Month: October 2017

ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਅਤੇ ਪਿਛੋਕੜ

ਗੁਰੂ ਕੇ ਲਾਲ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾ 3 ਮਈ 1718 ਨੂੰ ਸ੍ਰੀ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਤੋਂ 10 ਵਰ੍ਹੇ ਬਾਅਦ ਹੋਇਆ ਸੀ। ਪੰਜਾਬ ਦੇ ਭਾਸ਼ਾ ਵਿਭਾਗ ਨੇ ‘ਪੰਜਾਬ ਦੇ ਨਾਇਕ’ ਲੜੀ ਅਧੀਨ ਨਵਾਬ ਜੱਸਾ ਸਿੰਘ ਆਹਲੂਵਾਲੀਆ ਉਪਰ ਖੋਜ ਆਧਾਰਿਤ ਪੁਸਤਕ 1983 ਵਿੱਚ ਪ੍ਰਕਾਸ਼ਿਤ ਕੀਤੀ ਸੀ। ਇਸਦੇ ਲੇਖਕ ਪ੍ਰੋ. ਸੁਰਜੀਤ ਸਿੰਘ ਗਾਂਧੀ ਨੇ ਤਵਾਰੀਖ ਰਿਆਸਤ ਕਪੂਰਥਲਾ, ਰਤਨ ਸਿੰਘ ਰਚਿਤ ਪ੍ਰਾਚੀਨ ਪੰਥ ਪ੍ਰਕਾਸ਼, ਡਾ. ਗੰਡਾ ਸਿੰਘ ਗੰਡਾ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਤਾਰੀਖ-ਏ-ਹਿੰਦ, ਤਾਰੀਖ-ਏ ਆਲਮਗੀਰੀ ਅਤੇ ਡਾ. ਗੰਡਾ ਸਿੰਘ ਦੀ ਪੁਸਤਕ ਅਹਿਮਦਸ਼ਾਹ ਦੁਰਾਨੀ ਆਦਿ ਅਨੇਕਾਂ ਦਸਤਾਵੇਜ਼ਾਂ ਅਤੇ ਪੁਸਤਕਾਂ ਦੇ ਹਵਾਲੇ ਨਾਲ ਇਹ ਪੁਸਤਕ ਲਿਖੀ ਸੀ। ਇਸ ਪੁਸਤਕ ਅਨੁਸਾਰ ਸ. ਜੱਸਾ ਸਿੰਘ ਆਹਲੂਵਾਲੀਆ ਦੇ ਪੂਰਵਜ ਸੋਲ੍ਹਵੀ ਸਦੀ ਵਿੱਚ ਤਰਨਤਾਰਨ ਦੇ ਨੇੜੇ ਗਲੋਬ ਚੱਕ ਨਾਮਕ ਸਥਾਨ ਉਤੇ ਵੱਸੇ ਸਨ। ਸ. ਜੱਸਾ ਸਿੰਘ ਆਹਲੂਵਾਲੀਆ ਦੇ ਪਰਿਵਾਰ ਦਾ ਸਿੱਖ ਪੰਥ ਨਾਲ ਸਬੰਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ। ਇਹਨਾਂ ਸਬੰਧਾਂ ਦਾ ਆਰੰਭ ਭਾਈ ਨੈਤਾ ਸਿੰਘ ਅਤੇ ਉਸਦੇ ਸਪੁੱਤਰ ਬਧਾਵਾ ਸਿੰਘ ਵੱਲੋਂ ਸਤਿਗੁਰੂ ਜੀ ਦੁਸ਼ਟ-ਦਮਨ ਫ਼ੌਜ ਵਿੱਚ ਭਰਤੀ ਹੋਣ ਨਾਲ ਹੁੰਦਾ ਹੈ। ਦੋਵੇਂ ਪਿਓ-ਪੁੱਤ ਬਹਾਦਰ ਸੂਰਬੀਰ ਯੋਧੇ ਸਨ ਅਤੇ ਗੁਰੂ ਹਰਗੋਬਿੰਦ ਜੀ ਉਹਨਾਂ ਤੋਂ ਬਹੁਤ ਖੁਸ਼ ਸਨ। ਭਾਈ ਵਧਾਵਾ ਸਿੰਘ ਦਾ ਪੁੱਤ ਭਾਈ ਗੰਡਾ ਸਿੰਘ ਵੀ ਆਪਣੇ ਪਿਓ ਅਤੇ ਦਾਦੇ ਵਾਂਗ ਵੱਡਾ ਪ੍ਰਤਾਪੀ ਯੋਧਾ ਸੀ। ਭਾਈ ਗੰਡਾ ਸਿੰਘ ਦਾ ਲਾਹੌਰ ਦੇ ਇਲਾਕੇ ਵਿੱਚ ਪੂਰਾ ਦਾਬਾ ਕਾਇਮ ਸੀ। ਮੁਗਲਾਂ ਦੀਆਂ ਫ਼ੌਜਾਂ ਨੂੰ ਟਿੱਚ ਸਮਝਦਾ ਸੀ। ਜਦੋਂ ਭਾਈ ਗੰਡਾ ਸਿੰਘ ਮੁਗਲਾਂ ਦੇ ਹੱਥ ਨਾ ਆਇਆ ਤਾਂ ਲਾਹੌਰ ਦੇ ਨਾਇਬ ਹਾਕਿਮ ਦਿਲਾਵਰ ਖਾਂ ਨੇ ਭਾਈ ਗੰਡਾ ਸਿੰਘ ਨੂੰ ਮੁਗਲਾਂ ਦੀ ਫ਼ੌਜ ਵਿੱਚ ਭਰਤੀ ਹੋਣ ਲਈ ਮਨਾ ਲਿਆ। ਮੁਲਤਾਨ ਦੀ ਇਕ ਲੜਾਈ ਵਿੱਚ ਭਾਈ ਗੰਡਾ ਸਿੰਘ ਦੀ ਬਹਾਦਰੀ ਵੇਖ ਕੇ ਦਿਲਾਵਰ ਖਾਂ ਨੇ ਭਾਈ ਨੂੰ ਆਹਲੂ, ਹਲੋ, ਸਾਧੋ, ਤੂਰ ਅਤੇ ਚੱਕ ਪਿੰਡਾਂ ਦੀ ਜਾਗੀਰ ਦੇ ਦਿੱਤੀ ਸੀ।
ਆਹਲੂ ਪਿੰਡ ਦੀ ਜ਼ਿੰਮੇਵਰੀ ਮਿਲਣ ਤੋਂ ਬਾਅਦ ਭਾਈ ਗੰਡਾ ਸਿੰਘ ਦੇ ਵੰਸ਼ਜ਼ਾਂ ਨੂੰ ਆਹਲੂਵਾਲੀਆ ਕਿਹਾ ਜਾਣ ਲੱਗਾ। ਭਾਈ ਗੰਡਾ ਸਿੰਘ ਦੇ ਪੁੱਤਰ ਸਾਧੂ ਸਿੰਘ ਦਾ ਵਿਆਹ ਕਲਾਲ ਵੰਸ਼ ਦੀ ਕੰਨਿਆ ਨਾਲ ਹੋਇਆ। ਸਾਧੂ ਸਿੰਘ ਦੇ ਘਰ ਚਾਰ ਪੁੱਤਰਾਂ ਅਤੇ ਇਕ ਧੀ ਨੇ ਜਨਮ ਲਿਆ ਅਤੇ ਇਹਨਾਂ ਪੰਜਾਂ ਦਾ ਵਿਆਹ ਵੀ ਕਲਾਲਾਂ ਪਰਿਵਾਰਾਂ ਵਿੱਚ ਹੋਇਆ। ਇਸੇ ਕਰਕੇ ਕਈ ਲੋਕ ਇਹਨਾਂ ਨੂੰ ਆਹਲੂਵਾਲੀਆ ਕਲਾਲ ਵੀ ਲਿਖਦੇ ਹਨ। ਇਸੇ ਪਰਿਵਾਰ ਦੇ ਦੋ ਮੁੰਡੇ ਗੁਪਾਲ ਸਿੰਘ ਅਤੇ ਦੇਵਾ ਸਿੰਘ ਆਸਥਾਵਾਨ ਸਿੱਖ ਸਨ। ਦੇਵਾ ਸਿੰਘ ਤਾਂ ਕੁਝ ਸਮੇਂ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਵਿੱਚ ਵੀ ਰਹੇ ਸਨ। ਦੇਵਾ ਸਿੰਘ ਆਹਲੂਵਾਲੀਆ ਦੇ ਤਿੰਨ ਬੇਟੇ ਸਨ। ਇਹਨਾਂ ਦੇ ਨਾਮ ਸਨ ਗੁਰਬਖਸ਼ ਸਿੰਘ, ਸਦਰ ਸਿੰਘ ਅਤੇ ਬਦਰ ਸਿੰਘ। ਬਦਰ ਸਿੰਘ ਸਰੀਰਕ ਤੌਰ ‘ਤੇ ਬਹੁਤ ਬਲਵਾਨ ਅਤੇ ਉਚੇ ਕੱਦ ਦਾ ਸਰਦਾਰ ਸੀ। ਸਰੀਰਕ ਸ਼ਕਤੀ ਦੇ ਨਾਲ ਨਾਲ ਉਹ ਉਚੀ ਆਤਮਕ ਸ਼ਕਤੀ ਦਾ ਵੀ ਮਾਲਕ ਸੀ। ਬਦਰ ਸਿੰਘ ਨੇ ਆਪਣੇ ਪਿਤਾ ਦੇਵਾ ਸਿੰਘ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਕਰ ਕਮਲਾਂ ਨਾਲ ਅੰਮ੍ਰਿਤਪਾਨ ਕੀਤਾ ਸੀ।
ਭਾਈ ਬਦਰ ਸਿੰਘ ਦਾ ਵਿਆਹ ਹਲੋ-ਸਾਧੋ ਪਿੰਡ ਦੇ ਸਰਦਾਰ ਬਾਹਾ ਸਿੰਘ ਦੀ ਭੈਣ ਨਾਲ ਹੋਇਆ ਸੀ। ਭਾਈ ਬਦਰ ਸਿੰਘ ਦੀ ਪਤਨੀ ਧਾਰਮਿਕ ਤੌਰ ‘ਤੇ ਬਹੁਤ ਉਚੀ ਅਵਸਥਾ ‘ਤੇ ਸੀ ਅਤੇ ਗੁਰਬਾਣੀ ਕੀਰਤਨ ਵਿੱਚ ਵੀ ਬਹੁਤ ਪ੍ਰਬੀਨ ਸੀ। ਉਹ ਦੋਵਾਰਾ ਬਜਾਉਣ ਵਿੱਚ ਮਾਹਿਰ ਸੀ ਅਤੇ ਰੋਜ਼ਾਨਾ ਖੁਦ ਕੀਰਤਨ ਕਰਦੀ ਸੀ। ਉਹਨਾਂ ਦੇ ਪਵਿੱਤਰ ਜੀਵਨ ਦਾ ਪ੍ਰਭਾਵ ਉਹਨਾਂ ਦੇ ਪੁੱਤਰ ਸਰਦਾਰ ਜੱਸਾ ਸਿੰਘ ਦੇ ਜੀਵਨ ਉਤੇ ਪ੍ਰਤੱਖ ਵੇਖਿਆ ਜਾ ਸਕਦਾ ਹੈ। ਭਾਈ ਬਦਰ ਸਿੰਘ ਅਤੇ ਉਹਨਾਂ ਦੀ ਪਤਨੀ ਪੂਰਨ ਗੁਰਸਿੱਖੀ ਵਾਲਾ ਜੀਵਨ ਬਤੀਤ ਕਰ ਰਹੇ ਸਨ ਪਰ ਇਕ ਕਮੀ ਸੀ, ਉਹਨਾਂ ਦੇ ਜੀਵਨ ਵਿੱਚ। ਵਿਆਹ ਤੋਂ ਲੰਮੇ ਸਮੇਂ ਤੱਕ ਉਹਨਾਂ ਦੇ ਕੋਈ ਸੰਤਾਨ ਨਹੀਂ ਹੋਈ। ਪਤੀ-ਪਤਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਗੁਰੂ ਸਾਹਿਬ ਨੇ ਕਿਹਾ, ”ਵਾਹਿਗੁਰੂ ਅਕਾਲ ਪੁਰਖ ਦੀ ਅਰਾਧਨਾ ਕਰੋ। ਸਾਧ ਸੰਗਤ ਦੀ ਸੇਵਾ ਕਰੋ। ਤੁਹਾਡਾ ਪੁੱਤਰ ਗੁਰੂ ਕਾ ਲਾਲ ਹੋਵੇਗਾ।” ਗੁਰੂ ਸਾਹਿਬ ਆਦੇਸ਼ ਮੁਤਾਬਕ ਦੋਵੇਂ ਪਤੀ-ਪਤਨੀ ਸਾਧ ਸੰਗਤ ਦੀ ਸੇਵਾ ਵਿੱਚ ਲੱਗੇ ਰਹੇ ਅਤੇ 3 ਮਈ 1718 ਨੂੰ ‘ਗੁਰੂ ਕੇ ਲਾਲ’ ਨਵਾਬ ਜੱਸਾ ਸਿੰਘ ਦਾ ਜਨਮ ਹੋਇਆ।
ਇਉਂ ਗੁਰੂ ਗੋਬਿੰਦ ਸਿੰਘ ਦੇ ਆਸ਼ੀਰਵਾਦ ਨਾਲ ਪੈਦਾ ਹੋਏ ਸਰਦਾਰ ਜੱਸਾ ਸਿੰਘ ਆਹਲੂਵਾਲੀਾ ਸਿੱਖ ਕੌਮ ਦੇ ਅਜਿਹੇ ਜਰਨੈਲ ਬਣੇ ਜਿਹਨਾਂ ਨੂੰ ਕੌਮ ਦੇ ਸੁਲਤਾਨ ਹੋਣ ਦਾ ਮਾਣ ਪ੍ਰਾਪਤ ਹੋਇਆ। ਜੱਸਾ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪਤਨੀ ਮਾਤਾ ਸੁੰਦਰੀ ਦੀ ਗੋਦ ਵਿੱਚ ਖੇਡਣ ਦਾ ਵੀ ਮਾਣ ਪ੍ਰਾਪਤ ਹੋਇਆ ਸੀ। 300 ਸਾਲ ਪਹਿਲਾਂ ਪੈਦਾ ਹੋੲ ੇਇਸ ‘ਗੁਰੂ ਕੇ ਲਾਲ’ ਦਾ ਤਿੰਨ ਸੌ ਸਾਲਾ ਜਨਮ ਦਿਨ ਅਗਲੇ ਵਰ੍ਹੇ ਮਨਾਇਆ ਜਾ ਰਿਹਾ ਹੈ।
ਪੱਤਰਕਾਰ ਬਣਾਉਣ ਦਾ ਗੋਰਖਧੰਦਾ ਵੱਧ ਰਿਹੈ
ਰਿਪੋਰਟ ਬਣਨ ਦਾ ਸੁਨਹਿਰੀ ਮੌਕਾ। ਲੋੜ ਹੈ ਪੱਤਰਕਾਰਾਂ ਦੀ ਅਤੇ ਕੈਮਰਾਮੈਨ ਦੀ। ਚਾਹਵਾਨ ਲੋਕ ਦਿੱਤੇ ਗਏ ਨੰਬਰ ‘ਤੇ ਸੰਪਰਕ ਕਰਨ। ਅਜਿਹੇ ਇਸ਼ਤਿਹਾਰਾਂ ਦੀ ਭਰਮਾਰ ਹੈ ਅੱਜ ਕੱਲ੍ਹ। ਅਜਿਹੇ ਵਿਗਿਆਪਨਾਂ ਤੋਂ ਇਲਾਵਾ ਮੈਨੂੰ ਨਿੱਜੀ ਤੌਰ ‘ਤੇ ਹਰ ਮਹੀਨੇ ਦੋ-ਚਾਰ ਫ਼ੋਨ ਆਉਂਦੇ ਹਨ ਜੋ ਮੇਰੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਸਿਖਲਾਈ ਲਈ ਟਰੇਨੀ ਜਾਂ ਇੰਟਰਨ ਦੇ ਤੌਰ ‘ਤੇ ਬੁਲਾਉਂਦੇ ਹਨ। ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਤਨਖਾਹ ਕਿੰਨੀ ਦਿਓਗੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਪਹਿਲੇ ਤਿੰਨ ਮਹੀਨੇ ਤਾਂ ਅਸੀਂ ਕੰਮ ਸਿਖਾਵਾਂਗੇ ਅਤੇ ਫ਼ਿਰ ਉਹਨਾਂ ਦੀ ਸਕਿਲ ਦੇ ਮੁਤਾਬਕ ਤਨਖਾਹ ਵੀ ਦੇ ਦੇਵਾਂਗੇ। ਅਜਿਹੀ ਪੇਸ਼ਕਸ਼ ਜਦੋਂ ਕਿਸੇ ਚੰਗੇ ਅਖਬਾਰ ਜਾਂ ਟੀ. ਵੀ. ਚੈਨਲ ਵੱਲੋਂ ਆਉਂਦੀ ਹੈ ਤਾਂ ਮੈਂ ਬੱਚਿਆਂ ਨੂੰ ਉਹਨਾਂ ਦੀ ਸਕਿਲ ਜਾਂ ਪ੍ਰਬੀਨਤਾ ਮੁਤਾਬਕ ਸਲਾਹ ਦੇ ਦਿੰਦਾ ਹਾਂ ਅਤੇ ਸਿਫ਼ਾਰਸ਼ ਵੀ ਕਰ ਦਿੰਦਾ ਹਾਂ। ਕਈ ਵਾਰ ਚੈਨਲਾਂ ਵਾਲੇ ਯੂਨੀਵਰਸਿਟੀ ਆ ਕੇ ਵਿਦਿਆਰਥੀਆਂ ਦੇ ਟੈਸਟ ਲੈ ਕੇ ਯੋਗ ਵਿਦਿਆਰਥੀਆਂ ਨੂੰ ਚੁਣ ਲੈਂਦੇ ਹਨ। ਪਰ ਮੈਂ ਆਰੰਭ ਵਿੱਚ ਜਿਹਨਾਂ ਇਸ਼ਤਿਹਰਾਂ ਦੀ ਗੱਲ ਕੀਤੀ ਹੈ ਉਹ ਨਾ ਤਾਂ ਕਿਸੇ ਜਾਣੇ-ਪਹਿਚਾਣੇ ਅਦਾਰੇ ਵੱਲੋਂ ਹੁੰਦੇ ਹਨ ਅਤੇ ਨਾ ਉਹਨਾਂ ਦੇ ਮਾਲਕਾਂ ਦੀ ਕੋਈ ਵਿਸ਼ਵਾਸਯੋਗਤਾ ਹੁੰਦੀ ਹੈ।
ਇਸ ਤਰ੍ਹਾਂ ਦਾ ਧੰਦਾ ਜ਼ਿਆਦਾਤਰ ਨਿੱਤ ਨਵੀਆਂ ਖੁੱਲ੍ਹ ਰਹੀਆਂ ਲਿਊਜ਼ ਵੈਬਸਾਈਟਾਂ ਦੁਆਰਾ ਕੀਤਾ ਜਾ ਰਿਹਾ ਹੈ। ਅਜਿਹੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਸ਼ਤਿਹਾਰ ਦੇ ਕੇ ਪੱਤਰਕਾਰੀ ਨੂੰ ਇਕ ਮਜਾਕ ਬਣਾ ਕੇ ਰੱਖ ਦਿੱਤਾ ਹੈ। ਵਟਸਅੱਪ ਗਰੁੱਪਾਂ ਵਿੱਚ ਅਜਿਹੇ ‘ਜ਼ਰੂਰਤ ਹੈ’ ਵਾਲੇ ਇਸ਼ਤਿਹਾਰ ਅਕਸਰ ਵੇਖਣ ਨੂੰ ਮਿਲ ਜਾਂਦੇ ਹਨ। ਬਹੁਤ ਸਾਰੇ ਅਖਬਾਰਾਂ ਵਾਲੇ ਵੀ ਆਪਣੇ ‘ਵੈਬ ਚੈਨਲ’ ਲਈ ਪੱਤਰਕਾਰਾਂ ਦੀ ਮੰਗ ਵਾਲੇ ਵਿਗਿਆਪਨ ਵੀ ਦੇ ਰਹੇ ਹਨ। ਇਸ ਕੰਮ ਵਿੱਚ ਸਾਰੇ ਛੋਟੇ ਵੱਡੇ ਅਖਬਾਰ ਸ਼ਾਮਲ ਹਨ ਪਰ ਹੈਰਾਨੀ ਤਾਂ ਵੈਬਸਾਈਟਾਂ ਵੱਲੋਂ ਰਿਪੋਟਰਾਂ ਦੀ ਮੰਗ ਕਰਨ ਦੇ ਇਸ਼ਤਿਹਾਰਾਂ ‘ਤੇ ਹੁੰਦੀ ਹੈ। ਇਕ ਸੀਨੀਅਰ ਰਿਪੋਰਟਰ ਨੇ ਦੱਸਿਆ ਕਿ ਉਸਨੇ ਅਜਿਹੇ ਇਕ ਇਸ਼ਤਿਾਰ ਨੂੰ ਹੁੰਗਾਰਾ ਦਿੰਦੇ ਹੋਏ ਇਕ ਨਿਊਜ਼ ਵੈਬਸਾਈਟ ਨੂੰ ਦਿੱਤੇ ਹੋਏ ਨੰਬਰ ‘ਤੇ ਫ਼ੋਨ ਕੀਤਾ। ਉਸਨੂੰ ਪੁੱਛਿਆ ਗਿਆ ਕਿ ਮੇਰਾ ਪੱਤਰਕਾਰੀ ਦਾ ਕੋਈ ਅਨੁਭਵ ਹੈ ਅਤੇ ਮੈਂ ਨਾਂਹ ਵਿੱਚ ਜਵਾਬ ਦਿੱਤਾ ਤਾਂ ਉਹਨਾਂ ਨੇ ਪੁੱਛਿਆ ਕਿ ਮੈਂ ਪੱਤਰਕਾਰ ਕਿਉਂ ਬਣਨਾ ਚਾਹੁੰਦਾ ਹਾਂ। ਜਵਾਬ ਵਿੱਚ ਸੀਨੀਅਰ ਪੱਤਰਕਾਰ ਨੇ ਮਚਲੇ ਹੋ ਕੇ ਕਿਹਾ ਕਿ ਬੱਸ ਸ਼ੌਂਕ ਪੂਰਾ ਕਰਨਾ ਹੈ। ਇਸ ਤਰ੍ਹਾਂ ਇੰਟਰਵਿਊ ਦੇ ਡਰਾਮੇ ਤੋਂ ਬਾਅਦ ਨਿਊਜ਼ ਵੈਬਸਾਈਟ ਦੇ ਮਾਲਕ ਨੇ ਕਿਹਾ ਕਿ ਪੰਜ ਫ਼ੋਟੋਆਂ ਦੇ ਨਾਲ 3 ਹਜ਼ਾਰ ਰੁਪਏ ਭੇਜੋ ਤਾਂ ਕਿ ਤੁਹਾਨੂੰ ਆਈ ਕਾਰਡ, ਅਥਾਰਟੀ ਲੈਟਰ ਅਤੇ ਮਾਈਕ ਆਈ. ਡੀ. ਭੇਜ ਸਕੀਏ। ਜਦੋਂ ਪੱਤਰਕਾਰ ਨੇ ਪੁੱਛਿਆ ਕਿ ਤਨਖਾਹ ਕਿੰਨੀ ਦੇਵੋਗੇ ਤਾਂ ਜਵਾਬ ਆਇਆ ਤਨਖਾਹ ਨਹੀਂ ਮਿਲੇਗੀ, ਸਿਰਫ਼ ਕਮੀਸ਼ਨ ਮਿਲੇਗਾ ਇਸ਼ਤਿਹਾਰਾ ਵਿੱਚੋਂ। ਜੋ ਵੀ ਇਸ਼ਤਿਹਾਰ ਤੁਸੀਂ ਲੈ ਕੇ ਆਓਗੇ ਤਾਂ ਤੁਹਾਨੂੰ 30-40 ਫ਼ੀਸਦੀ ਕਮੀਸ਼ਨ ਦਿੱਤਾ ਜਾਵੇਗਾ। ਇਹ ਤੁਹਾਡੀ ਹਿੰਮਤ ਹੈ ਜਿੰਨੇ ਮਰਜੀ ਪੈਸੇ ਕਮਾ ਲਵੋ। ਇਸੇ ਤਰ੍ਹਾਂ ਵੱਖ-ਵੱਖ ਚੈਨਲਾਂ ਨੇ ਆਪੋ ਆਪਦੇ ਤਰੀਕੇ ਖੋਜ ਰੱਖੇ ਨੇ ਪੈਸੇ ਬਟੋਰਨ ਦੇ ਅਤੇ ਪੱਤਰਕਾਰ ਬਣਾਉਣ ਦੇ। ਇਸ ਤਰ੍ਹਾਂ ਪੱਤਰਕਾਰ ਬਣਾਉਣ ਦਾ ਇਹ ਗੋਰਖਧੰਦਾ ਪੂਰੇ ਦੇਸ਼ ਵਿੱਚ ਫ਼ੈਲਿਆ ਹੋਇਆ ਹੈ। ਕਈ ਵਾਰ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਯੂਨੀਵਰਸਿਟੀਆਂ ਵਿੱਚ 2 ਸਾਲ ਪੂਰੀ ਮਿਹਨਤ ਤੋਂ ਬਾਅਦ ਥਿਊਰੀ ਅਤੇ ਪ੍ਰੈਕਟੀਕਲ ਕਰਵਾ ਕੇ ਪੱਤਰਕਾਰੀ ਦੀ ਡਿਗਰੀ ਦਿੰਦੇ ਹਾਂ। ਅਜਿਹੇ ਵੈਬ ਚੈਨਲ ਵਾਲੇ 3-5 ਹਜ਼ਾਰ ਰੁਪਏ ਅਨਪੜਾਂ ਅਤੇ ਅੱਧਪੜ੍ਹਾਂ ਨੂੰ ਮਿੰਟਾਂ ਵਿੱਚ ਪੱਤਰਕਾਰ ਹੋਣ ਦਾ ਸਰਟੀਫ਼ਿਕੇਟ ਦੇ ਦਿੰਦੇ ਹਨ।
ਮੈਨੂੰ ਅਕਸਰ ਪੱਤਰਕਾਰੀ ਦੀ ਵਿਸ਼ਵਾਸਯੋਗਤਾ ਬਾਰੇ ਸਵਾਲ ਕੀਤੇ ਜਾਂਦੇ ਹਨ। ਹੁਣ ਆਪਣਾ ਝੱਗਾ ਚੱਕਾਂਗੇ ਤਾਂ ਕਹਿਣ ਦੀ ਲੋੜ ਨਹੀਂ ਤਾਂ ਕੀ ਹੋਵੇਗਾ। ਅਜਿਹੇ ਸੜਕਛਾਪ ਪੱਤਰਕਾਰ ਫ਼ਿਰ ਪੱਤਰਕਾਰੀ ਦੇ ਨਾਮ ‘ਤੇ ਦਲਾਲੀ ਕਰਨ ਲੱਗਦੇ ਹਨ ਜਾਂ ਫ਼ਿਰ ਬਲੈਕਮੇਲਿੰਗ ਦੇ ਧੰਦੇ ਵਿੱਚ ਪੈ ਕੇ ਪੱਤਰਕਾਰੀ ਦਾ ਰੰਗ ਪੀਲਾ ਕਰ ਦਿੰਦੇ ਹਨ। ਪੈਸੇ ਦੇ ਕੇ ਆਈ ਕਾਰਡ ਖਰੀਦਣ ਵਾਲੇ ਪੱਤਰਕਾਰ ਆਪਦੇ ਵਾਹਨਾਂ ‘ਤੇ ਪ੍ਰੈਸ ਲਿਖਵਾ ਕੇ ਗਰਦਨ ਅਕੜਾਈ ਫ਼ਿਰਦੇ ਨਜ਼ਰੀ ਪੈਂਦੇ ਹਨ। ਸਰਕਾਰੀ ਦਫ਼ਤਰਾਂ ਵਿੱਚ ਰੋਅਬ ਝਾੜਦੇ ਹੋਏ ਕਈ ਵਾਰ ਆਪਣੀ ਝਾੜ ਝੰਬ ਵੀ ਕਰਵਾ ਲੈਂਦੇ ਹਨ। ਦੁੱਖ ਇਸ ਗੱਲ ਦਾ ਹੈ ਕਿ ਅਜਿਹੇ ਲੋਕ ਨੈਤਿਕਤਾ ਦੇ ਅਨੁਸਾਰ ਪੱਤਰਕਾਰੀ ਕਰਨ ਵਾਲੇ ਲੋਕਾਂ ਨੂੰ ਬਦਨਾਮ ਕਰ ਰਹੇ ਹਨ ਕਿਉਂਕਿ :
ਪੀਣੇ ਵਾਲਾ ਏਕ ਹੋ ਜਾਂ ਦੋ
ਮੁਫ਼ਤ ਮੇਂ ਮੈਖਾਨਾ ਬਦਨਾਮ ਹੋਤਾ ਹੈ।

ਭੀੜ ਪ੍ਰਬੰਧਨ ਦੀ ਅਸਫ਼ਲਤਾ ਕਾਰਨ ਵਾਪਰਦੇ ਦੁਖਾਂਤ

ਮੁੰਬਈ ਵਿੱਚ ਐਲਫ਼ਿਨਸਟੋਨ ਰੋਡ ਰੇਲਵੇ ਸਟੇਸ਼ਨ ਅਤੇ ਪਰੇਲ ਸਟੇਸ਼ਨਾਂ ਨੂੰ ਪੈਦਲ ਯਾਤਰੀਆਂ ਲਈ ਜੋੜਨ ਵਾਲੇ ਓਵਰਬ੍ਰਿਜ ਉਤੇ ਭਗਦੜ ਮਚਣ ਨਾਲ 22 ਲੋਕਾਂ ਦੀ ਮੌਤ ਹੋ ਗਈ, 30 ਬੰਦੇ ਜ਼ਖਮੀ ਹੋ ਗਏ। ਭਗਦੜ ਵਿੱਚ ਕਈ ਲੋਕ ਦਮ ਘੁਟਣ ਨਾਲ ਮਰੇ। ਇਹ ਪੁਲ ਉਤੇ ਵਾਪਰੇ ਦੁਖਾਂਤ ਨਾਲ ਪਲਾਂ ਵਿੱਚ ਜਿਉਂਦੇ ਜਾਗਦੇ ਇਨਸਾਨ ਲਾਸ਼ਾਂ ਦੇ ਢੇਰ ਵਿੱਚ ਤਬਦੀਲ ਹੋ ਗਏ। ਇਹ ਪੁਲ 45 ਸਾਲ ਪੁਰਾਣਾ ਹੈ। ਜਦੋਂ ਇਹ ਪੁਲ ਬਣਿਆ ਸੀ, ਉਹਨਾਂ ਦਿਲਾ ਨਾਲੋਂ ਅੱਜ ਆਬਾਦੀ ਕਈ ਗੁਣਾਂ ਜ਼ਿਆਦਾ ਹੋ ਗਈ ਹੈ। ਮਹਾਂਨਗਰ ਮੁੰਬਈ ਦੀ ਵੱਸੋਂ ਵਿੱਚ ਵਾਧਾ ਤੇਜ਼ੀ ਨਾਲ ਹੋ ਰਿਹਾ ਹੈ। ਪੁਰਾਣੇ ਬਣੇ ਹੋਏ ਪੁਲ ਅੱਜ ਦੀਆਂ ਲੋੜਾਂ ਦੇ ਮਾਕੂਲ ਨਹੀਂ ਹਨ। ਦੋ ਮਹੱਤਵਪੂਰਨ ਲੋਕਲ ਸਟੇਸ਼ਨਾਂ ਦੇ ਹਜ਼ਾਰਾਂ ਮੁਸਾਫ਼ਰਾਂ ਦੀ ਆਮਦੋ ਰਫ਼ਤ ਲਈ ਇਹ ਕਿਸੇ ਵੀ ਪੱਖੋਂ ਠੀਕ ਨਹੀਂ ਰਿਹਾ। ਇਸ ਗੱਲ ਦਾ ਆਭਾਸ ਮਹਿਕਮੇ ਨੂੰ ਸੀ। ਇਸ ਲਈ ਇਸਦੀ ਥਾਂ ਨਵਾਂ ਪੁਲ ਬਣਾਉਣ ਨੂੰ ਮਨਜੂਰੀ ਮਿਲੀ ਹੋਈ ਸੀ। ਨਵੇਂ ਪੁਲ ਨੂੰ ਬਣਾਉਣ ਦੀ ਪ੍ਰਕਿਰਿਆ ਤਾਂ ਆਪਣੀ ਚਾਲੇ ਚੱਲ ਰਹੀ ਸੀ ਅਤੇ ਉਧਰ ਹਾਦਸਾ ਵਾਪਰ ਗਿਆ। ਰੇਲਵੇ ਅਤੇ ਮਹਾਂਰਾਸ਼ਟਰ ਸਰਕਾਰ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਮੁਆਵਜਾ ਅਜਿਹੇ ਹਾਦਸਿਆਂ ਦਾ ਹੱਲ ਨਹੀਂ ਹੈ। ਜ਼ਰੂਰਤ ਤਾਂ ਵਿਵਸਥਾ ਵਿੱਚ ਸੁਧਾਰ ਲਿਆ ਕੇ ਹਾਦਸੇ ਰੋਕਣ ਦੀ ਹੈ।
ਮੁੰਬਈ ਦੇ ਇਹ ਪੁਲ ਦੁਖਾਂਤ ਤੋਂ ਤਾਂ ਇਹੀ ਜਾਹਿਰ ਹੁੰਦਾ ਹੈ ਕਿ ਸਾਡੇ ਦੇਸ਼ ਵਿੱਚ ਭੀੜ ਪ੍ਰਬ ਦਾ ਹਾਲ ਬਹੁਤ ਬੁਰਾ ਹੈ। ਦੇਸ਼ ਵਿੱਚ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਵਾਪਰੇ ਹਾਦਸਿਆਂ ਤੋਂ ਨਾ ਤਾਂ ਸਰਕਾਰਾਂ ਨੇ ਕੋਈ ਸਬਕ ਸਿੱਖਿਆ ਹੈ ਅਤੇ ਨਾ ਹੀ ਆਮ ਜਨਤਾ ਨੇ। ਭੀੜ ਪ੍ਰਬੰਧਨ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਨਾਲ ਅਜਿਹੇ ਹਾਦਸੇ ਸਹਿਜੇ ਹੀ ਟਾਲੇ ਜਾ ਸਕਦੇ ਹਨ। ਦੁੱਖ ਇਸ ਗੱਲ ਦਾ ਹੈ ਕਿ ਸਾਡੇ ਦੇਸ਼ ਵਿੱਚ ਅਜਿਹੇ ਹਾਦਸਿਆਂ ਦਾ ਵਾਪਰਨਾ ਆਮ ਜਿਹੀ ਗੱਲ ਬਣਦੀ ਜਾ ਰਹੀ ਹੈ।
ਪਿਛਲੇ ਸਾਲ ਉਤਰ ਪ੍ਰਦੇਸ਼ ਦੇ ਸ਼ਹਿਰ ਵਾਰਾਨਸੀ ਵਿੱਚ ਸ਼ਾਕਾਹਾਰੀ, ਸਦਾਚਾਰ ਅਤੇ ਸ਼ਰਾਬਬੰਦੀ ਦੇ ਪ੍ਰਚਾਰ ਹਿਤ ਜੈ ਗੁਰਦੇਵ ਧਰਮ ਪ੍ਰਚਾਰਕ ਸੰਸਥਾ ਵੱਲੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਮਚੀ ਭਗਦੜ ਵਿੱਚ 15 ਔਰਤਾਂ ਸਮੇਤ 25 ਲੋਕਾਂ ਦੀ ਮੌਤ ਹੋਈ ਸੀ ਅਤੇ 100 ਤੋਂ ਵੱਧ ਜ਼ਖਮੀ ਹੋਏ ਸਨ। 2015 ਵਿੱਚ ਆਂਧਰਾ ਪ੍ਰਦੇਸ਼ ਦੇ ਰਾਜਮੁੰਦਰੀ ਵਿੱਚ ਪੁਸ਼ਕਰ ਮੇਲੇ ਵਿੱਚ ਇਸ ਤਰ੍ਹਾਂ ਦੀ ਭਗਦੜ ਵਿੱਚ 27 ਸ਼ਰਧਾਲੂਆਂ ਦੀ ਮੌਤ ਹੋਈ ਸੀ ਅ ਤੇ 70 ਸ਼ਰਧਾਲੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ਵਿੱਚ 23 ਔਰਤਾਂ ਸਨ। ਇਸ ਮੇਲੇ ਦਾ ਪ੍ਰਬੰਧ ਕਰਨ ਲੲਾੀਂ 18000 ਪੁਲਿਸ ਕਰਮੀ ਡਿਊਟੀ ਤੇ ਹਾਜਰ ਸਨ ਅਤੇ ਫ਼ਿਰ ਵੀ ਹਾਦਸਾ ਵਾਪਰ ਗਿਆ। ਪਿਛਲੇ ਸਾਲ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਦੁਸ਼ਹਿਰੇ ਵਾਲੇ ਦਿਨ ਗਾਂਧੀ ਮੈਦਾਨ ਵਿੱਚ ਰਾਵਣ ਦਹਿਨ ਵੇਖਣ ਆਏ ਲੋਕਾਂ ਵਿੱਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਲੋਕਾਂ ਵਿੱਚ ਬਿਜਲੀ ਦੀ ਤਾਰ ਟੁੱਟਣ ਦੀ ਅਫ਼ਵਾਹ ਫ਼ੈਲ ਗਈ। ਇਸ ਹਾਦਸੇ ਵਿੱਚ 33 ਮੌਤਾਂ ਹੋਈਆਂ ਸਨ ਅਤੇ 100 ਜ਼ਖਮੀ ਹੋਏ ਸਨ। ਪੰਜ ਲੱਖ ਲੋਕਾਂ ਦੇ ਇਕੱਠ ਲਈ ਸਿਰਫ਼ ਇਕੋ ਗੇਟ ਖੋਲ੍ਹਿਆ ਗਿਆ ਸੀ। ਹਾਦਸੇ ਵਿੱਚ ਬੱਚੇ ਅਤੇ ਔਰਤਾਂ ਲੋਕਾਂ ਦੇ ਪੈਰਾਂ ਥੱਲੇ ਕੁਚਲੀਆਂ ਗਈਆਂ ਅਤੇ ਗਾਂਧੀ ਮੈਦਾਨ ਲਾਸ਼ਾਂ ਦੇ ਢੇਰ ਵਿੱਚ ਬਦਲ ਗਿਆ ਸੀ।
ਅਜਿਹੇ ਹਾਦਸਿਆਂ ਦੇ ਅੰਕੜੇ ਬੜੇ ਦਿਲ ਦਹਿਲਾਉਣ ਵਾਲੇ ਹਨ। 19 ਫ਼ਰਵਰੀ 2013 ਨੂੰ ਇਲਾਹਾਬਾਦ ਦੇ ਕੁੰਭ ਦੇ ਮੇਲੇ ਵਿੱਚ 36 ਵਿਅਕਤੀ ਮਰੇ ਸਲ। 30 ਸਤੰਬਰ 2008 ਵਿੱਚ ਜੋਧਪੁਰ ਦੇ ਚਮੁੰਡਾਦੇਵੀ ਮੰਦਰ ਵਿੱਚ ਹੋਏ ਵੱਡੇ ਹਾਦਸੇ ਨੇ 210 ਲੋਕਾਂ ਦੀ ਜਾਨ ਲਈ ਸੀ। 2006 ਵਿੱਚ ਸਿੰਧ ਨਦੀ ਵਿੱਚ 50 ਯਾਤਰੀ ਡੁੱਬ ਕੇ ਮਾਰੇ ਗਏ ਸਨ। 26 ਜਨਵਰੀ 2005 ਦਾ ਵੱਡਾ ਦੁਖਾਂਤ ਵਾਲਾ ਦਿਨ ਸੀ। ਇਸ ਦਿਨ ਮਹਾਰਾਸ਼ਟਰ ਦੇ ਸਿਤਾਰਾ ਜ਼ਿਲ੍ਹੇ ਦੇ ਮੰਧੇਰੀ ਮੰਦਰ ਵਿੱਚ ਮਚੀ ਭਗਦੜ ਦੌਰਾਨ 350 ਲੋਕ ਜਾਨ ਤੋਂ ਹੱਥ ਧੋ ਬੈਠੇ ਸਨ। 3 ਅਗਸਤ 2008 ਨੂੰ ਨੈਣਾ ਦੇਵੀ ਵਿਖੇ ਮੱਚੀ ਭਗਦੜ ਵਿੱਚ 162 ਲੋਕਾਂ ਦੀ ਮੌਤ ਹੋਈ ਸੀ। ਇਹਨਾਂ ਵਿੱਚੋਂ 104 ਵਿਅਕਤੀ ਪੰਜਾਬ ਨਾਲ ਸਬੰਧਤ ਸਨ। 14 ਜਨਵਰੀ 2011 ਨੂੰ ਕੇਰਲ ਦੇ ਸਬਰਮਾਲੀ ਮੰਦਰ ਦੀ ਭਗਦੜ ਦੌਰਾਨ 106 ਸ਼ਰਧਾਲੂ ਮਾਰੇ ਗਏ ਸਨ। ਨਵੰਬਰ 2012 ਵਿੱਚ ਬਿਹਾਰ ਵਿਖੇ ਛੱਟ ਪੂਜਾ ਦੌਰਾਨ ਬਾਂਸ ਦਾ ਬਣਿਆ ਪੁਲ ਟੁੱਟਿਆ ਸੀ ਅਤੇ 20 ਸ਼ਰਧਾਲੂ ਗੰਗਾ ਵਿੱਚ ਰੁੜ੍ਹ ਗਏ ਸਨ।
ਉਕਤ ਅੰਕੜੇ ਤਾਂ ਸਿਰਫ਼ ਇਹ ਦਰਸਾਉਣ ਲਈ ਹਨ ਕਿ ਦੇਸ਼ ਵਿੱਚ ਅਜਿਹੇ ਹਾਦਸੇ ਵਾਰ ਵਾਰ ਵਾਪਰ ਰਹੇ ਹਨ ਅਤੇ ਸਰਕਾਾਂ ਦੀ ਪਹੁੰਚ ਨਾ ਤਾਂ ਭਵਿੱਖਮਈ ਅਤੇ ਨਾ ਹੀ ਗੰਭੀਰਤਾ ਵਾਲੀ ਹੈ। ਜੇ ਸਰਕਾਰਾਂ ਗੰਭੀਰ ਹੁੰਦੀਆਂ ਤਾਂ ਅਜਿਹੇ ਹਾਦਸੇ ਵਾਰ ਵਾਰ ਨਾ ਵਾਪਰਦੇ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਭੀੜ ਪ੍ਰਬੰਧਨ ਬਾਰੇ ਵਿਸ਼ੇਸ਼ ਸਿਖਲਾਈ ਦੇ ਕੇ ਪ੍ਰਬੰਧਕਾਂ ਨੂੰ ਅਜਿਹੇ ਮੌਕੇ ਪ੍ਰਬੰਧ ਦੇਖਣ ਲਈ ਭੇਜਣਾ ਚਾਹੀਦਾ ਹੈ। ਜਨਤਕ ਥਾਵਾਂ ਦੇ ਪ੍ਰਬੰਧ ਲਈ ਪੁਲਿਸ ਕਰਮੀਆਂ ਨੂੰ ਵੀ ਵਿਸ਼ੇਸ਼ ਸਿਖਲਾਈ ਦੇਣ ਦੀ ਲੋੜ ਹੈ। ਸਭ ਕੁਝ ਸਰਕਾਰਾਂ ‘ਤੇ ਛੱਡਣ ਦੀ ਬਜਾਏ ਲੋਕਾਂ ਨੂੰ ਵੀ ਸਿੱਖਿਅਕ ਕਰਨ ਦੀ ਜ਼ਰੂਰਤ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਪੁਰਜ਼ਬਤ ਢੰਗ ਨਾਲ ਵਿੱਚਰਨ ਅਤੇ ਧੱਕਾ-ਮੁੱਕੀ ਅਤੇ ਆਪਾਧਾਪੀ ਤੋਂ ਬਚਣ। ਇਉਂ ਸਰਕਾਰਾਂ ਅਤੇ ਲੋਕ ਦੋਵੇਂ ਰਲ ਕੇ ਅਜਿਹੇ ਦੁਖਾਂਤ ਵਾਪਰਨ ਤੋਂ ਰੋਕਣ ਲਈ ਸੁਚੇਤ ਯਤਨ ਕਰਨ।

ਸਾਫ਼ਗੋਈ ਸੇ ਕਯਾ ਲਿਯਾ ਹਮਨੇ
ਇਕ ਰਾਜੇ ਨੇ ਮਸ਼ਹੂਰ ਕਲਾਕਾਰਾਂ ਨੂੰ ਆਪਣਾ ਚਿੱਤਰ ਬਣਾਉਣ ਲਈ ਸੱਦਿਆ। ਜਿਹੜਾ ਵੀ ਕਲਾਕਾਰ ਵਧੀਆ ਚਿੱਤਰ ਬਣਾ ਕੇ ਰਾਜੇ ਨੂੰ ਖੁਸ਼ ਕਰਨ ਵਿੱਚ ਕਾਮਯਾਬ ਹੋ ਜਾਂਦਾ, ਉਸ ਨੂੰ ਵੱਡਾ ਇਨਾਮ ਦੇਣ ਦਾ ਐਲਾਨ ਹੋ ਚੁੱਕਾ ਸੀ। ਰਾਜ ਵਿੱਚ ਸਾਰੇ ਕਲਾਕਾਰ ਵੱਡਾ ਇਨਾਮ ਪਾਉਣ ਦੇ ਇਛੁੱਕ ਸਨ ਪਰ ਇੱਥੇ ਇਕ ਹੋਰ ਸਮੱਸਿਆ ਸੀ ਕਿ ਰਾਜੇ ਦੀ ਇਕੋ ਅੱਖ ਸੀ। ਕਲਾਕਾਰਾਂ ਅੱਗੇ ਸ਼ਰਤ ਸੀ ਕਿ ਰਾਜੇ ਦੀ ਸੂਰਤ ਹੂਬਹੂ ਚਿੱਤਰ ਵਿੱਚੋਂ ਨਜ਼ਰ ਆਉਣੀ ਚਾਹੀਦੀ ਹੈ। ਸੋ, ਅਜਿਹੇ ਹਾਲਾਤ ਵਿੱਚ ਤਿੰਨ ਕਲਾਕਾਰ ਮੈਦਾਨ ‘ਚ ਨਿੱਤਰੇ।
ਪਹਿਲੇ ਕਲਾਕਾਰ ਨੇ ਸੋਚਿਆ, ”ਜੇ ਮੈਂ ਇਕ ਅੱਖ ਵਾਲੀ ਪੇਂਟਿੰਗ ਬਣਾਵਾਂਗਾ ਤਾਂ ਰਾਜਾ ਗੁੱਸੇ ਹੋ ਜਾਵੇਗਾ।” ਇਸੇ ਲਈ ਉਸਨੇ ਆਪਣੇ ਚਿੱਤਰ ਵਿੱਚ ਰਾਜੇ ਦੀਆਂ ਦੋਵੇਂ ਅੱਖਾਂ ਬਣਾ ਦਿੱਤੀਆਂ। ਦੂਜੇ ਕਲਾਕਾਰ ਨੇ ਸੋਚਿਆ ਕਿ ਰਾਜੇ ਨੂੰ ਸਚਾਈ ਪਸੰਦ ਹੈ ਅਤੇ ਚਿੱਤਰ ਵਿੱਚੋਂ ਸਚਾਈ ਝਲਕਣੀ ਚਾਹੀਦੀ ਹੈ। ਸੋ ਉਸਨੇ ਯਥਾਰਥ ਦੇ ਨੇੜੇ ਜਾ ਕੇ ਰਾਜੇ ਦੀ ਇਕੋ ਅੱਖ ਬਣਾਈ। ਇਹ ਦੋਵੇਂ ਕਲਾਕਾਰਾਂ ਦੀਆਂ ਕ੍ਰਿਤਾਂ ਰਾਜੇ ਨੂੰ ਪਸੰਦ ਨਹੀਂ ਆੲਆਂ ਅਤੇ ਉਸਨੇ ਦੋਵੇਂ ਅਪ੍ਰਵਾਨ ਕਰ ਦਿੱਤੀਆਂ।
ਤੀਜਾ ਕਲਾਕਾਰ ਕਾਫ਼ੀ ਤੇਜ ਅਤੇ ਸਿਰਜਣਾਤਮਕ ਸੀ। ਉਸਨੇ ਆਪਣੀ ਬੁੱਧੀ ਦਾ ਕਮਾਲ ਵਿਖਾਉਂਦੇ ਹੋਏ ਆਪਣੇ ਚਿੱਤਰ ਵਿੱਚ ਰਾਜੇ ਨੂੰ ਇਕ ਤੀਰ ਆਪਣੀ ਕਮਾਨ ‘ਚ ਪਾਉਂਦਿਆਂ ਵਿਖਾਇਆ ਅਤੇ ਨਿਸ਼ਾਨਾ ਵਿੰਨ੍ਹਣ ਲਈ ਰਾਜੇ ਦੀ ਇਕ ਅੱਖ (ਜੋ ਅਸਲ ਵਿੱਚ ਖਰਾਬ ਸੀ) ਬੰਦ ਵਿਖਾਈ ਗਈ ਸੀ।ਤਿੰਨੇ ਹੀ ਚਿੱਤਰ ਬਹੁਤ ਸੋਹਣੇ ਸਨ ਪਰ ਇਨਾਮ ਤੀਜੇ ਕਲਾਕਾਰ ਨੂੰ ਹੀ ਮਿਲਿਆ ਕਿਉਂਕਿ ਉਸਨੇ ਕੌੜੇ-ਸੱਚ ਨੂੰ ਵੀ ਸੁਖਾਵਾਂ ਬਣਾ ਕੇ ਪੇਸ਼ ਕੀਤਾ ਸੀ। ਉਕਤ ਕਹਾਣੀ ਇਕ ਵੱਡਾ ਸੂਤਰ ਸਮਝਾ ਰਹੀ ਹੈ ਕਿ ਸੱਚ ਨੂੰ ਪੇਸ਼ ਕਰਨਾ ਵੀ ਇਕ ਕਲਾ ਹੀ ਹੈ। ਜ਼ਿੰਦਗੀ ਵਿੱਚ ਸਫ਼ਲਤਾ ਲਈ ਇਸ ਕਲਾ ਵਿੱਚ ਮਾਹਿਰ ਹੋਣਾ ਵੀ ਜ਼ਰੂਰੀ ਹੈ। ਇਸ ਦੁਨੀਆਂ ਵਿੱਚ ਬੜਾ ਕੁਝ ਅਜਿਹਾ ਵਾਪਰ ਰਿਹਾ ਹੈ ਜੋ ਗਲਤ ਹੈ, ਝੂਠ ਹੈ, ਅੱਨਿਆ ਦਾ ਪੱਖ ਪੂਰਨ ਵਾਲਾ ਹੁੰਦਾ ਹੈ। ਅਜਿਹੇ ਸਮੇਂ ਸੱਚ ਨਾਲ ਖੜਨਾ ਜ਼ਰੂਰੀ ਹੁੰਦਾ ਹੈ ਅਤੇ ਅੱਨਿਆ ਦੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਵੀ ਜ਼ਰੂਰੀ ਹੁੰਦੀ ਹੈ। ਅਜਿਹਾ ਸੱਚ ਕਿਵੇਂ ਬੋਲਿਆ ਜਾਵੇ, ਕਿਵੇਂ ਲਿਖਿਆ ਜਾਵੇ ਅਤੇ ਨਿਆਂ ਦੇ ਹੱਕ ਵਿੱਚ ਬੋਲਣ ਲਈ ਜਿੱਥੇ ਹੌਸਲੇ ਅਤੇ ਹਿੰਮਤ ਦੀ ਲੋੜ ਹੈ, ਉਥੇ ਹੱਕ-ਸੱਚ ਪੇਸ਼ ਕਰਨ ਦੀ ਕਲਾ ਵੀ ਅਉਣੀ ਚਾਹੀਦੀ ਹੈ। ਖਾਸ ਤੌਰ ‘ਤੇ ਇਹ ਕਲਾ ਦਾ ਪ੍ਰਗਟਾਉਣਾ ਉਦੋਂ ਜ਼ਰੂਰੀ ਹੈ ਜਦੋਂ ਸਾਹਮਣੇ ਵਾਲਾ ਤੁਹਾਡਾ ਆਪਣਾ ਕਰੀਬੀ ਹੋਵੇ, ਤੁਹਾਡਾ ਰਿਸ਼ਤੇਦਾਰ ਹੋਵੇ, ਪਿਓ ਹੋਵੇ, ਭਰਾ ਹੋਵੇ, ਜਿਸ ਨਾਲ ਤੁਸੀਂ ਰਿਸ਼ਤਾ ਵਿਗਾੜਨਾ ਵੀ ਨਾ ਚਾਹੁੰਦੇ ਹੋਵੋ ਅਤੇ ਸੱਚ ਕਹਿਣਾ ਵੀ ਜਰੂਰੀ ਹੋਵੇ। ਸ਼ਖਸੀਅਤ ਵਿੱਚ ਸਾਫ਼ਗੋਈ ਨਾਲ ਗੱਲ ਕਰਨ ਦਾ ਗੁਰ ਤਾਂ ਹੋਣਾ ਚਾਹੀਦਾ ਹੈ ਪਰ ਸਭ ਨਾਲ ਦੁਸ਼ਮਣੀ ਮੁੱਲ ਲੈਣੀ ਵੀ ਜ਼ਰੂਰੀ ਨਹੀਂ। ਸ਼ਾਇਰ ਜਿਗਰ ਜਲੰਧਰੀ ਵੀ ਇਹੀ ਕਹਿ ਰਿਹਾ ਹੈ:
ਸਾਫ਼ਗੋਈ ਸੇ ਕਯਾ ਲਿਯਾ ਹਮਨੇ
ਸਬਕੋ ਦੁਸ਼ਮਨ ਬਨਾ ਲਿਯਾ ਹਮਨੇ
ਪਾਤਰ ਸਾਹਿਬ ਵੀ ਤਾਂ ਇਹੀ ਕਹਿ ਰਹੇ ਹਨ ਕਿ ਸੱਚ ਬੋਲ ਪਰ ਚਾਰ ਕੁ ਬੰਦੇ ਤਾਂ ਛੱਡ ਲੈ ਮੋਢਾ ਦੇਣ ਲਈ। ਮੈਂ ਵੀ ਆਪਣੀਆਂ ਲਿਖਤਾਂ ਨਾਲ ਬਹੁਤ ਸਾਰੇ ਲੋਕਾਂ ਦੀ ਦੁਸ਼ਮਣੀ ਸਹੇੜ ਲਈ ਹੈ ਪਰ ਜਦੋਂ ਵੀ ਲਿਖਣ ਬੈਠੀਦਾ ਹੈ ਤਾਂ ਕਲਮ ਸੱਚ ਦੇ ਬੋਲ ਹੀ ਲਿਖਦੀ ਹੈ। ਇੱਥੇ ਮੈਂ ਸੱਚ ਬੋਲਣ ਦੇ ਖਿਲਾਫ਼ ਨਹੀਂ ਲਿਖ ਰਿਹਾ ਸਗੋਂ ਮੈਂ ਤਾਂ ਹੱਕ-ਸੱਚ ਦੇ ਨਾਲ ਖੜ੍ਹਨ ਦਾ ਹੋਕਾ ਦਿੰਦਾ ਰਹਿੰਦਾ ਹਾਂ। ਮੈਂ ਤਾਂ ਸਾਫ਼ਗੋਈ ਦੀ ਕਲਾ ਸਿੱਖਣ ਦੀ ਗੱਲ ਕਰ ਰਿਹਾ ਹਾਂ। ਖਾਸ ਤੌਰ ‘ਤੇ ਆਪਣੇ ਰਿਸ਼ਤਿਆਂ ਨੂੰ ਬਚਾ ਕੇ ਸੱਚ ਕਹਿਣ ਦੀ ਕਲਾ ਦੀ ਗੱਲ ਮੈਂ ਕਰ ਰਿਹਾ ਹਾਂ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਆਪਣੀ ਸ਼ਖਸੀਅਤ ਵਿੱਚ ਸੱਚ ਕਹਿਣ ਦੀ ਜ਼ੁਰਅਤ ਵਾਲਾ ਗੁਣ ਵੀ ਭਰੋ ਅਤੇ ਉਸ ਸੱਚ ਨੂੰ ਪ੍ਰਗਟਾਉਣ ਦੀ ਕਲਾ ਵੀ ਸਿੱਖੋ ਤਾਂ ਕਿ ਰਿਸ਼ਤੇ ਵੀ ਬਚੇ ਰਹਿਣ ਅਤੇ ਸੱਚ ਵੀ ਕਹਿ ਸਕੋ। ਦੂਜੇ ਪਾਸੇ ਪੱਤਰਕਾਰ ਦੇ ਤੌਰ ‘ਤੇ, ਲਿਖਾਰੀ ਦੇ ਤੌਰ ਤੇ ਅਤੇ ਇਕ ਚੰਗੇ ਮਨੁੱਖ ਦੇ ਤੌਰ ‘ਤੇ ਹਮੇਸ਼ਾ ਸੱਚ ਲਿਖੋ ਅਤੇ ਬੋਲੋ। ਇਸ ਕੰਮ ਲਈ ਵੀ ਵੱਡੇ ਹੌਸਲੇ ਦੀ ਲੋੜ ਹੁੰਦੀ ਹੈ। ਸ਼ਾਇ ਬਸ਼ੀਰ ਬਦਰ ਸੱਚ ਹੀ ਕਹਿੰਦਾ ਹੈ:
ਜੀ ਬਹੁਤ ਚਾਹਤਾ ਹੈ, ਸੱਚ ਬੋਲੇਂ
ਕਯਾ ਕਰੇਂ, ਹੌਸਲਾ ਨਹੀਂ ਹੋਤਾ।


Warning: fopen(/home/gpunjab/public_html/wp-content/plugins/hit-counter/css/.txt): failed to open stream: No such file or directory in /home/gpunjab/public_html/wp-content/plugins/hit-counter/hc.php on line 216

Warning: fread() expects parameter 1 to be resource, boolean given in /home/gpunjab/public_html/wp-content/plugins/hit-counter/hc.php on line 217

Warning: fclose() expects parameter 1 to be resource, boolean given in /home/gpunjab/public_html/wp-content/plugins/hit-counter/hc.php on line 218