱਤਾ।
”ਵੇ ਨਾ ਮਾਰ ਆਪਣੇ ਪਿਓ ਨੂੰ। ਤੈਨੂੰ ਕਿੰਨੇ ਲਾਡਾਂ ਨਾਲ ਪਾਲਿਆ ਅਸੀਂ” ਮਾਂ ਨੇ ਤਰਲਾ ਕੀਤਾ।
”ਪਾਲਿਆ ਉਹ ਤਾਂ ਤੁਹਾਡਾ ਫ਼ਰਜ਼ ਸੀ” ਮਾਂ ਨੂੰ ਰਾਜੂ ਦਾ ਜਵਾਬ ਸੀ।
”ਤੇਰਾ ਕੋਈ ਫ਼ਰਜ਼ ਨੀ ਪੁੱਤ ਦੇ ਤੌਰ ‘ਤੇ” ਮਾਂ ਵੀ ਸਤੀ ਹੋਈ ਸੀ।
”ਲੈ ਮੈਂ ਵੀ ਆਪਣਾ ਫ਼ਰਜ਼ ਪੂਰਾ ਕਰ ਦਿਨਾਂ” ਇਹ ਕਹਿ ਕੇ ਉਸਨੇ ਮਾਂ ਦੇ ਸਿਰ ਵਿੱਚ ਰਾਡ ਮਾਰੀ। ਬਜ਼ੁਰਗ ਮਾਂ ਉਸੇ ਵੇਲੇ ਇਸ ਦੁਨੀਆਂ ਤੋਂ ਚੱਲ ਵੱਸੀ।
ਇਹ ਕਾਰਾ ਕਰਕੇ ਰਾਜੂ ਚੁੱਪ ਚਪੀਤੇ ਉਸੇ ਦਿਨ ਦੇਹਰਾਦੂਨ ਚਲਾ ਗਿਆ। ਦੋ ਦਿਨ ਬਜ਼ੁਰਗਾਂ ਦੀਆਂ ਲਾਸ਼ਾਂ ਉਵੇਂ ਲਹੂ ‘ਚ ਲੱਥਪੱਥ ਪਈਆਂ ਰਹੀਆਂ। ਕਹਿੰਦੇ ਨੇ ਕਤਲ ਕਰਕੇ ਹਜ਼ਮ ਕਰਨਾ ਬਹੁਤ ਔਖਾ ਹੁੰਦੈ। ਅੰਬਾਲੇ ਤੋਂ ਕੋਈ ਖਬਰਸਾਰ ਨਾ ਮਿਲਣ ਕਾਰਨ ਰਾਜੂ ਨੂੰ ਅਚਵੀ ਲੱਗੀ ਹੋਈ ਸੀ। ਉਸਨੇ ਅੰਬਾਲੇ ਰਹਿੰਦੀ ਆਪਣੀ ਭੂਆ ਨੂੰ ਫ਼ੋਨ ਕਰਕੇ ਕਿਹਾ ਕਿ ਸਾਡੇ ਘਰ ਜਾ ਕੇ ਪਤਾ ਕਰੋ। ਪਿਤਾ ਜੀ ਫ਼ੋਨ ਨਹੀਂ ਚੁੱਕ ਰਹੇ। ਭੂਆ ਨੇ ਘਰ ਆ ਕੇ ਵੇਖਿਆ ਕਿ ਲਾਸ਼ਾਂ ਗਲ ਸੜ ਰਹੀਆਂ ਸਨ। ਪੁਲਿਸ ਨੂੰ ਖਬਰ ਕੀਤੀ ਗਈ। ਦੋਵੇਂ ਮੁੰਡੇ ਦੇਹਰਾਦੂਨ ਤੋਂ ਆ ਗਏ। ਰਾਜੂ ਨੇ ਆਪਣੇ ਤਾਏ ਦੇ ਮੁੰਡਿਆਂ ਤੇ ਇਲਜ਼ਾਮ ਲਗਾ ਦਿੱਤਾ।
ਥਾਣਾ ਸਾਹਾ ਦੇ ਇੰਚਾਰ ਨੂੰ ਕਿਸੇ ਸਰੋਤ ਤੋਂ ਅਸਲਅਤ ਪਤਾ ਲੱਗ ਚੁੱਕੀ ਸੀ ਅਤੇ ਪੁਲਿਸ ਨੇ ਰਾਜੂ ‘ਤੇ ਨਿਗਾਹ ਰੱਖਣੀ ਸ਼ੁਰੂ ਕੀਤੀ। ਆਖਿਰ ਰਾਜੂ ਨੂੰ ਆਪਣੇ ਮਾਪਿਆਂ ਦੇ ਕਤਲ ਦੇ ਦੋਸ਼ ਵਿੱਚ ਕਾਬੂ ਕ ਲਿਆ ਅਤੇ ਰਿਮਾਂਡ ਲੈ ਕੇ ਖੋਜਬੀਣ ਸ਼ੁਰੂ ਕਰ ਦਿੱਤੀ ਹੈ। ਰਾਜੂ ਇੱਕੱਲਾ ਨਹੀਂ, ਹਰ ਵਰ੍ਹੇ ਸਾਡੇ ਸਮਾਜ ਵਿੱਚ ਇਸ ਕਿਸਮ ਦੇ ਸੈਂਕੜੇ ਕੇਸ ਰਿਪੋਰਟ ਹੋ ਰਹੇ ਹਨ। ਸਾਡਾ ਸਮਾਜ, ਸਾਡ ਧਰਮ ਪੁੱਤ ਦ ਜਨਮ ‘ਤੇ ਖੁਸ਼ੀਆਂ ਮਨਾਉਂਦਾ ਹੈ ਅਤੇ ਧੀ ਦੇ ਜਨਮ ‘ਤੇ ਅਕਸਰ ਲੋਕ ਦੁਖੀ ਹੁੰਦੇ ਹਨ। ਵੱਡੀ ਗਿਣਤੀ ਵਿੱਚ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੇ ਬਾਵਜੂਦ ਮਾਦਾ ਭਰੂਣ ਹੱਤਿਆ ਜਾਰੀ ਹੈ। ਧੀ ਦੇ ਮੁਕਾਬਲੇ ਪੁੱਤ ਨੂੰ ਲਾਡਾਂ ਨਾਲ ਪਾਲਿਆ ਜਾਂਦਾ ਹੈ। ਇਸ ਰਾਜੂ ਨੂੰ ਵੀ ਇੱਕ ਬਜ਼ੁਰਗ ਜੋੜੀ ਨੇ ਇਸ ਆਸ ਨਾਲ ਪਾਲਿਆ ਸੀ ਕਿ ਉਹ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣੇਗਾ ਅਤੇ ਇਸ ਪੁੱਤ ਨਾਲ ਹੀ ਉਹਨਾਂ ਦੀ ਸੰਸਾਰ ਨਾਲ ਗੰਢ ਪਵੇਗੀ। ਜੋ ਕੁਝ ਪੁੱਤ ਨੇ ਕੀਤਾ ਉਹ ਤੁਹਾਡੇ ਸਾਹਮਣੇ ਹੈ। ਜੇ ਰਾਜੂ ਦੀ ਥਾਂ ਰਾਣੀ ਧੀ ਹੁੰਦੀ ਤਾਂ ਉਹ ਮਾਪਿਆਂ ਦਾ ਸਹਾਰਾ ਹੁੰਦੀ। ਮੈਂ ਅਜਿਹੇ ਅਨੇਕਾਂ ਪਰਿਵਾਰਾਂ ਨੂੰ ਜਾਣਦਾ ਹਾਂ, ਜਿੱਥ ਪੁੱਤਾਂ ਦੇ ਹੋਣ ਦੇ ਬਾਵਜੂਦ ਬਜ਼ੁਰਗ ਮਾਪਿਆਂ ਨੂੰ ਧੀਆਂ ਹੀ ਸੰਭਾਲਦੀਆਂ ਹਨ। ਇੱਕ ਬਜ਼ੁਰਗ ਪ93 ਵਰ੍ਹਿਆਂ ਦਾ ਹੋ ਕੇ ਰੱਬ ਨੂੰ ਪਿਆਰਾ ਹੋਇਆ ਹੈ। ਆਪਣੀ ਉਮਰ ਦੇ ਪਿਛਲੇ 15 ਵਰ੍ਹੇ ਉਹ ਆਪਣੀ ਧਰਮ ਪਤਨੀ ਤੋਂ ਬਿਨਾਂ ਇੱਕੱਲਾ ਸੀ। ਇਸ ਇੱਕੱਲਤਾ ਵਿੱਚ ਉਸਦੀ ਧੀ ਹੀ ਉਸਦਾ ਸਹਾਰਾ ਸੀ। ਲੋਕ ਠੀਕ ਹੀ ਕਹਿੰਦੇ ਹਨ ਕਿ’ਪੁੱਤ ਜ਼ਮੀਨਾਂ ਵੰਡਾਉਂਦੇ ਹਨ ਅਤੇ ਧੀਆਂ ਦੁੱਖ ਵੰਡਾਉਂਦੀਆਂ ਹਨ।’
ਪੁੱਤ ਤਾਂ ਵਾਰਿਸ ਹੁੰਦੇ ਹਨ ਤਾਂ ਧੀਆਂ ਪਾਰਸ ਹੁੰਦੀਆਂ ਹਨ।ਪੁੱਤ ਜੇ ਵੰਸ਼ ਚਲਾਉਂਦਾ ਹੈ ਤਾਂ ਧੀਆਂ ਵੀ ਮਾਪਿਆਂ ਦਾ ਅੰਸ਼ ਹੁੰਦੀਆਂ ਹਨ। ਪੁੱਤ ਜੇ ਮਾਣ ਹੈ ਤਾਂ ਧੀ ਵੀ ਸ਼ਾਨ ਹੈ। ਬੇਟਾ ਜੇ ਗੀਤ ਹੈ ਤਾਂ ਧੀ ਸੰਗੀਤ ਹੁੰਦੀ ਹੈ। ਇਸ ਦੁਨੀਆਂ ਵਿੱਚ ਨਿਰਸੁਆਰਥ ਪਿਆਰ ਕਰਨ ਵਾਲੀ ਮਾਂ ਅਤੇ ਧੀ ਹੀ ਹੁੰਦੀ ਹੈ। ਕਿਸੇ ਨੇ ਬਹੁਤ ਖੂਬਸੂਰਤ ਕਿਹਾ ਹੈ ਕਿ ‘ਬੇਟਾ ਸਿਰਫ਼ ਉਸ ਸਮੇਂ ਤੱਕ ਬੇਟਾ ਹੁੰਦਾ ਹੈ ਜਦੋਂ ਤੱਕ ਉਸਦੀ ਸ਼ਾਦੀ ਨਹੀਂ ਹੁੰਦੀ। ਬੇਟੀ ਉਸ ਵੇਲੇ ਤੱਕ ਬੇਟੀ ਹੁੰਦੀ ਹੈ ਜਦੋਂ ਤੱਕ ਉਹ ਕਬਰ ਦੀ ਆਗੋਸ਼ ਵਿੱਚ ਨਹੀਂ ਚਲੀ ਜਾਂਦੀ। ਸੋ ਉਕਤ ਕਿਸਮ ਦੇ ਰੁਝਾਨ ਨੂੰ ਰੋਕਣ ਲਈ ਲਈ ਧੀਆਂ ਨੂੰ ਜੰਮਣ ਤੋਂ ਪਹਿਲਾਂ ਕੁੱਖ ‘ਚ ਹੀ ਮਾਰਨ ਦੇ ਰੁਝਾਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਲੋੜ ਹੈ। ਰਾਜੂ ਵਰਗੇ ਪੁੱਤਾਂ ਨੂੰ ਕਪੁੱਤ ਬਣਨ ਤੋਂ ਰੋਕਣ ਲਈ ਘਰਾਂ ਅਤੇ ਸਕੂਲਾਂ ਵਿੱਚ ਉਚੇਚੇ ਤੌਰ ‘ਤੇ ਨੈਤਿਕ ਸਿੱਖਿਆ ‘ਤੇ ਜ਼ੋਰ ਦੇਣ ਦੀ ਲੋੜ ਹੈ। ਜਿੱਥੇ ਧੀਆਂ ਅਤੇ ਪੁੱਤਾਂ ‘ਚ ਫ਼ਰਕ ਨਹੀਂ ਰੱਖਣਾ ਚਾਹੀਦਾ, ਉਥੇ ਮਾਪਿਆਂ ਨੂੰ ਪੁੱਤਾਂ-ਧੀਆਂ ਵਿੱਚ ਵੀ ਫ਼ਰਕ ਨਹੀਂ ਰੱਖਣਾ ਚਾਹੀਦਾ। ਕਈ ਵਾਰ ਇਸ ਕਿਸਮ ਦਾ ਵਰਤਾਰਾ ਇਸ ਭਾਵਨਾ ‘ਚੋਂ ਵੀ ਨਿਕਲਦਾ ਹੈ ਕਿ ਮਾਪੇ ਦੋ ਭਰਾਵਾਂ ਵਿੱਚੋਂ ਕਿਸੇ ਇੱਕ ਦੀ ਤਰਫ਼ਦਾਰੀ ਕਰਨ ਲੱਗਦੇ ਹਨ। ਜੇ ਅਸੀਂ ਬੱਚਿਆਂ ਤੋਂ ਚੰਗੇ ਵਿਵਹਾਰ ਦੀ ਆਸ ਰੱਖਣੀ ਚਾਹੁੰਦੇ ਹਾਂ ਤਾਂ ਮਾਪਿਆਂ ਨੂੰ ਆਪਣਾ ਫ਼ਰਜ਼ ਚੰਗੀ ਤਰ੍ਹਾਂ ਪਛਾਨਣਾ ਚਾਹੀਦਾ ਹੈ। ਇੱਕ ਹੋਰ ਗੱਲ ਬੱਚਿਆਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਪਿਆਰ, ਲਾਡ ਦੇ ਨਾਂਲ ਨਾਲ ਵਕਤ ਦੇਣਾ ਵੀ ਬਹੁਤ ਜ਼ਰੂਰੀ ਹੈ।
ਆਪ ਜ਼ਿੰਦਾ ਕਹਾਂ ਹੈਂ, ਜੋ ਮਰ ਜਾਏਂਗੇ
ਜਨਰਲ ਸਮਾਰੋਹ ਦੌਰਾਨ ਦੋ ਨੌਜਵਾਨਾਂ ਨੇ ਖੁਦਕੁਸ਼ੀ ਕਰਨ ‘ਤੇ ਦਿੱਲੀ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸਬੰਧੀ ਮਾਣਯੋਗ ਉਚ ਅਦਾਲਤ ਵੱਲੋਂ ਦਿੱਲੀ ਸਰਕਾਰ ਨੂੰ ਇਹ ਕਿਹਾ ਗਿਆ ਹੈ ਕਿ ਸਰਕਾਰ ਟੈਕਸਾਂ ਰਾਹੀਂ ਇੱਕੱਤਰ ਕੀਤੇ ਲੋਕਾਂ ਦੇ ਪੈਸੇ ਨੂੰ ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਵੰਡ ਕੇ ਗਲਤ ਮਿਸਾਲ ਪੈਦਾ ਕਰ ਰਹੀ ਹੈ। ਦਿੱਲੀ ਹਾਈ ਕੋਰਟ ਦੇ ਜਸਟਿਸ ਗੀਤਾ ਮਿੱਤਲ ਅਤੇ ਜੱਸ ਸ੍ਰੀ ਹਰੀਸ਼ੰਕਰ ਦੀ ਅਦਾਲਤ ਨੇ ਖਦਸ਼ਾ ਪ੍ਰਗਟ ਕੀਤਾ ਕਿ ਖੁਦਕੁਸ਼ੀ ਕਰਨ ਵਾਲਿਆਂ ਨੂੰ ਇੰਨਾ ਮੁਆਵਜ਼ਾ ਮਿਲਦਾ ਵੇਖ ਕੇ ਹੋਰ ਨੌਜਵਾਨ ਵੀ ਖੁਦਕੁਸ਼ੀ ਕਰਨ ਵੱਲ ਪ੍ਰੇਰਿਤ ਹੋਣਗੇ। ਦਿੱਲੀ ਸਰਕਾਰ ਵੱਲੋਂ ਜਵਾਬ ਵਿੱਚ ਕਿਹਾ ਗਿਆ ਕਿ ਹੁਣ ਤੱਕ ੱਿਮਤਕਾਂ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ੇ ਦੀ ਰਕਮ ਨਹੀਂ ਦਿੱਤੀ ਗਈ ਹੈ। ਵਕੀਲ ਅਵਧ ਕੌਸ਼ਿਕ ਅਤੇ ਸਾਬਕਾ ਸੈਨਿਕ ਪੂਰਨ ਚੰਦ ਆਗਿਆ ਵੱਲੋਂ ਪਾਈ ਗਈ ਇਸ ਪਟੀਸ਼ਨ ‘ਤੇ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ 8 ਅਗਸਤ ਨੂੰ ਅਗਲੀ ਮਿਤੀ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ। ਵਨ ਰੈਂਕ ਪੈਨਸ਼ਨ ਦੇ ਮੁੱਦੇ ‘ਤੇ ਪ੍ਰਦਰਸ਼ਨ ਦੌਰਾਨ ਨਵੰਬਰ 2016 ਨੂੰ ਇੱਕ ਸਾਬਕਾ ਸੈਨਿਕ ਰਾਮਕ੍ਰਿਸ਼ਨ ਗਰੇਵਾਲ ਨੇ ਖੁਦਕੁਸ਼. ਕਰ ਲਈ ਸੀ। ਇਸ ਤਰ੍ਹਾਂ 22 ਅਪ੍ਰੈਲ 2015 ਨੂੰ ਆਮ ਆਦਮੀ ਪਾਰਟੀ ਦੀ ਰੈਲੀ ‘ਚ ਇੱਕ ਕਿਸਾਨ ਗਜੇਂਦਰ ਸਿੰਘ ਨੇ ਵੀ ਜੰਤਰ-ਮੰਤਰ ‘ਤੇ ਖੁਦਕੁਸ਼ੀ ਕਰ ਲਈ ਸੀ। ਇਹਨਾਂ ਦੋਵਾਂ ਮ੍ਰਿਤਕਾਂ ਨੂੰ ਮੁਆਵਜ਼ੇ ਸਬੰਧੀ ਉਚ ਅਦਾਲਤ ਦੀ ਇਹ ਟਿੱਪਣੀ ਸੱਚਮੁਚ ਕਈ ਗੰਭੀਰ ਅਤੇ ਵੱਡੇ ਪ੍ਰਸ਼ਨ ਪੈਦਾ ਕਰਦੀ ਹੈ।
ਹਿੰਦੋਸਤਾਨ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਕਿਸਾਨ ਲਗਾਤਾਰ ਨਿਘਾਰ ਦੀ ਸਥਿਤੀ ਵੱਲ ਜਾ ਰਿਹਾ ਹੈ। ਆਰਥਿਕ ਤੌਰ ‘ਤੇ ਖੇਤੀ ਹੁਣ ਘਾਟੇ ਵਾਲਾ ਸੌਦਾ ਬਣ ਗਈ ਹੈ ਅਤੇ ਹਰ ਵਰ੍ਹੇ ਖੇਤ ਮਜ਼ਦੂਰ ਅਤੇ ਕਿਸਾਨ ਕਰਜੇ ਦੇ ਬੋਝ ਹੇਠ ਦੱਬੇ ਜਾ ਰਹੇ ਹਨ। ਕਰਜੇ ਦੇ ਭਾਰ ਥੱਲੇ ਖੜ੍ਹੀ ਮੁਸ਼ਕਿਲ ਨਾਲ ਜੀਵਨ ਕੱਟੀ ਕਰ ਰਹੇ ਕਿਸਾਨਾਂ ਵਿੱਚ ਖੁਦਕੁਸ਼ੀਆਂ ਕਰਨ ਦਾ ਰੁਝਾਨ ਵੱਧ ਰਿਹਾ ਹੈ। ਇਸ ਰੁਝਾਨ ਬਾਰੇ ਹਿੰਦੋਸਤਾਨੀ ਮੀਡੀਆ ਅਤੇ ਫ਼ਿਲਮਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। 2010 ਵਿੱਚ ਇਸੇ ਮੁੱਦੇ ਨੂੰ ਲੈ ਕੇ ਅਨੂਸਰਾ ਰਿਜ਼ਵੀ ਦੀ ਲਿਖੀ ਫ਼ਿਲਮ ‘ਪੀਪਲੀ ਲਾਈਵ’ ਬਹੁਤ ਚਰਚਿਤ ਹੋਈ ਸੀ। ਇਸ ਫ਼ਿਲਮ ਵਿੱਚ ਪੀਪਲੀ ਪਿੰਡ ਦੇ ਗਰੀਬ ਕਿਸਾਨ ਨੱਥੇ (ਉਮਕਾਰ ਦਾਸ( ਦੀ ਕਹਾਣੀ ਸੀ ਜੋ ਸਰਕਾਰੀ ਕਰਜਾ ਦੇਣ ਤੋਂ ਅਸਮਰੱਥ ਸੀ। ਉਸਨੇ ਆਤਮ ਹੱਤਿਆ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਆਤਮ ਹੱਤਿਆ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਚੰਗਾ ਮੁਆਵਜ਼ਾ ਮਿਲਦਾ ਸੀ। ਇਸ ਫ਼ਿਲਮ ਵਿੱਚ ਸਿਆਸਤਦਾਨਾਂ, ਮੀਡੀਆ ਅਤੇ ਪਰਿਵਾਰਕ ਮੈਂਬਰਾਂ ਦੇ ਦੋਗਲੇ ਚਿਹਰੇ ਨੂੰ ਨੰਗਾ ਕੀਤਾ ਗਿਆ ਸੀ। ਫ਼ਿਲਮ ਸਪਸ਼ਟ ਸੰਕੇਤ ਦੇ ਰਹੀ ਸੀ ਕਿ ਖੁਦਕੁਸ਼ੀ ਕਰਨ ਤੋਂ ਬਾਅਦ ਮਿਲਣ ਵਾਲੇ ਮੁਆਵਜ਼ੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਕੱਲ੍ਹ ਦਿੱਲੀ ਹਾਈਕੋਰਟ ਨੇ ਵੀ ਆਪਣੀ ਟਿੱਪਣੀ ਰਾਹੀਂ ਇਸ ਮੁੱਦੇ ਵੱਲ ਧਿਆਨ ਖਿੱਚਿਆ ਹੈ।
ਪਿਛਲੇ ਮਹੀਨੇ ਦੀ 19 ਤਾਰੀਖ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਏਕੜ ਤੱਕ ਦੇ ਮਾਲਕ ਕਿਸਾਨਾਂ ਦੇ ਖੇਤੀ ਕਰਜੇ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਇਸਦੇ ਨਾਲ ਇਹ ਵੀ ਕਿਹਾ ਹੈ ਕਿ ਦੋ ਤੋਂ ਪੰਜ ਏਕੜ ਵਾਲੇ ਕਿਸਾਨਾਂ ਦੀ ਦੋ ਲੱਖ ਰੁਪਏ ਆਰਥਿਕ ਮਦਦ ਵੀ ਕੀਤੀ ਜਾਵੇਗੀ। ਕੈਪਟਨ ਨੇ ਇੱਕ ਹੋਰ ਵੱਡਾ ਫ਼ੈਸਲਾ ਕੀਤਾ ਹੈ ਕਿ ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਾਸ਼ੀ ਵਧਾ ਕੇ 5 ਲੱਖ ਰੁਪਏ ਕਰ ਦਿੰਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਉਕਤ ਐਲਾਨ ਨੂੰ ਜ ਦਿੱਲੀ ਹਾਈਕੋਰਟ ਦੇ ਜਸਟਿਸ ਗੀਤਾ ਮਿੱਤਲ ਅਤੇ ਜੱਜ ਸ੍ਰੀ ਹਰੀਸ਼ੰਕਰ ਦੀ ਸਲਾਹ ਦੇ ਸੰਦਰਭ ਵਿੱਚ ਵੇਖੀਏ ਤਾਂ ਇਹ ਗੱਲ ਪੰਜਾਬ ਦੇ ਕਿਸਾਨਾਂ ‘ਤੇ ਵੀ ਲਾਗੂ ਹੁੰਦੀ ਹੈ ਜੋ ਕਰਜੇ ਕਾਰਨ ਆਰਥਿਕ ਤੌਰ ‘ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਲਗਾਤਾਰ ਵੱਧ ਰਹੀ ਗਰੀਬੀ ਕਾਰਨ ਉਹ ਜ਼ਿੱਲਤ ਭਰੀ ਜ਼ਿੰਦਗੀ ਨਾਲੋਂ ਮੌਤ ਨੂੰ ਤਰਜੀਹ ਦੇ ਰਹੇ ਹਨ ਸ਼ਾਇਰ ਅੰਸਾਰ ਕੰਬਰੀ ਨੇ ਸ਼ਾਇਦ ਕਿਸਾਨਾਂ ਦੀ ਹਾਲਤ ਵੇਖ ਕੇ ਹੀ ਆਹ ਸ਼ੇਅਰ ਕਿਹਾ ਹੈ:
ਮੌਤ ਕੇ ਡਰ ਸੇ ਨਾਹਕ ਪਰੇਸ਼ਾਨ ਹੈਂ
ਆਪ ਜ਼ਿੰਦਾ ਕਹਾਂ ਹੈ, ਜੋ ਮਰ ਜਾਏਂਗੇ
ਗਰੀਬ ਕਿਸਾਨ ਕਈ ਵਾਰ ਸੋਚਦਾ ਹੈ ਕਿ ਮਰ ਮਰ ਕੇ ਜਿਊਣ ਨਾਲੋਂ ਮੌਤ ਨੂੰ ਸਹੇੜਨਾ ਚੰਗਾ ਹੈ ਤਾਂ ਕਿ ਘੱਟੋ ਘੱਟ ਪਰਿਵਾਰ ਤਾਂ ਬਚਿਆ ਰਹੇ। ਹੁਣ ਪਰਿਵਾਰ ਨੂੰ ਦੋ ਦੀ ਬਜਾਏ ਪੰਜ ਲੱਖ ਮਿਲੇਗਾ। ਕੀ ਇਹ ਹੋਰ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਪ੍ਰੇਰਿਤ ਨਹੀਂ ਕਰੇਗਾ? ਜੱਜ ਸਾਹਿਬਾਨ ਦੀ ਸਲਾਹ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਲੋੜ ਤਾਂ ਕਿਸਾਨੀ ਦੇ ਸੁਧਾਰ ਦੇ ਕੋਈ ਪੱਕੇ ਹੱਲ ਲੱਭਣ ਦੀ ਹੈ। ਕਿਸਾਨੀ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਸਰਕਾਰ ਵੱਲੋਂ ਉਚੇਚੇ ਯਤਨ ਕਰਨ ਦੀ ਲੋੜ ਹੈ। ਕਿਸਾਨਾਂ ਨੂੰ ਹਉਮੈ ਕਾਰਨ ਵਾਧੂ ਵਿਖਾਵੇ ਕਰਨ ਤੋਂ ਬਚਾੳਣ ਲਈ ਸਿੱਖਿਅਕ ਅਤੇ ਜਾਗਰੂਕ ਕਰਨ ਦੀ ਹੈ ਤਾਂ ਕਿ ਉਹ ਵਿਆਹਾਂ, ਘਰਾਂ ਅਤੇ ਕਾਰਾਂ ‘ਤੇ ਬੇਲੋੜੇ ਖਰਚੇ ਨਾ ਕਰਨ। ਜ਼ਰੂਰਤ ਇਸ ਗੱਲ ਦੀ ਹੈ ਕਿ ਨੌਜਵਾਨ ਕਿਸਾਨਾਂ ਨੂੰ ਸਹਾਇੱਕ ਧੰਦੇ ਅਪਣਾਉਣ ਲਈ ਪ੍ਰੇਰਿਤ ਅਤੇ ਸਿੱਖਿਅਤ ਕੀਤਾ ਜਾਵੇ। ਆਤਮ ਹੱਤਿਆ ਤੋਂ ਬਾਅਦ ਪਰਿਵਾਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਕਮ ਪਹਿਲਾਂ ਤੋਂ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਨੂੰ ਹੋਰ ਪ੍ਰੇਰਿਤ ਕਰਨ ਦਾ ਕਾਰਨ ਨਾ ਬਣੇ। ਇਸ ਬਾਰੇ ਹਰ ਗੰਭੀਰ ਨਾਗਰਿਕ ਨੂੰ ਸੋਚਣ ਦੀ ਲੋੜ ਹੈ।

 

ਜ਼ੀਰੋ ਤੋਂ ਹੀਰੋ ਬਣਿਆ ਐੱਸ. ਪੀ. ਸਿੰਘ ਉਬਰਾਏ

ਪੋਰਖ ਬਿਨ ਕੀਰਤੀ ਨਹੀਂ ਮਿਲਦੀ, ਬੇਹਿੰਮਤੀਆਂ ਨੂੰ ਇਤਿਹਾਸ ਆਪਣੀ ਹਿੱਕ ਦਾ ਵਾਲ ਨਹੀਂ ਬਣਾਉਂਦਾ। ਸੰਕਲਪਾਂ ਦੇ ਬੀਜ ਹੀ ਬਿਰਛ ਬਣਦੇ ਹਨ। ਆਰਾਜ਼ੀਆਂ ਨੂੰ ਵੀ ਮੰਜ਼ਿਲਾਂ ਮਿਲਦੀਆਂ ਹਨ। ਦਾਨਿਸ਼ ਜਮਾਤਾਂ ਪੜ੍ਹਨ ਨਾਲ ਹੀ ਨਹੀਂ ਸਗੋਂ ਜ਼ਿੰਦਗੀ ਦਾ ਸੰਘਰਸ਼ ਚੇਤੰਨ ਬੁੱਧ ਹੋ ਕੇ ਲੜਨ ਨਾਲ ਆਉਂਦੀ ਹੈ। ਜ਼ਿੰਦਗੀ ਵਿੱਚ ਜੋਖਿਮ ਉਠਾਉਣ ਵਾਲੇ ਹੀ ਵੱਡੀਆਂ ਮੱਲਾਂ ਮਾਰਨ ਦੇ ਕਾਬਲ ਹੁੰਦੇ ਹਨ। ਚੇਤੰਨ, ਸੁਚੇਤ, ਹਿੰਮਤੀ, ਪੌਰਖੀ ਅਤੇ ਸਮੇਂ ਦੇ ਹਾਣੀ ਹਿੰਮਤੀ ਬੰਦੇ ਕੁਝ ਵੱਡਾ ਕਰ ਗੁਜ਼ਰਨ ਵਿੱਚ ਕਾਮਯਾਬ ਹੁੰਦੇ ਹਨ। ਕਈ ਮਨੁੱਖ ਅਜਿਹੇ ਹੁੰਦੇ ਹਨ, ਜਿਹਨਾਂ ਦੇ ਲਹੂ ਵਿੱਚ ਹਰ ਸਮੇਂ ਛਣਕਾਟਾ ਛਿੜਿਆ ਰਹਿੰਦਾ ਹੈ। ਨਾ ਉਹ ਆਪ ਟਿਕ ਕੇ ਬੈਠਦੇ ਹਨ ਅਤੇ ਨਾ ਹੀ ਆਪਣੇ ਸਾਥੀਆਂ ਨੂੰ ਟਿਕਣ ਦਿੰਦੇ ਹਨ। ਉਹਨਾਂ ਦਾ ਜਨੂੰਨ ਉਹਨਾਂ ਨੂੰ ਸੌਣ ਨਹੀਂ ਦਿੰਦਾ। ਅਜਿਹੀ ਹੀ ਇੱਕ ਨਿਰੰਤਰ ਉਦਮਸ਼ੀਲਤਾ ਦਾ ਨਾਂ ਹੈ ਸੁਰਿੰਦਰਪਾਲ ਸਿੰਘ ਉਬਰਾਏ। ਡਾ. ਐਸ. ਪੀ. ਸਿੰਘ ਉਬਰਾਏ ਨੂੰ ਵੇਖਿਆਂ, ਮਿਲਿਆਂ ਅਤੇ ਜਾਣਿਆਂ ਹੀ ਪਤਾ ਲੱਗਦਾ ਹੈ ਕਿ ਗੁਰੂ ਦਾ ਸਿੰਘ ਕਨ੍ਹਈਆ ਸਿੱਖ ਕਿਹੋ ਜਿਹਾ ਹੁੰਦਾ ਹੈ। ਦਿਲ ਅਤੇ ਗੁਰਦੇ ਵਾਲੇ ਮਰਦਾਂ ਦੀ ਸੂਰਤ ਕੈਸੀ ਹੁੰਦੀ ਹੈ। ਉਬਰਾਏ ਵਰਗੇ ਮਿੰਤਰ ਨੂੰ ਪਛਾਣ ਕੇ ਹੀ ਪਤਾ ਲੱਗਦਾ ਹੈ ਕਿ ਅਪਣੱਤ, ਮੁਹੱਬਤ, ਨਿਮਰਤਾ ਅਤੇ ਦੋਸਤੀ ਕੀ ਹੁੰਦੀ ਹੈ। ਪੰਜਾਬੀਆਂ ਦੀ ਖੁੱਲ੍ਹ ਦਿਲੀ, ਸਿਦਕਦਿਲੀ ਅਤੇ ਲੋਕਾਈ ਦੀ ਸੇਵਾ ਭਾਵਨਾ ਦਾ ਪ੍ਰਤੀਕ ਹੈ ਡਾ. ਐਸ. ਪੀ. ਸਿੰਘ ਉਬਰਾਏ। ਦੁਨੀਆਂ ਵਿੱਚ ਅੰਨ੍ਹੀ ਕਮਾਈ ਕਰਨ ਵਾਲੇ ਸੈਂਕੜੇ, ਹਜ਼ਾਰਾਂ ਅਤੇ ਲੱਖਾਂ ਹੋਣਗੇ ਅਤੇ ਪੌਂਡਾਂ, ਡਾਲਰਾਂ, ਮਾਰਕਾਂ ਅਤੇ ਦੀਨਾਰਾਂ ਦੀ ਚਕਾਚੌਂਧ ਵਿੱਚ ਗੁਆਚ ਜਾਣ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਪਰ ‘ਦਾਤੇ ਭਗਤ ਸੂਰਮੇ’ ਵਿਰਲੇ ਹੀ ਹੁੰਦੇ ਹਨ। ਪੌਡਾਂ, ਡਾਲਰਾਂ, ਮਾਰਕਾਂ ਅਤੇ ਦੀਨਾਰਾਂ ਨੂੰ ਲੋਕਾਈ ਦੀ ਸੇਵਾ ਵਿੱਚ ਲਾਉਣ ਦੀ ਤੌਫ਼ੀਕ ਦਾਤੇ ਨੇ ਐਸ. ਪੀ. ਸਿੰਘ ਉਬਰਾਏ ਨੂੰ ਦਿੱਤੀ ਹੈ।ਮਾਪਿਆਂ ਦਾ ਪਾਲੀ ਅਤੇ ਲੋਕਾਂ ਦਾ ਐਸ. ਪੀ. ਸਿੰਘ ਉਬਰਾਏ ਇੱਕਾਹਟ ਸਾਲਾਂ ਦਾ ਹੁੰਦੜਹੇਲ, ਚੜ੍ਹਤ-ਬੜਤ ਵਾਲਾ, ਪੌਰਖੀ ਤੇ ਉਦਮੀ ਵਿਅਕਤੀ ਹੈ। ਚੌੜਾ ਮਸਤਕ, ਰੋਸ਼ਨ ਅੱਖਾਂ, ਕੁੰਡੀਆਂ ਮੁੱਛਾਂ, ਮੁਸਕਰਾਉਂਦਾ ਚਿਹਰਾ ਉਸਦੀ ਮਾਨਸਿਕ ਤੰਦਰੁਸਤੀ ਅਤੇ ਆਤਮਕ ਬਲਵਾਨਗੀ ਦਾ ਗਵਾਹ ਹੈ। ਉਹ ਹਰ ਲੋੜਵੰਦ ਦੀ ਬਾਂਹ ਫ਼ੜਦਾ ਹੈ। ਲੋਕਾਈ ਦੇ ਕੰਮਾਂ ਨੂੰ ਪੂਰੇ ਦਮ-ਖਮ ਨਾਲ ਹੱਥ ਪਾਉਂਦਾ ਹੈ ਅਤੇ ਮੋਰਚਾ ਫ਼ਤਿਹ ਕਰਕੇ ਹੀ ਦਮ ਲੈਂਦਾ ਹੈ। ਉਸ ਕੋਲ ਸੰਕਲਪ ਤੇ ਸ਼ਕਤੀ ਦੋਵੇਂ ਹੀ ਆਪਾਰ ਹਨ। ਉਸਨੂੰ ਸੂਰਮਾ ਬਣਾਉਣਾ, ਪਾਉਣਾ ਤੇ ਮਟਕਾਉਣਾ ਸਭੇ ਕੁਝ ਆਉਂਦਾ ਹੈ। ਸ਼ਾਇਦ ਇਸੇ ਲਈ ਉਹ ਹਰ ਮੋਰਚਾ ਫ਼ਤਿਹ ਕਰਨ ਵਾਲਾ ਸਿੰਘ ਸਿਪਾਹੀ ਬਣ ਗਿਆ ਹੈ। ਮੋਰਚਾ ਤਾਂ ਉਸਨੇ ਦੁਬਈ ਵਿੱਚ ਤਾਜ ਮਹੱਲ ਬਣਾਉਣ ਵਾਲਾ ਵੀ ਫ਼ਤਿਹ ਕਰ ਲਿਆ ਸੀ। ਇੱਕ ਹੋਰ ਗੱਲ ਹੈ ਵਿਦੇਸ਼ ਦੀ ਧਰਤੀ ਦੇ ਕਾਨੂੰਨ ਨੇ ਉਸਨੂੰ ਇਤਿਹਾਸ ਦਾ ਹਿੱਸਾ ਬਣਾ ਦਿੱਤਾ। ਡਾ. ਐਸ. ਪੀ. ਸਿੰਘ ਉਬਰਾਏ ਦਾ ਰੇਖਾ ਚਿੱਤਰ ਸਮੇਂ ਇਹ ਨਿਰਣਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਸ ਸਰਦਾਰ ਦੀ ਕਿਹੜੀ ਲੜੀ ਫ਼ੜੀ ਅਤੇ ਕਿਹੜੀ ਛੱਡੀਏ ਕਿਉਂਕਿ ਉਹਦੇ ਬਾਰੇ ਲਿਖਣ ਅਤੇ ਕਹਿਣ ਲਈ ਬੇਅੰਤ ਗੱਲਾਂ ਹਨ। ਗੱਲ ਤਾਂ ਇਹ ਵੀ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਅਤੇ ਅਨੂਠੀ ਹੈ ਕਿ 355 ਰੁਪਏ ਮਹੀਨਾ ਕਮਾਉਣ ਵਾਲਾ ਸਿਰਫ਼ ਪ੍ਰੈਪ ਤੱਕ ਪੜ੍ਹਿਆ ਹੋਇਆ, ਡੀਜ਼ਲ ਮਕੈਨਿਕ ਅੱਜ ਅਪੈਕਸ ਇਮੀਰੇਟਸ ਜਨਰਲ ਟਰੇਡਿੰਗ ਕੰਪਨੀ, ਅਪੈਕਸ ਇਨਵੈਸਟਮੈਂਟ ਕੰਸਟਰਕਸ਼ਨ ਐਂਡ ਲੈਂਡ ਡਿਵਾਟਰਿੰਗ ਐਲ. ਐਲ. ਸੀ., ਉਬਰਾਏ ਪ੍ਰਾਪਰਟੀਜ਼ ਐਂਡ ਇਨਵੈਸਟਮੈਂਟ ਲਿਮਟਿਡ ਅਤੇ ਹਰਨਾਮ ਘਿਓ, ਸਾਗ, ਪਚਰੰਗ ਅਚਾਰ, ਪਨੀਰ ਤੇ ਸ਼ਰਬਤ ਆਦਿ ਕਿੰਨੀਆਂ ਕੰਪਨੀਆਂ ਦਾ ਮਾਲਕ ਹੈ, ਜਿਹਨਾਂ ਦੀ ਟਰਨਓਵਰ ਕਰੋੜਾਂ ਨੂੰ ਪਾਰ ਕਰਕੇ ਅਰਬਾਂ ਵਾਲੇ ਪਾਸੋਂ ਵੱਧ ਰਹੀ ਹੈ। ਸਮਾਜ ਸੇਵੀ ਕੰਮਾਂ ਦੇ ਰੁਝੇਵਿਆਂ ਨੇ ਉਸਦਾ ਪਿਆਰਾ ਪ੍ਰਾਜੈਕਟ ‘ਦੁਬਈ ਗ੍ਰੈਂਡ ਹੋਟਲ’ ਬੰਦ ਕਰਵਾ ਦਿੱਤਾ ਹੈ, ਜਿਸ ਰਾਹੀਂ ਉਸਨੇ 10-11 ਵਰ੍ਹੇ ਰੱਜ ਕੇ ਕਮਾਈ ਕੀਤੀ ਸੀ।ਉਬਰਾਏ ਦੀ ਜੀਵਨ ਯਾਤਰਾ 1956 ਦੀ ਵਿਸਾਖੀ ਨੂੰ ਨੰਗਲ ਟਾਊਨਸ਼ਿਪ ਤੋਂ ਆਰੰਭ ਹੋਈ, ਜਦੋਂ ਇੰਜੀਨੀਅਰ ਸ. ਪ੍ਰੀਤਮ ਸਿੰਘ ਅਤੇ ਮਾਤਾ ਅੰਮ੍ਰਿਤ ਕੌਰ ਨੂੰ ਮੁੰਡਾ ਜੰਮਣ ‘ਤੇ ਵਧਾਈਆਂ ਮਿਲੀਆਂ। ਦੋ ਭੈਣਾਂ ਦਾ ਲਾਡਲਾ ਭਰਾ ਪਾਲੀ (ਉਬਰਾਏ) ਪਰਿਵਾਰ ਸਮੇਤ 1963 ਵਿੱਚ ਤਲਵਾੜੇ ਆ ਗਿਆ ਅਤੇ ਉਥੇ ਹੀ ਦਸਵੀਂ ਕੀਤੀ ਅਤੇ ਦਸਵੀ ਤੋਂ ਬਾਅਦ ਆਈ. ਟੀ. ਆਈ. ਤੋਂ ਡੀਜ਼ਲ ਮਕੈਨਿਕ ਦਾ ਡਿਪਲੋਮਾ ਕਰ ਲਿਆ। ਬਾਪੂ ਹੋਰ ਪੜ੍ਹਾਉਣਾ ਚਾਹੁੰਦਾ ਸੀ ਪਰ ਮੁੰਡੇ ਦੇ ਸੁਪਨੇ ਹੋਰ ਸਨ। ਡੀਜ਼ਲ ਇੰਜਣ ਦਾ ਤਾਂ ਉਹ ਡਿਪਲੋਮਾ ਕਰਦੇ ਕਰਦੇ ਹੀ ਮਾਹਿਰ ਬਣ ਗਿਆ ਸੀ। ਉਹ ਇੰਜਣ ਦੀ ਘੂੰ-ਘੂੰ ਤੋਂ ਹੀ ਉਸਦੀ ਬਿਮਾਰੀ ਜਾਣ ਜਾਂਦਾ ਸੀ। ਅੱਧੀ ਅਹੁਰ ਤਾਂ ਉਸਦੀ ਛੋਹ ਅਤੇ ਆਰ-ਪਾਰ ਹੋ ਜਾਣ ਵਾਲੀ ਦ੍ਰਿਸ਼ਟੀ ਨਾਲ ਹੀ ਠੀਕ ਹੋ ਜਾਂਦੀ ਸੀ। ਉਹ ਬਹੁਤ ਸੱਚਿਆਰਾ ਤੇ ਹੁਨਰਮੰਦ ਮਕੈਨਿਕ ਸੀ। ਇਸੇ ਹੁਨਰਮੰਦੀ ਨੇ ਪੜ੍ਹਾਈ ਦੇ ਡਰੋਂ ਘਰੋਂ ਭੱਜੇ ਉਬਰਾਏ ਨੁੰ ਦੁਬਈ ਪਹੁੰਚਾ ਦਿੱਤਾ ਸੀ। ਇਸ ਹੁਨਰਮੰਦੀ ਕਾਰਨ ਦੁਬਈ ਪਹੁੰਚ ਕੇ ਐਸ. ਪੀ. ਸਿੰਘ ਉਬਰਾਏ ਮਕੈਨਿਕ ਜਿੰਨੀ ਨਹੀਂ ਸਗੋਂ ਇੰਜੀਨੀਅਰ ਵਾਲੀ ਤਨਖਾਹ ਲੈਂਦਾ ਸੀ। ਪੰਜ-ਸੱਤ ਸਾਲ ਖੂਬ ਮਿਹਨਤ ਕੀਤੀ ਅਤੇ ਪੈਸੇ ਇੱਕੰਠੇ ਕੀਤੇ। ਪਿਤਾ ਨਾਲ ਕੀਤਾ ਵਾਅਦਾ ਪੁਗਾਇਆ ਅਤੇ ਕੁਝ ਬਣ ਕੇ ਹੀ ਮੁੜ ਘਰ ਹਿੰਦੋਸਤਾਨ ਪਰਤ ਆਇਆ। ਇੱਥੇ ਆ ਕੇ ਪਰਿਵਾਰ ਨਾਲ ਰਲ ਕੇ ਸੜਕਾਂ, ਪੁਲਾਂ ਅਤੇ ਰੇਲਵੇ ਆਦਿ ਲਈ ਠੇਕੇਦਾਰੀ ਕੀਤੀ ਅਤੇ ਚੰਗੇ ਨੋਟ ਕਮਾਏ। ਉਬਰਾਏ ਜੇ ਚਾਹੁੰਦਾ ਤਾਂ ਸੰਤੁਸ਼ਟ ਹੋ ਕੇ ਆਰਾਮ ਨਾਲ ਜ਼ਿੰਦਗੀ ਕੱਟ ਸਕਦਾ ਸੀ ਪਰ ਉਹ ਤਾਂ ਵੱਡਾ ਸੁਪਨੇਸਾਜ਼ ਹੈ ਅਤੇ ਚੁਣੌਤੀਆਂ ਨੂੰ ਸਵੀਕਾਰ ਕਰਨਾ ਉਸਦਾ ਸ਼ੌਂਕ ਹੈ।ਸੰਕਲਪ ਤੇ ਇਰਾਦੇ ਹੀ ਅਮਲੀ ਸਰਗਰਮੀਆਂ ਸਿਰਜਦੇ ਹਨ। ਇੱਛਾ ਵਿਉਂਤ ਦੀ ਜਨਣੀ ਹੈ ਅਤੇ ਵਿਉਂਤਾਂ ਇਤਿਹਾਸ ਸਿਰਜਦੀਆਂ ਹਨ। ਜੋ ਐਵਰੈਸਟ ਦੀ ਤਮੰਨਾ ਦਿਲ ਵਿੱਚ ਪਾਲਦੇ ਹਨ ਉਹੀ ਲੋਕ ਇੱਕ ਦਿਨ ਜੋਖ਼ਿਮਾਂ ਵਿੱਚੋਂ ਲੰਘ ਕੇ ਮੰਜ਼ਿਲਾਂ ਦੇ ਮੁਹਾਂਦਰੇ ਦੇ ਰੂਬਰੂ ਹੁੰਦੇ ਹਨ। ਕੁਝ ਬਣਨ ਲਈ ਸਾਧਨਾ, ਰਿਆਜ਼, ਭਗਤੀ, ਮੁਸ਼ੱਕਤ ਅਤੇ ਜੋਖ਼ਿਮ ਉਠਾਉਣ ਦੀ ਹਿੰਮਤ ਦੀ ਲੋੜ ਹੁੰਦੀ ਹੈ। ਸਫ਼ਲ ਲੋਕ ਜਿੱਤ ਦੇ ਵਿਸ਼ਵਾਸ ਨਾਲ ਸੰਘਰਸ਼ ਕਰਦੇ ਹਨ। ਆਪਣੀ ਮੰਜ਼ਿਲ, ਆਪਣੇ ਨਿਸ਼ਾਨੇ, ਆਪਣੇ ਉਦੇਸ਼ ਨੂੰ ਪਾਉਣ ਹਿਤ ਆਤਮ ਵਿਸ਼ਵਾਸ, ਦ੍ਰਿੜ੍ਹ ਇਰਾਦੇ, ਤੀਬਰ ਇੱਛਾ ਸ਼ਕਤੀ, ਸੰਕਲਪ, ਤੌਫ਼ੀਕੀ ਚੇਤਨਾ, ਪੌਰਖ, ਹਿੰਮਤ, ਲਗਨ ਅਤੇ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਸਾਰੇ ਗੁਣਾਂ ਨਾਲ ਉਬਰਾਏ ਦੀ ਸ਼ਖ਼ਸੀਅਤ ਲਬਰੇਜ਼ ਹੈ। ਇਸੇ ਕਾਰਨ 13 ਵਰ੍ਹਿਆਂ ਬਾਅਦ ਮੁੜ ਦੁਬਈ ਤੋਂ ਵਾਪਸ ਪਰਤ ਕੇ ਆਪਣੇ ਵੱਡੇ-ਵੱਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਹਿੱਤ ਸੰਘਰਸ਼ ਕਰਨਾ ਸ਼ੁਰੂ ਕੀਤਾ ਅਤੇ ਏਪੈਕਸ ਐਮੀਰੇਟਸ ਜਨਰਲ ਟਰੇਨਿੰਗ ਕੰਪਨੀ ਐੱਲ. ਐੱਸ. ਸੀ. ਦੀ ਨੀਂਹ ਰੱਖੀ। ਪੰਜ ਸੱਤ ਮਹੀਨਿਆਂ ਵਿੱਚ ਹੀ ਪੈਰ ਲੱਗ ਗਏ, ਫ਼ਿਰ ਮੁੜ ਕੇ ਨਹੀਂ ਦੇਖਿਆ। ਜਿੱਥੇ ਵੀ ਹੱਥ ਪਾਇਆ ਕਾਮਯਾਬੀ ਮਿਲੀ
ਸ. ਸਤਿੰਦਰਪਾਲ ਸਿੰਘ ਉਬਰਾਏ ਦੀ ਜ਼ਿੰਦਗੀ ਵਿੱਚ ਉਦੋਂ ਨਵਾਂ ਮੋੜ ਇੱਕ ਪਾਕਿਸਤਾਨੀ ਦੇ ਕਤਲ ਦੇ ਇਲਜ਼ਾਮ ਵਿੱਚ 17 ਪੰਜਾਬੀਆਂ ਨੂੰ ਫ਼ਾਂਸੀ ਦੀ ਸਜ਼ਾ ਦੀ ਖਬਰ ਪੜ੍ਹਨ ਤੋਂ ਬਾਅਦ ਆਇਆ। ਉਹਨਾਂ ਦੀ ਬਲੱਡ ਮਨੀ ਦੇ ਕੇ ਉਹਨਾਂ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕੀਤਾ। ਫ਼ਿਰ ਤਾਂ ਚੱਲ ਸੋ ਚੱਲ ਹੋ ਗਈ। ‘ਸਰਬੱਤ ਦਾ ਭਲਾ’ ਟਰੱਸਟ ਬਣਾ ਕੇ ਉਬਰਾਏ ਜਨੂੰਨ ਦੀ ਹੱਦ ਤੱਕ ਲੋਕ ਸੇਵਾ ਵਿੱਚ ਲੱਗ ਗਿਆ। ਹੁਣ ਜੇਲ੍ਹਾਂ ਵਿੱਚ ਸ਼ੂਗਰ, ਅੱਖਾਂ ਦੇ ਕੈਂਪ, ਡਾਇਲਸਿਸ ਮਸ਼ੀਨਾਂ, ਗਰੀਬਾਂ ਲਈ ਮਕਾਨ, ਬੁਢਾਪਾ ਪੈਨਸ਼ਨਾਂ, ਸਿੱਖਿਆ ਦੇ ਖੇਤਰ ਵਿੱਚ ਕੰਮ, ਸਾਫ਼ ਸੁਥਰੇ ਪਾਣੀ ਲਈ ਪਿਆਓ ਲਾਉਣੇ, ਸਿੱਖਾਂ ਦੀ ਮਾਰਸ਼ਲ ਖੇਡ ਗਤਕੇ ਦੀ ਪ੍ਰਫ਼ੁੱਲਤਾ ਲਈ ਯਤਨ, ਸੰਸਕਾਾਰ ਘਰਾਂ ਲਈ ਸੁਵਿਧਾਵਾਂ, ਵਧੀਆ ਸਾਹਿਤ ਛਾਪਣਾ ਅਤੇ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਦੀ ਸਿੱਖਿਆ ਆਦਿ ਅਨੇਕਾਂ ਕਾਰਜ ਸਰਬੱਤ ਦਾ ਭਲਾ ਕਰ ਰਿਹਾ ਹੈ। ਟਰੱਸਟ ਵੱਲੋਂ 20 ਹਜ਼ਾਰ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆ ਕੀਤੇ ਜਾ ਚੁੱਕੇ ਹਨ। ਡਾ. ਉਬਰਾਏ ਸਪੈਸ਼ਲ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਹਿਤ ਉਚੇਚੇ ਤੌਰ ‘ਤੇ ਯਤਨਸ਼ੀਲ ਹੈ। ਸਪੈਸ਼ਲ ਬੱਚਿਆਂ ਲਈ ਸਕੂਲ ਅਤ ਹੋਸਟਲ ਬਣਾਇਆ ਗਿਆ ਹੈ। ਇੱਥ ਹੀ ਬੱਸ ਨਹੀਂ ਅਜਿਹੇ ਬੱਚਿਆਂ ਨੂੰ ਪੜ੍ਹਾਉਣ ਵਾਲੀਆਂ 6 ਅਧਿਆਪਕਾਵਾਂ ਨੂੰ ਹਰ ਵਰ੍ਹੇ ਡਿਪਲੋਮਾ ਅਤੇ ਬੀ. ਐਡ ਕਰਾਈ ਜਾ ਰਹੀ ਹੈ। ਮੈਡੀਕਲ, ਇੰਜੀਨੀਅਰਿੰਗ, ਪੀ. ਐਚ. ਡੀ. ਅਤੇ ਹਰ ਕਿਸਮ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ। ਉਬਰਾਏ ਦਾ ਸਰਬੱਤ ਭਲਾ ਟਰੱਸਟ ਝੁੱਗੀ ਝੌਂਪੜੀਆਂ ਵਿੱਚ ਪਲ ਰਹੇ ਬੱਚਿਆਂ ਦੀ ਪੜ੍ਹਾਈ ਵੱਲ ਵੀ ਗੰਭੀਰਤਾ ਨਾਲ ਧਿਆਨ ਦੇ ਰਿਹਾ ਹੈ।
ਡਾ. ਉਬਰਾਏ ਵੱਲੋਂ ਫ਼ਰੀਦਕੋਟ, ਸੰਗਰੂਰ ਅਤੇ ਮਾਨਸਾ ਦੀਆਂ ਜ੍ਹੇਾਂ ਵਿੱਚ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਨੂੰ ਖੁਦ ਜਾ ਕੇ ਵੇਖਿਆ ਹੈ। ਸੰਗਰੂਰ ਜੇਲ੍ਹ ਵਿੱਚ ਬੱਚਿਆਂ ਲਈ ਇੱਕ ਕਰੱਚ ਆਰੰਭ ਕੀਤਾ ਗਿਆ। ”ਆਪਣੀਆਂ ਮਾਵਾਂ ਨਾਲ ਜੇਲ੍ਹਾਂ ਵਿੱਚ ਕੈਦ ਕੱਟ ਰਹੇ ਮਾਸੂਮ ਬੱਚਿਆਂ ਦਾ ਭਲਾ ਕੀ ਕਸੂਰ। ਉਹਨਾਂ ਦਾ ਦਿਲ ਵੀ ਤਾਂ ਚਾਕਲੇਟ ਅਤੇ ਟਾਫ਼ੀਆਂ ਖਾਣ ਨੂੰ ਕਰਦਾ ਹੋਊ। ਉਹ ਵੀ ਤਾਂ ਖੇਡਣਾ ਚਾਹੁੰਦੇ ਹੋਣਗੇ। ਆਪਾਂ ਇਹਨਾਂ ਬੱਚਿਆਂ ਨੂੰ ਇਹ ਸਭ ਕੁਝ ਦੇ ਰਹੇ ਹਾਂ।” ਇਸ ਸਰਦਾਰ ਦੇ ਦਿਲ ਵਿੱਚ ਮਾਸੂਮਾਂ ਲਈ ਇੰਨਾ ਪਿਆ ਵੇਖ ਕੇ ਸੱਚਮੁਚ ਤੁਸੀਂ ਭਾਵੁਕ ਹੋ ਕੇ ਉਸਨੂੰ ਪਿਆਰ ਅਤੇ ਸਤਿਕਾਰ ਦੇਣਾ ਸ਼ਰੂ ਕਰ ਦਿੰਦੇ ਹੋ। ਸਾਫ਼ ਸੁਥਰਾ ਪਾਣੀ ਪੀਣ ਦਾ ਅਧਿਕਾਰ ਤਾਂ ਕੈਦੀਆਂ ਦਾ ਵੀ ਹੈ। ਸੋ, ਉਬਰਾਏ ਦਾ ਟਰੱਸਟ ਜੇਲ੍ਹਾਂ ਵਿੱਚ ਆਰ. ਓ. ਲਗਵਾ ਰਿਹਾ ਹੈ।ਸਾਡੀ ਜੇਲ੍ਹ ‘ਚ ਜੇ ਆਟਾ ਗੁੰਨਣ ਵਾਲੀ ਮਸ਼ੀਨ ਦੇ ਦੇਵੋ ਤਾਂ ਮੈਂ ਧੰਨਵਾਦੀ ਹੋਵਾਂਗਾ, ਜੇਲ੍ਹ ਸੁਪਰਡੈਂਟ ਇਸ ਤਰ੍ਹਾਂ ਅਪੀਲ ਕਰ ਰਿਹਾ ਹੈ, ਜਿਵੇਂ ਉਹ ਸਰਕਾਰ ਅੱਗੇ ਅਪੀਲ ਕਰ ਰਿਹਾ ਹੋਵੇ। ਮੈਨੂੰ ਲੱਗਾ ਇਹ ਸਰਕਾਰ ਹੀ ਹੈ ਜੋ ਉਹ ਸਾਰੇ ਕੰਮ ਕਰ ਰਿਹੈ ਜੋ ਸਰਕਾਰ ਨੂੰ ਕਰਨੇ ਚਾਹੀਦੇ ਹਨ। ਭਾਈ ਕਨੱਈਆ ਕੈਂਸਰ ਰੋਕੂ ਸੁਸਾਇਟੀ ਵਾਲੇ ਮਿੱਤਰ ਹਰ ਮਹੀਨੇ ਸੈਂਕੜੇ ਮਰੀਜ਼ਾਂ ਦੀ ਦਵਾਈ ਦਾ ਪ੍ਰਬੰਧ ਕਰਦੇ ਹਨ। ਮੈਂ ਇਸ ਬਾਰੇ ਡਾ. ਉਬਰਾਏ ਨਾਲ ਗੱਲ ਕੀਤੀ। ”ਚੱਲੋ, ਚੱਲ ਕੇ ਮਿਲਦੇ ਹਾਂ, ਕੀ ਚਾਹੀਦਾ ਹੈ ਉਹਨਾਂ ਨੂੰ”। ਅਸੀਂ ਫ਼ਰੀਦਕੋਟ ਪਹੁੰਚਦੇ ਹਾਂ। ਉਬਰਾਏ ਸਾਹਿਬ ਨੇ ਪੰਜ ਮਿੰਟ ਲਗਾਏ ਇਹ ਸਮਝਣ ਲਈ ਕਿ ਇਹ ਸੰਸਥਾ ਸੱਚਮੁਚ ਠੀਕ ਕੰਮ ਕਰ ਰਹੀ ਹੈ।”ਇਹਨਾਂ ਨੂੰ ਪੰਜਾਹ ਹਜ਼ਾਰ ਰੁਪਏ ਮਹੀਨੇ ਟਰੱਸਟ ਵੱਲੋਂ ਦਿੱਤੇ ਜਾਇਆ ਕਰਨਗੇ।” ਸਰਦਾਰ ਨੇ ਫ਼ੈਸਲਾ ਸੁਣਾ ਦਿੱਤਾ।
”ਮੈਡੀਕਲ ਕਾਲਜ ‘ਚ ਮਰੀਜਾਂ ਦੇ ਨਾਲ ਆਉਣ ਵਾਲੇ ਰਿਸ਼ਤੇਦਾਰਾਂ ਅਤੇ ਹੋਰ ਅਟੈਡੈਂਟਾਂ ਲਈ ਕੋਈ ਪ੍ਰਬੰਧ ਹੋ ਜਾਵੇ ਤਾਂ ਚੰਗਾ ਹੈ।” ਲੋਕਾਂ ਨੇ ਝਿਜਕਦੇ ਹੋਏ ਮੰਗ ਕੀਤੀ।
” ਦੋ ਸੌ ਬੈਡ ਦੀ ਧਰਮਸ਼ਾਲਾ ਉਸਾਰ ਦਿੰਦੇ ਹਾਂ। ਨਾਲੇ ਰੋਟੀ ਪਾਣੀ ਦੀ ਮੁਫ਼ਤ” ਉਬਰਾਏ ਐਲਾਨ ਕਰਦੇ ਹੈ। ਕਮਾਲ ਇਹ ਹੈ ਕਿ ਇਹ ਸਭ ਕੁਝ ਸਾਲ ਵਿੱਚ ਬਣ ਕੇ ਚਾਲੂ ਹੋ ਗਿਆ। ਹੋਵੇ ਵੀ ਕਿਉਂ ਨਾ। ਇਹ ਕੋਈ ਸਰਕਾਰੀ ਐਲਾਨ ਥੋੜ੍ਹੀ ਸੀ। ਇਉਂ ਬਣਿਆ ਸੀ ”ਸਨੀ ਉਬਰਾਏ ਰੈਣ ਬਸੇਰਾ।”
ਇਸੇ ਤਰ੍ਹਾਂ ਅੱਖਾਂ ਦੇ ਕੈਂਪਾਂ ਵਿੱਚ 40 ਹਜ਼ਾਰ ਲੋਕਾਂ ਦੇ ਨਾ ਸਿਰਫ਼ ਮੁਫ਼ਤ ਅਪ੍ਰੇਸ਼ਨ ਕੀਤੇ ਗਏ ਬਲਕਿ ਮੁਕਤ ਐਨਕਾਂ ਵੀ ਦਿੱਤੀਆਂ ਗਈਆਂ। ਟਰੱਸਟ ਵੱਲੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਆਦਿ ਵਿੱਚ 100 ਡਾਇਲਸਿਸ ਯੂਨਿਟਾਂ ਖਰੀਦ ਕੇ ਲਗਾਈਆਂ ਗਈਆਂ ਹਨ। ਪਟਿਆਲਾ ਦੇ ਸਾਕੇਤ ਹਸਪਤਾਲ ਵਿੱਚ 150 ਬੈਡ ਦਿੱਤੇ ਗਏ ਹਨ।
ਐੱਸ. ਪੀ. ਸਿੰਘ ਉਬਰਾਏ ਸਿਰਫ਼ ਬਿਜ਼ਨਸ ‘ਚ ਹੀ ਵੱਡੇ ਸੁਪਨੇ ਨਹੀਂ ਲੈਂਦਾ ਸਗੋਂ ਲੋਕ ਸੇਵਾ ਲਈ ਵੀ ਉਸ ਦੇ ਮਨ ਵਿੱਚ ਵੱਡੇ ਸੁਪਨੇ ਅਤੇ ਯੋਜਨਾਵਾਂ ਹਨ। ਪਟਿਆਲੇ ਲਾਗੇ 20 ਏਕੜ ਥਾਂ ਵਿੱਚ ਓਲਡਏਜ ਹੋਮ, ਯਤੀਮਾਂ ਲਈ ਘਰ, ਕਿੱਤਾ ਸਿਖਲਾਈ ਸਕੂਲ, ਹਸਪਤਾਲ, ਕੰਪਿਊਟਰ ਸੈਂਟਰ, ਸਿੱਖ ਅਜਾਇਬ ਘਰ ਅਤੇ ਕਈ ਕਿਸਮ ਦੇ ਸਿਖਲਾਈ ਸਕੂਲ ਖੋਲ੍ਹਣ ਦੀ ਯੋਜਨਾ ਹੈ। ਆਪਣੀ ਕਮਾਈ ਵਿੱਚੋਂ ਹਰ ਮਹੀਨੇ ਕਰੋੜਾਂ ਖ਼ਰਚਣ ਵਾਲੇ ਇਹ ਮਨੁੱਖ ਅੱਜ-ਕਲ੍ਹ ਲੋਕ ਸੇਵਾ ਲਈ ਦਿਨ-ਰਾਤ ਇੱਕ ਕਰ ਰਿਹਾ ਹੈ। ਉਬਰਾਏ ਸਾਹਿਬ ਦੇ ਕੰਮਾਂ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਖ਼ੂਬ ਮਾਨਤਾ, ਪ੍ਰਵਾਨਗੀ ਅਤੇ ਪਛਾਣ ਮਿਲੀ ਹੈ ਅਤੇ ਵੱਡੇ-ਵੱਡੇ ਇਨਾਮ ਅਤੇ ਸਨਮਾਨ ਮਿਲੇ ਹਨ। ਭਾਰਤ ਵਿੱਚ ਉਹਨਾਂ ਨੂੰ ਸਾਈਬੇਰੀਆ ਦਾ ‘ਆਨਰੇਰੀ ਕੌਨਸਲੇਟ ਜਨਰਲ’ ਨਿਯੁਕਤ ਕੀਤਾ ਗਿਆ ਹੈ। ਇੰਟਰਨੈਸ਼ਨਲ ਯੂਨੀਵਰਸਿਟੀ ਔਫ਼ ਫ਼ੰਡੇਮੈਂਟਲ ਸਟੱਡੀਜ਼ ਰੂਸ ਨੇ ਆਨਰੇਰੀ ਪੀ. ਐੱਚ. ਡੀ. ਦੀ ਡਿਗਰੀ ਪ੍ਰਦਾਨ ਕੀਤੀ। ਡਾ. ਸੁਰਿੰਦਰ ਪਾਲ ਸਿੰਘ ਉਬਰਾਏ ਨੂੰ ਦੇਰ ਸਵੇਰ ਪਦਮ ਸ਼੍ਰੀ ਵੀ ਮਿਲੇਗਾ, ਇਸ ਗੱਲ ਦਾ ਮੈਨੂੰ ਯਕੀਨ ਹੈ। ਇਸ ਕਾਲਮ ਦੇ ਸਥਾਨ ਦੀ ਸੀਮਾ ਨੂੰ ਵੇਖਦੇ ਹੋਏ ਡਾ. ਉਬਰਾਏ ਦੇ ਕੰਮਾਂ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਇਸ ਕੰਮ ਲਈ ਪੂਰੀ ਕਿਤਾਬ ਚਾਹੀਦੀ ਹੈ ਜਿਸ ਉੱਪਰ ਮੈਂ ਕੰਮ ਸ਼ੁਰੂ ਕਰ ਦਿੱਤਾ ਹੈ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218