Day: July 6, 2017

ਜ਼ੀਰੋ ਤੋਂ ਹੀਰੋ ਬਣਿਆ ਐੱਸ. ਪੀ. ਸਿੰਘ ਉਬਰਾਏ

ਪੋਰਖ ਬਿਨ ਕੀਰਤੀ ਨਹੀਂ ਮਿਲਦੀ, ਬੇਹਿੰਮਤੀਆਂ ਨੂੰ ਇਤਿਹਾਸ ਆਪਣੀ ਹਿੱਕ ਦਾ ਵਾਲ ਨਹੀਂ ਬਣਾਉਂਦਾ। ਸੰਕਲਪਾਂ ਦੇ ਬੀਜ ਹੀ ਬਿਰਛ ਬਣਦੇ ਹਨ। ਆਰਾਜ਼ੀਆਂ ਨੂੰ ਵੀ ਮੰਜ਼ਿਲਾਂ ਮਿਲਦੀਆਂ ਹਨ। ਦਾਨਿਸ਼ ਜਮਾਤਾਂ ਪੜ੍ਹਨ ਨਾਲ ਹੀ ਨਹੀਂ ਸਗੋਂ ਜ਼ਿੰਦਗੀ ਦਾ ਸੰਘਰਸ਼ ਚੇਤੰਨ ਬੁੱਧ ਹੋ ਕੇ ਲੜਨ ਨਾਲ ਆਉਂਦੀ ਹੈ। ਜ਼ਿੰਦਗੀ ਵਿੱਚ ਜੋਖਿਮ ਉਠਾਉਣ ਵਾਲੇ ਹੀ ਵੱਡੀਆਂ ਮੱਲਾਂ ਮਾਰਨ ਦੇ ਕਾਬਲ ਹੁੰਦੇ ਹਨ। ਚੇਤੰਨ, ਸੁਚੇਤ, ਹਿੰਮਤੀ, ਪੌਰਖੀ ਅਤੇ ਸਮੇਂ ਦੇ ਹਾਣੀ ਹਿੰਮਤੀ ਬੰਦੇ ਕੁਝ ਵੱਡਾ ਕਰ ਗੁਜ਼ਰਨ ਵਿੱਚ ਕਾਮਯਾਬ ਹੁੰਦੇ ਹਨ। ਕਈ ਮਨੁੱਖ ਅਜਿਹੇ ਹੁੰਦੇ ਹਨ, ਜਿਹਨਾਂ ਦੇ ਲਹੂ ਵਿੱਚ ਹਰ ਸਮੇਂ ਛਣਕਾਟਾ ਛਿੜਿਆ ਰਹਿੰਦਾ ਹੈ। ਨਾ ਉਹ ਆਪ ਟਿਕ ਕੇ ਬੈਠਦੇ ਹਨ ਅਤੇ ਨਾ ਹੀ ਆਪਣੇ ਸਾਥੀਆਂ ਨੂੰ ਟਿਕਣ ਦਿੰਦੇ ਹਨ। ਉਹਨਾਂ ਦਾ ਜਨੂੰਨ ਉਹਨਾਂ ਨੂੰ ਸੌਣ ਨਹੀਂ ਦਿੰਦਾ। ਅਜਿਹੀ ਹੀ ਇੱਕ ਨਿਰੰਤਰ ਉਦਮਸ਼ੀਲਤਾ ਦਾ ਨਾਂ ਹੈ ਸੁਰਿੰਦਰਪਾਲ ਸਿੰਘ ਉਬਰਾਏ। ਡਾ. ਐਸ. ਪੀ. ਸਿੰਘ ਉਬਰਾਏ ਨੂੰ ਵੇਖਿਆਂ, ਮਿਲਿਆਂ ਅਤੇ ਜਾਣਿਆਂ ਹੀ ਪਤਾ ਲੱਗਦਾ ਹੈ ਕਿ ਗੁਰੂ ਦਾ ਸਿੰਘ ਕਨ੍ਹਈਆ ਸਿੱਖ ਕਿਹੋ ਜਿਹਾ ਹੁੰਦਾ ਹੈ। ਦਿਲ ਅਤੇ ਗੁਰਦੇ ਵਾਲੇ ਮਰਦਾਂ ਦੀ ਸੂਰਤ ਕੈਸੀ ਹੁੰਦੀ ਹੈ। ਉਬਰਾਏ ਵਰਗੇ ਮਿੰਤਰ ਨੂੰ ਪਛਾਣ ਕੇ ਹੀ ਪਤਾ ਲੱਗਦਾ ਹੈ ਕਿ ਅਪਣੱਤ, ਮੁਹੱਬਤ, ਨਿਮਰਤਾ ਅਤੇ ਦੋਸਤੀ ਕੀ ਹੁੰਦੀ ਹੈ। ਪੰਜਾਬੀਆਂ ਦੀ ਖੁੱਲ੍ਹ ਦਿਲੀ, ਸਿਦਕਦਿਲੀ ਅਤੇ ਲੋਕਾਈ ਦੀ ਸੇਵਾ ਭਾਵਨਾ ਦਾ ਪ੍ਰਤੀਕ ਹੈ ਡਾ. ਐਸ. ਪੀ. ਸਿੰਘ ਉਬਰਾਏ। ਦੁਨੀਆਂ ਵਿੱਚ ਅੰਨ੍ਹੀ ਕਮਾਈ ਕਰਨ ਵਾਲੇ ਸੈਂਕੜੇ, ਹਜ਼ਾਰਾਂ ਅਤੇ ਲੱਖਾਂ ਹੋਣਗੇ ਅਤੇ ਪੌਂਡਾਂ, ਡਾਲਰਾਂ, ਮਾਰਕਾਂ ਅਤੇ ਦੀਨਾਰਾਂ ਦੀ ਚਕਾਚੌਂਧ ਵਿੱਚ ਗੁਆਚ ਜਾਣ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਪਰ ‘ਦਾਤੇ ਭਗਤ ਸੂਰਮੇ’ ਵਿਰਲੇ ਹੀ ਹੁੰਦੇ ਹਨ। ਪੌਡਾਂ, ਡਾਲਰਾਂ, ਮਾਰਕਾਂ ਅਤੇ ਦੀਨਾਰਾਂ ਨੂੰ ਲੋਕਾਈ ਦੀ ਸੇਵਾ ਵਿੱਚ ਲਾਉਣ ਦੀ ਤੌਫ਼ੀਕ ਦਾਤੇ ਨੇ ਐਸ. ਪੀ. ਸਿੰਘ ਉਬਰਾਏ ਨੂੰ ਦਿੱਤੀ ਹੈ।ਮਾਪਿਆਂ ਦਾ ਪਾਲੀ ਅਤੇ ਲੋਕਾਂ ਦਾ ਐਸ. ਪੀ. ਸਿੰਘ ਉਬਰਾਏ ਇੱਕਾਹਟ ਸਾਲਾਂ ਦਾ ਹੁੰਦੜਹੇਲ, ਚੜ੍ਹਤ-ਬੜਤ ਵਾਲਾ, ਪੌਰਖੀ ਤੇ ਉਦਮੀ ਵਿਅਕਤੀ ਹੈ। ਚੌੜਾ ਮਸਤਕ, ਰੋਸ਼ਨ ਅੱਖਾਂ, ਕੁੰਡੀਆਂ ਮੁੱਛਾਂ, ਮੁਸਕਰਾਉਂਦਾ ਚਿਹਰਾ ਉਸਦੀ ਮਾਨਸਿਕ ਤੰਦਰੁਸਤੀ ਅਤੇ ਆਤਮਕ ਬਲਵਾਨਗੀ ਦਾ ਗਵਾਹ ਹੈ। ਉਹ ਹਰ ਲੋੜਵੰਦ ਦੀ ਬਾਂਹ ਫ਼ੜਦਾ ਹੈ। ਲੋਕਾਈ ਦੇ ਕੰਮਾਂ ਨੂੰ ਪੂਰੇ ਦਮ-ਖਮ ਨਾਲ ਹੱਥ ਪਾਉਂਦਾ ਹੈ ਅਤੇ ਮੋਰਚਾ ਫ਼ਤਿਹ ਕਰਕੇ ਹੀ ਦਮ ਲੈਂਦਾ ਹੈ। ਉਸ ਕੋਲ ਸੰਕਲਪ ਤੇ ਸ਼ਕਤੀ ਦੋਵੇਂ ਹੀ ਆਪਾਰ ਹਨ। ਉਸਨੂੰ ਸੂਰਮਾ ਬਣਾਉਣਾ, ਪਾਉਣਾ ਤੇ ਮਟਕਾਉਣਾ ਸਭੇ ਕੁਝ ਆਉਂਦਾ ਹੈ। ਸ਼ਾਇਦ ਇਸੇ ਲਈ ਉਹ ਹਰ ਮੋਰਚਾ ਫ਼ਤਿਹ ਕਰਨ ਵਾਲਾ ਸਿੰਘ ਸਿਪਾਹੀ ਬਣ ਗਿਆ ਹੈ। ਮੋਰਚਾ ਤਾਂ ਉਸਨੇ ਦੁਬਈ ਵਿੱਚ ਤਾਜ ਮਹੱਲ ਬਣਾਉਣ ਵਾਲਾ ਵੀ ਫ਼ਤਿਹ ਕਰ ਲਿਆ ਸੀ। ਇੱਕ ਹੋਰ ਗੱਲ ਹੈ ਵਿਦੇਸ਼ ਦੀ ਧਰਤੀ ਦੇ ਕਾਨੂੰਨ ਨੇ ਉਸਨੂੰ ਇਤਿਹਾਸ ਦਾ ਹਿੱਸਾ ਬਣਾ ਦਿੱਤਾ। ਡਾ. ਐਸ. ਪੀ. ਸਿੰਘ ਉਬਰਾਏ ਦਾ ਰੇਖਾ ਚਿੱਤਰ ਸਮੇਂ ਇਹ ਨਿਰਣਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਸ ਸਰਦਾਰ ਦੀ ਕਿਹੜੀ ਲੜੀ ਫ਼ੜੀ ਅਤੇ ਕਿਹੜੀ ਛੱਡੀਏ ਕਿਉਂਕਿ ਉਹਦੇ ਬਾਰੇ ਲਿਖਣ ਅਤੇ ਕਹਿਣ ਲਈ ਬੇਅੰਤ ਗੱਲਾਂ ਹਨ। ਗੱਲ ਤਾਂ ਇਹ ਵੀ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਅਤੇ ਅਨੂਠੀ ਹੈ ਕਿ 355 ਰੁਪਏ ਮਹੀਨਾ ਕਮਾਉਣ ਵਾਲਾ ਸਿਰਫ਼ ਪ੍ਰੈਪ ਤੱਕ ਪੜ੍ਹਿਆ ਹੋਇਆ, ਡੀਜ਼ਲ ਮਕੈਨਿਕ ਅੱਜ ਅਪੈਕਸ ਇਮੀਰੇਟਸ ਜਨਰਲ ਟਰੇਡਿੰਗ ਕੰਪਨੀ, ਅਪੈਕਸ ਇਨਵੈਸਟਮੈਂਟ ਕੰਸਟਰਕਸ਼ਨ ਐਂਡ ਲੈਂਡ ਡਿਵਾਟਰਿੰਗ ਐਲ. ਐਲ. ਸੀ., ਉਬਰਾਏ ਪ੍ਰਾਪਰਟੀਜ਼ ਐਂਡ ਇਨਵੈਸਟਮੈਂਟ ਲਿਮਟਿਡ ਅਤੇ ਹਰਨਾਮ ਘਿਓ, ਸਾਗ, ਪਚਰੰਗ ਅਚਾਰ, ਪਨੀਰ ਤੇ ਸ਼ਰਬਤ ਆਦਿ ਕਿੰਨੀਆਂ ਕੰਪਨੀਆਂ ਦਾ ਮਾਲਕ ਹੈ, ਜਿਹਨਾਂ ਦੀ ਟਰਨਓਵਰ ਕਰੋੜਾਂ ਨੂੰ ਪਾਰ ਕਰਕੇ ਅਰਬਾਂ ਵਾਲੇ ਪਾਸੋਂ ਵੱਧ ਰਹੀ ਹੈ। ਸਮਾਜ ਸੇਵੀ ਕੰਮਾਂ ਦੇ ਰੁਝੇਵਿਆਂ ਨੇ ਉਸਦਾ ਪਿਆਰਾ ਪ੍ਰਾਜੈਕਟ ‘ਦੁਬਈ ਗ੍ਰੈਂਡ ਹੋਟਲ’ ਬੰਦ ਕਰਵਾ ਦਿੱਤਾ ਹੈ, ਜਿਸ ਰਾਹੀਂ ਉਸਨੇ 10-11 ਵਰ੍ਹੇ ਰੱਜ ਕੇ ਕਮਾਈ ਕੀਤੀ ਸੀ।ਉਬਰਾਏ ਦੀ ਜੀਵਨ ਯਾਤਰਾ 1956 ਦੀ ਵਿਸਾਖੀ ਨੂੰ ਨੰਗਲ ਟਾਊਨਸ਼ਿਪ ਤੋਂ ਆਰੰਭ ਹੋਈ, ਜਦੋਂ ਇੰਜੀਨੀਅਰ ਸ. ਪ੍ਰੀਤਮ ਸਿੰਘ ਅਤੇ ਮਾਤਾ ਅੰਮ੍ਰਿਤ ਕੌਰ ਨੂੰ ਮੁੰਡਾ ਜੰਮਣ ‘ਤੇ ਵਧਾਈਆਂ ਮਿਲੀਆਂ। ਦੋ ਭੈਣਾਂ ਦਾ ਲਾਡਲਾ ਭਰਾ ਪਾਲੀ (ਉਬਰਾਏ) ਪਰਿਵਾਰ ਸਮੇਤ 1963 ਵਿੱਚ ਤਲਵਾੜੇ ਆ ਗਿਆ ਅਤੇ ਉਥੇ ਹੀ ਦਸਵੀਂ ਕੀਤੀ ਅਤੇ ਦਸਵੀ ਤੋਂ ਬਾਅਦ ਆਈ. ਟੀ. ਆਈ. ਤੋਂ ਡੀਜ਼ਲ ਮਕੈਨਿਕ ਦਾ ਡਿਪਲੋਮਾ ਕਰ ਲਿਆ। ਬਾਪੂ ਹੋਰ ਪੜ੍ਹਾਉਣਾ ਚਾਹੁੰਦਾ ਸੀ ਪਰ ਮੁੰਡੇ ਦੇ ਸੁਪਨੇ ਹੋਰ ਸਨ। ਡੀਜ਼ਲ ਇੰਜਣ ਦਾ ਤਾਂ ਉਹ ਡਿਪਲੋਮਾ ਕਰਦੇ ਕਰਦੇ ਹੀ ਮਾਹਿਰ ਬਣ ਗਿਆ ਸੀ। ਉਹ ਇੰਜਣ ਦੀ ਘੂੰ-ਘੂੰ ਤੋਂ ਹੀ ਉਸਦੀ ਬਿਮਾਰੀ ਜਾਣ ਜਾਂਦਾ ਸੀ। ਅੱਧੀ ਅਹੁਰ ਤਾਂ ਉਸਦੀ ਛੋਹ ਅਤੇ ਆਰ-ਪਾਰ ਹੋ ਜਾਣ ਵਾਲੀ ਦ੍ਰਿਸ਼ਟੀ ਨਾਲ ਹੀ ਠੀਕ ਹੋ ਜਾਂਦੀ ਸੀ। ਉਹ ਬਹੁਤ ਸੱਚਿਆਰਾ ਤੇ ਹੁਨਰਮੰਦ ਮਕੈਨਿਕ ਸੀ। ਇਸੇ ਹੁਨਰਮੰਦੀ ਨੇ ਪੜ੍ਹਾਈ ਦੇ ਡਰੋਂ ਘਰੋਂ ਭੱਜੇ ਉਬਰਾਏ ਨੁੰ ਦੁਬਈ ਪਹੁੰਚਾ ਦਿੱਤਾ ਸੀ। ਇਸ ਹੁਨਰਮੰਦੀ ਕਾਰਨ ਦੁਬਈ ਪਹੁੰਚ ਕੇ ਐਸ. ਪੀ. ਸਿੰਘ ਉਬਰਾਏ ਮਕੈਨਿਕ ਜਿੰਨੀ ਨਹੀਂ ਸਗੋਂ ਇੰਜੀਨੀਅਰ ਵਾਲੀ ਤਨਖਾਹ ਲੈਂਦਾ ਸੀ। ਪੰਜ-ਸੱਤ ਸਾਲ ਖੂਬ ਮਿਹਨਤ ਕੀਤੀ ਅਤੇ ਪੈਸੇ ਇੱਕੰਠੇ ਕੀਤੇ। ਪਿਤਾ ਨਾਲ ਕੀਤਾ ਵਾਅਦਾ ਪੁਗਾਇਆ ਅਤੇ ਕੁਝ ਬਣ ਕੇ ਹੀ ਮੁੜ ਘਰ ਹਿੰਦੋਸਤਾਨ ਪਰਤ ਆਇਆ। ਇੱਥੇ ਆ ਕੇ ਪਰਿਵਾਰ ਨਾਲ ਰਲ ਕੇ ਸੜਕਾਂ, ਪੁਲਾਂ ਅਤੇ ਰੇਲਵੇ ਆਦਿ ਲਈ ਠੇਕੇਦਾਰੀ ਕੀਤੀ ਅਤੇ ਚੰਗੇ ਨੋਟ ਕਮਾਏ। ਉਬਰਾਏ ਜੇ ਚਾਹੁੰਦਾ ਤਾਂ ਸੰਤੁਸ਼ਟ ਹੋ ਕੇ ਆਰਾਮ ਨਾਲ ਜ਼ਿੰਦਗੀ ਕੱਟ ਸਕਦਾ ਸੀ ਪਰ ਉਹ ਤਾਂ ਵੱਡਾ ਸੁਪਨੇਸਾਜ਼ ਹੈ ਅਤੇ ਚੁਣੌਤੀਆਂ ਨੂੰ ਸਵੀਕਾਰ ਕਰਨਾ ਉਸਦਾ ਸ਼ੌਂਕ ਹੈ।ਸੰਕਲਪ ਤੇ ਇਰਾਦੇ ਹੀ ਅਮਲੀ ਸਰਗਰਮੀਆਂ ਸਿਰਜਦੇ ਹਨ। ਇੱਛਾ ਵਿਉਂਤ ਦੀ ਜਨਣੀ ਹੈ ਅਤੇ ਵਿਉਂਤਾਂ ਇਤਿਹਾਸ ਸਿਰਜਦੀਆਂ ਹਨ। ਜੋ ਐਵਰੈਸਟ ਦੀ ਤਮੰਨਾ ਦਿਲ ਵਿੱਚ ਪਾਲਦੇ ਹਨ ਉਹੀ ਲੋਕ ਇੱਕ ਦਿਨ ਜੋਖ਼ਿਮਾਂ ਵਿੱਚੋਂ ਲੰਘ ਕੇ ਮੰਜ਼ਿਲਾਂ ਦੇ ਮੁਹਾਂਦਰੇ ਦੇ ਰੂਬਰੂ ਹੁੰਦੇ ਹਨ। ਕੁਝ ਬਣਨ ਲਈ ਸਾਧਨਾ, ਰਿਆਜ਼, ਭਗਤੀ, ਮੁਸ਼ੱਕਤ ਅਤੇ ਜੋਖ਼ਿਮ ਉਠਾਉਣ ਦੀ ਹਿੰਮਤ ਦੀ ਲੋੜ ਹੁੰਦੀ ਹੈ। ਸਫ਼ਲ ਲੋਕ ਜਿੱਤ ਦੇ ਵਿਸ਼ਵਾਸ ਨਾਲ ਸੰਘਰਸ਼ ਕਰਦੇ ਹਨ। ਆਪਣੀ ਮੰਜ਼ਿਲ, ਆਪਣੇ ਨਿਸ਼ਾਨੇ, ਆਪਣੇ ਉਦੇਸ਼ ਨੂੰ ਪਾਉਣ ਹਿਤ ਆਤਮ ਵਿਸ਼ਵਾਸ, ਦ੍ਰਿੜ੍ਹ ਇਰਾਦੇ, ਤੀਬਰ ਇੱਛਾ ਸ਼ਕਤੀ, ਸੰਕਲਪ, ਤੌਫ਼ੀਕੀ ਚੇਤਨਾ, ਪੌਰਖ, ਹਿੰਮਤ, ਲਗਨ ਅਤੇ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਸਾਰੇ ਗੁਣਾਂ ਨਾਲ ਉਬਰਾਏ ਦੀ ਸ਼ਖ਼ਸੀਅਤ ਲਬਰੇਜ਼ ਹੈ। ਇਸੇ ਕਾਰਨ 13 ਵਰ੍ਹਿਆਂ ਬਾਅਦ ਮੁੜ ਦੁਬਈ ਤੋਂ ਵਾਪਸ ਪਰਤ ਕੇ ਆਪਣੇ ਵੱਡੇ-ਵੱਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਹਿੱਤ ਸੰਘਰਸ਼ ਕਰਨਾ ਸ਼ੁਰੂ ਕੀਤਾ ਅਤੇ ਏਪੈਕਸ ਐਮੀਰੇਟਸ ਜਨਰਲ ਟਰੇਨਿੰਗ ਕੰਪਨੀ ਐੱਲ. ਐੱਸ. ਸੀ. ਦੀ ਨੀਂਹ ਰੱਖੀ। ਪੰਜ ਸੱਤ ਮਹੀਨਿਆਂ ਵਿੱਚ ਹੀ ਪੈਰ ਲੱਗ ਗਏ, ਫ਼ਿਰ ਮੁੜ ਕੇ ਨਹੀਂ ਦੇਖਿਆ। ਜਿੱਥੇ ਵੀ ਹੱਥ ਪਾਇਆ ਕਾਮਯਾਬੀ ਮਿਲੀ
ਸ. ਸਤਿੰਦਰਪਾਲ ਸਿੰਘ ਉਬਰਾਏ ਦੀ ਜ਼ਿੰਦਗੀ ਵਿੱਚ ਉਦੋਂ ਨਵਾਂ ਮੋੜ ਇੱਕ ਪਾਕਿਸਤਾਨੀ ਦੇ ਕਤਲ ਦੇ ਇਲਜ਼ਾਮ ਵਿੱਚ 17 ਪੰਜਾਬੀਆਂ ਨੂੰ ਫ਼ਾਂਸੀ ਦੀ ਸਜ਼ਾ ਦੀ ਖਬਰ ਪੜ੍ਹਨ ਤੋਂ ਬਾਅਦ ਆਇਆ। ਉਹਨਾਂ ਦੀ ਬਲੱਡ ਮਨੀ ਦੇ ਕੇ ਉਹਨਾਂ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕੀਤਾ। ਫ਼ਿਰ ਤਾਂ ਚੱਲ ਸੋ ਚੱਲ ਹੋ ਗਈ। ‘ਸਰਬੱਤ ਦਾ ਭਲਾ’ ਟਰੱਸਟ ਬਣਾ ਕੇ ਉਬਰਾਏ ਜਨੂੰਨ ਦੀ ਹੱਦ ਤੱਕ ਲੋਕ ਸੇਵਾ ਵਿੱਚ ਲੱਗ ਗਿਆ। ਹੁਣ ਜੇਲ੍ਹਾਂ ਵਿੱਚ ਸ਼ੂਗਰ, ਅੱਖਾਂ ਦੇ ਕੈਂਪ, ਡਾਇਲਸਿਸ ਮਸ਼ੀਨਾਂ, ਗਰੀਬਾਂ ਲਈ ਮਕਾਨ, ਬੁਢਾਪਾ ਪੈਨਸ਼ਨਾਂ, ਸਿੱਖਿਆ ਦੇ ਖੇਤਰ ਵਿੱਚ ਕੰਮ, ਸਾਫ਼ ਸੁਥਰੇ ਪਾਣੀ ਲਈ ਪਿਆਓ ਲਾਉਣੇ, ਸਿੱਖਾਂ ਦੀ ਮਾਰਸ਼ਲ ਖੇਡ ਗਤਕੇ ਦੀ ਪ੍ਰਫ਼ੁੱਲਤਾ ਲਈ ਯਤਨ, ਸੰਸਕਾਾਰ ਘਰਾਂ ਲਈ ਸੁਵਿਧਾਵਾਂ, ਵਧੀਆ ਸਾਹਿਤ ਛਾਪਣਾ ਅਤੇ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਦੀ ਸਿੱਖਿਆ ਆਦਿ ਅਨੇਕਾਂ ਕਾਰਜ ਸਰਬੱਤ ਦਾ ਭਲਾ ਕਰ ਰਿਹਾ ਹੈ। ਟਰੱਸਟ ਵੱਲੋਂ 20 ਹਜ਼ਾਰ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆ ਕੀਤੇ ਜਾ ਚੁੱਕੇ ਹਨ। ਡਾ. ਉਬਰਾਏ ਸਪੈਸ਼ਲ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਹਿਤ ਉਚੇਚੇ ਤੌਰ ‘ਤੇ ਯਤਨਸ਼ੀਲ ਹੈ। ਸਪੈਸ਼ਲ ਬੱਚਿਆਂ ਲਈ ਸਕੂਲ ਅਤ ਹੋਸਟਲ ਬਣਾਇਆ ਗਿਆ ਹੈ। ਇੱਥ ਹੀ ਬੱਸ ਨਹੀਂ ਅਜਿਹੇ ਬੱਚਿਆਂ ਨੂੰ ਪੜ੍ਹਾਉਣ ਵਾਲੀਆਂ 6 ਅਧਿਆਪਕਾਵਾਂ ਨੂੰ ਹਰ ਵਰ੍ਹੇ ਡਿਪਲੋਮਾ ਅਤੇ ਬੀ. ਐਡ ਕਰਾਈ ਜਾ ਰਹੀ ਹੈ। ਮੈਡੀਕਲ, ਇੰਜੀਨੀਅਰਿੰਗ, ਪੀ. ਐਚ. ਡੀ. ਅਤੇ ਹਰ ਕਿਸਮ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ। ਉਬਰਾਏ ਦਾ ਸਰਬੱਤ ਭਲਾ ਟਰੱਸਟ ਝੁੱਗੀ ਝੌਂਪੜੀਆਂ ਵਿੱਚ ਪਲ ਰਹੇ ਬੱਚਿਆਂ ਦੀ ਪੜ੍ਹਾਈ ਵੱਲ ਵੀ ਗੰਭੀਰਤਾ ਨਾਲ ਧਿਆਨ ਦੇ ਰਿਹਾ ਹੈ।
ਡਾ. ਉਬਰਾਏ ਵੱਲੋਂ ਫ਼ਰੀਦਕੋਟ, ਸੰਗਰੂਰ ਅਤੇ ਮਾਨਸਾ ਦੀਆਂ ਜ੍ਹੇਾਂ ਵਿੱਚ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਨੂੰ ਖੁਦ ਜਾ ਕੇ ਵੇਖਿਆ ਹੈ। ਸੰਗਰੂਰ ਜੇਲ੍ਹ ਵਿੱਚ ਬੱਚਿਆਂ ਲਈ ਇੱਕ ਕਰੱਚ ਆਰੰਭ ਕੀਤਾ ਗਿਆ। ”ਆਪਣੀਆਂ ਮਾਵਾਂ ਨਾਲ ਜੇਲ੍ਹਾਂ ਵਿੱਚ ਕੈਦ ਕੱਟ ਰਹੇ ਮਾਸੂਮ ਬੱਚਿਆਂ ਦਾ ਭਲਾ ਕੀ ਕਸੂਰ। ਉਹਨਾਂ ਦਾ ਦਿਲ ਵੀ ਤਾਂ ਚਾਕਲੇਟ ਅਤੇ ਟਾਫ਼ੀਆਂ ਖਾਣ ਨੂੰ ਕਰਦਾ ਹੋਊ। ਉਹ ਵੀ ਤਾਂ ਖੇਡਣਾ ਚਾਹੁੰਦੇ ਹੋਣਗੇ। ਆਪਾਂ ਇਹਨਾਂ ਬੱਚਿਆਂ ਨੂੰ ਇਹ ਸਭ ਕੁਝ ਦੇ ਰਹੇ ਹਾਂ।” ਇਸ ਸਰਦਾਰ ਦੇ ਦਿਲ ਵਿੱਚ ਮਾਸੂਮਾਂ ਲਈ ਇੰਨਾ ਪਿਆ ਵੇਖ ਕੇ ਸੱਚਮੁਚ ਤੁਸੀਂ ਭਾਵੁਕ ਹੋ ਕੇ ਉਸਨੂੰ ਪਿਆਰ ਅਤੇ ਸਤਿਕਾਰ ਦੇਣਾ ਸ਼ਰੂ ਕਰ ਦਿੰਦੇ ਹੋ। ਸਾਫ਼ ਸੁਥਰਾ ਪਾਣੀ ਪੀਣ ਦਾ ਅਧਿਕਾਰ ਤਾਂ ਕੈਦੀਆਂ ਦਾ ਵੀ ਹੈ। ਸੋ, ਉਬਰਾਏ ਦਾ ਟਰੱਸਟ ਜੇਲ੍ਹਾਂ ਵਿੱਚ ਆਰ. ਓ. ਲਗਵਾ ਰਿਹਾ ਹੈ।ਸਾਡੀ ਜੇਲ੍ਹ ‘ਚ ਜੇ ਆਟਾ ਗੁੰਨਣ ਵਾਲੀ ਮਸ਼ੀਨ ਦੇ ਦੇਵੋ ਤਾਂ ਮੈਂ ਧੰਨਵਾਦੀ ਹੋਵਾਂਗਾ, ਜੇਲ੍ਹ ਸੁਪਰਡੈਂਟ ਇਸ ਤਰ੍ਹਾਂ ਅਪੀਲ ਕਰ ਰਿਹਾ ਹੈ, ਜਿਵੇਂ ਉਹ ਸਰਕਾਰ ਅੱਗੇ ਅਪੀਲ ਕਰ ਰਿਹਾ ਹੋਵੇ। ਮੈਨੂੰ ਲੱਗਾ ਇਹ ਸਰਕਾਰ ਹੀ ਹੈ ਜੋ ਉਹ ਸਾਰੇ ਕੰਮ ਕਰ ਰਿਹੈ ਜੋ ਸਰਕਾਰ ਨੂੰ ਕਰਨੇ ਚਾਹੀਦੇ ਹਨ। ਭਾਈ ਕਨੱਈਆ ਕੈਂਸਰ ਰੋਕੂ ਸੁਸਾਇਟੀ ਵਾਲੇ ਮਿੱਤਰ ਹਰ ਮਹੀਨੇ ਸੈਂਕੜੇ ਮਰੀਜ਼ਾਂ ਦੀ ਦਵਾਈ ਦਾ ਪ੍ਰਬੰਧ ਕਰਦੇ ਹਨ। ਮੈਂ ਇਸ ਬਾਰੇ ਡਾ. ਉਬਰਾਏ ਨਾਲ ਗੱਲ ਕੀਤੀ। ”ਚੱਲੋ, ਚੱਲ ਕੇ ਮਿਲਦੇ ਹਾਂ, ਕੀ ਚਾਹੀਦਾ ਹੈ ਉਹਨਾਂ ਨੂੰ”। ਅਸੀਂ ਫ਼ਰੀਦਕੋਟ ਪਹੁੰਚਦੇ ਹਾਂ। ਉਬਰਾਏ ਸਾਹਿਬ ਨੇ ਪੰਜ ਮਿੰਟ ਲਗਾਏ ਇਹ ਸਮਝਣ ਲਈ ਕਿ ਇਹ ਸੰਸਥਾ ਸੱਚਮੁਚ ਠੀਕ ਕੰਮ ਕਰ ਰਹੀ ਹੈ।”ਇਹਨਾਂ ਨੂੰ ਪੰਜਾਹ ਹਜ਼ਾਰ ਰੁਪਏ ਮਹੀਨੇ ਟਰੱਸਟ ਵੱਲੋਂ ਦਿੱਤੇ ਜਾਇਆ ਕਰਨਗੇ।” ਸਰਦਾਰ ਨੇ ਫ਼ੈਸਲਾ ਸੁਣਾ ਦਿੱਤਾ।
”ਮੈਡੀਕਲ ਕਾਲਜ ‘ਚ ਮਰੀਜਾਂ ਦੇ ਨਾਲ ਆਉਣ ਵਾਲੇ ਰਿਸ਼ਤੇਦਾਰਾਂ ਅਤੇ ਹੋਰ ਅਟੈਡੈਂਟਾਂ ਲਈ ਕੋਈ ਪ੍ਰਬੰਧ ਹੋ ਜਾਵੇ ਤਾਂ ਚੰਗਾ ਹੈ।” ਲੋਕਾਂ ਨੇ ਝਿਜਕਦੇ ਹੋਏ ਮੰਗ ਕੀਤੀ।
” ਦੋ ਸੌ ਬੈਡ ਦੀ ਧਰਮਸ਼ਾਲਾ ਉਸਾਰ ਦਿੰਦੇ ਹਾਂ। ਨਾਲੇ ਰੋਟੀ ਪਾਣੀ ਦੀ ਮੁਫ਼ਤ” ਉਬਰਾਏ ਐਲਾਨ ਕਰਦੇ ਹੈ। ਕਮਾਲ ਇਹ ਹੈ ਕਿ ਇਹ ਸਭ ਕੁਝ ਸਾਲ ਵਿੱਚ ਬਣ ਕੇ ਚਾਲੂ ਹੋ ਗਿਆ। ਹੋਵੇ ਵੀ ਕਿਉਂ ਨਾ। ਇਹ ਕੋਈ ਸਰਕਾਰੀ ਐਲਾਨ ਥੋੜ੍ਹੀ ਸੀ। ਇਉਂ ਬਣਿਆ ਸੀ ”ਸਨੀ ਉਬਰਾਏ ਰੈਣ ਬਸੇਰਾ।”
ਇਸੇ ਤਰ੍ਹਾਂ ਅੱਖਾਂ ਦੇ ਕੈਂਪਾਂ ਵਿੱਚ 40 ਹਜ਼ਾਰ ਲੋਕਾਂ ਦੇ ਨਾ ਸਿਰਫ਼ ਮੁਫ਼ਤ ਅਪ੍ਰੇਸ਼ਨ ਕੀਤੇ ਗਏ ਬਲਕਿ ਮੁਕਤ ਐਨਕਾਂ ਵੀ ਦਿੱਤੀਆਂ ਗਈਆਂ। ਟਰੱਸਟ ਵੱਲੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਆਦਿ ਵਿੱਚ 100 ਡਾਇਲਸਿਸ ਯੂਨਿਟਾਂ ਖਰੀਦ ਕੇ ਲਗਾਈਆਂ ਗਈਆਂ ਹਨ। ਪਟਿਆਲਾ ਦੇ ਸਾਕੇਤ ਹਸਪਤਾਲ ਵਿੱਚ 150 ਬੈਡ ਦਿੱਤੇ ਗਏ ਹਨ।
ਐੱਸ. ਪੀ. ਸਿੰਘ ਉਬਰਾਏ ਸਿਰਫ਼ ਬਿਜ਼ਨਸ ‘ਚ ਹੀ ਵੱਡੇ ਸੁਪਨੇ ਨਹੀਂ ਲੈਂਦਾ ਸਗੋਂ ਲੋਕ ਸੇਵਾ ਲਈ ਵੀ ਉਸ ਦੇ ਮਨ ਵਿੱਚ ਵੱਡੇ ਸੁਪਨੇ ਅਤੇ ਯੋਜਨਾਵਾਂ ਹਨ। ਪਟਿਆਲੇ ਲਾਗੇ 20 ਏਕੜ ਥਾਂ ਵਿੱਚ ਓਲਡਏਜ ਹੋਮ, ਯਤੀਮਾਂ ਲਈ ਘਰ, ਕਿੱਤਾ ਸਿਖਲਾਈ ਸਕੂਲ, ਹਸਪਤਾਲ, ਕੰਪਿਊਟਰ ਸੈਂਟਰ, ਸਿੱਖ ਅਜਾਇਬ ਘਰ ਅਤੇ ਕਈ ਕਿਸਮ ਦੇ ਸਿਖਲਾਈ ਸਕੂਲ ਖੋਲ੍ਹਣ ਦੀ ਯੋਜਨਾ ਹੈ। ਆਪਣੀ ਕਮਾਈ ਵਿੱਚੋਂ ਹਰ ਮਹੀਨੇ ਕਰੋੜਾਂ ਖ਼ਰਚਣ ਵਾਲੇ ਇਹ ਮਨੁੱਖ ਅੱਜ-ਕਲ੍ਹ ਲੋਕ ਸੇਵਾ ਲਈ ਦਿਨ-ਰਾਤ ਇੱਕ ਕਰ ਰਿਹਾ ਹੈ। ਉਬਰਾਏ ਸਾਹਿਬ ਦੇ ਕੰਮਾਂ ਨੂੰ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਖ਼ੂਬ ਮਾਨਤਾ, ਪ੍ਰਵਾਨਗੀ ਅਤੇ ਪਛਾਣ ਮਿਲੀ ਹੈ ਅਤੇ ਵੱਡੇ-ਵੱਡੇ ਇਨਾਮ ਅਤੇ ਸਨਮਾਨ ਮਿਲੇ ਹਨ। ਭਾਰਤ ਵਿੱਚ ਉਹਨਾਂ ਨੂੰ ਸਾਈਬੇਰੀਆ ਦਾ ‘ਆਨਰੇਰੀ ਕੌਨਸਲੇਟ ਜਨਰਲ’ ਨਿਯੁਕਤ ਕੀਤਾ ਗਿਆ ਹੈ। ਇੰਟਰਨੈਸ਼ਨਲ ਯੂਨੀਵਰਸਿਟੀ ਔਫ਼ ਫ਼ੰਡੇਮੈਂਟਲ ਸਟੱਡੀਜ਼ ਰੂਸ ਨੇ ਆਨਰੇਰੀ ਪੀ. ਐੱਚ. ਡੀ. ਦੀ ਡਿਗਰੀ ਪ੍ਰਦਾਨ ਕੀਤੀ। ਡਾ. ਸੁਰਿੰਦਰ ਪਾਲ ਸਿੰਘ ਉਬਰਾਏ ਨੂੰ ਦੇਰ ਸਵੇਰ ਪਦਮ ਸ਼੍ਰੀ ਵੀ ਮਿਲੇਗਾ, ਇਸ ਗੱਲ ਦਾ ਮੈਨੂੰ ਯਕੀਨ ਹੈ। ਇਸ ਕਾਲਮ ਦੇ ਸਥਾਨ ਦੀ ਸੀਮਾ ਨੂੰ ਵੇਖਦੇ ਹੋਏ ਡਾ. ਉਬਰਾਏ ਦੇ ਕੰਮਾਂ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਇਸ ਕੰਮ ਲਈ ਪੂਰੀ ਕਿਤਾਬ ਚਾਹੀਦੀ ਹੈ ਜਿਸ ਉੱਪਰ ਮੈਂ ਕੰਮ ਸ਼ੁਰੂ ਕਰ ਦਿੱਤਾ ਹੈ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218