Day: July 14, 2017

ਪੁੱਤ ਵਾਰਸ ਹੁੰਦੇ ਨੇ ਤੇ ਧੀਆਂ ਪਾਰਸ

ਖ਼ਬਰ ਅੰਬਾਲਾ ਛਾਉਣੀ ਦੇ ਲਾਗਲੇ ਕਸਬੇ ਸਾਹਾ ਦੀ ਹੈ। ਇੱਥੇ ਭਾਰਤੀ ਫ਼ੌਜ ਦਾ ਸੇਵਾਮੁਕਤ ਕਪਤਾਨ ਦੀਵਾਨ ਚੰਦ ਆਪਣੀ ਪਤਨੀ ਸਮੇਤ ਰਹਿੰਦਾ ਸੀ। ਕਪਤਾਨ 80 ਵਰ੍ਹਿਆਂ ਦਾ ਅਤੇ ਉਸਦੀ ਪਤਨੀ 75 ਕੁ ਸਾਲਾਂ ਦੀ ਸੀ। ਇਸ ਜੋੜੇ ਦੇ ਦੋ ਪੁੱਤ ਆਪਣੇ ਆਪਣੇ ਪਰਿਵਾਰਾਂ ਸਮੇਤ ਦੇਹਰਾਦੂਨ ਰਹਿੰਦੇ ਹਨ। ਦੋਵੇਂ ਮੁੰਡੇ ਆਟੋ ਰਿਕਸ਼ਾ ਚਲਾ ਕੇ ਔਖੇ ਸੌਖੇ ਦਿਨ ਕੱਟੀ ਕਰਦੇ ਹਨ। ਕਪਤਾਨ ਦੀਵਾਨ ਚੰਦ ਨੇ ਬਹੁਤ ਹੀ ਅਨੁਸ਼ਾਸਨ ਭਰੀ ਜ਼ਿੰਦਗੀ ਜੀਵੀ ਅਤੇ ਆਪਣੇ ਜਿਉਂਦੇ ਜੀਅ ਚੰਗੀ ਜਾਇਦਾਦ ਬਣਾ ਲਈ। ਸਾਹਾ ਦਾ ਇੱਕ ਪਲਾਟ ਤਾਂ ਕਰੋੜਾਂ ਦਾ ਹੋ ਗਿਆ। ਪੁੱਤਾਂ ਨੂੰ ਪੜ੍ਹਾਉਣ ਦੇ ਬਹੁਤ ਹੀਲੇ ਕੀਤੇ ਨ, ਇਸ ਫ਼ੌਜੀ ਨੇ ਪਰ ਉਹ ਨਹੀਂ ਪੜ੍ਹੇ। ਵੱੜਾ ਰਾਜੂ ਤਾਂ ਕੰਮਕਾਰ ਵੀ ਘੱਟ ਹੀ ਵੇਖਦਾ ਸੀ। ਬਜ਼ੁਰਗ ਮਾਪਿਆਂ ਦੀ ਸੇਵਾ ਤਾਂ ਕੀ ਕਰਨੀ ਸੀ ਸਗੋਂ ਗਾਹੇ ਬਗਾਹੇ ਉਹਨਾਂ ਤੋਂ ਪੈਸੇ ਲੈ ਜਾਂਦਾ ਸੀ। ਉਸਦੇ ਮਨ ਵਿੱਚ ਇਸ ਗੱਲ ਦਾ ਰੋਸ ਸੀ ਕਿ ਬਾਪੂ 80 ਵਰ੍ਹਿਆਂ ਦਾ ਹੋ ਕੇ ਵੀ ਤੰਦਰੁਸਤ ਕਿਉਂ ਹੈ।
”ਕਦੋਂ ਮਰੇਗਾ ਸਾਡਾ ਬੁੜਾ” ਉਹ ਅਕਸਰ ਆਪਣੇ ਇੱਕ ਕਰੀਬੀ ਦੋਸਤ ਨੂੰ ਕਹਿੰਦਾ।
ਪਿਛਲੇ ਹਫ਼ਤੇ 25 ਜੂਨ 2017 ਨੂੰ ਉਹ ਦੇਹਰਾਦੂਨ ਤੋਂ ਸਾਹਾ ਆਪਣੇ ਮਾਪਿਆਂ ਨੂੰ ਮਿਲਣ ਆਇਆ। ਮਿਲਣ ਥੋੜ੍ਹੀ ਆਇਆ ਸੀ। ਮਾਂ ਨੂੰ ਆਪਣੇ ਜੰਮਣ ਦਾ, ਪਾਲਣ ਦਾ ਤੇ ਲਾਡ ਲਡਾਉਣ ਦਾ ਕਰਜਾ ਮੋੜਨ ਆਇਆ ਸੀ। ਕਪਤਾਨ ਪਿਓ ਤੋਂ ਪੈਸੇ ਮੰਗੇ ਤਾਂ ਪਿਓ ਨੇ ਕਿਹਾ ਕਿ ”ਉਹ ਜਿਉਂਦੇ ਜੀਅ ਆਪਣਾ ਪਲਾਟ ਨਹੀਂ ਵੇਚੇਗਾ।” ”ਲੈ ਫ਼ਿਰ ਵੱਢ ਦਿੰਦੇ ਹਾਂ ਤੇਰਾ ਫ਼ਾਹਾ” ਇਹ ਕਹਿੰਦੇ ਹੋਏ ਰਾਜੂ ਨੇ ਲੋਹੇ ਦੀ ਰਾਡ ਮਾਰ ਕੇ ਆਪਣੇ 80 ਸਾਲਾ ਪਿਓ ਨੂੰ ਖਤਮ ਕਰ ਦਿੱਤਾ।
”ਵੇ ਨਾ ਮਾਰ ਆਪਣੇ ਪਿਓ ਨੂੰ। ਤੈਨੂੰ ਕਿੰਨੇ ਲਾਡਾਂ ਨਾਲ ਪਾਲਿਆ ਅਸੀਂ” ਮਾਂ ਨੇ ਤਰਲਾ ਕੀਤਾ।
”ਪਾਲਿਆ ਉਹ ਤਾਂ ਤੁਹਾਡਾ ਫ਼ਰਜ਼ ਸੀ” ਮਾਂ ਨੂੰ ਰਾਜੂ ਦਾ ਜਵਾਬ ਸੀ।
”ਤੇਰਾ ਕੋਈ ਫ਼ਰਜ਼ ਨੀ ਪੁੱਤ ਦੇ ਤੌਰ ‘ਤੇ” ਮਾਂ ਵੀ ਸਤੀ ਹੋਈ ਸੀ।
”ਲੈ ਮੈਂ ਵੀ ਆਪਣਾ ਫ਼ਰਜ਼ ਪੂਰਾ ਕਰ ਦਿਨਾਂ” ਇਹ ਕਹਿ ਕੇ ਉਸਨੇ ਮਾਂ ਦੇ ਸਿਰ ਵਿੱਚ ਰਾਡ ਮਾਰੀ। ਬਜ਼ੁਰਗ ਮਾਂ ਉਸੇ ਵੇਲੇ ਇਸ ਦੁਨੀਆਂ ਤੋਂ ਚੱਲ ਵੱਸੀ।
ਇਹ ਕਾਰਾ ਕਰਕੇ ਰਾਜੂ ਚੁੱਪ ਚਪੀਤੇ ਉਸੇ ਦਿਨ ਦੇਹਰਾਦੂਨ ਚਲਾ ਗਿਆ। ਦੋ ਦਿਨ ਬਜ਼ੁਰਗਾਂ ਦੀਆਂ ਲਾਸ਼ਾਂ ਉਵੇਂ ਲਹੂ ‘ਚ ਲੱਥਪੱਥ ਪਈਆਂ ਰਹੀਆਂ। ਕਹਿੰਦੇ ਨੇ ਕਤਲ ਕਰਕੇ ਹਜ਼ਮ ਕਰਨਾ ਬਹੁਤ ਔਖਾ ਹੁੰਦੈ। ਅੰਬਾਲੇ ਤੋਂ ਕੋਈ ਖਬਰਸਾਰ ਨਾ ਮਿਲਣ ਕਾਰਨ ਰਾਜੂ ਨੂੰ ਅਚਵੀ ਲੱਗੀ ਹੋਈ ਸੀ। ਉਸਨੇ ਅੰਬਾਲੇ ਰਹਿੰਦੀ ਆਪਣੀ ਭੂਆ ਨੂੰ ਫ਼ੋਨ ਕਰਕੇ ਕਿਹਾ ਕਿ ਸਾਡੇ ਘਰ ਜਾ ਕੇ ਪਤਾ ਕਰੋ। ਪਿਤਾ ਜੀ ਫ਼ੋਨ ਨਹੀਂ ਚੁੱਕ ਰਹੇ। ਭੂਆ ਨੇ ਘਰ ਆ ਕੇ ਵੇਖਿਆ ਕਿ ਲਾਸ਼ਾਂ ਗਲ ਸੜ ਰਹੀਆਂ ਸਨ। ਪੁਲਿਸ ਨੂੰ ਖਬਰ ਕੀਤੀ ਗਈ। ਦੋਵੇਂ ਮੁੰਡੇ ਦੇਹਰਾਦੂਨ ਤੋਂ ਆ ਗਏ। ਰਾਜੂ ਨੇ ਆਪਣੇ ਤਾਏ ਦੇ ਮੁੰਡਿਆਂ ਤੇ ਇਲਜ਼ਾਮ ਲਗਾ ਦਿੱਤਾ।
ਥਾਣਾ ਸਾਹਾ ਦੇ ਇੰਚਾਰ ਨੂੰ ਕਿਸੇ ਸਰੋਤ ਤੋਂ ਅਸਲਅਤ ਪਤਾ ਲੱਗ ਚੁੱਕੀ ਸੀ ਅਤੇ ਪੁਲਿਸ ਨੇ ਰਾਜੂ ‘ਤੇ ਨਿਗਾਹ ਰੱਖਣੀ ਸ਼ੁਰੂ ਕੀਤੀ। ਆਖਿਰ ਰਾਜੂ ਨੂੰ ਆਪਣੇ ਮਾਪਿਆਂ ਦੇ ਕਤਲ ਦੇ ਦੋਸ਼ ਵਿੱਚ ਕਾਬੂ ਕ ਲਿਆ ਅਤੇ ਰਿਮਾਂਡ ਲੈ ਕੇ ਖੋਜਬੀਣ ਸ਼ੁਰੂ ਕਰ ਦਿੱਤੀ ਹੈ। ਰਾਜੂ ਇੱਕੱਲਾ ਨਹੀਂ, ਹਰ ਵਰ੍ਹੇ ਸਾਡੇ ਸਮਾਜ ਵਿੱਚ ਇਸ ਕਿਸਮ ਦੇ ਸੈਂਕੜੇ ਕੇਸ ਰਿਪੋਰਟ ਹੋ ਰਹੇ ਹਨ। ਸਾਡਾ ਸਮਾਜ, ਸਾਡ ਧਰਮ ਪੁੱਤ ਦ ਜਨਮ ‘ਤੇ ਖੁਸ਼ੀਆਂ ਮਨਾਉਂਦਾ ਹੈ ਅਤੇ ਧੀ ਦੇ ਜਨਮ ‘ਤੇ ਅਕਸਰ ਲੋਕ ਦੁਖੀ ਹੁੰਦੇ ਹਨ। ਵੱਡੀ ਗਿਣਤੀ ਵਿੱਚ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੇ ਬਾਵਜੂਦ ਮਾਦਾ ਭਰੂਣ ਹੱਤਿਆ ਜਾਰੀ ਹੈ। ਧੀ ਦੇ ਮੁਕਾਬਲੇ ਪੁੱਤ ਨੂੰ ਲਾਡਾਂ ਨਾਲ ਪਾਲਿਆ ਜਾਂਦਾ ਹੈ। ਇਸ ਰਾਜੂ ਨੂੰ ਵੀ ਇੱਕ ਬਜ਼ੁਰਗ ਜੋੜੀ ਨੇ ਇਸ ਆਸ ਨਾਲ ਪਾਲਿਆ ਸੀ ਕਿ ਉਹ ਉਹਨਾਂ ਦੇ ਬੁਢਾਪੇ ਦਾ ਸਹਾਰਾ ਬਣੇਗਾ ਅਤੇ ਇਸ ਪੁੱਤ ਨਾਲ ਹੀ ਉਹਨਾਂ ਦੀ ਸੰਸਾਰ ਨਾਲ ਗੰਢ ਪਵੇਗੀ। ਜੋ ਕੁਝ ਪੁੱਤ ਨੇ ਕੀਤਾ ਉਹ ਤੁਹਾਡੇ ਸਾਹਮਣੇ ਹੈ। ਜੇ ਰਾਜੂ ਦੀ ਥਾਂ ਰਾਣੀ ਧੀ ਹੁੰਦੀ ਤਾਂ ਉਹ ਮਾਪਿਆਂ ਦਾ ਸਹਾਰਾ ਹੁੰਦੀ। ਮੈਂ ਅਜਿਹੇ ਅਨੇਕਾਂ ਪਰਿਵਾਰਾਂ ਨੂੰ ਜਾਣਦਾ ਹਾਂ, ਜਿੱਥ ਪੁੱਤਾਂ ਦੇ ਹੋਣ ਦੇ ਬਾਵਜੂਦ ਬਜ਼ੁਰਗ ਮਾਪਿਆਂ ਨੂੰ ਧੀਆਂ ਹੀ ਸੰਭਾਲਦੀਆਂ ਹਨ। ਇੱਕ ਬਜ਼ੁਰਗ ਪ93 ਵਰ੍ਹਿਆਂ ਦਾ ਹੋ ਕੇ ਰੱਬ ਨੂੰ ਪਿਆਰਾ ਹੋਇਆ ਹੈ। ਆਪਣੀ ਉਮਰ ਦੇ ਪਿਛਲੇ 15 ਵਰ੍ਹੇ ਉਹ ਆਪਣੀ ਧਰਮ ਪਤਨੀ ਤੋਂ ਬਿਨਾਂ ਇੱਕੱਲਾ ਸੀ। ਇਸ ਇੱਕੱਲਤਾ ਵਿੱਚ ਉਸਦੀ ਧੀ ਹੀ ਉਸਦਾ ਸਹਾਰਾ ਸੀ। ਲੋਕ ਠੀਕ ਹੀ ਕਹਿੰਦੇ ਹਨ ਕਿ’ਪੁੱਤ ਜ਼ਮੀਨਾਂ ਵੰਡਾਉਂਦੇ ਹਨ ਅਤੇ ਧੀਆਂ ਦੁੱਖ ਵੰਡਾਉਂਦੀਆਂ ਹਨ।’
ਪੁੱਤ ਤਾਂ ਵਾਰਿਸ ਹੁੰਦੇ ਹਨ ਤਾਂ ਧੀਆਂ ਪਾਰਸ ਹੁੰਦੀਆਂ ਹਨ।ਪੁੱਤ ਜੇ ਵੰਸ਼ ਚਲਾਉਂਦਾ ਹੈ ਤਾਂ ਧੀਆਂ ਵੀ ਮਾਪਿਆਂ ਦਾ ਅੰਸ਼ ਹੁੰਦੀਆਂ ਹਨ। ਪੁੱਤ ਜੇ ਮਾਣ ਹੈ ਤਾਂ ਧੀ ਵੀ ਸ਼ਾਨ ਹੈ। ਬੇਟਾ ਜੇ ਗੀਤ ਹੈ ਤਾਂ ਧੀ ਸੰਗੀਤ ਹੁੰਦੀ ਹੈ। ਇਸ ਦੁਨੀਆਂ ਵਿੱਚ ਨਿਰਸੁਆਰਥ ਪਿਆਰ ਕਰਨ ਵਾਲੀ ਮਾਂ ਅਤੇ ਧੀ ਹੀ ਹੁੰਦੀ ਹੈ। ਕਿਸੇ ਨੇ ਬਹੁਤ ਖੂਬਸੂਰਤ ਕਿਹਾ ਹੈ ਕਿ ‘ਬੇਟਾ ਸਿਰਫ਼ ਉਸ ਸਮੇਂ ਤੱਕ ਬੇਟਾ ਹੁੰਦਾ ਹੈ ਜਦੋਂ ਤੱਕ ਉਸਦੀ ਸ਼ਾਦੀ ਨਹੀਂ ਹੁੰਦੀ। ਬੇਟੀ ਉਸ ਵੇਲੇ ਤੱਕ ਬੇਟੀ ਹੁੰਦੀ ਹੈ ਜਦੋਂ ਤੱਕ ਉਹ ਕਬਰ ਦੀ ਆਗੋਸ਼ ਵਿੱਚ ਨਹੀਂ ਚਲੀ ਜਾਂਦੀ। ਸੋ ਉਕਤ ਕਿਸਮ ਦੇ ਰੁਝਾਨ ਨੂੰ ਰੋਕਣ ਲਈ ਲਈ ਧੀਆਂ ਨੂੰ ਜੰਮਣ ਤੋਂ ਪਹਿਲਾਂ ਕੁੱਖ ‘ਚ ਹੀ ਮਾਰਨ ਦੇ ਰੁਝਾਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਲੋੜ ਹੈ। ਰਾਜੂ ਵਰਗੇ ਪੁੱਤਾਂ ਨੂੰ ਕਪੁੱਤ ਬਣਨ ਤੋਂ ਰੋਕਣ ਲਈ ਘਰਾਂ ਅਤੇ ਸਕੂਲਾਂ ਵਿੱਚ ਉਚੇਚੇ ਤੌਰ ‘ਤੇ ਨੈਤਿਕ ਸਿੱਖਿਆ ‘ਤੇ ਜ਼ੋਰ ਦੇਣ ਦੀ ਲੋੜ ਹੈ। ਜਿੱਥੇ ਧੀਆਂ ਅਤੇ ਪੁੱਤਾਂ ‘ਚ ਫ਼ਰਕ ਨਹੀਂ ਰੱਖਣਾ ਚਾਹੀਦਾ, ਉਥੇ ਮਾਪਿਆਂ ਨੂੰ ਪੁੱਤਾਂ-ਧੀਆਂ ਵਿੱਚ ਵੀ ਫ਼ਰਕ ਨਹੀਂ ਰੱਖਣਾ ਚਾਹੀਦਾ। ਕਈ ਵਾਰ ਇਸ ਕਿਸਮ ਦਾ ਵਰਤਾਰਾ ਇਸ ਭਾਵਨਾ ‘ਚੋਂ ਵੀ ਨਿਕਲਦਾ ਹੈ ਕਿ ਮਾਪੇ ਦੋ ਭਰਾਵਾਂ ਵਿੱਚੋਂ ਕਿਸੇ ਇੱਕ ਦੀ ਤਰਫ਼ਦਾਰੀ ਕਰਨ ਲੱਗਦੇ ਹਨ। ਜੇ ਅਸੀਂ ਬੱਚਿਆਂ ਤੋਂ ਚੰਗੇ ਵਿਵਹਾਰ ਦੀ ਆਸ ਰੱਖਣੀ ਚਾਹੁੰਦੇ ਹਾਂ ਤਾਂ ਮਾਪਿਆਂ ਨੂੰ ਆਪਣਾ ਫ਼ਰਜ਼ ਚੰਗੀ ਤਰ੍ਹਾਂ ਪਛਾਨਣਾ ਚਾਹੀਦਾ ਹੈ। ਇੱਕ ਹੋਰ ਗੱਲ ਬੱਚਿਆਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਪਿਆਰ, ਲਾਡ ਦੇ ਨਾਂਲ ਨਾਲ ਵਕਤ ਦੇਣਾ ਵੀ ਬਹੁਤ ਜ਼ਰੂਰੀ ਹੈ।
ਆਪ ਜ਼ਿੰਦਾ ਕਹਾਂ ਹੈਂ, ਜੋ ਮਰ ਜਾਏਂਗੇ
ਜਨਰਲ ਸਮਾਰੋਹ ਦੌਰਾਨ ਦੋ ਨੌਜਵਾਨਾਂ ਨੇ ਖੁਦਕੁਸ਼ੀ ਕਰਨ ‘ਤੇ ਦਿੱਲੀ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸਬੰਧੀ ਮਾਣਯੋਗ ਉਚ ਅਦਾਲਤ ਵੱਲੋਂ ਦਿੱਲੀ ਸਰਕਾਰ ਨੂੰ ਇਹ ਕਿਹਾ ਗਿਆ ਹੈ ਕਿ ਸਰਕਾਰ ਟੈਕਸਾਂ ਰਾਹੀਂ ਇੱਕੱਤਰ ਕੀਤੇ ਲੋਕਾਂ ਦੇ ਪੈਸੇ ਨੂੰ ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਵੰਡ ਕੇ ਗਲਤ ਮਿਸਾਲ ਪੈਦਾ ਕਰ ਰਹੀ ਹੈ। ਦਿੱਲੀ ਹਾਈ ਕੋਰਟ ਦੇ ਜਸਟਿਸ ਗੀਤਾ ਮਿੱਤਲ ਅਤੇ ਜੱਸ ਸ੍ਰੀ ਹਰੀਸ਼ੰਕਰ ਦੀ ਅਦਾਲਤ ਨੇ ਖਦਸ਼ਾ ਪ੍ਰਗਟ ਕੀਤਾ ਕਿ ਖੁਦਕੁਸ਼ੀ ਕਰਨ ਵਾਲਿਆਂ ਨੂੰ ਇੰਨਾ ਮੁਆਵਜ਼ਾ ਮਿਲਦਾ ਵੇਖ ਕੇ ਹੋਰ ਨੌਜਵਾਨ ਵੀ ਖੁਦਕੁਸ਼ੀ ਕਰਨ ਵੱਲ ਪ੍ਰੇਰਿਤ ਹੋਣਗੇ। ਦਿੱਲੀ ਸਰਕਾਰ ਵੱਲੋਂ ਜਵਾਬ ਵਿੱਚ ਕਿਹਾ ਗਿਆ ਕਿ ਹੁਣ ਤੱਕ ੱਿਮਤਕਾਂ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ੇ ਦੀ ਰਕਮ ਨਹੀਂ ਦਿੱਤੀ ਗਈ ਹੈ। ਵਕੀਲ ਅਵਧ ਕੌਸ਼ਿਕ ਅਤੇ ਸਾਬਕਾ ਸੈਨਿਕ ਪੂਰਨ ਚੰਦ ਆਗਿਆ ਵੱਲੋਂ ਪਾਈ ਗਈ ਇਸ ਪਟੀਸ਼ਨ ‘ਤੇ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ 8 ਅਗਸਤ ਨੂੰ ਅਗਲੀ ਮਿਤੀ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ। ਵਨ ਰੈਂਕ ਪੈਨਸ਼ਨ ਦੇ ਮੁੱਦੇ ‘ਤੇ ਪ੍ਰਦਰਸ਼ਨ ਦੌਰਾਨ ਨਵੰਬਰ 2016 ਨੂੰ ਇੱਕ ਸਾਬਕਾ ਸੈਨਿਕ ਰਾਮਕ੍ਰਿਸ਼ਨ ਗਰੇਵਾਲ ਨੇ ਖੁਦਕੁਸ਼. ਕਰ ਲਈ ਸੀ। ਇਸ ਤਰ੍ਹਾਂ 22 ਅਪ੍ਰੈਲ 2015 ਨੂੰ ਆਮ ਆਦਮੀ ਪਾਰਟੀ ਦੀ ਰੈਲੀ ‘ਚ ਇੱਕ ਕਿਸਾਨ ਗਜੇਂਦਰ ਸਿੰਘ ਨੇ ਵੀ ਜੰਤਰ-ਮੰਤਰ ‘ਤੇ ਖੁਦਕੁਸ਼ੀ ਕਰ ਲਈ ਸੀ। ਇਹਨਾਂ ਦੋਵਾਂ ਮ੍ਰਿਤਕਾਂ ਨੂੰ ਮੁਆਵਜ਼ੇ ਸਬੰਧੀ ਉਚ ਅਦਾਲਤ ਦੀ ਇਹ ਟਿੱਪਣੀ ਸੱਚਮੁਚ ਕਈ ਗੰਭੀਰ ਅਤੇ ਵੱਡੇ ਪ੍ਰਸ਼ਨ ਪੈਦਾ ਕਰਦੀ ਹੈ।
ਹਿੰਦੋਸਤਾਨ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਕਿਸਾਨ ਲਗਾਤਾਰ ਨਿਘਾਰ ਦੀ ਸਥਿਤੀ ਵੱਲ ਜਾ ਰਿਹਾ ਹੈ। ਆਰਥਿਕ ਤੌਰ ‘ਤੇ ਖੇਤੀ ਹੁਣ ਘਾਟੇ ਵਾਲਾ ਸੌਦਾ ਬਣ ਗਈ ਹੈ ਅਤੇ ਹਰ ਵਰ੍ਹੇ ਖੇਤ ਮਜ਼ਦੂਰ ਅਤੇ ਕਿਸਾਨ ਕਰਜੇ ਦੇ ਬੋਝ ਹੇਠ ਦੱਬੇ ਜਾ ਰਹੇ ਹਨ। ਕਰਜੇ ਦੇ ਭਾਰ ਥੱਲੇ ਖੜ੍ਹੀ ਮੁਸ਼ਕਿਲ ਨਾਲ ਜੀਵਨ ਕੱਟੀ ਕਰ ਰਹੇ ਕਿਸਾਨਾਂ ਵਿੱਚ ਖੁਦਕੁਸ਼ੀਆਂ ਕਰਨ ਦਾ ਰੁਝਾਨ ਵੱਧ ਰਿਹਾ ਹੈ। ਇਸ ਰੁਝਾਨ ਬਾਰੇ ਹਿੰਦੋਸਤਾਨੀ ਮੀਡੀਆ ਅਤੇ ਫ਼ਿਲਮਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। 2010 ਵਿੱਚ ਇਸੇ ਮੁੱਦੇ ਨੂੰ ਲੈ ਕੇ ਅਨੂਸਰਾ ਰਿਜ਼ਵੀ ਦੀ ਲਿਖੀ ਫ਼ਿਲਮ ‘ਪੀਪਲੀ ਲਾਈਵ’ ਬਹੁਤ ਚਰਚਿਤ ਹੋਈ ਸੀ। ਇਸ ਫ਼ਿਲਮ ਵਿੱਚ ਪੀਪਲੀ ਪਿੰਡ ਦੇ ਗਰੀਬ ਕਿਸਾਨ ਨੱਥੇ (ਉਮਕਾਰ ਦਾਸ( ਦੀ ਕਹਾਣੀ ਸੀ ਜੋ ਸਰਕਾਰੀ ਕਰਜਾ ਦੇਣ ਤੋਂ ਅਸਮਰੱਥ ਸੀ। ਉਸਨੇ ਆਤਮ ਹੱਤਿਆ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਆਤਮ ਹੱਤਿਆ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਚੰਗਾ ਮੁਆਵਜ਼ਾ ਮਿਲਦਾ ਸੀ। ਇਸ ਫ਼ਿਲਮ ਵਿੱਚ ਸਿਆਸਤਦਾਨਾਂ, ਮੀਡੀਆ ਅਤੇ ਪਰਿਵਾਰਕ ਮੈਂਬਰਾਂ ਦੇ ਦੋਗਲੇ ਚਿਹਰੇ ਨੂੰ ਨੰਗਾ ਕੀਤਾ ਗਿਆ ਸੀ। ਫ਼ਿਲਮ ਸਪਸ਼ਟ ਸੰਕੇਤ ਦੇ ਰਹੀ ਸੀ ਕਿ ਖੁਦਕੁਸ਼ੀ ਕਰਨ ਤੋਂ ਬਾਅਦ ਮਿਲਣ ਵਾਲੇ ਮੁਆਵਜ਼ੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਕੱਲ੍ਹ ਦਿੱਲੀ ਹਾਈਕੋਰਟ ਨੇ ਵੀ ਆਪਣੀ ਟਿੱਪਣੀ ਰਾਹੀਂ ਇਸ ਮੁੱਦੇ ਵੱਲ ਧਿਆਨ ਖਿੱਚਿਆ ਹੈ।
ਪਿਛਲੇ ਮਹੀਨੇ ਦੀ 19 ਤਾਰੀਖ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਏਕੜ ਤੱਕ ਦੇ ਮਾਲਕ ਕਿਸਾਨਾਂ ਦੇ ਖੇਤੀ ਕਰਜੇ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਇਸਦੇ ਨਾਲ ਇਹ ਵੀ ਕਿਹਾ ਹੈ ਕਿ ਦੋ ਤੋਂ ਪੰਜ ਏਕੜ ਵਾਲੇ ਕਿਸਾਨਾਂ ਦੀ ਦੋ ਲੱਖ ਰੁਪਏ ਆਰਥਿਕ ਮਦਦ ਵੀ ਕੀਤੀ ਜਾਵੇਗੀ। ਕੈਪਟਨ ਨੇ ਇੱਕ ਹੋਰ ਵੱਡਾ ਫ਼ੈਸਲਾ ਕੀਤਾ ਹੈ ਕਿ ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਾਸ਼ੀ ਵਧਾ ਕੇ 5 ਲੱਖ ਰੁਪਏ ਕਰ ਦਿੰਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਉਕਤ ਐਲਾਨ ਨੂੰ ਜ ਦਿੱਲੀ ਹਾਈਕੋਰਟ ਦੇ ਜਸਟਿਸ ਗੀਤਾ ਮਿੱਤਲ ਅਤੇ ਜੱਜ ਸ੍ਰੀ ਹਰੀਸ਼ੰਕਰ ਦੀ ਸਲਾਹ ਦੇ ਸੰਦਰਭ ਵਿੱਚ ਵੇਖੀਏ ਤਾਂ ਇਹ ਗੱਲ ਪੰਜਾਬ ਦੇ ਕਿਸਾਨਾਂ ‘ਤੇ ਵੀ ਲਾਗੂ ਹੁੰਦੀ ਹੈ ਜੋ ਕਰਜੇ ਕਾਰਨ ਆਰਥਿਕ ਤੌਰ ‘ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਲਗਾਤਾਰ ਵੱਧ ਰਹੀ ਗਰੀਬੀ ਕਾਰਨ ਉਹ ਜ਼ਿੱਲਤ ਭਰੀ ਜ਼ਿੰਦਗੀ ਨਾਲੋਂ ਮੌਤ ਨੂੰ ਤਰਜੀਹ ਦੇ ਰਹੇ ਹਨ ਸ਼ਾਇਰ ਅੰਸਾਰ ਕੰਬਰੀ ਨੇ ਸ਼ਾਇਦ ਕਿਸਾਨਾਂ ਦੀ ਹਾਲਤ ਵੇਖ ਕੇ ਹੀ ਆਹ ਸ਼ੇਅਰ ਕਿਹਾ ਹੈ:
ਮੌਤ ਕੇ ਡਰ ਸੇ ਨਾਹਕ ਪਰੇਸ਼ਾਨ ਹੈਂ
ਆਪ ਜ਼ਿੰਦਾ ਕਹਾਂ ਹੈ, ਜੋ ਮਰ ਜਾਏਂਗੇ
ਗਰੀਬ ਕਿਸਾਨ ਕਈ ਵਾਰ ਸੋਚਦਾ ਹੈ ਕਿ ਮਰ ਮਰ ਕੇ ਜਿਊਣ ਨਾਲੋਂ ਮੌਤ ਨੂੰ ਸਹੇੜਨਾ ਚੰਗਾ ਹੈ ਤਾਂ ਕਿ ਘੱਟੋ ਘੱਟ ਪਰਿਵਾਰ ਤਾਂ ਬਚਿਆ ਰਹੇ। ਹੁਣ ਪਰਿਵਾਰ ਨੂੰ ਦੋ ਦੀ ਬਜਾਏ ਪੰਜ ਲੱਖ ਮਿਲੇਗਾ। ਕੀ ਇਹ ਹੋਰ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਪ੍ਰੇਰਿਤ ਨਹੀਂ ਕਰੇਗਾ? ਜੱਜ ਸਾਹਿਬਾਨ ਦੀ ਸਲਾਹ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਲੋੜ ਤਾਂ ਕਿਸਾਨੀ ਦੇ ਸੁਧਾਰ ਦੇ ਕੋਈ ਪੱਕੇ ਹੱਲ ਲੱਭਣ ਦੀ ਹੈ। ਕਿਸਾਨੀ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਸਰਕਾਰ ਵੱਲੋਂ ਉਚੇਚੇ ਯਤਨ ਕਰਨ ਦੀ ਲੋੜ ਹੈ। ਕਿਸਾਨਾਂ ਨੂੰ ਹਉਮੈ ਕਾਰਨ ਵਾਧੂ ਵਿਖਾਵੇ ਕਰਨ ਤੋਂ ਬਚਾੳਣ ਲਈ ਸਿੱਖਿਅਕ ਅਤੇ ਜਾਗਰੂਕ ਕਰਨ ਦੀ ਹੈ ਤਾਂ ਕਿ ਉਹ ਵਿਆਹਾਂ, ਘਰਾਂ ਅਤੇ ਕਾਰਾਂ ‘ਤੇ ਬੇਲੋੜੇ ਖਰਚੇ ਨਾ ਕਰਨ। ਜ਼ਰੂਰਤ ਇਸ ਗੱਲ ਦੀ ਹੈ ਕਿ ਨੌਜਵਾਨ ਕਿਸਾਨਾਂ ਨੂੰ ਸਹਾਇੱਕ ਧੰਦੇ ਅਪਣਾਉਣ ਲਈ ਪ੍ਰੇਰਿਤ ਅਤੇ ਸਿੱਖਿਅਤ ਕੀਤਾ ਜਾਵੇ। ਆਤਮ ਹੱਤਿਆ ਤੋਂ ਬਾਅਦ ਪਰਿਵਾਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਕਮ ਪਹਿਲਾਂ ਤੋਂ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਨੂੰ ਹੋਰ ਪ੍ਰੇਰਿਤ ਕਰਨ ਦਾ ਕਾਰਨ ਨਾ ਬਣੇ। ਇਸ ਬਾਰੇ ਹਰ ਗੰਭੀਰ ਨਾਗਰਿਕ ਨੂੰ ਸੋਚਣ ਦੀ ਲੋੜ ਹੈ।

 


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218