Month: August 2017

ਇੱਕ ਯਤਨ ਹੋਰ, ਬਸ ਇੱਕ ਵਾਰ ਹੋਰ ਯਤਨ

ਮੇਰਾ ਇੱਕ ਦੋਸਤ ਬੀ ਏ ਦੇ ਦੂਜੇ ਵਰ੍ਹੇ ਵਿੱਚੋਂ ਫ਼ੇਲ੍ਹ ਹੋ ਗਿਆ। ਆਪਣੀ ਅਸਫ਼ਲਤਾ ‘ਤੇ ਉਹ ਸ਼ਰਮਿੰਦਾ ਵੀ ਸੀ ਅਤੇ ਉਦਾਸ ਵੀ। ਮੇਰੇ ਕੋਲ ਇੱਕ ਦੋ ਵਾਰ ਉਹ ਰੋ ਵੀ ਚੁੱਕਿਆ ਸੀ। ਰੌਣ ਦਾ ਇੱਕ ਕਾਰਨ ਇਹ ਵੀ ਸੀ ਕਿ ਫ਼ੇਲ੍ਹ ਹੋਣ ਕਾਰਨ ਉਸਨੂੰ ਕਾਲਜ ਛੱਡਣਾ ਪੈਣਾ ਸੀ। ਇਸ ਉਦਾਸੀ ਦੇ ਆਲਮ ਵਿੱਚ ਉਹ ਆਪਣੇ ਅਧਿਆਪਕ ਨੂੰ ਮਿਲਿਆ। ਅਧਿਆਪਕ ਨੇ ਸਮਝਾਇਆ ਕਿ ”ਤੂੰ ਸਿਰਫ਼ ਇੱਕ ਜਮਾਤ ਵਿੱਚੋਂ ਫ਼ੇਲ੍ਹ ਹੋਇਆ ਹੈਂ, ਜ਼ਿੰਦਗੀ ਵਿੱਚੋਂ ਨਹੀਂ”, ਜ਼ਿੰਦਗੀ ਵਿੱਚ ਬੰਦਾ ਉਦੋਂ ਫ਼ੇਲ੍ਹ ਹੁੰਦਾ ਹੈ,ਜਦੋਂ ਉਹ ਵਕਤੀ ਅਸਫ਼ਲਤਾ ਕਾਰਨ ਢੇਰੀ ਢਾਅ ਬਹਿੰਦਾ ਹੈ ਅਤੇ ਸਭ ਕੁਝ ਛੱਡ ਛੁਡਾ ਦਿੰਦਾ ਹੈ। ਹੌਂਸਲਾ ਹਾਰ ਬਹਿੰਦਾ ਹੈ। ਹਰ ਬੰਦਾ ਜ਼ਿੰਦਗੀ ਵਿੱਚ ਕਦੇ ਨਾ ਕਦੇ ਗਲਤੀ ਕਰ ਬੈਠਦਾ ਹੈ। ਪਰ ਇਸ ਦਾ ਮਤਲਬ ਉਕਾ ਨਹੀਂ ਕਿ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਬੰਦੇ ਨੂੰ ਲਗਾਤਾਰ ਯਤਨ ਕਰਦੇ ਰਹਿਣਾ ਚਾਹੀਦਾ ਹੈ। ਲਗਾਤਾਰਤਾ ਹੋਰ ਕੁਝ ਨਹੀਂ ਸਗੋਂ ਰਸਤੇ ਵਿੱਚ ਆਉਂਦੀਆਂ ਔਕੜਾਂ ਦੂਰ ਕਰਕੇ ਲੱਗੇ ਰਹਿਣ ਦੀ ਹੈ। ਲੱਗੇ ਰਹਿਣ ਨਾਲ, ਲਗਾਤਾਰ ਮਿਹਨਤ ਕਰਦੇ ਰਹਿਣ ਕਾਰਨ ਸਫ਼ਲਤਾ ਮਿਲ ਹੀ ਜਾਂਦੀ ਹੇੈ।
ਵਿਨਸਟਨ ਚਰਚਲ ਛੇਵੀਂ ਵਿੱਚੋਂ ਫ਼ੇਲ੍ਹ ਹੋ ਗਿਆ। ਇਸਤੋਂ ਬਾਅਦ 62 ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਕਈ ਵਾਰ ਚੋਣਾਂ ਵਿੱਚ ਹਾਰ ਗਿਆ ਸੀ। ਉਸਦਾ ਕਹਿਣਾ ਸੀ ਕਿ ”ਕਦੇ ਵੀ ਹਾਰ ਨਾ ਮੰਨੋ, ਕਦੇ ਵੀ ਹਾਰ ਨਾ ਮੰਨੋ, ਜ਼ਿੰਦਗੀ ਵਿੱਚ ਕਦੇ ਵੀ ਹਾਰ ਨਾ ਮੰਨੋ। ” ਮੰਨਣ ਨਾਲ ਹੀ ਹਾਰ ਹੁੰਦੀ ਹੈ। ਵਿਨਸਟਨ ਚਰਚਲ ਨੇ ਕਦੇ ਹਾਰ ਨਹੀਂ ਮੰਨੀ ਅਤੇ ਆਖਰ ਉਹ 1940 ਵਿੱਚ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਬਣਿਆ ਅਤੇ ਉਸਨੇ ਨੋਬਲ ਅਮਨ ਪੁਰਸਕਾਰ ਪ੍ਰਾਪਤ ਕੀਤਾ।” ਅਧਿਆਪਕ ਦੀਆਂ ਹੌਂਸਲਾ ਵਧਾਉਣ ਵਾਲੀਆਂ ਗੱਲਾਂ ਨੇ ਉਸਨੂੰ ਪੂਰੀ ਚੜ੍ਹਦੀਕਲਾ ਵਿੱਚ ਕਰ ਦਿੱਤਾ। ਉਸਨੇ ਪ੍ਰਾਪਰਟੀ ਡੀਲਿੰਗ ਦਾ ਕੰਮ ਸ਼ੁਰੂ ਕਰ ਲਿਆ। ਹੌਲੀ ਹੌਲੀ ਉਹ ਖੁਦ ਆਪਣੀ ਥਾਂ ਲੈ ਕੇ ਕਲੋਨੀਆਂ ਬਣਾਉਣ ਲੱਗਾ। ਅੱਜ ਉਸਦਾ ਨਾਮ ਸਾਡੇ ਇਲਾਕੇ ਦੇ ਅਮੀਰ ਅਤੇ ਸਫ਼ਲ ਲੋਕਾਂ ਵਿੱਚ ਗਿਣਿਆ ਜਾਂਦਾ ਹੈ।
ਸਫ਼ਲਤਾ ਦਾ ਮੰਤਰ ਹੈ ਕਿ ਆਪਣੀ ਸਾਰੀ ਸਰੀਰਕ ਅਤੇ ਮਾਨਸਿਕ ਸ਼ਕਤੀ ਇੱਕੋ ਸਮੱਸਿਆ ‘ਤੇ ਕੇਂਦਰਿਤ ਕਰੋ ਅਤੇ ਸਫ਼ਲਤਾ ਮਿਲਣ ਤਕ ਜੁੱਟੇ ਰਹੋ। ਅਸੀਂ ਅਕਸਰ ਥੋੜੀ ਜਿਹੀ ਅਸਫ਼ਲਤਾ ਤੋਂ ਬਾਅਦ ਹੀ ਨਿਰਾਸ਼ ਅਤੇ ਉਦਾਸ ਹੋ ਜਾਂਦੇ ਹਾਂ ਅਤੇ ਹਥਿਆਰ ਸੁੱਟਣ ਬਾਰੇ ਸੋਚਣ ਲੱਗਦੇ ਹਾਂ। ਪਰ ਸਫ਼ਲਤਾ ਦਾ ਸੂਤਰ ਤਾਂ ਇਹ ਕਹਿੰਦਾ ਹੈ ਕਿ ਬਸ ਇੱਕ ਵਾਰ ਹੋਰ ਯਤਨ ਕਰੋ। ਇੱਕ ਹੋਰ ਯਤਨ ਕਰੋ। ਬਸ ਇੱਕ ਵਾਰ ਹੋਰ। ਫ਼ਿਰ ਸਫ਼ਲਤਾ ਤੁਹਾਡੀ ਹੁੰਦੀ ਹੈ।
ਵਿਮਲ ਪਟੇਲ ਦੀ ਕਹਾਣੀ ਵੀ ਇਸ ਪੱਖੋਂ ਕਾਫ਼ੀ ਪ੍ਰੇਰਨਾਦਾਇੱਕ ਹੈ। ਵਿਮਲ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਜੇ ਕੋਈ ਬੱਚਾ ਸਕੂਲੀ ਪੜਾਈ ਵਿੱਚ ਕਾਮਯਾਬ ਨਹੀਂ ਤਾਂ ਇਸ ਦਾ ਮਤਲਬ ਉਕਾ ਹੀ ਨਹੀਂ ਕਿ ਜ਼ਿੰਦਗੀ ਵਿੱਚ ਵੀ ਕਾਮਯਾਬ ਨਹੀਂ ਹੋਵੇਗਾ। ਗੁਜਰਾਤ ਦੇ ਅਨੰਦ ਜ਼ਿਲ੍ਹੇ ਦਾ ਵਿਮਲ ਪਟੇਲ ਪੜ੍ਹਾਈ ਵਿੱਚ ਕੁਝ ਖਾਸ ਰੁਚੀ ਨਹੀਂ ਰੱਖਦਾ ਸੀ। ਨਤੀਜੇ ਵਜੋਂ ਉਹ 7ਵੀਂ ਜਮਾਤ ਵਿੱਚੋਂ ਫ਼ੇਲ੍ਹ ਹੋ ਗਿਆ। ਅਧਿਆਪਕਾਂ ਅਤੇ ਮਾਪਿਆਂ ਤੋਂ ਉਸ ਨੂੰ ਕਾਫ਼ੀ ਕੁਝ ਸੁਣਨਾ ਪਿਆ। ਪੜਾਈ ਵਿੱਚ ਰੁਚੀ ਨਾ ਹੋਣ ਕਾਰਨ ਉਸਨੇ ਪਿਉ ਵਾਲਾ ਕਿੱਤਾ ਹੀਰੇ ਅਤੇ ਰਤਨਾਂ ਨੂੰ ਪਾਲਿਸ਼ ਕਰਨ ਵਾਲਾ ਸਿੱਖ ਲਿਆ। ਗਰੀਬੀ ਨੇ ਉਸਨੂੰ 1996 ਵਿੱਚ ਮੁੰਬਈ ਸ਼ਹਿਰ ਜਾਣ ਲਈ ਮਜਬੂਰ ਕਰ ਦਿੱਤਾ ਤਾਂ ਕਿ ਉਹ ਕੁਝ ਜ਼ਿਆਦਾ ਕਮਾ ਸਕੇ। ਮੁੰਬਈ ਉਸਨੂੰ ਸਿਰਫ਼ 4000 ਰੁਪਏ ਮਹੀਨੇ ਵਾਲੀ ਨੌਕਰੀ ਮਿਲੀ। ਉਹ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਸਕਦਾ ਸੀ। ਵਿਮਲ ਤਾਂ ਕੁਝ ਵੱਡਾ ਕਰਨ ਆਇਆ ਸੀ। ਅਮੀਰ ਬਣਨ ਦਾ ਸੁਪਨਾ ਉਸਦੇ ਮਨ ਵਿੱਚ ਮਚਲ ਰਿਹਾ ਸੀ। ਉਸਨੇ ਆਪਣੇ ਸੁਪਨਾ ਪੂਰਾ ਕਰਨ ਲਈ ਹੀਰਿਆਂ ਨੂੰ ਪਾਲਸ਼ ਕਰਨ ਦਾ ਕੰਮ ਲਭਣਾ ਸ਼ੁਰੂ ਕਰ ਦਿੱਤਾ। ਜਦੋਂ ਤੁਸੀਂ ਦਿਲੋਂ ਕਿਸੇ ਚੀਜ਼ ਨੂੰ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਕੁਦਰਤ ਵੀ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ। ਵਿਮਲ ਦਾ ਸਾਥ ਵੀ ਕੁਦਰਤ ਨੇ ਦਿੱਤਾ। ਉਸਦੇ ਕੁਝ ਦੋਸਤ ਬਿਨਾਂ ਤਰਾਸ਼ੇ ਹੋਏ ਹੀਰਿਆਂ ਦਾ ਵਪਾਰ ਕਰਦੇ ਸਨ। ਉਨ੍ਹਾਂ ਨੇ ਵਿਮਲ ਨੂੰ ਆਪਣੇ ਨਾਲ ਲਿਆ। ਦੋ ਤਿੰਨ ਵਰ੍ਹਿਆਂ ਬਾਅਦ ਉਸਨੇ ਆਪਣੀ ਕੰਪਨੀ ‘ਵਿਮਲ ਜੇਮਜ਼’ ਬਣਾ ਲਈ।
ਵਿਮਲ ਨੇ ਇੱਕ ਅਸਟਰੋਲਜ਼ਰ ਨੂੰ ਕੰਪਨੀ ਵਿੱਚ ਰੱਖ ਲਿਆ ਤਾਂ ਕਿ ਗਾਹਕ ਉਸਦੀ ਸਲਾਹ ਨਾਲ ਹੀਰੇ ਖ੍ਰੀਦ ਸਕਣ। ਉਸਦਾ ਇਹ ਆਈਡੀਆ ਕੰਮ ਕਰ ਗਿਆ। ਵੇਖਦੇ ਵੇਖਦੇ ਉਹ ਲੱਖਾਂ ਵਿੱਚ ਖੇਡਣ ਲੱਗਾ। 7ਵੀਂ ਫ਼ੇਲ੍ਹ ਵਿਮਲ ਦੀ ਕੰਪਨੀ ਅੱਜ 52 ਦੁਕਾਨਾਂ ਦੀ ਮਾਲਕ ਹੈ ਅਤੇ ਉਸਦੀ ਕੰਪਨੀ ਵਿੱਚ 500 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਉਸ ਦੀ ਕੰਪਨੀ ਦੀ ਟਰਨਓਵਰ 100 ਕਰੋੜ ਤੋਂ ਉਪਰ ਹੈ। ਵਿਮਲ ਪਟੇਲ ਦੀ ਕਹਾਣੀ ਇਹ ਸੂਤਰ ਸਪੱਸ਼ਟ ਕਰਦੀ ਹੈ ਕਿ ਕਾਮਯਾਬੀ ਦੇ ਰਸਤੇ ਵਿੱਚ ਅਸਫ਼ਲਤਾਵਾਂ ਕੋਈ ਵੱਡੇ ਅਰਥ ਨਹੀਂ ਰੱਖਦੀਆਂ । ਸਫ਼ਲਤਾ ਦੇ ਰਾਹੀਂ ਨੂੰ ਵਿਸਟਨ ਚਰਚਲ ਦੇ ਇਹ ਬੋਲ ਯਾਦ ਰਹਿੰਦੇ ਹਨ ‘ਇੱਕ ਨਿਰਾਸ਼ਾਵਾਦੀ ਨੂੰ ਹਰ ਮੌਕੇ ਵਿੱਚ ਮੁਸ਼ਕਲ ਵਿਖਾਈ ਦਿੰਦੀ ਹੈ ਅਤੇ ਇੱਕ ਆਸ਼ਾਵਾਦੀ ਨੂੰ ਹਰ ਮੁਸ਼ਕਲ ਵਿੱਚ ਮੌਕਾ ਵਿਖਾਈ ਦਿੰਦਾ ਹੈ।” ਇੱਕ ਸਫ਼ਲ ਵਿਅਕਤੀ ਉਹ ਹੈ ਜੋ ਆਪਣੇ ਉਪਰ ਸੁੱਟੇ ਹੋਏ ਪੱਥਰਾਂ ਨੂੰ ਆਪਣਾ ਔਜਾਰ ਬਣਾਉਂਦਾ ਹੈ। ”ਜਦੋਂ ਦੁਨੀਆਂ ਕਹਿੰਦੀ ਹੈ ਕਿ ਹਾਰ ਮੰਨ ਲਵੋ ਤਾਂ ਆਸ ਹੌਲੀ ਜਿਹੇ ਕੰਨ ਵਿੱਚ ਕਹਿੰਦੀ ਹੈ ਕਿ ਇੱਕ ਵਾਰ ਹੋਰ ਯਤਨ ਕਰੋ।”
ਅਸਫ਼ਲਤਾਵਾਂ ਅਤੇ ਹਾਰਾਂ ਤਾਂ ਜਿੱਤ ਦੀ ਪੌੜੀ ਦੇ ਡੰਡੇ ਹੁੰਦੀਆਂ ਹਨ। ‘ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ’। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਮਾਨਸਿਕ ਤੌਰ ਤੇ ਜਿੱਤ ਲਈ ਤਿਆਰ ਨਹੀਂ ਉਹ ਕਦੇ ਸਫ਼ਲ ਨਹੀਂ ਹੋ ਸਕਦਾ। ਸਫ਼ਲਤਾ ਅਤ ੇਅਸਫ਼ਲਤਾ ਵਿੱਚ, ਹਾਰ ਅਤੇ ਜਿੱਤ ਵਿੱਚ ਸਾਡਾ ਦ੍ਰਿਸ਼ਟੀਕੋਣ, ਸਾਡੀ ਸੋਚ ਅਤੇ ਸਾਡੇ ਮਨ ਦੇ ਭਾਵਾਂ ਦਾ ਵੱਡਾ ਅਸਰ ਹੁੰਦਾ ਹੈ। ਮਨੁੱਖ ਉਹੀ ਕੁਝ ਹੁੰਦਾ ਹੈ ਜੋ ਉਹ ਜੋ ਸੋਚਦਾ ਹੈ। ਸਫ਼ਲ ਹੋਣ ਲਈ ਸਫ਼ਲਤਾ ਬਾਰੇ ਇੱਛਾ ਰੱਖਣਾ ਅਸਫ਼ਲਤਾ ਦੇ ਡਰ ਨਾਲੋਂ ਜ਼ਿਆਦਾ ਜ਼ਰੂਰੀ ਹੈ। ਹਾਰ ਕਦੇ ਹਾਰ ਨਹੀਂ ਹੁੰਦੀ, ਹਾਰ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਉਸਨੂੰ ਸਵੀਕਾਰ ਕਰ ਲੈਂਦੇ ਹੋ। ਅਸਫ਼ਲਤਾ ਕਦੇ ਵੀ ਘਾਤਕ ਨਹੀਂ ਹੁੰਦੀ, ਸਗੋਂ ਢਹਿੰਦੀ ਕਲਾ ਅਤੇ ਨਿਰਾਸ਼ਾਵਾਦੀ ਦ੍ਰਿਸ਼ਟੀਕੋਣ ਹਮੇਸ਼ਾ ਘਾਤਕ ਹੁੰਦਾ ਹੈ।
ਕਵੀ ਹਰੀਬੰਸ ਰਾਏ ਬਚਨ ਅਸਫ਼ਲਤਾ ਬਾਰੇ ਆਪਣੀ ਇੱਕ ਕਵਿਤਾ ਵਿੱਚ ਬਹੁਤ ਖੂਬਸੂਰਤ ਵਿੱਚਾਰ ਦਿੰਦਾ ਹੈ:
ਅਸਫ਼ਲਤਾ ਏਕ ਚੁਣੌਤੀ ਹੈ, ਇਸੇ ਸਵੀਕਾਰ ਕਰੋ,
ਕਿਆ ਕਮੀ ਰਹਿ ਗਈ, ਦੇੋ ਔਰ ਸੁਧਾਰ ਕਰੋ।
ਜਬ ਤਕ ਨਾ ਸਫ਼ਲ ਹੋ, ਨੀਂਦ ਚੈਨ ਕੋ ਤਿਆਗੋ ਤੁਮ,
ਸੰਘਰਸ ਕਾ ਮੈਦਾਨ ਛੋਡ ਕਰ ਮਤ ਭਾਗੋ ਤੁਮ।
ਕੁਝ ਕਿਏ ਬਿਨਾਂ ਹੀ ਜਸ ਜਯਕਾਰ ਨਹੀਂ ਹੋਤੀ,
ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ।
ਸੜਕਾਂ ਉਪਰ 10 ਮਿੰਟਾਂ ‘ਚ 9 ਹਾਦਸੇ ਅਤੇ 3 ਮੌਤਾਂ
ਮੈਂ ਜੈਤੋ ਨੇੜੇ ਪਿੰਡ ਰਾਮੇਆਣਾ ਵਿਖੇ ਭਾਸ਼ਣ ਦੇਣ ਜਾਣਾ ਸੀ ਅਤੇ ਉਸ ਤੋਂ ਬਾਅਦ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਪਹੁੰਚਣਾ ਸੀ। ਲੰਮਾ ਸਫ਼ਰ ਹੋਣ ਕਾਰਨ ਕਾਰ ਤੇਜ਼ੀ ਨਾਲ ਚਲਾਉਣਾ ਜ਼ਰੂਰੀ ਸੀ। ਅਜੇ ਭਵਾਨੀਗੜ੍ਹ ਹੀ ਪਹੁੰਚੇ ਸਾਂ ਤਾਂ ਲੋਕਾਂ ਦਾ ਇੱਕੱਠ ਵੇਖਿਆ। ਸਵੇਰੇ ਸਵੇਰੇ ਇੰਨਾ ਵੱਡਾ ਇੱਕੱਠ। ਕਾਰ ਹੌਲੀ ਕਰਕੇ ਵੇਖਿਆ ਇੱਕ ਕਾਰ ਸੜਕ ਦੇ ਕਿਨਾਰੇ ਖੜ੍ਹੇ ਟਰੱਕ ਦੇ ਪਿੱਛੇ ਵੜੀ ਹੋਈ ਸੀ। ਦੂਜੇ ਦਿਨ ਅਖਬਾਰ ਤੋਂ ਪਤਾ ਲੱਗਾ ਕਿ ਦੋ ਵਿਅਕਤੀਆਂ ਦੀ ਮੌਤ ਮੌਕੇ ‘ਤੇ ਹੀ ਹੋ ਗਈ ਸੀ। ਅਗਲੇ ਦਿਨ ਸਵੇਰੇ ਸਵੇਰੇ ਅਖਬਾਰ ਚੁੱਕਿਆ ਤਾਂ ਮੁੱਖ ਖਬਰ ਸੀ ‘ਉਤਕਲ ਐਕਸਪ੍ਰੈਸ ਲੀਹੋਂ ਲੱਥੀ, 23 ਮੌਤਾਂ’ ਇਸ ਦੇ ਨਾਲ ਦੂਜੀ ਖਬਰ ਕਪੂਰਥਲਾ ਤੋਂ ਸੀ ਜਿਸ ਅਨੁਸਾਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਜਾਂਦੀ ਸੜਕ ਤੇ ਸਵੇਰੇ ਪੰਜ ਵਜੇ ਦੇ ਕਰੀਬ ਵਾਪਰੇ ਹਾਦਸੇ ਵਿੱਚ ਦਾਦੇ ਅਤੇ ਪੋਤੀ ਸਮੇਤ ਤਿੰਨ ਵਿਅਕਤੀਆਂ ਦੇ ਮਰਨ ਦੀ ਖਬਰ ਸੀ। ਖਬਰ ਅਨੁਸਾਰ ਰਫ਼ਤਾਰ ਤੇਜ਼ ਹੋਣ ਕਾਰਨ ਚਾਲਕ ਜੀਪ ਤੋਂ ਸੰਤੁਲਨ ਗੁਆ ਬੈਠਾ ਅਤੇ ਪ੍ਰਵੇਜ਼ ਨਗਰ ਬੱਸ ਸਟਾਂਪ ਨਜ਼ਦੀਕ ਐਕਟਿਵਾ ਸਵਾਰ ਦਾਦੇ ਤੇ ਪੋਤੀ ਨੂੰ ਦਰੜਦਿਆਂ ਅੱਗੇ ਉਹ ਟਾਹਲੀ ਵਿੱਚ ਜਾ ਵੱਜੀ। ਟੱਕਰ ਇੰਨੀ ਤੇਜ਼ ਸੀ ਕਿ ਜੀਪ ਨੇ ਦਰਖਤ ਨੂੰ ਜੜ੍ਹੋਂ ਪੁੱਟ ਦਿੱਤਾ ਅਤੇ ਖੰਭੇ ਨਾਲ ਵੱਜ ਕੇ ਉਹ 100 ਮੀਟਰ ਦ ਕਰੀਬ ਅੱਗੇ ਜਾ ਕੇ ਪਲਟ ਗਈ। ਇਸ ਖਬਰ ਦੇ ਨਾਲ ਹੀ ਇੱਕ ਹੋਰ ਸੜਕ ਦੁਰਘਟਨਾ ਦੀ ਖਬਰ ਸੀ, ਜਿਸ ਅਨੁਸਾਰ ਨਿਹਾਲ ਸਿੰਘ ਵਾਲਾ ਦੇ ਨੇੜਲੇ ਪਿੰਡ ਰਣਸੀਂਹ ਖੁਰਦ ਵਿਖੇ ਹੋਏ ਸੜਕ ਹਾਦਸੇ ਵਿੱਚ ਦੋ ਵਿਦਿਆਰਥਣਾਂ ਅਮਨਜੋਤ ਕੌਰ ਅਤੇ ਮਹਿਕਜੋਤ ਕੌਰ ਦੀ ਮੌਤ ਹੋ ਗਈ। ਅੱਠਵੀਂ ਅਤੇ ਨੌਵੀਂ ਦੀਆਂ ਦੋਵੇਂ ਵਿਦਿਆਰਥਣਾਂ ਐਕਟਿਵਾ ‘ਤੇ ਪਿੰਡ ਰਣਸੀਂਹ ਖੁਰਦ ਤੋਂ ਨਿਹਾਲ ਸਿੰਘ ਵਾਲਾ ਵਿਖੇ ਟਿਊਸ਼ਨ ਪੜ੍ਹਨ ਜਾ ਰਹੀਆਂ ਸਨ।
ਹਿੰਦੋਸਤਾਨ ਵਿੱਚ ਸੜਕ ਹਾਦਸਿਆਂ ਦੇ ਅੰਕੜੇ ਰੌਂਗਟੇ ਖੜ੍ਹੇ ਕਰਨ ਵਾਲੇ ਹਨ। ਸੱਚਮੁਚ ਹੀ ਸਾਡੀਆਂ ਸੜਕਾਂ ਖੂਨੀ ਸੜਕਾਂ ਦਾ ਰੂਪ ਧਾਰਨ ਕਰ ਗਈਆਂ ਹਨ। ਸਵੇਰੇ ਸਵੇਰੇ ਜਦੋਂ ਅਖਬਾਰਾਂ ‘ਤੇ ਨਜ਼ ਮਾਰੀਦੀ ਹੈ ਤਾਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਅਤੇ ਸੜਕ ਹਾਦਸਿਆਂ ਵਿੱਚ ਮਰ ਰਹੇ ਲੋਕਾਂ ਦੀਆਂ ਖਬਰਾਂ ਬੁਰੀ ਤਰ੍ਹਾਂ ਬੇਚੈਨ ਕਰ ਦਿੰਦੀਆਂ ਹਨ। ਹੈਰਾਨੀ ਤਾਂ ਇਸ ਗੱਲ ਦੀ ਵੀ ਹੈ ਕਿ ਜੇ ਅਸੀਂ ਨੈਸ਼ਨਲ ਕ੍ਰਾਈਮ ਬਿਊਰੋ ਦੇ ਅੰਕੜੇ ਵੇਖੀਏ ਤਾਂ ਇਹ ਸੜਕ ਹਾਦਸੇ ਹਰ ਵਰ੍ਹੇ ਲਗਾਤਾਰ ਵੱਧ ਰਹੇ ਹਨ। 2013 ਵਿੱਚ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ 4 ਲੱਖ 86 ਹਜ਼ਾਰ 4 ਸੌ 76 ਦੁਰਘਟਨਾਵਾਂ ਹੋਈਆਂ ਸਨ ਜਦੋਂ ਕਿ 2015 ਵਿੱਚ ਇਹਨਾਂ ਦੀ ਗਿਣਤੀ ਵੱਧ ਕੇ 5 ਲੱਖ 3 ਹਜ਼ਾਰ ਤੱਕ ਪਹੁੰਚ ਗਈ ਸੀ।
ਇਹਨਾਂ ਸੜਕ ਹਾਦਸਿਆਂ ਵਿੱਚ 2013 ਵਿੱਚ 1 ਲੱਖ 37 ਹਜ਼ਾਰ 5 ਸੌ 72 ਲੋਕਾਂ ਦੀ ਮੌਤ ਹੋਈ। 2015 ਵਿੱਚ 1 ਲੱਖ 46 ਹਜ਼ਾਰ 6 ਸੌ 12 ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ। 2013 ਵਿੱਚ ਸੜਕ ਦੁਰਘਟਨਾਵਾਂ ਵਿੱਚ ਜ਼ਖਮੀ ਹੋਣ ਵਾਲੇ ਲੋਕਾਂ ਦੀ ਗਿਣਤੀ 4 ਲੱਖ 94 ਹਜ਼ਾਰ 9 ਸੌ 93 ਸੀ ਜਦੋਂ ਕਿ 2015 ਵਿੱਚ 5 ਲੱਖ 13 ਹਜ਼ਾਰ 9 ਸੌ 60 ਲੋਕ ਜ਼ਖਮੀ ਹੋਏ ਸਨ। 2013 ਅਤੇ 2015 ਦੇ ਅੰਕੜਿਆਂ ਅਨੁਸਾਰ ਹਰ 100 ਦੁਰਘਟਨਾਵਾਂ ਪਿੱਛੇ 29.6 ਫ਼ੀਸਦੀ ਲੋਕ ਇਸ ਦੁਨੀਆਂ ਤੋਂ ਰੁਖਸਤ ਹੋ ਜਾਂਦੇ ਹਨ। ਇਹਨਾਂ ਮੌਤਾਂ ਦੀ ਗਿਣਤੀ ਵਿੱਚ ਪੰਜਾਬ ਨੰਬਰ ਇੱਕ ‘ਤੇ ਹੈ ਅਤੇ ਦੂਜੇ ਨੰਬਰ ਤੇ ਨਾਗਾਲੈਂਡ ਆਉਂਦਾ ਹੈ। ਸੜਕ ਹਾਦਸਿਆਂ ਵਿੱਚ ਹਰਿਆਣਾ ਦਾ ਨੰਬਰ ਤੀਜਾ ਹੈ।
ਅੰਕੜੇ ਇਹ ਵੀ ਦੱਸਦ ਹਨ ਕਿ ਭਾਰਤ ਵਿੱਚ ਹਰ 10 ਮਿੰਟ ਵਿੱਚ 9 ਹਾਦਸੇ ਵਾਪਰਦੇ ਹਨ, ਜਿਹਨਾਂ ਵਿੱਚ ਤਿੰਨ ਵਿਅਕਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। 2015 ਵਿੱਚ 464000 ਸੜਕ ਹਾਦਸੇ ਹੋਏ ਜੋ 2014 ਨਾਲੋਂ 3 ਫ਼ੀਸਦੀ ਜ਼ਿਆਦਾ ਹਨ। 2014 ਵਿੱਚ 48000 ਸੜਕ ਹਾਦਸੇ ਹੋਏ ਸਨ।
ਦੋ ਪਹੀਆ ਵਾਹਨਾਂ ਦੇ ਹਾਦਸਿਆਂ ਨੇ ਕੁੱਲ 29 ਫ਼ੀਸਦੀ ਲੋਕਾਂ ਨੂੰ ਮੌਤ ਦਾ ਸ਼ਿਕਾਰ ਬਣਾਇਆ ਅਤੇ ਕਾਰਾਂ ਰਾਹੀਂ ਹਾਦਸਿਆਂ ਵਿੱਚ 19 ਫ਼ੀਸਦੀ ਲੋਕ ਮਰੇ। 2015 ਵਿੱਚ 400 ਲੋਕ ਰੋਜ਼ਾਨਾ ਸੜਕ ਦੁਰਘਨਾਵਾਂ ਵਿੱਚ ਮਰੇ ਅਤੇ ਅੱਜਕਲ੍ਹ ਦੇ ਅੰਕੜੇ ਮੁਤਾਬਕ 410 ਲੋਕ ਹਰ ਰਜ਼ ਸੜਕ ਹਾਦਸਿਆਂ ਵਿੱਚ ਮਰਦੇ ਹਨ। ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਅਗਲੇ ਵਰ੍ਹੇ ਤੱਕ ਹਾਦਸਿਆਂ ਨੂੰ ਘੱਟੋ ਘੱਟ ਅੱਧੇ ਕਰਨ ਦੀ ਕੋਸ਼ਿਸ਼ ਕਰੇਗੀ।
ਉਕਤ ਅੰਕੜੇ ਇਹ ਦਰਸਾਉਣ ਲਈ ਕਾਫ਼ੀ ਹਨ ਕਿ ਜਦੋਂ ਤੁਸੀਂ ਕਿਸੇ ਵੀ ਵਾਹਨ ‘ਤੇ ਘਰੋਂ ਨਿਕਲਦੇ ਹੋ ਤਾਂ ਆਪਣੀ ਜ਼ਿੰਦਗੀ ਦੇ ਰਿਸਕ ‘ਤੇ ਹੀ ਨਿਕਲਦੇ ਹੋ। ਤੁਸੀਂ ਹਰ ਨਿਯਮ ਦੀ ਪਾਲਣਾ ਕਰਦੇ ਹੋ ਪਰ ਜ਼ਰੂਰੀ ਨਹੀਂ ਕਿ ਤੁਹਾਡੇ ਅੱਗੋਂ ਜਾਂ ਪਿੱਛੋਂ ਆ ਰਿਹਾ ਵਾਹਨ ਤੁਹਾਡੇ ਵਿੱਚ ਟੱਕਰ ਨਹੀਂ ਮਾਰੇਗਾ। ਸਾਡੀਆਂ ਸੜਕਾਂ ‘ਤੇ ਕੁਝ ਵੀ ਹੋ ਸਕਦਾ ਹੈ। ਵਾਹਨਾਂ ਦੇ ਸਾਰੇ ਡਰਾਈਵਰ ਪੂਰੀ ਤਰ੍ਹਾਂ ਸਿੱਖਿਅਤ ਨਹੀਂ ਹਨ। ਬਹੁਤ ਵਾਰ ਬੱਚਿਆਂ ਨੂੰ ਕਾਰਾਂ ਅਤੇ ਸਕੂਟਰ ਚਲਾਉਂਦੇ ਦੇਖਿਆ ਗਿਆ। ਨਾ ਅਸੀਂ ਟਰੈਫ਼ਿਕ ਨਿਯਮਾਂ ਦੀ ਪਰਵਾਹ ਕਰਦੇ ਹਾਂ ਅਤੇ ਨਾ ਹੀ ਸਾਡੀ ਲਾਇਸੈਂਸ ਪ੍ਰਣਾਲੀ ਦੀ। ਮੈਂ ਆਪਣੀ ਯੂਨੀਵਰਸਿਟੀ ਦੇ ਆਪਣੇ ਇੱਕ ਸਾਥੀ ਨੂੰ ਆਪਣੇ ਅੱਠਵੀਂ ਵਿੱਚ ਪੜ੍ਹਦੇ ਬੱਚੇ ਨੂੰ ਕਾਰ ਸਿਖਾਉਂਦੇ ਵੇਖਿਆ ਅਤੇ ਕਿਹਾ ‘ਯਾਰ, ਅਜੇ ਇਹ ਛੋਟਾ ਹੈ। ਇਸਦੀ ਉਮਰ ਹੋ ਲੈਣ ਦੇ, ਫ਼ਿਰ ਦੇਵੀਂ ਇਸਨੁੰ ਗੱਡੀ।”
”ਨਹੀਂ, ਇਹ ਬਹੁਤ ਸਿਆਣਾ, ਸਾਰੇ ਚਲਾਈ ਫ਼ਿਰਦੇ ਐ।”
ਜਦੋਂ ਅਸੀਂ ਖੁਦ ਹੀ ਕਾਨੂੰਨ ਤੋੜਨ ਦੇ ਆਦੀ ਹੋਈਏ ਤਾਂ ਹਾਦਸੇ ਤਾਂ ਵਾਪਰਨ ਹੀ ਹੋਏ। ਸ਼ਰਾਬ ਪੀ ਕੇ ਗੱਡੀ ਚਲਾਉਣਾ ਤਾਂ ਆਮ ਹੈ। ਸਾਡੇ ਡਰਾਈਵਰ ਪਾਰਕਿੰਗ ਦੀ ਕੋਈ ਪਰਵਾਹ ਨਹੀਂ ਕਰਦੇ ਅਤੇ ਟਰੱਕ ਸੜਕ ‘ਤੇ ਪਾਰਕ ਕਰਕੇ ਸੌਂ ਜਾਂਦੇ ਹਨ। ਹਰ ਰੋਜ਼ ਪੜ੍ਹਦੇ ਹਾਂ ਕਿ ਖੜ੍ਰੇ ਟਰੱਕ ਵਿੱਚ ਕਾਰ ਲੱਗੀ ਅਤੇ ਬੰਦੇ ਮਰ ਗਏ। ਟਰੱਕ ਟਰਾਲੀਆਂ ਓਵਰਲੋਡ ਲੈ ਕੇ ਜਾਣਾ ਆਮ ਜਿਹੀ ਗੱਲ ਹੈ। ਅਵਾਰਾ ਪਸ਼ੂ ਵੱਡੀ ਗਿਣਤੀ ਵਿੱਚ ਸੜਕਾਂ ‘ਤੇ ਤੁਰੇ ਫ਼ਿਰਦੇ ਹਨ। ਸੜਕਾਂ ਦੀ ਹਾਲਤ ਵੀ ਕੋਈ ਚੰਗੀ ਨਹੀਂ। ਅਜਿਹੇ ਅਨੇਕਾਂ ਕਾਰਨ ਹਨ ਕਿ ਅਸੀਂ ਰੋਜ਼ਾਨਾ ਸੈਂਕੜੇ ਮੌਤਾਂ ਹੁੰਦੀਆਂ ਵੇਖ ਰਹੇ ਹਾਂ। ਕੀ ਇੱਕੰਲੀ ਸਰਕਾਰ ਇਸ ਪੱਖੋਂ ਕੁਝ ਕਰ ਸਕੇਗੀ ਜਾਂ ਫ਼ਿਰ ਸਾਨੂੰ ਵੀ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ।

 

ਦਸਤਾਰਧਾਰੀ ਸਿੱਖਾਂ ਦਾ ਚੰਗਾ ਅਕਸ ਬਣਾਉਣ ਵਾਲਾ ਨਵਜੋਤ ਸਿੰਘ ਸਿੱਧੂ

ਨਵਜੋਤ ਸਿੰਘ ਸਿੱਧੂ ਮੌਜੂਦਾ ਸਮੇਂ ਦਾ ਸਭ ਤੋਂ ਹਰਮਨਪਿਆਰਾ ਸਿੱਖ ਹੈ। ਸਿੱਧੂ ਨੂੰ ਇੱਕ ਰਿਕਸ਼ੇ ਵਾਲੇ ਤੋਂ ਲੈ ਕੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੱਕ ਸਭ ਜਾਣਦੇ ਹਨ। ਆਮ ਤੌਰ ‘ਤੇ ਸਿਆਸੀ ਲੋਕਾਂ ਨੂੰ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਜਾਣਦੇ ਹੁੰਦੇ ਹਨ ਅਤੇ ਖਿਡਾਰੀਆਂ ਨੂੰ ਖੇਡਾਂ ਨਾਲ ਦਿਲਚਸਪੀ ਰੱਖਣ ਵਾਲੇ। ਸਿੱਧੂ ਤਾਂ ਖਿਡਾਰੀ ਵੀ ਰਿਹਾ ਹੈ ਸਿਰੇ ਦਾ ਕ੍ਰਿਕਟਰ। ਸਿੱਧੂ ਲੋਕ ਸਭਾ ਦਾ ਮੈਂਬਰ ਵੀ ਰਿਹਾ ਹੈ ਅਤੇ ਰਾਜ ਸਭਾ ਦਾ ਵੀ। ਉਹ ਭਾਰਤੀ ਜਨਤਾ ਪਾਰਟੀ ਦਾ ਸਟਾਰ ਪ੍ਰਚਾਰਕ ਵੀ ਰਿਹਾ ਹੈ। ਨਰਿੰਦਰ ਮੋਦੀ ਦੇ ਹੱਕ ਵਿੱਚ ਉਸਦੇ ਧੂੰਆਧਾਰ ਪ੍ਰਚਾਰ ਨੂੰ ਹੁਣ ਤੱਕ ਯਾਦ ਕੀਤਾ ਜਾਂਦਾ ਹੈ। ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਸਨੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਤਾਂ ਜੋ ਬੋਲਿਆ ਉਹ ਬੋਲਿਆ ਹੀ ਪਰ ਜੋ ਬਾਦਲਾਂ ਅਤੇ ਮਜੀਠੀਆ ਦੇ ਖਿਲਾਫ਼ ਦਾ ਤਵਾ ਲਗਾਇਆ ਉਸ ਨੂੰ ਵਿਰੋਧੀ ਕਦੇ ਵੀ ਨਹੀਂ ਭੁੱਲ ਸਕਣਗੇ। ਇਸੇ ਤਰ੍ਹਾਂ ਉਸਨੂੰ ਰਾਹੁਲ ਗਾਂਧੀ ਸਮੇਤ ਸਾਰੇ ਕਾਂਗਰਸੀ ਚੰਗੀ ਤਰ੍ਹਾਂ ਜਾਣਦੇ ਹਨ। ਕਾਂਗਰਸ ਵਿੱਚ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਉਸਦੀ ਉਪਰੋਂ ਉਪਰੋਂ ਪ੍ਰਸੰਸਾ ਕੀਤੀ ਸੀ ਪਰ ਅੰਦਰੋਂ ਉਹ ਵੀ ਸਹਿਮਿਆ ਹੋਇਆ ਸੀ ਕਿ ਮਤੇ ਉਹ ਪੰਜਾਬ ‘ਆਪ’ ਤੇ ਕਬਜਾ ਨਾ ਜਮਾ ਲਵੇ। ਇਸ ਕਾਰਨ ਉਸਦੀ ‘ਆਪ’ ਵਿੱਚ ਦਾਖਲਾ ਨਹੀਂ ਹੋ ਸਕਿਆ ਸੀ। ਉਸਦੀ ਸ਼ਖਸੀਅਤ ਦੇ ਤੀਸਰੇ ਪੱਖ ਨੇ ਉਸਨੂੰ ਸਭ ਤੋਂ ਜ਼ਿਆਦਾ ਹਰਮਨ ਪਿਆਰਾ ਬਣਾਇਆ ਹੈ, ਉਹ ਹੈ ਉਸਦੇ ਟੀ. ਵੀ. ਪ੍ਰੋਗਰਾਮ। ਭਾਵੇਂ ਉਹ ਕ੍ਰਿਕਟ ਕੁਮੈਂਟਟਰ ਰਿਹਾ ਭਾਵੇਂ ਬਿੱਗ ਬੌਸ ਦਾ ਵਾਸ਼ਿੰਦਾ ਜਾਂ ਫ਼ਿਰ ਕਪਿਲ ਸ਼ਰਮਾ ਸ਼ੋਅ ਦਾ ਹਿੱਸਾ, ਉਸਨੇ ਹਮੇਸ਼ਾ ਵੱਖਰੀ ਛਾਪ ਛੱਡੀ ਹੈ। ਸ਼ੋਹਰਤ ਵੀ ਅਤੇ ਸੱਤਾ ਵੀ। ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਹ ਰੁਤਬਾ ਚਾਂਦੀ ਦੀ ਤਸ਼ਤਰੀ ਪਿਆ ਨਹੀਂ ਮਿਲਿਆ। ਇਸ ਲਈ ਉਸਨੇ ਖੂਬ ਪਸੀਨਾ ਵਹਾਇਆ ਹੈ। 1981-82 ਵਿੱਚ ਹਿੰਦੁਸਤਾਨ ਦੀ ਕ੍ਰਿਕਟ ਟੀਮ ਵਿੱਚ ਆਉਣ ਲਈ ਉਸਨੇ ਬਹੁਤ ਮਿਹਨਤ ਕੀਤੀ। ਉਸਨੂੰ ਬਚਪਨ ਵਿੱਚ ਸਮਝ ਆ ਗਈ ਸੀ ਕਿ ‘ਸੜਕ ਤੇ ਤੁਰਨਾ ਵੀ ਕੀ ਮਰਦਾਨਗੀ, ਮਨ-ਚਲੇ ਡੰਡੀ ਉਲੀਕਣ, ਛੱਡਕੇ ਵਗਦੇ ਪਹੇ’। ਇੱਕ ਨਿਰੰਤਰ ਉਦਮਸ਼ੀਲਤਾ ਦਾ ਨਾਮ ਹੈ ਨਵਜੋਤ ਸਿੱਧੂ। ਉਹ 19 ਵਰ੍ਹੇ ਭਾਰਤ ਲਈ ਖੇਡਿਆ। 51 ਟੈਸਟ ਅਤੇ 136ਵਨ ਡੇ ਮੈਚ ਖੇਡਣ ਵਾਲੇ ਸਿੱਧੂ ਨੂੰ ‘ਸਿੱਧੂ ਸਿਕਸਰ’ ਕਿਹਾ ਜਾਂਦਾ ਸੀ। ਸਿੱਧੂ ਦੇ ਜੀਵਨ ਦੀ ਦੂਜੀ ਪਾਰੀ ਕ੍ਰਿਕਟ ਕੁਮੈਂਟੇਟਰ ਦੇ ਤੌਰ ਤੇ ਸ਼ੁਰੂ ਹੁੰਦੀ ਹੈ। ਇੱਥੇ ਵੀ ਉਸਨੇ ਇੱਕ ਵੱਖਰੀ ਪਹਿਚਾਣ ਬਣਾਈ। ਉਸਦੀਆਂ ਖੂਬਸੂਰਤ ਟਿੱਪਣੀਆਂ ਨੂੰ ‘ਸਿੱਧੂਇਜ਼ਮ’ ਦਾ ਨਾਮ ਦਿੱਤਾ ਗਿਆ। ਨਵਜੋਤ ਸਿੱਧੂ ਦੀ ਤੀਜੀ ਪਾਰੀ ਵਿੱਚ ‘ਦੀ ਗਰੇਟ ਇੰਡੀਅਨ ਲਾਫ਼ਟਰ ਚੈਲੰਜ’, ‘ਕਮੇਡੀ ਨਾਈਟਸ ਵਿਦ ਕਪਿਲ’ ਅਤੇ ‘ਦੀ ਕਪਿਲ ਸ਼ਰਮਾ ਸ਼ੋਅ’ ਆਦਿ ਟੈਲੀਵਜਨ ਸ਼ੋਅ ਆਉਂਦੇ ਹਨ। ਇਹਨਾਂ ਸਦਕਾ ਉਹ ਆਮ ਹਿੰਦੋਸਤਾਨੀ ਦਾ ਚਹੇਤਾ ਬਣ ਗਿਆ। ਲੋਕਾਂ ਦੇ ਮਨਾਂ ਵਿੱਚ ਉਸਦੀ ਇੱਜਤ ਹੋਰ ਵੀ ਵਧ ਗਈ ਜਦੋਂ ਹਿੰਦੋਸਤਾਨ ਨੇ ਬਿਗ ਬੌਸ ਵਿੱਚ ਇਸ ਸਰਦਾਰ ਦੀਆਂ ਖੂਬੀਆਂ ਨੂੰ ਵੇਖਿਆ।
ਨਵਜੋਤ ਸਿੰਘ ਸਿੱਧੂ ਦੀ ਸ਼ੋਹਰਤ ਨੂੰ ਕੈਸ਼ ਕਰਾਉਣ ਲਈ ਭਾਰਤੀ ਜਨਤਾ ਪਾਰਟੀ ਨੇ ਉਸਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਲਈ ਲੜਾਇਆ। ਇਉਂ ਉਹ 2004 ਵਿੱਚ ਲੋਕ ਸਭਾ ਵਿੱਚ ਪਹੁੰਚ ਗਿਆ। ਇਉਂ ਉਹ ਲਗਾਤਾਰ 10 ਸਾਲ ਤੱਕ ਲੋਕ ਸਭਾ ਵਿੱਚ ਰਿਹਾ। 2016 ਵਿੱਚ ਪਾਰਟੀ ਨੇ ਉਸਨੂੰ ਰਾਜ ਸਭਾ ਵਿੱਚ ਭੇਜਿਆ ਪਰ ਉਹ ਜ਼ਿਆਦਾ ਟਿਕ ਨਹੀਂ ਸਕਿਆ। ਪੁਰਾਣੇ ਦੋਸਤਾਂ ਨੂੰ ਛੱਡ ਕੇ ਰਾਹੁਲ ਗਾਂਧੀ ਨਾਲ ਜਾ ਕੇ ਹੱਥ ਮਿਲਾ ਲਿਆ। ਕਾਂਗਰਸੀ ਟਿਕਟ ‘ਤੇ ਜਿੱਤ ਕੇ ਮੰਤਰੀ ਬਣਿਆ।
ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨੂੰ ਇੱਕ ਪਾਸੇ ਛੱਡ ਕੇ ਜੇ ਵੇਖਿਆ ਜਾਵੇ ਤਾਂ ਉਸਨੇ ਮੀਡੀਆ ਰਾਹੀਂ ਸਿੱਖਾਂ ਦੇ ਅਕਸ ਨੂੰ ਸੁਧਾਰਨ ਵਿੱਚ ਬਹੁਤ ਯੋਗਦਾਨ ਪਾਇਆ ਹੈ। ਇੱਕ ਸਮਾਂ ਸੀ ਮੀਡੀਆ ਅਤੇ ਫ਼ਿਲਮਾਂ ਵਿੱਚ ਸਿੱਖਾਂ ਨੂੰ ਟਰੱਕ, ਟੈਕਸੀ ਜਾਂ ਆਟੋ ਡਰਾਈਵਰ ਵਿਖਾਇਆ ਜਾਂਦਾ ਸੀ ਜਾਂ ਢਾਬੇ ਵਾਲਾ ਸਰਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਸੀ। ਸਿੱਧੂ ਦੇ ਆਉਣ ਨਾਲ ਸਰਦਾਰਾਂ ਦੀ ਇੱਜਤ ਨੂੰ ਚਾਰ ਚੰਨ ਲੱਗੇ। ਲੋਕਾਂ ਨੂੰ ਪਤਾ ਲੱਗਾ ਕਿ ਸਿੱਖਾਂ ਨੂੰ ਕੱਪੜੇ ਵੀ ਪਾਉਣੇ ਆਉਂਦੇ ਹਨ। ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵੀ ਬੋਲਣੀ ਆਉਂਦੀ ਹੈ। ਉਸਦੀ ਹਾਜ਼ਰ ਜਵਾਬੀ ਨੇ ਵੀ ਸਿੱਖਾਂ ਦਾ ਅਕਸ ਪੂਰੀ ਦੁਨੀਆਂ ਵਿੱਚ ਉੱਚਾ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਭਾਵੇਂ ਉਹ ਪੂਰੇ ਸਿੱਖੀ ਸਰੂਪ ਵਿੱਚ ਨਹੀਂ ਪਰ ਉਸਨੇ ਮੀਡੀਆ ਰਾਹੀਂ ਸਿੱਖਾਂ ਦੀ ਇੱਜਤ ਬਣਾਉਣ ਅਤੇ ਅਕਸ ਸੁਧਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹ ਅਸਲ ਅਰਥਾਂ ਵਿਚ ਸਿੱਖਾਂ ਦਾ ਬਰੈਂਡ ਅੰਬੈਸਡਰ ਹੈ। ਮੈਂ ਬਹੁਤ ਵਾਰ ਕਿਹਾ ਕਿ ਪੂਰੀ ਦੁਨੀਆਂ ਵਿੱਚ ਸਿੱਖਾਂ ਦੀ ਪਹਿਚਾਣ ਬਣਾਉਣ ਲਈ 10-15 ਸਿੱਖੀ ਸਰੂਪ ਵਾਲੇ ਐਂਕਰ ਚਾਹਹੀਦੇ ਹਨ। ਹਿੰਦੋਸਤਾਨ ਵਿੱਚ ਇਸ ਪੱਖੋਂ ਥੋੜਾ ਕੰਮ ਜਸਪਾਲ ਭੱਟੀ ਨੇ ਵੀ ਕੀਤਾ ਸੀ। ਸਾਨੂੰ ਪਾਰਟੀ ਲਾਈਨ ਤੋਂ ਉਪਰ ਉਠ ਕੇ ਸਿੱਧੂ ਵਰਗੇ ਲੋਕਾਂ ਨੂੰ ਇਸ ਪੱਖੋਂ ਪਰਵਾਨਗੀ ਦੇਣੀ ਚਾਹੀਦੀ ਹੈ।
ਦੂਰ ਤੱਕ ਕਾਂਟੇ ਬਿਛੇ ਥੇ, ਜ਼ਿੰਦਗੀ ਕੀ ਰਾਹ ਮੇਂ
ਇਟਲੀ ਦੀ ਪਹਿਲੀ ਮਹਿਲਾ ਡਾਕਟਰ ਮਾਰਿਆ ਮਾਨਟੇਸਰੀ ਦੀ ਜੀਵਨ ਕਹਾਣੀ ਜਿੰਨੀ ਰੋਚਕ ਅਤੇ ਦਿਲਚਸਪ ਹੈ, ਉਨੀ ਹੀ ਪ੍ਰੇਰਨਾਤਮਕ ਵੀ ਹੈ। ਮਾਰਿਆ 31 ਅਗਸਤ 1970 ਵਿੱਚ ਇਟਲੀ ਵਿਖੇ ਪੈਦਾ ਹੋਈ ਸੀ। ਮਾਰਿਆ ਨੇ 30 ਵਰ੍ਹਿਆਂ ਦੀ ਉਮਰ ਵਿੱਚ ਡਾਕਟਰ ਬਣਨ ਦਾ ਫ਼ੈਸਲਾ ਕੀਤਾ, ਜੋ ਉਸ ਸਮੇਂ ਇੱਕ ਵੱਡਾ ਇਨਕਲਾਬੀ ਫ਼ੈਸਲਾ ਸੀ। ਉਸ ਵਕਤ ਤੱਕ ਰੋਮ ਵਿੱਚ ਸਿਰਫ਼ ਪੁਰਸ਼ ਹੀ ਡਾਕਟਰ ਬਣ ਸਕਦੇ ਸਨ ਅਤੇ ਔਰਤਾਂ ਨੂੰ ਮੈਡੀਕਲ ਦੀ ਪੜ੍ਹਾਈ ਦੀ ਆਗਿਆ ਨਹੀਂ ਸੀ। ਉਸਦੇ ਬੇਨਤੀ ਪੱਤਰ ਦੇ ਜਵਾਬ ਵਿੱਚ ਰੋਮ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਸੀ ਕਿ ‘ਇਹ ਅਸੰਭਵ ਹੈ। ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਕੋਈ ਮਹਿਲਾ ਡਾਕਟਰ ਬਣੀ ਹੋਵੇ ਅਤੇ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।’ ਜਿਹਨਾਂ ਲੋਕਾਂ ਦੇ ਇਰਾਦੇ ਪੱਕੇ ਹੁੰਦੇ ਹਨ ਅਤੇ ਜਿਹਨਾਂ ਲੋਕਾਂ ਦੇ ਮਨਾਂ ਵਿੱਚ ਕੁਝ ਨਵਾਂ ਕਰਨ ਦੀ ਧੁੰਨ ਸਵਾਰ ਹੁੰਦੀ ਹੈ, ਜੋ ਲੋਕ ਆਪਣੇ ਟੀਚੇ ਨੂੰ ਜਨੂੰਨ ਦੀ ਹੱਦ ਤੱਕ ਪਾਉਣ ਦੇ ਇਛੁੱਕ ਹੁੰਦੇ ਹਨ। ਉਹ ਲਗਾਤਾਰ ਯਤਨ ਕਰਦੇ ਰਹਿੰਦੇ ਹਨ ਅਤੇ ਸਫ਼ਲਤਾ ਇੱਕ ਨਾ ਇੱਕ ਦਿਨ ਉਹਨਾਂ ਦੇ ਕਦਮਾਂ ਵਿੱਚ ਆ ਜਾਂਦੀ ਹੈ। ਮਾਰਿਆ ਨੂੰ ਵੀ ਆਖਿਰ ਸਫ਼ਲਤਾ ਮਿਲੀ ਅਤੇ ਪੋਪ ਨੇ ਉਸਦੀ ਸਿਫ਼ਾਰਸ਼ ਕੀਤੀ ਅਤੇ ਮਾਰੀਆ ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋ ਗਈ। ਇਹ ਸਫ਼ਲਤਾ ਤਾਂ ਮਹਿਜ਼ ਮੁਢਲੇ ਕਦਮ ਦੀ ਸਫ਼ਲਤਾ ਸੀ ਅਜੇ ਤਾਂ ਉਸਨੇ ਕਠਿਨਾਈਆਂ ਭਰੇ ਸਫ਼ਰ ਨੂੰ ਤਹਿ ਕਰਨਾ ਸੀ।
ਮੈਡੀਕਲ ਕਾਲਜ ਵਿੱਚ ਉਸਦਾ ਮੁਸ਼ਕਿਲਾਂ ਭਰਿਆ ਸਫ਼ਰ ਸ਼ੁਰੂ ਹੋਇਆ। ਔਰਤ ਵਿਰੋਧੀ ਮਾਨਸਿਕਤਾ ਵਾਲੇ ਇੱਕ ਮਹਿਲਾ ਨੂੰ ਡਾਕਟਰ ਬਣਨਾ ਨਹੀਂ ਵੇਖਣਾ ਚਾਹੁੰਦੇ ਸਨ। ਨਤੀਜੇ ਵਜੋਂ ਉਸਦੇ ਸਹਿਪਾਠੀਆਂ ਵੱਲੋਂ ਹੀ ਉਸ ਨਾਲ ਭੈੜਾ ਸਲੂਕ ਕਰਨ ਦਾ ਅਤੇ ਹਰ ਕਦਮ ‘ਤੇ ਕੰਡੇ ਬੀਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਦੂਰ ਤੱਕ ਕਾਂਟੇ ਬਿਛੇ ਥੇ, ਜ਼ਿੰਦਗੀ ਕੀ ਰਾਹ ਮੇਂ
ਢੂਡਨੇ ਵਾਲੋਂ ਨੇ ਦੇਖੋ, ਫ਼ਿਰ ਭੀ ਕਲੀਆਂ ਢੂੰਡ ਲੀ।
ਮਾਰਿਆ ਨੇ ਵੀ ਆਪਣੇ ਰਾਹ ਦੀਆਂ ਕਠਿਨਾਈਆਂ ਅਤੇ ਚੁਣੌਤੀਆਂ ਨੰ ਆਪਣੀ ਸਫ਼ਲਤਾ ਦੀ ਪੌੜੀ ਦੇ ਡੰਡੇ ਬਣਾ ਲਿਆ। ਮਾਰਿਆ ਨੂੰ ਜਾਣ ਬੁੱਝ ਕੇ ਰਾਤ ਨੂੰ ਮੁਰਦਾਘਰ ਜਾ ਕੇ ਮੁਰਦਿਆਂ ਦੀ ਚੀਰ ਫ਼ਾੜ ਲਈ ਮਜਬੂਰ ਕੀਤਾ ਜਾਂਦਾ ਸੀ। ਉਸਨੇ ਹਰ ਮੁਸ਼ਕਿਲ ਦਾ ਸਾਹਮਣਾ ਦਲੇਰੀ ਨਾਲ ਕੀਤਾ ਅਤੇ 1896 ਵਿੱਚ ਉਹ ਇਟਲੀ ਦੀ ਪਹਿਲੀ ਮਹਿਲਾ ਡਾਕਟਰ ਬਣ ਗਈ। ਡਾਕਟਰ ਬਣਨ ਤੋਂ ਬਾਅਦ ਵੀ ਉਸ ਸਮੇਂ ਦੇ ਪੁਰਸ਼ ਪ੍ਰਧਾਨ ਸਮਾਜ ਵੱਲੋਂ ਕੀਤਾ ਜਾ ਰਿਹਾ ਭੇਦਭਾਵ ਜਾਰੀ ਰਿਹਾ। ਔਰਤ ਹੋਣ ਕਾਰਨ ਉਸਨੂੰ ਮਰਦਾਂ ਦੇ ਇਲਾਜ ਕਰਨ ਤੋਂ ਵਾਂਝਿਆਂ ਰੱਖਿਆ ਗਿਆ ਅਤੇ ਉਸ ਨੂੰ ‘ਮੰਦਬੁੱਧੀ( ਬੱਚਿਆਂ ਦੇ ਇਲਾਜ ਦੀ ਡਿਊਟੀ ਸੌਂਪੀ ਗਈ। ਕਠਿਨਾਈਆਂ ਅਸਲ ਵਿੱਚ ਉਹ ਔਜਾਰ ਹੁੰਦੇ ਹਨ, ਜਿਹਨਾਂ ਨਾਲ ਪ੍ਰਮਾਤਮਾ ਸਾਨੂੰ ਬਿਹਤਰ ਕੰਮਾਂ ਲਈ ਤਿਆਰ ਕਰਦਾ ਹੈ। ਮਾਰਿਆ ਨੇ ਇਸ ਚੁਣੌਤੀ ਨੂੰ ਵੀ ਸਵੀਕਾਰ ਕੀਤਾ ਅਤੇ ਮੰਦਬੁੱਧੀ ਬੱਚਿਆਂ ਦੀ ਅਧਿਆਪਨ ਵਿਧੀ ‘ਤੇ ਖੂਬ ਖੋਜ ਕਰਨੀ ਸ਼ੁਰੂ ਕੀਤੀ। ਇਹਨਾਂ ਦਿਨਾਂ ਵਿੱਚ ਹੀ ਉਹ ਆਪਣੀ ਇੱਕ ਸਾਥੀ ਡਾਕਟਰ ਨੂੰ ਪਿਆਰ ਕਰ ਬੈਠੀ ਅਤੇ ਉਸਨੂੰ ਧੋਖਾ ਦੇ ਦਿੱਤਾ ਤਾਂ ਉਸਨੇ ਆਪਣੇ ਪੁੱਤਰ ਨੂੰ ਪਾਲਣ ਲਈ ਕਿਸੇ ਪਿੰਡ ਛੱਡ ਦਿੱਤਾ ਪਰ ਕੁਝ ਵਰਿਆਂ ਬਾਅਦ ਆਪਣੇ ਕੋਲ ਲੈ ਆਈ। ਉਸਦੇ ਪੁੱਤਰ ਨੇ ਉਸਦੀ ਖੋਜ ਵਿੱਚ ਬਹੁਤ ਮਦਦ ਕੀਤੀ। ਜਿਹਨਾਂ ‘ਮੰਦਬੁੱਧੀ’ ਬੱਚਿਆਂ ਨੂੰ ਪੜ੍ਹਾਉਂਦੀ ਸੀ ਉਹ ਕੁਝ ਮਹੀਨਿਆਂ ਬਾਅਦ ਹੀ ਆਮ ਬੱਚਿਆਂ ਦੀ ਤਰ੍ਹਾਂ ਪੜਨ ਲਿਖਣ ਦੇ ਕਾਬਲ ਹੋ ਜਾਂਦ ਸਨ। ਹੌਲੀ ਹੌਲੀ ਮਾਰਿਆ ਦੀ ਪਹਿਚਾਣ ਬਣਨ ਲੱਗੀ ਸੀ। ਉਸਨੇ ਆਪਣੀ ਪੜ੍ਹਾਉਣ ਵਾਲੀ ਪ੍ਰਣਾਲੀ ਨੂੰ ਵਾਰ ਵਾਰ ਦੁਹਰਾ ਕੇ ਉਸਦੀ ਸਫ਼ਲਤਾ ਦੀ ਜਾਂਚ ਕਰ ਲਈ। ਜਦੋਂ ਉਸਨੂੰ ਆਪਣੀ ਬਣਾਈ ਅਧਿਆਪਨ ਵਿਧੀ ‘ਤੇ ਯਕੀਨ ਹੋ ਗਿਆ ਤਾਂ ਉਸਨੇ 1988 ਵਿੱਚ ਆਰਥੋਪੈਡਿਕ ਸਕੂਲ ਆਫ਼ ਰੋਮ ਦੀ ਸਥਾਪਨਾ ਕੀਤੀ। ਆਪਣੀ ਸਿੱਖਿਆ ਪ੍ਰਣਾਲੀ ਦੇ ਪ੍ਰਚਾਰ ਪ੍ਰਸਾਰ ਲਈ ਮਾਨਸਟੇਰੀ ਦੀ ਨੌਕਰੀ ਛੱਡ ਦਿੱਤੀ। ਆਖਿਰ ਵਿਸ਼ਵ ਨੇ ਉਸਦੀ ਸਿੱਖਿਆ ਪ੍ਰਣਾਲੀ ਨੂੰ ਅਪਣਾ ਲਿਆ ਅਤੇ ਮਾਰਿਆ ਮਾਨਟੇਸਰੀ ਦੁਨੀਆਂ ਦੀ ਮੰਨੀ ਪ੍ਰਮੰਨੀ ਸ਼ਖਸੀਅਤ ਬਣ ਗਈ। 1952 ਵਿੱਚ ਜਦੋਂ ਉਹ ਦੁਨੀਆਂ ਤੋਂ ਰੁਖਸਤ ਹਈ ਤਾਂ ਰੋਮ ਵਾਸੀਆਂ ਨੇ ਬਹੁਤ ਅਫ਼ਸੋਸ ਮਨਾਇਆ ਕਿਉਂਕਿ ਉਸਦੇ ਮੰਦਬੁੱਧੀ ਬੱਚਿਆਂ ਲਈ ਵੱਡਾ ਕੰਮ ਕੀਤਾ ਸੀ। ਮਾਰਿਆ ਦੀ ਸਫ਼ਲਤਾ ਦੀ ਕਹਾਣੀ ਸਾਨੂੰ ਸਪਸ਼ਟ ਕਦੀ ਹੈ ਕਿ ਦ੍ਰਿੜ ਇਰਾਦੇ ਵਾਲੇ ਮਨੁੱਖ ਅੰਤ ਵਿੱਚ ਹਰ ਕਠਿਨਾਈ ‘ਤੇ ਕਾਬੂ ਪਾ ਕੇ ਜਿੱਤ ਪ੍ਰਾਪਤ ਕਰ ਲੈਂਦੇ ਹਨ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218